Pir Ghulam Jilani
ਪੀਰ ਗ਼ੁਲਾਮ ਜੀਲਾਨੀ

Punjabi Writer
  

Punjabi Kafian/Kalam Pir Ghulam Jilani

ਪੰਜਾਬੀ ਕਾਫ਼ੀਆਂ/ਕਲਾਮ ਪੀਰ ਗ਼ੁਲਾਮ ਜੀਲਾਨੀ

1. ਜੋ ਕਲ ਕਰਨਾ ਕਰ ਅਜ ਕੁੜੇ

ਜੋ ਕਲ ਕਰਨਾ ਕਰ ਅਜ ਕੁੜੇ,
ਹੋਰ ਛਡ ਦੇ ਸਾਰੇ ਪੱਜ ਕੁੜੇ ।

ਸੁੱਮਨ ਬੁਕਮਨ ਉਮੱਯਨ ਰਹੀਏ,
ਦਿਲ ਆਪਣੇ ਵਲ ਮੂੰਹ ਕਰ ਬਹੀਏ,
ਫ਼ੈਦਾ ਕੀ ਹੈ ਪਾਹਿਆ ਗੱਜ ਕੁੜੇ,
ਹੋਰ ਛਡ ਦੇ ਸਾਰੇ ਪੱਜ ਕੁੜੇ ।

ਤੇਰੀ ਉਮਰ ਮੁਸਾਫ਼ਰਾਂ ਰੈਨ ਕੁੜੇ,
ਤੂੰ ਕਿਉਂ ਬੈਠੀ ਕਰਕੇ ਚੈਨ ਕੁੜੇ,
ਕੁਝ ਕਰ ਤਾਹੀ ਰਹਿਸੀ ਲਜ ਕੁੜੇ,
ਹੋਰ ਛਡ ਦੇ ਸਾਰੇ ਪੱਜ ਕੁੜੇ ।

ਘਰ ਵਿਚ ਵੇਖ ਪਿਆਰੇ ਤਾਈਂ,
ਜ਼ਾਹਰ ਬਾਤਨ ਜਿਹੜਾ ਸਾਈਂ,
ਕਰ ਕਰ ਦਰਸ਼ਨ ਰੱਜ ਕੁੜੇ,
ਹੋਰ ਛਡ ਦੇ ਸਾਰੇ ਪੱਜ ਕੁੜੇ ।

ਵਾਫ਼ੀਅਨਸੁਕੁਮ ਹੁਕਮ ਖ਼ੁਦਾ,
ਓਹ ਪਿਆਰਾ ਨ ਇਕ ਦਮ ਹੋਵੇ ਜੁਦਾ,
ਤੂੰ ਰਾਹ ਅਵੱਲੇ ਨਾ ਭੱਜ ਕੁੜੇ,
ਹੋਰ ਛਡ ਦੇ ਸਾਰੇ ਪੱਜ ਕੁੜੇ ।

ਲੈ ਗ਼ੁਲਾਮ ਜੀਲਾਨੀ ਤੋਂ ਮਤ ਕੁੜੇ,
ਨੀ ਤੂੰ ਘਰ ਬਹਿ ਆਪ ਕਤ ਕੁੜੇ,
ਤੇਰਾ ਦਮ ਦਮ ਹੋਵੇ ਹੱਜ ਕੁੜੇ,
ਹੋਰ ਛਡ ਦੇ ਸਾਰੇ ਪੱਜ ਕੁੜੇ ।

(ਸੁੱਮਨ ਬੁਕਮਨ ਉਮੱਯਨ=ਦੁਨੀਆਂ
ਤੋਂ ਬੋਲੇ ਗੁੰਗੇ ਤੇ ਅੰਨ੍ਹੇ ਰਹਿਣਾ,
ਜ਼ਾਹਰ ਬਾਤਨ=ਬਾਹਰੋਂ-ਅੰਦਰੋਂ,
ਵਾਫ਼ੀਅਨਸੁਕੁਮ=ਵ ਅਫ਼ੀ ਅਨਫਸ
ਕੁਮ,ਅਤੇ ਤੁਹਾਡੇ ਸ਼ਰੀਰਾਂ ਤੇ ਪ੍ਰਾਣਾਂ
ਵਿਚ)

2. ਵਾਹਵਾ ਦਿਲਬਰ ਨਖ਼ਰੇ ਬਾਜਾ

ਵਾਹਵਾ ਦਿਲਬਰ ਨਖ਼ਰੇ ਬਾਜਾ ਕਰ ਕਰ ਨਾਜ਼ ਪ੍ਰਸਤੀ ।
ਇਸ਼ਕ ਤੇਰੇ ਨੇ ਦਿਲ ਮੇਰੇ ਨੂੰ ਜ਼ੌਕ ਚੜ੍ਹਾਇਆ ਮਸਤੀ ।

ਮੋਹ ਲਏ ਆਸ਼ਕ ਬੇਕਸ ਆਜ਼ਜ਼, ਕਰ ਕਰ ਨਾਜ਼ ਨਿਹੋਰੇ ।
ਕਾਲੂ ਬਲਾ ਕਹਿ ਲਈ ਬਲਾ ਸਿਰ, ਮਨ ਫ਼ਰਮਾਨ ਅਲਸਤੀ ।

ਹਟ ਬੈਠੇ ਤਾਂ ਝਿੜਕਾਂ ਦੇਵੇਂ, ਦਰ ਆਇਆਂ ਰੁਸ ਜਾਵੇਂ ।
ਅਜਬ ਹਰਾਨੀ ਤੇਰੀ ਯਾਰੀ, ਜਾਨ ਪਈ ਵਿੱਚ ਫਸਤੀ ।

ਗ਼ੁਲਾਮ ਜੀਲਾਨੀ ਦਰ ਤੇਰੇ ਦਾ, ਆਦ ਕਦੀਮੀ ਬਰਦਾ ।
ਨਾ ਦੇ ਝਿੜਕਾਂ ਆਜ਼ਜ਼ ਤਾਈਂ, ਆ ਡਿਗਿਆ ਵਿੱਚ ਬਸਤੀ ।

(ਬੇਕਸ=ਬੇਬਸ, ਬਰਦਾ=ਗ਼ੁਲਾਮ)

3. ਫੜ ਸਤਿਗੁਰ ਦੇ ਚਰਨ, ਭਰਮ ਸਭ ਮਿੱਟ ਜਾਣਗੇ

ਫੜ ਸਤਿਗੁਰ ਦੇ ਚਰਨ, ਭਰਮ ਸਭ ਮਿੱਟ ਜਾਣਗੇ।

ਜੇ ਹੋਵੇਂ ਸਤਿਗੁਰ ਦੀ ਦਾਸੀ, ਨਾ ਭੋਗੇਂ ਤੂੰ ਜੂਨ ਚੁਰਾਸੀ।
ਅਛੇ ਹੋ ਜਾਣ ਕਰਮ, ਭਰਮ ਸਭ ਮਿਟ ਜਾਣਗੇ।
ਫੜ ਸਤਿਗੁਰ ਦੇ ਚਰਨ, ਭਰਮ ਸਭ ਮਿਟ ਜਾਣਗੇ।

ਪੰਜ ਪਚੀਸ ਦੇ ਮਗਰ ਨਾ ਜਾਵੀਂ,
ਮਾਰ ਖ਼ੁਦੀ ਨੂੰ ਪਰੇ ਹਟਾਵੀਂ,
ਇਹੋ ਤੇਰਾ ਕਰਮ, ਭਰਮ ਸਭ ਮਿਟ ਜਾਣਗੇ।
ਫੜ ਸਤਿਗੁਰ ਦੇ ਚਰਨ, ਭਰਮ ਸਭ ਮਿਟ ਜਾਣਗੇ।

ਜਾਗ ਜਾਗ ਜਾਗਣ ਦਾ ਵੇਲਾ,
ਦੁਨੀਆਂ ਪਲਕ ਝਲਕ ਦਾ ਮੇਲਾ,
ਹੋ ਜਾ ਦਿਲ ਦਾ ਨਰਮ, ਭਰਮ ਸਭ ਮਿਟ ਜਾਣਗੇ।
ਫੜ ਸਤਿਗੁਰ ਦੇ ਚਰਨ, ਭਰਮ ਸਭ ਮਿਟ ਜਾਣਗੇ।

ਜਦ ਸਤਿਗੁਰ ਸੰਗ ਪ੍ਰੀਤ ਲਗਾਈ,
ਦੁਬਿਧਾ ਗਈ ਸ਼ਾਂਤੀ ਆਈ,
ਤੇਰਾ ਸਫ਼ਲ ਹੋ ਜਾਊ ਜਨਮ, ਭਰਮ ਸਭ ਮਿਟ ਜਾਣਗੇ।
ਫੜ ਸਤਿਗੁਰ ਦੇ ਚਰਨ, ਭਰਮ ਸਭ ਮਿਟ ਜਾਣਗੇ।

ਗ਼ੁਲਾਮ ਜੀਲਾਨੀ ਦਾ ਮਨ ਕਹਿਣਾ,
ਜੇ ਤੈਂ ਸੁਖੀ ਹਮੇਸ਼ਾ ਰਹਿਣਾ,
ਤੇਰੀ ਰਹਿ ਜਾਏ ਲਾਜ ਸ਼ਰਮ, ਭਰਮ ਸਭ ਮਿਟ ਜਾਣਗੇ।
ਫੜ ਸਤਿਗੁਰ ਦੇ ਚਰਨ, ਭਰਮ ਸਭ ਮਿਟ ਜਾਣਗੇ।

4. ਹੋ ਸੰਤਾਂ ਦੀ ਪਿਆਰੀ ਸਾਧਣੀ ਹੋ ਜਾ ਨੀਂ

(ਕਾਫ਼ੀ ਰਾਗ ਪਹਾੜੀ)

ਹੋ ਸੰਤਾਂ ਦੀ ਪਿਆਰੀ ਸਾਧਣੀ ਹੋ ਜਾ ਨੀਂ।

ਸੰਤ ਸਦਾ ਸੁਖੀ ਅਨੰਦ ਰਹਿੰਦੇ,
ਹਰੀ ਹਰੀ ਜਪਦੇ ਉਠਦੇ ਬਹਿੰਦੇ,
ਰਹਿੰਦੇ ਵਿਚ ਨਾਮ ਖ਼ੁਮਾਰੀ, ਸਾਧਣੀ ਹੋ ਜਾ ਨੀਂ।
ਹੋ ਸੰਤਾਂ ਦੀ ਪਿਆਰੀ ਸਾਧਣੀ ਹੋ ਜਾ ਨੀਂ।

ਹਰ ਦਮ ਸ਼ਬਦ ਹਰੀ ਦੇ ਗਾਵਣ,
ਦਸਵੇਂ ਦੁਆਰ ਜਾਂ ਆਸਣ ਲਾਵਣ,
ਬਹਿ ਵਿਚ ਸੁਰਤ ਅਮਾਰੀ, ਸਾਧਣੀ ਹੋ ਜਾ ਨੀਂ।
ਹੋ ਸੰਤਾਂ ਦੀ ਪਿਆਰੀ ਸਾਧਣੀ ਹੋ ਜਾ ਨੀਂ।

ਜੋਗ ਮਾਰਗ ਦੀਆਂ ਸਿਖ ਲੈ ਰੀਤਾਂ,
ਲਾ ਕੇ ਸੰਤਾਂ ਨਾਲ ਪ੍ਰੀਤਾਂ,
ਉਮਰ ਗੰਵਾ ਨਹੀਂ ਸਾਰੀ, ਸਾਧਣੀ ਹੋ ਜਾ ਨੀਂ।
ਹੋ ਸੰਤਾਂ ਦੀ ਪਿਆਰੀ ਸਾਧਣੀ ਹੋ ਜਾ ਨੀਂ।

ਪੀ ਕੇ ਦੇਖ ਪ੍ਰੇਮ ਦੀ ਭੰਗ ਨੀਂ,
ਜੇ ਤੈਂ ਹੋਣਾ ਮਸਤ ਮਲੰਗ ਨੀਂ,
ਹਟ ਜਾਵੇ ਭਰਮ ਬੀਮਾਰੀ, ਸਾਧਣੀ ਹੋ ਜਾ ਨੀਂ।
ਹੋ ਸੰਤਾਂ ਦੀ ਪਿਆਰੀ ਸਾਧਣੀ ਹੋ ਜਾ ਨੀਂ।

ਜੋ ਸੰਤਾਂ ਸੰਗ ਸੰਗਤ ਕਰਦਾ,
ਮਰਨੇ ਥੀਂ ਉਹ ਪਹਿਲਾਂ ਮਰਦਾ,
ਖਾ ਕੇ ਪ੍ਰੇਮ ਕਟਾਰੀ, ਸਾਧਣੀ ਹੋ ਜਾ ਨੀਂ।
ਹੋ ਸੰਤਾਂ ਦੀ ਪਿਆਰੀ ਸਾਧਣੀ ਹੋ ਜਾ ਨੀਂ।

ਗ਼ੁਲਾਮ ਜੀਲਾਨੀ ਸ਼ਾਹ ਸੰਤ ਹੋ ਜਾਈਂ,
ਸਤਿਗੁਰ ਅਪਣੇ ਨੂੰ ਸੀਸ ਨਿਵਾਈਂ,
ਆਸ ਪੂਰੀ ਹੋ ਜਾਏ ਸਾਰੀ, ਸਾਧਣੀ ਹੋ ਜਾ ਨੀਂ।
ਹੋ ਸੰਤਾਂ ਦੀ ਪਿਆਰੀ ਸਾਧਣੀ ਹੋ ਜਾ ਨੀਂ।

5. ਮੱਤਾਂ

ਜੋ ਹਰ ਕੀ ਹੈ ਚਾਹਨਾ, ਮਦ ਕੇ ਦਿਨ ਲੈ ਹਾਥ,
ਧਿਆਨ ਮੈਂ ਪੂਰੀ ਸਾਧਨਾ ਕਰ ਲੈ ਇਸ ਮੈਂ ਸਾਥ।
ਜਬ ਜੋਬਨ ਸਭ ਹੋ ਚੁਕਾ, ਫਿਰ ਹੋ ਕੈਸਾ ਨੇਂਹ,
ਭੂਲਾ ਫਿਰੇ ਕਿਸਾਨ, ਕਾਤਕ ਮਾਂਗੇ ਮੇਂਹ।੧।

ਭਰ ਜੋਬਨ ਪੀਅ ਪੂਜ, ਪੂਰਾ ਪਾਈਏ,
ਸੋਚ ਕੀਏ ਮਦ ਜਾਤ, ਫਿਰ ਪਛੋਤਾਈਏ।
ਕਰਨੀ ਉਤਰੇ ਪਾਰ, ਮੌਸਮ ਤਾਉ ਕਾ,
ਜਾਡਾ ਪੋਹ ਨਾ ਮਾਂਹ, ਜਾਡਾ ਵਾਉ ਕਾ।੨।

ਹਰ ਕੇ ਧਿਆਨਨ ਛਾਡ ਕਰ, ਮਨ ਕੀ ਬਤੀਆਂ ਲੈ,
ਸਗਰੀ ਮਾਇਆ ਛਾਡ ਕੇ, ਝੂਠੇ ਜਗ ਮੈਂ ਲੈ।
ਫਿਰ ਹਰ ਕੀ ਭਰ ਸਾਧਨਾ, ਸਾਰੀ ਮਤ ਮਤ ਖੋ,
ਬਾਤੜੀਓਂ ਘਰ ਉਜੜੇ, ਚੁਲੇ ਦਾਲਦ ਹੋ।੩।