Shiv Kumar Batalvi
ਸ਼ਿਵ ਕੁਮਾਰ ਬਟਾਲਵੀ

Punjabi Writer
  

Pardes Vassan Walia Shiv Kumar Batalvi

ਪਰਦੇਸ ਵੱਸਣ ਵਾਲਿਆ ਸ਼ਿਵ ਕੁਮਾਰ ਬਟਾਲਵੀ

ਪਰਦੇਸ ਵੱਸਣ ਵਾਲਿਆ

ਰੋਜ਼ ਜਦ ਆਥਣ ਦਾ ਤਾਰਾ
ਅੰਬਰਾਂ 'ਤੇ ਚੜ੍ਹੇਗਾ
ਕੋਈ ਯਾਦ ਤੈਨੂੰ ਕਰੇਗਾ
ਪਰਦੇਸ ਵੱਸਣ ਵਾਲਿਆ ।

ਯਾਦ ਕਰਕੇ ਤੈਂਡੜੇ
ਠੁਕਰਈ ਹਾਸੇ ਦੀ ਆਵਾਜ਼
ਜਿਗਰ ਮੇਰਾ ਹਿਜਰ ਦੇ
ਸੱਕਾਂ ਦੀ ਅੱਗ ਵਿਚ ਸੜੇਗਾ
ਪਰਦੇਸ ਵੱਸਣ ਵਾਲਿਆ ।

ਤੇਰੇ ਤੇ ਮੇਰੇ ਵਾਕਣਾਂ
ਹੀ ਫੂਕ ਦਿੱਤਾ ਜਾਏਗਾ
ਜੋ ਯਾਰ ਸਾਡੀ ਮੌਤ 'ਤੇ
ਆ ਮਰਸੀਆ ਵੀ ਪੜ੍ਹੇਗਾ
ਪਰਦੇਸ ਵੱਸਣ ਵਾਲਿਆ ।

ਗਰਮ ਸਾਹਵਾਂ ਦੇ ਸਮੁੰਦਰ
ਵਿਚ ਗਰਕ ਜਾਏ ਦਿਲ
ਕੌਣ ਇਹਨੂੰ ਨੂਹ ਦੀ
ਕਿਸ਼ਤੀ ਦੇ ਤੀਕਣ ਖੜੇਗਾ ?
ਪਰਦੇਸ ਵੱਸਣ ਵਾਲਿਆ ।

ਧਰਤ ਦੇ ਮੱਥੇ 'ਤੇ
ਟੰਗੀ ਅਰਸ਼ ਦੀ ਕੁੰਨੀ ਸਿਆਹ
ਪਰ ਕਲਹਿਣਾ ਨੈਣ
ਸਮਿਆਂ ਦਾ ਅਸਰ ਕੁਝ ਕਰੇਗਾ
ਪਰਦੇਸ ਵੱਸਣ ਵਾਲਿਆ ।

ਪਾਲਦੇ ਬੇ-ਸ਼ੱਕ ਭਾਵੇਂ
ਕਾਗ ਨੇ ਕੋਇਲਾਂ ਦੇ ਬੋਟ
ਪਰ ਨਾ ਤੇਰੇ ਬਾਝ
ਮੇਰੀ ਜ਼ਿੰਦਗੀ ਦਾ ਸਰੇਗਾ
ਪਰਦੇਸ ਵੱਸਣ ਵਾਲਿਆ ।

ਲੱਖ ਭਾਵੇਂ ਛੁੰਗ ਕੇ
ਚੱਲਾਂ ਮੈਂ ਲਹਿੰਗਾ ਸਬਰ ਦਾ
ਯਾਦ ਤੇਰੀ ਦੇ ਕਰੀਰਾਂ
ਨਾਲ ਜਾ ਹੀ ਅੜੇਗਾ
ਪਰਦੇਸ ਵੱਸਣ ਵਾਲਿਆ ।

ਬਖ਼ਸ਼ ਦਿੱਤੀ ਜਾਏਗੀ
ਤੇਰੇ ਜਿਸਮ ਦੀ ਸਲਤਨਤ
ਚਾਂਦੀ ਦੇ ਬੁਣ ਕੇ ਜਾਲ
ਤੇਰਾ ਦਿਲ ਹੁਮਾ ਜੋ ਫੜੇਗਾ
ਪਰਦੇਸ ਵੱਸਣ ਵਾਲਿਆ ।

ਰੋਜ਼ ਜਦ ਆਥਣ ਦਾ ਤਾਰਾ
ਅੰਬਰਾਂ 'ਤੇ ਚੜ੍ਹੇਗਾ
ਕੋਈ ਯਾਦ ਤੈਨੂੰ ਕਰੇਗਾ
ਪਰਦੇਸ ਵੱਸਣ ਵਾਲਿਆ ।