ਪੀੜਾਂ ਦੇ ਪੱਥਰ ਨੂਰ ਮੁਹੰਮਦ ਨੂਰ
ਦਿਲ ਚਾਹਵੇ ਜਾ ਕੇ ਦੇਖ ਲਵਾਂ ਉੱਥੇ ਘਰ ਬਾਰ ਮੁਹੰਮਦ ਦਾ।
ਜਿੱਥੇ ਅਸਹਾਬੀ ਕਰਦੇ ਸਨ ਬਹਿ ਕੇ ਦੀਦਾਰ ਮੁਹੰਮਦ ਦਾ।
ਜੀਵਨ ਦਾ ਪੰਧ ਸੰਵਾਰਣ ਦੀ ਦਿੱਤੀ ਹੈ ਸੇਧ ਜ਼ਮਾਨੇ ਨੂੰ,
ਤਾਹੀਉਂ ਤਾਂ ਦੁਨੀਆ ਕਰਦੀ ਹੈ ਹੁਣ ਤੱਕ ਸਤਿਕਾਰ ਮੁਹੰਮਦ ਦਾ।
ਦਿਸਦੇ ਨੇ ਵਸਦੇ ਦੁਨੀਆ ਦੇ ਨ੍ਹੇਰੇ ਵਿਚ ਵਾਂਗ ਚਿਰਾਗ਼ਾਂ ਦੇ,
ਜੋ ਲੋਕੀ ਮੋਮਨ ਹੋ ਗਏ ਨੇ ਕਰ ਕੇ ਇਤਬਾਰ ਮੁਹੰਮਦ ਦਾ।
ਕਰ ਨੇਕ ਕਮਾਈ ਜੇ ਤੇਰੀ ਦੀਦਾਰ ਕਰਨ ਦੀ ਚਾਹਤ ਹੈ,
ਲੱਗੇਗਾ ਹੌਜ਼ੇ-ਕੌਸਰ ਦੇ ਕੰਢੇ ਦਰਬਾਰ ਮੁਹੰਮਦ ਦਾ।
ਤੂੰ 'ਨੂਰ' ਅਗੇਰੇ ਵਧਦਾ ਜਾ ਖ਼ਲਕਤ ਦੀ ਖ਼ਿਦਮਤ ਕਰਦਾ ਜਾ,
ਹੈ ਕਰਮ ਜਦੋਂ ਤੱਕ ਤੇਰੇ 'ਤੇ ਸੱਚੀ ਸਰਕਾਰ ਮੁਹੰਮਦ ਦਾ।
ਚੱਲੇਗਾ ਕਦ ਕੁ ਤਾਈਂ ਝੱਖੜ ਸਤਾਉਣ ਵਾਲਾ?
ਆਖ਼ਰ ਨੂੰ ਆ ਹੀ ਜਾਣੈ ਮੌਸਮ ਹਸਾਉਣ ਵਾਲਾ।
ਹਰ ਅਕਸ ਜ਼ਿੰਦਗੀ ਦਾ ਬਰਬਾਦ ਕਰਨ ਪਿੱਛੋਂ,
ਮੁੜ ਸਾਮ੍ਹਣੇ ਨਾ ਆਇਆ ਪੱਟੀ ਪੜ੍ਹਾਉਣ ਵਾਲਾ।
ਚੜ੍ਹ ਬੈਠਿਆ ਬਨੇਰੇ ਤੀਲੀ ਲਗਾਉਣ ਪਿੱਛੋਂ,
ਜਗ ਸਮਝਦਾ ਸੀ ਜਿਸ ਨੂੰ ਬਲਦੀ ਬੁਝਾਉਣ ਵਾਲਾ।
ਆਵੇਗਾ ਲੈ ਕੇ ਕਿਸ ਦਿਨ ਹਮਦਰਦੀਆਂ ਦਾ ਚੱਪੂ?
ਡੁੱਬਣ ਸਮੇਂ ਨਾ ਆਇਆ ਜੇਕਰ ਬਚਾਉਣ ਵਾਲਾ।
ਪੈਰਾਂ 'ਚ ਝੁਕ ਰਹੇ ਨੇ ਕਾਹਤੋਂ ਇਹ ਲੋਕ ਇਸ ਦੇ?
ਤੱਕ-ਤੱਕ ਕੇ ਸੋਚਦਾ ਸੀ ਮੂਰਤ ਬਣਾਉਣ ਵਾਲਾ।
ਕਰਦਾ ਹੈ ਨਿੱਤ ਤਜਰਬੇ ਜਗ ਨੂੰ ਮਿਟਾਉਣ ਵਾਲੇ,
ਸ਼ੈਤਾਨ ਬਣ ਗਿਆ ਹੈ ਰੱਬ ਨੂੰ ਧਿਆਉਣ ਵਾਲਾ।
ਮੰਜ਼ਿਲ ਤੇ ਪੁੱਜ ਗਿਆ ਮੈਂ ਰਾਹਬਰ ਦੇ ਕਹਿਣ ਉੱਤੇ,
ਪਰ ਖੋ ਗਿਆ ਹੈ ਰਾਹ ਵਿਚ ਰਸਤਾ ਦਿਖਾਉਣ ਵਾਲਾ।
ਬੇੜੀ ਨੂੰ ਠੇਲ੍ਹ ਕੇ ਉਹ ਚੱਪੂ ਹੀ ਲੈ ਗਿਆ ਹੈ,
ਭੰਵਰ ਤੋਂ ਪਾਰ ਡੁੱਬਦੀ ਬੇੜੀ ਲੰਘਾਉਣ ਵਾਲਾ।
ਮੁੱਖ ਤੋਂ ਹਟਾ ਕੇ ਕੱਫ਼ਨ ਆਖਣਗੇ ਲੋਕ ਇਕ ਦਿਨ,
ਲਗਦਾ ਹੈ 'ਨੂਰ' ਇਹ ਤਾਂ ਗ਼ਜ਼ਲਾਂ ਸੁਣਾਉਣ ਵਾਲਾ।
ਅਮਨਾਂ ਦੀ ਬਾਤ ਹੋਵੇ ਜਿੱਥੇ ਉਹ ਸ਼ਹਿਰ ਲੱਭੋ।
ਨਫ਼ਰਤ ਨੂੰ ਮਾਰ ਦੇਵੇ ਜਿਹੜੀ ਉਹ ਜ਼ਹਿਰ ਲੱਭੋ।
ਜਿਹੜੀ ਦਿਲਾਂ 'ਚ ਫ਼ੈਲੇ ਮਾਰੂਥਲਾਂ ਨੂੰ ਸਿੰਜੇ,
ਆਬੇ-ਹਿਆਤ ਵਰਗੇ ਸ਼ਰਬਤ ਦੀ ਨਹਿਰ ਲੱਭੋ।
ਮਾਰਾਂਗੇ ਹਾਅ ਦਾ ਨਾਅਰਾ ਹਰ ਜ਼ਿੰਦਗੀ ਦੀ ਖ਼ਾਤਰ,
ਹੁੰਦਾ ਹੈ ਜਿਸ ਜਗ੍ਹਾ ਵੀ ਦੁਨੀਆ ਤੇ ਕਹਿਰ ਲੱਭੋ।
ਕੰਢੇ ਲਿਜਾਣ ਖ਼ਾਤਰ ਕਿਸ਼ਤੀ ਇਰਾਦਿਆਂ ਦੀ,
ਸਮਝੇ ਜੋ ਚੱਪੂਆਂ ਦੀ ਭਾਸ਼ਾ ਉਹ ਲਹਿਰ ਲੱਭੋ।
ਝੱਖੜ ਤਾਂ ਤੁਰ ਗਿਆ ਹੈ ਗੁੱਸਾ ਦਿਖਾ ਕੇ ਅਪਣਾ,
ਆਪਸ ਦੇ ਰਿਸ਼ਤਿਆਂ 'ਚੋਂ ਸੁੱਖਾਂ ਦੇ ਪਹਿਰ ਲੱਭੋ।
ਬੇਫ਼ਿਕਰ ਹੋ ਕੇ ਘੁੰਮਣ ਵੱਡੇ ਅਤੇ ਨਿਆਣੇ,
ਲੱਗੇ ਨਾ ਸੇਕ ਜਿਸ ਦਾ ਐਸੀ ਦੁਪਹਿਰ ਲੱਭੋ।
ਲਿਖਦੇ ਰਹੋਗੇ ਕਦ ਤੱਕ ਮਹਿਬੂਬ ਤੇ ਕਸੀਦੇ,
ਦੁਨੀਆਂ ਦਾ ਅਕਸ ਝਾਕੇ ਜਿਸ ਵਿਚ ਉਹ ਬਹਿਰ ਲੱਭੋ।
ਭਟਕੋਗੇ 'ਨੂਰ' ਕਦ ਤੱਕ ਗੂੜ੍ਹੇ ਹਨੇਰਿਆਂ ਵਿਚ,
ਚਾਨਣ-ਮੁਨਾਰਿਆਂ ਦੀ ਟੀਸੀ ਤੇ ਠਹਿਰ ਲੱਭੋ।
ਛੱਡੋ ਕਿੱਸੇ ਦੇਵਤਿਆਂ ਦੇ, ਇਸ ਦੁਨੀਆਂ ਦੀ ਬਾਤ ਕਰੋ।
ਸੱਜਰੀਆਂ ਘਟਨਾਵਾਂ ਦੇਖੋ, 'ਬੋਸਨੀਆਂ' ਦੀ ਬਾਤ ਕਰੋ।
ਹਾਲੇ ਵੀ ਵਿਸ ਘੋਲੇ ਜਿੱਥੇ, ਮਰਿਆ ਸੱਪ ਜ਼ਮਾਨੇ ਦਾ,
ਜੂਝ ਰਹੇ ਨੇ ਲੋਕੀ ਜਿੱਥੇ, 'ਚੇਚਨੀਆਂ' ਦੀ ਬਾਤ ਕਰੋ।
ਪੱਤਝੜ ਤੇ ਹੰਝੂ ਨਾ ਕੇਰੋ, ਆਈ ਹੈ ਮੁੜ ਜਾਵੇਗੀ,
ਆਈਆਂ ਨੇ ਜੋ ਸੁੱਕਣ ਤੇ, ਫ਼ਸਲਾਂ ਹਰੀਆਂ ਦੀ ਬਾਤ ਕਰੋ।
ਅੱਗ-ਬਗੋਲਾ ਹੋਇਆ ਟੁਕੜਾ, ਰਹਿ ਨਾ ਜਾਵੇ ਧਰਤੀ ਦਾ,
ਚੱਪੇ-ਚੱਪੇ ਉੱਤੇ ਜਾ ਕੇ, ਦੋਸਤੀਆਂ ਦੀ ਬਾਤ ਕਰੋ।
ਵਿਹਲੇ ਹੋ ਕੇ ਲੱਭ ਲਵਾਂਗੇ, ਕਾਰਨ ਬੰਬ-ਬਲਾਸਟ ਦਾ,
ਇੱਧਰ-ਉੱਧਰ ਖਿੰਡੀਆਂ ਪਈਆਂ, ਆਂਤੜੀਆਂ ਦੀ ਬਾਤ ਕਰੋ।
ਭੁਗਤ ਚੁੱਕਾ ਜੋ ਸਾਰਾ ਜੀਵਨ, ਉਸ ਨੂੰ ਏਥੋਂ ਤੁਰਨ ਦਿਉ,
ਜੀਣ ਲਈ ਰੋ ਰਹੀਆਂ ਉਮਰਾਂ, ਤੋਤਲੀਆਂ ਦੀ ਬਾਤ ਕਰੋ।
ਦੇਖ ਲਵਾਂਗੇ ਸ਼ਾਜ਼ਿਸ ਪਿੱਛੇ, ਹੱਥ ਬਿਗਾਨੇ ਲੋਕਾਂ ਦਾ,
ਪਹਿਲਾਂ ਆਪਸ ਦੇ ਵਿਚ ਵਧਦੇ, ਫ਼ਾਸਲਿਆਂ ਦੀ ਬਾਤ ਕਰੋ।
ਫੇਰ ਕਿਤੋਂ ਮੁੜ ਕੇ ਆਈ ਹੈ, ਦਿਲ ਵਿਚ ਦੇਵੀ ਯਾਦਾਂ ਦੀ,
ਸ਼ਰਧਾਵਾਂ ਦੇ ਟੱਲ ਵਜਾਉ, ਆਰਤੀਆਂ ਦੀ ਬਾਤ ਕਰੋ।
ਵਰ੍ਹਿਆਂ ਪਿੱਛੋਂ ਪਰਤ ਰਿਹਾ ਹੈ, ਮਹਿਰਮ 'ਨੂਰ ਮੁਹੰਮਦ' ਦਾ,
ਛੱਤਾਂ ਉੱਤੇ ਦੀਪ ਜਲਾਉ, ਰੋਸ਼ਨੀਆਂ ਦੀ ਬਾਤ ਕਰੋ।
ਜਾਣਾ ਪਵੇਗਾ ਮੈਨੂੰ ਪੁੱਛਾਂ ਹਜ਼ੂਰ ਤਾਈਂ।
ਬਿਰਹਾ ਦੇ ਜੰਗਲਾਂ ਵਿਚ ਕਿੰਨੀ ਕੁ ਦੂਰ ਤਾਈਂ।
ਬੇਗਾਨਿਆਂ 'ਚ ਬਹਿ ਕੇ ਕਰਦੇ ਹੋ ਬਾਤ ਜਿਹੜੀ,
ਉਚਿਤ ਸਜ਼ਾ ਨਹੀਂ ਇਹ ਇਕ ਬੇ-ਕਸੂਰ ਤਾਈਂ।
ਹੁੰਦੇ ਹਾਂ ਰੋਜ਼ ਰੁਸਵਾ ਪੁੱਜਣ ਦੀ ਆਸ ਕਰ ਕੇ,
ਇਕ ਹੁਸਨ ਬੇਵਫ਼ਾ ਦੇ ਖੱਟੇ-ਅੰਗੂਰ ਤਾਈਂ।
ਰੀਝਾਂ ਦੇ ਬੂਟਿਆਂ ਨੂੰ ਫਲ ਤਕ ਤਾਂ ਜਾਣ ਦੇਵੋ,
ਪਹੁੰਚੀ ਹੈ ਆਸ ਮੇਰੀ ਹਾਲੇ ਤਾਂ ਬੂਰ ਤਾਈਂ।
ਤੈਥੋਂ ਨe੍ਹੀਂ ਠਾਰ ਹੋਣਾ ਮੇਰੇ ਇਰਾਦਿਆਂ ਨੂੰ,
ਮੇਰੀ ਹੈ ਪਹੁੰਚ ਗ਼ਮ ਦੇ ਧੁਖਦੇ ਤੰਦੂਰ ਤਾਈਂ।
ਅਠਖੇਲੀਆਂ ਕਰਾਂਗੇ ਤਦ ਦਿਲ-ਲਗੀ ਦੀ ਖ਼ਾਤਰ,
ਇਕ ਵਾਰ ਪਹੁੰਚ ਜਾਵੇ ਮੌਸਮ ਸਰੂਰ ਤਾਈਂ।
ਘਰ ਵਿਚ ਹੀ ਮਿਲ ਰਹੀ ਹੈ ਲੱਜ਼ਤ ਦੀਦਾਰ ਵਾਲੀ,
ਪੈਂਦੀ ਨe੍ਹੀਂ ਲੋੜ ਸਾਨੂੰ ਪਹੁੰਚਣ ਦੀ 'ਤੂਰ' ਤਾਈਂ।
ਮੁੜ ਕੇ ਨਾ ਹੁਣ ਕਰਾਂਗਾ ਭਟਕਣ ਦੀ ਇਹ ਖ਼ਤਾ ਮੈਂ,
ਲਗਦਾ ਹੈ ਯਾਰ ਇਕ ਦਿਨ ਆਖੇਗਾ 'ਨੂਰ' ਤਾਈਂ।
ਮੇਰੇ ਦੁਖਾਂ ਦਾ ਦਾਰੂ ਮੇਰੇ ਕਰੀਬ ਹੋਵੇ।
ਐ ਕਾਸ਼! ਕੋਲ ਮੇਰੇ ਮੇਰਾ ਤਬੀਬ ਹੋਵੇ।
ਮਾਰੇ ਮਾਯੂਸ ਕਰ ਕੇ ਜੀਵਨ ਦੀ ਹਰ ਜ਼ਰੂਰਤ,
ਮੌਸਮ ਹੀ ਚਾਹਤਾਂ ਦਾ ਐਸਾ ਅਜੀਬ ਹੋਵੇ।
ਚਿਮਨੀ ਦੇ ਵਾਂਗ ਨਿਕਲੇ ਧੁਖਦੇ ਦਿਲਾਂ ਚੋਂ ਧੂਆਂ,
ਪੁੱਛੇ ਨਾ ਲਾ ਕੇ ਲਾਂਬੂ ਐਸਾ ਹਬੀਬ ਹੋਵੇ।
ਵੇਚੇ ਨਾ ਲੋੜ ਪਿੱਛੇ ਅਪਣੀ ਜ਼ਮੀਰ ਸਸਤੀ,
ਇਨਸਾਨ ਜ਼ਿੰਦਗੀ ਵਿਚ ਭਾਵੇਂ ਗ਼ਰੀਬ ਹੋਵੇ।
ਮੋਢੇ ਤੇ ਧਰ ਕੇ ਅਰਥੀ ਕੋਝੇ ਇਰਾਦਿਆਂ ਦੀ,
ਮਿੱਤਰਾਂ ਦੇ ਦਰ ਤੋਂ ਖ਼ਾਲੀ ਮੁੜਿਆ ਨਕੀਬ ਹੋਵੇ।
ਦੋ ਪਲ ਵੀ ਜੀ ਸਕੇ ਨਾ ਸਾਹਾਂ ਤੋਂ ਦੂਰ ਹੋ ਕੇ,
ਮੇਰੇ ਹੀ ਵਾਂਗ ਉਸ ਦਾ ਭੈੜਾ ਨਸੀਬ ਹੋਵੇ।
ਤੱਕਦਾ ਰਹਾਂ ਉਨ੍ਹਾਂ ਨੂੰ ਸਾਹਾਂ ਦੀ ਹੋਂਦ ਤਾਈਂ,
ਭਾਵੇਂ ਮਾਯੂਸੀਆਂ ਦੀ ਗਲ ਵਿਚ ਸਲੀਬ ਹੋਵੇ।
ਕਿਉਂਕਰ ਗ਼ਜ਼ਲ ਨਾ ਆਖੇ ਉਸ ਹੁਸਨ-ਬੇਵਫ਼ਾ 'ਤੇ,
ਜਿਸ ਕੋਲ 'ਨੂਰ' ਵਰਗਾ ਬੈਠਾ ਅਦੀਬ ਹੋਵੇ।
ਲੋਕਾਂ ਦਾ ਮੁਰਝਾਇਆ ਹੋਇਆ ਮੁੱਖੜਾ ਤੱਕਣਾ ਪੈਂਦਾ ਹੈ।
ਸ਼ਾਮ-ਸਵੇਰੇ ਜ਼ਹਿਰ ਕਸੈਲਾ, ਮੈਨੂੰ ਚੱਖਣਾ ਪੈਂਦਾ ਹੈ।
ਆ ਜਾਵੇਗੀ ਮੁੜ ਕੇ ਰੌਣਕ ਫ਼ਿਰ ਮੁਰਝਾਏ ਫੁੱਲਾਂ ਤੇ,
ਭਰਮ ਵਿਚਾਰੇ ਭੋਲੇ-ਭਾਲੇ ਦਿਲ ਦਾ ਰੱਖਣਾ ਪੈਂਦਾ ਹੈ।
ਬੰਦੇ ਦੀ ਬਰਬਾਦੀ ਖ਼ਾਤਰ, ਕੀ-ਕੀ ਬੰਦਾ ਕਰਦਾ ਹੈ,
ਅਪਣੇ ਹੱਥੀਂ ਹਾਲ ਇਹ ਸਾਰਾ ਮੈਨੂੰ ਲਿਖਣਾ ਪੈਂਦਾ ਹੈ।
ਅਪਣੇ ਬਾਰੇ ਕੀ ਦੱਸਾਂ ਇਕ 'ਯੂਸਫ਼' ਵਰਗੇ ਬੰਦੇ ਨੂੰ
ਇਸ਼ਕ ਦਿਆਂ ਬਾਜ਼ਾਰਾਂ ਅੰਦਰ ਸਸਤਾ ਵਿਕਣਾ ਪੈਂਦਾ ਹੈ।
ਫੂਕ ਦਿੱਤਾ ਹੈ ਸਾਰਾ ਅੰਦਰ ਭਾਵੇਂ ਬਿਰਹਣ ਅੱਗਾਂ ਨੇ,
ਐਪਰ ਬਾਹਰੋਂ ਅਪਣਾ-ਆਪਾ ਸਾਬਤ ਰੱਖਣਾ ਪੈਂਦਾ ਹੈ।
'ਕੱਠੇ ਕਰ ਕੇ ਢਿੱਲੇ-ਮੱਠੇ, ਟੁੱਟੇ-ਫੁੱਟੇ ਅੰਗਾਂ ਨੂੰ,
ਜਿਉਣ ਲਈ ਧਰਤੀ ਤੇ ਚਲਦਾ-ਫਿਰਦਾ ਦਿਸਣਾ ਪੈਂਦਾ ਹੈ।
ਆਸਾਂ ਦੇ ਸਭ ਖੰਭ ਕਟਾ ਕੇ ਬਾਤ ਨਾ ਸੋਚੀ ਡਿੱਗਣ ਦੀ,
ਇਕ ਪਰਵਾਸੀ ਪੰਛੀ ਵਾਂਗੂੰ ਭਾਵੇਂ ਉੱਡਣਾ ਪੈਂਦਾ ਹੈ।
ਸੁੱਖੀਂ-ਸਾਦੀਂ ਧਰਤੀ ਉੱਤੇ ਜੀਵਨ ਪੰਧ ਮੁਕਾਉਣ ਲਈ,
'ਨੂਰ' ਸਿਆਣੇ ਲੋਕਾਂ ਕੋਲੋਂ ਰਸਤਾ ਪੁੱਛਣਾ ਪੈਂਦਾ ਹੈ।
ਚੰਨ ਸੂਰਜ ਬਣਾਂ ਜਾਂ ਸਿਤਾਰਾ ਬਣਾਂ।
ਨ੍ਹੇਰਿਆਂ ਵਿਚ ਮੈਂ ਤੇਰਾ ਸਹਾਰਾ ਬਣਾਂ।
ਲਹਿਰ ਪਾਣੀ ਦੀ ਜਿਸ ਨੂੰ ਹੜ੍ਹਾ ਨਾ ਸਕੇ,
ਓਸ ਸਾਗਰ ਦਾ ਪੱਕਾ ਕਿਨਾਰਾ ਬਣਾਂ।
ਕੀਮਤਾਂ ਚੜ੍ਹਨ ਆਕਾਸ਼ ਦੀ ਧੌਣ ਤੇ,
ਇਕ ਕਰੰਸੀ ਦਾ ਐਸਾ ਪਸਾਰਾ ਬਣਾਂ।
ਜਦ ਵੀ ਮੰਗਾਂ ਕਿਤੋਂ ਮਿਲਣ ਮਾਯੂਸੀਆਂ,
ਚਾਹਤਾਂ ਦੇ ਬਜਟ ਦਾ ਖ਼ਸਾਰਾ ਬਣਾਂ।
ਜਿਸ ਨੂੰ ਛੇੜਨ ਦੀ ਹਿੰਮਤ ਨਾ ਦੁਨੀਆ ਕਰੇ,
ਜ਼ੁਲਫ਼ ਤੇਰੀ ਦਾ ਖ਼ਮ ਉਹ ਕੁਆਰਾ ਬਣਾਂ।
ਜਿਸ ਦੇ ਦਿਲ ਵਿਚ ਤਪੇ ਕਾੜ੍ਹਨੀ ਆਸ ਦੀ,
ਤੇਰੇ ਹਿਜਰਾਂ 'ਚ ਧੁਖਦਾ ਉਹ ਹਾਰਾ ਬਣਾਂ।
ਬਹਿਣ ਦੇਵਾਂ ਨਾ ਤੈਨੂੰ ਵੀ ਨਿਚਲਾ ਕਦੇ,
ਤੇਰੇ ਕੰਨਾਂ 'ਚ ਵਜਦਾ ਨਗਾਰਾ ਬਣਾਂ।
ਯਾਦ ਕਰ ਕੇ ਜ੍ਹਿਨੂੰ 'ਨੂਰ' ਵੇਲਾ ਕਟੇ,
ਪਿਆਰ ਦੀ ਮੌਜ ਦਾ ਉਹ ਹੁਲਾਰਾ ਬਣਾਂ।
ਝੂਠੇ ਵਿਖਾਵਿਆਂ ਦਾ ਪਾਸੇ ਪਿਆਰ ਰੱਖੋ।
ਐਵੇਂ ਨਾ ਮੋਢਿਆਂ ਤੇ ਬਾਹਾਂ ਦਾ ਭਾਰ ਰੱਖੋ।
ਹੋਣੀ ਦਾ ਕੀ ਭਰੋਸਾ ਕਿਸ ਵਕਤ ਆ ਖਲੋਵੇ,
ਆਪੇ ਨੂੰ ਜਾਣ ਖ਼ਾਤਰ ਕਰਕੇ ਤਿਆਰ ਰੱਖੋ।
ਆਵੇਗੀ ਅਕਲ ਕਿੱਦਾਂ ਜੇ ਨਾ ਫ਼ਰੇਬ ਖਾਧਾ,
ਮਿੱਤਰਾਂ ਦੇ ਵਿਚ ਮਿਲਾ ਕੇ ਦੋ-ਤਿੰਨ ਗ਼ੱਦਾਰ ਰੱਖੋ।
ਸੜਦੈ ਸੜੇ ਜ਼ਮਾਨਾ ਲੋਕਾਂ ਦਾ ਖ਼ੌਫ਼ ਛੱਡੋ,
ਵਸਲਾਂ ਦੀ ਸਿਲ ਤੇ ਸੀਨਾ ਠੰਢਾ ਤੇ ਠਾਰ ਰੱਖੋ।
ਸੁਲਝਾ ਸਕੇ ਨਾ ਕੋਈ ਵਿਗੜੇ ਦਿਲਾਂ ਦਾ ਤਾਣਾ,
ਵਿਚਕਾਰ ਉਲਝਣਾਂ ਦੀ ਕਰ ਕੇ ਦੀਵਾਰ ਰੱਖੋ।
ਰੱਖਣ ਜੋ ਦੋਸਤੀ ਤੇ ਮਰ-ਮਿਟਣ ਦੀ ਤਮੰਨਾਂ,
ਜੀਵਨ 'ਚ ਇਸ ਤਰਾਂ ਦੇ ਸਾਥੀ ਦੋ-ਚਾਰ ਰੱਖੋ।
ਭੋਗੋਗੇ ਕਦ ਕੁ ਤਾਈਂ ਜੀਵਨ ਮਕੌੜਿਆਂ ਦਾ,
ਲੋਕਾਂ ਨੂੰ ਦਿਸਣ ਜੋਗਾ ਸਾਬਤ ਵੱਕਾਰ ਰੱਖੋ।
ਸਰਕੇ ਨਾ ਜੂੰ ਜਦੋਂ ਤੱਕ ਕੰਨ੍ਹਾਂ 'ਤੇ ਹਾਕਮਾਂ ਦੇ,
ਜਾਰੀ ਜ਼ਰੂਰਤਾਂ ਦੀ ਚੀਖ਼ੋ-ਪੁਕਾਰ ਰੱਖੋ।
ਕੰਡਿਆਂ 'ਚ ਫਸ ਨਾ ਜਾਵੇ 'ਨੂਰ' ਆਬਰੂ ਦੀ ਚਾਦਰ,
ਅਪਣੀ ਔਕਾਤ ਜਿੰਨਾਂ ਅਪਣਾ ਪਸਾਰ ਰੱਖੋ।
ਮਨ ਲੋਚਦਾ ਹੈ ਐਸਾ ਇਕ ਜਾਨਸ਼ੀਨ ਹੋਵੇ।
ਪਰੀਆਂ ਦੇ ਵਾਂਗ ਜਿਸ ਦਾ ਮੁੱਖੜਾ ਹਸੀਨ ਹੋਵੇ।
ਬੈਠੇ ਉਹ ਪਾਸ ਮੇਰੇ ਬੇਧੜਕ ਇਸ ਤਰ੍ਹਾਂ ਜਿਉਂ,
ਸਾਡਾ ਆਕਾਸ਼ ਹੋਵੇ ਸਾਡੀ ਜ਼ਮੀਨ ਹੋਵੇ।
ਏਦਾਂ ਬਤੀਤ ਹੋਵੇ ਇਸ ਜ਼ਿੰਦਗੀ ਦਾ ਪੈਂਡਾ-
ਫੁੱਲਾਂ ਦੇ ਘੋੜਿਆਂ ਤੇ ਖ਼ੁਸ਼ਬੂ ਦੀ ਜ਼ੀਨ ਹੋਵੇ।
ਉਹਲੇ ਰਹੇ ਹਮੇਸ਼ਾ ਕੈਦੋਂ ਦੀ ਨਜ਼ਰ ਕੋਲੋਂ,
ਨਾਤਾ ਮੁਹੱਬਤਾਂ ਦਾ ਐਨਾ ਮਹੀਨ ਹੋਵੇ।
ਹਰ ਰੋਜ਼ ਪਰਤਦਾ ਹਾਂ ਮੈਂ ਉਸ ਦੇ ਦਰ ਤੋਂ ਖ਼ਾਲੀ,
ਮਹਿਬੂਬ ਨਾ ਕਿਸੇ ਦਾ ਪਰਦਾ-ਨਸ਼ੀਨ ਹੋਵੇ।
ਹੁੰਦੇ ਨੇ ਬੰਬ ਸਾਰੇ ਸ਼ੈਤਾਨ ਦੇ ਖਿਡੌਣੇ,
ਨਾ ਕਰਨ ਇਹ ਤਬਾਹੀ, ਇਹਨਾਂ ਦਾ ਦੀਨ ਹੋਵੇ।
ਦੇਵੇਗੀ ਝਾੜ ਕਿੰਨਾਂ ਚਾਹਤ ਦੀ ਫ਼ਸਲ ਉੱਥੇ,
ਆਸਾਂ ਦੇ ਖੱਤਿਆਂ ਵਿਚ ਗ਼ਮ ਦਾ ਨਦੀਨ ਹੋਵੇ।
ਫੁੱਲਾਂ ਦੇ ਬੀਜ ਧਰਤੀ ਪਰ 'ਨੂਰ' ਬੀਜ ਦੇਵੇ,
ਜੇ ਖ਼ੂਬਸੂਰਤੀ ਦਾ ਮਹਿਰਮ ਸ਼ੁਕੀਨ ਹੋਵੇ।
ਹੁੰਦਾ ਨਸੀਬ ਦੇ ਵਿਚ ਕਿੱਥੋਂ ਆਰਾਮ ਮੈਨੂੰ।
ਦਿੰਦਾ ਰਿਹਾ ਉਹ ਭਰਕੇ ਯਾਦਾਂ ਦਾ ਜਾਮ ਮੈਨੂੰ।
ਭਾਵੇਂ ਮੈਂ ਰਸਤਿਆਂ ਤੋਂ ਕਿੰਨੀ ਵੀ ਦੂਰ ਹੋਵਾਂ,
ਇਲਹਾਮ ਵਾਂਗ ਪੁੱਜੇ ਉਸ ਦਾ ਪੈਗ਼ਾਮ ਮੈਨੂੰ।
ਅੱਟੀ ਵੀ ਦੇ ਸਕੇ ਨਾ ਮੇਰੀ ਖ਼ਰੀਦ ਵਾਲੇ,
ਯਾਰਾਂ ਨੇ ਮੁਫ਼ਤ ਦੇ ਭਾਅ ਕੀਤਾ ਨੀਲਾਮ ਮੈਨੂੰ।
ਹੋਇਆ ਕੀ ਕਰ ਲਿਆ ਹੈ ਉਸ ਨੇ ਪਰ੍ਹਾਂ ਵਸੇਬਾ,
ਲੰਘਦੀ ਹੈ ਯਾਦ ਉਸ ਦੀ ਕਰ ਕੇ ਸਲਾਮ ਮੈਨੂੰ।
ਆਰਾਮ ਦੀ ਘੜੀ ਵਿਚ ਦਿੰਦੀ ਹੈ ਰੋਜ਼ ਕਾਹਤੋਂ,
ਪੀੜਾਂ ਦਾ ਇੱਕ ਪਰਾਗਾ ਬਿਰਹਾ ਦੀ ਸ਼ਾਮ ਮੈਨੂੰ।
ਪਹੁੰਚੀ ਹੈ ਬੇਵਸੀ ਦੀ ਐਥੋਂ ਕੁ ਤੱਕ ਕਹਾਣੀ,
ਮੇਰੇ ਹੀ ਯਾਰ ਕੋਸਣ ਦੇ ਕੇ ਲਗਾਮ ਮੈਨੂੰ।
ਨਜ਼ਰਾਂ ਚੁਰਾਉਣ ਪਿੱਛੋਂ ਰੋ ਪੈਣ ਤੋਂ ਇਲਾਵਾ,
ਵਿਛੜਣ ਸਮੇਂ ਕੀ ਦਿੰਦਾ ਮਹਿਰਮ ਇਨਾਮ ਮੈਨੂੰ।
ਜੀਵਨ ਤਾਂ ਕਟ ਰਿਹਾ ਹੈ ਪਰ 'ਨੂਰ' ਦੇ ਖ਼ੁਦਾਇਆ,
ਭਾਉਂਦਾ ਨਹੀਂ ਹੈ ਬਹੁਤਾ ਤੇਰਾ ਨਿਜ਼ਾਮ ਮੈਨੂੰ।
ਜਿਸ ਦਿਨ ਤੋਂ ਪਰਤਿਆ ਹਾਂ ਉਸ ਦੇ ਹਜ਼ੂਰ ਹੋ ਕੇ।
ਨ੍ਹੇਰੇ 'ਚ ਭਟਕਦਾ ਹਾਂ ਕਿਸਮਤ ਦਾ 'ਨੂਰ' ਹੋ ਕੇ।
ਕਿੱਥੋਂ ਕਰਾਂ ਇਕੱਠੀ ਉਸ ਜ਼ਿੰਦਗੀ ਦੀ ਰੌਣਕ,
ਵਿੱਖਰੀ ਹੈ ਵਿਚ ਖ਼ਲਾਅ ਦੇ ਜਿਹੜੀ ਮਨੂਰ ਹੋ ਕੇ।
ਯਾਦਾਂ ਦੀ ਹਰ ਚਿੰਗਾੜੀ ਭੜਕੇਗੀ ਬਣ ਕੇ ਭਾਂਬੜ,
ਬੈਠੇਂਗਾ ਜਦ ਕਦੇ ਤੂੰ ਮੇਰੇ ਤੋਂ ਦੂਰ ਹੋ ਕੇ।
ਨਜ਼ਰਾਂ ਤੋਂ ਗਿਰਦਿਆਂ ਹੀ ਮਿੱਟੀ ਚ ਮਿਲ ਗਏ ਉਹ,
ਕੱਲ੍ਹ ਤੱਕ ਜੋ ਸ਼ੋਭਦੇ ਸਨ ਸਿਰ ਤੇ ਗ਼ਰੂਰ ਹੋ ਕੇ।
ਬੈਠਾ ਹਾਂ ਖੋਲ੍ਹ ਬੂਹਾ ਇਸ ਆਸ ਦੇ ਸਹਾਰੇ,
ਲੰਘੇਗੀ ਪੌਣ ਮੇਰੇ ਦਰ ਤੋਂ ਜ਼ਰੂਰ ਹੋ ਕੇ।
ਲੁੱਟੀ ਵਿਛੋੜਿਆਂ ਨੇ ਵਸਲਾਂ ਦੀ ਤਪਸ਼ ਸਾਰੀ,
ਪੋਹਾਂ ਚ ਠਰ ਰਿਹਾ ਹਾਂ ਤਪਦਾ ਤੰਦੂਰ ਹੋ ਕੇ।
ਮੇਰੇ ਗ਼ਰੀਬ ਦਿਲ ਦਾ ਤੂੰ ਵੀ ਖ਼ਿਆਲ ਰੱਖੀਂ,
ਦਿਲ ਤੋਂ ਨਾ ਦੂਰ ਹੋਵੀਂ ਨਜ਼ਰਾਂ ਤੋਂ ਦੂਰ ਹੋ ਕੇ।
ਪੈਣੀ ਹੈ ਲੋੜ ਤੈਨੂੰ ਮੁੜ 'ਨੂਰ' ਨੂੰ ਮਿਲਣ ਦੀ,
ਬਿਖਰੂਗਾ ਦਿਲ ਦਾ ਸ਼ੀਸ਼ਾ ਜਦ ਚੂਰ-ਚੂਰ ਹੋ ਕੇ।
ਮੇਰੇ ਇਰਾਦਿਆਂ ਤੋਂ ਭੋਰਾ ਵਫ਼ਾ ਨਾ ਹੋਈ।
ਮਿੱਤਰਾਂ ਨੇ ਜਦ ਵੀ ਕੀਤੀ ਆਪਸ ਦੀ ਬਾਤ ਕੋਈ।
ਪਾ ਕੇ ਕੁਠਾਲੀਆਂ ਵਿਚ ਸੋਨਾ ਤਾਂ ਸ਼ੋਧ ਲੈਂਦੇ,
ਪਰ ਉਸ ਦਾ ਕੀ ਕਰਾਂਗੇ ਲਾਹੀ ਹੈ ਜਿਸ ਨੇ ਲੋਈ।
ਪੈਸਾ ਹੀ ਹੋ ਗਿਆ ਹੈ ਅਪਣੀ ਵਫ਼ਾ ਦਾ ਖੋਟਾ,
ਲੈਂਦਾ ਹੈ ਹਰ ਪੜਾਅ ਤੇ ਉਹ ਦੂਜਿਆਂ ਦੀ ਢੋਈ।
ਚੱਲੇ ਨੇ ਬਾਂਸ ਉਲਟੇ ਹੋ ਕੇ ਬਰੇਲੀਆਂ ਨੂੰ,
ਸੱਚੇ ਦੀ ਆਤਮਾ ਹੈ ਝੂਠੇ ਦੇ ਦਰ ਤੇ ਰੋਈ।
ਦਿੰਦਾ ਹੈ ਸਾਥ ਮੇਰਾ ਅੱਜ-ਕੱਲ੍ਹ ਉਹ ਸਭ ਤੋਂ ਬਹੁਤਾ,
ਤਿੱਖੀ ਛੁਰੀ ਹੈ ਜਿਸ ਨੇ ਬੁੱਕਲ ਦੇ ਵਿਚ ਲਕੋਈ।
ਹਾਲੇ ਨਾ ਕਰ ਇਸ਼ਾਰੇ ਢਹਿੰਦੇ ਇਰਾਦਿਆਂ ਵੱਲ,
ਮੈਂ ਜ਼ਿੰਦਗੀ 'ਚ ਬਾਜ਼ੀ ਹਾਰੀ ਨਹੀਂ ਹੈ ਕੋਈ।
ਰੀਝਾਂ ਦੇ ਨਾਲ ਸੀਤੇ ਆਸਾਂ ਦੇ ਕਪੜਿਆਂ ਦੀ,
ਯਾਦਾਂ ਦੇ ਪਿੰਡਿਆਂ ਤੇ ਚੁਭਦੀ ਹੈ ਹਰ ਪਲੋਈ।
ਪੁੱਜੇਗਾ ਕੰਢਿਆਂ ਤੱਕ ਕਿਸ ਆਸ ਦੇ ਸਹਾਰੇ,
ਜਿਸ ਨੇ ਹੈ 'ਨੂਰ' ਬੇੜੀ ਹਿੰਮਤ ਦੀ ਖ਼ੁਦ ਡਬੋਈ।
ਵਰਖਾ ਦੇ ਵਾਂਗ ਵਰ੍ਹਿਆ ਅੱਖਾਂ ਚੋਂ ਥੰਮਿਆ ਪਾਣੀ।
ਇਕ ਬੇਵਫ਼ਾ ਦੀ ਸੂਰਤ ਨਜ਼ਰਾਂ ਨੇ ਜਦ ਪਛਾਣੀ।
ਆਸਾਂ ਦੇ ਮਟਕਿਆਂ ਚੋ ਕੁੱਝ ਨਾ ਨਸੀਬ ਹੋਇਆ,
ਖ਼ਾਲੀ ਹੀ ਚਾਹਤਾਂ ਦੀ ਘੁੰਮਦੀ ਰਹੀ ਮਧਾਣੀ।
ਮੈਨੂੰ ਬਣਾ ਕੇ ਪਾਤਰ ਜੀਵਨ ਦੀ ਹਰ ਕੜੀ ਦਾ,
ਉਨਵਾਨ ਤੋਂ ਬਿਨਾਂ ਉਹ ਲਿਖਦਾ ਰਿਹਾ ਕਹਾਣੀ।
ਫਿਰਦਾ ਹੈ ਸਿਰ ਤੇ ਚੁੱਕੀ ਤਹਿਜ਼ੀਬ ਦਾ ਜਨਾਜ਼ਾ,
ਕਰਦਾ ਸੀ ਨਾਲ ਮੇਰੇ ਹਰ ਬਾਤ ਜੋ ਸਿਆਣੀ।
ਬਿਰਹਾ ਦੀ ਚਰਖੜੀ ਤੇ ਯਾਦਾਂ ਦੀ ਡੋਰ ਭਰ ਕੇ,
ਸਿਖਦਾ ਰਿਹਾ ਮੈਂ ਗ਼ਮ ਦੀ ਗੁੱਡੀ ਉਤਾਂਹ ਉਡਾਣੀ।
ਕੀਤਾ ਨਾ ਬੇਵਸੀ ਦੇ ਭੰਵਰ ਚੋਂ ਪਾਰ ਮੈਨੂੰ,
ਖੜ੍ਹ ਕੇ ਮੁੜੀ ਕਿਨਾਰੇ ਪਤਵਾਰਿਆਂ ਦੀ ਢਾਣੀ।
ਚੱਲ 'ਨੂਰ' ਦਫ਼ਨ ਜੋਗੇ ਲੋਕਾਂ ਨੂੰ ਮਿਲ ਹੀ ਲਈਏ,
ਲਗਦਾ ਹੈ ਅਪਣਿਆਂ ਨੇ ਅਰਥੀ ਨਹੀਂ ਉਠਾਣੀ।
ਦੱਸਿਆ ਨਾ ਯੰਤਰਾਂ ਨੇ ਤੂਫ਼ਾਨ ਦਾ ਇਰਾਦਾ।
ਕਿਉਂ ਬਦਲਿਆ ਹੈ ਉਸ ਨੇ ਮੁਸਕਾਨ ਦਾ ਇਰਾਦਾ।
ਚੱਲੀ ਹੈ ਦੇਖ ਕੇ ਹੀ ਮੌਸਮ ਨੇ ਚਾਲ ਪੁੱਠੀ,
ਹਰ ਰੋਜ਼ ਬਦਲਦਾ ਹੈ ਇਨਸਾਨ ਦਾ ਇਰਾਦਾ।
ਪੁੱਜੀ ਹੈ ਕਤਲ ਤਾਈਂ ਦਰਬਾਰੀਆਂ ਦੀ ਸ਼ਾਜ਼ਿਸ਼,
ਕੁੱਝ ਕਰਨ ਦਾ ਨਹੀਂ ਸੀ ਸੁਲਤਾਨ ਦਾ ਇਰਾਦਾ।
ਭੜਕੀ ਹੈ ਬਣ ਕੇ ਲਾਂਬੂ ਇੰਜ ਹੁਸਨ ਦੀ ਚਿੰਗਾੜੀ,
ਪਿਘਲਣ ਤੇ ਆ ਗਿਆ ਹੈ ਈਮਾਨ ਦਾ ਇਰਾਦਾ।
ਲਗਦਾ ਹੈ ਫੇਰ ਬਿਜਲੀ ਫੂਕੇਗੀ ਆਲ੍ਹਣੇ ਨੂੰ।
ਅੱਖੀਆਂ ਹੀ ਦੱਸਦੀਆਂ ਨੇ ਸ਼ੈਤਾਨ ਦਾ ਇਰਾਦਾ।
ਬੈਠਾ ਹੈ ਚੁੱਪ ਸਾਧੀ ਜ਼ੁਲਮਾਂ ਨੂੰ ਦੇਖ ਕੇ ਵੀ,
ਕੁੱਝ ਬਦਲਿਆ ਜਿਹਾ ਹੈ ਭਗਵਾਨ ਦਾ ਇਰਾਦਾ।
ਆਪੇ ਹੀ ਹੋ ਗਿਆ ਹੈ ਆਹਾਂ ਦਾ ਅਸਰ ਉਸ ਤੇ,
ਸਾਡਾ ਨਹੀਂ ਸੀ ਕੋਈ ਨੁਕਸਾਨ ਦਾ ਇਰਾਦਾ।
ਬੈਠੇ ਹਾਂ 'ਨੂਰ' ਖੋਲ੍ਹੀ ਬੂਹਾ ਉਮੀਦ ਵਾਲਾ,
ਦੇਖੋ ਕੀ ਲੋਚਦਾ ਹੈ ਮਹਿਮਾਨ ਦਾ ਇਰਾਦਾ।
ਸਮਝ ਰਿਹਾ ਸਾਂ ਜਿਸ ਨੂੰ ਰੂਪ ਇਲਾਹੀ ਦਾ।
ਗਲ ਨੂੰ ਘੁੱਟੇ ਫੰਧਾ ਬਣ ਕੇ ਫਾਹੀ ਦਾ।
ਉੱਥੇ ਧੱਕਾ ਕਰਨਾ ਹੈ ਜਮਦੂਤਾਂ ਨੇ,
ਏਥੇ ਧੱਕਾ ਸਹੀਏ ਅਫ਼ਸਰ-ਸ਼ਾਹੀ ਦਾ।
ਜਾਵੇਗੀ ਉਸ ਨਾਲ ਥਕਾਵਟ ਨਜ਼ਰਾਂ ਦੀ,
ਜੱਗ ਤੋਂ ਕੀ ਲੈ ਜਾਊ ਚੇਤਾ ਰਾਹੀ ਦਾ।
ਇੱਕ ਦਿਨ ਉੱਗ ਪਵੇਗੀ ਫ਼ਸਲ ਮੁਹੱਬਤ ਦੀ,
ਸੋਚ-ਸਮਝ ਕੇ ਕੱਲਰ ਦਿਲ ਹੈ ਵਾਹੀ ਦਾ।
ਅਪਣਾ ਆਪਾ ਉਸ ਦੇ ਸਮਤਲ ਕਰਨ ਲਈ,
ਖੱਬੜ-ਖੋੜਾ ਦਿਲ ਹੈ ਰੋਜ਼ ਕਰਾਹੀ ਦਾ।
ਫ਼ਾਂਸੀ ਤੀਕ ਪੁਚਾ ਕੇ ਮੁੜਿਆ ਸੱਚੇ ਨੂੰ,
ਇਕ ਝੂਠੇ ਨੂੰ ਸੁੱਝਿਆ ਸ਼ੌਕ ਗਵਾਹੀ ਦਾ।
ਮੱਤ ਹਮੇਸ਼ਾ ਦੇਵੇ ਬਾਬਾ ਪੋਤੇ ਨੂੰ,
ਹਿੰਮਤ ਦਾ ਮੰਜਾ ਪੁੱਠਾ ਨਈਂ ਡਾਹੀ ਦਾ।
ਅਪਣੇ ਰੋਗੀ ਮਨ ਦੀ ਪਿਆਸ ਬੁਝਾਉਣ ਲਈ,
ਡੋਲ ਬਿਗਾਨੇ ਖੂਹ ਵਿਚ ਨਹੀਂ ਫਰਾਹੀ ਦਾ।
ਆਂਤੜੀਆਂ ਨੂੰ ਹੱਥ ਪਿਆ ਤਾਂ ਸਮਝੇ 'ਨੂਰ',
ਝਾੜੀ ਤੋਂ ਖਿੱਚ ਕੇ ਕੰਬਲ ਨਈਂ ਲਾਹੀਦਾ।
ਝਪਟਣਗੇ ਹੁੰਮ-ਹੁੰਮਾ ਕੇ ਮੋਏ ਸ਼ਿਕਾਰ ਉੱਤੇ।
ਦੀਵਾ ਜਲਾਉਣ ਵਾਲੇ ਮੇਰੇ ਮਜ਼ਾਰ ਉੱਤੇ।
ਸੁਣਦੇ ਸਾਂ ਰੋਲਦੇ ਨੇ ਮਿੱਟੀ 'ਚ, ਪਰ ਉਨ੍ਹਾਂ ਨੇ,
ਲਿਖਿਆ ਹੈ ਨਾਮ ਮੇਰਾ ਦਿਲ ਦੀ ਦੀਵਾਰ ਉੱਤੇ।
ਮਰ-ਮਿਟਣ ਤੋਂ ਇਲਾਵਾ ਬੋਝਲ ਜ਼ਰੂਰਤਾਂ ਦਾ,
ਹੋਣਾ ਹੈ ਅਸਰ ਕਿੰਨਾ ਇਕ ਤਲਬਗਾਰ ਉੱਤੇ।
ਓੜਕ ਨੂੰ ਖ਼ੂਨ ਉਸ ਦਾ ਖਾ ਹੀ ਗਿਆ ਉਬਾਲਾ,
ਬਹਿੰਦਾ ਵੀ ਚੁੱਪ ਕਦ ਤੱਕ ਫੋਕੀ ਵੰਗਾਰ ਉੱਤੇ।
ਕਦ ਤੱਕ ਹੈ ਖ਼ੈਰ ਰਹਿਣੀ ਬੁਗਦੇ ਦੀ ਧਾਰ ਥੱਲੇ,
ਲਾਈ ਹੈ ਦਿਲ ਦੀ ਬਾਜ਼ੀ ਮੈਂ ਆਰ-ਪਾਰ ਉੱਤੇ।
ਬਣਿਆ ਹੈ ਇਸ ਤਰ੍ਹਾਂ ਦਾ ਟੇਢਾ ਮਾਹੌਲ ਘਰ ਦਾ,
ਵੇਲਾ ਲੰਘਾ ਰਿਹਾ ਹਾਂ ਖੰਡੇ ਦੀ ਧਾਰ ਉੱਤੇ।
ਤੋਰੀ ਦੀ ਵੇਲ ਵਾਂਗੂੰ ਵਧਿਆ ਆਕਾਰ ਮੇਰਾ,
ਲਾਉਂਦੇ ਰਹੇ ਪਾਬੰਦੀ ਦੁਸ਼ਮਣ ਪਸਾਰ ਉੱਤੇ।
ਅੰਜਾਮ ਜ਼ਿੰਦਗੀ ਦਾ ਜਾਣੇ ਕੀ ਉਹ ਕਬੂਤਰ,
ਬੈਠਾ ਜੋ ਗੁਟਕਦਾ ਹੈ ਬਿਜਲੀ ਦੀ ਤਾਰ ਉੱਤੇ।
ਲਗਦਾ ਹੈ ਤਰਸ਼ ਖਾਂਦਾ ਹੁਣ ਫੇਰ 'ਨੂਰ' ਉਸ ਤੇ,
ਚਾੜ੍ਹੀ ਹੈ ਪਾਨ ਜਿਸ ਨੇ ਮੁੱਖੜੇ ਮੱਕਾਰ ਉੱਤੇ।
ਕੀ ਲੋੜ ਹੈ ਕਿਸੇ ਨੂੰ ਕਜ਼ੀਆ ਨਵਾਂ ਸਹੇੜੇ।
ਕਰਿਆ ਹੈ ਜਿਸ ਨੇ ਝਗੜਾ ਉਹ ਆਪ ਹੀ ਨਿਬੇੜੇ।
ਹਾਲੇ ਮੈਂ ਸੋਚਦਾ ਸਾਂ ਸ਼ਾਇਦ ਖ਼ਲੂਸ ਲੱਭੇ,
ਬਸਤੀ ਦੇ ਵਾਸੀਆਂ ਨੇ ਬੂਹੇ ਘਰਾਂ ਦੇ ਭੇੜੇ।
ਡੋਬੀ ਗਈ ਨਾ ਕਿਸਤੀ ਮੇਰੇ ਇਰਾਦਿਆਂ ਦੀ,
ਝੱਖੜ ਨੇ ਬਣ ਕੇ ਲਹਿਰਾਂ ਮਾਰੇ ਬੜੇ ਥਪੇੜੇ।
ਮੁੱਕੀ ਨਹੀਂ ਹੈ ਹੁਣ ਤੱਕ ਕੈਦੋਂ ਦੀ ਨਸਲ ਜੱਗ ਤੋਂ,
ਮਿਲਦੇ ਦਿਲਾਂ ਚ ਹੁਣ ਤੱਕ ਪਾਉਂਦੀ ਹੈ ਉਹ ਬਖੇੜੇ।
ਕਦ ਤੱਕ ਸਹਾਰਦੇ ਉਹ ਮਿੱਟੀ ਪਲੀਤ ਹੁੰਦੀ,
ਅਪਣੀ ਜਗ੍ਹਾ ਤੇ ਸੱਚੀ ਕਰਦੇ ਸੀ ਬਾਤ ਖੇੜੇ।
ਕੀਤਾ ਹੈ ਕਾਜ ਮੰਦਾ ਮਰਜ਼ੀ ਦੇ ਨਾਲ ਜਿਸ ਨੇ,
ਅਪਣੇ ਕੁਕਰਮ ਦੇ ਵਿਚ ਮੈਨੂੰ ਉਹ ਕਿਉਂ ਲਬੇੜੇ।
ਕੰਢੇ ਤੇ ਆਉਣ ਦੇਵੋ ਸ਼ਾਇਦ ਤਲਾਸ਼ ਮੁੱਕੇ,
ਹਾਲੇ ਤਾਂ ਤਰ ਰਹੇ ਨੇ ਨਜ਼ਰਾਂ ਤੋਂ ਦੂਰ ਬੇੜੇ।
ਭਾਵੇਂ ਉਹ ਜ਼ਹਿਰ ਵਰਗਾ ਕਰਦੇ ਨੇ ਅਸਰ ਪਿੱਛੋਂ,
ਦੇਖਣ ਨੂੰ ਦਿਲ-ਲਗੀ ਦੇ ਮਿੱਠੇ ਨੇ ਬਹੁਤ ਪੇੜੇ।
ਤੁਰ ਜਾਣਗੇ ਕਿਸੇ ਦਿਨ ਦਿਲ ਦਾ ਸਕੂਨ ਲੈ ਕੇ,
ਬਹਿੰਦੇ ਨੇ ਹੁੰਮ-ਹੁੰਮਾ ਕੇ ਹੁਣ 'ਨੂਰ' ਕੋਲ ਜਿਹੜੇ।
ਹਾਸਾ ਵੀ ਹੈ ਸਮਾਇਆ ਰੋਣਾ ਵੀ ਸਾਜ਼ ਅੰਦਰ।
ਹਰ ਸ਼ੈ ਭਰੀ ਹੈ ਉਸ ਨੇ ਜੀਵਨ ਦੇ ਕਾਜ ਅੰਦਰ।
ਕਮਜ਼ੋਰ ਹੋ ਨਾ ਜਾਵੇ ਪਰਵਾਜ਼ ਸੋਚਣੀ ਦੀ,
ਰੱਖੀ ਹੈ ਯਾਦ ਉਸ ਦੀ ਦਿਲ ਦੀ ਦਰਾਜ਼ ਅੰਦਰ।
ਬੇਧੜਕ ਕਰ ਰਹੀ ਹੈ ਹੁਣ ਸਫ਼ਰ ਦਿਲ-ਲਗੀ ਦਾ,
ਉੱਡ-ਉੱਡ ਕੇ ਯਾਦ ਉਸ ਦੀ ਦਿਲ ਦੇ ਜਹਾਜ਼ ਅੰਦਰ।
ਉਲਝੀ ਰਹੀ ਹਿਆਤੀ ਮਾਇਆ ਦੇ ਚੱਕਰਾਂ ਵਿਚ,
ਮੌਲਾ ਨੂੰ ਯਾਦ ਨਾ ਕਰ ਸਕਿਆ ਨਮਾਜ਼ ਅੰਦਰ।
ਫਿਰਦਾ ਹੈ ਸਿਰ ਤੇ ਚੁੱਕੀ ਹੁਣ ਜ਼ਿੰਦਗੀ ਦੀ ਅਰਥੀ,
ਪੜ੍ਹਦਾ ਸੀ ਜੱਗ ਕਸੀਦੇ ਜਿਸ ਦੇ ਐਜਾਜ਼ ਅੰਦਰ।
ਹਰ ਸੁਰ ਤੇ ਵਧ ਰਹੀ ਹੈ ਸ਼ੌਕੀਨ ਦਿਲ ਦੀ ਧੜਕਣ,
ਭਰਿਆ ਹੈ ਦਰਦ ਕਿੰੰਨਾ ਉਸ ਦੀ ਆਵਾਜ਼ ਅੰਦਰ।
ਹਰ ਵਾਰ ਚੋਟ ਖਾ ਕੇ ਇਹ ਸੋਚਦਾ ਰਿਹਾ ਮੈਂ,
ਧਰਿਆ ਹੈ ਕੀ ਹੁਸਨ ਦੇ ਨਾਜ਼ੋ-ਨਿਆਜ਼ ਅੰਦਰ।
ਬੇਮੌਤ ਮਰ ਰਹੇ ਨੇ ਚੜ੍ਹ ਕੇ ਨਸ਼ੇ ਦੀ ਘੋੜੀ,
ਰੋਕਾਂ ਕਿਵੇਂ ਕੁਰੀਤੀ ਫੈਲੀ ਸਮਾਜ ਅੰਦਰ।
ਠੰਢੀ ਹਵਾ ਦਾ ਬੁੱਲਾ ਹੁੰਦਾ ਸੀ 'ਨੂਰ' ਕੱਲ੍ਹ ਤੱਕ,
ਭਰਿਆ ਹੈ ਜ਼ਹਿਰ ਕਿਸ ਨੇ ਉਸ ਦੇ ਮਿਜ਼ਾਜ ਅੰਦਰ।
ਵਫ਼ਾ ਨਾਲ ਉਸ ਦਾ ਯਾਰਾਨਾ ਨਹੀਂ ਹੈ।
ਮੁਹੱਬਤ ਦਾ ਹਾਲੇ ਜ਼ਮਾਨਾ ਨਹੀਂ ਹੈ।
ਇਕੱਠੇ ਹਾਂ ਤੁਰਦੇ ਜ਼ਰੂਰਤ ਦੇ ਮਾਰੇ,
ਦਿਲੋਂ ਸਾਥ ਇਹ ਦੋਸਤਾਨਾ ਨਹੀਂ ਹੈ।
ਕਿਵੇਂ ਉਸ ਨੂੰ ਡੇਗੇਗਾ ਬੁੱਲਾ ਹਵਾ ਦਾ,
ਦਰਖ਼ਤਾਂ ਤੇ ਜੋ ਆਸ਼ੀਆਨਾ ਨਹੀਂ ਹੈ।
ਮੇਰੇ ਮੰਗਿਆਂ ਵੀ ਮੇਰਾ ਹੱਕ ਨਾ ਦੇਵੇ,
ਜੋ ਸਰਕਾਰ ਕੋਲੇ ਖ਼ਜ਼ਾਨਾ ਨਹੀਂ ਹੈ।
ਜਿਵੇਂ ਠੀਕ ਸਮਝੇ ਆਕਾਸ਼ਾਂ ਤੇ ਉੱਡੇ,
ਜਦੋਂ ਤੱਕ ਉਹ ਮੇਰਾ ਨਿਸ਼ਾਨਾ ਨਹੀਂ ਹੈ।
ਘੜੇ ਸ਼ਾਜ਼ਿਸ਼ਾਂ ਬੈਠ ਕੇ ਕੋਲ ਮੇਰੇ,
ਉਹ ਬੰਦਾ ਜੋ ਮੈਨੂੰ ਬਿਗਾਨਾ ਨਹੀਂ ਹੈ।
ਮੈਂ ਗ਼ਜ਼ਲਾਂ 'ਚ ਲਿਖਦਾ ਹਾਂ ਅਪਣੀ ਕਹਾਣੀ,
ਕਿਸੇ ਹੋਰ ਦਾ ਇਹ 'ਫ਼ਸਾਨਾ ਨਹੀਂ ਹੈ।
ਅਜੇ 'ਨੂਰ' ਫਸਿਆ ਹੈ ਕੁੱਝ ਉਲਝਣਾਂ ਵਿਚ,
ਹੈ ਇਹ ਬਾਤ ਸੱਚੀ ਬਹਾਨਾ ਨਹੀਂ ਹੈ।
ਦੁਨੀਆ ਵਿਚ ਜੋ ਜੂਨ ਹੰਢਾਉਂਦੇ ਜੋਕਾਂ ਦੀ।
ਫ਼ਿਕਰ ਸਤਾਵੇ ਰੱਬ ਦੇ ਐਸੇ ਲੋਕਾਂ ਦੀ।
ਡਰਦੀ-ਡਰਦੀ ਹੋਂਦ ਗਵਾ ਕੇ ਬੈਠ ਗਈ,
ਸਾਰੀ ਦੀ ਸਾਰੀ ਬਸਤੀ ਡਰਪੋਕਾਂ ਦੀ।
ਜਿੱਥੇ ਚਾਹਵੇ ਉਹ ਘੁੰਮੇ ਆਜ਼ਾਦੀ ਨਾਲ,
ਹਾਲੇ ਬਾਤ ਨਹੀਂ ਮੈਂ ਕੀਤੀ ਰੋਕਾਂ ਦੀ।
ਨਾਲ ਉਨ੍ਹਾਂ ਦੇ ਰਹਿ ਕੇ ਵੀ ਪਰਛਾਵੇਂ ਵਾਂਗ,
ਬਾਤ ਹਮੇਸ਼ਾ ਕਰੀਏ ਨੋਕਾਂ-ਝੋਕਾਂ ਦੀ।
ਰੋਜ਼ ਮੁਰੰਮਤ ਕਰੀਏ ਲੰਮੀ ਉਮਰ ਲਈ,
ਜੀਵਨ ਦੀ ਚਾਦਰ ਵਿਚ ਲੱਗੀਆਂ ਟੋਕਾਂ ਦੀ।
ਅੱਟੀ ਜਿੰਨਾਂ ਮੁੱਲ ਨਹੀਂ ਹੈ ਹਸਤੀ ਦਾ,
ਜੋ ਕਰਦਾ ਹੈ ਬਾਤ ਹਮੇਸ਼ਾ ਥੋਕਾਂ ਦੀ।
ਲੋਕਾਂ ਦੇ ਜ਼ਹਿਨਾਂ ਵਿਚ ਭਰੇ ਕੁੜੱਤਣ ਰੋਜ਼,
ਮਿੱਠੀ-ਮਿੱਠੀ ਬੋਲੀ ਧਰਮ ਸ਼ਲੋਕਾਂ ਦੀ।
'ਨੂਰ' ਕਦੇ ਕਰਿਆ ਕਰ ਗੱਲਾਂ ਜੀਣ ਦੀਆਂ,
ਲਾਇਆ ਨਾ ਕਰ ਰੱਟ ਸਦਾ ਪਰਲੋਕਾਂ ਦੀ।
ਪਲ ਜ਼ਿੰਦਗੀ ਦੇ ਜਿੰਨੇ ਖ਼ੁਸ਼ੀਆਂ ਦੇ ਵਿਚ ਗੁਜ਼ਾਰੇ।
ਕੱਟੇ ਨੇ ਸਾਲ ਉਸ ਤੋਂ ਵੱਧ ਆਸ ਦੇ ਸਹਾਰੇ।
ਹਰ ਰੋਜ਼ ਸੋਚਦਾ ਹਾਂ ਰੀਝਾਂ ਨੂੰ ਵਰ ਲਿਆਵਾਂ,
ਰੱਖੇ ਨੇ ਸਾਂਭ ਕੇ ਕੁੱਝ ਸੁਫ਼ਨੇ ਅਜੇ ਕੁਆਰੇ।
ਜਿੱਤੀ ਗਈ ਨਾ ਸਾਥੋਂ ਇਕ ਦਿਲ-ਲਗੀ ਦੀ ਬਾਜ਼ੀ,
ਲੁੱਟੇ ਬਿਗਾਨਿਆਂ ਨੇ ਦੁਨੀਆ ਦੇ ਸਭ ਨਜ਼ਾਰੇ।
ਸ਼ਾਹਾਂ ਦੇ ਤੌੜਿਆਂ ਵਿਚ ਸਾਰਾ ਅਨਾਜ਼ ਭਰ ਕੇ,
ਬੱਚਿਆਂ ਸਮੇਤ ਘਰ ਵਿਚ ਭੁੱਖੇ ਰਹੇ ਮੁਜਾਰੇ।
ਆਸਾਂ ਦੇ ਖੱਤਿਆਂ ਵਿਚ ਹਾਸੇ ਦੇ ਬੀਜ ਬੀਜੇ,
ਆਹਾਂ ਦੀ ਫ਼ਸਲ ਉੱਤੇ ਕਰਨੇ ਪਏ ਗੁਜ਼ਾਰੇ।
ਤੱਕਣ ਖਲੋ-ਖਲੋ ਕੇ ਪਥਵਾੜਿਆਂ ਦਾ ਜੀਵਨ,
ਸ਼ਹਿਰਾਂ 'ਚ ਰਹਿਣ ਵਾਲੇ ਪਿੰਡਾਂ 'ਚ ਜਦ ਪਧਾਰੇ।
ਸ਼ਾਇਦ ਉਹ ਆ ਹੀ ਜਾਵੇ ਖੰਭੇ ਤੋਂ ਪੱਖਿਆਂ ਤੱਕ,
ਇਸ ਆਸ ਦੇ ਸਹਾਰੇ ਗਿਣਦਾ ਰਿਹਾ ਮੈਂ ਤਾਰੇ।
ਕਰਨਾ ਸੀ ਅਮਲ ਕਿੰਨ੍ਹਾਂ ਚੋਣਾਂ ਦੇ ਵਾਅਦਿਆਂ ਤੇ,
ਕੰਧਾਂ ਬਿਗਾਨੀਆਂ ਤੇ ਲਿਖਦੇ ਰਹੇ ਜੋ ਨਾਅਰੇ।
ਜਿਸ ਦਿਨ ਵੀ ਮੇਲ ਹੋਇਆ ਆਖਾਂਗੇ 'ਨੂਰ' ਉਸ ਨੂੰ,
ਇਸ ਵਾਰ ਫ਼ੈਸਲੇ ਤੇ ਸੱਚ-ਝੂਠ ਨੂੰ ਨਿਤਾਰੇ।
ਇਹ ਵੀ ਮਿਹਰਾਂ ਨੇ ਉਸ ਦੇ ਪਰਤਾਪ ਦੀਆਂ।
ਹਾਲ ਮਿਰੇ ਤੇ ਧੁੱਪਾਂ ਵੀ ਵਿਰਲਾਪ ਦੀਆਂ।
ਕੋਲ ਜਦੋਂ ਉਹ ਬੈਠਣ ਨਾਲ ਅਦਾਵਾਂ ਦੇ,
ਇੰਨ-ਬਿੰਨ ਮਹਿਰਮ ਜਿਹੀਆਂ ਹੂਰਾਂ ਜਾਪਦੀਆਂ।
ਨੱਚਦੀ ਫਿਰਦੀ ਧੁੱਪ-ਕਿਆਮਤ ਸੜਕਾਂ 'ਤੇ,
ਬੱਚਿਆਂ ਦੇ ਸੰਗ ਚੀਕਾਂ ਨਿਕਲਣ ਬਾਪ ਦੀਆਂ।
ਮੈਂ ਵੀ ਪਰਖ ਲਵਾਂ ਤੇਰੀ ਮਜਬੂਰੀ ਨੂੰ,
ਗੰਢਾਂ ਖੋਲ੍ਹੇਂ ਦਿਲ ਵਿਚ ਰੱਖੇ ਪਾਪ ਦੀਆਂ।
ਪੈਣ ਭੁਲੇਖੇ ਤੇਰੇ ਨਕਸ਼-ਨੁਹਾਰਾਂ ਦੇ,
ਮੇਲੇ ਵਿਚ ਜਦ ਨਜ਼ਰਾਂ ਚਿਹਰੇ ਨਾਪਦੀਆਂ।
ਬਾਤ ਕਰਨ ਦੀ ਹਿੰਮਤ ਕਰਕੇ ਆਵੀਂ ਫ਼ੇਰ,
ਸੂਈਆਂ ਚੁਭਣ ਜਦੋਂ ਤੈਨੂੰ ਇਕਲਾਪ ਦੀਆਂ।
ਤੁਰਨ-ਫਿਰਨ ਤੋਂ ਆਹਰੀ ਹੋ ਕੇ ਬੈਠੂ 'ਯਾਰ',
ਜਿਸ ਦਿਨ ਹੋਈਆਂ ਮਿਹਰਾਂ 'ਨੂਰ' ਸਰਾਪ ਦੀਆਂ।
ਧੌਲੇ ਕਾਲਖ ਵਿੱਚ ਲਕੋ ਕੇ, ਮੇਰੇ ਵਰਗਾ ਲੱਗੇਂਗਾ।
ਤੂੰ ਵੀ ਮੇਰੇ ਕੋਲ ਖਲੋ ਕੇ, ਮੇਰੇ ਵਰਗਾ ਲੱਗੇਂਗਾ।
ਜਦ ਤੇਰੀ ਸੰਘੀ ਤੇ ਰੱਖੇ, ਪੰਜੇ ਜੱਗ ਦੇ ਬਾਜ਼ਾਂ ਨੇ,
ਚਿੜੀਆਂ ਵਾਂਗੂੰ ਬੇਵਸ ਹੋ ਕੇ, ਮੇਰੇ ਵਰਗਾ ਲੱਗੇਂਗਾ।
ਨੀਂਦ ਅਜੇ ਕੱਚੀ ਹੈ ਤੇਰੀ, ਹਾਲੇ ਸੁਫ਼ਨਾ ਡਿੱਠਾ ਨਈਂ,
ਉੱਠੇਂਗਾ ਜਿਸ ਵੇਲੇ ਸੌਂ ਕੇ, ਮੇਰੇ ਵਰਗਾ ਲੱਗੇਂਗਾ।
ਝੁੱਲੇਗਾ ਜਦ ਬਣ ਕੇ ਝੱਖੜ, ਤੇਰੇ ਦਿਲ ਵਿਚ ਯਾਦਾਂ ਦਾ,
ਅੱਥਰੂ ਅੱਖਾਂ ਵਿੱਚ ਲਕੋ ਕੇ, ਮੇਰੇ ਵਰਗਾ ਲੱਗੇਂਗਾ।
ਪਿਆਰ ਕਿਸੇ ਦੇ ਨਾਲ ਅਜੇ ਤੂੰ, ਸੱਚੀ-ਮੁੱਚੀ ਕੀਤਾ ਨਈਂ,
ਬੈਠੇਂਗਾ ਜਦ ਬੂਹਾ ਢੋਅ ਕੇ ਮੇਰੇ ਵਰਗਾ ਲੱਗੇਂਗਾ।
ਇਛਾਵਾਂ ਦੇ ਨਾਲ ਬਣਾਈ, ਆਸ਼ਾਵਾਂ ਦੀ ਕਿਸਤੀ ਨੂੰ,
ਦੁੱਖ ਦੇ ਸਾਗਰ ਵਿੱਚ ਡਬੋ ਕੇ, ਮੇਰੇ ਵਰਗਾ ਲੱਗੇਂਗਾ।
ਚੇਤੇ ਆਉਣਗੀਆਂ ਜਦ ਤੈਨੂੰ, ਕਹੀਆਂ ਗੱਲਾਂ 'ਨੂਰ' ਦੀਆਂ,
ਅੱਥਰੂਆਂ ਦੇ ਹਾਰ ਪਰੋ ਕੇ, ਮੇਰੇ ਵਰਗਾ ਲੱਗੇਂਗਾ।
ਘਰ ਵਿਚ ਗੋਡੇ-ਗੋਡੇ ਪਾਣੀ ਫਿਰਦਾ ਹੈ।
ਮੁਸ਼ਕਿਲ ਦੇ ਵਿਚ ਫਸਿਆ ਹਾਣੀ ਫਿਰਦਾ ਹੈ।
ਬਰਸ ਰਹੇ ਨੇ ਗੁੱਸੇ ਵਿਚ ਜਿਉਂ ਕਰ ਕੋਈ,
ਕੱਢੀ ਦੇਵਤਿਆਂ ਦੀ ਰਾਣੀ ਫਿਰਦਾ ਹੈ।
ਜਲ-ਥਲ ਨੂੰ ਆਪਸ ਵਿਚ ਗੱਡ-ਮੱਡ ਕਰਨ ਲਈ,
ਚੁੱਕੀ ਹੁਣ ਭਗਵਾਨ ਮਧਾਣੀ ਫਿਰਦਾ ਹੈ।
ਗੋਤੇ ਖਾ ਕੇ ਹਰ ਇਕ ਬੰਦਾ ਧਰਤੀ ਦਾ,
ਹੁਣ ਪਾਣੀ ਦਾ ਰੂਪ ਪਛਾਣੀ ਫਿਰਦਾ ਹੈ।
ਵਕਤ ਨਹੀਂ ਹੈ ਭਾਵੇਂ ਕੰਧਾਂ ਲਿੱਪਣ ਦਾ,
ਪਰ, ਹਰ ਬੰਦਾ ਕਰਦਾ ਘਾਣੀ ਫਿਰਦਾ ਹੈ।
ਡੁੱਬਣੋਂ ਡਰਦਾ ਉਹ ਵੀ ਰੱਬ-ਰੱਬ ਕਰਦਾ ਹੈ,
ਜੋ ਉਮਰਾਂ ਦਾ ਜੋਬਨ ਮਾਣੀ ਫਿਰਦਾ ਹੈ।
ਜਾਣ ਗਏ ਸਭ ਇਹ ਉਹ 'ਨੂਰ ਮੁਹੰਮਦ' ਹੈ,
ਜਿਹੜਾ ਪਾਣੀ ਨੂੰ ਵੀ ਛਾਣੀ ਫਿਰਦਾ ਹੈ।
ਟੱਪੇ ਜਦੋਂ ਵੀ ਬੰਦਾ ਹੱਦਾਂ ਗੁਮਾਨ ਉੱਤੋਂ।
ਚੰਗਾ ਹੈ ਉਸ ਦਾ ਜਾਣਾ ਵਸਦੇ ਜਹਾਨ ਉੱਤੋਂ।
ਭਾਵੇਂ ਤੂੰ ਹੁਸਨ ਦੀ ਸਭ ਪੂੰਜੀ ਲੁਟਾ ਵੀ ਦੇਵੇਂ,
ਐਪਰ ਨਾ ਪਿਆਰ ਮੇਰਾ ਮਿਲਣੈ ਦੁਕਾਨ ਉੱਤੋਂ।
ਉਲਫ਼ਤ ਦੇ ਉੱਗਦਿਆਂ ਹੀ ਬਰਸਾਤ, ਔੜ, ਝੱਖੜ,
ਲੰਘਦੀ ਹੈ ਹਰ ਮੁਸੀਬਤ ਆਸ਼ਿਕ ਕਿਸਾਨ ਉੱਤੋਂ।
ਲੱਗੇਗੀ ਆਹ ਮੇਰੀ ਰਾਕਟ ਦੀ ਮਾਰ ਵਾਂਗੂੰ,
ਲੰਘਕੇ ਤਾਂ ਦੇਖ ਮੇਰੇ ਦਿਲ ਦੇ ਮਕਾਨ ਉੱਤੋਂ।
ਬੈਠੀ ਹੈ ਤਾਂਘ ਮੇਰੀ ਲਛਮਣ ਦੀ ਬਣ ਕੇ ਰੇਖਾ,
ਟੱਪੇਂਗਾ ਤੂੰ ਕਿਵੇਂ ਇਸ ਵਰਜਿਤ ਨਿਸ਼ਾਨ ਉੱਤੋਂ।
ਕਦ ਤੱਕ ਤੂੰ ਰੱਖ ਸਕੇਂਗਾ ਇਹ ਆਬਰੂ ਸਲਾਮਤ,
ਢੱਕਣ ਉਤਾਰ ਦੇਵਾਂ ਜੇ ਰਾਖਦਾਨ ਉੱਤੋਂ।
ਕਰ ਕੇ ਤਾਂ ਦੇਖ ਇਸ ਦੇ ਮੁੱਖ ਤੋਂ ਪਰ੍ਹਾਂ ਮਖੋਟਾ,
ਦੇਖਣ ਨੂੰ ਲੱਗ ਰਿਹਾ ਹੈ ਜਿਹੜਾ ਮਹਾਨ ਉੱਤੋਂ।
ਕਿਉਂਕਰ ਨਾ ਨਜ਼ਰ ਆਵੇ ਸਭਨਾਂ ਨੂੰ 'ਨੂਰ' ਬਣ ਕੇ,
ਕਰਦਾ ਹੈ ਅਰਸ਼ ਵਾਲਾ ਜਿਸ ਦੀ ਕਮਾਨ ਉੱਤੋਂ।
ਤੁਪਕੇ ਤਰੇਲ ਦੇ ਸਭ ਦਿਲ ਵਿਚ ਸਮਾ ਲਵਾਂ ਮੈਂ।
ਚਾਹੁੰਦਾ ਹਾਂ ਜਿਉਂਦਿਆਂ ਇਹ ਹਸਰਤ ਮੁਕਾ ਲਵਾਂ ਮੈਂ।
ਸ਼ਾਇਦ ਇਲਾਜ ਹੋਵੇ ਉਸ ਕੋਲ ਇਸ ਵਬਾ ਦਾ,
ਨਾਸੂਰ ਦਿਲ-ਲਗੀ ਦਾ ਉਸ ਨੂੰ ਦਿਖਾ ਲਵਾਂ ਮੈਂ।
ਇਕ ਵਾਰ ਤੁਰ ਕੇ ਚੱਲੇ ਸ਼ੀਸ਼ੇ ਦੇ ਮਹਿਲ ਤਾਈਂ,
ਕਿੰਨਾ ਹਸੀਨ ਹੈ ਉਹ, ਉਸ ਨੂੰ ਦਿਖਾ ਲਵਾਂ ਮੈਂ।
ਹਰ ਰੋਜ਼ ਦਿਸ ਰਹੀ ਹੈ ਕੋਈ ਹਸੀਨ ਝਾਕੀ,
ਕਿਸ ਕਿਸ ਦਾ ਪਿਆਰ ਦਿਲ ਦੇ ਘਰ ਵਿਚ ਵਸਾ ਲਵਾਂ ਮੈਂ।
ਸੱਜਣਾਂ ਦੇ ਵਾਂਗ ਉਸ ਦੇ ਨੈਣਾਂ ਦੇ ਪੈਣ ਝੌਲੇ,
ਦਿਲ ਲੋਚਦਾ ਹੈ ਉਸ ਨੂੰ ਨੇੜੇ ਬਿਠਾ ਲਵਾਂ ਮੈਂ।
ਹਾਲੇ ਮੈਂ ਫਿਰ ਰਿਹਾ ਹਾਂ ਸੋਚਾਂ ਦੇ ਸ਼ਹਿਰ ਉਡਦਾ,
ਦੱਸਾਂਗਾ ਹਾਲ ਸਾਰਾ ਧਰਤੀ ਤੇ ਆ ਲਵਾਂ ਮੈਂ।
ਉੱਠ 'ਨੂਰ' ਕਰ ਦੁਆ ਕਿ ਬੇਸਮਝ ਇੰਜ ਨਾ ਹੋਵਾਂ,
ਪੱਕਿਆਂ ਨੂੰ ਤੱਕਦਾ-ਤੱਕਦਾ ਕੱਚਾ ਵੀ ਢਾਅ ਲਵਾਂ ਮੈਂ।
ਖਾਧੇ ਫ਼ਰੇਬ ਕਿੰਨੇ ਸੋਸ਼ਲ ਅਦਾਰਿਆਂ ਤੋਂ।
ਪੁੱਛਾਂਗੇ ਭੇਤ ਇਸ ਦਾ ਪਾਣੀ ਦੇ ਮਾਰਿਆਂ ਤੋਂ।
ਲ਼ਹਿਰਾਂ ਦਾ ਰੂਪ ਬਣ ਕੇ ਕਰਦਾ ਰਿਹਾ ਉਹ ਹੱਲੇ,
ਆਜ਼ਾਦ ਹੋ ਨਾ ਸਕਿਆ ਪਾਣੀ ਕਿਨਾਰਿਆਂ ਤੋਂ।
ਭਰਦੇ ਰਹੋਗੇ ਕਦ ਤੱਕ ਇਹ ਸੂਦ ਕਰਜ਼ਿਆਂ ਦਾ,
ਘਰ-ਬਾਰ ਨੂੰ ਬਚਾਉ ਵਧਦੇ ਖ਼ਸਾਰਿਆਂ ਤੋਂ।
ਬੈਠਾ ਹੈ ਬਾਤ ਭੁੱਲੀਂ ਚੋਣਾਂ ਦੇ ਵਾਹਦਿਆਂ ਦੀ,
ਮਹਿਸੂਸ ਹੋ ਰਿਹਾ ਹੈ ਨੇਤਾ ਦੇ ਲਾਰਿਆਂ ਤੋਂ।
ਹਰ ਰੋਜ਼ ਬਦਲਦਾ ਹੈ ਕਤਰਾਉਣ ਦਾ ਤਰੀਕਾ,
ਲਗਦੀ ਹੈ ਸਮਝ ਉਸ ਦੇ ਰਸਮੀ ਇਸ਼ਾਰਿਆਂ ਤੋਂ।
ਮੁੜ-ਮੁੜ ਕੇ ਝਾਕਦੇ ਨੇ ਸਾਗਰ ਤੋਂ ਪਾਰ ਵਾਲੇ,
ਆਪਾ ਬਚਾ ਕੇ ਰੱਖੋ ਨਸਲੀ ਪਸਾਰਿਆਂ ਤੋਂ।
ਤੁਰ ਜਾਣਗੇ ਪਲਾਂ ਵਿਚ ਖੱਜਲ-ਖ਼ੁਆਰ ਕਰ ਕੇ,
ਇੱਜ਼ਤ ਬਚਾ ਕੇ ਰੱਖੋ ਸੁਫ਼ਨੇ ਕੁਆਰਿਆਂ ਤੋਂ।
ਇਕ ਜ਼ਿੰਦਗੀ ਦੇ ਦਿਲ ਦੀ ਦੇਵੀ ਨੂੰ ਠੇਸ ਲਾ ਕੇ,
ਲੱਭਦਾ ਏਂ ਕੀ ਤੂੰ ਜਾ ਕੇ ਠਾਕੁਰ–ਦੁਆਰਿਆਂ ਤੋਂ।
ਘੋਲੀ ਹੈ 'ਨੂਰ' ਕਿਸ ਨੇ ਨਫ਼ਰਤ ਦੀ ਜ਼ਹਿਰ ਐਨੀ,
ਭੋਰਾ ਨਾ ਸਾਫ਼ ਹੋਇਆ ਪਾਣੀ ਨਿਤਾਰਿਆਂ ਤੋਂ।
ਆਸ਼ਨਾਈ ਸ਼ਹਿਰ ਵਿਚ ਹੋਈ ਨਹੀਂ।
ਦਿਲ-ਰੁਬਾ ਹਾਲੇ ਮੇਰਾ ਕੋਈ ਨਹੀਂ।
ਫਿਰ ਰਿਹਾਂ ਕੱਲਰ ਦਿਲਾਂ ਨੂੰ ਸਿੰਜਦਾ,
ਫ਼ਸਲ ਉਲਫ਼ਤ ਦੀ ਕਿਤੇ ਬੋਈ ਨਹੀਂ।
ਆਉਣਗੇ ਇਕ ਦਿਨ ਹਵਾ ਦੇ ਵਾਂਗ ਉਹ,
ਆਸ ਦੀ ਖਿੜਕੀ ਅਜੇ ਢੋਈ ਨਹੀਂ।
ਕੀ ਕਰਾਂ ਉਸ ਬੇਮੁਹਾਰੇ ਯਾਰ ਦਾ,
ਜਿਸ ਨੇ ਓੜ੍ਹੀ ਸ਼ਰਮ ਦੀ ਲੋਈ ਨਹੀਂ।
ਰੋਕਦੀ ਹੈ ਉਸ ਦੇ ਘਰ ਵਲ ਜਾਣ ਤੋਂ,
ਅਣਖਿਆਂ ਦੀ ਮਾਂ ਅਜੇ ਮੋਈ ਨਹੀਂ।
ਗ਼ੈਰ ਤਾਂ ਰੋਏ ਜ਼ਨਾਜ਼ਾ ਚੁੱਕ ਕੇ,
ਅਪਣਿਆਂ ਦੀ ਅੱਖ ਵੀ ਚੋਈ ਨਹੀਂ।
ਫ਼ਖ਼ਰ ਹੈ ਯਾਰਾਂ ਨੂੰ ਹੁਣ ਤੱਕ 'ਨੂਰ' 'ਤੇ,
ਆਬਰੂ ਜਿਸ ਨੇ ਕਦੇ ਖੋਈ ਨਹੀਂ।
ਜ਼ਿੰਦਗੀ ਨੂੰ ਮੁਹੱਬਤ ਕਰਾਂ ਨਾ ਕਰਾਂ।
ਸੋਚਦਾ ਹਾਂ ਇਹ ਹਿੰਮਤ ਕਰਾਂ ਨਾ ਕਰਾਂ।
ਭਟਕਿਆਂ ਦਾ ਮੈਂ ਰਾਹਬਰ ਬਣਾਂ ਨਾ ਬਣਾਂ,
ਕਾਫ਼ਲੇ ਦੀ ਕਿਆਦਤ ਕਰਾਂ ਨਾ ਕਰਾਂ।
ਸੋਚਦਾ ਹਾਂ ਖੜ੍ਹਾ ਹਸ਼ਰ ਦੇ ਦੁਆਰ 'ਤੇ,
ਅਪਣਿਆਂ ਦੀ ਸ਼ਨਾਖ਼ਤ ਕਰਾਂ ਨਾ ਕਰਾਂ।
ਸਮਝਦਾ ਹੈ ਫ਼ਰਿਸ਼ਤਾ ਜੋ ਮੈਨੂੰ ਅਜੇ,
ਉਸ 'ਤੇ ਜ਼ਾਹਰ ਹਕੀਕਤ ਕਰਾਂ ਨਾ ਕਰਾਂ।
ਬੇਖ਼ੁਦੀ ਵਿਚ ਨਾ ਉਹ ਕੱਟ ਲਵੇ ਉਂਗਲੀਆਂ,
ਸਾਮ੍ਹਣੇ ਉਸ ਦੇ ਸੂਰਤ ਕਰਾਂ ਨਾ ਕਰਾਂ।
ਉਹ ਤਾਂ ਚਾਹੁੰਦਾ ਹੈ ਉਸ ਨੂੰ ਲਿਖਾਂ ਬੇਵਫ਼ਾ,
ਸੋਚਦਾ ਹਾਂ ਇਹ ਹਰਕਤ ਕਰਾਂ ਨਾ ਕਰਾਂ।
'ਨੂਰ' ਰੋ ਕੇ ਮੈਂ ਮੌਲਾ ਦੇ ਦਰਬਾਰ ਵਿਚ,
ਹੁਣ ਥੁੜਾਂ ਦੀ ਸ਼ਿਕਾਇਤ ਕਰਾਂ ਨਾ ਕਰਾਂ।
ਸਰਘੀ ਤੋਂ ਬਾਅਦ ਸੂਰਜ ਦੇ ਮੁੱਖ ਵਿਖਾਣ ਪਿੱਛੋਂ।
ਬਣ ਜਾਂਵਦੀ ਹੈ ਸੁਫ਼ਨਾ ਹਰ ਰਾਤ ਜਾਣ ਪਿਛੋਂੋ।
ਸੋਚਾਂ ਦੇ ਜੰਗਲਾਂ ਚੋਂ ਲੱਭਦਾ ਹਾਂ ਅਰਥ ਉਸ ਦੇ,
ਆਖੀ ਸੀ ਬਾਤ ਜਿਹੜੀ ਤੂੰ ਦਿਲ ਚੁਰਾਉਣ ਪਿੱਛੋਂ।
ਝੁੱਗੇ ਨੂੰ ਤਰਸਦੇ ਸਨ ਕੱਲ੍ਹ ਤੱਕ ਨਸੀਬ ਇਸ ਦੇ,
ਕੁੱਝ ਲੋਕ ਸੋਚਦੇ ਸਨ ਅਰਥੀ ਸਜਾਉਣ ਪਿੱਛੋਂ।
ਆਵਣਗੇ ਲੋਕ ਇਸ ਦੇ ਪੈਰਾਂ 'ਚ ਝੁਕਣ ਖ਼ਾਤਰ,
ਉਹ ਸੋਚਦਾ ਸੀ ਬੈਠਾ, ਮੂਰਤ ਬਣਾਉਣ ਪਿੱਛੋਂ।
ਧੁਖ-ਧੁਖ ਕੇ ਗਾਲਿਆ ਹੈ ਸੁੰਦਰ ਸਰੀਰ ਉਸ ਨੇ,
ਇਕ ਬੇ-ਵਫ਼ਾ ਨੂੰ ਦਿਲ ਦੇ ਹਾਰੇ 'ਚ ਪਾਉਣ ਪਿੱਛੋਂ।
ਹੋਣਾ ਹੈ ਇਸ ਦਾ ਨਾਤਾ ਮੁਰਦੇ ਦੇ ਨਾਲ ਕੋਈ,
ਰੋਂਦਾ ਰਿਹਾ ਜੋ ਧੁਰ ਤੱਕ ਅਰਥੀ ਉਠਾਉਣ ਪਿੱਛੋਂ।
ਮੰਜ਼ਿਲ ਤੇ ਪੁੱਜ ਗਿਆ ਮੈਂ ਰਾਹਬਰ ਦੇ ਕਹਿਣ ਉੱਤੇ,
ਭਾਵੇਂ ਉਹ ਖੋ ਗਿਆ ਹੈ ਰਸਤਾ ਦਿਖਾਉਣ ਪਿੱਛੋਂ।
ਛਾਵਾਂ ਦੀ ਆਸ ਲਾਈ ਬੈਠਾ ਹੈ 'ਨੂਰ' ਝੱਲਾ,
ਵਿਹੜੇ ਚ ਨਫ਼ਰਤਾਂ ਦਾ ਬੂਟਾ ਉਗਾਉਣ ਪਿੱਛੋਂ।
ਭੋਰਾ ਫ਼ਿਕਰ ਕਰੇ ਨਾ ਉਡਦੀ ਖਿੱਲੀ ਦਾ।
ਬਣ ਬੈਠਾ ਹਰ ਬੰਦਾ ਮੋਟੀ ਝਿੱਲੀ ਦਾ।
ਉਸ ਦੀ ਕੁੱਲੀ ਨਾਲੋਂ ਸੋਹਣਾ ਲੱਗਦਾ ਏ,
ਕੋਠੀ ਉੱਤੇ ਘੁਰਨਾ ਸਾਡੀ ਬਿੱਲੀ ਦਾ।
ਫੂਕ ਦਵੇਗੀ ਜੇਕਰ ਲਾਲੀ ਚੜ੍ਹ ਆਈ,
ਦੇਖ ਤਮਾਸ਼ਾ ਐਵੇਂ ਨਾ ਅੱਖ ਸਿੱਲੀ ਦਾ।
ਤੋਰ ਲਈ ਤਾਂ ਚੁੱਪ-ਚੁਪੀਤੇ ਲੈ ਚੱਲੋ,
ਲਹਿਰ ਪਤਾ ਰੱਖਦੀ ਹੈ ਬੇੜੀ ਠਿੱਲੀ ਦਾ।
ਉਸ ਨੂੰ ਜੋ ਮਿਲ ਜਾਵੇ ਅਪਣਾ ਢਿੱਡ ਭਰੇ,
ਭੁੱਖਾ ਸੁਆਦ ਨਾ ਦੇਖੇ ਕੱਚੀ-ਪਿੱਲੀ ਦਾ।
ਤੁਰਦੇ ਚੱਲੋ ਸੋਟੀ ਫੜ ਕੇ ਹਿੰਮਤ ਦੀ,
ਬਹੁਤੀ ਦੂਰ ਨਹੀਂ ਹੈ ਬੂਹਾ ਦਿੱਲੀ ਦਾ।
ਮੱਠਾ-ਮੱਠਾ ਸੇਕ ਸਤਾਵੇ ਯਾਦਾਂ ਦਾ,
ਚੁੱਲ੍ਹਾ ਧੁਖਦਾ ਹੈ ਜਿਉਂ ਲੱਕੜ ਗਿੱਲੀ ਦਾ।
ਵਿਦਵਾਨਾਂ ਵਿਚ ਬਹਿ ਕੇ ਸ਼ੇਅਰ ਸੁਣਾਉ 'ਨੂਰ',
ਬੇ-ਅਦਬਾਂ ਵਿਚ ਬਹਿ ਕੇ ਨਹੀਂਉਂ ਕਿੱਲ੍ਹੀ ਦਾ।
ਉਸ ਨੂੰ ਤਾਂ ਆ ਗਿਆ ਹੈ ਕਰਤਾਰ ਦਾ ਸੁਨੇਹਾ।
ਦਿੱਤਾ ਕਿਸੇ ਨੇ ਮੈਨੂੰ ਬੀਮਾਰ ਦਾ ਸੁਨੇਹਾ।
ਰੰਗਾਂ ਦੇ ਨਾਲ ਉਕਰੀ ਫੁੱਲਾਂ ਦੀ ਰੂਪ-ਰੇਖਾ,
ਦਿੰਦੀ ਹੈ ਆਦਮੀ ਨੂੰ ਫ਼ਨਕਾਰ ਦਾ ਸੁਨੇਹਾ।
ਹਰ ਆਦਮੀ ਹੀ ਆਵੇ ਅਪਣੇ ਵਿਚਾਰ ਲੈ ਕੇ,
ਕਿਸ ਆਦਮੀ ਨੂੰ ਦੇਵਾਂ ਉਪਕਾਰ ਦਾ ਸੁਨੇਹਾ।
ਕਿੰਨਾਂ ਕੁ ਸਫਲ ਸਮਝਾਂ ਉਸ ਆਦਮੀ ਦਾ ਅਣਖਾ,
ਆਇਆ ਨਾ ਸਮਝ ਜਿਸ ਨੂੰ ਲਲਕਾਰ ਦਾ ਸੁਨੇਹਾ।
ਹਰ ਰਾਹਗੁਜ਼ਰ ਨੇ ਭਾਵੇਂ ਨੇੜੇ ਖਲੋ ਕੇ ਸੁਣਿਆ,
ਬੇਕਾਰ ਹੀ ਗਿਆ ਪਰ ਲਾਚਾਰ ਦਾ ਸੁਨੇਹਾ।
ਆਵਣਗੇ ਯਾਰ ਮੁੜ ਕੇ ਮੇਰੇ ਦੀਦਾਰ ਖ਼ਾਤਰ,
ਸੁਣਿਆ ਹੈ ਇਕ ਨਵੇਲੀ ਪਰਕਾਰ ਦਾ ਸੁਨੇਹਾ।
ਆਉਣੇ ਨਈਂ ਸਮਝ ਉਸ ਨੂੰ ਤੇਰੇ ਵਿਚਾਰ ਹਾਲੇ,
ਦਿੰਦਾ ਏਂ 'ਨੂਰ' ਜਿਸ ਨੂੰ ਉਪਕਾਰ ਦਾ ਸੁਨੇਹਾ।
ਪਾਉਂਦੇ ਨੇ ਜ਼ਿੰਦਗੀ ਦੇ ਸੁੱਖਾਂ ਚ ਆਣ ਝੇੜੇ।
ਅਣਜਾਣ ਰਸਤਿਆਂ ਤੇ ਮਿਲਦੇ ਨੇ ਲੋਕ ਜਿਹੜੇ।
ਹਿੰਮਤ ਜਵਾਬ ਦੇ ਕੇ ਨੱਸੀ ਹੈ ਰਾਹਬਰਾਂ ਦੀ,
ਮੇਰੇ ਇਰਾਦਿਆਂ ਦੇ ਗੱਡੇ ਨੂੰ ਕੌਣ ਰੇੜ੍ਹੇ।
ਹਰ ਫ਼ੈਸਲਾ ਦਵੇ ਉਹ ਪਾਣੀ ਦੀ ਢਾਲ ਵਾਂਗੂੰ,
ਹੁੰਦੇ ਨੇ ਇਸ ਤਰ੍ਹਾਂ ਹੁਣ ਮੁਨਸਫ਼ ਦੇ ਘਰ ਨਿਬੇੜੇ।
ਇੱਜ਼ਤ ਨਿਲਾਮ ਕਰਦੀ ਫਿਰਦੀ ਸੀ ਬੇਲਿਆਂ ਵਿਚ,
ਚੁੱਪ ਕਰ ਕੇ ਬਹਿਣ ਜੋਗੇ ਛੱਡੇ ਨਾ ਉਸ ਨੇ ਖੇੜੇ।
ਹਸਦੇ ਨੇ ਦੇਖ ਕੇ ਉਹ ਕੁੱਬਾ ਸਰੀਰ ਮੇਰਾ,
ਮੈਂ ਭਾਰ ਜ਼ਿੰਦਗੀ ਦਾ ਚੁੱਕੀਂ ਫਿਰਾਂ ਘਨੇੜੇ।
ਦੇਖੇ ਨੇ ਘਰ ਚ ਆਏ ਮਹਿਮਾਨ ਇਸ ਤਰ੍ਹਾਂ ਦੇ,
ਤੁਰਦੇ ਬਣੇ ਜੋ ਪਾ ਕੇ ਹਸਦੇ ਘਰੀਂ ਬਖੇੜੇ।
ਹੱਥ ਲਾਉਂਦਿਆਂ ਹੀ ਹੋਏ ਢੇਰੀ ਜ਼ਮੀਨ ਉੱਤੇ,
ਪਰਖਣ ਦੇ ਵਾਸਤੇ ਜਦ ਠੇਕੇ ਦੇ ਮਹਿਲ ਛੇੜੇ।
ਪੈ ਜਾਵਣੀ ਹੈ ਮਾਜ਼ੂ ਬੰਦਿਆਂ ਦੀ ਫ਼ਸਲ ਇਕ ਦਿਨ,
ਨਿੱਤ ਫ਼ੈਲਦੇ ਰਹੇ ਜੇ ਟੱਬਰਾਂ ਦੇ ਇੰਜ ਹੀ ਮੇੜ੍ਹੇ।
ਫਿਰਦਾ ਹੈ 'ਨੂਰ' ਲੱਭਦਾ ਗ਼ਮਖ਼ਾਰ ਇਸ ਤਰ੍ਹਾਂ ਦਾ,
ਮੁੜ ਫੇਰ ਦਿਲ ਦੇ ਰਾਜ਼ੀ ਜ਼ਖ਼ਮਾਂ ਨੂੰ ਜੋ ਉਚੇੜੇ।
ਦੂਰੀ ਤੋਂ ਲੱਗ ਰਿਹਾ ਸੀ ਜਿਹੜਾ 'ਜਮਾਲ' ਵਰਗਾ।
ਨੇੜੇ ਤੋਂ ਦੇਖਿਆ ਜਦ ਲੱਗਿਆ 'ਪਤਾਲ' ਵਰਗਾ।
ਹਰ ਵਾਰ ਉਸ ਨੂੰ ਪੁੱਛਿਆ ਜੁੱਗਤ ਨਵੀਂ ਬਣਾ ਕੇ,
ਹਰ ਵਾਰ ਦੇ ਗਿਆ ਉਹ ਲਾਰਾ ਕਮਾਲ ਵਰਗਾ।
ਆ ਬੈਠੀਆਂ ਬਨੇਰੇ ਖ਼ੁਸ਼-ਫ਼ਹਿਮੀਆਂ ਹਜ਼ਾਰਾਂ,
ਮੁਅੱਤਲ ਨੂੰ ਮਿਲ ਗਿਆ ਜਿਉਂ ਪੱਤਰ ਬਹਾਲ ਵਰਗਾ।
ਕਰਿਆ ਹਮੇਸ਼ ਉਸ ਨੇ ਸੌਦਾ ਮੁਹੱਬਤਾਂ ਦਾ,
ਹੋਇਆ ਨਾ ਸਖ਼ਤ ਮੈਥੋਂ ਜੇਰਾ ਦਲਾਲ ਵਰਗਾ।
ਲਿਖਿਆ ਗਿਆ ਨਾ ਸਾਥੋਂ ਜੀਵਨ ਦੇ ਵਰਕਿਆਂ ਤੇ,
ਇਸ ਜ਼ਿੰਦਗੀ ਦੀ ਖ਼ਾਤਰ ਅੱਖਰ ਸੰਭਾਲ ਵਰਗਾ।
ਵੰਡੇ ਨੇ ਦੋਸਤਾਂ ਵਿਚ ਇੰਜ ਜ਼ਿੰਦਗੀ ਦੇ ਹਿੱਸੇ,
ਲਗਦਾ ਹੈ ਹੁਣ ਤਾਂ ਆਪਾ ਲੋਕਾਂ ਦੇ ਮਾਲ ਵਰਗਾ।
ਇਕਲਾਪ ਦੀ ਘੜੀ ਵਿਚ ਯਾਦਾਂ ਦਾ ਸੇਕ ਪੈ ਕੇ,
ਉੱਠਦਾ ਰਿਹਾ ਬਬੂਲਾ ਦਿਲ ਵਿਚ ਉਬਾਲ ਵਰਗਾ।
ਇਹ ਹਾਲ ਹੈ ਕਿ ਉਹ ਵੀ ਬੁਝਿਆ ਚਿਰਾਗ਼ ਸਮਝੇ,
ਡਿੱਠਾ ਹੈ ਜਿਸ ਨੇ ਮੇਰਾ ਜੀਵਨ ਮਸ਼ਾਲ ਵਰਗਾ।
ਲਿਖਦਾ ਹੈ 'ਨੂਰ' ਬੇਸ਼ੱਕ ਐਪਰ ਕਲਾਮ ਅੰਦਰ,
ਇੱਕ ਸ਼ੇਅਰ ਵੀ ਨਹੀਂ ਹੈ ਉੱਚੇ ਖ਼ਿਆਲ ਵਰਗਾ।
ਸੁੱਟੋ ਨਾ ਦੂਰ ਮਨ ਚੋਂ ਆਸਾਂ ਘੰਗਾਲ ਕੇ।
ਕੁੱਝ ਜੀਣ ਦੀ ਤਮੰਨਾ ਰੱਖੋ ਸੰਭਾਲ ਕੇ।
ਮੇਰਾ ਵਜੂਦ ਤਾਂ ਵੀ ਬਚਿਆ ਹੈ ਜ਼ਹਿਰ ਤੋਂ,
ਰੱਖਦਾ ਹਾਂ ਸੱਪ ਭਾਵੇਂ ਬੁੱਕਲ ਚ ਪਾਲ ਕੇ।
ਲੱਗੀ ਹੈ ਗ਼ਮ ਦੀ ਦੀਮਕ ਦਿਲ ਦੀ ਚੁਗਾਠ ਨੂੰ,
ਯਾਦਾਂ ਦਾ ਢੇਰ ਕਿੱਥੇ ਰੱਖਾਂ ਸੰਭਾਲ ਕੇ।
ਫਿਰਦਾਂ ਹਨੇਰਿਆਂ ਵਿਚ ਜੀਵਨ ਟਟੋਲਦਾ,
ਜਿਸ ਦਿਨ ਤੋਂ ਲੈ ਗਏ ਉਹ ਕਿਰਨਾਂ ਉਧਾਲ ਕੇ।
ਹਰ ਰਾਸਤੇ ਦੇ ਦਰ ਤੇ ਬੈਠੀ ਹੈ ਚਾਂਦਨੀ,
ਨੱਸਾਂ ਮੈਂ ਕਿਸ ਦਿਸ਼ਾ ਵੱਲ ਆਪਾ ਉਧਾਲ ਕੇ।
ਵਿਛੜਣ ਦੀ ਬਾਤ ਕਰ ਕੇ ਆਪੇ ਉਹ ਰੋ ਪਏ,
ਨੈਣਾਂ ਦੇ ਚਸ਼ਮਿਆਂ ਚੋਂ ਅੱਥਰੂ ਉਛਾਲ ਕੇ।
ਡੇਰੇ ਬਣਾ ਲਏ ਨੇ ਚੰਨ ਪਰ ਗਵਾਂਢੀਆਂ,
ਬੈਠੇਂਗਾ 'ਨੂਰ' ਕਦ ਤੱਕ ਲੱਤਾਂ ਨਿਸਾਲ ਕੇ।
ਸ਼ਕਲ ਪਹਿਲਾਂ ਤੋਂ ਖਾਸੀ ਖਰੀ ਕਰ ਲਈ।
ਉਸ ਨੇ ਚਿਹਰੇ ਤੇ ਕਾਰੀਗਰੀ ਕਰ ਲਈ।
ਸਿੰਜ ਕੇ ਖੇਤ ਰੀਝਾਂ ਦਾ ਸੱਚੇ ਦਿਲੋਂ,
ਫ਼ਸਲ ਯਾਦਾਂ ਦੀ ਸੱਚਮੁੱਚ ਹਰੀ ਕਰ ਲਈ।
ਨਾਲ ਮੇਰੇ ਖਲੋਇਆ ਹੈ ਜਿਸ ਦਿਨ ਤੋਂ ਉਹ,
ਹੋਂਦ ਦੀ ਹਰ ਘੜੀ ਬੇਡਰੀ ਕਰ ਲਈ।
ਉਸ ਦੇ ਦਰਸ਼ਨ ਦੀ ਫਿਰ ਵੀ ਰਹੇ ਆਰਜ਼ੂ,
ਬਾਤ ਜਿਸ ਨਾਲ ਮੈਂ ਆਖ਼ਰੀ ਕਰ ਲਈ।
ਉਮਰ ਭਰ ਦਾ ਤਾਂ ਠੇਕਾ ਨਾ ਕੀਤਾ ਸੀ ਮੈਂ,
ਸਾਂਝ ਜਿੰਨਾਂ ਕੁ ਚਿਰ ਤੱਕ ਸਰੀ ਕਰ ਲਈ।
ਹਾਲ ਸੁਣਦੇ ਹੀ ਯਾਦਾਂ ਦੇ ਸ਼ੋਅਲੇ ਬਣੇ,
ਬਾਤ ਉਸ ਨੇ ਤਾਂ ਬਸ ਸਰਸਰੀ ਕਰ ਲਈ।
'ਨੂਰ' ਤੂੰ ਤਾਂ ਖ਼ਿਆਲਾਂ-ਖ਼ਿਆਲਾਂ 'ਚ ਹੀ,
ਦਿਲਬਰਾਂ ਕੋਲ ਬਹਿ ਦਿਲਬਰੀ ਕਰ ਲਈ।
ਕਦ ਕਿਸੇ ਤੋਂ ਉਹ ਰੁਕ ਕੇ ਸਲਾਹ ਲੈਣਗੇ।
ਜਾਣ ਵਾਲੇ ਤਾਂ ਜਾ ਕੇ ਹੀ ਸਾਹ ਲੈਣਗੇ।
ਵਕਤ ਕੱਟਾਂਗੇ ਬਿਰਹਾ ਦਾ 'ਕੱਲੇ ਕਿਵੇਂ,
ਉਹ ਤਾਂ ਚਰਖ਼ਾ ਤ੍ਰਿੰਞਣਾਂ 'ਚ ਡਾਹ ਲੈਣਗੇ।
ਦਰਦ ਵਿੱਚ ਡੁੱਬ ਕੇ ਹੀ ਉਹ ਮਰ ਜਾਣਗੇ,
ਦਿਲ ਦੇ ਸਾਗਰ ਦੀ ਜਿਹੜੇ ਵੀ ਥਾਹ ਲੈਣਗੇ।
ਬਾਤ ਉਸ ਦੇ ਨਿਸ਼ਾਨੇ ਦੀ ਉਸ ਦਿਨ ਕਰੀਂ,
ਦਿਲ ਦੇ ਪੰਛੀ ਨੂੰ ਜਿਸ ਦਿਨ ਉਹ ਲਾਹ ਲੈਣਗੇ।
ਤਾਂਘ ਛੱਡੀ ਨਾ ਜੇ ਲੱਦ ਕੇ ਤੁਰਣ ਦੀ।
ਡੋਬ ਅਪਣੀ ਹੀ ਬੇੜੀ ਮਲਾਹ ਲੈਣਗੇ।
ਰੱਖ ਸਕਣਗੇ ਸਲਾਮਤ ਕਿਵੇਂ ਆਬਰੂ,
ਜੋ ਬਿਗਾਨੇ ਘਰੀਂ ਜਾ ਪਨਾਹ ਲੈਣਗੇ।
'ਨੂਰ' ਹੁੰਦੇ ਨੇ ਉਹ ਬੇਵਫ਼ਾ ਹੋਣ ਦੇ,
ਦਿਲ ਨੂੰ ਮਾਰਣਗੇ ਠੋਕਰ ਗੁਨਾਹ ਲੈਣਗੇ।
ਹੁਣ ਨਾ ਛਾਵਾਂ ਪਾ ਕੇ ਦਿਲ ਨੂੰ ਠਾਰਦੀਆਂ।
ਅੱਥਰੀਆਂ ਹੋ ਗਈਆਂ ਜ਼ੁਲਫ਼ਾਂ ਯਾਰ ਦੀਆਂ।
ਪੈਣ ਭੁਲੇਖੇ ਯਾਦਾਂ ਦੇ ਅਸਮਾਨਾਂ ਤੇ,
ਵਿੱਛੜੀਆਂ ਨੇ ਕੂੰਜਾਂ ਜਦ ਤੋਂ 'ਡਾਰ ਦੀਆਂ।
ਬਣਦੀ-ਬਣਦੀ ਢਹਿ ਗਈ ਕੰਧ ਮੁਹੱਬਤ ਦੀ,
ਉੱਖੜ ਗਈਆਂ ਇੱਟਾਂ ਕੌਲ-ਕਰਾਰ ਦੀਆਂ।
ਸੌ ਵਾਰੀ ਨੈਣਾਂ ਨੇ ਸੌਦੇ ਕੀਤੇ, ਪਰ-
ਸਮਝ ਸਕੇ ਨਾ ਰਮਜ਼ਾਂ ਏਸ ਵਿਉਪਾਰ ਦੀਆਂ।
ਉਪਰੋਂ ਬਣੀਏਂ ਅਣਖੂ ਤੇ ਨਖ਼ਰੇਲੂ, ਪਰ-
ਅੰਦਰੋਂ-ਅੰਦਰੀ ਭਿਣਕਾਂ ਲਈਏ ਸਾਰ ਦੀਆਂ।
ਫੱਕਰਾਂ ਵਰਗੇ ਲੱਗੀਏ ਦੇਖਣ-ਪਾਖਣ ਨੂੰ,
ਦਿਲ ਦੀ ਗੁੱਠ ਵਿਚ ਯਾਦਾਂ ਹੁੱਜਾਂ ਮਾਰਦੀਆਂ।
ਢੇਰ ਬਣੀ ਮਲਵੇ ਦਾ ਪਲ ਵਿਚ ਰੇਤੇ ਵਾਂਗ,
ਸਿਫ਼ਤਾਂ ਕਰਦੇ ਸਾਂ ਜਿਹੜੀ ਦੀਵਾਰ ਦੀਆਂ।
ਉਲਟ-ਪੁਲਟ ਕਰ ਦੇਵਣ ਕਿਸਮਤ ਦੁਨੀਆਂ ਦੀ,
ਹਰਕਤ ਦੇ ਵਿਚ ਆਈਆਂ ਸੋਚਾਂ ਨਾਰ ਦੀਆਂ।
ਬਦਲ ਲਏ ਚੱਲਣ ਦੇ ਰਸਤੇ ਯਾਰਾਂ ਨੇ,
'ਨੂਰ' ਜਦੋਂ ਲੋੜਾਂ ਪਈਆਂ ਦੀਦਾਰ ਦੀਆਂ।
ਮਾਨਣ ਤੋਂ ਰਹਿ ਗਿਆ ਮੈਂ ਝੂਟਾ ਹੁਲਾਸ ਵਰਗਾ।
ਧਰਤੀ ਤੇ ਡਿਗ ਪਿਆ ਜਦ ਝੂਲਾ ਆਕਾਸ਼ ਵਰਗਾ।
ਪਹਿਚਾਣ ਕਰਨ ਜੋਗੀ ਹਿੰਮਤ ਲਵਾਂਗੇ ਕਿੱਥੋਂ,
ਪੱਥਰ ਵੀ ਬਣ ਗਿਆ ਜੇ ਪੱਥਰ ਤਰਾਸ਼ ਵਰਗਾ।
ਇਹ ਐਟਮੀ ਤਜਰਬੇ ਲਗਦੇ ਨੇ ਇਸ ਤਰ੍ਹਾਂ ਜਿਉਂ,
ਕੁੱਝ ਆ ਰਿਹਾ ਹੈ ਕਿਧਰੋਂ ਦੁਨੀਆ ਤੇ ਨਾਸ਼ ਵਰਗਾ।
ਲੋਕਾਂ ਦੀ ਭੀੜ ਅੰਦਰ ਅਹਿਸਾਸ ਦੀ ਕਮੀ ਨੇ,
ਕਰਿਆ ਹੈ ਬੰਦਿਆਂ ਨੂੰ ਜਿਉਂਦੇ ਜੀਅ ਲਾਸ਼ ਵਰਗਾ।
ਜਿਸ ਦਿਨ ਤੋਂ ਹੋ ਗਿਆ ਹੈ ਉਹਲੇ ਉਨ੍ਹਾਂ ਦਾ ਚਿਹਰਾ,
ਮਹਿਸੂਸ ਹੋ ਰਿਹਾ ਹੈ ਕੁੱਝ-ਕੁੱਝ ਉਦਾਸ ਵਰਗਾ।
ਭਾਵੇਂ ਉਹ ਬਣ ਗਿਆ ਹੈ ਹੁਣ ਭਿਸ਼ਤੀਆਂ ਦਾ ਸਾਥੀ,
ਤਾਂ ਵੀ ਪਵੇ ਭੁਲੇਖਾ ਅਪਣੀ ਮੀਰਾਸ ਵਰਗਾ।
ਬਿਪਤਾ ਦੀ ਇਸ ਘੜੀ ਵਿਚ ਲੋਕਾਂ ਦੇ ਨਾਲ ਰਲ ਕੇ,
ਤੂੰ ਤਾਂ ਨਾ ਮਾਰ ਪੱਥਰ, ਤੂੰ ਤਾਂ ਏਂ ਖ਼ਾਸ ਵਰਗਾ।
ਕਿੰਨਾਂ ਹੈ ਉਹ ਘੁਮੰਡੀ ਵਰਤੇਂ ਤਾਂ ਸਮਝ ਜਾਵੇਂ,
ਦੇਖਣ ਨੂੰ ਲੱਗ ਰਿਹਾ ਹੈ ਬਾਹਰੋਂ ਜੋ ਦਾਸ ਵਰਗਾ।
ਹਾਲੇ ਤਾਂ 'ਨੂਰ' ਤੇਰੀਆਂ ਸੋਚਾਂ 'ਚ ਦਮ ਹੈ ਬਾਕੀ,
ਰਚਿਆ ਨਾ ਕਰ ਅਜੇ ਤੂੰ ਸਾਹਿਤ ਉਦਾਸ ਵਰਗਾ।
ਹੋਰਾਂ ਦੀ ਜ਼ਿੰਦਗੀ ਦਾ ਹਰ ਪਲ ਰੰਗੀਨ ਕਿਉਂ ਹੈ ?
ਮੇਰੇ ਨਸੀਬ ਦਾ ਦੁੱਖ ਐਨਾ ਸੰਗੀਨ ਕਿਉਂ ਹੈ ?
ਹਰ ਬੀਜ ਦੋਸਤੀ ਦਾ ਬੋਇਆ ਹੀ ਸ਼ੋਧ ਕੇ ਮੈਂ,
ਨਫ਼ਰਤ ਦਾ ਉਸ ਦੇ ਮਨ ਵਿਚ ਉੱਗਿਆ ਨਦੀਨ ਕਿਉਂ ਹੈ?
ਪਹਿਲਾਂ ਤਾਂ ਤੋਰਦਾ ਸੀ ਗੱਡੇ ਦੇ ਵਾਂਗ ਜੀਵਨ,
ਇਨਸਾਨ ਇਸ ਸਮੇਂ ਦਾ ਬਣਿਆ ਮਸ਼ੀਨ ਕਿਉਂ ਹੈ ?
ਭਾਵੇਂ ਲੰਘਾ ਰਿਹਾ ਹਾਂ ਥੋੜਾਂ 'ਚ ਉਮਰ ਅਪਣੀ,
ਤਾਂ ਵੀ ਜਹਾਨ ਰੱਬ ਦਾ ਲਗਦਾ ਹਸੀਨ ਕਿਉਂ ਹੈ ?
ਰੋਟੀ ਬਣਾ ਕੇ ਇਸ ਦੀ ਮੂੰਹ ਤੱਕ ਲਿਜਾ ਨਾ ਹੋਵੇ,
ਆਟਾ ਮੁਹੱਬਤਾਂ ਦਾ ਐਨਾ ਮਹੀਨ ਕਿਉਂ ਹੈ ?
ਦੇਵਾਂ ਕੀ ਉਸ ਨੂੰ ਉੱਤਰ ਬੱਚਾ ਜੋ ਰੋਜ਼ ਪੁੱਛੇ,
ਪੱਛਮ 'ਚ 'ਮਿਸਰ' ਕਿਉਂ ਹੈ, ਉੱਤਰ 'ਚ 'ਚੀਨ' ਕਿਉਂ ਹੈ?
ਕਰਦਾ ਹਾਂ ਜਦ ਨਰੀਖਣ ਹਰ ਧਰਮ ਦੇ ਗੁਣਾਂ ਦਾ,
ਸਭਨਾਂ ਤੋਂ ਠੀਕ ਲਗਦਾ ਅਪਣਾ ਹੀ ਦੀਨ ਕਿਉਂ ਹੈ ?
ਚੱਲ 'ਨੂਰ' ਧੌਲ ਕੋਲੋਂ ਪੁੱਛੀਏ ਇਹ ਬਾਤ ਜਾ ਕੇ,
ਸਿੰਗਾਂ ਤੇ ਉਸ ਨੇ ਚੁੱਕੀ ਬੋਝਲ ਜ਼ਮੀਨ ਕਿਉਂ ਹੈ ?
ਧੁੱਪ ਵਿਚ ਪਾਣੀ-ਪਾਣੀ ਹੋਏ ਫਿਰਦੇ ਹਾਂ।
ਟੋਭੜੀਆਂ ਦੇ ਹਾਣੀ ਹੋਏ ਫਿਰਦੇ ਹਾਂ।
ਚਿਪਕੀ ਹੈ ਇੰਜ ਚਿੱਪ-ਚਿਪਾਹਟ ਪਿੰਡੇ ਨੂੰ,
ਚਾਟੀ ਵਿੱਚ ਮਧਾਣੀ ਹੋਏ ਫਿਰਦੇ ਹਾਂ।
ਭੁੱਬਲ ਦੇ ਵਿਚ ਤਿੜਕ-ਤਿੜਕ ਜੋ ਭੁੱਜਦੀ ਹੈ,
ਐਸੀ ਚੀਜ਼ ਨਿਮਾਣੀ ਹੋਏ ਫਿਰਦੇ ਹਾਂ।
ਇਸ਼ਕ ਕਦੇ ਕੀਤਾ ਹੈ ਨਾ ਥਲ ਡਿੱਠਾ ਹੈ,
ਪਰ 'ਸੱਸੀ' ਦੇ ਹਾਣੀ ਹੋਏ ਫਿਰਦੇ ਹਾਂ।
ਸ਼ਾਮ-ਸਵੇਰੇ ਅੱਲ੍ਹਾ-ਅੱਲ੍ਹਾ ਕਰ ਕੇ ਵੀ,
ਦੋਜ਼ਖ਼ੀਆਂ ਦੀ ਢਾਣੀ ਹੋਏ ਫਿਰਦੇ ਹਾਂ।
ਛੇਤੀ ਬੀਜਣ ਖ਼ਾਤਰ ਫ਼ਸਲ ਇੱਛਾਵਾਂ ਦੀ,
ਹਾਲੀ ਹੱਥ 'ਪਰਾਣੀ' ਹੋਏ ਫਿਰਦੇ ਹਾਂ।
ਮੀਂਹ ਦੀ ਖ਼ਾਤਰ ਰੂਪ ਵਟਾ ਕੇ ਜਾਗੋ ਦਾ,
ਦੇਵਤਿਆਂ ਦੀ 'ਰਾਣੀ' ਹੋਏ ਫਿਰਦੇ ਹਾਂ।
ਕਰ ਦਿੱਤੀ ਗਰਮੀ ਨੇ ਅਕਲ ਸ਼ੁਦਾਈ 'ਨੂਰ'
ਭਾਵੇਂ ਸ਼ਕਲ ਸਿਆਣੀ ਹੋਏ ਫਿਰਦੇ ਹਾਂ।
ਢਿੱਲੀ ਕਰੀ ਹੈ ਡੋਰੀ ਜਿਸ ਦਿਨ ਤੋਂ ਆਦਤਾਂ ਦੀ।
ਰੰਗੀਨ ਹੋ ਗਈ ਹੈ ਮੌਸਮ ਮੁਹੱਬਤਾਂ ਦੀ।
ਡਰਦਾ ਹਾਂ ਹੁਣ ਤਾਂ ਉਸ ਨੂੰ ਨੇੜੇ ਬੁਲਾਉਣ ਤੋਂ ਵੀ,
ਜਾਵੇ ਨਾ ਵਧ ਇਹ ਖ਼ਾਹਿਸ਼ ਮੁੜ ਫੇਰ ਚਾਹਤਾਂ ਦੀ।
ਇਕ ਪਲ ਨਾ ਸੌਣ ਦੇਵਣ ਸੁੱਖਾਂ ਦੀ ਸੇਜ ਉੱਤੇ,
ਮੈਂ ਕੀ ਕਰਾਂ ਜੇ ਮਰਜ਼ੀ ਏਹੋ ਹੈ ਦੋਸਤਾਂ ਦੀ।
ਭੁੱਖਿਆਂ ਨੂੰ ਮਰਨ ਦਿੱਤਾ ਇਹ ਆਖ ਕੇ ਉਨ੍ਹਾਂ ਨੇ,
ਪਹੁੰਚੀ ਨਈਂ ਖੇਪ ਹਾਲੇ ਸੈਂਟਰ ਤੋਂ ਰਾਹਤਾਂ ਦੀ।
ਬੱਚਿਆਂ ਨੂੰ ਰੱਖ ਕੇ ਭੁੱਖਾ ਕਰਦੇ ਨੇ ਨਿੱਤ ਵਿਖਾਵਾ,
ਫੈਲੀ ਵਬਾ ਹੈ ਕੈਸੀ ਲੋਕਾਂ ਚ ਦਾਅਵਤਾਂ ਦੀ।
ਅੱਜ-ਕੱਲ੍ਹ ਉਨ੍ਹਾਂ ਘਰਾਂ ਵਿਚ ਚੱਲਣ ਰੰਗੀਨ ਫਿਲਮਾਂ,
ਹੁੰਦੀ ਸੀ ਮਸਕ ਜਿੱਥੇ ਨਿੱਤ ਦਿਨ ਤਿਲਾਵਤਾਂ ਦੀ।
ਹਿੰਮਤ ਨਹੀਂ ਹੈ ਜਿਸ ਵਿਚ ਪੈਰਾਂ ਤੇ ਖੜ੍ਹਨ ਜੋਗੀ,
ਡੌਲੇ ਦਿਖਾ ਕੇ ਦੇਵੇ ਉਹ ਧੌਂਸ ਤਾਕਤਾਂ ਦੀ।
ਤੁਰਦਾ ਹੈ ਲੈ ਸਹਾਰਾ ਭਾਵੇਂ ਡੰਡੋਰਚੀ ਦਾ।
ਦਿੰਦਾ ਹੈ ਪਰ ਨਸੀਹਤ ਪੁੱਤਰਾਂ ਨੂੰ ਹਿੰਮਤਾਂ ਦੀ।
ਓ 'ਨੂਰ' ਦੇ ਖ਼ੁਦਾਇਆ ਤੇਰਾ ਤਾਂ ਕੁੱਝ ਨਈਂ ਘਸਦਾ,
ਖਿੜਕੀ ਜੇ ਖੋਲ੍ਹ ਦੇਵੇਂ ਐਧਰ ਵੀ ਰਾਹਤਾਂ ਦੀ।
ਉਦ੍ਹੇ ਭੈੜੇ ਅਸੂਲਾਂ ਨੂੰ ਮੇਰਾ ਦਿਲ ਸਹਿ ਨਹੀਂ ਸਕਿਆ।
ਮੇਰੇ ਮਹਿਬੂਬ ਦਾ ਨਾਤਾ ਮੇਰੇ ਸੰਗ ਰਹਿ ਨਹੀਂ ਸਕਿਆ।
ਉਨ੍ਹੇ ਛੱਡੀ ਨਹੀਂ ਆਦਤ ਖਿਡੌਣੇ ਵਾਂਗ ਨੱਚਣ ਦੀ,
ਵਫ਼ਾ ਦੀ ਗੋਦ ਵਿਚ ਨਿਚਲਾ ਕਦੇ ਉਹ ਬਹਿ ਨਹੀਂ ਸਕਿਆ।
ਹਵਾ ਤੱਤੀ ਨਹੀਂ ਲੱਗੀ ਅਜੇ ਉਸ ਦੇ ਸੁਹੱਪਣ ਨੂੰ,
ਨਸ਼ਾ ਅੱਲੜ੍ਹ ਜਵਾਨੀ ਦਾ ਉਦ੍ਹੇ ਤੋਂ ਲਹਿ ਨਹੀਂ ਸਕਿਆ।
ਇਹ ਉਸ ਦੀ ਸੋਚ ਸੀ ਕਿ ਮੈਂ ਵਿਕਾਊ ਮਾਲ ਹਾਂ, ਸ਼ਾਇਦ,
ਅਸੂਲਾਂ ਦੀ ਉਚਾਈ ਤੋਂ ਮੈਂ ਥੱਲੇ ਲਹਿ ਨਹੀਂ ਸਕਿਆ।
ਕਹਾਣੀ ਚਾਹਤਾਂ ਦੀ ਆ ਰੁਕੀ ਦੋਹਾਂ ਦੇ ਬੁੱਲ੍ਹਾਂ ਤੇ,
ਉਹ ਮੈਨੂੰ ਕਹਿ ਨਹੀਂ ਸਕਿਆ, ਮੈਂ ਉਹਨੂੰ ਕਹਿ ਨਹੀਂ ਸਕਿਆ।
ਨਮੋਸ਼ੀ ਬਹੁਤ ਹੋਈ ਦੇਖ ਕੇ ਸਾਬਤ, ਤੂਫ਼ਾਨਾਂ ਨੂੰਂ,
ਕਿ ਛੱਪਰ ਕਾਨਿਆਂ ਦਾ ਵੀ ਉਨ੍ਹਾਂ ਤੋਂ ਢਹਿ ਨਹੀਂ ਸਕਿਆ।
ਮਘਾਈ ਹੁਸਨ ਦੀ ਭੱਠੀ ਜਦੋਂ ਉਸ ਦੀ ਜਵਾਨੀ ਨੇ,
ਮੈਂ ਕੁੱਝ ਮਜਬੂਰੀਆਂ ਕਾਰਣ ਉਦ੍ਹੇ ਵਿਚ ਡਹਿ ਨਹੀਂ ਸਕਿਆ।
ਭਲਾਂ ਕੀ 'ਨੂਰ' ਰੋੜ੍ਹੇਗੀ ਉਹਨੂੰ ਬਰਸਾਤ ਸੁੱਖਾਂ ਦੀ,
ਦੁਖਾਂ ਦੇ ਸਾਗਰਾਂ ਅੰਦਰ ਵੀ ਜਿਹੜਾ ਵਹਿ ਨਹੀਂ ਸਕਿਆ।
ਮੌਜ ਮਸਤੀ ਕਰਨ ਤੋਂ ਪਿੱਛੋਂ ਜਦੋਂ ਉਹ ਘਰ ਗਿਆ।
ਦੇਖ ਕੇ ਮੁੱਖੜਾ ਉਹ ਭੁੱਖੇ ਬਚੜਿਆਂ ਦਾ ਡਰ ਗਿਆ।
ਮੁੜ ਨਹੀਂ ਜਾਵਾਂਗਾ ਠੇਕੇ ਸ਼ਾਮ ਤੱਕ ਸੋਚਣ ਤੋਂ ਬਾਅਦ,
ਰਾਤ ਹੁੰਦੇ ਸਾਰ ਉਹ ਸੋਚਾਂ ਨੂੰ ਝੂਠਾ ਕਰ ਗਿਆ।
ਦਿਲ ਵੀ ਕੈਸੀ ਚੀਜ਼ ਹੈ ਜੋ ਲੋਭ ਦੇ ਕੇ ਨਜ਼ਰ ਨੂੰ,
ਹੁਸਨ ਦੇ ਸਾਗਰ ਦੀਆਂ ਲਹਿਰਾਂ ਦਾ ਪੈਂਡਾ ਤਰ ਗਿਆ।
ਫੇਰ ਕੀ ਰਹਿਣੈ ਸਲਾਮਤ ਸ਼ਹਿਰ ਦਾ ਵਾਤਾਵਰਣ,
ਦੇਵਤਾ ਹੀ ਪਵਨ ਦਾ ਜੇਕਰ ਵਬਾ ਵਿਚ ਮਰ ਗਿਆ।
ਦੁਸ਼ਮਣੀ ਦੀ ਬਾਤ ਕੀ ਉਹ ਸਾਮ੍ਹਣਾ ਛੱਡ ਜਾਣਗੇ,
ਦੁਸ਼ਮਣਾਂ ਦੀ ਧੌਣ ਉੱਤੇ ਫਿਰ ਜਦੋਂ ਛਿੱਤਰ ਗਿਆ।
ਕਦ ਕੁ ਤੱਕ ਨਾਪਾਂਗੇ ਤੇਰੇ ਰਸਤਿਆਂ ਦੀ ਵਾਟ ਨੂੰ,
ਸਬਰ ਦਾ ਭਾਂਡਾ ਵੀ ਹੁਣ ਤਾਂ ਕੰਢਿਆਂ ਤੱਕ ਭਰ ਗਿਆ।
ਘਰ ਦੇ ਅੰਦਰ ਅਪਣਿਆਂ ਦੇ ਬੁੱਲ੍ਹ ਹੀ ਸੀਤੇ ਗਏ,
ਦੂਜਿਆਂ ਨੂੰ 'ਅਲਵਿਦਾ' ਕਹਿ ਕੇ ਜਦੋਂ ਮੈਂ ਘਰ ਗਿਆ।
'ਨੂਰ' ਉਹ ਰਗੜਣਗੇ ਮੱਥਾ ਮੁੜ ਤੇਰੀ ਦਹਿਲੀਜ਼ ਤੇ,
ਭੂਤ ਕੁਰਸੀ ਦੇ ਨਸ਼ੇ ਦਾ ਜਦ ਸਿਰੋਂ ਉੱਤਰ ਗਿਆ।
ਠਿੱਲ ਪਏ ਤਾਂ ਨੀਰਾਂ ਕੋਲੋਂ ਡਰੀਏ ਕਿਉਂ?
ਲਹਿਰਾਂ ਦੀਆਂ ਵਹੀਰਾਂ ਕੋਲੋਂ ਡਰੀਏ ਕਿਉਂ?
ਠਾਣ ਲਈ ਜਦ ਦਿਲ ਨੇ ਹੱਥ ਵਿਖਾਲਣ ਦੀ,
ਹੁਣ 'ਸਹਿਬਾਂ' ਦੇ ਵੀਰਾਂ ਕੋਲੋਂ ਡਰੀਏ ਕਿਉਂ?
ਮਿਹਨਤ ਦੇ ਪੱਥਰ ਤੇ ਇਹ ਘਸ ਜਾਣਗੀਆਂ,
ਹੱਥਾਂ ਦੀਆਂ ਲਕੀਰਾਂ ਕੋਲੋਂ ਡਰੀਏ ਕਿਉਂ?
ਸੀਸ ਤਲੀ ਤੇ ਧਰ ਕੇ ਪਿੜ ਵਿੱਚ ਉਤਰੇ ਹਾਂ,
ਚਮਕਦੀਆਂ ਸ਼ਮਸ਼ੀਰਾਂ ਕੋਲੋਂ ਡਰੀਏ ਕਿਉਂ?
ਬਾਤ ਕਦੇ ਨਹੀਂ ਸੋਚੀ ਦਿਲ ਵਿਚ ਪਾਪਾਂ ਦੀ,
'ਮੁਨਕਰ' ਅਤੇ 'ਨਕੀਰਾਂ' ਕੋਲੋਂ ਡਰੀਏ ਕਿਉਂ?
ਸੋਚ-ਸਮਝ ਕੇ ਖੇਡ ਇਸ਼ਕ ਦੀ ਖੇਡੀ ਹੈ,
ਹਸ਼ਰ ਦੀਆਂ ਤਕਸੀਰਾਂ ਕੋਲੋਂ ਡਰੀਏ ਕਿਉਂ?
'ਨੂਰ' ਜਦੋਂ ਤੱਕ ਅਪਣਾ ਸਿਦਕ ਸਲਾਮਤ ਹੈ,
ਅੱਧ-ਕੱਜੀਆਂ ਤਸਵੀਰਾਂ ਕੋਲੋਂ ਡਰੀਏ ਕਿਉਂ?
ਜਿਸ ਨੂੰ ਉੱਚਾ ਸੁਣਾਈ ਦਿੰਦਾ ਹੈ।
ਸਭ ਤੋਂ ਵੱਧ ਉਹ ਦੁਹਾਈ ਦਿੰਦਾ ਹੈ।
ਭੁੱਖ ਮਿਟਦੀ ਨਹੀਂ ਹੈ ਟੱਬਰ ਦੀ,
ਦੂਜਿਆਂ ਨੂੰ ਕਮਾਈ ਦਿੰਦਾ ਹੈ।
ਮੁਕਤ ਕਰਦਾ ਹੈ ਦੁਖੜਿਆਂ ਕੋਲੋਂ,
ਦੁੱਖ ਜਿਨ੍ਹਾਂ ਨੂੰ ਕਸਾਈ ਦਿੰਦਾ ਹੈ।
ਉਸ ਨੂੰ ਲਗਦੀ ਹੈ ਜਦ ਕਦੇ ਸਰਦੀ,
ਸਾਥੀਆਂ ਤੇ ਰਜਾਈ ਦਿੰਦਾ ਹੈ।
ਕਤਲ ਕੀਤਾ ਹੈ ਉਸ ਨੇ ਸੱਧਰਾਂ ਦਾ,
ਜੋ ਅਜੇ ਤੱਕ ਸਫ਼ਾਈ ਦਿੰਦਾ ਹੈ।
ਪਰਖ ਕਰਦੇ ਹਾਂ ਉਸ ਦੇ ਲਹਿਜੇ ਦੀ,
ਜਦ ਉਹ ਆ ਕੇ ਵਧਾਈ ਦਿੰਦਾ ਹੈ।
ਦੇਖਦਾ ਹੈ ਉਹ ਰੋਸ਼ਨੀ ਰਾਹ ਵਿਚ,
'ਨੂਰ' ਜਿਸ ਨੂੰ ਦਿਖਾਈ ਦਿੰਦਾ ਹੈ।
ਆਪਾ ਦੇਖ ਤੇ ਨਾਲੇ ਮੇਰੀ ਹਸਤੀ ਦੇਖ।
ਮਹਿਲਾਂ ਦੇ ਨੇੜੇ ਝੁੱਗੀਆਂ ਦੀ ਬਸਤੀ ਦੇਖ।
ਗੋਦੜੀਆਂ ਦੇ ਵਿੱਚੋਂ ਲਾਲ ਤਲਾਸ਼ ਲਏ,
ਸ਼ੌਕ ਅਸਾਡੇ ਦੀ ਤੂੰ ਹੁਸਨ-ਪਰਸਤੀ ਦੇਖ।
ਸ਼ਾਮ-ਸਵੇਰੇ ਆ ਕੇ ਮੇਰੇ ਬੂਹੇ ਤੇ,
ਲੋਕ ਕਿਵੇਂ ਲੈਂਦੇ ਨੇ ਸ਼ੁਹਰਤ ਸਸਤੀ ਦੇਖ।
ਦੂਰੀ ਵਾਲਾ ਵਿੱਚੋਂ ਫ਼ਰਕ ਮਿਟਾ ਕੇ ਮਿਲ,
ਫਿਰ ਤੂੰ ਸਾਡਾ ਜੋਸ਼-ਖ਼ਰੋਸ਼ ਤੇ ਮਸਤੀ ਦੇਖ।
ਸਾਗਰ ਵਰਗੇ ਸਾਂਤ –ਸੁਭਾਅ ਵਿਚ ਮੈਨੂੰ ਤੱਕ,
ਤੂੰ ਭੰਵਰ ਵਿਚ ਡੁਬਦੀ ਅਪਣੀ ਕਸਤੀ ਦੇਖ।
ਵਿੱਚ ਗ਼ਰੀਬੀ ਮੇਰਾ ਖੁੱਲ੍ਹਾ ਹਿਰਦਾ ਦੇਖ,
ਵਿੱਚ ਅਮੀਰੀ ਤੂੰ ਅਪਣੀ ਤੰਗ-ਦਸਤੀ ਦੇਖ।
ਸੂਲੀ ਤੇ ਚੜ੍ਹ ਕੇ ਵੀ ਸੱਚੀ ਬਾਤ ਕਹੇ,
'ਨੂਰ ਮੁਹੰਮਦ' ਦੀ ਤੂੰ ਹੱਕ-ਪਰਸਤੀ ਦੇਖ।
ਲੱਗੇ ਨਿਖਾਰ ਆਇਆ ਧਰਤੀ ਹਸੀਨ ਉੱਤੇ।
ਉੱਗੇ ਨੇ ਜਦ ਤੋਂ ਬੂਟੇ ਬੰਜਰ ਜ਼ਮੀਨ ਉੱਤੇ।
ਨਿਕਲੇ ਨੇ ਨਾਗ ਭਾਵੇਂ ਢਕੀਆਂ ਪਟਾਰੀਆਂ 'ਚੋਂ,
ਤਾਂ ਵੀ ਕਰਾਂ ਭਰੋਸਾ ਪਰਦਾ ਨਸ਼ੀਨ ਉੱਤੇ।
ਹੋਰਾਂ ਨੇ ਪਹਿਨਿਆ ਹੈ ਰੀਝਾਂ ਦਾ ਉਹ ਸਵੈਟਰ,
ਬੁਣਦਾ ਰਿਹਾ ਮੈਂ ਜਿਸ ਨੂੰ ਦਿਲ ਦੀ ਮਸ਼ੀਨ ਉੱਤੇ।
ਦੀਵਾਰ ਬਣ ਕੇ ਵਗਦੇ ਝੱਖੜ ਨੂੰ ਰੋਕ ਦਿੰਦਾ,
ਖੜ੍ਹ ਕੇ ਜੇ ਦੇਖਦਾ ਤੂੰ ਮੇਰੇ ਯਕੀਨ ਉੱਤੇ।
ਸਭ ਹਟ ਗਏ ਭੁਲੇਖੇ ਪਰਦਾ ਹਟਾਉਣ ਪਿੱਛੋਂ,
ਕਲ੍ਹ ਤੱਕ ਸਵਾਰ ਸਨ ਜੋ ਮੇਰੇ ਯਕੀਨ ਉੱਤੇ।
ਬਣ ਕੇ ਹਜ਼ਾਰ ਸਾਥੀ ਵਿਛੜਣਗੇ 'ਨੂਰ' ਤੇਰੇ,
ਕਰਨਾ ਹੈ ਸਫ਼ਰ ਜਦ ਤੱਕ ਉਮਰਾਂ ਦੀ ਜ਼ੀਨ ਉੱਤੇ।
ਬੁੱਲ੍ਹਾਂ ਨੂੰ ਲਗਦਿਆਂ ਹੀ ਲੱਗਿਆ ਉਹ ਜ਼ਹਿਰ ਵਰਗਾ।
ਦੂਰੋਂ ਜੋ ਦਿਸ ਰਿਹਾ ਸੀ ਸ਼ਰਬਤ ਦੀ ਨਹਿਰ ਵਰਗਾ।
ਉਸ ਦੇ ਘਰਾਂ ਚੋਂ ਲੱਭੇ ਕੁੱਝ ਢੇਰ ਹੌਕਿਆਂ ਦੇ,
ਵਸਦਾ ਜੋ ਦਿਸ ਰਿਹਾ ਸੀ ਬਾਹਰ ਤੋਂ ਸ਼ਹਿਰ ਵਰਗਾ।
ਸਾਹਸ ਦੇ ਯੰਤਰਾਂ ਨੇ ਲਾਏ ਬੜੇ ਅੜਿੱਕੇ,
ਤੂਫ਼ਾਨ ਰੁਕ ਨਾ ਸਕਿਆ ਯਾਦਾਂ ਦੇ ਕਹਿਰ ਵਰਗਾ।
ਪਾਏ ਨੇ ਅਪਣਿਆਂ ਨੇ ਨਿੱਤ ਇਸ ਤਰ੍ਹਾਂ ਪੁਆੜੇ,
ਇਕ ਦਿਨ ਵੀ ਮਿਲ ਨਾ ਸਕਿਆ, ਸੁੱਖਾਂ ਦੀ ਲਹਿਰ ਵਰਗਾ।
ਤੱਕਦੇ ਰਹੇ ਉਹ ਬੈਠੇ ਬੂਹੇ ਚੋਂ ਲੰਘਦਿਆਂ ਨੂੰ,
ਇੱਕ ਸ਼ਬਦ ਵੀ ਨਾ ਸਰਿਆ ਬੁੱਲ੍ਹਾਂ ਚੋਂ ਠਹਿਰ ਵਰਗਾ।
ਕਿਸ ਖ਼ੈਰ ਦੀ ਕਹਾਣੀ ਖ਼ਤ ਵਿਚ ਲਿਖਾਂ ਉਨ੍ਹਾਂ ਨੂੰ,
ਹਰ ਪਲ ਹੀ ਬੀਤਦਾ ਹੈ ਬਿਪਤਾ ਦੇ ਪਹਿਰ ਵਰਗਾ।
ਦਿਲ ਲੋਚਦਾ ਹੈ ਨਵੀਆਂ ਪਿਰਤਾਂ ਈਜਾਦ ਕਰੀਏ,
ਲਿਖਦੇ ਰਹਾਂਗੇ ਕਦ ਤੱਕ ਪੁਰਖਾਂ ਦੀ ਬਹਿਰ ਵਰਗਾ।
ਹੋਰਾਂ ਨੂੰ ਰਾਸ ਆਇਆ ਮੇਰਾ ਗ਼ਰੀਬ ਹੋਣਾ,
ਤੋਹਫ਼ਾ ਮੈਂ ਦੇ ਨਾ ਸਕਿਆ ਸੱਜਣਾਂ ਨੂੰ ਮਹਿਰ ਵਰਗਾ।
ਜਿਸ ਦਿਨ ਤੋਂ ਹੋ ਗਿਆ ਹੈ ਅੱਖੀਆਂ ਤੋਂ 'ਨੂਰ' ਉਹਲੇ,
ਚਾਨਣ ਕਦੇ ਨਾ ਦਿਸਿਆ ਘਰ ਵਿਚ ਦੁਪਹਿਰ ਵਰਗਾ।
ਦੁਨੀਆਂ ਦੇ ਕਿਸ ਕਿਨਾਰੇ ਉਹ ਆਦਮੀ ਰਹੇ ?
ਜਿਸ ਆਦਮੀ ਨੂੰ ਕੋਈ ਨਾ ਆਦਮੀ ਕਹੇ।
ਕਿਉਂਕਰ ਨਾ ਆਂਚ ਲੱਗੇ ਉਸ ਦੇ ਸਰੀਰ ਨੂੰ,
ਬੰਦਾ ਜੋ ਚਾਹਤਾਂ ਦੀ ਭੱਠੀ ਦੇ ਵਿਚ ਡਹੇ।
ਲੱਗਦਾ ਹੈ ਜਿਸ ਨੂੰ ਚੰਗਾ ਕੱਲਿਆਂ ਹੀ ਜੂਝਣਾ,
ਕਿੰਜ ਰੌਣਕਾਂ ਚ ਜਾਕੇ ਉਹ ਦੇਵਤਾ ਬਹੇ।
ਫਿਰ ਵੀ ਉਹ ਕਰ ਰਿਹਾ ਹੈ ਮੇਰੀ ਹੀ ਫਿਕਰ ਕਿਉਂ,
ਮਿਲਦੇ ਨੇ ਬਹੁਤ ਜਿਸ ਨੂੰ ਜਗ ਤੇ ਮੇਰੇ ਜਿਹੇ।
ਜਿਸ ਆਦਮੀ ਨੂੰ ਦੱਸੀ ਜੀਵਨ ਦੀ ਜਾਂਚ ਮੈਂ,
ਮੇਰੇ ਹੀ ਮੋਢਿਆਂ ਦੇ ਹੁਣ ਨਾਲ ਉਹ ਖਹੇ।
ਝੱਲਦੀ ਹੈ ਹੁਣ ਉਹ ਦੁੱਖੜਾ ਪੁੱਤਰ ਵਿਯੋਗ ਦਾ,
ਮਮਤਾ ਉਹ ਜਿਸ ਨੇ ਪਹਿਲਾਂ ਜੰਮਣ ਦੇ ਦੁੱਖ ਸਹੇ।
ਭਾਵੇਂ ਕਿਤੋਂ ਵੀ ਪਕੜੀਂ ਰਸਤਾ ਤੂੰ ਦੋਸਤਾ,
ਜਾਵਣਗੇ 'ਨੂਰ' ਦੇ ਘਰ ਦੁਨੀਆਂ ਦੇ ਸਭ ਪਹੇ।
ਫੁੱਲਾਂ ਦੀ ਖ਼ੈਰ ਮੰਗੋ, ਡਾਲੀ ਦੀ ਖ਼ੈਰ ਮੰਗੋ।
ਲਾਏ ਨੇ ਜਿਸ ਨੇ ਬੂਟੇ ਮਾਲੀ ਦੀ ਖ਼ੈਰ ਮੰਗੋ।
ਕਰ ਕੇ ਘਰਾਂ ਚੋਂ 'ਕੱਠੇ ਆਇਆ ਚਰਾਂਦ ਅੰਦਰ,
ਵਿਛੜੇ ਮਿਲਾਉਣ ਵਾਲੇ ਪਾਲੀ ਦੀ ਖ਼ੈਰ ਮੰਗੋ।
ਨਜ਼ਰਾਂ ਮਿਲਾਉਂਦਿਆਂ ਹੀ ਉਸ ਦੇ ਹਸੀਨ ਮੁੱਖ ਤੇ,
ਛਿਪਦੇ ਦੇ ਵਾਂਗ ਛਾਈ ਲਾਲੀ ਦੀ ਖ਼ੈਰ ਮੰਗੋ।
ਰੱਖੀ ਹੈ ਭਰ ਕੇ ਜਿਹੜੀ ਨੈਣਾਂ ਦੇ ਚਸ਼ਮਿਆਂ ਚੋਂ,
ਖ਼ਾਲੀ ਕਦੇ ਨਾ ਹੋਵੇ ਪਿਆਲੀ ਦੀ ਖ਼ੈਰ ਮੰਗੋ।
ਬਹਿੰਦੇ ਹਾਂ ਜਿਸ ਦੀ ਛਾਵੇਂ ਨਿਤ ਚਾਦਰਾ ਵਿਛਾ ਕੇ,
ਝੱਖੜ ਚ ਝੁਲਦੀ ਉਸ ਟਾਹਲੀ ਦੀ ਖ਼ੈਰ ਮੰਗੋ।
ਉਂਜ ਤਾਂ ਮੈਂ ਯਾਦ ਸਾਂਭੀ ਹੋਈ ਹੈ ਵਿਛੜਿਆਂ ਦੀ,
ਤਾਂ ਵੀ ਜੇ ਦਿਲ ਹੈ ਖ਼ਾਲੀ ਖ਼ਾਲੀ ਦੀ ਖ਼ੈਰ ਮੰਗੋ।
ਵਾਹੀ ਹੈ ਜਿਸ ਨੇ ਆ ਕੇ ਬੰਜਰ ਜ਼ਮੀਨ ਦਿਲ ਦੀ,
ਮਿਹਨਤ ਦੇ ਉਸ ਪੁਜਾਰੀ ਹਾਲੀ ਦੀ ਖ਼ੈਰ ਮੰਗੋ।
ਕਰਿਆ ਹੈ ਜਿਸ ਦੇ ਦਿਲ ਵਿਚ ਦਿਲ ਨੇ ਨਵਾਂ ਠਿਕਾਣਾ,
ਹੁਣ 'ਨੂਰ' ਓਸ ਦਿਲ ਦੇ ਵਾਲੀ ਦੀ ਖ਼ੈਰ ਮੰਗੋ।
ਲੱਕੜ ਦੇ ਵਾਂਗ ਜਲ ਕੇ ਬਣ ਜਾਂਵਦਾ ਚਿੰਗਾੜੀ।
ਕਰਦੀ ਜੇ ਦਿਲ ਦੇ ਟੁਕੜੇ, ਇਕ ਹੁਸਨ ਦੀ ਕੁਹਾੜੀ।
ਛਿਲਕੇ ਦੀ ਓਟ ਉਹਲੇ ਕੀ ਕੁੱਝ ਹੈ ਜਾਣਦਾ ਹਾਂ,
ਦੇਖੀ ਹੈ ਸੰਤਰੇ ਦੀ ਕਰ ਕੇ ਮੈਂ ਫਾੜੀ-ਫਾੜੀ।
ਦੇਖੋ ਨਸੀਬ ਕਿਸ ਦਾ ਜਾਗੇ ਮੁਕਾਬਲੇ ਵਿਚ,
ਉਹ ਵੀ ਹੈ ਇਕ ਖਿਲਾੜੀ, ਮੈਂ ਵੀ ਨਹੀਂ ਅਨਾੜੀ।
ਨਜ਼ਰਾਂ ਦੇ ਝੱਖੜਾਂ ਨੇ ਉਸ ਨੂੰ ਖ਼ੁਆਰ ਕੀਤਾ,
ਗੁੱਡੀ ਮੁਹੱਬਤਾਂ ਦੀ ਜਿਸ ਨੇ ਹਵਾ 'ਚ ਚਾੜ੍ਹੀ।
ਢਿੱਡ ਵਿਚ ਘਸੁੰਨ ਦੇ ਕੇ ਰੋਏ ਉਹ ਭੁੱਖ-ਮਰੀ ਨੂੰ,
ਆਸਾਂ ਦੇ ਕੋਲਿਆਂ ਤੇ ਰੋਟੀ ਜਿਨ੍ਹਾਂ ਨੇ ਰਾੜ੍ਹੀ।
ਚੁੱਕੇਗਾ ਭਾਰ ਕਦ ਤੱਕ ਉਹ ਵਿਛੜਿਆਂ ਦੇ ਗ਼ਮ ਦਾ,
ਕਮਜ਼ੋਰ ਹੈ ਜੋ ਦਿਲ ਦਾ ਢੂੰਹੀ ਹੈ ਜਿਸ ਦੀ ਮਾੜੀ।
ਬਸ ਆਖ਼ਰੀ ਪਲਾਂ ਤੇ ਤੁਰਦੀ ਦਿਸੇ ਹਿਆਤੀ,
ਖੇਤਾਂ ਨੂੰ ਖਾਣ ਲੱਗੀ ਹੋਈ ਹੈ ਜਦ ਤੋਂ ਵਾੜੀ।
ਮਿਲਦਾ ਹੈ ਮਿਹਨਤਾਂ ਦਾ ਫਲ ਹਰ ਕਿਸੇ ਨੂੰ ਏਥੇ,
ਬੀਜੋ ਤੁਸੀਂ ਵੀ ਕਣਕਾਂ ਵੱਢੋ ਤੁਸੀਂ ਵੀ ਹਾੜੀ।
ਚੱਲ 'ਨੂਰ' ਮੰਜ਼ਿਲਾਂ ਵਲ ਆਪਾਂ ਵੀ ਕੂਚ ਕਰੀਏ,
ਸਭ ਲੋਕ ਜਾ ਚੁੱਕੇ ਨੇ ਬੈਠਾ ਏਂ ਕਿਉਂ ਪਛਾੜੀ।
ਮੂਰਖਤਾ ਦੇ ਖੂਹ ਵਿਚ ਵੜਿਆ ਹੋਇਆ ਹੈ।
ਉਂਜ ਉਹ ਲਗਦਾ ਲਿਖਿਆ-ਪੜ੍ਹਿਆ ਹੋਇਆ ਹੈ।
ਸੁੰਦਰਤਾ ਨਈਂ ਆਈ ਉਸ ਦੇ ਮੁੱਖੜੇ ਤੇ,
ਭਾਵੇਂ ਬੁੱਕਾਂ ਸੋਨਾ ਮੜ੍ਹਿਆ ਹੋਇਆ ਹੈ।
ਬੋਹਲ ਪਏ ਨੇ ਹੇਠਾਂ ਲੱਗੇ ਸੱਧਰਾਂ ਦੇ,
ਉੱਪਰ ਗ਼ਮ ਦਾ ਬੱਦਲ ਚੜ੍ਹਿਆ ਹੋਇਆ ਹੈ।
ਸੁੱਖੀਂ–ਸਾਂਦੀ ਬੀਤ ਰਹੇ ਨੇ ਤਾਹੀਉਂ ਦਿਨ,
ਇਸ਼ਕ-ਕਬੂਤਰ ਖੁੱਡੇ ਤੜਿਆ ਹੋਇਆ ਹੈ।
ਤੂੰ ਕੀ ਸਮਝੇਂ ਰਮਜ਼ਾਂ ਵੱਡੀ ਉਮਰ ਦੀਆਂ,
ਦੁੱਧ ਮਲਾਈ ਵਾਲਾ ਕੜ੍ਹਿਆ ਹੋਇਆ ਹੈ।
ਕਿਉਂ ਨਾ ਲਹਿਰਾਂ ਦੇਵਣ ਸਾਜ਼ ਮੁਹੱਬਤ ਦਾ,
ਇਸ਼ਕ ਝਨਾਂ ਦੇ ਅੰਦਰ ਹੜ੍ਹਿਆ ਹੋਇਆ ਹੈ।
ਮੰਜ਼ਿਲ ਤੱਕ ਪੁੱਜਿਆ ਨਈਂ ਤਾਂਗਾ ਆਸਾਂ ਦਾ,
ਮਨ ਦਾ ਅੱਥਰਾ ਘੋੜਾ ਅੜਿਆ ਹੋਇਆ ਹੈ।
ਚੰਗੀ ਹੈ ਪਰ ਉਹ ਵਾਅਦੇ ਦੀ ਝੂਠੀ ਹੈ,
ਮੈਂ ਜਿਸ ਰੁੱਤ ਦਾ ਪੱਲਾ ਫੜਿਆ ਹੋਇਆ ਹੈ।
'ਨੂਰ' ਕਰਨ ਕੀ ਹੁਣ ਉਹ ਬਾਤ ਮੁਹੱਬਤ ਦੀ,
ਨਾਲ ਜਿਨ੍ਹਾਂ ਦੇ ਹਾਣੀ ਲੜਿਆ ਹੋਇਆ ਹੈ।
ਲੈ ਕੇ ਉਹ ਆਹਾਂ ਦੀ ਢਾਣੀ ਪਹੁੰਚ ਗਿਆ।
ਬਿਰਹਾ-ਪਾਣੀ ਲੱਕ-ਲੱਕ ਤਾਣੀ ਪਹੁੰਚ ਗਿਆ।
ਜਦ ਮੈਂ ਨਬਜ਼ਾਂ ਫੜੀਆਂ ਬੈਠ ਅਤੀਤ ਦੀਆਂ,
ਵੇਲਾ ਲੈ ਕੇ ਯਾਦ ਪੁਰਾਣੀ ਪਹੁੰਚ ਗਿਆ।
ਗੇੜ ਰਹੇ ਸਾਂ ਹਲਟ ਅਸੀਂ ਤਾਂ ਯਾਦਾਂ ਦਾ,
ਲੱਕ-ਲੱਕ ਤੱਕ ਹੰਝੂਆਂ ਦਾ ਪਾਣੀ ਪਹੁੰਚ ਗਿਆ।
ਯਾਰ ਬੁਲਾਏ ਅਪਣੀ ਬਿਪਤਾ ਦੱਸਣ ਨੂੰ,
ਹਰ ਇਕ ਲੈ ਕੇ ਦਰਦ ਕਹਾਣੀ ਪਹੁੰਚ ਗਿਆ।
ਸਾਰ ਲਈ ਨਾ ਹਸਦੇ-ਵਸਦੇ ਪਿੰਡਾਂ ਦੀ,
ਉਜੜ ਗਿਆਂ ਨੂੰ ਰਾਸ਼ਨ-ਪਾਣੀ ਪਹੁੰਚ ਗਿਆ।
ਮਹਿਲਾਂ ਉੱਤੇ ਚੜ੍ਹ ਕੇ ਹੇਠਾਂ ਤੱਕਦਾ ਨਈਂ,
ਚੜ੍ਹਦਾ-ਚੜ੍ਹਦਾ ਕਿੱਥੇ ਹਾਣੀ ਪਹੁੰਚ ਗਿਆ।
ਮਰਜ਼ੀ ਦੀ ਚਾਟੀ ਵਿਚ ਲੱਸੀ ਰਿੜਕੋ 'ਨੂਰ',
ਜੇਰਾ ਲੈ ਕੇ ਆਸ ਮਧਾਣੀ ਪਹੁੰਚ ਗਿਆ।
ਬੈਠਾ ਏਂ ਚੁੱਪ ਕਾਹਤੋਂ, ਬੁੱਲ੍ਹਾਂ ਨੂੰ ਖੋਲ੍ਹ ਜਾ ਕੇ।
ਤੂੰ ਵੀ ਵਿਚਾਰ ਅਪਣੇ ਲੋਕਾਂ 'ਚ ਬੋਲ ਜਾ ਕੇ।
ਸੱਸੀ ਦੀ ਅਣਖ ਏਂ ਤੂੰ ਕੀਤਾ ਹੈ ਇਸ਼ਕ ਤੂੰ ਵੀ,
ਤੂੰ ਵੀ ਥਲਾਂ ਦੇ ਅੰਦਰ ਪੁੰਨੂੰ ਨੂੰ ਟੋਲ੍ਹ ਜਾ ਕੇ।
ਹੋਈ ਹੈ ਹਾਰ ਮੈਥੋਂ ਮੇਰੇ ਹੀ ਅਪਣਿਆਂ ਦੀ,
ਕਿਸ ਹੌਸਲੇ ਬਜਾਵਾਂ ਜਿੱਤਣ ਦੇ ਢੋਲ ਜਾ ਕੇ।
ਹਰ ਆਦਮੀ ਨੇ ਕੀਤੇ ਮੇਰੇ ਵਿਚਾਰ 'ਕੱਠੇ,
ਜਿੱਥੇ ਵੀ ਮੈਂ ਖਿਲਾਰੇ ਮੋਤੀ ਅਮੋਲ ਜਾ ਕੇ।
ਪਾਣੀ ਦੇ ਵਾਂਗ ਕਾਹਨੂੰ ਦਲ-ਦਲ 'ਤੇ ਤੂੰ ਬਹਾਵੇਂ,
ਇਸ ਖ਼ੂਨ ਨੂੰ ਤੂੰ ਬੰਜਰ ਧਰਤੀ 'ਤੇ ਡੋਲ੍ਹ ਜਾ ਕੇ।
ਪੁਰਖਾਂ ਦੇ ਮਿਲ ਰਹੇ ਨੇ ਹੁਣ ਵੀ ਨਿਸ਼ਾਨ ਉੱਥੇ,
ਸੁਣਦੇ ਹਾਂ ਬਾਤ ਹੁੰਦੀ ਦੇਖੋ 'ਸੰਘੋਲ' ਜਾ ਕੇ।
ਬਰਬਾਦ ਕਰਨ ਪਿੱਛੋਂ ਦਿਲ ਦੀ ਹਰੇਕ ਸੱਧਰ,
ਠੀਹੇ ਬਿਰਾਜਿਆ ਹੈ ਝੱਖੜ ਅਡੋਲ ਜਾ ਕੇ।
ਆਇਆਂ ਏਂ ਖੋ ਕੇ ਕਿਹੜੇ ਲੋਕਾਂ ਦੀ ਭੀੜ ਅੰਦਰ,
ਵੇਲਾ ਹੈ 'ਨੂਰ' ਹਾਲੇ ਆਪਾ ਟਟੋਲ ਜਾ ਕੇ।
ਭਾਰ ਸਮੇਂ ਦਾ ਮੋਢਿਆਂ ਉੱਤੇ ਚੁੱਕ ਲਿਆ,
ਲੂਣ ਅਲੂਏਂ ਜਖ਼ਮਾਂ ਉੱਤੇ ਭੁੱਕ ਲਿਆ।
ਮੈਂ ਫੜ ਕੇ ਬਹਿੰਦਾ ਹਾਂ ਜ਼ਖ਼ਮੀ ਦੁਨੀਆਂ ਨੂੰ,
ਤੂੰ ਠੰਢੇ ਪਾਣੀ ਦੇ ਭਰ ਕੇ ਬੁੱਕ ਲਿਆ।
ਮੁੱਲ ਵਿਗੜ ਨਾ ਜਾਵੇ ਜੱਗ ਦੀ ਹਸਤੀ ਦਾ,
ਉੱਪਰ ਚੁੱਕਣ ਨੂੰ ਹਿੰਮਤ ਦਾ ਹੁੱਕ ਲਿਆ।
ਫੇਰ ਕਦੇ ਨਾ ਟੁੱਟੇ ਸੜਕ ਮਿਲਾਪਾਂ ਦੀ,
ਠੋਸ ਮੁਹੱਬਤ ਵਾਲੀ ਕਿਧਰੋਂ ਲੁੱਕ ਲਿਆ।
ਜਿਹੜੀ ਖ਼ਤਮ ਨਾ ਹੋਵੇ ਆਉਂਦੀ ਪਰਲੋ ਤੱਕ,
ਮੇਰੀ ਖ਼ਾਤਰ ਐਸੀ ਉਮਰ ਅਮੁੱਕ ਲਿਆ।
ਸੱਧਰ ਹੋਰ ਕੋਈ ਨਾ ਭੁੱਖੀ ਮਰ ਜਾਵੇ,
ਆਸ਼ਾਵਾਂ ਦਾ ਭੋਰਾ-ਝੋਰਾ ਟੁੱਕ ਲਿਆ।
ਸਮਝ ਲਈ ਇਹ ਚਾਲ ਵੀ ਤੇਰੀ ਲੋਕਾਂ ਨੇ,
'ਨੂਰ' ਨਵੇਲੀ ਘੜ ਕੇ ਕੋਈ ਠੁੱਕ ਲਿਆ।
ਟਾਂਡਿਆਂ ਵਾਂਗੂੰ ਨਾਤੇ ਗੱਭਿਉਂ ਟੁੱਟਣਗੇ।
ਜਿਸ ਦਿਨ ਲੋਕ ਮੁਹੱਬਤ ਦਾ ਗਲ ਘੁੱਟਣਗੇ।
ਜੂਹ ਬੇਗਾਨੀ ਵਿਚ ਜਾ ਕੇ ਨਾ ਬੜ੍ਹਕਾਂ ਮਾਰ,
ਅਪਣੇ ਮਾਰਨਗੇ ਤਾਂ ਛਾਵੇਂ ਸੁੱਟਣਗੇ।
ਆਪੋ-ਧਾਪੀ ਦੱਸੇ ਲੋਕ ਜ਼ਮਾਨੇ ਦੇ,
ਅਪਣੀ ਖ਼ਾਤਰ ਆਪੇ ਕਬਰਾਂ ਪੁੱਟਣਗੇ।
ਡਾਂਗਾਂ-ਸੋਟੇ ਕੱਠੇ ਕਰ ਕੇ ਰੱਖਦੇ ਨੇ,
ਦੇਖੀਂ ਹੁਣ ਇਹ ਨਿਰਦੋਸ਼ਾਂ ਨੂੰ ਕੁੱਟਣਗੇ।
ਬੂਟੇ ਲਾਉਣ ਲਈ ਜੋ ਕਹਿਣ ਗ਼ਰੀਬਾਂ ਨੂੰ,
ਆਪ ਦਰਖ਼ਤਾਂ ਨੂੰ ਇਹ ਹਾਕਮ ਪੁੱਟਣਗੇ।
ਫੇਰ ਬਣੂ ਕੀ ਤੇਰੀ ਅਣਖ-ਬਨਾਉਟੀ ਦਾ,
ਜਦ ਚੌਕਾਂ ਵਿਚ ਝੂਠੇ ਭਾਂਡੇ ਫੁੱਟਣਗੇ।
ਆਊ ਨਵੀਂ ਮੁਸੀਬਤ ਹੋਰ ਕਰੁੰਬਲ 'ਤੇ,
ਲੂਆਂ ਮਾਰੇ ਬੂਟੇ ਜਦ ਤੱਕ ਫੁੱਟਣਗੇ।
ਕਿਉਂ ਲੈ ਕੇ ਬੈਠਾ ਏਂ ਮਨ ਵਿਚ ਫਿਕਰਾਂ 'ਨੂਰ',
ਲੁੱਟਣ ਵਾਲੇ ਮੌਕਾ ਤੱਕ ਕੇ ਲੁੱਟਣਗੇ।
ਦਿਲ ਪਰਚਾਵਾਂ ਨਾਲ ਅਜਿਹੀਆਂ ਖੇਲਾਂ ਦੇ।
ਵੱਢੂੰ-ਖਾਉਂ ਕਰਨ ਜੋ ਵਾਂਗ ਚੁੜੇਲਾਂ ਦੇ।
ਮੈ ਆਸ਼ਿਕ ਹਾਂ ਮੁੜ੍ਹਕੇ ਦੀ ਖ਼ੁਸ਼ਬੂਈ ਦਾ,
ਯਾਰ ਸ਼ੁਦਾਈ ਜਾਪਣ ਇਤਰ-ਫੁਲੇਲਾਂ ਦੇ।
ਬਣ ਕੇ ਘੋਰ-ਘਟਾਵਾਂ ਮਹਿਰਮ ਵਰ੍ਹਿਆ ਨਾ,
ਘੁੰਢ ਮੁੜੇ ਜਾਂਦੇ ਨੇ ਦਿਲ ਦੀਆਂ ਵੇਲਾਂ ਦੇ।
ਕਦ ਤੱਕ ਕੈਦ ਕਰਨਗੇ ਮੇਰੀਆਂ ਸੋਚਾਂ ਨੂੰ,
ਤੰਗ ਦਰੀਚੇ ਤੇਰੇ ਦਿਲ ਦੀਆਂ ਜੇਲ੍ਹਾਂ ਦੇ।
ਜ਼ਿੰਦ ਗ਼ਰੀਬੀ ਦੀ ਰੇਖਾ ਤੋਂ ਹੇਠ ਰਹੀ,
ਸ਼ੌਕ ਗਏ ਨਾ ਪਾਲੇ ਹਾਰ-ਹਮੇਲਾਂ ਦੇ।
ਦਫ਼ਤਰ ਤੋਂ ਘੱਲ ਦਿੱਤਾ ਘਰ ਵਲ ਬਾਬੇ ਨੂੰ,
ਕਿਹੜੀ ਉਮਰੇ ਆਏ ਨੇ ਦਿਨ ਵਿਹਲਾਂ ਦੇ।
ਹੱਦਾਂ-ਬੰਨੇ ਟੱਪ ਲਏ ਮਹਿੰਗਾਈ ਨੇ,
ਕਿਹੜਾ ਪਾਲੇ ਅੱਜ-ਕੱਲ੍ਹ ਸ਼ੌਕ ਰਖੇਲਾਂ ਦੇ।
ਸਾਇਕਲ ਤੇ ਚੜ੍ਹ ਕੇ ਹੀ ਦਫ਼ਤਰ ਜਾਂਦੇ ਹਾਂ,
ਭਾਅ ਅਸਮਾਨ ਚੜ੍ਹੇ ਨੇ ਜਦ ਤੋਂ ਤੇਲਾਂ ਦੇ।
ਲੰਮੀ ਟਿਕਟ ਖ਼ਰੀਦ ਲਵੋ ਪਹਿਲਾਂ ਹੀ 'ਨੂਰ'
ਭਾੜੇ ਵੱਧ ਜਾਣੇ ਹਨ ਕੱਲ੍ਹ ਤੋਂ ਰੇਲਾਂ ਦੇ।
ਭਰੋਸਾ ਜੇ ਨਹੀਂ ਕਰਨਾ ਢਹੇ ਦਿਲ ਦੇ ਬਨੇਰੇ 'ਤੇ।
ਜਦੋਂ ਚਾਹਵੋ ਚਲੇ ਜਾਉ ਕਿਸੇ ਕੋਠੇ ਉਚੇਰੇ 'ਤੇ।
ਬੁਝਾ ਦੇਣੀ ਹੈ ਮਘਦੇ ਹੁਸਨ ਦੀ ਭੱਠੀ ਬੁਢਾਪੇ ਨੇ,
ਸਵੇਰੇ ਰੋਸ਼ਨੀ ਹਾਵੀ ਜਿਵੇਂ ਹੁੰਦੀ ਹੈ 'ਨ੍ਹੇਰੇ 'ਤੇ।
ਵਜਾਉਣੀ ਬੀਨ ਵੀ ਸਿੱਖੀ ਨਹੀਂ ਜਿਸ ਨੇ ਮੁਹੱਬਤ ਦੀ,
ਕਿਵੇਂ ਇਲਜ਼ਾਮ ਦਿਲ ਕੀਲਣ ਦਾ ਰੱਖੀਏ ਉਸ ਸਪੇਰੇ 'ਤੇ।
ਉਨ੍ਹਾਂ ਦਾ ਸਾਥ ਲੱਗਦਾ ਹੈ ਕਚੇਰੇ ਸੂਤ ਦੀ ਅੱਟੀ,
ਭਰੋਸਾ ਕਦ ਕੁ ਤੱਕ ਕਰੀਏ ਕਿਸੇ ਰਿਸ਼ਤੇ ਕਚੇਰੇ 'ਤੇ।
ਜਦੋਂ ਕੀਤਾ ਭਰੋਸਾ ਰਾਹਬਰਾਂ ਨੇ ਸਾਥ ਨਾ ਦਿੱਤਾ,
ਤੁਰਾਂਗੇ ਹੁਣ ਇਕੱਲੇ ਸਿਦਕ ਦੇ ਰਸਤੇ ਲਮੇਰੇ 'ਤੇ।
ਹਨੇਰੀ ਰਾਤ ਵਿਚ ਆਉਂਦੀ ਨਾ ਨੌਬਤ ਫੇਰ ਖ਼ੁਆਰੀ ਦੀ,
ਮੇਰਾ ਮਹਿਰਮ ਜਲਾ ਦਿੰਦਾ ਜੇ ਇਕ ਦੀਵਾ ਬਨੇਰੇ 'ਤੇ।
ਕਿਨਾਰੇ ਜਾ ਖਲੋਤੀ ਹੈ ਦਿਲਾਂ ਦੇ ਸਾਥ ਦੀ ਬੇੜੀ,
ਛੁਪਾ ਲੈਣੀ ਹੈ ਲਹਿਰਾਂ ਨੇ ਇਹ ਇਕ ਚੱਪੂ ਦੇ ਫੇਰੇ 'ਤੇ।
ਨਹੀਂ ਰੁਕਦਾ ਤੂਫ਼ਾਨਾਂ ਤੋਂ ਵੀ ਉਸ ਪਲ 'ਨੂਰ' ਦਾ ਰਸਤਾ,
ਭਰੋਸਾ ਕਰ ਕੇ ਤੁਰਦਾ ਹੈ ਜਦੋਂ ਉਹ ਅਪਣੇ ਜੇਰੇ 'ਤੇ।
ਜਿੱਥੇ ਮੈਂ ਮਰਦਾ ਹਾਂ ਉੱਥੇ ਮਰਦਾ ਰਹਿ।
ਝੂਠੋ-ਝੂਠ ਮੁਹੱਬਤ ਦਾ ਦਮ ਭਰਦਾ ਰਹਿ।
ਭੰਵਰ ਵਿੱਚੋਂ ਤੈਨੂੰ ਪਾਰ ਲਿਜਾਵਾਂਗਾ,
ਭਰਵਾਸੇ ਦੀ ਬੇੜੀ ਉੱਤੇ ਤਰਦਾ ਰਹਿ।
ਸਭ ਕੁਝ ਹੁੰਦੇ-ਸੁੰਦੇ ਮੈਂ ਵੀ ਰੋਂਦਾ ਹਾਂ,
ਰੀਸੋ-ਰੀਸੀ ਤੂੰ ਵੀ ਹੌਕੇ ਭਰਦਾ ਰਹਿ।
ਸੁਆਦ ਕਿਰਕਰਾ ਹੋ ਨਾ ਜਾਵੇ ਜਿੱਤਣ ਦਾ,
ਸੋਚ-ਸਮਝ ਕੇ ਹਰ ਇਕ ਬਾਜ਼ੀ ਹਰਦਾ ਰਹਿ।
ਭਾਫ਼ ਦਿਸੇ ਨਾ ਧੁਖਦੇ ਦਿਲ ਚੋਂ ਨਿੱਕਲਦੀ,
ਸਬਰ-ਸ਼ੁਕਰ ਦੇ ਨਾਲ ਜੁਦਾਈ ਜਰਦਾ ਰਹਿ।
ਜਦ ਤੱਕ ਦਮ ਹੈ ਰੱਖ ਲੈ ਲਾਜ ਮੁਹੱਬਤ ਦੀ,
ਤਰਦਾ ਰਹਿ ਤੇ ਹੌਲੀ-ਹੌਲੀ ਖਰਦਾ ਰਹਿ।
ਹਰ ਵੇਲੇ ਰੱਖਦਾ ਹੈ ਤੈਨੂੰ ਨਜ਼ਰਾਂ ਵਿਚ,
ਸ਼ਾਮ-ਸਵੇਰੇ 'ਨੂਰ' ਖ਼ੁਦਾ ਤੋਂ ਡਰਦਾ ਰਹਿ।
ਭਾਵੇਂ ਅੱਜ ਮਿਲੇ ਭਾਵੇਂ ਕੱਲ੍ਹ ਮਿਲ ਜਾਵੇ।
ਮੈਨੂੰ ਮੇਰੀ ਮਿਹਨਤ ਦਾ ਫਲ ਮਿਲ ਜਾਵੇ।
ਛਾਲੇ-ਛਾਲੇ ਹੋਈਆਂ ਤਲੀਆਂ ਦੇਖ ਲਵਾਂ,
ਕਿਸਮਤ ਦੇ ਪੈਰਾਂ ਨੂੰ ਜੇ ਥਲ ਮਿਲ ਜਾਵੇ।
ਗਰਮੀ ਤੋਂ ਬਚ ਜਾਵੇ ਪਿੰਡਾ ਰੀਝਾਂ ਦਾ,
ਸੱਧਰਾਂ ਨੂੰ 'ਢਾਕੇ' ਦੀ ਮਲਮਲ ਮਿਲ ਜਾਵੇ।
ਏਸੇ ਆਸ ਸਹਾਰੇ ਚਾਲੇ ਪਾਏ ਨੇ,
ਸ਼ਾਇਦ ਹੁਣ ਕਿਸਮਤ ਨੂੰ ਮੰਜ਼ਿਲ ਮਿਲ ਜਾਵੇ।
ਰੋਕ ਸਕੇਗਾ ਕਿਹੜਾ ਫੇਰ ਬਗ਼ਾਵਤ ਨੂੰ,
ਲੋਕ ਹੁੰਘਾਰੇ ਦਾ ਜੇ ਕਰ 'ਬਲ' ਮਿਲ ਜਾਵੇ।
ਫੇਰ ਕਿਵੇਂ ਰੋਕੋਗੇ ਜ਼ੁਲਮ ਜ਼ਮਾਨੇ 'ਚੋਂ,
ਚੋਰ ਜਦੋਂ ਸਾਧਾਂ ਦੇ ਵਿਚ ਰਲ-ਮਿਲ ਜਾਵੇ।
ਠੀਕ ਕਰਨ ਦੀ ਖ਼ਾਤਰ ਹੀਲੇ ਕਰਦਾ ਹਾਂ,
ਸ਼ਾਇਦ ਵਿਗੜੇ ਰਿਸ਼ਤੇ ਦੀ ਕਲ ਮਿਲ ਜਾਵੇ।
ਹਸਦ ਕਰੋ ਨਾ ਉਸ ਦੀ ਚੰਗੀ ਕਿਸਮਤ ਤੇ,
ਜਿਸ ਨੂੰ ਚਾਹਤ ਦਾ ਗੰਗਾ-ਜਲ ਮਿਲ ਜਾਵੇ।
ਤੁਰਦਾ ਚੱਲ ਖ਼ੁਦਾ ਤੇ ਰੱਖ ਉਮੀਦਾਂ 'ਨੂਰ'
ਸ਼ਾਇਦ ਕੋਈ ਚਾਹਤ ਦਾ ਹੱਲ ਮਿਲ ਜਾਵੇ।
ਖ਼ੁਸ਼ੀਆਂ ਕਿੱਥੋਂ ਆ ਗਈਆਂ ਨੇ, ਮੇਰੇ ਬਾਝੋਂ ਯਾਰਾਂ ਕੋਲ।
ਸੋਚ ਰਿਹਾ ਹਾਂ ਬੈਠ ਇਕੱਲਾ, ਮੈ ਸੁੰਨੀਆਂ ਦੀਵਾਰਾਂ ਕੋਲ।
ਨਾ ਤਾਂ ਮਨ ਨੂੰ ਚੈਨ ਹੀ ਮਿਲਿਆ, ਖੜ੍ਹ ਕੇ ਚਾਰ ਮੀਨਾਰਾਂ ਕੋਲ,
ਨਾ ਹੀ ਦਿਲ ਨੂੰ ਠੰਢਕ ਲੱਭੀ, ਬਹਿ ਕੇ ਚਾਰ ਚਿਨਾਰਾਂ ਕੋਲ।
ਸਮਝ ਰਿਹਾ ਸਾਂ ਅਮਨ ਨਿਸ਼ਾਨੀ, ਜਿਸ ਪੰਛੀ ਦੇ ਆਵਣ ਨੂੰ,
ਗੁਟਕ ਰਿਹਾ ਹੈ ਬੈਠਾ ਉਹ ਮੂਰਤ ਦੇ ਹਿੱਕ ਉਭਾਰਾਂ ਕੋਲ।
ਚਮਕ ਰਿਹਾ ਹੈ ਉਸ ਦਾ ਮੁੱਖੜਾ, ਵਾਂਗੂੰ ਸੁਰਖ ਗੁਲਾਬਾਂ ਦੇ,
ਝੱਖੜ ਆ ਕੇ ਮੁੜਿਆ ਹੋਣਾ, ਹੈ ਕੋਈ ਰੁਖ਼ਸਾਰਾਂ ਕੋਲ।
ਨਾ ਜਾਣੇ ਕਿਸ ਦਿਨ ਫਟ ਜਾਵਣ, ਇਹ ਸੁਰੰਗਾਂ ਬਾਰੂਦ ਦੀਆਂ,
ਕਿਹੜਾ ਬਹਿ ਕੇ ਜਾਨ ਗਵਾਏ, ਨੈਣਾਂ ਦੇ ਹਥਿਆਰਾਂ ਕੋਲ।
ਸਭਨਾਂ ਦੇ ਰੁਖ਼ਸਾਰਾਂ ਉੱਤੇ, ਪਾਨ ਚੜ੍ਹੀ ਹੈ ਪੱਛਮ ਦੀ,
ਪਹਿਲਾਂ ਵਰਗੇ ਦੇਸੀ ਮੁੱਖੜੇ, ਹੁਣ ਕਿੱਥੇ ਮੁਟਿਆਰਾਂ ਕੋਲ।
ਫੇਰ ਉਛਾਲਣ ਲੱਗ ਜਾਵਣ ਉਹ, ਚਿੱਕੜ ਭਲਿਆਂ ਲੋਕਾਂ ਤੇ,
ਲਿਖਣ ਲਈ ਜਦ ਕੁੱਝ ਨਹੀਂ ਹੁੰਦਾ, ਵਕਤ ਦੀਆਂ ਅਖ਼ਬਾਰਾਂ ਕੋਲ।
ਦਿਲ ਤਾਂ ਹਰ ਬੰਦੇ ਦਾ ਚਾਹਵੇ, ਮੈਂ ਵੀ ਹਾਰ ਸ਼ਿੰਗਾਰ ਕਰਾਂ,
ਪਰ ਦੌਲਤ ਹੀ ਲੈ ਕੇ ਜਾਂਦੀ, ਬੰਦੇ ਨੂੰ ਸੁਨਿਆਰਾਂ ਕੋਲ।
ਇਕ ਦਿਨ ਤੂੰ ਵੀ ਡਿਗ ਪੈਣਾ ਹੈ, ਵਾਂਗ ਇਨ੍ਹਾਂ ਦੇ ਮੰਜੇ ਤੇ,
ਦੋ ਪਲ ਜਾ ਕੇ ਬਹਿ ਆਇਆ ਕਰ, 'ਨੂਰ' ਕਦੇ ਬੀਮਾਰਾਂ ਕੋਲ।
ਜਿਸ ਦੇ ਉੱਤੇ ਲੱਗਿਆ ਜਾਪੇ, ਵਰ੍ਹਿਆਂ ਤੋਂ ਇੱਕ ਤਾਲਾ ਗੋਲ।
ਤੁਰਦਾ-ਫਿਰਦਾ ਪੁੱਜ ਗਿਆ ਹਾਂ, ਮੈਂ ਉਸ ਘਰ ਦੇ ਬੂਹੇ ਕੋਲ।
ਜਿਸ ਨੂੰ ਲਿਖਣਾ ਵੀ ਨਾ ਆਵੇ, ਊੜਾ-ਆੜਾ ਗ਼ਜ਼ਲਾਂ ਦਾ,
ਉਸ ਬੰਦੇ ਨੂੰ ਮਹਿਫ਼ਲ ਦੇ ਵਿਚ, ਡਿੱਠਾ ਕਰਦੇ ਮੈਂ ਪੜਚੋਲ।
ਪਰਖ ਕਰਨ ਉੱਤੇ ਉਹ ਡਿੱਠਾ, ਕਾਇਰ ਤੋਂ ਵੀ ਵੱਧ ਕਮਜ਼ੋਰ,
ਦੇਖਣ-ਪਾਖਣ ਨੂੰ ਲੱਗਦਾ ਸੀ, ਜਿਸ ਯੋਧੇ ਦਾ ਜਿਸਮ ਸਡੋਲ।
ਹਰ ਵਾਰੀ ਉਹ ਆਉਂਦੇ ਨੇ ਤੇ, ਬਿਨ ਝਾਕੇ ਮੁੜ ਜਾਂਦੇ ਨੇ,
ਕੌਣ ਪਿਆਸਾ ਸੁੱਕੇ ਖੂਹ ਦੇ, ਵਿੱਚ ਫਰਾਹ ਕੇ ਬੈਠੇ ਡੋਲ।
ਮੇਰੇ ਦਿਲ ਦਾ ਚੈਨ-ਚੁਰਾ ਕੇ, ਚੁੱਪ-ਚੁਪੀਤੇ ਤੁਰ ਗਏ ਨੇ,
ਇਕ ਦਿਨ ਬਣ ਕੇ ਭੋਲੇ-ਭਾਲੇ, ਆਏ ਸਨ ਜੋ ਰੀਝਾਂ ਕੋਲ।
ਲੁਕਦੇ-ਛਿਪਦੇ ਫਿਰਨੈ ਕਦ ਤੱਕ, ਯਾਰਾ ਲੋਕ ਨਿਗਾਹਾਂ ਤੋਂ,
ਘੁੱਗੀਆਂ ਦਾ ਉਹ ਜੋੜਾ ਕਰਦਾ, ਤਾਰਾਂ ਉੱਤੇ ਨਿੱਤ ਕਲੋਲ।
ਦੇਖਾਂਗੇ ਫਿਰ ਕਿੰਜ ਅਮੀਰੀ, ਤੇਰੇ ਘਰ ਵਿਚ ਰਹਿੰਦੀ ਹੈ,
'ਨੂਰ ਮੁਹੰਮਦ' ਵਾਂਗੂੰ ਪੂਰਾ, ਹਰ ਇਕ ਸੌਦਾ ਤੂੰ ਵੀ ਤੋਲ।
ਜੂਝ ਪਏ ਹਾਂ ਹੱਕਾਂ ਖ਼ਾਤਰ ਜੋਕਾਂ ਵਾਂਗ।
ਹੁਣ ਨਾ ਸਾਥੋਂ ਡਰਿਆ ਜਾਂਦਾ ਲੋਕਾਂ ਵਾਂਗ।
ਸਾਡੇ ਹੱਕ ਦਬਾ ਕੇ ਕਿੱਧਰੋਂ ਲੰਘੇਂਗਾ'
ਰਸਤੇ ਵਿਚ ਖਲੋ ਜਾਵਾਂਗੇ ਰੋਕਾਂ ਵਾਂਗ।
ਵਿਸਰਣ ਪਿੱਛੋਂ ਭੁੱਲੇਂਗਾ ਕਿੰਜ ਯਾਦਾਂ ਨੂੰ,
ਤੇਰੇ ਦਿਲ ਵਿਚ ਚੁਭਣਗੀਆਂ ਜਦ ਨੋਕਾਂ ਵਾਂਗ।
ਕੀ ਵਡਿਆਈ ਕਰੀਏ ਐਸੇ ਰੁਸਤਮ ਦੀ,
ਸਹਿ ਕੇ ਬੈਠ ਗਿਆ ਜਿਹੜਾ ਡਰਪੋਕਾਂ ਵਾਂਗ।
ਮੈਥੋਂਂ ਨਾ ਬਹਿਲਾਇਆ ਜਾਵੇ ਆਪੇ ਨੂੰ,
ਦੇ ਕੇ ਮਿੱਠੇ ਲਾਰੇ ਧਰਮ-ਸ਼ਲੋਕਾਂ ਵਾਂਗ।
ਧੱਬੇ ਤਲਖ਼-ਮਿਜ਼ਾਜੀ ਨੇ ਪਾਏ ਨੇ 'ਨੂਰ'
ਜੀਵਨ ਦੀ ਫੁਲਕਾਰੀ ਉੱਤੇ ਟੋਕਾਂ ਵਾਂਗ।
ਇਹ ਵੀ ਮਸਲਾ ਵਿਚਾਰਿਆ ਜਾਵੇ।
ਦਰਦ ਮਿਲ ਕੇ ਸਹਾਰਿਆ ਜਾਵੇ।
ਚੁੱਕ ਕੇ ਧਰਤੀ ਤੋਂ ਝੂਠ ਦੇ ਖੰਡਰ,
ਮਹਿਲ ਸੱਚ ਦਾ ਉਸਾਰਿਆ ਜਾਵੇ।
ਜ਼ੁਲਫ਼ ਉਲਝੀ ਹੈ ਜੋ ਮੁਕੱਦਰ ਦੀ,
ਇਸ ਨੂੰ ਮਿਲ ਕੇ ਸੰਵਾਰਿਆ ਜਾਵੇ।
ਨਾਪ ਲੈ ਕੇ ਦੁਖਾਂ ਦੀ ਚਾਦਰ ਦਾ,
ਪੈਰ ਸੁੱਖ ਦਾ ਪਸਾਰਿਆ ਜਾਵੇ।
ਇਹ ਜੋ 'ਅਕਸ਼ਾ' ਦੇ ਵਾਂਗ ਸੁੰਦਰ ਹੈ,
ਇਸ ਦਾ ਨਕਸ਼ਾ ਉਤਾਰਿਆ ਜਾਵੇ।
ਸੰਨ੍ਹ ਲਾਵੇ ਜੋ ਦਿਲ ਦੀ ਚੌਖਟ ਤੇ,
ਉਸ ਨੂੰ ਕਿਉਂ ਨਾ ਵੰਗਾਰਿਆ ਜਾਵੇ।
'ਨੂਰ' ਕਦ ਤੱਕ ਕਰੇਂਗਾ ਲੋਕਾਂ ਦੀ,
ਅਪਣਿਆਂ ਨੂੰ ਵੀ ਤਾਰਿਆ ਜਾਵੇ।
ਪੁੱਛੋ ਨਾ ਸਫ਼ਰ ਦੇ ਵਿਚ ਸਾਡਾ ਕੀ ਹਾਲ ਹੋਇਆ।
ਥੱਕੇ ਹਾਂ ਇਸ ਤਰ੍ਹਾਂ ਕਿ ਉੱਠਣਾ ਮੁਹਾਲ ਹੋਇਆ।
ਖਾਧੇ ਨੇ ਡੰਗ ਭਾਵੇਂ ਸੌ ਵਾਰ ਦੂਜਿਆਂ ਤੋਂ,
ਐਪਰ ਨਾ ਸੱਪ ਸਾਥੋਂ ਬੁੱਕਲ 'ਚ ਪਾਲ ਹੋਇਆ।
ਫਸਿਆ ਹੈ ਇਸ ਤਰ੍ਹਾਂ ਦਿਲ ਨੈਣਾਂ ਦੀ ਧਾਰ ਅੰਦਰ,
ਜਿਉਂ ਮੁੱਖ ਨਾ ਉਸ ਦਾ ਹੋਇਆ ਰੇਸ਼ਮ ਦਾ ਜਾਲ ਹੋਇਆ।
ਉਸ ਦਿਨ ਵਿਖਾ ਦਵਾਂਗੇ ਤਾਕਤ ਬਿਗਾਨਿਆਂ ਨੂੰ,
ਸੁਫ਼ਨਾ ਜਦੋਂ ਵੀ ਸਾਡਾ ਸਾਥੋਂ ਉਧਾਲ ਹੋਇਆ।
ਰਿਝਦਾ ਰਿਹਾ ਕੜਾਹਾ ਅੰਦਰ ਹੀ ਅੱਥਰੂਆਂ ਦਾ,
ਨੈਣਾਂ ਦੇ ਰਸਤਿਉਂ ਨਾ ਬਾਹਰ ਉਛਾਲ ਹੋਇਆ।
ਜਿਸ ਦਿਨ ਹਿਸਾਬ ਡਿੱਠਾ ਜੀਵਨ ਦੇ ਖ਼ਾਤਿਆਂ ਦਾ,
ਇਕ ਉਮਰ ਦੀ ਕਮਾਈ ਲੋਕਾਂ ਦਾ ਮਾਲ ਹੋਇਆ।
ਤੱਕਦੀ ਰਹੀ ਹਿਆਤੀ ਝੱਖੜ ਦੇ ਚਾਲਿਆਂ ਨੂੰ,
ਅਪਣੇ ਇਰਾਦਿਆਂ ਦਾ ਦੀਵਾ ਨਾ ਬਾਲ ਹੋਇਆ।
ਪੜ੍ਹਦੇ ਹੋ ਰੋਜ਼ ਚਰਚਾ ਜਿਸ ਹਾਦਸੇ ਦੀ ਅੱਜ-ਕੱਲ,
ਉਹ ਮਾਜਰਾ ਹੈ ਸਾਰਾ ਮੇਰੇ ਹੀ ਨਾਲ ਹੋਇਆ।
ਹੋਰਾਂ ਦੇ ਨਾਲ ਬੈਠਾ ਡਿੱਠਾ ਬਿਗਾਨਿਆਂ ਨੇ,
ਜਦ 'ਨੂਰ' ਤੋਂ ਨਾ ਉਸ ਨੂੰ ਨੇੜੇ ਬਿਠਾਲ ਹੋਇਆ।
ਆਉਂਦੇ ਨੇ ਲੋਕ ਸਾਰੇ ਅੱਗਾਂ ਹੀ ਲਾਉਣ ਏਥੇ।
ਦੁਖੀਆਂ ਦਾ ਸਾਥ ਅੱਜ-ਕੱਲ ਦਿੰਦਾ ਹੈ ਕੌਣ ਏਥੇ।
ਹਰ ਰੋਜ਼ ਪਰਖਦਾ ਹਾਂ ਖ਼ਸਲਤ ਉਨ੍ਹਾਂ ਦੀ, ਜਿਹੜੇ,
ਨਫ਼ਰਤ ਦਾ ਤੇਲ ਬਲਦੇ ਭਾਂਬੜ ਤੇ ਪਾਉਣ ਏਥੇ।
ਲਗਦੇ ਨੇ ਦੇਵਤੇ ਉਹ ਬੰਦਿਆਂ ਦੇ ਰੂਪ ਅੰਦਰ,
ਹੋਰਾਂ ਦੇ ਵਾਸਤੇ ਜੋ ਕੰਡਿਆਂ ਤੇ ਸੌਣ ਏਥੇ।
ਏਥੇ ਤਾਂ ਚੱਲ ਰਹੇ ਨੇ ਡਿਸਕੋ ਦੇ ਗੀਤ ਹਰ ਥਾਂ,
ਅੱਜ-ਕੱਲ ਦੇ ਲੋਕ 'ਵਾਰਿਸ' ਹੀਰਾਂ ਨਾ ਗਾਉਣ ਏਥੇ।
ਬਦਜ਼ੌਕਿਆਂ 'ਚ ਅਪਣੀ ਸ਼ੁਹਰਤ ਗੰਵਾ ਕੇ ਪਰਤੇ,
ਆਏ ਸੀ ਲੋਕ ਜਿਹੜੇ ਗ਼ਜ਼ਲਾਂ ਸੁਣਾਉਣ ਏਥੇ।
ਭਰਨਾ ਹੈ ਮਟਕਿਆਂ ਵਿਚ ਪਾਣੀ ਕਿਨ੍ਹਾਂ ਨੇ ਆ ਕੇ,
ਨਾ ਭੌਣੀਆਂ ਨੇ, ਨਾ ਖੂਹ, ਨਾ ਹੀ ਹੈ ਮੌਣ ਏਥੇ।
ਉਹਨਾਂ ਦੀ ਭਾਲ ਅੰਦਰ ਖਾਂਦਾ ਹਾਂ ਚੁੱਭੀਆਂ ਜੋ-
ਨੈਣਾਂ ਦੇ ਸਾਗਰਾਂ ਚੋਂ ਮੋਤੀ ਲਿਆਉਣ ਏਥੇ।
ਲੱਤਾਂ ਪਸਾਰ ਬੈਠੈਂ ਸੁੱਖਾਂ ਦੀ ਸੇਜ ਉੱਤੇ,
ਆਇਆ ਹੈਂ 'ਨੂਰ' ਤੂੰ ਤਾਂ ਫੇਰੀ ਹੀ ਪਾਉਣ ਏਥੇ।
ਦਿਲ ਕਰਦਾ ਹੈ ਨਾਲ ਤੇਰੇ ਮੈ, ਬਹਿ ਕੇ ਕੋਈ ਬਾਤ ਕਰਾਂ।
ਬੈਠੇ ਬੈਠੇ ਸ਼ਾਮਾਂ ਹੋਵਣ, ਰਾਤ ਪਵੇ ਪਰਭਾਤ ਕਰਾਂ।
ਜਦ ਬਿਰਹਾ ਦਾ ਸੂਰਜ ਚੜ੍ਹ ਕੇ, ਠਾਰੇ ਦਿਲ ਦੀ ਧਰਤੀ ਨੂੰ,
ਤੇਰੀਆਂ ਜ਼ੁਲਫ਼ਾਂ ਉਹਲੇ ਹੋ ਕੇ, ਮੈਂ ਸੂਰਜ ਨੂੰ ਝਾਤ ਕਰਾਂ।
ਕਿੰਜ ਉਡੇਗੀ ਆਕਾਸ਼ਾਂ ਵਿਚ, ਗੁੱਡੀ ਸਾਡੀ ਹਿੰਮਤ ਦੀ,
ਤੇਰੇ ਵਾਂਗੂੰ ਅੱਥਰੂਆਂ ਦੀ, ਜੇ ਮੈਂ ਵੀ ਬਰਸਾਤ ਕਰਾਂ।
ਸੂਹੇ ਹੱਥਾਂ ਨਾਲ ਉਲੀਕੇਂ, ਤੂੰ ਤਕਦੀਰ ਜ਼ਮਾਨੇ ਦੀ,
ਅਪਣੇ ਹੱਥੀਂ ਤੇਰੇ ਅੱਗੇ, ਚੁਕ ਕੇ ਕਲਮ-ਦਵਾਤ ਕਰਾਂ।
ਤੇਰੀ ਖ਼ਾਤਰ ਅਪਣੇ ਦਿਲ ਤੇ, ਝੱਲਾਂ ਦੁੱਖ ਜ਼ਮਾਨੇ ਦੇ,
ਤੇਰੀਆਂ ਖ਼ੁਸ਼ੀਆਂ ਤਕ ਹੀ ਸੀਮਿਤ ਹੁਣ ਮੈਂ ਅਪਣੀ ਜ਼ਾਤ ਕਰਾਂ।
ਜੇ ਕਰ ਕੀਤੇ ਕੌਲ ਨਿਭਾਵੇਂ, ਤੂੰ ਦਿਲ ਦੀ ਗਹਿਰਾਈ ਤੋਂ,
ਸੱਸੀ, ਸੋਹਣੀ, ਸ਼ੀਰੀ ਦੇ ਪ੍ਰਚੱਲਤ ਕਿੱਸੇ ਮਾਤ ਕਰਾਂ।
ਕਬਰ ਬਣੇ ਨਾ ਕੱਲਮ-ਕੱਲੀ, ਮੇਰੇ ਹੀ ਅਰਮਾਨਾਂ ਦੀ,
'ਨੂਰ' ਬਿਨਾਂ ਤੂੰ ਵੀ ਮਰ ਜਾਵੇਂ, ਪੈਦਾ ਉਹ ਹਾਲਾਤ ਕਰਾਂ।
ਦਿਲ ਵੀ ਹਾਲੇ ਹੈ ਸਲਾਮਤ ਸ਼ੌਕ ਵੀ ਮੋਇਆ ਨਹੀਂ।
ਖੋਲ੍ਹ ਕੇ ਬੈਠੇ ਹਾਂ ਬੂਹਾ ਆਸ ਦਾ ਢੋਇਆ ਨਹੀਂ।
ਕਿਉਂ ਉਨ੍ਹਾਂ ਦੇ ਕੋਲ ਜਾ ਕੇ ਛੇੜੀਏ ਉਸ ਬਾਤ ਨੂੰ,
ਸ਼ਹਿਰ ਵਿਚ ਚਰਚਾ ਅਜੇ ਜਿਸ ਬਾਤ ਦਾ ਹੋਇਆ ਨਹੀਂ।
ਬਿਨ-ਬੁਲਾਏ ਜੇ ਕਦੇ ਉਹ ਆ ਗਏ ਤਾਂ ਕੀ ਬਣੂ,
ਸੋਚਦਾ ਹੀ ਸੋਚਦਾ ਮੈਂ ਰਾਤ ਭਰ ਸੋਇਆ ਨਹੀਂ।
ਲੈ ਗਏ ਸਰਕਾਰ ਕੋਲੋਂ ਰਾਹਤਾਂ ਦੇ ਢੇਰ ਉਹ,
ਖਣ ਜਿਨ੍ਹਾਂ ਦਾ ਇੱਕ ਵੀ ਬਰਸਾਤ ਵਿਚ ਚੋਇਆ ਨਹੀਂ।
ਫਿਰ ਰਿਹਾ ਹਾਂ ਸ਼ਹਿਰ ਵਿਚ ਬੰਜਰ ਦਿਲਾਂ ਨੂੰ ਸਿੰਜਦਾ,
ਬੀਜ ਉਲਫ਼ਤ ਦਾ ਅਜੇ ਤੱਕ ਮੈਂ ਕਿਤੇ ਬੋਇਆ ਨਹੀਂ।
ਕਰਨ ਮੇਰੇ ਨਾਲ ਤੁਲਣਾ ਇਸ ਪੜਾਅ ਤੇ ਲੋਕ ਉਹ,
ਬੋਝ ਬਿਰਹਾ ਦਾ ਜਿਨ੍ਹਾਂ ਨੇ ਧੌਣ ਤੇ ਢੋਇਆ ਨਹੀਂ।
ਰਾਤ ਭਰ ਕਰਦਾ ਰਿਹਾ ਉਹ ਰਸਤਿਆ ਵਿਚ ਰੋਸ਼ਨੀ,
ਅਪਣਿਆਂ ਪੈਰਾਂ 'ਚ ਚਾਨਣ ਦੀਪ ਤੋਂ ਹੋਇਆ ਨਹੀਂ।
ਜ਼ਿੰਦਗੀ ਉਲਝੀ ਹੈ ਕਾਹਤੋਂ ਮੁਸ਼ਕਲਾਂ ਦੀ ਝਿੰਗ ਵਿਚ,
ਬੀਜ ਕੰਡਿਆਲੇ ਕਰੀਰਾਂ ਦਾ ਕਿਤੇ ਬੋਇਆ ਨਹੀਂ।
'ਨੂਰ' ਕੀ ਹੈ, ਕਿਸ ਤਰਾਂ ਰੱਖਦਾ ਹੈ ਸਾਬਤ ਆਪ ਨੂੰ,
ਤੂੰ ਅਜੇ ਤੱਕ ਇਸ ਬਲਾਅ ਦੇ ਜੋਸ਼ ਨੂੰ ਜੋਹਿਆ ਨਹੀ।
ਨਾ ਸਾਡਾ ਸ਼ਹਿਰ ਹੈ ਕੋਈ, ਨਾ ਹੀ ਖੇਤਰ ਹੈ ਸਰਹੱਦੀ।
ਦੁਖੀ ਲੋਕਾਂ ਦਾ ਹਰ ਬੰਨਾ ਹੀ ਸਾਡਾ ਦੇਸ ਹੈ ਜੱਦੀ।
ਅਸੀਂ ਕੀਤਾ ਨਹੀਂ ਸ਼ਿਕਵਾ ਕਦੇ ਤੋਪਾਂ ਦੇ ਸੌਦੇ 'ਤੇ,
ਅਸਾਡੀ ਜਾਨ ਦੀ ਦੁਸ਼ਮਣ ਬਣੀ ਹੈ ਫੇਰ ਕਿਉਂ ਗੱਦੀ।
ਉਨ੍ਹਾਂ ਨੂੰ ਕਿਸ ਤਰ੍ਹਾਂ ਲੱਗੇ ਪਤਾ ਰਿਸ਼ਤੇ ਨਿਭਾਵਣ ਦਾ,
ਜਿਨ੍ਹਾਂ ਨੇ 'ਧੀ' ਨਹੀਂ ਤੋਰੀ, ਜਿਨ੍ਹਾਂ ਨੇ 'ਨੂੰਹ' ਨਹੀਂ ਸੱਦੀ।
ਕਰਾਂ ਇਤਬਾਰ ਕਦ ਤਾਈਂ ਤੇਰੇ ਝੂਠੇ 'ਕਰਾਰਾਂ ਤੇ,
ਭਰੀ ਹੈ ਦਿਲ ਦੇ ਹਰ ਖੂੰਜੇ 'ਚ ਤੇਰੇ ਝੂਠ ਦੀ ਰੱਦੀ।
ਤੁਸੀਂ ਜਿਸ ਰੋਸ਼ਨੀ ਦੀ ਰਸਤਿਆਂ ਵਿਚ ਭਾਲ ਕਰਦੇ ਹੋ,
ਉਹ ਪਿਛਵਾੜੇ ਤੋਂ ਸਾਹਾਂ ਦੇ ਤਬੇਲੇ ਜਾ ਵੜੀ ਕੱਦੀ।
ਅਜੇ ਥੱਕੀਆਂ ਨਹੀਂ ਨਜ਼ਰਾਂ ਅਜੇ ਰੁਕੀਆਂ ਨਹੀਂ ਨਬਜ਼ਾਂ,
ਅਜੇ ਨਾ ਪਾ ਮੇਰੇ ਕੋਲੋਂ ਪਰੇਰੇ ਜਾਣ ਦੀ ਤੱਦੀ।
ਨਹੀਂ ਸੀਮਾ ਕੋਈ ਇਸ ਦੀ ਹੈ ਏਹੋ 'ਨੂਰ' ਨੂੰ ਮੁਸ਼ਕਿਲ,
ਜਨਾਜ਼ਾ ਕਦ ਕੁ ਤੱਕ ਸੱਧਰਾਂ ਦਾ ਰੱਖੇ ਪਿੱਠ ਤੇ ਲੱਦੀ।
ਚਿੜੀਆਂ ਦਾ ਮਰਨਾ ਕਾਵਾਂ ਦਾ ਹਾਸਾ ਹੈ।
ਮੇਰਾ ਜੀਵਨ ਬਣਿਆ ਖੇਲ-ਤਮਾਸ਼ਾ ਹੈ।
ਉਸ ਨੂੰ ਹੋਰ ਕਦੋਂ ਤੱਕ ਖ਼ੂਨ ਪਿਲਾਵਾਂ ਮੈਂ,
ਸਾਗਰ ਪੀ ਕੇ ਜੋ ਇਨਸਾਨ ਪਿਆਸਾ ਹੈ।
ਤੇਰੇ ਢਹਿੰਦੇ ਦਿਲ ਨੂੰ ਕਿੰਜ ਧਰਵਾਸ ਦਵੇ,
ਫਸਿਆ ਆਹਾਂ ਦੇ ਵਿਚਕਾਰ 'ਦਿਲਾਸਾ' ਹੈ।
ਸਾਹਾਂ ਨੂੰ ਕਿੰਜ ਵੰਡਾਂ ਜਦ ਉਹ ਕਹਿੰਦੇ ਨੇ,
ਉਹ ਤੇਰਾ ਪਾਸਾ, ਇਹ ਮੇਰਾ ਪਾਸਾ ਹੈ।
ਐਨੀ ਲੰਮੀ ਹੋਂਦ ਹੈ ਮੇਰੇ ਜੀਵਨ ਦੀ,
ਵਗਦੇ ਪਾਣੀ ਦੇ ਵਿਚ ਪਿਆ ਪਤਾਸਾ ਹੈ।
ਉਸ ਨੂੰ ਸਰਦਾਰੀ ਦੀ ਕੁਰਸੀ ਦਿੱਤੀ ਹੈ,
ਜਿਸ ਦੇ ਹੱਥ ਕੁਰਪਸ਼ਨ-ਦਾਰ ਗੰਡਾਸਾ ਹੈ।
ਹਾੜ੍ਹਾ! ਲੈ ਕੇ ਜਾਵੀਂ ਨਾ ਤੂੰ ਯਾਦਾਂ ਨੂੰ,
ਖ਼ੁਸ਼ਬੂ ਦਾ ਫੁੱਲਾਂ ਵਿਚ ਹੁੰਦਾ ਵਾਸਾ ਹੈ।
ਹਰ ਇਕ ਸ਼ੇਅਰ ਗ਼ਜ਼ਲ ਦਾ ਜੋ ਤੂੰ ਪੜ੍ਹਿਆ ਹੈ,
'ਨੂਰ ਮੁਹੰਮਦ' ਦਾ ਹੀ ਦਰਦ ਖ਼ਲਾਸਾ ਹੈ।
ਹਮਦਰਦੀ ਨੂੰ ਦਿਲ ਚੋਂ ਕੱਢ ਕੇ ਸੁੱਟ ਪਰ੍ਹਾਂ।
ਜੀਹਨੂੰ ਲੁੱਟਿਆ ਜਾਂਦੈ ਕਰ ਕੇ ਲੁੱਟ ਪਰ੍ਹਾਂ।
ਦੁੱਖਾਂ ਤੋਂ ਘਬਰਾ ਕੇ ਮਨ ਵਿਚ ਆਉਂਦਾ ਹੈ,
ਜੀਵਨ ਦੇ ਇਸ ਟਾਹਣੇ ਤੋਂ ਹੀ ਟੁੱਟ ਪਰ੍ਹਾਂ।
ਮੰਨਿਆ ਮੈਂ ਰੋੜਾ ਹਾਂ ਤੇਰੇ ਰਸਤੇ ਦਾ,
ਹਿੰਮਤ ਹੈ ਤਾਂ ਠੋਕਰ ਲਾ ਕੇ ਸੁੱਟ ਪਰ੍ਹਾਂ।
ਕੱਚਾ ਹੋਇਆ ਆਪੇ ਹੀ ਖਰ ਜਾਵੇਗਾ,
ਪੱਕਾ ਹੋਇਆ ਆਖ ਦਵਾਂਗੇ ਫੁੱਟ ਪਰ੍ਹਾਂ।
ਰੋਜ਼ ਅੜਿੱਕਾ ਲਾਵੇ ਜਿਹੜਾ ਸੋਚਾਂ ਨੂੰ,
ਉਸ ਬੂਟੇ ਨੂੰ ਮਨ ਦੇ ਦਰ ਤੋਂ ਪੁੱਟ ਪਰ੍ਹਾਂ।
ਕੁੱਝ ਬੰਦੇ ਬੰਦੇ ਦਾ ਦਾਰੂ ਬਣਦੇ ਨੇ,
ਕੁੱਝ ਕਹਿੰਦੇ ਨੇ ਬੰਦੇ ਦਾ ਗਲ ਘੁੱਟ ਪਰ੍ਹਾਂ।
ਕਾਬੂ ਦੇ ਵਿਚ ਰੱਖੋ ਅਪਣੇ ਘਰ ਨੂੰ 'ਨੂਰ'
ਹੁੰਦੀ ਹੈ ਤਾਂ ਹੋਵੇ ਲੁੱਟ-ਖਸੁੱਟ ਪਰ੍ਹਾਂ।
ਚੁੱਪ-ਚੁਪੀਤਾ ਹਾਂ ਐਪਰ ਮੂੰਹ-ਜ਼ੋਰ ਹਾਂ ਮੈਂ।
ਬਾਹਰੋਂ ਹਾਂ ਕੁੱਝ ਹੋਰ ਤੇ ਵਿੱਚੋਂ ਹੋਰ ਹਾਂ ਮੈਂ।
ਸੱਪ-ਸਲੂੰਡੀ ਟਿੱਡੀ-ਭੂੰਡੀ ਹਜ਼ਮ ਕਰਾਂ,
ਨਾਜ਼ੁਕ, ਨਰਮ ਮਿਜ਼ਾਜ ਕਲਹਿਰੀ ਮੋਰ ਹਾਂ ਮੈਂ।
ਮੇਰੀ ਰੋਟੀ-ਰੋਜ਼ੀ ਵਿੱਚ ਸਿਆਸਤ ਦੇ,
ਇਸ ਦੁਨੀਆਂ ਦਾ ਸਭ ਤੋਂ ਵੱਡਾ ਚੋਰ ਹਾਂ ਮੈਂ।
ਮੰਗਾਂ ਰੱਬ ਤੋਂ ਖ਼ੈਰ ਹਮੇਸ਼ਾ ਦੁਨੀਆ ਦੀ,
ਵਿਗੜ ਪਵਾਂ ਤਾਂ ਸਮਝੋ ਕਹਿਰ ਕਠੋਰ ਹਾਂ ਮੈਂ।
ਐਨਾ ਤਕੜਾ ਹਾਂ ਕਿ ਹਰ ਸ਼ੈ ਮਸਲ ਦਵਾਂ,
ਹਿੱਲ ਸਕਾਂ ਨਾ ਐਨਾ ਵੀ ਕਮਜ਼ੋਰ ਹਾਂ ਮੈਂ।
ਆਪੇ ਅਪਣੀ ਖ਼ੁਸ਼ਬੂ ਲੱਭਦਾ ਫਿਰਦਾ ਹਾਂ,
ਆਪੇ ਚੰਨ ਹਾਂ ਅਪਣੇ ਆਪ ਚਕੋਰ ਹਾਂ ਮੈਂ।
ਨਿੱਤ ਬੀਜੇ ਜੋ ਬੀਜ ਭਰਿਸ਼ਟਾਚਾਰੀ ਦੇ,
ਸਿਆਸਤ ਦੇ ਹਲ ਪਿੱਛੇ ਬੰਨ੍ਹਿਆ ਪੋਰ ਹਾਂ ਮੈਂ।
ਬਣ ਕੇ 'ਨੂਰ' ਜਿਨ੍ਹਾਂ ਦਾ ਰਾਹ ਰੁਸ਼ਨਾਇਆ ਸੀ,
ਅੱਜ ਉਨ੍ਹਾਂ ਦੀ ਖ਼ਾਤਰ ਕੋਈ ਹੋਰ ਹਾਂ ਮੈਂ।
ਕੁੱਝ ਲੋਕਾਂ ਦੇ ਜਜ਼ਬੇ ਭੜਕਣ ਵਾਲੇ ਨੇ।
ਆਪਸ ਦੇ ਵਿਚ ਖੂੰਡੇ ਖੜਕਣ ਵਾਲੇ ਨੇ।
ਅੱਖਾਂ ਦੇ ਵਿਚ ਉਤਰੀ ਲਾਲੀ ਦੱਸਦੀ ਹੈ,
ਬਾਜ਼ ਚਿੜੀ ਦੇ ਉੱਤੇ ਝਪਟਣ ਵਾਲੇ ਨੇ।
ਬੰਨ੍ਹ ਲਏ ਲੰਗੋਟ ਸਿਆਸਤ-ਦਾਨਾਂ ਨੇ,
ਇਕ-ਦੂਜੇ ਨੂੰ ਯੋਧੇ ਪਟਕਣ ਵਾਲੇ ਨੇ।
ਚਿਣਗ ਮਘੀ ਹੈ ਫੇਰ ਅਜ਼ਾਦੀ ਮਾਨਣ ਦੀ,
ਪਿੰਜਰੇ ਦੇ ਵਿਚ ਪੰਛੀ ਫੜਕਣ ਵਾਲੇ ਨੇ।
ਅਪਣੇ-ਅਪਣੇ ਦਿਲ ਨੂੰ ਡੁੱਬਣੋ ਸਾਂਭ ਲਵੋ,
ਉਹ ਸੇਜਲ ਨੈਣਾਂ ਨੂੰ ਮਟਕਣ ਵਾਲੇ ਨੇ।
ਮਿੱਥ ਲਈ ਹੈ ਮੰਜ਼ਿਲ ਜਿਹੜੇ ਲੋਕਾਂ ਨੇ,
ਉਹ ਰੋਕਣ ਤੇ ਕਿੱਥੇ ਅਟਕਣ ਵਾਲੇ ਨੇ।
ਯੰਤਰ ਦੱਸਣ ਨ੍ਹੇਰੀ ਤੇ ਮੀਂਹ ਆਵੇਗਾ,
ਉਹ ਸਿੱਲ੍ਹੇ ਵਾਲਾਂ ਨੂੰ ਝਟਕਣ ਵਾਲੇ ਨੇ।
ਅਪਣੇ ਘਰ ਦੇ ਭਾਂਡੇ-ਟੀਂਡੇ ਸਾਂਭੋ 'ਨੂਰ'
ਫੇਰ ਸਮੇਂ ਦੇ ਦੀਵੇ ਭੜਕਣ ਵਾਲੇ ਨੇ।
ਕਰਕੇ ਖ਼ਤਮ ਜਦੋਂ ਉਹ ਸਾਰੇ, ਝਗੜੇ-ਝੇੜੇ ਬੈਠ ਗਿਆ।
ਮੈਂ ਵੀ ਹੋ ਕੇ ਅੱਗ ਬਗੋਲਾ, ਉਸ ਦੇ ਨੇੜੇ ਬੈਠ ਗਿਆ।
ਮੈ ਚਾਹੁੰਦਾ ਸਾਂ ਤਨਹਾਈ ਵਿਚ ਸਾਰਾ ਗੁੱਸਾ ਕੱਢ ਲਵਾਂ,
ਪਰ ਉਹ ਆਖੇ, ਤੂੰ ਇਹ ਲੈ ਕੇ, ਕਿੱਸੇ ਕਿਹੜੇ ਬੈਠ ਗਿਆ।
ਦੇਸ-ਨਿਕਾਲਾ ਦੇ ਦਿੱਤਾ ਸੀ, ਦਿਲ ਤੋਂ ਜਿਹੜੇ ਮਿੱਤਰ ਨੂੰ,
ਸੱਦੇ ਬਾਝੋਂ ਹੀ ਆ ਕੇ ਯਾਦਾਂ ਦੇ ਵਿਹੜੇ ਬੈਠ ਗਿਆ।
ਮਾਸ ਜਦੋਂ ਨਹੁੰਆਂ ਦੇ ਨਾਲੋਂ, ਨਾਤਾ ਤੋੜ-ਵਿਛੋੜ ਗਿਆ,
ਕੀ ਕਰਦਾ ਮੈਂ ਦੋ ਪਲ ਰੋਇਆ, ਤਖ਼ਤੇ ਭੇੜੇ ਬੈਠ ਗਿਆ।
ਪੜ੍ਹ ਕੇ ਦੇਖ ਲਵੋ ਘਟਨਾਵਾਂ, ਭਾਰਤ ਦੇ ਇਤਿਹਾਸ ਦੀਆਂ,
ਏਥੇ ਅੱਗ ਲਈ ਜੋ ਆਇਆ, ਮੱਲ ਕੇ ਵਿਹੜੇ ਬੈਠ ਗਿਆ।
ਨਾਨੇ ਦੀ ਇਕ ਘੂਰੀ ਤੱਕ ਕੇ, ਦੋਹਤਾ ਹੱਕ ਪਛਾਣ ਗਿਆ,
ਧੱਕੜ ਪੋਤਾ, ਚੜ੍ਹ ਕੇ ਜ਼ੋਰਾਂ ਨਾਲ ਘਨੇੜੇ ਬੈਠ ਗਿਆ।
ਵਾਲ ਵੀ ਵਿੰਗਾ ਕਰ ਨਾ ਸਕਿਆ 'ਨੂਰ' ਜ਼ਮਾਨਾ ਸੱਚੇ ਦਾ,
ਜਦ ਵੀ ਕੋਈ ਝੱਖੜ ਉੱਠਿਆ, ਖਾ ਕੇ ਗੇੜੇ ਬੈਠ ਗਿਆ।
ਜੀਵਨ-ਪੰਧ ਸੰਵਾਰਨ ਦਾ ਕਿਰਦਾਰ ਬਣਾਂ।
ਏਸ ਬਹਾਨੇ ਤੇਰਾ ਸ਼ੁਕਰ-ਗੁਜ਼ਾਰ ਬਣਾਂ।
ਹਰ ਸ਼ੈ ਲੱਭੇ ਜਿੱਥੋਂ ਤੇਰੇ ਮਤਲਬ ਦੀ,
ਤੇਰੀ ਚਾਹਤ ਦਾ ਐਸਾ ਬਾਜ਼ਾਰ ਬਣਾਂ।
ਤੇਰੇ ਨੈਣਾਂ ਵਰਗਾ ਜਦ ਵੀ ਗੀਤ ਲਿਖਾਂ,
ਦੁਨੀਆ ਦਾ ਸਭ ਤੋਂ ਵੱਡਾ 'ਫ਼ਨਕਾਰ' ਬਣਾਂ।
ਜਿਹੜੀ ਰਾਹ ਵਿਚ ਆਵੇ ਤੇਰੀ ਹਸਤੀ ਦੇ,
ਹਰ ਆਫ਼ਤ ਦੇ ਅੱਗੇ ਮੈਂ ਦੀਵਾਰ ਬਣਾਂ।
ਮੇਰਾ ਮੋਢਾ ਤੇਰੀ ਡੋਲੀ ਹੇਠ ਰਹੇ,
ਜੀਵਨ-ਮਾਰਗ ਮੁੱਕਣ ਤੀਕ 'ਕਹਾਰ' ਬਣਾਂ।
ਤੂੰ ਵੀ ਸਿਰੜ ਨਿਭਾਵਣ ਖ਼ਾਤਰ ਠਿੱਲ ਪਵੇਂ,
ਮੈਂ ਵੀ ਇਸ਼ਕ-ਝਨਾਂ ਦਾ ਪਰਲਾ ਪਾਰ ਬਣਾਂ।
ਇਸ ਦੁਨੀਆ ਦਾ ਅਕਸ ਪਵਿੱਤਰ ਕਰਨ ਲਈ,
'ਸ਼ਿਵ ਜੀ' ਦੇ ਕੇਸਾਂ ਚੋਂ ਨਿਕਲੀ ਧਾਰ ਬਣਾਂ।
'ਇਨਸ਼ਾ ਅੱਲ੍ਹਾ' ਬਣ ਕੇ 'ਨੂਰ' ਦਿਖਾਵਾਂਗਾ,
ਭਾਵੇਂ ਸਾਰੇ ਜੀਵਨ ਵਿਚ ਇਕ ਵਾਰ ਬਣਾਂ।
ਬੇਵਸ ਹੋ ਕੇ ਉੱਧਰ ਵੀ ਕੁੱਝ ਅੱਥਰੂ ਚੋਏ ਹੋਵਣਗੇ।
ਵਿਛੜਣ ਪਿੱਛੋਂ ਮੇਰੇ ਵਾਂਗੂੰ ਉਹ ਵੀ ਰੋਏ ਹੋਵਣਗੇ।
ਆਪੇ-ਅਪਣੇ ਦਿਲ ਦੇ ਪਿੰਡੇ ਵਿੱਚੋਂ ਸਿਲਤਾਂ ਕੱਢਣਗੇ,
ਬੀਜ ਜਿਨ੍ਹਾਂ ਨੇ ਕੰਡਿਆਲੀ-ਬਿਰਹਾ ਦੇ ਬੋਏ ਹੋਵਣਗੇ।
ਪੱਥਰ ਵਰਗੇ ਜੇਰੇ ਵਾਲਾ ਬੰਦਾ ਠਰ ਕੇ ਬੈਠ ਗਿਆ,
ਉਸ ਨੇ ਦਿਲ ਵਿਚ ਕਿਹੜੀ ਥਾਂ ਤੇ ਦਰਦ ਲਕੋਏ ਹੋਵਣਗੇ।
ਮੈਨੂੰ ਹੀ ਬੇਵਸ ਨਹੀਂ ਕੀਤਾ ਫਿਕਰਾਂ ਦੀਆਂ ਥਪੇੜਾਂ ਨੇ,
ਸੋਚਾਂ ਦੇ ਡੂੰਘੇ ਸਾਗਰ ਵਿਚ ਉਹ ਵੀ ਖੋਏ ਹੋਵਣਗੇ।
ਤਾਂਘ ਕਰੀ ਹੋਵੇਗੀ ਉਸ ਨੇ ਦਰਦ ਕਹਾਣੀ ਜਾਨਣ ਦੀ,
ਨੈਣ ਜਦੋਂ ਸ਼ੀਸ਼ੇ ਦੇ ਅੱਗੇ ਉਸ ਨੇ ਧੋਏ ਹੋਵਣਗੇ।
ਫ਼ਿਕਰ ਕਰੀਂ ਨਾ 'ਨੂਰ' ਕਦੇ ਬਸਤੀ ਦੇ ਨਿਰਬਲ ਲੋਕਾਂ ਦਾ,
ਐਸੇ ਲੋਕੀ ਮੁੜ ਕੇ ਇਕ ਦਿਨ ਫੇਰ ਨਰੋਏ ਹੋਵਣਗੇ।
ਪੱਥਰ ਹੋਏ ਦਿਲ ਦੀ ਕਿਸਮ ਫੇਰ ਦਵੇ।
ਜੇ ਇਕ ਵਾਰੀ ਹਾਸੇ ਦੇ ਫੁੱਲ ਕੇਰ ਦਵੇ।
ਰੱਬ ਨੇ ਕੈਸਾ ਦੀਵਾ ਦਿੱਤੈ ਕਿਸਮਤ ਨੂੰ,
ਨਾ ਉਹ ਚਾਨਣ ਦੇਵੇ ਤੇ ਨਾ ਨ੍ਹੇਰ ਦਵੇ।
ਉਸ ਦੇ ਨਾ ਲਿਖ ਦਿੱਤੇ ਸਭ ਹੱਕ ਮਹਿਫ਼ਲ ਦੇ,
ਹੁਣ ਉਹ ਬੈਠਣ ਦੇਵੇ ਜਾਂ ਸ਼ਸਕੇਰ ਦਵੇ।
ਚੁਗ਼ਲ ਕਦੇ ਵੀ ਚੁਗ਼ਲੀ ਕਰਨੋਂ ਖੁੰਝੇ ਨਾ,
ਭਾਵੇਂ ਉਸ ਨੂੰ ਗਾਲਾਂ ਚਾਰ-ਚੁਫ਼ੇਰ ਦਵੇ।
ਅੱਧ-ਮੋਇਆ ਜੀਵਨ ਇੱਕੋ ਦਿਨ ਮੁੱਕ ਜਾਵੇ,
ਪਹਿਲਾਂ ਵਰਗਾ ਧੋਖਾ ਜੇ ਉਹ ਫੇਰ ਦਵੇ।
ਮੁੱਕ ਜਾਵਣ ਝਗੜੇ ਪਲ ਵਿਚ ਸਰਹੱਦਾਂ ਦੇ,
ਬੀਜ ਮੁਹੱਬਤ ਦੇ ਜੇ ਕੋਈ ਕੇਰ ਦਵੇ।
ਛੱਡ ਦਿੱਤਾ ਆਪੇ ਨੂੰ ਰੱਬ ਦੀ ਰਹਿਮਤ ਤੇ,
'ਨੂਰ' ਦਵੇ ਹੁਣ ਸਾਨੂੰ ਭਾਵੇਂ ਨ੍ਹੇਰ ਦਵੇ।
ਧਰਤੀ 'ਚੋਂ ਕਿਸ ਤਰ੍ਹਾਂ ਫਿਰ ਫੁੱਟਣਗੇ ਹੋਰ ਮੇੜ੍ਹੇ।
ਗੰਨਿਆਂ ਨੂੰ ਬੂਝਿਆਂ ਤੋਂ ਬੰਦਾ ਜਦੋਂ ਉਖੇੜੇ।
ਪੱਤਣ ਤੇ ਪੁੱਜ ਗਏ ਨੇ ਨਜ਼ਰਾਂ ਦੇ ਜਦ ਤੋਂ ਬੇੜੇ,
ਮੈਂ ਘਰ ਬਣਾ ਲਿਆ ਹੈ ਸੋਚਾਂ ਦਾ ਕਬਰ ਨੇੜੇ।
ਅਪਣੇ ਦੁਖਾਂ ਦਾ ਦਾਰੂ ਆਪੇ ਹੀ ਕਰ ਰਿਹਾ ਹਾਂ,
ਆਏ ਨਹੀਂ ਕਿਤੋਂ ਇਹ ਮੈਂ ਆਪ ਨੇ ਸਹੇੜੇ।
ਕਰਕੇ ਕਿਆਸ ਐਸੇ ਟੱਬਰ ਦਾ ਡਰ ਗਿਆ ਮੈਂ,
ਜਾਂਦੇ ਨੇ ਬਾਂਸ ਵਾਂਗੂੰ ਵਧਦੇ ਜਿਨ੍ਹਾਂ ਦੇ ਮੇੜ੍ਹੇ।
ਮੰਨਿਆ ਕਿ ਓਪਰਾ ਹਾਂ, ਬਸਤੀ ਚ ਆ ਗਿਆ ਹਾਂ,
ਸਭ ਨੇ ਘਰਾਂ ਦੇ ਬੂਹੇ ਕਿਉਂ ਦੇਖ ਕੇ ਨੇ ਭੇੜੇ।
ਤੂੰ ਸੁਫ਼ਨਿਆਂ ਦੇ ਪੈਰੀਂ ਜੁੱਤੀ ਪੁਆ ਕੇ ਆਵੀਂ,
ਕੰਡਿਆਂ ਦੇ ਨਾਲ ਭਰ ਕੇ ਰੱਖੇ ਨੇ ਸਭ ਨੇ ਵਿਹੜੇ।
ਮੈਂ ਤਾਂ ਸੁਆਦ ਚੱਖ ਕੇ ਡਿੱਠਾ ਹੈ ਇਸ ਵਬਾ ਦਾ,
ਤੂੰ ਵੀ ਤਾਂ ਦੇਖ ਖਾ ਕੇ ਹੁਣ ਦਿਲ-ਲਗੀ ਦੇ ਪੇੜੇ।
ਹੋਣਾ ਹੈ ਕਿਸ ਤਰਾਂ ਫਿਰ ਕੁੱਬਾ ਸਰੀਰ ਉਸ ਦਾ,
ਚੁੱਕਿਆ ਨਾ ਕੌਮ ਦਾ ਗ਼ਮ ਜਿਸ ਨੇ ਕਦੇ ਘਨੇੜੇ।
ਉਸ ਨਾਲ ਸਾਮ੍ਹਣਾ ਹੀ ਹੋਇਆ ਨਈਂ 'ਨੂਰ' ਹਾਲੇ,
ਹੋਵਣਗੇ ਟਾਕਰੇ ਜਦ ਦੇਵਾਂਗੇ ਕਰ ਨਬੇੜੇ।
ਸਾਡੇ ਅਰਮਾਨਾਂ ਨੂੰ ਸੂਲੀ ਉੱਤੇ ਟੰਗਣ ਵਾਲੇ ਲੋਕ।
ਵਕਤ ਪਏ ਤੇ ਬਣ ਜਾਂਦੇ ਨੇ ਵੋਟਾਂ ਮੰਗਣ ਵਾਲੇ ਲੋਕ।
ਭੁੱਲ-ਭੁਲੇਖੇ ਭੁੱਲੀ-ਭਟਕੀ ਆ ਜਾਵੇ ਸਸਤਾਉਣ ਲਈ,
ਕੱਚੀ ਨੀਂਦ ਜਗਾ ਦਿੰਦੇ ਨੇ ਉੱਚੀ ਖੰਘਣ ਵਾਲੇ ਲੋਕ।
ਆਂਚ ਜਦੋਂ ਆਂਚਲ ਤੇ ਆਵੇ ਪਿੱਛੇ ਹਟ ਕੇ ਬਾਹਵਾਂ ਤੋਂ,
'ਚੰਡ' ਲਈ ਵੀ 'ਦੁਰਗਾ' ਬਣ ਜਾਂਦੇ ਨੇ ਸੰਗਣ ਵਾਲੇ ਲੋਕ।
ਦਿਲ ਤੇ ਕਾਬੂ ਪਾਉਂਦਾ-ਪਾਉਂਦਾ ਜਦ ਉੱਧਰ ਦੀ ਲੰਘਦਾ ਹਾਂ,
ਧੜਕਣ ਹੋਰ ਵਧਾ ਦਿੰਦੇ ਨੇ, ਨੇੜਿਉਂ ਲੰਘਣ ਵਾਲੇ ਲੋਕ।
ਸੁੱਘ ਨਹੀਂ ਕਿਧਰੋਂ ਵੀ ਲੱਭੀ ਆਪਾ ਖੋ ਕੇ ਬੈਠ ਗਏ,
ਦੁਨੀਆ ਦੇ ਭੱਦੇ ਰੰਗਾਂ ਵਿਚ ਆਪਾ ਰੰਗਣ ਵਾਲੇ ਲੋਕ।
ਦਿਨ ਚੜ੍ਹਦੇ ਹੀ ਪੀ ਲੈਂਦਾ ਸੀ 'ਨੂਰ' ਕਿਸੇ ਦੇ ਨੈਣਾਂ ਚੋਂ,
ਜਦ ਰਾਹਾਂ ਵਿਚ ਮਿਲਦੇ ਸਨ ਡਿਗਦੇ ਨੂੰ ਥੰਮਣ ਵਾਲੇ ਲੋਕ।
ਹਿੰਮਤ ਦਾ ਕਫ਼ਨ ਲੈ ਕੇ ਤੁਰਿਆ ਹਾਂ ਉਸ ਗਿਰਾਂ ਨੂੰ।
ਖਾਧਾ ਹੈ ਰਸਤਿਆਂ ਨੇ ਜਿਸ ਦੇ ਮੁਸਾਫ਼ਰਾਂ ਨੂੰ।
ਕੱਲ੍ਹ ਤੱਕ ਤਾਂ ਘਰ ਦਾ ਬੂਹਾ ਰੱਖਦਾ ਸੀ ਯਾਰ ਖੁੱਲ੍ਹਾ,
ਕਿੱਥੇ ਨੂੰ ਤੁਰ ਗਿਆ ਉਹ ਅਜ ਭੇੜ ਕੇ ਦਰਾਂ ਨੂੰ।
ਸਮਝਾਂਗੇ ਹੋ ਗਈ ਹੈ ਅਮਨਾਂ ਦੀ ਬਾਤ ਪੱਕੀ,
ਸ਼ਰਨਾਰਥੀ ਜਦੋਂ ਸਭ ਮੁੜ ਜਾਣਗੇ ਘਰਾਂ ਨੂੰ।
ਪਾਉਂਦੇ ਨੇ ਕਿਸ ਲਈ ਉਹ ਦੇਸਾਂ ਦੇ ਵਿਚ ਪੁਆੜੇ,
ਇਹ ਬਾਤ ਕੌਣ ਪੁੱਛੇ ਦੁਨੀਆਂ ਦੇ ਅਫ਼ਸਰਾਂ ਨੂੰ।
ਜਦ ਵੀ ਉਹ ਫੜ-ਫੜਾਇਆ ਡਿਗਿਆ ਜ਼ਮੀਨ ਉੱਤੇ,
ਉਡਦਾ ਕਿਵੇਂ ਉਹ ਲੈ ਕੇ ਅਪਣੇ ਕਟੇ ਪਰਾਂ ਨੂੰ।
ਮਾਨਵ ਦੇ ਰੂਪ ਅੰਦਰ ਬਣਿਆ ਹੈ ਬੰਬ ਬੰਦਾ,
ਪੁੱਜਣਾ ਹੈ 'ਨੂਰ' ਜੇ ਘਰ, ਹੋ ਕੇ ਤੁਰੋ ਪਰ੍ਹਾਂ ਨੂੰ।
ਦਿਲ ਨੂੰ ਚੁਰਾਉਣ ਖ਼ਾਤਰ ਚੋਰਾਂ ਦਾ ਚੋਰ ਬਣ ਕੇ।
ਆਇਆ ਹੈ ਯਾਰ ਮੇਰਾ ਇਸ ਵਾਰ ਹੋਰ ਬਣ ਕੇ।
ਹੁਸ਼ਿਆਰ ਕਰ ਦਵੋ ਹੁਣ ਸਭ ਪਾਂਧੀਆਂ ਨੂੰ ਉਸ ਤੋਂ,
ਡੱਸ ਨਾ ਕਿਸੇ ਨੂੰ ਜਾਵੇ ਸੱਪਣੀ ਦੀ ਤੋਰ ਬਣ ਕੇ।
ਪਾਇਆ ਹੈ ਤੇਲ ਇਸ ਨੇ ਧੁਖਦੇ ਫ਼ਸਾਦ ਉੱਤੇ,
ਪੰਚਾਂ 'ਚ ਬਹਿ ਗਿਆ ਜੋ ਸਿੱਧਾ-ਸਤੋਰ ਬਣ ਕੇ।
ਹੋਇਐ ਜਵਾਨ ਜਦ ਤੋਂ ਨੱਸਦਾ ਹੈ ਚਾਂਦਨੀ ਵੱਲ,
ਡਰਦਾ ਹਾਂ ਉੱਡ ਨਾ ਜਾਵੇ ਕਿਧਰੇ ਚਕੋਰ ਬਣ ਕੇ।
ਲੋਕਾਂ ਦੇ ਦਿਲ ਬਣੇ ਨੇ ਬੰਜਰ ਜ਼ਮੀਨ ਵਰਗੇ,
ਪਿਆਰਾਂ ਦਾ ਬੀਜ ਕਿੱਥੇ ਬੀਜਾਂ ਮੈਂ ਪੋਰ ਬਣ ਕੇ।
ਜੰਮਦੇ ਨੇ ਰਾਜਨੀਤੀ ਦੇ ਘੁਰਨਿਆਂ 'ਚ ਜਿਹੜੇ,
ਕਿੰਨੇ ਸਪੋਲੀਆਂ ਨੂੰ ਮਾਰਾਂਗੇ ਮੋਰ ਬਣ ਕੇ।
ਪੱਥਰ ਤੇ ਹੱਥ ਧਰ ਕੇ ਕਹਿੰਦਾ ਸੀ 'ਨੂਰ' ਇਕ ਦਿਨ,
ਜਾਵੇਗਾ ਛੱਡ ਮਹਿਰਮ ਐਨਾ ਕਠੋਰ ਬਣ ਕੇ।
ਕਿਸ ਦੇ ਕੋਲ ਸਮਾਂ ਹੈ ਅੱਜ-ਕੱਲ੍ਹ ਤੇਰੇ ਕੰਮ ਸੰਵਾਰਨ ਦਾ।
ਮੈਂ ਹੀ ਹਾਂ ਜੋ ਕਰ ਲੈਂਦਾ ਹਾਂ ਵਾਅਦਾ ਜਾਨ ਨਿਸਾਰਨ ਦਾ।
ਤੇਰੇ ਵਰਗੇ ਵਿੰਗ-ਵਲੇਵੇਂ ਰਗ-ਰਗ ਦੇ ਵਿਚ ਕਿੰਜ ਭਰਾਂ,
ਤੂੰ ਨੇਤਾ ਦਾ ਪੁੱਤਰ ਏਂ ਮੈਂ ਪੁੱਤ ਕਿਸਾਨ ਸਾਧਾਰਨ ਦਾ।
ਅਪਣੇ ਹੱਥੀਂ ਆਪ ਬਣਾ ਕੇ ਆਪੇ ਇਸ ਨੂੰ ਢਾਹਵੇਂਗਾ,
ਜਰਮਨ ਵਾਲੇ ਚੱਖ ਚੁੱਕੇ ਨੇ ਜ਼ਾਇਕਾ ਕੰਧ ਉਸਾਰਨ ਦਾ।
ਜ਼ਖ਼ਮਾਂ ਨਾਲ ਬਣਾ ਕੇ ਰਿਸ਼ਤਾ ਮੈਂ ਵੀ ਡੰਗ ਟਪਾ ਲੈਂਦਾ,
ਸਿੱਖ ਲਿਆ ਹੁੰਦਾ ਜੇ ਕਿੱਤਾ ਤੂੰ ਵੀ ਇੱਟਾਂ ਮਾਰਨ ਦਾ।
ਵੱਖ-ਵੱਖ ਹੋ ਕੇ ਪਰਤ ਗਏ ਸਭ ਲੋਕੀ ਅਪਣੇ ਪਿੰਡਾਂ ਨੂੰ,
ਹੁਣ ਕੀ ਫ਼ਾਇਦਾ ਏਕੇ ਖ਼ਾਤਰ ਦਿੱਤੀ ਏਸ ਉਦਾਹਰਣ ਦਾ।
'ਨੂਰ ਮੁਹੰਮਦ' ਵਾਂਗੂੰ ਅੱਜ-ਕੱਲ੍ਹ ਨੀਵੀਂ ਪਾ ਕੇ ਤੁਰਦਾ ਹੈ,
ਚੱਖ ਲਿਆ ਹੈ ਜ਼ਾਇਕਾ ਉਸ ਨੇ ਸ਼ਾਇਦ ਹਿੱਕ ਉਭਾਰਣ ਦਾ।
ਹਰ ਇਕ ਗੱਲ ਦੀ ਤਹਿ ਤਕ ਪੁੱਜਦੇ ਲੱਗਦੇ ਨੇ।
ਹੁਣ ਤਾਂ ਲੋਕ ਬੁਝਾਰਤ ਬੁੱਝਦੇ ਲੱਗਦੇ ਨੇ।
ਰੋਸ਼ਨ ਕਰਦੇ ਸਨ ਜੋ ਨ੍ਹੇਰੇ ਰਾਹਾਂ ਨੂੰ,
ਯਾਦਾਂ ਦੇ ਉਹ ਦੀਵੇ ਬੁਝਦੇ ਲਗਦੇ ਨੇ।
ਸਿਫ਼ਤ ਕਰੀ ਹੈ ਜਦ ਤੋਂ ਉਸ ਦੀ ਯਾਰਾਂ ਵਿਚ,
ਉਸ ਦਿਨ ਤੋਂ ਕੁੱਝ ਸੁੱਜਦੇ-ਸੁੱਜਦੇ ਲਗਦੇ ਨੇ।
ਨਫ਼ਰਤ ਕਰਦੇ ਸਨ ਜੋ ਲੋਕ ਮੁਹੱਬਤ ਨੂੰ,
ਉਹ ਵੀ ਹੁਣ ਇਸ ਪਾਸੇ ਰੁੱਝਦੇ ਲਗਦੇ ਨੇ।
ਚਿਹਰਾ ਪੀਲੀ-ਫਟਕ ਕਰੁੰਬਲ ਵਰਗਾ ਹੈ,
ਬਿਰਹਾ ਦੀ ਭੱਠੀ ਵਿਚ ਭੁੱਜਦੇ ਲਗਦੇ ਨੇ।
ਜਿਹੜਾ ਮੋਢਾ ਫੜ ਕੇ ਉੱਠਿਆ ਕਰਦਾ ਸੀ,
ਉਸ ਨੂੰ ਅੱਜ ਗੜਾਂਜੇ ਸੁੱਝਦੇ ਲਗਦੇ ਨੇ।
'ਨੁਰ' ਜਿਨ੍ਹਾਂ ਨੇ ਹਿੰਮਤ ਦਾ ਹੱਥ ਫੜਿਆ ਹੈ,
ਉਹ ਮੰਜ਼ਿਲ ਦੇ ਨੇੜੇ ਪੁੱਜਦੇ ਲਗਦੇ ਨੇ।
ਨੈਣਾਂ ਨਾਲ ਸਜਾਈਆਂ ਰਾਹਾਂ ਯਾਰ ਦੀਆਂ।
ਪਰ ਹੋਰਾਂ ਗਲ ਪਈਆਂ ਬਾਹਾਂ ਯਾਰ ਦੀਆਂ।
ਸੁਫ਼ਨੇ ਲੈਂਦੇ-ਲੈਂਦੇ ਕਿਧਰੇ ਗੁੰਮ ਗਿਆ,
ਝੱਲੀਆਂ ਯਾਦਾਂ ਰੋਣ ਪਿਛਾਹਾਂ ਯਾਰ ਦੀਆਂ।
ਵੇਲਾ ਸੀ ਉਸ ਦੀ ਪਰ੍ਹਿਆ ਵਿਚ ਪੁੱਗਦੀ ਸੀ।
ਲੈਂਦਾ ਹੈ ਹੁਣ ਕੌਣ ਸਲਾਹਾਂ ਯਾਰ ਦੀਆਂ।
ਚੈਨ ਕਿਵੇਂ ਹੁਣ ਆਵੇ ਦਿਲ ਦੇ ਪਿੰਡੇ ਨੂੰ,
ਪੱਥਰ ਵਾਂਗੂੰ ਲੱਗਣ ਆਹਾਂ ਯਾਰ ਦੀਆਂ।
ਸ਼ਾਇਦ ਦੁਖੜੇ ਸੁਣਨ ਫ਼ਰਿਸ਼ਤੇ ਆਏ ਨੇ,
ਇਹ ਕੀ ਰੰਗ ਲਿਆਈਆਂ ਧਾਹਾਂ ਯਾਰ ਦੀਆਂ।
ਅੱਖ ਕਿਵੇਂ ਚੁੱਕੇਂਗਾ ਜੇਕਰ ਮਹਿਫ਼ਲ ਵਿੱਚ,
ਹੋਰ ਕਿਤੇ ਮਿਲ ਜਾਣ ਨਿਗਾਹਾਂ ਯਾਰ ਦੀਆਂ।
ਵਿੱਚ ਹਵਾ ਦੇ ਉਡਦਾ ਫਿਰਦੈ ਉਹ ਤਾਂ 'ਨੂਰ'
ਚੜ੍ਹੀਆਂ ਜਾਪਣ ਨਜ਼ਰਾਂ 'ਤਾਹਾਂ ਯਾਰ ਦੀਆਂ।
ਉਨ੍ਹਾਂ ਦੇ ਸ਼ਹਿਰ ਵਿਚ ਕਿਧਰੇ ਵਫ਼ਾ ਦੀ ਰਾਹ ਨਹੀਂ ਦੇਖੀ।
ਮੈਂ ਸਿਜਦਾ ਕਰਨ ਨੂੰ ਕਿਧਰੇ ਕੋਈ ਦਰਗਾਹ ਨਹੀਂ ਦੇਖੀ।
ਕਿਤੇ ਆਸਾਮ ਦਾ ਮਸਲਾ ਕਿਤੇ ਕਸ਼ਮੀਰ ਦਾ ਝਗੜਾ,
ਕਿਤੇ ਵੀ ਜ਼ਿੰਦਗੀ ਲੈਂਦੀ ਸੁਖਾਂ ਦਾ ਸਾਹ ਨਹੀਂ ਦੇਖੀ।
ਜਦੋਂ ਅਖ਼ਬਾਰ ਪੜ੍ਹਦੇ ਹਾਂ ਪਤਾ ਲਗਦਾ ਹੈ ਹਾਲਤ ਦਾ,
ਅਸੀਂ 'ਲੰਕਾ' ਦੇ ਵਿਚ ਜਾ ਕੇ ਕਦੇ ਠਾਹ-ਠਾਹ ਨਹੀਂ ਦੇਖੀ।
ਉਨ੍ਹਾਂ ਮਿਤਰਾਂ 'ਚ ਰਹਿੰਦਾ ਹਾਂ ਜਿਨ੍ਹਾਂ ਦੀ ਸੋਚ ਨੇ ਹੁਣ ਤੱਕ,
ਕਦੇ ਮਤਲਬ ਦੇ ਬੂਹੇ ਤੋਂ ਅਗਾਂਹ ਦੀ ਰਾਹ ਨਹੀਂ ਦੇਖੀ।
ਉਹ ਲੋਕੀ ਰੌਣਕਾਂ 'ਚੋਂ ਦਿਲ ਚੁਰਾ ਕੇ ਹੁਣ ਵੀ ਨੱਸਦੇ ਨੇ,
ਜਿਨ੍ਹਾਂ ਨੇ ਚੋਰ ਦੀ ਹੁੰਦੀ ਕਦੇ ਲਾਹ-ਪਾਹ ਨਹੀਂ ਦੇਖੀ।
ਉਹ ਅਪਣੇ-ਆਪ ਨੂੰ ਕਿਉਂ ਮਹਿਫ਼ਲਾਂ ਦਾ 'ਨੂਰ' ਕਹਿੰਦੇ ਨੇ।
ਜਿਨ੍ਹਾਂ ਦੀ ਸ਼ਹਿਰ ਵਿਚ ਹੁੰਦੀ ਕਦੇ ਵਾਹ-ਵਾਹ ਨਹੀਂ ਦੇਖੀ।
ਫ਼ੈਲਦੀ ਦੇਖੀ ਜਦੋਂ ਅਫ਼ਵਾਹ ਅਸੀਂ।
ਬਦਲ ਦਿੱਤਾ ਉਸ ਗਲੀ ਦਾ ਰਾਹ ਅਸੀਂ।
ਸ਼ਹਿਰ ਵਿਚ ਬਦਨਾਮ ਕੀਤਾ ਇਸ਼ਕ ਨੇ,
ਸ਼ਰਮ ਦੀ ਲੋਈ ਹੀ ਦਿੱਤੀ ਲਾਹ ਅਸੀਂ।
ਖਾਧੀਆਂ ਲੁੱਟਾਂ ਨੇ ਘਰ ਵਿਚ ਝਗੜ ਕੇ,
ਹੁਣ ਨਹੀਂ ਹੋਣਾ ਕਦੇ ਗੁਮਰਾਹ ਅਸੀਂ।
ਜਿਸ ਦਿਆਂ ਮਹਿਲਾਂ 'ਚ ਮਹਿਰਮ ਖੋ ਗਿਆ,
ਸਮਝਿਆ ਉਸ ਸ਼ਹਿਰ ਨੂੰ ਦਰਗਾਹ ਅਸੀਂ।
ਆ ਸਤਾਇਆ ਫੇਰ ਉਸ ਦੀ ਯਾਦ ਨੇ,
ਲੈਣ ਲੱਗੇ ਸੁੱਖ ਦਾ ਜਦ ਸਾਹ ਅਸੀਂ।
ਵੱਟ ਕੇ ਪਾਸਾ ਬਚਾਇਆ ਆਪ ਨੂੰ,
ਲੰਘਦਿਆਂ ਦੇਖੀ ਜਦੋਂ ਠਾਹ-ਠਾਹ ਅਸੀਂ।
ਰਸ਼ਕ ਕਰਦੇ ਲੋਕ ਦੇਖੇ 'ਨੂਰ' ਤੇ,
ਦੇਖਿਆ ਹੁੰਦੀ ਜਦੋਂ ਵਾਹ-ਵਾਹ ਅਸੀਂ।
ਥਾਂ-ਥਾਂ ਉੱਤੇ ਲਾ ਕੰਡਿਆਲੇ ਜਾਲ ਤੁਸੀਂ।
ਬਹੁਤ ਬੁਰੀ ਕੀਤੀ ਹੈ ਮੇਰੇ ਨਾਲ ਤੁਸੀਂ।
ਸੁਣਿਐਂ, ਕਾਂ ਕੋਇਲ ਨੂੰ ਪੱਟ ਲਿਆਇਆ ਸੀ,
ਮੈਨੂੰ ਪੱਟਿਆ ਚਿੱਟੇ ਬਾਗ਼ ਦਿਖਾਲ ਤੁਸੀਂ।
ਕਿੱਦਾਂ ਰਹਿੰਦਾ ਹਾਂ ਤੇ ਕਿੱਥੇ ਰਹਿੰਦਾ ਹਾਂ,
ਝੂਠੋਂ ਵੀ ਨਾ ਕੀਤੀ ਕਿਧਰੇ ਭਾਲ ਤੁਸੀਂ।
ਫੇਰ ਇਰਾਦਾ ਤਾਂ ਨਹੀਂ ਜਜ਼ਬੇ ਲੁੱਟਣ ਦਾ,
ਕਰਦੇ ਹੋ ਜੋ ਐਨੀ ਸਾਂਭ-ਸੰਭਾਲ ਤੁਸੀਂ।
ਮੂੰਹੋਂ-ਦੂਹੀਂ ਬਾਤ ਕਰੀ ਜਾ ਸਕਦੀ ਸੀ,
ਦਿੱਤਾ ਫੜ ਕੇ ਕਾਹਤੋਂ ਭੇਜ ਦਲਾਲ ਤੁਸੀਂ।
ਹਿੱਕ-ਧੜੱਕਾ ਲੱਗਿਆ ਉਸ ਪਲ ਸੱਧਰਾਂ ਨੂੰ,
ਮੱਖਣ 'ਚੋਂ ਕੱਢ ਸੁੱਟਿਆ ਸੀ ਜਦ ਵਾਲ ਤੁਸੀਂ।
ਭੁੱਖੇ ਪੇਟ ਸੁਲਾਉਂਦੈ ਰੋਂਦੇ ਬੱਚਿਆਂ ਨੂੰ,
ਹਜ਼ਮ ਜਦੋਂ ਦਾ ਕੀਤੈ ਉਸ ਦਾ ਮਾਲ ਤੁਸੀਂ।
ਵਕਤ ਬਚਾ ਕੇ ਰੱਖ ਲਵੋ ਅੰਜਾਮ ਲਈ,
ਲੋਕਾਂ ਨੂੰ ਲੁੱਟੋਗੇ ਕਿੰਨੇ ਸਾਲ ਤੁਸੀਂ।
ਨਹਿਰ ਚਲਾ ਦਿੱਤੀ 'ਫ਼ਰਹਾਦ' ਪਹਾੜਾਂ ਵਿਚ,
'ਨੂਰ' ਲਈ ਇਕ ਪੁੱਟ ਸਕੇ ਨਾ ਖਾਲ ਤੁਸੀਂ।
ਜਿਹੜੀ ਮਰਜ਼ੀ ਬਸਤੀ ਵਿਚ ਘਰ-ਬਾਰ ਬਣਾ।
ਜੀਵਨ ਪੱਧਰ ਦਾ ਊਚਾ ਮੱਯਾਰ ਬਣਾ।
ਤਿਗੜਮ-ਬਾਜ਼ੀ ਲਾਉਣ ਨਾ ਜਿਹੜੇ ਵੇਲੇ 'ਤੇ,
ਦਫ਼ਨ-ਕਫ਼ਨ ਦੀ ਖ਼ਾਤਰ ਐਸੇ ਯਾਰ ਬਣਾ।
ਘੇਰਾ ਪਾ ਨਾ ਲੈਣ ਸ਼ਿਕਾਰੀ ਦੁੱਖਾਂ ਦੇ,
ਤੂੰ ਸੁੱਖਾਂ ਦੇ ਘੋਗੇ ਨੂੰ ਹੁਸ਼ਿਆਰ ਬਣਾ।
ਨੀਅਤ ਬਦਲੀ ਲੱਗੇ ਫੇਰ ਪੜੋਸੀ ਦੀ,
ਪੀੜਾਂ ਦੇ ਘਰ ਦੀ ਊਚੀ ਦੀਵਾਰ ਬਣਾ।
ਭੁੱਖੇ ਭਗਤੀ ਕਰਨੀ ਛੱਡ ਨਾ ਦੇਣ ਕਿਤੇ,
ਰੱਬਾ! ਲੋਕਾਂ ਨੂੰ ਨਾ ਬੇਰੁਜ਼ਗਾਰ ਬਣਾ।
ਜਿਹੜੀ ਕੁੱਲੀ, ਗੁੱਲੀ ਦਾ ਪ੍ਰਬੰਧ ਕਰੇ,
ਠੋਕ-ਵਜਾ ਕੇ ਹੁਣ ਐਸੀ ਸਰਕਾਰ ਬਣਾ।
ਨਿੱਬੜ ਜਾਵੇ ਪੰਧ ਹਨੇਰੇ ਤੋਂ ਪਹਿਲਾਂ,
ਸੂਰਜ ਨਾਲੋਂ ਤੇਜ਼ ਜ਼ਰਾ ਰਫ਼ਤਾਰ ਬਣਾ।
ਇਸ ਨੂੰ ਲਾਉਣੀ ਅਤੇ ਬੁਝਾਉਣੀ ਆਉਂਦੀ ਹੈ,
ਰੱਬਾ! ਇਸ ਨੂੰ ਨਰਕਾਂ ਦਾ ਸਰਦਾਰ ਬਣਾ।
ਡੋਬ ਲਵੇਂਗਾ ਬੇੜੀ ਤੂੰ ਜੀਵਨ ਦੀ 'ਨੂਰ'
ਮੁੜ-ਮੁੜ ਨਾ ਫ਼ਿਰਆਉਣਾਂ ਨੂੰ ਸਰਦਾਰ ਬਣਾ।
ਮੇਰਾ ਜੀਵਨ ਯਾਦਾਂ ਦਾ ਇਕ ਆਵਾ ਹੈ।
ਜਿਸ ਵਿਚ ਭਰਿਆ ਪਛਤਾਵੇ ਦਾ ਲਾਵਾ ਹੈ।
ਵੱਟ ਜਿਵੇਂ ਦਿਸਦੇ ਨੇ ਜਲ ਕੇ ਰੱਸੀ ਦੇ,
ਮੇਰਾ ਸਾਬਤ ਦਿਸਣਾ ਲੋਕ–ਦਿਖਾਵਾ ਹੈ।
'ਮੈਂ ਦੁਨੀਆ ਦਾ ਸਭ ਤੋਂ ਵੱਡਾ ਸ਼ਾਇਰ ਹਾਂ'-
ਮੇਰੇ ਬਾਝੋਂ ਹਰ ਸ਼ਾਇਰ ਦਾ ਦਾਅਵਾ ਹੈ।
ਸੁੱਖ ਦੇਵੇਗੀ ਕਦ ਤੱਕ ਮੰਜੀ ਜੀਵਨ ਦੀ,
ਸਾਬਤ ਜਿਸ ਦਾ ਬਸ ਇੱਕੋ-ਇਕ ਪਾਵਾ ਹੈ।
ਰੋਜ਼ ਉਮੀਦਾਂ ਦੇ ਘਰ ਜਾ ਕੇ ਆਉਂਦਾ ਹਾਂ,
ਭਾਵੇਂ ਉੱਥੋਂ ਮਿਲਦਾ ਹੌਕਾ-ਹਾਵਾ ਹੈ।
'ਕੱਠੇ ਹੋ ਕੇ ਸੁਪਨੇ ਜੰਝ ਲਿਆਏ ਨੇ,
ਸਾਡੇ ਘਰ ਅੱਜ ਰੀਝਾਂ ਦਾ ਮੁਕਲਾਵਾ ਹੈ।
ਨਾ ਚਾਹੁੰਦੇ ਵੀ ਦੁਨੀਆ ਨੂੰ ਛੱਡ ਤੁਰਦੇ ਹਾਂ,
ਜਦ ਡਾਹਢੇ ਦਾ ਆਉਂਦਾ ਸਖ਼ਤ ਬੁਲਾਵਾ ਹੈ।
ਅਗਲੀ ਵਾਰੀ ਨਵੇਂ ਖ਼ਿਆਲ ਲਿਆਵੀਂ 'ਨੂਰ',
ਤਾਹੀਉਂ ਲੋਕਾਂ ਕੋਲੋਂ ਮਿਲਣੀ ਵਾਹਵਾ ਹੈ।
|