ਕਵਿਤਾ ਤੇ ਵਿਚਾਰ ਖ਼ਲੀਲ ਜਿਬਰਾਨ
ਤੁਹਾਡੇ ਬੱਚੇ ਤੁਹਾਡੇ ਨਹੀਂ ਹਨ
ਉਹ ਤਾਂ ਜਿੰਦਗੀ ਦੀ ਸਵੈ ਤਾਂਘ ਦੇ ਪੁੱਤਰ ਧੀਆਂ ਹਨ ।
ਉਹ ਤੁਹਾਡੇ ਰਾਹੀਂ ਆਏ ਹਨ
ਤੁਹਾਡੇ ਤੋਂ ਨਹੀਂ ਆਏ ।
ਭਾਵੇਂ ਉਹ ਤੁਹਾਡੇ ਬਾਲ ਹਨ
ਫਿਰ ਭੀ ਤੁਹਾਡੇ ਕੁਝ ਨਹੀਂ ਲੱਗਦੇ ।
ਤੁਸੀਂ ਉਹਨਾਂ ਨੂੰ ਪਿਆਰ ਦੇ ਸਕਦੇ ਹੋ ਆਪਣੇ ਵਿਚਾਰ ਨਹੀਂ,
ਕਿਓਂ ਜੋ ਉਹਨਾਂ ਕੋਲ ਖੁਦ ਆਪਣੇ ਵਿਚਾਰ ਹਨ ।
ਤੁਸੀਂ ਉਹਨਾਂ ਦੇ ਸਰੀਰਾਂ ਨੂੰ ਮਕਾਨ ਦੇ ਸਕਦੇ ਹੋ ਉਹਨਾਂ ਦੀਆਂ ਰੂਹਾਂ ਨੂੰ ਨਹੀਂ
ਕਿਓਂ ਜੋ ਉਹਨਾਂ ਦੀਆਂ ਰੂਹਾਂ ਦਾ ਨਿਵਾਸ ਤਾਂ ਆਉਣ ਵਾਲੇ ਕੱਲ੍ਹ ਦੇ ਮਕਾਨ ਵਿੱਚ ਹੈ
ਜਿੱਥੇ ਤੁਸੀਂ ਨਹੀਂ ਜਾ ਸਕਦੇ -ਸੁਪਨਿਆਂ ਵਿੱਚ ਵੀ ਨਹੀਂ ।
ਹੋ ਸਕੇ ਤਾਂ ਤੁਸੀਂ ਉਹਨਾਂ ਵਰਗੇ ਬਣਨ ਦਾ ਯਤਨ ਕਰੋ
ਪਰ ਉਹਨਾਂ ਨੂੰ ਆਪਣੇ ਵਰਗੇ ਬਨਾਉਣ ਦੀ ਚਾਹਨਾ ਨਾ ਕਰੋ
ਕਿਓਂ ਜੋ ਜਿੰਦਗੀ ਪਿੱਛੇ ਨੂੰ ਨਹੀਂ ਚਲਦੀ ਨਾ ਹੀ ਬੀਤੇ ਹੋਏ ਕੱਲ੍ਹ ਨਾਲ ਰੁਕ ਖਲੋਂਦੀ ਹੈ ।
ਤੁਸੀਂ ਤਾਂ ਕਮਾਨ ਹੋ ਜਿਸ ਰਾਹੀਂ ਤੁਹਾਡੇ ਬੱਚੇ ਜੀਵਨ ਨਾਲ ਧੜਕਦੇ ਤੀਰਾਂ ਦੇ ਤੌਰ ਤੇ ਛੱਡੇ ਜਾਂਦੇ ਹਨ ।
ਨਿਪੁੰਨ ਤੀਰਅੰਦਾਜ਼ ਅਨੰਤ ਦੇ ਮਾਰਗ ਉੱਤੇ ਨਿਸ਼ਾਨਾ ਸਾਧਦਾ ਹੈ,
ਆਪਣੀ ਤਾਕਤ ਨਾਲ ਉਹ ਉਹਨਾਂ ਨੂੰ ਖਿੱਚ ਕੇ ਲਚਕਾਉਂਦਾ ਹੈ
ਤਾਂ ਜੋ ਉਹਦੇ ਤੀਰ ਤੇਜ਼ ਰਵਾਨੀ ਨਾਲ ਅਤੇ ਦੂਰ ਬਹੁਤ ਦੂਰ ਜਾ ਸਕਣ ।
ਨਿਪੁੰਨ ਤੀਰਅੰਦਾਜ਼ ਦੇ ਹੱਥ ਵਿੱਚ ਤੁਸੀਂ ਖੁਸ਼ੀ ਖੁਸ਼ੀ ਆਪਣਾ ਆਪ ਮੁਚ ਜਾਣ ਦਿਓ
ਕਿਉਂਜੋ ਉਹ ਸਥਿਰ ਕਮਾਨ ਨੂੰ ਵੀ ਓਨਾ ਹੀ ਪਿਆਰ ਕਰਦਾ ਹੈ
ਜਿੰਨਾ ਉਸ ਉੱਡ ਜਾਣ ਵਾਲੇ ਤੀਰ ਨੂੰ ।
ਔਰਤ ਦਾ ਸ਼ੁਭ ਵਰਤਾਓ ਘਰ ਨੂੰ ਆਬਾਦ ਕਰਦਾ ਹੈ।
ਜਿਸ ਘਰ ਵਿਚ ਔਰਤ ਨਹੀਂ ਉਹ ਭੂਤ ਬੰਗਲਾ ਹੈ।
ਔਰਤ ਵਿਆਹ ਦੇ ਹੁਸੀਨ ਤੋਹਫਿਆਂ ਵਿਚੋਂ ਇਕ ਹੈ।
ਪਤਨੀ ਵਰਗਾ ਕੋਈ ਸੱਚਾ ਦੋਸਤ ਨਹੀਂ।
ਪ੍ਰੇਮ ਕਿਸ ਤਰ੍ਹਾਂ ਕਰਨਾ ਹੈ, ਇਹ ਸਿਰਫ ਨਾਰੀ ਹੀ ਜਾਣਦੀ ਹੈ।
ਇਕ ਨੇਕ ਇਸਤਰੀ ਪਤੀ ਦੇ ਸਿਰ ਦਾ ਤਾਜ ਹੈ।
ਸੁਤੰਤਰ ਇਸਤਰੀ ਦੀ ਵਫਾ, ਮਰਦ ਲਈ ਇਕ ਵੱਡਾ ਇਨਾਮ ਹੈ।
ਔਰਤ ਆਦਮੀ ਨਾਲੋਂ ਜਿਆਦਾ ਸਿਆਣੀ ਹੈ।
ਉਹ ਜਾਣਦੀ ਘੱਟ ਹੈ ਪਰ ਸਮਝਦੀ ਜ਼ਿਆਦਾ ਹੈ।
ਆਦਮੀ ਜੋ ਔਰਤ ਦੇ ਛੋਟੇ ਮੋਟੇ ਕਸੂਰਾਂ ਨੂੰ ਮਾਫ ਨਹੀਂ ਕਰਦਾ,
ਕਦੇ ਵੀ ਉਸ ਦੇ ਗੁਣਾਂ ਦਾ ਅਨੰਦ ਨਹੀਂ ਮਾਣ ਸਕਦਾ।
ਮੈਂ ਆਪਣੀ ਆਤਮਾ ਨੂੰ ਸੱਤ ਵਾਰ ਚਿਤਾਵਨੀ ਦਿਤੀ ।
1. ਜਦ, ਗਰੀਬਾਂ ਦੀ ਲੁੱਟ- ਖੁਸੱਟ ਕਰਕੇ ਮੈਂ ਆਪਣੇ ਆਪ ਨੂੰ ਅਮੀਰ ਬਣਾਉਣ ਦਾ ਉਪਰਾਲਾ ਕੀਤਾ ।
2. ਜਦ, ਮੈਂ ਲੰਗ ਮਾਰਨ ਵਾਲੇ ਦੀ ਨਕਲ ਲੂਲਿਆ ਸਾਹਮਣੇ ਕੀਤੀ ।
3. ਜਦ, ਮੇਰੀ ਮਰਜ਼ੀ ਪੁਛੀ ਗਈ, ਮੈਂ ਔਖਾ ਰਾਹ ਛੱਡ ਕੇ ਸੌਖਾ ਚੁਣਿਆ ।
4. ਜਦ, ਮੈਂ ਗਲਤੀ ਕਰਕੇ ਦੂਜਿਆ ਦੀਆਂ ਗਲਤੀਆਂ ਬਾਰੇ ਸੌਚ ਕੇ ਆਪਣੇ ਆਪ ਨੂੰ ਤਸਲੀ ਦਿਤੀ ।
5. ਜਦ, ਮੈਂ ਡਰ ਕਰਕੇ ਨਿਮਰ ਸਾਂ ਅਤੇ ਧੀਰਜ ਵੇਲੇ ਮਜਬੂਤ ਹੌਣ ਦਾ ਦਾਅਵਾ ਕੀਤਾ ।
6. ਜਦ, ਮੈਂ ਜ਼ਿਦਗੀ ਦੇ ਚਿਕੜ ਤੌਂ ਬਚਣ ਲਈ ਆਪਣੇ ਕਪੜੇ ਉਤਾਂਹ ਚੁੱਕ ਲਏ ।
7. ਜਦ, ਮੈਂ ਖ਼ਦਾ ਦੇ ਸਾਹਮਣੇ ਪੂਜਾ ਲਈ ਅਤੇ ਭਜਨ ਗਾਉਣ ਨੂੰ ਪੰਨ ਦਾ ਕੰਮ ਜਾਣਿਆ ।
ਤੁਸੀਂ ਦੋਵੇਂ ਇਕੋ ਸਮੇਂ ਜਨਮੇ ਤੇ ਹਮੇਸ਼ਾ ਨਾਲੋ ਨਾਲ ਇਕ ਮਿਕ ਰਹੋਗੇ।
ਜਿਸ ਸਮੇਂ ਮੌਤ ਦੇ ਉੱਜਲ ਚਿੱਟੇ ਖੰਭ ਤੁਹਾਨੂੰ ਨਿਖੇੜ ਵੀ ਦੇਣ, ਫਿਰ ਵੀ ਤੁਸੀਂ ਇਕੱਠੇ ਹੀ ਰਹੋਗੇ।
ਤੁਸੀਂ ਸਦਾ ਸਦਾ ਲਈ ਸ਼ਾਂਤ ਰੱਬੀ ਯਾਦ ਵਿੱਚ ਵੀ ਇਕ ਦੂਜੇ ਦੇ ਅੰਗ ਸੰਗ ਰਹੋਗੇ।
ਪਰ ਤੁਸੀਂ ਆਪਣੇ ਦਰਮਿਆਨ ਕੁਝ ਵਿਰਲ ਜ਼ਰੂਰ ਰੱਖਣਾ ਤਾਂ ਕਿ ਬਹਿਸ਼ਤੀ ਹਵਾਵਾਂ ਆਪਣੀ ਨ੍ਰਿਤਕਾਰੀ ਕਰਦੀਆਂ ਰਹਿਣ।
ਇਕ ਦੂਜੇ ਨਾਲ ਪਿਆਰ ਕਰੋ ਪਰ ਪਿਆਰ ਨੂੰ ਬੰਧਨ ਨਾ ਬਣਨ ਦਿਉ,
ਸਗੋਂ ਆਪਣੀਆਂ ਰੂਹਾਂ ਨੂੰ ਦੋ ਕੰਡਿਆਂ ਦੇ ਦਰਮਿਆਨ ਲਹਿਰਾਉਂਦੇ ਦਰਿਆ ਵਾਂਙ ਵਹਿਣ ਦਿਉ।
ਇਕ ਦੂਜੇ ਦਾ ਪਿਆਲਾ ਜ਼ਰੂਰ ਭਰੋ, ਪਰ ਇਕੇ ਪਿਆਲੇ ਵਿਚ ਨਾ ਪੀਓ।
ਇਕ ਦੂਜੇ ਨਾਲ ਭੋਜਣ ਵੰਡ ਲਓ, ਪਰ ਇੱਕੇ ਰੋਟੀ ਨੂੰ ਦੋਵੇਂ ਬੁਰਕ ਨਾ ਮਾਰੋ।
ਖ਼ੁਸ਼ੀਆਂ ਵਿਚ ਮਸਤ ਹੋ ਇਕੱਠੇ ਮਿਲ ਕੇ ਨੱਚੋ ਗਾਓ, ਪਰ ਵਿਲੱਖਣਤਾ ਜ਼ਰੂਰ ਬਰਕਰਾਰ ਰੱਖੋ
ਜਿਵੇ ਕਿ ਸਿਤਾਰ ਦੇ ਤਾਰ ਇਕੱਠੇ ਗੂੰਜਦੇ ਹੋਏ ਵੀ ਅਲੱਗ ਅਲੱਗ ਰਹਿੰਦੇ ਹਨ।
ਇਕ ਦੂਜੇ ਨੂੰ ਦਿਲ ਦਿਓ, ਲੇਕਿਨ ਦਿਲ ਨੂੰ ਹਵਾਲੇ ਨਾ ਕਰੋ,
ਕਿਉਂਕਿ ਜ਼ਿੰਦਗੀ ਦੀ ਵਿਸ਼ਾਲ ਬੁੱਕਲ ਵਿਚ ਹੀ ਤੁਹਾਡਾ ਦਿਲ ਸਮਾ ਸਕਦਾ ਹੈ।
ਇਕ ਦੂਜੇ ਨਾਲ ਖੜ੍ਹੇ ਹੋਵੋ ਪਰ ਬਹੁਤ ਨੇੜੇ ਨਹੀਂ, ਕਿਉਂਕਿ ਹਰ ਇਮਾਰਤ ਦੇ ਥਮਲੇ ਦੂਰ ਦੂਰ ਹੀ ਹੁੰਦੇ ਹਨ।
ਬੋਹੜ ਅਤੇ ਸਰੂ ਇਕ ਦੂਜੇ ਦੀ ਛਾਇਆ ਹੇਠ ਪ੍ਰਫ਼ੁਲਤ ਨਹੀਂ ਹੋ ਸਕਦੇ ।
ਹਰ ਵਿਚਾਰ ਜਿਸ ਨੂੰ ਮੈਂ ਆਪਣੇ ਪ੍ਰਗਟਾਅ ਵਿੱਚ ਕੈਦ ਕੀਤਾ ਹੈ, ਆਪਣੇ ਅਮਲਾਂ ਨਾਲ ਮੁਕਤ ਕਰਾਂਗਾ।
ਮੁਖੀ ਕਾਨੂੰਨ ਬਣਾਉਂਦੇ ਹਨ ਤੇ ਪਾਦਰੀ ਮਜ਼ਹਬ
ਇਹਨਾਂ ਦੋਹਾਂ ਸ਼ਕਤੀਆਂ ਵਿਚ ਗਰੀਬ ਜਨਤਾ ਦੇ
ਸਰੀਰ ਬਰਬਾਦ ਹੋ ਜਾਂਦੇ ਹਨ ਤੇ ਉਹਨਾਂ ਦੀਆਂ
ਆਤਮਾਵਾਂ ਉੱਕਾ ਹੀ ਮਰ ਜਾਂਦੀਆਂ ਹਨ ।
ਅਸੀਂ ਬੁਰਾਈ ਨੂੰ ਮਿਟਾਉਣ ਲਈ ਜਦੋਂ ਦੂਜੀ ਬੁਰਾਈ
ਕਰਦੇ ਹਾਂ ਤਾਂ ਉਸ ਨੂੰ ਕਾਨੂੰਨ ਕਹਿੰਦੇ ਹਾਂ। ਬਦਕਾਰੀ
ਨੂੰ ਬਦਕਾਰੀ ਨਾਲ ਖ਼ਤਮ ਕਰਨ ਦੀ ਕੋਸ਼ਿਸ਼ ਕਰਦੇ
ਹਾਂ ਤੇ ਉਸਨੂੰ ਆਚਾਰ ਕਹਿੰਦੇ ਹਾਂ।
ਤੂੰ ਮੈਨੂੰ ਇਸ ਤਰਾਂ ਪਿਆਰ ਕਰੀਂ ਜਿਵੇਂ ਇਕ ਕਵੀ ਆਪਣੇ ਗ਼ਮਗੀਨ ਵਿਚਾਰਾਂ ਨੂੰ ।
ਤੂੰ ਮੈਨੂੰ ਇਸ ਤਰਾਂ ਯਾਦ ਕਰੀਂ ਜਿਵੇਂ ਕੋਈ ਯਾਤਰੀ ਸ਼ਾਂਤ ਝੀਲ ਵਿਚੋਂ ਪਾਣੀ ਪੀਂਦਿਆਂ ਆਪਣਾ ਪਰਛਾਵਾਂ ਵੇਖਦਾ ਹੈ ।
ਤੂੰ ਮੈਨੂੰ ਇਸ ਤਰਾਂ ਯਾਦ ਕਰੀਂ ਜਿਵੇਂ ਇਕ ਮਾਂ ਜਨਮ ਲੈਣ ਤੋਂ ਪਹਿਲਾਂ ਮਰ ਚੁਕੇ ਬੱਚੇ ਨੂੰ ।
ਤੂੰ ਮੈਨੂੰ ਇਸ ਤਰਾਂ ਯਾਦ ਕਰੀਂ ਜਿਵੇਂ ਇਕ ਕਿਰਪਾਲੂ ਰਾਜਾ ਉਸ ਕੈਦੀ ਨੂੰ ਜੋ ਮੁਆਫ਼ੀ ਦਾ ਹੁਕਮ ਪੁੱਜਣ ਤੋਂ ਪਹਿਲਾਂ ਫਾਂਸੀ ਚੜ੍ਹਾ ਦਿਤਾ ਗਿਆ ਹੋਵੇ।
1. ਅੰਤਰਮੁਖੀ ਹੋ ਕੇ ਜੀਣਾ ਗ਼ੁਲਾਮੀ ਹੈ ।
2. ਕੁਝ ਕੋਮਲ ਚਿਹਰੇ ਘਟੀਆ ਪਰਦੇ ਹੇਠ ਕੱਜੇ ਹੁੰਦੇ ਹਨ ।
3. ਅਸੀ ਮੌਸਮਾਂ ਅਨੁਸਾਰ ਭਾਵੇਂ ਢਲ ਜਾਈਏ ਪਰ ਮੌਸਮ ਸਾਨੂੰ ਢਾਲ ਨਹੀਂ ਸਕਦੇ ।
4. ਮੈਨੂੰ ਸਾਹਿਤ ਵਿਚ ਤਿੰਨ ਚੀਜ਼ਾਂ ਪਸੰਦ ਹਨ - ਬਗ਼ਵਾਤ , ਸੰਪੂਰਨਤਾ ਅਤੇ ਸੰਖੇਪਤਾ ।
ਪਰ ਤਿੰਨ ਚੀਜ਼ਾਂ ਤੋਂ ਨਫ਼ਰਤ ਹੈ- ਨਕਲ , ਤੋੜ ਮਰੋੜ ਅਤੇ ਜਟਿਲਤਾ ।
ਕੱਲ੍ਹ ਮੈ ਤੇ ਮੇਰਾ ਦੋਸਤ ਇੱਕ ਮੰਦਰ ਵਿੱਚ ਚਲੇ ਗਏ।
ਅੱਗੇ ਅੰਨ੍ਹਾ ਆਦਮੀ ਬੈਠਾ ਸੀ।
ਮੇਰੇ ਮਿੱਤਰ ਨੇ ਕਿਹਾ, ਵੇਖੋ! ਇਹ ਸਾਡੇ ਦੇਸ਼ ਦਾ ਸਭ ਤੋਂ ਵੱਡਾ ਸਿਆਣਾ ਹੈ।
ਮੈਂ ਅਪਣੇ ਮਿੱਤਰ ਨੂੰ ਉਥੇ ਛੱਡ ਕੇ ਆਪ ਉਸ ਅੰਨ੍ਹੇ ਪਾਸ ਚਲਾ ਗਿਆ;
ਦੁਆ ਸਲਾਮ ਕਰਕੇ ਉਸ ਨਾਲ ਗੱਲਾਂ ਕਰਨ ਲੱਗਾ।
ਗੱਲਾਂ ਕਰਦਿਆਂ ਕਰਦਿਆਂ ਮੈ ਉਸ ਨੂੰ ਆਖਿਆ,
ਮੈਨੂੰ ਖਿਮਾ ਕਰਨਾ ਇੱਕ ਸਵਾਲ ਮੈਂ ਤੁਹਾਤੋਂ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਕਦ ਤੋਂ ਅੰਨ੍ਹੇ ਹੋ?
ਉਸ ਨੇ ਕਿਹਾ ਜਨਮ ਤੋਂ ਹੀ।
ਮੈਂ ਕਿਹਾ ਤੁਸੀਂ ਕਿਸ ਮਜ੍ਹਬ ਨੂੰ ਮੰਨਣ ਵਾਲੇ ਹੋ?
ਉਸ ਨੇ ਕਿਹਾ ਮੈਂ ਇੱਕ ਨਜੂਮੀ ਹਾਂ।
ਫਿਰ ਉਸ ਨੇ ਛਾਤੀ ਤੇ ਹੱਥ ਮਾਰਿਦਆਂ ਬੜੀ ਸ਼ਾਨ ਨਾਲ ਕਹਿਣਾ ਸ਼ੁਰੂ ਕੀਤਾ,
“ਮੈਂ ਅਸਮਾਨ ਦੇ ਤਮਾਮ ਸੂਰਜ, ਚੰਦ ਤੇ ਸਿਤਾਰਿਆਂ ਦੀ ਚਾਲ ਨੂੰ ਦੇਖਦਾ ਰਹਿੰਦਾ ਹਾਂ। ਮੈਂ…
ਤਰਸਯੋਗ ਹੈ ਉਸ ਕੌਮ ਦੀ ਹਾਲਤ
ਜੋ ਸਿਰਫ਼ ਜਨਾਜ਼ੇ ਨਾਲ ਜਾਂਦੀ ਹੋਈ ਹੀ ਆਵਾਜ਼ ਬੁਲੰਦ ਕਰਦੀ ਹੈ
ਅੱਗੇ ਪਿੱਛੇ ਨਹੀਂ;
ਆਪਣੀ ਬਰਬਾਦੀ ਤੋਂ ਇਲਾਵਾ ਕਦੇ ਵੀ ਵਧ ਚੜ੍ਹ ਕੇ ਗੱਲ ਨਹੀਂ ਕਰਦੀ;
ਸਿਰਫ਼ ਉਦੋਂ ਹੀ ਬਗਾਵਤ ਕਰੇਗੀ,
ਜਦੋਂ ਇਸ ਦੀ ਗਰਦਨ ਤਲਵਾਰ ਤੇ ਤਖਤੇ ਵਿਚਕਾਰ ਕੱਟ ਜਾਣ ਲਈ ਪਈ ਹੋਵੇ..
ਬਾਹਰੀ ਹਨੇਰਾ ਵੇਖਣ ਲਈ ਵੀ ,ਅੰਦਰੂਨੀ ਰੌਸ਼ਨੀ ਦੀ ਲੋੜ ਹੁੰਦੀ ਹੈ।
ਬੁਲਬੁਲ ਪਿੰਜਰੇ ਵਿੱਚ ਆਲ੍ਹਣਾ ਨਹੀ ਬਣਾਉਂਦੀ ਤਾਂ ਕਿ ਗ਼ੁਲਾਮੀ ਕਿਤੇ ਉਸਦੀ ਔਲਾਦ ਦਾ ਨਸੀਬ ਨਾ ਬਣ ਜਾਵੇ ।
ਜਦੋਂ ਅਸੀਂ ਇਕ-ਦੂਜੇ ਦਾ ਸਤਿਕਾਰ ਕਰਕੇ ਉਸਦੀ ਸਲਾਹ ਪੁੱਛਦੇ ਹਾਂ, ਤਾਂ ਦੁਸ਼ਮਣ ਘੱਟ ਅਤੇ ਮੀਤ ਜ਼ਿਆਦਾ ਬਣਦੇ ਹਨ...
ਨਿਆਂਕਾਰੀ ਵਿਅਕਤੀ ਲੋਕਾਂ ਦੇ ਦਿਲਾਂ ਦੇ ਕਰੀਬ ਰਹਿੰਦੈ, ਪਰ ਦਇਆਵਾਨ ਰੱਬ ਦੇ ਦਿਲ ਦੇ ਨਜ਼ਦੀਕ।
ਖੂਹ ਦੇ ਭਰੇ ਹੋਣ ਦੇ ਬਾਵਜੂਦ ਜੇ ਪਿਆਸੇ ਰਹਿਣ ਦਾ ਡਰ ਰਹੇ ਤਾਂ ਉਹ ਪਿਆਸ ਅਬੁੱਝ ਹੁੰਦੀ ਹੈ, ਕਦੇ ਨਾ ਮਿਟਣ ਵਾਲੀ।
|