Guru Nanak Dev Ji
ਗੁਰੂ ਨਾਨਕ ਦੇਵ ਜੀ

Punjabi Writer
  

Paurian Guru Nanak Dev Ji

ਪਉੜੀਆਂ ਗੁਰੂ ਨਾਨਕ ਦੇਵ ਜੀ

1. ਤੂੰ ਕਰਤਾ ਪੁਰਖੁ ਅਗੰਮੁ ਹੈ

ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ ॥
ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ ਭਾਤੀ ॥
ਤੂੰ ਜਾਣਹਿ ਜਿਨਿ ਉਪਾਈਐ ਸਭੁ ਖੇਲੁ ਤੁਮਾਤੀ ॥
ਇਕਿ ਆਵਹਿ ਇਕਿ ਜਾਹਿ ਉਠਿ ਬਿਨੁ ਨਾਵੈ ਮਰਿ ਜਾਤੀ ॥
ਗੁਰਮੁਖਿ ਰੰਗਿ ਚਲੂਲਿਆ ਰੰਗਿ ਹਰਿ ਰੰਗਿ ਰਾਤੀ ॥
ਸੋ ਸੇਵਹੁ ਸਤਿ ਨਿਰੰਜਨੋ ਹਰਿ ਪੁਰਖੁ ਬਿਧਾਤੀ ॥
ਤੂੰ ਆਪੇ ਆਪਿ ਸੁਜਾਣੁ ਹੈ ਵਡ ਪੁਰਖੁ ਵਡਾਤੀ ॥
ਜੋ ਮਨਿ ਚਿਤਿ ਤੁਧੁ ਧਿਆਇਦੇ ਮੇਰੇ ਸਚਿਆ ਬਲਿ ਬਲਿ ਹਉ ਤਿਨ ਜਾਤੀ ॥੧॥

(ਅਗੰਮੁ=ਜਿਸ ਤਕ ਪਹੁੰਚ ਨਾ ਹੋ ਸਕੇ, ਰੰਗ ਪਰੰਗ=
ਕਈ ਰੰਗਾਂ ਦੀ, ਉਪਾਰਜਨਾ=ਪੈਦਾ ਕੀਤੀ, ਇਕਿ=ਕਈ
ਜੀਵ, ਚਲੂਲਿਆ=(ਚੂੰ+ਲਾਲਹ) ਲਾਲਹ ਫੁੱਲ ਵਰਗੇ ਲਾਲ,
ਗੂੜ੍ਹੇ ਲਾਲ ਰੰਗ ਵਾਲੇ, ਸੋ ਨਿਰੰਜਨੋ=ਉਸ ਮਾਇਆ ਰਹਿਤ
ਪ੍ਰਭੂ ਨੂੰ, ਬਿਧਾਤੀ=ਬਿਧਾਤਾ,ਸਿਰਜਣਹਾਰ, ਸੁਜਾਣੁ=ਚੰਗੀ
ਤਰ੍ਹਾਂ ਜਾਣਨ ਵਾਲਾ,ਸਿਆਣਾ)

2. ਤੁਧੁ ਆਪੇ ਜਗਤੁ ਉਪਾਇ ਕੈ

ਤੁਧੁ ਆਪੇ ਜਗਤੁ ਉਪਾਇ ਕੈ ਤੁਧੁ ਆਪੇ ਧੰਧੈ ਲਾਇਆ ॥
ਮੋਹ ਠਗਉਲੀ ਪਾਇ ਕੈ ਤੁਧੁ ਆਪਹੁ ਜਗਤੁ ਖੁਆਇਆ ॥
ਤਿਸਨਾ ਅੰਦਰਿ ਅਗਨਿ ਹੈ ਨਹ ਤਿਪਤੈ ਭੁਖਾ ਤਿਹਾਇਆ ॥
ਸਹਸਾ ਇਹੁ ਸੰਸਾਰੁ ਹੈ ਮਰਿ ਜੰਮੈ ਆਇਆ ਜਾਇਆ ॥
ਬਿਨੁ ਸਤਿਗੁਰ ਮੋਹੁ ਨ ਤੁਟਈ ਸਭਿ ਥਕੇ ਕਰਮ ਕਮਾਇਆ ॥
ਗੁਰਮਤੀ ਨਾਮੁ ਧਿਆਈਐ ਸੁਖਿ ਰਜਾ ਜਾ ਤੁਧੁ ਭਾਇਆ ॥
ਕੁਲੁ ਉਧਾਰੇ ਆਪਣਾ ਧੰਨੁ ਜਣੇਦੀ ਮਾਇਆ ॥
ਸੋਭਾ ਸੁਰਤਿ ਸੁਹਾਵਣੀ ਜਿਨਿ ਹਰਿ ਸੇਤੀ ਚਿਤੁ ਲਾਇਆ ॥੨॥

(ਠਗਉਲੀ=ਠਗ-ਮੂਰੀ,ਠਗ-ਬੂਟੀ, ਖੁਆਇਆ=ਖੁੰਝਾ ਦਿੱਤਾ,
ਨਹ ਤਿਪਤੈ=ਨਹੀਂ ਰੱਜਦਾ, ਸਹਸਾ=ਤੌਖ਼ਲਾ, ਰਜਾ=ਰੱਜ ਗਿਆ,
ਮਾਇਆ=ਮਾਂ, ਜਣੇਦੀ=ਜੰਮਣ ਵਾਲੀ)

3. ਸਦਾ ਸਦਾ ਤੂੰ ਏਕੁ ਹੈ

ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ ਰਚਾਇਆ ॥
ਹਉਮੈ ਗਰਬੁ ਉਪਾਇ ਕੈ ਲੋਭੁ ਅੰਤਰਿ ਜੰਤਾ ਪਾਇਆ ॥
ਜਿਉ ਭਾਵੈ ਤਿਉ ਰਖੁ ਤੂ ਸਭ ਕਰੇ ਤੇਰਾ ਕਰਾਇਆ ॥
ਇਕਨਾ ਬਖਸਹਿ ਮੇਲਿ ਲੈਹਿ ਗੁਰਮਤੀ ਤੁਧੈ ਲਾਇਆ ॥
ਇਕਿ ਖੜੇ ਕਰਹਿ ਤੇਰੀ ਚਾਕਰੀ ਵਿਣੁ ਨਾਵੈ ਹੋਰੁ ਨ ਭਾਇਆ ॥
ਹੋਰੁ ਕਾਰ ਵੇਕਾਰ ਹੈ ਇਕਿ ਸਚੀ ਕਾਰੈ ਲਾਇਆ ॥
ਪੁਤੁ ਕਲਤੁ ਕੁਟੰਬੁ ਹੈ ਇਕਿ ਅਲਿਪਤੁ ਰਹੇ ਜੋ ਤੁਧੁ ਭਾਇਆ ॥
ਓਹਿ ਅੰਦਰਹੁ ਬਾਹਰਹੁ ਨਿਰਮਲੇ ਸਚੈ ਨਾਇ ਸਮਾਇਆ ॥੩॥

(ਗਰਬੁ=ਅਹੰਕਾਰ, ਖੜੇ=ਖਲੋ ਕੇ,ਸੁਚੇਤ ਹੋ ਕੇ, ਕਲਤੁ=ਇਸਤ੍ਰੀ,
ਅਲਿਪਤੁ=ਨਿਰਲੇਪ,ਨਿਰਮੋਹ, ਓਹਿ=ਉਹ ਜੀਵ, ਨਾਇ=
ਨਾਮ ਵਿਚ)

4. ਕਾਇਆ ਹੰਸਿ ਸੰਜੋਗੁ

ਕਾਇਆ ਹੰਸਿ ਸੰਜੋਗੁ ਮੇਲਿ ਮਿਲਾਇਆ ॥
ਤਿਨ ਹੀ ਕੀਆ ਵਿਜੋਗੁ ਜਿਨਿ ਉਪਾਇਆ ॥
ਮੂਰਖੁ ਭੋਗੇ ਭੋਗੁ ਦੁਖ ਸਬਾਇਆ ॥
ਸੁਖਹੁ ਉਠੇ ਰੋਗ ਪਾਪ ਕਮਾਇਆ ॥
ਹਰਖਹੁ ਸੋਗੁ ਵਿਜੋਗੁ ਉਪਾਇ ਖਪਾਇਆ ॥
ਮੂਰਖ ਗਣਤ ਗਣਾਇ ਝਗੜਾ ਪਾਇਆ ॥
ਸਤਿਗੁਰ ਹਥਿ ਨਿਬੇੜੁ ਝਗੜੁ ਚੁਕਾਇਆ ॥
ਕਰਤਾ ਕਰੇ ਸੁ ਹੋਗੁ ਨ ਚਲੈ ਚਲਾਇਆ ॥੪॥

(ਹੰਸ=ਜੀਵ, ਸੰਜੋਗੁ ਮੇਲਿ=ਸੰਜੋਗ ਮੇਲ ਕੇ,
ਤਿਨ ਹੀ=ਤਿਨਿ ਹੀ, ਜਿਨਿ=ਜਿਸ ਪ੍ਰਭੂ ਨੇ,
ਤਿਨ ਹੀ=ਉਸ ਪ੍ਰਭੂ ਨੇ, ਸਬਾਇਆ=ਸਾਰੇ,
ਹਰਖਹੁ=ਖ਼ੁਸ਼ੀ ਤੋਂ, ਮੂਰਖ ਗਣਤ ਗਣਾਇ=
ਮੂਰਖਾਂ ਵਾਲੇ ਕੰਮ ਕਰ ਕੇ, ਝਗੜਾ=ਜਨਮ
ਮਰਨ ਦਾ ਲੰਬਾ ਝੰਬੇਲਾ, ਸੁ ਹੋਗੁ=ਉਹੀ ਹੋਵੇਗਾ)

5. ਇਕਿ ਕੰਦ ਮੂਲੁ ਚੁਣਿ ਖਾਹਿ

ਇਕਿ ਕੰਦ ਮੂਲੁ ਚੁਣਿ ਖਾਹਿ ਵਣ ਖੰਡਿ ਵਾਸਾ ॥
ਇਕਿ ਭਗਵਾ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ ॥
ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ ॥
ਬਿਰਥਾ ਜਨਮੁ ਗਵਾਇ ਨ ਗਿਰਹੀ ਨ ਉਦਾਸਾ ॥
ਜਮਕਾਲੁ ਸਿਰਹੁ ਨ ਉਤਰੈ ਤ੍ਰਿਬਿਧਿ ਮਨਸਾ ॥
ਗੁਰਮਤੀ ਕਾਲੁ ਨ ਆਵੈ ਨੇੜੈ ਜਾ ਹੋਵੈ ਦਾਸਨਿ ਦਾਸਾ ॥
ਸਚਾ ਸਬਦੁ ਸਚੁ ਮਨਿ ਘਰ ਹੀ ਮਾਹਿ ਉਦਾਸਾ ॥
ਨਾਨਕ ਸਤਿਗੁਰੁ ਸੇਵਨਿ ਆਪਣਾ ਸੇ ਆਸਾ ਤੇ ਨਿਰਾਸਾ ॥੫॥

(ਕੰਦ=ਗਾਜਰ ਮੂਲੀ ਗੋਂਗਲੂ ਆਦਿਕ ਸਬਜ਼ੀ ਜੋ ਜ਼ਮੀਨ
ਦੇ ਅੰਦਰ ਪੈਦਾ ਹੁੰਦੀ ਹੈ, ਕੰਦ ਮੂਲੁ=ਮੂਲੀ, ਵਣ=ਜੰਗਲ,
ਵਣਖੰਡਿ=ਜੰਗਲ ਦੇ ਹਿੱਸੇ ਵਿਚ, ਛਾਦਨ=ਕੱਪੜਾ, ਆਸਾ=
ਲਾਲਸਾ, ਗਿਰਹੀ=ਗ੍ਰਿਹਸਤੀ, ਤ੍ਰਿਬਿਧਿ=ਤਿੰਨ ਕਿਸਮ ਦੀ,
ਤ੍ਰਿਗੁਣੀ, ਮਨਸਾ=ਵਾਸਨਾ)

6. ਮਾਹਾ ਰੁਤੀ ਸਭ ਤੂੰ

ਮਾਹਾ ਰੁਤੀ ਸਭ ਤੂੰ ਘੜੀ ਮੂਰਤ ਵੀਚਾਰਾ ॥
ਤੂੰ ਗਣਤੈ ਕਿਨੈ ਨ ਪਾਇਓ ਸਚੇ ਅਲਖ ਅਪਾਰਾ ॥
ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ ॥
ਨਾਉ ਪੜੀਐ ਨਾਉ ਬੁਝੀਐ ਗੁਰਮਤੀ ਵੀਚਾਰਾ ॥
ਗੁਰਮਤੀ ਨਾਮੁ ਧਨੁ ਖਟਿਆ ਭਗਤੀ ਭਰੇ ਭੰਡਾਰਾ ॥
ਨਿਰਮਲੁ ਨਾਮੁ ਮੰਨਿਆ ਦਰਿ ਸਚੈ ਸਚਿਆਰਾ ॥
ਜਿਸ ਦਾ ਜੀਉ ਪਰਾਣੁ ਹੈ ਅੰਤਰਿ ਜੋਤਿ ਅਪਾਰਾ ॥
ਸਚਾ ਸਾਹੁ ਇਕੁ ਤੂੰ ਹੋਰੁ ਜਗਤੁ ਵਣਜਾਰਾ ॥੬॥

(ਮਾਹਾ=ਮਹੀਨੇ, ਮੂਰਤ=ਮੁਹੂਰਤ, ਵੀਚਾਰਾ=
ਵਿਚਾਰਿਆ ਜਾ ਸਕਦਾ, ਤੂੰ=ਤੈਨੂੰ, ਗਣਤੈ=
ਥਿੱਤਾਂ ਦੇ ਲੇਖੇ ਕਰਨ ਨਾਲ, ਅਲਖ=ਅਦ੍ਰਿਸ਼ਟ,
ਸਚਿਆਰਾ=ਸੁਰਖ਼ਰੂ, ਵਣਜਾਰਾ=ਫੇਰੀ ਲਾ ਕੇ
ਸਉਦਾ ਵੇਚਣ ਵਾਲਾ)

7. ਇਕਿ ਰਤਨ ਪਦਾਰਥ ਵਣਜਦੇ

ਇਕਿ ਰਤਨ ਪਦਾਰਥ ਵਣਜਦੇ ਇਕਿ ਕਚੈ ਦੇ ਵਾਪਾਰਾ ॥
ਸਤਿਗੁਰਿ ਤੁਠੈ ਪਾਈਅਨਿ ਅੰਦਰਿ ਰਤਨ ਭੰਡਾਰਾ ॥
ਵਿਣੁ ਗੁਰ ਕਿਨੈ ਨ ਲਧਿਆ ਅੰਧੇ ਭਉਕਿ ਮੁਏ ਕੂੜਿਆਰਾ ॥
ਮਨਮੁਖ ਦੂਜੈ ਪਚਿ ਮੁਏ ਨਾ ਬੂਝਹਿ ਵੀਚਾਰਾ ॥
ਇਕਸੁ ਬਾਝਹੁ ਦੂਜਾ ਕੋ ਨਹੀ ਕਿਸੁ ਅਗੈ ਕਰਹਿ ਪੁਕਾਰਾ ॥
ਇਕਿ ਨਿਰਧਨ ਸਦਾ ਭਉਕਦੇ ਇਕਨਾ ਭਰੇ ਤੁਜਾਰਾ ॥
ਵਿਣੁ ਨਾਵੈ ਹੋਰੁ ਧਨੁ ਨਾਹੀ ਹੋਰੁ ਬਿਖਿਆ ਸਭੁ ਛਾਰਾ ॥
ਨਾਨਕ ਆਪਿ ਕਰਾਏ ਕਰੇ ਆਪਿ ਹੁਕਮਿ ਸਵਾਰਣਹਾਰਾ ॥੭॥

(ਇਕਿ=ਕਈ ਮਨੁੱਖ, ਪਾਈਅਨਿ=ਮਿਲਦੇ ਹਨ, ਤੁਜਾਰਾ=
ਖ਼ਜ਼ਾਨੇ, ਬਿਖਿਆ=ਮਾਇਆ, ਛਾਰਾ=ਸੁਆਹ,ਤੁੱਛ)

8. ਰਾਜੇ ਰਯਤਿ ਸਿਕਦਾਰ

ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ ॥
ਹਟ ਪਟਣ ਬਾਜਾਰ ਹੁਕਮੀ ਢਹਸੀਓ ॥
ਪਕੇ ਬੰਕ ਦੁਆਰ ਮੂਰਖੁ ਜਾਣੈ ਆਪਣੇ ॥
ਦਰਬਿ ਭਰੇ ਭੰਡਾਰ ਰੀਤੇ ਇਕਿ ਖਣੇ ॥
ਤਾਜੀ ਰਥ ਤੁਖਾਰ ਹਾਥੀ ਪਾਖਰੇ ॥
ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੇ ॥
ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ ॥
ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ ॥੮॥

(ਸਿਕਦਾਰ=ਚੌਧਰੀ, ਪਟਣ=ਸ਼ਹਿਰ,
ਬੰਕ=ਸੋਹਣੇ, ਦਰਬਿ=ਧਨ ਨਾਲ, ਰੀਤੇ=
ਸੱਖਣੇ, ਇਕਿ ਖਣੇ=ਇਕ ਖਿਨ ਵਿਚ,
ਤਾਜੀ=ਅਰਬੀ ਨਸਲ ਦੇ ਘੋੜੇ, ਤੁਖਾਰ=
ਊਠ, ਪਾਖਰ=ਹਉਦੇ,ਪਲਾਣੇ, ਸਿ=ਉਹ,
ਸਰਾਇਚੇ=ਕਨਾਤਾਂ, ਲਾਲਤੀ=ਅਤਲਸੀ,
ਸਿਨਾਖਤੁ=ਪਛਾਣ)

9. ਬਦਫੈਲੀ ਗੈਬਾਨਾ ਖਸਮੁ ਨ ਜਾਣਈ

ਬਦਫੈਲੀ ਗੈਬਾਨਾ ਖਸਮੁ ਨ ਜਾਣਈ ॥
ਸੋ ਕਹੀਐ ਦੇਵਾਨਾ ਆਪੁ ਨ ਪਛਾਣਈ ॥
ਕਲਹਿ ਬੁਰੀ ਸੰਸਾਰਿ ਵਾਦੇ ਖਪੀਐ ॥
ਵਿਣੁ ਨਾਵੈ ਵੇਕਾਰਿ ਭਰਮੇ ਪਚੀਐ ॥
ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ ॥
ਕੁਫਰ ਗੋਅ ਕੁਫਰਾਣੈ ਪਇਆ ਦਝਸੀ ॥
ਸਭ ਦੁਨੀਆ ਸੁਬਹਾਨੁ ਸਚਿ ਸਮਾਈਐ ॥
ਸਿਝੈ ਦਰਿ ਦੀਵਾਨਿ ਆਪੁ ਗਵਾਈਐ ॥੯॥

(ਬਦਫੈਲੀ=ਮੰਦੀ ਕਰਤੂਤ, ਗੈਬਾਨਾ=ਲੁਕ ਕੇ,
ਕਲਹਿ=ਝਗੜਾ, ਵਾਦੇ=ਝਗੜੇ ਵਿਚ ਹੀ,
ਕੁਫਰ=ਝੂਠ, ਕੁਫਰਗੋਅ=ਝੂਠ ਬੋਲਣ ਵਾਲਾ,
ਦਝਸੀ=ਸੜੇਗਾ, ਸੁਬਹਾਨੁ=ਸੁੰਦਰ, ਦੋਵੈ
ਰਾਹ=ਧਨ ਤੇ ਨਾਮ)

10. ਜਾਤੀ ਦੈ ਕਿਆ ਹਥਿ

ਜਾਤੀ ਦੈ ਕਿਆ ਹਥਿ ਸਚੁ ਪਰਖੀਐ ॥
ਮਹੁਰਾ ਹੋਵੈ ਹਥਿ ਮਰੀਐ ਚਖੀਐ ॥
ਸਚੇ ਕੀ ਸਿਰਕਾਰ ਜੁਗੁ ਜੁਗੁ ਜਾਣੀਐ ॥
ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ ॥
ਫੁਰਮਾਨੀ ਹੈ ਕਾਰ ਖਸਮਿ ਪਠਾਇਆ ॥
ਤਬਲਬਾਜ ਬੀਚਾਰ ਸਬਦਿ ਸੁਣਾਇਆ ॥
ਇਕਿ ਹੋਏ ਅਸਵਾਰ ਇਕਨਾ ਸਾਖਤੀ ॥
ਇਕਨੀ ਬਧੇ ਭਾਰ ਇਕਨਾ ਤਾਖਤੀ ॥੧੦॥

(ਸਿਰਕਾਰ=ਰਾਜ, ਜੁਗੁ ਜੁਗੁ=ਹਰੇਕ
ਜੁਗ ਵਿਚ, ਸਦਾ ਹੀ, ਦੀਬਾਣੀਐ=
ਦੀਵਾਨ ਵਿਚ,ਦਰਗਾਹ ਵਿਚ,
ਫੁਰਮਾਨੀ=ਹੁਕਮ ਮੰਨਣਾ, ਪਠਾਇਆ=
ਭੇਜਿਆ, ਤਬਲਬਾਜ=ਨਗਾਰਚੀ (ਗੁਰੂ),
ਸਾਖਤੀ=ਦੁਮਚੀ,ਤਿਆਰ ਹੋ ਗਏ,
ਤਾਖਤੀ=ਦੌੜ)

11. ਇਕਨਾ ਮਰਣੁ ਨ ਚਿਤਿ

ਇਕਨਾ ਮਰਣੁ ਨ ਚਿਤਿ ਆਸ ਘਣੇਰਿਆ ॥
ਮਰਿ ਮਰਿ ਜੰਮਹਿ ਨਿਤ ਕਿਸੈ ਨ ਕੇਰਿਆ ॥
ਆਪਨੜੈ ਮਨਿ ਚਿਤਿ ਕਹਨਿ ਚੰਗੇਰਿਆ ॥
ਜਮਰਾਜੈ ਨਿਤ ਨਿਤ ਮਨਮੁਖ ਹੇਰਿਆ ॥
ਮਨਮੁਖ ਲੂਣ ਹਾਰਾਮ ਕਿਆ ਨ ਜਾਣਿਆ ॥
ਬਧੇ ਕਰਨਿ ਸਲਾਮ ਖਸਮ ਨ ਭਾਣਿਆ ॥
ਸਚੁ ਮਿਲੈ ਮੁਖਿ ਨਾਮੁ ਸਾਹਿਬ ਭਾਵਸੀ ॥
ਕਰਸਨਿ ਤਖਤਿ ਸਲਾਮੁ ਲਿਖਿਆ ਪਾਵਸੀ ॥੧੧॥

(ਆਸ ਘਣੇਰਿਆ=ਬੜੀਆਂ ਆਸਾਂ,
ਕਿਸੈ ਨ ਕੇਰਿਆ=ਕਿਸੇ ਦੇ ਭੀ ਉਹ
ਨਹੀਂ ਬਣਦੇ, ਹੇਰਿਆ=ਵੇਖਦਾ ਰਹਿੰਦਾ ਹੈ)

12. ਆਪੇ ਕੁਦਰਤਿ ਸਾਜਿ ਕੈ

ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ ॥
ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ ॥
ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ ॥
ਖੋਟੇ ਸਚੀ ਦਰਗਹ ਸੁਟੀਅਹਿ ਕਿਸੁ ਆਗੈ ਕਰਹਿ ਪੁਕਾਰ ॥
ਸਤਿਗੁਰ ਪਿਛੈ ਭਜਿ ਪਵਹਿ ਏਹਾ ਕਰਣੀ ਸਾਰੁ ॥
ਸਤਿਗੁਰੁ ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰੁ ॥
ਸਚੀ ਦਰਗਹ ਮੰਨੀਅਨਿ ਗੁਰ ਕੈ ਪ੍ਰੇਮ ਪਿਆਰਿ ॥
ਗਣਤ ਤਿਨਾ ਦੀ ਕੋ ਕਿਆ ਕਰੇ ਜੋ ਆਪਿ ਬਖਸੇ ਕਰਤਾਰਿ ॥੧੨॥

(ਬਾਹਰ ਵਾਰਿ=ਬਾਹਰਲੇ ਪਾਸੇ, ਸਾਰੁ=ਸ੍ਰੇਸ਼ਟ,
ਮੰਨੀਅਨਿ=ਮੰਨੇ ਜਾਂਦੇ ਹਨ, ਆਦਰ ਪਾਂਦੇ ਹਨ,
ਗਣਤ=ਦੰਦ ਕਥਾ,ਨਿੰਦਿਆ)

13. ਸਚਾ ਤੇਰਾ ਹੁਕਮੁ

ਸਚਾ ਤੇਰਾ ਹੁਕਮੁ ਗੁਰਮੁਖਿ ਜਾਣਿਆ ॥
ਗੁਰਮਤੀ ਆਪੁ ਗਵਾਇ ਸਚੁ ਪਛਾਣਿਆ ॥
ਸਚੁ ਤੇਰਾ ਦਰਬਾਰੁ ਸਬਦੁ ਨੀਸਾਣਿਆ ॥
ਸਚਾ ਸਬਦੁ ਵੀਚਾਰਿ ਸਚਿ ਸਮਾਣਿਆ ॥
ਮਨਮੁਖ ਸਦਾ ਕੂੜਿਆਰ ਭਰਮਿ ਭੁਲਾਣਿਆ ॥
ਵਿਸਟਾ ਅੰਦਰਿ ਵਾਸੁ ਸਾਦੁ ਨ ਜਾਣਿਆ ॥
ਵਿਣੁ ਨਾਵੈ ਦੁਖੁ ਪਾਇ ਆਵਣ ਜਾਣਿਆ ॥
ਨਾਨਕ ਪਾਰਖੁ ਆਪਿ ਜਿਨਿ ਖੋਟਾ ਖਰਾ ਪਛਾਣਿਆ ॥੧੩॥

(ਆਪੁ=ਆਪਣੇ ਆਪ ਨੂੰ, ਆਪਿ=ਖ਼ੁਦ ਹੀ,
ਨੀਸਾਣਿਆ=ਨੀਸਾਣ,ਰਾਹਦਾਰੀ, ਕੂੜਿਆਰ=
ਕੂੜ ਦੇ ਵਪਾਰੀ)

14. ਪੂਰੇ ਗੁਰ ਕੀ ਕਾਰ

ਪੂਰੇ ਗੁਰ ਕੀ ਕਾਰ ਕਰਮਿ ਕਮਾਈਐ ॥
ਗੁਰਮਤੀ ਆਪੁ ਗਵਾਇ ਨਾਮੁ ਧਿਆਈਐ ॥
ਦੂਜੀ ਕਾਰੈ ਲਗਿ ਜਨਮੁ ਗਵਾਈਐ ॥
ਵਿਣੁ ਨਾਵੈ ਸਭ ਵਿਸੁ ਪੈਝੈ ਖਾਈਐ ॥
ਸਚਾ ਸਬਦੁ ਸਾਲਾਹਿ ਸਚਿ ਸਮਾਈਐ ॥
ਵਿਣੁ ਸਤਿਗੁਰੁ ਸੇਵੇ ਨਾਹੀ ਸੁਖਿ ਨਿਵਾਸੁ ਫਿਰਿ ਫਿਰਿ ਆਈਐ ॥
ਦੁਨੀਆ ਖੋਟੀ ਰਾਸਿ ਕੂੜੁ ਕਮਾਈਐ ॥
ਨਾਨਕ ਸਚੁ ਖਰਾ ਸਾਲਾਹਿ ਪਤਿ ਸਿਉ ਜਾਈਐ ॥੧੪॥

(ਕਰਮਿ=ਮਿਹਰ ਨਾਲ, ਵਿਸੁ=ਵਿਹੁ,ਜ਼ਹਿਰ,
ਪੈਝੈ ਖਾਈਐ=ਜੋ ਕੁਝ ਪਹਿਨੀਦਾ ਤੇ ਖਾਈਦਾ
ਹੈ, ਸੁਖਿ=ਸੁਖ ਵਿਚ, ਰਾਸਿ=ਪੂੰਜੀ)

15. ਸਤਿਗੁਰੁ ਸੇਵਿ ਨਿਸੰਗੁ

ਸਤਿਗੁਰੁ ਸੇਵਿ ਨਿਸੰਗੁ ਭਰਮੁ ਚੁਕਾਈਐ ॥
ਸਤਿਗੁਰੁ ਆਖੈ ਕਾਰ ਸੁ ਕਾਰ ਕਮਾਈਐ ॥
ਸਤਿਗੁਰੁ ਹੋਇ ਦਇਆਲੁ ਤ ਨਾਮੁ ਧਿਆਈਐ ॥
ਲਾਹਾ ਭਗਤਿ ਸੁ ਸਾਰੁ ਗੁਰਮੁਖਿ ਪਾਈਐ ॥
ਮਨਮੁਖਿ ਕੂੜੁ ਗੁਬਾਰੁ ਕੂੜੁ ਕਮਾਈਐ ॥
ਸਚੇ ਦੈ ਦਰਿ ਜਾਇ ਸਚੁ ਚਵਾਂਈਐ ॥
ਸਚੈ ਅੰਦਰਿ ਮਹਲਿ ਸਚਿ ਬੁਲਾਈਐ ॥
ਨਾਨਕ ਸਚੁ ਸਦਾ ਸਚਿਆਰੁ ਸਚਿ ਸਮਾਈਐ ॥੧੫॥

(ਨਿਸੰਗੁ=ਝਾਕਾ ਉਤਾਰ ਕੇ, ਸਾਰੁ=ਸ੍ਰੇਸ਼ਟ,
ਲਾਹਾ=ਲਾਭ, ਚਵਾਂਈਐ=ਬੋਲੀਐ, ਸਚਿਆਰੁ=
ਸੱਚ ਦਾ ਵਪਾਰੀ)

16. ਭਗਤਾ ਤੈ ਸੈਸਾਰੀਆ

ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ ॥
ਕਰਤਾ ਆਪਿ ਅਭੁਲੁ ਹੈ ਨ ਭੁਲੈ ਕਿਸੈ ਦਾ ਭੁਲਾਇਆ ॥
ਭਗਤ ਆਪੇ ਮੇਲਿਅਨੁ ਜਿਨੀ ਸਚੋ ਸਚੁ ਕਮਾਇਆ ॥
ਸੈਸਾਰੀ ਆਪਿ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ ॥
ਚਲਣ ਸਾਰ ਨ ਜਾਣਨੀ ਕਾਮੁ ਕਰੋਧੁ ਵਿਸੁ ਵਧਾਇਆ ॥
ਭਗਤ ਕਰਨਿ ਹਰਿ ਚਾਕਰੀ ਜਿਨੀ ਅਨਦਿਨੁ ਨਾਮੁ ਧਿਆਇਆ ॥
ਦਾਸਨਿ ਦਾਸ ਹੋਇ ਕੈ ਜਿਨੀ ਵਿਚਹੁ ਆਪੁ ਗਵਾਇਆ ॥
ਓਨਾ ਖਸਮੈ ਕੈ ਦਰਿ ਮੁਖ ਉਜਲੇ ਸਚੈ ਸਬਦਿ ਸੁਹਾਇਆ ॥੧੬॥

(ਮੇਲਿਅਨੁ=ਮੇਲੇ ਹਨ ਉਸ ਪ੍ਰਭੂ ਨੇ, ਖੁਆਇਅਨੁ=
ਖੁੰਝਾਏ ਹਨ ਉਸ ਨੇ, ਬਿਖੁ=ਵਿਹੁ, ਸਾਰ=ਸਮਝ,
ਵਿਸੁ=ਵਿਹੁ, ਅਨਦਿਨੁ=ਹਰ ਰੋਜ਼, ਹਰ ਵੇਲੇ,
ਦਾਸਨਿ ਦਾਸ=ਦਾਸਾਂ ਦੇ ਦਾਸ, ਸੁਹਾਇਆ=
ਸੋਹਣੇ ਲੱਗਦੇ ਹਨ)

17. ਜਾ ਤੂੰ ਤਾ ਕਿਆ ਹੋਰਿ

ਜਾ ਤੂੰ ਤਾ ਕਿਆ ਹੋਰਿ ਮੈ ਸਚੁ ਸੁਣਾਈਐ ॥
ਮੁਠੀ ਧੰਧੈ ਚੋਰਿ ਮਹਲੁ ਨ ਪਾਈਐ ॥
ਏਨੈ ਚਿਤਿ ਕਠੋਰਿ ਸੇਵ ਗਵਾਈਐ ॥
ਜਿਤੁ ਘਟਿ ਸਚੁ ਨ ਪਾਇ ਸੁ ਭੰਨਿ ਘੜਾਈਐ ॥
ਕਿਉ ਕਰਿ ਪੂਰੈ ਵਟਿ ਤੋਲਿ ਤੁਲਾਈਐ ॥
ਕੋਇ ਨ ਆਖੈ ਘਟਿ ਹਉਮੈ ਜਾਈਐ ॥
ਲਈਅਨਿ ਖਰੇ ਪਰਖਿ ਦਰਿ ਬੀਨਾਈਐ ॥
ਸਉਦਾ ਇਕਤੁ ਹਟਿ ਪੂਰੈ ਗੁਰਿ ਪਾਈਐ ॥੧੭॥

(ਕਿਆ ਹੋਰਿ=ਹੋਰ ਜੀਵ ਕੀਹ ਹਨ,
ਧੰਧੈ ਚੋਰਿ=ਧੰਧੇ-ਰੂਪ ਚੋਰ ਨੇ, ਏਨੈ=
ਏਸ ਨੇ, ਜਿਤੁ ਘਟਿ=ਜਿਸ ਸਰੀਰ ਵਿਚ,
ਭੰਨਿ ਘੜਾਈਐ=ਭੱਜਦਾ ਘੜੀਦਾ ਰਹਿੰਦਾ
ਹੈ, ਪੂਰੈ ਵਟਿ=ਪੂਰੇ ਵੱਟੇ ਨਾਲ, ਤੁਲਾਈਐ=
ਤੁਲ ਸਕੇ,ਪੂਰਾ ਉਤਰ ਸਕੇ, ਜਾਈਐ=ਜੇ
ਚਲੀ ਜਾਏ, ਲਈਅਨਿ ਪਰਖਿ=ਪਰਖ ਲਏ
ਜਾਂਦੇ ਹਨ, ਦਰਿ ਬੀਨਾਈਐ=ਬੀਨਾਈ ਵਾਲੇ
ਦੇ ਦਰ ਤੇ, ਸਿਆਣੇ ਪ੍ਰਭੂ ਦੇ ਦਰ ਤੇ)

18. ਸਚਾ ਭੋਜਨੁ ਭਾਉ

ਸਚਾ ਭੋਜਨੁ ਭਾਉ ਸਤਿਗੁਰਿ ਦਸਿਆ ॥
ਸਚੇ ਹੀ ਪਤੀਆਇ ਸਚਿ ਵਿਗਸਿਆ ॥
ਸਚੈ ਕੋਟਿ ਗਿਰਾਂਇ ਨਿਜ ਘਰਿ ਵਸਿਆ ॥
ਸਤਿਗੁਰਿ ਤੁਠੈ ਨਾਉ ਪ੍ਰੇਮਿ ਰਹਸਿਆ ॥
ਸਚੈ ਦੈ ਦੀਬਾਣਿ ਕੂੜਿ ਨ ਜਾਈਐ ॥
ਝੂਠੋ ਝੂਠੁ ਵਖਾਣਿ ਸੁ ਮਹਲੁ ਖੁਆਈਐ ॥
ਸਚੈ ਸਬਦਿ ਨੀਸਾਣਿ ਠਾਕ ਨ ਪਾਈਐ ॥
ਸਚੁ ਸੁਣਿ ਬੁਝਿ ਵਖਾਣਿ ਮਹਲਿ ਬੁਲਾਈਐ ॥੧੮॥

(ਸਤਿਗੁਰਿ=ਸਤਿਗੁਰੂ ਨੇ, ਪਾਤਿਆਇ=
ਪਤੀਜ ਕੇ,ਪਰਚ ਕੇ, ਵਿਗਸਿਆ=ਖਿੜਿਆ,
ਕੋਟਿ=ਕਿਲ੍ਹੇ ਵਿਚ, ਗਿਰਾਂਇ=ਪਿੰਡ ਵਿਚ,
ਰਹਸਿਆ=ਖਿੜ ਪਿਆ, ਦੀਬਾਣਿ=ਦਰਬਾਰ
ਵਿਚ, ਕੂੜਿ=ਕੂੜ ਦੀ ਰਾਹੀਂ, ਖੁਆਇਐ=
ਖੁੰਝਾ ਲਈਦਾ ਹੈ, ਠਾਕ=ਰੋਕ, ਭਾਉ=ਪ੍ਰੇਮ)

19. ਵਿਣੁ ਸਚੇ ਸਭੁ ਕੂੜੁ

ਵਿਣੁ ਸਚੇ ਸਭੁ ਕੂੜੁ ਕੂੜੁ ਕਮਾਈਐ ॥
ਵਿਣੁ ਸਚੇ ਕੂੜਿਆਰੁ ਬੰਨਿ ਚਲਾਈਐ ॥
ਵਿਣੁ ਸਚੇ ਤਨੁ ਛਾਰੁ ਛਾਰੁ ਰਲਾਈਐ ॥
ਵਿਣੁ ਸਚੇ ਸਭ ਭੁਖ ਜਿ ਪੈਝੈ ਖਾਈਐ ॥
ਵਿਣੁ ਸਚੇ ਦਰਬਾਰੁ ਕੂੜਿ ਨ ਪਾਈਐ ॥
ਕੂੜੈ ਲਾਲਚਿ ਲਗਿ ਮਹਲੁ ਖੁਆਈਐ ॥
ਸਭੁ ਜਗੁ ਠਗਿਓ ਠਗਿ ਆਈਐ ਜਾਈਐ ॥
ਤਨ ਮਹਿ ਤ੍ਰਿਸਨਾ ਅਗਿ ਸਬਦਿ ਬੁਝਾਈਐ ॥੧੯॥

(ਵਿਣੁ=ਬਿਨਾ, ਕੂੜਿਆਰ=ਕੂੜ ਦਾ ਵਪਾਰੀ,
ਬੰਨਿ=ਬੰਨ੍ਹ ਕੇ,ਜਕੜ ਕੇ, ਛਾਰੁ ਰਲਾਈਐ=
ਮਿੱਟੀ ਵਿਚ ਰਲ ਜਾਂਦਾ ਹੈ, ਮਹਲੁ=ਪ੍ਰਭੂ ਦੇ
ਰਹਿਣ ਦੀ ਥਾਂ, ਖੁਆਈਐ=ਖੁੰਝਾ ਲਈਦਾ ਹੈ,
ਗਵਾ ਲਈਦਾ ਹੈ, ਠਗਿ=ਠੱਗ ਨੇ,ਕੂੜ-ਰੂਪ
ਠੱਗ ਨੇ)

20. ਜੀਵਦਿਆ ਮਰੁ ਮਾਰਿ

ਜੀਵਦਿਆ ਮਰੁ ਮਾਰਿ ਨ ਪਛੋਤਾਈਐ ॥
ਝੂਠਾ ਇਹੁ ਸੰਸਾਰੁ ਕਿਨਿ ਸਮਝਾਈਐ ॥
ਸਚਿ ਨ ਧਰੇ ਪਿਆਰੁ ਧੰਧੈ ਧਾਈਐ ॥
ਕਾਲੁ ਬੁਰਾ ਖੈ ਕਾਲੁ ਸਿਰਿ ਦੁਨੀਆਈਐ ॥
ਹੁਕਮੀ ਸਿਰਿ ਜੰਦਾਰੁ ਮਾਰੇ ਦਾਈਐ ॥
ਆਪੇ ਦੇਇ ਪਿਆਰੁ ਮੰਨਿ ਵਸਾਈਐ ॥
ਮੁਹਤੁ ਨ ਚਸਾ ਵਿਲੰਮੁ ਭਰੀਐ ਪਾਈਐ ॥
ਗੁਰ ਪਰਸਾਦੀ ਬੁਝਿ ਸਚਿ ਸਮਾਈਐ ॥੨੦॥

(ਮਾਰਿ=ਮਾਰ ਕੇ,ਤ੍ਰਿਸ਼ਨਾ ਨੂੰ ਮਾਰ ਕੇ,
ਕਿਨਿ=ਕਿਸੇ ਵਿਰਲੇ ਨੇ, ਧਾਈਐ=
ਧਾਉਂਦਾ ਹੈ,ਭਟਕਦਾ ਹੈ, ਬੁਰਾ=ਭੈੜਾ,
ਖੈ=ਨਾਸ ਕਰਨ ਵਾਲਾ, ਜੰਦਾਰੁ=ਜੰਦਾਲ,
ਗਵਾਰ,ਅਵੈੜਾ, ਦਾਈਐ=ਦਾਉ ਲਾ ਕੇ,
ਮੰਨਿ=ਮਨ ਵਿਚ, ਮੁਹਤੁ=ਮੁਹੂਰਤ,ਪਲ-ਮਾਤ੍ਰ,
ਚਸਾ=ਨਿਮਖ-ਮਾਤ੍ਰ, ਵਿਲੰਮੁ=ਢਿੱਲ, ਭਰੀਐ
ਪਾਈਐ=ਜਦੋਂ ਪਾਈ ਭਰ ਜਾਂਦੀ ਹੈ, ਪਾਈ=
ਚਾਰ ਟੋਪੇ ਦਾ ਮਾਪ)

21. ਕੇਤੇ ਕਹਹਿ ਵਖਾਣ

ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ ॥
ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ ॥
ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥
ਖਟੁ ਦਰਸਨ ਕੈ ਭੇਖਿ ਕਿਸੈ ਸਚਿ ਸਮਾਵਣਾ ॥
ਸਚਾ ਪੁਰਖੁ ਅਲਖੁ ਸਬਦਿ ਸੁਹਾਵਣਾ ॥
ਮੰਨੇ ਨਾਉ ਬਿਸੰਖ ਦਰਗਹ ਪਾਵਣਾ ॥
ਖਾਲਕ ਕਉ ਆਦੇਸੁ ਢਾਢੀ ਗਾਵਣਾ ॥
ਨਾਨਕ ਜੁਗੁ ਜੁਗੁ ਏਕੁ ਮੰਨਿ ਵਸਾਵਣਾ ॥੨੧॥

(ਕੇਤੇ=ਬੇਅੰਤ ਜੀਵ, ਵਖਾਣ ਕਹਹਿ=
ਬਿਆਨ ਕਰਦੇ ਹਨ, ਪੜਿਐ=ਪੜ੍ਹਨ
ਨਾਲ, ਬੁਝਿਐ=ਮਤਿ ਉੱਚੀ ਹੋਣ ਨਾਲ,
ਖਟੁ ਦਰਸਨ=ਛੇ ਭੇਖ (ਜੋਗੀ, ਜੰਗਮ,
ਸੰਨਿਆਸੀ, ਬੋਧੀ, ਸਰੇਵੜੇ, ਬੈਰਾਗੀ),
ਭੇਖਿ=ਬਾਹਰਲੇ ਧਾਰਮਿਕ ਲਿਬਾਸ ਦੀ
ਰਾਹੀਂ, ਕਿਸੈ=ਕਿਸੇ ਨੇ ਨਹੀਂ, ਅਲਖੁ=
ਅਦ੍ਰਿਸ਼ਟ, ਬਿਸੰਖ=ਅਸੰਖ ਦਾ,ਬੇਅੰਤ
ਹਰੀ ਦਾ, ਆਦੇਸੁ=ਨਮਸਕਾਰ)

22. ਨਾਰੀ ਪੁਰਖ ਪਿਆਰੁ

ਨਾਰੀ ਪੁਰਖ ਪਿਆਰੁ ਪ੍ਰੇਮਿ ਸੀਗਾਰੀਆ ॥
ਕਰਨਿ ਭਗਤਿ ਦਿਨੁ ਰਾਤਿ ਨ ਰਹਨੀ ਵਾਰੀਆ ॥
ਮਹਲਾ ਮੰਝਿ ਨਿਵਾਸੁ ਸਬਦਿ ਸਵਾਰੀਆ ॥
ਸਚੁ ਕਹਨਿ ਅਰਦਾਸਿ ਸੇ ਵੇਚਾਰੀਆ ॥
ਸੋਹਨਿ ਖਸਮੈ ਪਾਸਿ ਹੁਕਮਿ ਸਿਧਾਰੀਆ ॥
ਸਖੀ ਕਹਨਿ ਅਰਦਾਸਿ ਮਨਹੁ ਪਿਆਰੀਆ ॥
ਬਿਨੁ ਨਾਵੈ ਧ੍ਰਿਗੁ ਵਾਸੁ ਫਿਟੁ ਸੁ ਜੀਵਿਆ ॥
ਸਬਦਿ ਸਵਾਰੀਆਸੁ ਅੰਮ੍ਰਿਤੁ ਪੀਵਿਆ ॥੨੨॥

(ਨਾਰੀ=ਜੀਵ-ਇਸਤ੍ਰੀ, ਪ੍ਰੇਮ=ਪ੍ਰਭੂ ਪਿਆਰ,
ਸੀਗਾਰੀਆ=ਸਜੀਆਂ ਹੋਇਆਂ, ਵਾਰੀਆ=
ਵਰਜੀਆਂ, ਸਿਧਾਰੀਆ=ਅੱਪੜੀਆਂ ਹੋਈਆਂ,
ਸਖੀ=ਸਖੀਆਂ,ਗੋਲੀਆਂ, ਮਨਹੁ=ਦਿਲੋਂ, ਧ੍ਰਿਗੁ=
ਫਿਟਕਾਰ-ਜੋਗ, ਸਵਾਰੀਆਸੁ=ਜੋ ਉਸ ਨੇ
ਸੁਧਾਰੀ ਹੈ)

23. ਖਸਮੈ ਕੈ ਦਰਬਾਰਿ ਢਾਢੀ ਵਸਿਆ

ਖਸਮੈ ਕੈ ਦਰਬਾਰਿ ਢਾਢੀ ਵਸਿਆ ॥
ਸਚਾ ਖਸਮੁ ਕਲਾਣਿ ਕਮਲੁ ਵਿਗਸਿਆ ॥
ਖਸਮਹੁ ਪੂਰਾ ਪਾਇ ਮਨਹੁ ਰਹਸਿਆ ॥
ਦੁਸਮਨ ਕਢੇ ਮਾਰਿ ਸਜਣ ਸਰਸਿਆ ॥
ਸਚਾ ਸਤਿਗੁਰੁ ਸੇਵਨਿ ਸਚਾ ਮਾਰਗੁ ਦਸਿਆ ॥
ਸਚਾ ਸਬਦੁ ਬੀਚਾਰਿ ਕਾਲੁ ਵਿਧਉਸਿਆ ॥
ਢਾਢੀ ਕਥੇ ਅਕਥੁ ਸਬਦਿ ਸਵਾਰਿਆ ॥
ਨਾਨਕ ਗੁਣ ਗਹਿ ਰਾਸਿ ਹਰਿ ਜੀਉ ਮਿਲੇ ਪਿਆਰਿਆ ॥੨੩॥

(ਢਾਢੀ=ਸਿਫ਼ਤਿ ਕਰਨ ਵਾਲਾ, ਕਲਾਣਿ=
ਕਲਾਣ ਕੇ,ਸਿਫ਼ਤਿ-ਸਾਲਾਹ ਕਰਕੇ, ਵਿਗਸਿਆ=
ਖਿੜ ਪਿਆ, ਪੂਰਾ=ਪੂਰਾ ਮਰਤਬਾ, ਰਹਸਿਆ=
ਖਿੜ ਆਇਆ, ਦੁਸਮਨ=ਕਾਮਾਦਿਕ ਵਿਕਾਰ,ਵੈਰੀ,
ਸਜਣ=ਨਾਮ ਵਿਚ ਲੱਗੇ ਗਿਆਨ-ਇੰਦ੍ਰੇ, ਸੇਵਨਿ=
ਸੇਂਵਦੇ ਹਨ,ਹੁਕਮ ਵਿਚ ਤੁਰਦੇ ਹਨ, ਮਾਰਗੁ=ਰਸਤਾ,
ਵਿਧਉਸਿਆ=ਨਾਸ ਕੀਤਾ, ਗੁਣਾਂ ਰਾਸਿ=ਗੁਣ ਦੀ
ਪੂੰਜੀ, ਗਹਿ=ਗ੍ਰਹਿਣ ਕਰ ਕੇ,ਲੈ ਕੇ)

24. ਚਾਰੇ ਕੁੰਡਾ ਦੇਖਿ

ਚਾਰੇ ਕੁੰਡਾ ਦੇਖਿ ਅੰਦਰੁ ਭਾਲਿਆ ॥
ਸਚੈ ਪੁਰਖਿ ਅਲਖਿ ਸਿਰਜਿ ਨਿਹਾਲਿਆ ॥
ਉਝੜਿ ਭੁਲੇ ਰਾਹ ਗੁਰਿ ਵੇਖਾਲਿਆ ॥
ਸਤਿਗੁਰ ਸਚੇ ਵਾਹੁ ਸਚੁ ਸਮਾਲਿਆ ॥
ਪਾਇਆ ਰਤਨੁ ਘਰਾਹੁ ਦੀਵਾ ਬਾਲਿਆ ॥
ਸਚੈ ਸਬਦਿ ਸਲਾਹਿ ਸੁਖੀਏ ਸਚ ਵਾਲਿਆ ॥
ਨਿਡਰਿਆ ਡਰੁ ਲਗਿ ਗਰਬਿ ਸਿ ਗਾਲਿਆ ॥
ਨਾਵਹੁ ਭੁਲਾ ਜਗੁ ਫਿਰੈ ਬੇਤਾਲਿਆ ॥੨੪॥

(ਅੰਦਰੁ=ਅੰਦਰਲਾ ਮਨ, ਅਲਖਿ=ਅੱਲਖ ਨੇ,
ਅਦ੍ਰਿਸ਼ਟ ਪ੍ਰਭੂ ਨੇ, ਸਿਰਜਿ=ਪੈਦਾ ਕਰ ਕੇ,
ਉਝੜਿ=ਔਝੜ ਵਿਚ,ਕੁਰਾਹ ਵਿਚ, ਸਤਿਗੁਰ
ਵਾਹੁ=ਗੁਰੂ ਨੂੰ ਸ਼ਾਬਾਸ਼ੇ, ਘਰਾਹੁ=ਘਰੋਂ ਹੀ,
ਗਰਬਿ=ਅਹੰਕਾਰ ਵਿਚ)

25. ਸਤਿਗੁਰੁ ਹੋਇ ਦਇਆਲੁ

ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ ॥
ਸਤਿਗੁਰੁ ਹੋਇ ਦਇਆਲੁ ਨ ਕਬਹੂੰ ਝੂਰੀਐ ॥
ਸਤਿਗੁਰੁ ਹੋਇ ਦਇਆਲੁ ਤਾ ਦੁਖੁ ਨ ਜਾਣੀਐ ॥
ਸਤਿਗੁਰੁ ਹੋਇ ਦਇਆਲੁ ਤਾ ਹਰਿ ਰੰਗੁ ਮਾਣੀਐ ॥
ਸਤਿਗੁਰੁ ਹੋਇ ਦਇਆਲੁ ਤਾ ਜਮ ਕਾ ਡਰੁ ਕੇਹਾ ॥
ਸਤਿਗੁਰੁ ਹੋਇ ਦਇਆਲੁ ਤਾ ਸਦ ਹੀ ਸੁਖੁ ਦੇਹਾ ॥
ਸਤਿਗੁਰੁ ਹੋਇ ਦਇਆਲੁ ਤਾ ਨਵ ਨਿਧਿ ਪਾਈਐ ॥
ਸਤਿਗੁਰੁ ਹੋਇ ਦਇਆਲੁ ਤ ਸਚਿ ਸਮਾਈਐ ॥੨੫॥

(ਸਰਧਾ=ਸਿਧਕ,ਭਰੋਸਾ, ਦਇਆਲੁ=ਮਿਹਰਬਾਨ,
ਪੂਰੀਐ=ਪੂਰਾ,ਪੱਕਾ)

26. ਤੁਧੁ ਸਚੇ ਸੁਬਹਾਨੁ

ਤੁਧੁ ਸਚੇ ਸੁਬਹਾਨੁ ਸਦਾ ਕਲਾਣਿਆ ॥
ਤੂੰ ਸਚਾ ਦੀਬਾਣੁ ਹੋਰਿ ਆਵਣ ਜਾਣਿਆ ॥
ਸਚੁ ਜਿ ਮੰਗਹਿ ਦਾਨੁ ਸਿ ਤੁਧੈ ਜੇਹਿਆ ॥
ਸਚੁ ਤੇਰਾ ਫੁਰਮਾਨੁ ਸਬਦੇ ਸੋਹਿਆ ॥
ਮੰਨਿਐ ਗਿਆਨੁ ਧਿਆਨੁ ਤੁਧੈ ਤੇ ਪਾਇਆ ॥
ਕਰਮਿ ਪਵੈ ਨੀਸਾਨੁ ਨ ਚਲੈ ਚਲਾਇਆ ॥
ਤੂੰ ਸਚਾ ਦਾਤਾਰੁ ਨਿਤ ਦੇਵਹਿ ਚੜਹਿ ਸਵਾਇਆ ॥
ਨਾਨਕੁ ਮੰਗੈ ਦਾਨੁ ਜੋ ਤੁਧੁ ਭਾਇਆ ॥੨੬॥

(ਸੁਬਹਾਨੁ=ਅਚਰਜ-ਰੂਪ, ਕਲਾਣਿਆ=ਮੈਂ
ਵਡਿਆਈ ਕੀਤੀ ਹੈ, ਦੀਬਾਣੁ=ਹਾਕਮ,
ਦੀਵਾਨ, ਹੋਰਿ=ਹੋਰ ਸਾਰੇ ਜੀਵ, ਜਿ=ਜੋ
ਜੀਵ, ਸੋਹਿਆ=ਸੋਹਣਾ ਲੱਗਾ ਹੈ, ਮੰਨਿਐ=
ਮੰਨਣ ਨਾਲ, ਗਿਆਨੁ=ਅਸਲੀਅਤ ਦੀ
ਸਮਝ, ਧਿਆਨੁ=ਉੱਚੀ ਟਿਕੀ ਸੁਰਤਿ,
ਕਰਮਿ=ਤੇਰੀ ਮਿਹਰ ਨਾਲ, ਨੀਸਾਨੁ=ਮੱਥੇ
ਤੇ ਲੇਖ)

27. ਹਉ ਢਾਢੀ ਵੇਕਾਰੁ

ਹਉ ਢਾਢੀ ਵੇਕਾਰੁ ਕਾਰੈ ਲਾਇਆ ॥
ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ ॥
ਢਾਢੀ ਸਚੈ ਮਹਲਿ ਖਸਮਿ ਬੁਲਾਇਆ ॥
ਸਚੀ ਸਿਫਤਿ ਸਾਲਾਹ ਕਪੜਾ ਪਾਇਆ ॥
ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ ॥
ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ ॥
ਢਾਢੀ ਕਰੇ ਪਸਾਉ ਸਬਦੁ ਵਜਾਇਆ ॥
ਨਾਨਕ ਸਚੁ ਸਾਲਾਹਿ ਪੂਰਾ ਪਾਇਆ ॥੨੭॥

(ਵੇਕਾਰੁ=ਬੇਕਾਰ,ਵੇਹਲਾ, ਢਾਢੀ='ਵਾਰ'
ਗਾਵਣ ਵਾਲਾ, ਕੈ=ਭਾਵੈਂ, ਵਾਰ=ਜਸ ਦੀ
ਬਾਣੀ, ਕਪੜਾ=ਸਿਰੋਪਾਉ, ਪਸਾਉ=ਖਾਣ
ਵਾਲੀ ਉਹ ਚੀਜ਼ ਜੋ ਆਪਣੇ ਇਸ਼ਟ ਦੇ
ਦਰ ਤੇ ਪਹਿਲਾਂ ਭੇਟ ਕੀਤੀ ਜਾਏ ਤੇ ਫਿਰ
ਓਥੋਂ ਦਰ ਤੇ ਗਏ ਬੰਦਿਆਂ ਨੂੰ ਮਿਲੇ,
ਜਿਵੇਂ ਕੜਾਹ ਪ੍ਰਸ਼ਾਦ, ਪਸਾਉ ਕਰੇ=
ਪ੍ਰਭੂ-ਦਰ ਤੋਂ ਮਿਲਿਆ ਭੋਜਨ ਛਕਦਾ ਹੈ,
ਵਜਾਇਆ=ਗਾਂਵਿਆ)


(ਨੋਟ=੧ ਤੋਂ ੨੭ ਤੱਕ ਪਉੜੀਆਂ ਰਾਗੁ ਮਾਝ
ਦੀ ਵਾਰ ਵਿੱਚੋਂ ਹਨ)

28. ਆਪੀਨ੍ਹੈ ਆਪੁ ਸਾਜਿਓ

ਆਪੀਨ੍ਹੈ ਆਪੁ ਸਾਜਿਓ ਆਪੀਨ੍ਹ੍ਹੈ ਰਚਿਓ ਨਾਉ ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥
ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥
ਕਰਿ ਆਸਣੁ ਡਿਠੋ ਚਾਉ ॥੧॥

(ਆਪੀਨ੍ਹੈ=ਅਕਾਲ ਪੁਰਖ ਨੇ ਆਪ ਹੀ, ਨਾਉ=
ਨਾਮਣਾ,ਵਡਿਆਈ, ਦੁਯੀ=ਦੂਜੀ, ਸਾਜੀਐ=
ਬਣਾਈ ਹੈ, ਕਰਿ=ਕਰ ਕੇ,ਬਣਾ ਕੇ, ਚਾਉ=
ਤਮਾਸ਼ਾ, ਤੁਸਿ=ਪ੍ਰਸੰਨ ਹੋ ਕੇ, ਦੇਵਹਿ=ਤੂੰ ਦੇਂਦਾ
ਹੈਂ, ਪਸਾਉ=ਪ੍ਰਸਾਦ,ਕਿਰਪਾ, ਜਾਣੋਈ=
ਜਾਣੂ, ਸਭਸੈ=ਸਭਨਾਂ ਦਾ, ਲੈਸਹਿ=ਲੈ
ਲਵੇਂਗਾ, ਜਿੰਦੁ ਕਵਾਉ=ਜਿੰਦ ਅਤੇ ਜਿੰਦ
ਦਾ ਕਵਾਉ (ਲਿਬਾਸ, ਪੋਸ਼ਾਕ),ਸਰੀਰ)

29. ਨਾਨਕ ਜੀਅ ਉਪਾਇ ਕੈ

ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥
ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥
ਥਾਉ ਨ ਪਾਇਨਿ ਕੂੜਿਆਰ ਮੁਹ ਕਾਲ੍ਹ੍ਹੈ ਦੋਜਕਿ ਚਾਲਿਆ ॥
ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ ॥
ਲਿਖਿ ਨਾਵੈ ਧਰਮੁ ਬਹਾਲਿਆ ॥੨॥

(ਜੀਅ ਉਪਾਇ ਕੈ=ਜੀਵਾਂ ਨੂੰ ਪੈਦਾ ਕਰ ਕੇ,
ਧਰਮੁ=ਧਰਮ ਰਾਜ, ਲਿਖਿ ਨਾਵੈ=ਨਾਵਾਂ ਲਿਖਣ
ਲਈ,ਜੀਆਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਣ
ਲਈ, ਓਥੈ=ਉਸ ਧਰਮ-ਰਾਜ ਦੇ ਅੱਗੇ, ਨਿਬੜੈ=
ਨਿਬੜਦੀ ਹੈ, ਜਜਮਾਲਿਆ=ਜਜ਼ਾਮੀ ਜੀਵ,ਕੋਹੜੇ
ਜੀਵ, ਮੰਦ-ਕਰਮੀ ਜੀਵ, ਸਚੇ ਹੀ ਸਚਿ=ਨਿਰੋਲ
ਸੱਚ ਹੀ ਰਾਹੀਂ, ਥਾਉ ਨ ਪਾਇਨਿ=ਥਾਂ ਨਹੀਂ ਪਾਂਦੇ,
ਦੋਜਕਿ=ਦੋਜ਼ਕ ਵਿਚ, ਚਾਲਿਆ=ਧੱਕੇ ਜਾਂਦੇ ਹਨ,
ਜਿਣਿ=ਜਿੱਤ ਕੇ, ਸਿ=ਉਹ ਮਨੁੱਖ, ਠਗਣ ਵਾਲਿਆ=
ਠੱਗਣ ਵਾਲੇ ਮਨੁੱਖ)

30. ਆਪੀਨ੍ਹੈ ਭੋਗ ਭੋਗਿ ਕੈ

ਆਪੀਨ੍ਹੈ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ ॥
ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਆ ॥
ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ ॥
ਥਾਉ ਨ ਹੋਵੀ ਪਉਦੀਈ ਹੁਣਿ ਸੁਣੀਐ ਕਿਆ ਰੂਆਇਆ ॥
ਮਨਿ ਅੰਧੈ ਜਨਮੁ ਗਵਾਇਆ ॥੩॥

(ਭੋਗ=ਪਦਾਰਥਾਂ ਦੇ ਭੋਗ, ਭੋਗਿ ਕੈ=ਮਾਣ ਕੇ,
ਭਸਮੜਿ=ਭਸਮ ਦੀ ਮੜ੍ਹੀ,ਮਿੱਟੀ ਦੀ ਢੇਰੀ,
ਭਉਰੁ=ਆਤਮਾ, ਵਡਾ ਹੋਆ=ਮਰ ਗਿਆ,
ਦੁਨੀਦਾਰੁ=ਦੁਨੀਆਦਾਰ, ਘਤਿ=ਪਾ ਕੇ,
ਚਲਾਇਆ=ਅੱਗੇ ਲਾ ਲਿਆ, ਅਗੈ=
ਪਰਲੋਕ ਵਿਚ, ਕਰਣੀ=ਕਿਰਤ-ਕਮਾਈ,
ਕੀਰਤਿ=ਵਡਿਆਈ, ਵਾਚੀਐ=ਵਾਚੀ
ਜਾਂਦੀ ਹੈ,ਲੇਖੇ ਵਿਚ ਗਿਣੀ ਜਾਂਦੀ ਹੈ,
ਥਾਉ ਨ ਹੋਵੀ=ਢੋਈ ਨਹੀਂ ਮਿਲਦੀ,
ਪਉਦੀਈ=ਪੈਂਦਿਆਂ,ਜੁਤੀਆਂ ਪੈਂਦਿਆਂ,
ਹੁਣਿ=ਜਦੋਂ ਮਾਰ ਪੈਂਦੀ ਹੈ, ਕਿਆ
ਰੂਆਇਆ=ਕਿਹੜਾ ਰੋਣ,ਕਿਹੜਾ
ਤਰਲਾ, ਸੁਣੀਐ=ਸੁਣਿਆ ਜਾਂਦਾ ਹੈ,
ਗਵਾਇਆ=ਵਿਅਰਥ ਕਰ ਲਿਆ)

31. ਨਦਰਿ ਕਰਹਿ ਜੇ ਆਪਣੀ

ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ ॥
ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾ ਸਤਿਗੁਰਿ ਸਬਦੁ ਸੁਣਾਇਆ ॥
ਸਤਿਗੁਰ ਜੇਵਡੁ ਦਾਤਾ ਕੋ ਨਹੀ ਸਭਿ ਸੁਣਿਅਹੁ ਲੋਕ ਸਬਾਇਆ ॥
ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹ੍ਹੀ ਵਿਚਹੁ ਆਪੁ ਗਵਾਇਆ ॥
ਜਿਨਿ ਸਚੋ ਸਚੁ ਬੁਝਾਇਆ ॥੪॥

(ਨਦਰਿ=ਮਿਹਰ ਦੀ ਨਜ਼ਰ, ਭਰੰਮਿਆ=ਭਟਕ ਚੁਕਿਆ,
ਸਭਿ ਲੋਕ ਸਬਾਇਆ=ਹੇ ਸਾਰੇ ਲੋਕੋ, ਸਚੁ=ਸਦਾ ਕਾਇਮ
ਰਹਿਣ ਵਾਲਾ ਪ੍ਰਭੂ, ਜਿਨ੍ਹੀ=ਜਿਨ੍ਹਾਂ ਮਨੁੱਖਾਂ ਨੇ, ਆਪੁ=
ਆਪਣਾ ਆਪ,ਅਹੰਕਾਰ, ਸਚੋ ਸਚੁ=ਨਿਰੋਲ ਸੱਚ,
ਬੁਝਾਇਆ=ਸਮਝਾ ਦਿੱਤਾ, ਜਿਨਿ=ਜਿਸ ਗੁਰੂ ਨੇ)

32. ਨਾਉ ਤੇਰਾ ਨਿਰੰਕਾਰੁ ਹੈ

ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥
ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਖਿ ਗਵਾਈਐ ॥
ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ ॥
ਜੇ ਜਰਵਾਣਾ ਪਰਹਰੈ ਜਰੁ ਵੇਸ ਕਰੇਦੀ ਆਈਐ ॥
ਕੋ ਰਹੈ ਨ ਭਰੀਐ ਪਾਈਐ ॥੫॥

(ਨਾਇ ਲਇਐ=ਜੇ ਤੇਰਾ ਨਾਮ ਸਿਮਰੀਏ, ਪਿੰਡੁ=
ਸਰੀਰ, ਤਿਸ ਦਾ=ਉਸ ਰੱਬ ਦਾ, ਖਾਜੇ=ਖ਼ੁਰਾਕ,
ਲੋੜਹਿ=ਤੂੰ ਲੋੜਦਾ ਹੈਂ, ਕਰਿ ਪੁੰਨਹੁ=ਭਲਿਆਈ
ਕਰ ਕੇ, ਜਰਵਾਣਾ=ਬਲਵਾਨ, ਜਰੁ=ਬੁਢੇਪਾ,
ਪਰਹਰੈ=ਛੱਡਣਾ ਚਾਹੁੰਦਾ ਹੈ, ਵੇਸ ਕਰੇਦੀ=ਵੇਸ
ਧਾਰ ਧਾਰ ਕੇ, ਆਈਐ=ਬੁਢੇਪਾ ਆ ਰਿਹਾ ਹੈ,
ਭਰੀਐ ਪਾਈਐ=ਜਦੋਂ ਪਾਈ ਭਰੀ ਜਾਂਦੀ ਹੈ,
ਜਦੋਂ ਸੁਆਸ ਪੂਰੇ ਹੋ ਜਾਂਦੇ ਹਨ)

33. ਬਿਨੁ ਸਤਿਗੁਰ ਕਿਨੈ ਨ ਪਾਇਓ

ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ॥
ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ॥
ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ ॥
ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ॥
ਜਗਜੀਵਨੁ ਦਾਤਾ ਪਾਇਆ ॥੬॥

(ਕਿਨੈ=ਕਿਸੇ ਨੇ ਹੀ, ਪਾਇਓ=ਪਾਇਆ, ਰਖਿਓਨੁ=
ਉਸ ਨੇ ਰੱਖ ਦਿੱਤਾ ਹੈ, ਸਤਿਗੁਰ ਮਿਲਿਐ=ਜੇ ਇਹੋ
ਜਿਹਾ ਗੁਰੂ ਮਿਲ ਪਏ, ਜਿਨਿ=ਜਿਸ ਮਨੁੱਖ ਨੇ, ਜਗ
ਜੀਵਨੁ=ਜਗਤ ਦਾ ਜੀਵਨ)

34. ਸੇਵ ਕੀਤੀ ਸੰਤੋਖੀਈਂ

ਸੇਵ ਕੀਤੀ ਸੰਤੋਖੀਈਂ ਜਿਨ੍ਹੀ ਸਚੋ ਸਚੁ ਧਿਆਇਆ ॥
ਓਨ੍ਹੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥
ਓਨ੍ਹੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ॥
ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ ॥
ਵਡਿਆਈ ਵਡਾ ਪਾਇਆ ॥੭॥

(ਸੰਤੋਖੀਈਂ=ਸੰਤੋਖੀ ਮਨੁੱਖਾਂ ਨੇ, ਸਚੋ ਸਚੁ=ਨਿਰੋਲ ਸੱਚਾ
ਰੱਬ, ਮੰਦੈ=ਮੰਦੇ ਥਾਂ ਤੇ, ਸੁਕ੍ਰਿਤੁ=ਭਲਾ ਕੰਮ, ਧਰਮੁ
ਕਮਾਇਆ=ਧਰਮ ਅਨੁਸਾਰ ਆਪਣਾ ਜੀਵਨ
ਬਣਾਇਆ ਹੈ, ਬਖਸੀਸੀ=ਬਖ਼ਸ਼ਸ਼ ਕਰਨ ਵਾਲਾ,
ਅਗਲਾ=ਵੱਡਾ,ਬਹੁਤ, ਦੇਵਹਿ=ਤੂੰ ਜੀਵਾਂ ਨੂੰ ਦਾਤਾਂ
ਦੇਂਦਾ ਹੈਂ, ਚੜਹਿ=ਤੂੰ ਚੜ੍ਹਦਾ ਹੈਂ,ਤੂੰ ਵਧਦਾ ਹੈਂ,
ਸਵਾਇਆ=ਬਹੁਤ, ਵਡਿਆਈ=ਵਡਿਆਈ ਕਰ ਕੇ)

35. ਸਚਾ ਸਾਹਿਬੁ ਏਕੁ ਤੂੰ

ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ ॥
ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ ਤਾ ਤਿਨ੍ਹੀ ਸਚੁ ਕਮਾਇਆ ॥
ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹ ਕੈ ਹਿਰਦੈ ਸਚੁ ਵਸਾਇਆ ॥
ਮੂਰਖ ਸਚੁ ਨ ਜਾਣਨ੍ਹੀ ਮਨਮੁਖੀ ਜਨਮੁ ਗਵਾਇਆ ॥
ਵਿਚਿ ਦੁਨੀਆ ਕਾਹੇ ਆਇਆ ॥੮॥

(ਵਰਤਾਇਆ=ਵੰਡ ਦਿੱਤਾ, ਤੂੰ ਦੇਹਿ=ਤੂੰ ਦੇਂਦਾ ਹੈਂ,
ਤਾ=ਤਾਂ, ਤਿਨੀ=ਉਹਨਾਂ ਨੇ, ਸਚੁ ਕਮਾਇਆ=ਸੱਚ
ਨੂੰ ਕਮਾਇਆ ਹੈ, ਜਿਨ ਕੈ=ਜਿਨ੍ਹਾਂ ਮਨੁੱਖਾਂ ਦੇ,
ਵਸਾਇਆ=ਗੁਰੂ ਨੇ ਟਿਕਾਇ ਦਿੱਤਾ, ਕਾਹੇ
ਆਇਆ=ਕਿਉਂ ਆਏ)

36. ਭਗਤ ਤੇਰੈ ਮਨਿ ਭਾਵਦੇ

ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ ॥
ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨ੍ਹੀ ਧਾਵਦੇ ॥
ਇਕਿ ਮੂਲੁ ਨ ਬੁਝਨ੍ਹਿ ਆਪਣਾ ਅਣਹੋਦਾ ਆਪੁ ਗਣਾਇਦੇ ॥
ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ ॥
ਤਿਨ੍ਹ ਮੰਗਾ ਜਿ ਤੁਝੈ ਧਿਆਇਦੇ ॥੯॥

(ਕੀਰਤਿ=ਸੋਭਾ,ਵਡਿਆਈ, ਕਰਮਾ ਬਾਹਰੇ=ਭਾਗ ਹੀਣ,
ਢੋਅ=ਆਸਰਾ, ਧਾਵਦੇ=ਭਟਕਦੇ ਫਿਰਦੇ ਹਨ, ਇਕਿ=
ਕਈ ਜੀਵ, ਮੂਲੁ=ਮੁੱਢ,ਪ੍ਰਭੂ, ਅਣਹੋਦਾ=ਘਰ ਵਿਚ
ਪਦਾਰਥ ਤੋਂ ਬਿਨਾ ਹੀ, ਗਣਾਇਦੇ=ਵੱਡਾ ਜਤਲਾਂਦੇ
ਹਨ, ਹਉ=ਮੈਂ, ਢਾਢੀ=ਵਡਿਆਈ ਕਰਨ ਵਾਲਾ,ਵਾਰ
ਗਾਉਣ ਵਾਲਾ, ਭੱਟ, ਢਾਢੀ ਕਾ=ਮਾੜਾ ਜਿਹਾ ਢਾਢੀ,
ਹੋਰਿ=ਹੋਰ ਲੋਕ, ਉਤਮ ਜਾਤਿ=ਉੱਚੀ ਜ਼ਾਤ ਵਾਲੇ)

37. ਦਾਨੁ ਮਹਿੰਡਾ ਤਲੀ ਖਾਕੁ

ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ ॥
ਕੂੜਾ ਲਾਲਚੁ ਛਡੀਐ ਹੋਇ ਇਕ ਮਨਿ ਅਲਖੁ ਧਿਆਈਐ ॥
ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ ॥
ਜੇ ਹੋਵੈ ਪੂਰਬਿ ਲਿਖਿਆ ਤਾ ਧੂੜਿ ਤਿਨ੍ਹ੍ਹਾ ਦੀ ਪਾਈਐ ॥
ਮਤਿ ਥੋੜੀ ਸੇਵ ਗਵਾਈਐ ॥੧੦॥

(ਮਹਿੰਡਾ=ਮੇਰਾ,ਮੇਰੇ ਵਾਸਤੇ, ਤਲੀ ਖਾਕੁ=ਪੈਰਾਂ
ਦੀਆਂ ਤਲੀਆਂ ਦੀ ਖਾਕ,ਚਰਨ-ਧੂੜ, ਤ=ਤਾਂ,
ਕੂੜਾ=ਕੂੜ ਵਿਚ ਫਸਾਣ ਵਾਲਾ, ਅਲਖੁ=ਅਦ੍ਰਿਸ਼ਟ,
ਤੇਵੇਹੋ=ਤਿਹੋ ਜਿਹਾ ਹੀ, ਜੇਵੇਹੀ=ਜਿਹੋ ਜਿਹੀ,
ਪੂਰਬਿ=ਪਹਿਲੇ ਤੋਂ,ਮੁੱਢ ਤੋਂ, ਲਿਖਿਆ=ਪਿਛਲੇ
ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦੀ ਹੋਂਦ, ਮਤਿ
ਥੋੜੀ=ਆਪਣੀ ਮਤਿ ਥੋੜਿ ਹੋਵੇ)

38. ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ

ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ ਤਾ ਤਿਨੀ ਖਸਮੁ ਧਿਆਇਆ ॥
ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ ॥
ਇਕਨਾ ਨੋ ਤੂੰ ਮੇਲਿ ਲੈਹਿ ਇਕਿ ਆਪਹੁ ਤੁਧੁ ਖੁਆਇਆ ॥
ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧੁ ਆਪੁ ਬੁਝਾਇਆ ॥
ਸਹਜੇ ਹੀ ਸਚਿ ਸਮਾਇਆ ॥੧੧॥

(ਧੁਰਿ=ਧੁਰ ਤੋਂ, ਕਰਮੁ=ਬਖ਼ਸ਼ਸ਼, ਤੁਧੁ=ਤੂੰ, ਵੇਕੀ=ਕਈ
ਤਰ੍ਹਾਂ ਦਾ, ਇਕਨਾ ਨੋ=ਕਈ ਜੀਵਾਂ ਨੂੰ, ਇਕਿ=ਕਈ ਜੀਵ,
ਆਪਹੁ=ਆਪਣੇ ਆਪ ਤੋਂ, ਖੁਆਇਆ=ਖੁੰਝਾਏ ਹੋਏ ਹਨ,
ਜਿਥੈ=ਜਿਸ ਮਨੁੱਖ ਦੇ ਅੰਦਰ, ਆਪੁ=ਆਪਣਾ ਆਪਾ,
ਬੁਝਾਇਆ=ਸਮਝਾ ਦਿੱਤਾ ਹੈ, ਸਹਜੇ ਹੀ=ਸੁਤੇ ਹੀ,
ਸਮਾਇਆ=ਲੀਨ ਹੋ ਜਾਂਦਾ ਹੈ)

39. ਪੜਿਆ ਹੋਵੈ ਗੁਨਹਗਾਰੁ

ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ ॥
ਜੇਹਾ ਘਾਲੇ ਘਾਲਣਾ ਤੇਵੇਹੋ ਨਾਉ ਪਚਾਰੀਐ ॥
ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ ॥
ਪੜਿਆ ਅਤੈ ਓਮੀਆ ਵੀਚਾਰੁ ਅਗੈ ਵੀਚਾਰੀਐ ॥
ਮੁਹਿ ਚਲੈ ਸੁ ਅਗੈ ਮਾਰੀਐ ॥੧੨॥

(ਪੜਿਆ=ਪੜ੍ਹਿਆ, ਗੁਨਹਗਾਰੁ=ਮੰਦੇ ਕੰਮ ਕਰਨ ਵਾਲਾ,
ਓਮੀ=ਨਿਰਾ ਸ਼ਬਦ 'ਓਮ' ਨੂੰ ਹੀ ਜਾਣਨ ਵਾਲਾ, ਅਨਪੜ੍ਹ
ਮਨੁੱਖ, ਸਾਧੁ=ਭਲਾ ਮਨੁੱਖ, ਨ ਮਾਰੀਐ=ਮਾਰ ਨਹੀਂ ਖਾਂਦਾ,
ਘਾਲਣਾ ਘਾਲੇ=ਕਮਾਈ ਕਰੇ, ਤੇਵੇਹੋ=ਤਿਹੋ ਜਿਹਾ ਹੀ,
ਪਚਾਰੀਐ=ਪਰਚਲਤ ਹੋ ਜਾਂਦਾ ਹੈ,ਮਸ਼ਹੂਰ ਹੋ ਜਾਂਦਾ ਹੈ,
ਕਲਾ=ਖੇਡ, ਜਿਤੁ=ਜਿਸ ਦੇ ਕਾਰਨ, ਵੀਚਾਰੀਐ=ਵਿਚਾਰੀ
ਜਾਂਦੀ ਹੈ, ਮੁਹਿ ਚਲੈ=ਜੋ ਮਨੁੱਖ ਮੂੰਹ-ਜ਼ੋਰ ਹੋਵੇ)

40. ਸਤਿਗੁਰ ਵਿਟਹੁ ਵਾਰਿਆ

ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ ॥
ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨ੍ਹ੍ਹੀ ਨੇਤ੍ਰੀ ਜਗਤੁ ਨਿਹਾਲਿਆ ॥
ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ ॥
ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵੀਚਾਰਿਆ ॥
ਕਰਿ ਕਿਰਪਾ ਪਾਰਿ ਉਤਾਰਿਆ ॥੧੩॥

(ਵਿਟਹੁ=ਤੋਂ, ਜਿਤ ਮਿਲਿਐ=ਜਿਸ ਗੁਰੂ ਨੂੰ ਮਿਲਣ ਕਰ ਕੇ,
ਜਿਨਿ=ਜਿਸ ਗੁਰੂ ਨੇ, ਜਗਤੁ ਨਿਹਾਲਿਆ=ਜਗਤ ਦੀ ਅਸਲੀਅਤ
ਨੂੰ ਵੇਖ ਲਿਆ ਹੈ, ਦੂਜੈ=ਦੂਜੇ ਵਿਚ, ਵਣਜਾਰਿਆ=ਵਣਜਾਰੇ)

41. ਕਪੜੁ ਰੂਪੁ ਸੁਹਾਵਣਾ

ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ ॥
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ॥
ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ ॥
ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ ॥
ਕਰਿ ਅਉਗਣ ਪਛੋਤਾਵਣਾ ॥੧੪॥

(ਕਪੜੁ=ਜਿੰਦ ਦਾ ਕੱਪੜਾ,ਸਰੀਰ, ਰਾਹਿ ਭੀੜੈ=ਭੀੜੇ
ਰਸਤੇ ਵਿਚੋਂ ਦੀ, ਅਗੈ=ਮਰਨ ਤੋਂ ਪਿਛੋਂ, ਨੰਗਾ=ਪਾਜ
ਉਘੇੜ ਕੇ, ਚਾਲਿਆ=ਚਲਾਇਆ ਜਾਂਦਾ ਹੈ,ਧੱਕਿਆ
ਜਾਂਦਾ ਹੈ, ਤਾ=ਤਦੋਂ, ਖਰਾ=ਬਹੁਤ)

42. ਸਾਹਿਬੁ ਹੋਇ ਦਇਆਲੁ ਕਿਰਪਾ ਕਰੇ

ਸਾਹਿਬੁ ਹੋਇ ਦਇਆਲੁ ਕਿਰਪਾ ਕਰੇ ਤਾ ਸਾਈ ਕਾਰ ਕਰਾਇਸੀ ॥
ਸੋ ਸੇਵਕੁ ਸੇਵਾ ਕਰੇ ਜਿਸ ਨੋ ਹੁਕਮੁ ਮਨਾਇਸੀ ॥
ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥
ਖਸਮੈ ਭਾਵੈ ਸੋ ਕਰੇ ਮਨਹੁ ਚਿੰਦਿਆ ਸੋ ਫਲੁ ਪਾਇਸੀ ॥
ਤਾ ਦਰਗਹ ਪੈਧਾ ਜਾਇਸੀ ॥੧੫॥

(ਸਾਈ ਕਾਰ=ਉਹੀ ਕੰਮ ਜੋ ਉਸ ਨੂੰ ਭਾਉਂਦਾ ਹੈ, ਪਰਵਾਣੁ=
ਦਰਗਾਹ ਵਿਚ ਕਬੂਲ,ਸੁਰਖ਼ਰੂ, ਖਸਮੈ ਕਾ ਮਹਲੁ=ਖਸਮ ਦਾ ਘਰ,
ਮਨਹੁ ਚਿੰਦਿਆ=ਮਨ-ਭਾਉਂਦਾ, ਪੈਧਾ=ਸਿਰੋਪਾਉ ਲੈ ਕੇ,ਇੱਜ਼ਤ ਨਾਲ)

43. ਚਿਤੈ ਅੰਦਰਿ ਸਭੁ ਕੋ ਵੇਖਿ

ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ ॥
ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਇਦਾ ॥
ਵਡਹੁ ਵਡਾ ਵਡ ਮੇਦਨੀ ਸਿਰੇ ਸਿਰਿ ਧੰਧੈ ਲਾਇਦਾ ॥
ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥
ਦਰਿ ਮੰਗਨਿ ਭਿਖ ਨ ਪਾਇਦਾ ॥੧੬॥

(ਚਿਤੈ ਅੰਦਰਿ=ਪ੍ਰਭੂ ਦੇ ਚਿੱਤ ਵਿਚ, ਸਭੁ ਕੋ=ਹਰੇਕ
ਜੀਵ, ਵੇਖਿ=ਵੇਖ ਕੇ,ਗਹੁ ਨਾਲ, ਚਲਾਇਦਾ=ਤੋਰਦਾ
ਹੈ, ਵਡਹੁ ਵਡਾ=ਵੱਡਿਆਂ ਤੋਂ ਵੱਡਾ, ਮੇਦਨੀ=ਸ੍ਰਿਸ਼ਟੀ,
ਧਰਤੀ, ਵਡ ਮੇਦਨੀ=ਵੱਡੀ ਹੈ ਸ੍ਰਿਸ਼ਟੀ ਉਸ ਦੀ, ਸਿਰੇ
ਸਿਰਿ=ਹਰੇਕ ਜੀਵ ਦੇ ਸਿਰ ਉੱਤੇ, ਉਪਠੀ=ਉਲਟੀ,
ਘਾਹੁ ਕਰਾਇਦਾ=ਕੱਖੋਂ ਹੌਲੇ ਕਰ ਦੇਂਦਾ ਹੈ, ਦਰਿ=
ਲੋਕਾਂ ਦੇ ਦਰ ਉੱਤੇ, ਮੰਗਨਿ=ਉਹ ਸੁਲਤਾਨ ਮੰਗਦੇ
ਹਨ, ਭਿਖ=ਭਿੱਖਿਆ,ਖ਼ੈਰ)

44. ਤੁਰੇ ਪਲਾਣੇ ਪਉਣ ਵੇਗ

ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ ॥
ਕੋਠੇ ਮੰਡਪ ਮਾੜੀਆ ਲਾਇ ਬੈਠੇ ਕਰਿ ਪਾਸਾਰਿਆ ॥
ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ ॥
ਕਰਿ ਫੁਰਮਾਇਸਿ ਖਾਇਆ ਵੇਖਿ ਮਹਲਤਿ ਮਰਣੁ ਵਿਸਾਰਿਆ ॥
ਜਰੁ ਆਈ ਜੋਬਨਿ ਹਾਰਿਆ ॥੧੭॥

(ਤੁਰੇ=ਘੋੜੇ, ਪਲਾਣੇ=ਕਾਠੀਆਂ ਸਮੇਤ, ਵੇਗ=ਤ੍ਰਿਖੀ ਚਾਲ,
ਹਰ ਰੰਗੀ=ਹਰੇਕ ਰੰਗ ਦੇ, ਹਰਮ=ਮਹਲ, ਸਵਾਰਿਆ=
ਸਜਾਏ ਹੋਏ ਹੋਣ, ਮੰਡਪ=ਮਹਲ,ਸ਼ਾਮੀਆਨੇ, ਪਾਸਾਰਿਆ=
ਪਸਾਰੇ ਲਾ ਕੇ ਬੈਠੇ ਹੋਣ,ਸਜਾਵਟਾਂ ਸਜਾ ਕੇ ਬੈਠੇ ਹੋਣ,
ਚੀਜ=ਚੋਜ,ਕੌਤਕ, ਹਾਰਿਆ=ਹਾਰ ਜਾਂਦੇ ਹਨ, ਫੁਰਮਾਇਸਿ=
ਹੁਕਮ, ਜਰੁ=ਬੁਢੇਪਾ, ਜੋਬਨਿ ਹਾਰਿਆ=ਜੋਬਨ ਦੇ ਠੱਗੇ
ਹੋਇਆਂ ਨੂੰ)

45. ਸਤਿਗੁਰੁ ਵਡਾ ਕਰਿ ਸਾਲਾਹੀਐ

ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ ॥
ਸਹਿ ਮੇਲੇ ਤਾ ਨਦਰੀ ਆਈਆ ॥
ਜਾ ਤਿਸੁ ਭਾਣਾ ਤਾ ਮਨਿ ਵਸਾਈਆ ॥
ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆ ਬੁਰਿਆਈਆ ॥
ਸਹਿ ਤੁਠੈ ਨਉ ਨਿਧਿ ਪਾਈਆ ॥੧੮॥

(ਵਡਾ ਕਰਿ ਸਾਲਾਹੀਐ=ਗੁਣ ਗਾਵੀਏ ਤੇ ਆਖੀਏ ਕਿ
ਗੁਰੂ ਵੱਡਾ ਹੈ, ਜਿਸੁ ਵਿਚਿ=ਇਸ ਗੁਰੂ ਵਿਚ, ਵਡੀਆ
ਵਡਿਆਈਆ=ਬੜੇ ਉੱਚੇ ਗੁਣ, ਸਹਿ=ਪਤੀ ਪ੍ਰਭੂ ਨੇ,
ਨਦਰੀ ਆਇਆ=ਦਿੱਸਦੀਆਂ ਹਨ, ਮਸਤਕਿ=ਜੀਵ ਦੇ
ਮੱਥੇ ਉਤੇ, ਵਿਚਹੁ=ਜੀਵ ਦੇ ਮਨ ਵਿਚੋਂ, ਸਹਿ ਤੁਠੈ=ਜੇ
ਸ਼ਹੁ ਤ੍ਰੁੱਠ ਪਏ, ਨਉਨਿਧਿ=ਨੌ ਖ਼ਜ਼ਾਨੇ, ਸੰਸਾਰ ਦੇ ਸਾਰੇ
ਪਦਾਰਥ, ਪਾਈਆ=ਖ਼ਜ਼ਾਨੇ ਮਿਲ ਪੈਂਦੇ ਹਨ)

46. ਸਭੁ ਕੋ ਆਖੈ ਆਪਣਾ

ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ ॥
ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ ॥
ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ ॥
ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ ॥
ਮੂਰਖੈ ਨਾਲਿ ਨ ਲੁਝੀਐ ॥੧੯॥

(ਆਖੈ ਆਪਣਾ=ਹਰੇਕ ਜੀਵ ਆਖਦਾ ਹੈ, 'ਇਹ ਮੇਰੀ
ਆਪਣੀ ਚੀਜ਼ ਹੈ,' ਜਿਸੁ ਨਾਹੀ=ਜਿਸ ਨੂੰ ਮਮਤਾ ਨਹੀਂ ਹੈ,
ਸੰਢੀਐ=ਭਰੀਦਾ ਹੈ, ਐਤੁ=ਇਸ, ਕਾਇਤੁ=ਕਿਉ, ਗਾਰਬਿ=
ਅਹੰਕਾਰ ਵਿਚ, ਹੰਢੀਐ=ਖਪੀਏ, ਲੁਝੀਐ=ਝਗੜੀਏ)

47. ਆਪੇ ਹੀ ਕਰਣਾ ਕੀਓ

ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ ॥
ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ ॥
ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ ॥
ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ ॥
ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥੨੦॥

(ਕਰਣਾ=ਸਰੀਰ,ਸ੍ਰਿਸ਼ਟੀ, ਤੈ=ਤੂੰ, ਧਰਿ=ਧਰ ਕੇ,ਰੱਖ ਕੇ,
ਕਚੀ ਪਕੀ ਸਾਰੀਐ=ਕੱਚੀਆਂ ਪੱਕੀਆਂ ਨਰਦਾਂ ਨੂੰ, ਚੰਗੇ
ਮੰਦੇ ਜੀਵਾਂ ਨੂੰ, ਜਿਸ ਕੇ=ਜਿਸ ਪ੍ਰਭੂ ਦੇ)

48. ਜਿਤੁ ਸੇਵਿਐ ਸੁਖੁ ਪਾਈਐ

ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮ੍ਹ੍ਹਾਲੀਐ ॥
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥
ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥
ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ ॥
ਕਿਛੁ ਲਾਹੇ ਉਪਰਿ ਘਾਲੀਐ ॥੨੧॥

(ਸਮ੍ਹਾਲੀਐ=ਸੰਭਾਲਣਾ ਚਾਹੀਦਾ ਹੈ,ਚੇਤੇ ਰੱਖਣਾ ਚਾਹੀਦਾ ਹੈ,
ਜਿਤੁ=ਜਿਸ ਨਾਲ, ਸਾ ਘਾਲ=ਉਹ ਮਿਹਨਤ, ਮੂਲਿ ਨ ਕੀਚਈ=
ਉੱਕਾ ਹੀ ਨਹੀਂ ਕਰਨਾ ਚਾਹੀਦਾ, ਨਿਹਾਲੀਐ=ਵੇਖਣਾ ਚਾਹੀਦਾ
ਹੈ, ਜਿਉ=ਜਿਸ ਤਰ੍ਹਾਂ, ਨ ਹਾਰੀਐ=ਨਾ ਟੁੱਟੇ, ਤੇਵੇਹਾ=ਉਹੋ
ਜਿਹਾ, ਪਾਸਾ ਢਾਲੀਐ=ਚਾਲ ਚੱਲਣੀ ਚਾਹੀਦੀ ਹੈ, ਘਾਲੀਐ=
ਘਾਲ ਘਾਲਣੀ ਚਾਹੀਦੀ ਹੈ)

49. ਚਾਕਰੁ ਲਗੈ ਚਾਕਰੀ

ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ ॥
ਹੁਰਮਤਿ ਤਿਸ ਨੋ ਅਗਲੀ ਓਹੁ ਵਜਹੁ ਭਿ ਦੂਣਾ ਖਾਇ ॥
ਖਸਮੈ ਕਰੇ ਬਰਾਬਰੀ ਫਿਰਿ ਗੈਰਤਿ ਅੰਦਰਿ ਪਾਇ ॥
ਵਜਹੁ ਗਵਾਏ ਅਗਲਾ ਮੁਹੇ ਮੁਹਿ ਪਾਣਾ ਖਾਇ ॥
ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ ॥
ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ ॥੨੨॥

(ਖਸਮੈ ਭਾਇ=ਖਸਮ ਦੀ ਮਰਜ਼ੀ ਅਨੁਸਾਰ, ਹੁਰਮਤਿ=
ਇੱਜ਼ਤ, ਅਗਲੀ=ਬਹੁਤੀ, ਵਜਹੁ=ਤਨਖ਼ਾਹ,ਰੋਜ਼ੀਨਾ,
ਗੈਰਤਿ=ਸ਼ਰਮਿੰਦਗੀ, ਅਗਲਾ=ਪਹਿਲਾ, ਮੁਹੇ ਮੁਹਿ=
ਸਦਾ ਆਪਣੇ ਮੂੰਹ ਉੱਤੇ, ਪਾਣਾ=ਜੁੱਤੀਆਂ)

50. ਨਾਨਕ ਅੰਤ ਨ ਜਾਪਨ੍ਹੀ

ਨਾਨਕ ਅੰਤ ਨ ਜਾਪਨ੍ਹੀ ਹਰਿ ਤਾ ਕੇ ਪਾਰਾਵਾਰ ॥
ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ ॥
ਇਕਨ੍ਹ੍ਹਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ ॥
ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥
ਨਾਨਕ ਕਰਣਾ ਜਿਨਿ ਕੀਆ ਫਿਰਿ ਤਿਸ ਹੀ ਕਰਣੀ ਸਾਰ ॥੨੩॥

(ਹਰਿ ਤਾ ਕੇ=ਉਸ ਹਰੀ ਦੇ, ਸਾਖਤੀ=ਬਨਾਵਟ,ਪੈਦਾਇਸ਼,
ਇਕਿ=ਕਈ ਜੀਵ, ਤੁਰੀ=ਘੋੜਿਆਂ ਉੱਤੇ, ਬਿਸੀਆਰ=
ਬਹੁਤ ਸਾਰੇ, ਹਉ=ਮੈਂ, ਕੈ ਸਿਉ=ਕਿਸ ਦੇ ਅਗੇ, ਕਰਣਾ=
ਸ੍ਰਿਸ਼ਟੀ, ਜਿਨਿ=ਜਿਸ ਪ੍ਰਭੂ ਨੇ)

51. ਵਡੇ ਕੀਆ ਵਡਿਆਈਆ

ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨ ਜਾਇ ॥
ਸੋ ਕਰਤਾ ਕਾਦਰ ਕਰੀਮੁ ਦੇ ਜੀਆ ਰਿਜਕੁ ਸੰਬਾਹਿ ॥
ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ ॥
ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ ॥
ਸੋ ਕਰੇ ਜਿ ਤਿਸੈ ਰਜਾਇ ॥੨੪॥੧॥

(ਵਡਿਆਈਆ=ਗੁਣ,ਸਿਫ਼ਤਾਂ, ਕਰੀਮੁ=ਕਰਮ ਕਰਨ
ਵਾਲਾ, ਸੰਬਾਹਿ=ਇਕੱਠਾ ਕਰ ਕੇ, ਦੇ ਸੰਬਾਹਿ=ਸੰਬਾਹਿ
ਦੇਂਦਾ ਹੈ,ਅਪੜਾਂਦਾ ਹੈ, ਤਿੰਨੈ=ਤਿਨ੍ਹ ਹੀ, ਉਸੇ ਨੇ ਆਪ
ਹੀ, ਏਕੀ ਬਾਹਰੀ=ਇਕ ਥਾਂ ਤੋਂ ਬਿਨਾ, ਜਾਇ=ਥਾਂ,
ਰਜਾਇ=ਮਰਜ਼ੀ)


(ਨੋਟ=੨੮ ਤੋਂ ੫੧ ਤੱਕ ਪਉੜੀਆਂ ਰਾਗੁ ਆਸਾ
ਦੀ ਵਾਰ ਵਿੱਚੋਂ ਹਨ)