Dr Faqeer Muhammad Faqeer
ਡਾ. ਫ਼ਕੀਰ ਮੁਹੰਮਦ ਫ਼ਕੀਰ

Punjabi Writer
  

Parakh Dr Mohan Singh Diwana

ਪਰਖ ਡਾਕਟਰ ਮੋਹਨ ਸਿੰਘ 'ਦੀਵਾਨਾ

ਪਰਖ

ਡਾਕਟਰ ਫ਼ਕੀਰ ਮੁਹੰਮਦ 'ਫ਼ਕੀਰ' ਦੀ ਸ਼ਾਇਰੀ ਨੂੰ ਮੈਂ ਚਿਰਾਂ ਤੋਂ ਮੰਨ ਚੁੱਕਿਆ ਹਾਂ।ਸਮਝੋ ਉਦੋਂ ਦਾ ਜਦੋਂ ਅਜੇ ਮੈਂ ਇਨ੍ਹਾਂ ਦੇ ਦਰਸ਼ਨ ਵੀ ਨਹੀਂ ਸਨ ਕੀਤੇ ਸਗੋਂ ਇਨ੍ਹਾਂ ਦੀਆਂ ਕੁਝ ਰੁਬਾਈਆਂ ਹੀ ਵੇਖੀਆਂ ਸਨ।ਰੁਬਾਈਆਂ ਵਿਚੋਂ ਫ਼ਕੀਰੀ ਮਿਜ਼ਾਜ ਅਤੇ ਸ਼ਾਇਰਾਨਾ ਕਮਾਲ ਭਾਅ ਮਾਰਦੇ ਦਿਸਦੇ ਸਨ । ਪਰ ਮੇਰਾ ਖ਼ਿਆਲ ਸੀ ਕਿ ਸਾਰੇ ਬਾਗ਼ ਵਿਚ ਏਹੋ ਹੀ ਗਿਣਤੀ ਦੇ ਫੁੱਲ ਹੋਣਗੇ।

ਜਦੋਂ ਡਾਕਟਰ ਸਾਹਿਬ ਮੈਨੂੰ ਮਿਲੇ ਅਤੇ ਉਨ੍ਹਾਂ ਨੇ ਅਪਣੀਆਂ ਸੈਂਕੜੇ ਰੁਬਾਈਆਂ ਸੁਣਾਈਆਂ ਅਤੇ ਅਪਣੀ ਲਿਖੀ ਹੀਰ ਦਾ ਆਕਾਰ ਦੱਸਿਆ ਜਿਹੜਾ 'ਵਾਰਿਸ ਸ਼ਾਹ' ਦੀ ਹੀਰ ਨਾਲੋਂ ਵੀ ਵੱਡਾ ਹੈ ਤਾਂ ਮੈਨੂੰ ਤਮਝ ਲੱਗੀ ਕਿ ਇੱਥੇ ਤਾਂ ਰੱਬ ਦੀ ਮਿਹਰ ਹੀ ਮਿਹਰ ਹੈ।ਸ਼ਾਇਰੀ ਦੇ ਜੋਸ਼ ਦੇ ਹੜ੍ਹ ਵਗਦੇ ਨੇ ਤੇ ਜ਼ੁਬਾਨ ਹੱਥ ਬੰਨ੍ਹੀ ਹਰ ਵੇਲੇ ਗ਼ੁਲਾਮਾਂ ਵਾਂਗ ਹਾਜ਼ਰ ਖੜ੍ਹੀ ਰਹਿੰਦੀ ਏ।

ਚੰਗੀ ਵਕਤੀ ਸ਼ਾਇਰੀ ਹੋਰ ਚੀਜ਼ ਏ ਅਤੇ ਸਦਾ ਖ਼ੁਸ਼ਬੂ ਦਿੰਦੀ ਤੇ ਹਸਾਉਂਦੀ-ਰੁਆਉਂਦੀ ਮੂਰਤੀ ਕੁਝ ਹੋਰ ਨੇਅਮਤ (ਵਰਦਾਨ) ਏ।ਡਾਕਟਰ ਸਾਹਿਬ ਨੂੰ ਮੈਂ ਸਾਡੇ ਜ਼ਮਾਨੇ ਦੇ ਉਨ੍ਹਾਂ ਦੋ-ਚਾਰ ਸੁਭਾਗੇ ਮਨੁੱਖਾਂ ਵਿੱਚੋਂ ਸਮਝਦਾ ਹਾਂ ਜਿਨ੍ਹਾਂ ਨੂੰ ਰੱਬ ਨੇ ਦਿਬ ਦਿਰਸ਼ਟੀ ਦਿੱਤੀ ਹੋਈ ਏ।ਜਿਹੜੀ ਕਾਲ ਤੋਂ ਅਕਾਲ ਤੱਕ ਪਹੁੰਚਦੀ ਅਤੇ ਚੌਗਿਰਦੇ ਦੇ ਤਮਾਸ਼ੇ ਨੂੰ ਨੇੜਿਉਂ ਤੇ ਦੂਰੋਂ ਹਟ ਕੇ ਵੇਖਦੀ ਏ।

ਡੂੰਘੀ ਸ਼ਾਇਰੀ ਲਈ ਡੂੰਘੇ ਤੇ ਰੰਗ-ਬਰੰਗੇ ਜੀਵਨ ਦੀ ਲੋੜ ਹੁੰਦੀ ਏ । ਦੂਰ ਦਰਸ਼ੀ ਅੱਖਾਂ ਦੀ ਜ਼ਰੂਰਤ ਹੁੰਦੀ ਏ ਤੇ ਓਸ ਚੋਣਵੇਂ ਹੁਨਰ ਦੀ ਵੀ ਜੋ ਅਪਣੇ ਐਬ, ਐਬ ਅਤੇ ਦੂਜਿਆਂ ਵਿਚ ਗੁਣ ਵੇਖ ਸਕਦਾ ਹੋਵੇ।ਮਿਆਰੀ ਸ਼ਾਇਰੀ ਪੈਗ਼ੰਬਰੀ ਦੇ ਨੇੜੇ ਤੇੜੇ ਜਾ ਪਹੁੰਚਦੀ ਏ ਤੇ ਪੈਗ਼ੰਬਰੀ ਦਾ ਵੱਡਾ ਮੁਆਜਜ਼ਾ ਹੁੰਦਾ ਏ ਮਨੁੱਖਤਾ ਨੂੰ ਅਪਣੀ ਕਦਰ ਆਪ ਕਰਨੀ ਸਿਖਾਉਣਾ। ਬੰਦੇ ਨੂੰ ਬੰਦੇ ਦਾ ਹਿੱਸਾ ਭਾਗ ਅੰਗ ਕਰ ਵਸਾਉਣਾ ਤੇ ਤਿਆਗ ਵਿਚ ਭੋਗ ਦਾ ਆਨੰਦ ਸਮਝਾਉਣਾ।

ਸਦਾ ਲਈ ਜਿਉਂਦੇ ਉਹੀ ਸ਼ਾਇਰ ਰਹਿੰਦੇ ਹਨ ਜੋ ਜ਼ਿੰਦਗੀ ਦੀਆਂ ਅਟੱਲ ਸੱਚਾਈਆਂ ਤੇ ਜ਼ਿੰਦਗੀ ਦੇ ਬਾਈ ਸਕੋਪ ਦੀ ਚਮਕ ਦਮਕ ਵਿਚ ਬਦਲਿਆਂ ਨਜ਼ਾਰਿਆਂ ਨੂੰ ਇੱਕੋ ਵਕਤ ਵੇਖ ਕੇ ਪਰਖ ਸਕਣ ਤੇ ਉਨ੍ਹਾਂ ਦੀ ਤਸਵੀਰ ਖਿੱਚ ਸਕਣ।

ਪਰ ਸਦਾ ਦੀਆਂ ਗੱਲਾਂ ਛੱਡੋ । ਸੱਚ-ਮੁਚ ਊਚੀ ਸ਼ਾਇਰੀ ਹੈ ਤੇ ਲਹਿ ਜਾਂਦੀ ਹੈ ਰੂਹ ਦੀਆਂ ਢੂੰਘਾਂ ਵਿਚ।ਉਹ ਤੇ ਮੁਕਾ ਜਾਂਦੀ ਹੈ ਅਪਣਾ ਭਾਰ ਤੇ ਜਿਉਂ ਜਾਂਦੀ ਹੈ ਅਪਣਾ ਵਿਸ਼ਾਲ ਤੇ ਵਚਿੱਤਰ ਜੀਵਨ । ਜਿਹੜੀ ਲਫ਼ਜ਼ਾਂ ਤੋਂ ਜਾਦੂ ਦਾ ਕੰਮ ਲਵੇ ਤੇ ਮਨੁੱਖ ਤੇ ਸਮਾਜ ਦੀਆਂ ਉਨ੍ਹਾਂ ਥਾਵਾਂ ਨੂੰ ਛੂਹ ਜਾਵੇ ਜਿਹੜੀਆਂ ਡੂੰਘੀ ਸੋਚ, ਗ਼ਮ ਤੇ ਆਨੰਦ ਦੀਆਂ ਗੁਫ਼ਾਵਾਂ ਹਨ।ਡਾਕਟਰ ਸਾਹਿਬ ਦੀਆਂ ਇਨ੍ਹਾਂ ਰੁਬਾਈਆਂ ਵਿਚ ਲਫ਼ਜ਼ੀ ਜਾਦੂ ਵੀ ਹੈ ਅਤੇ ਮਾਅਨਵੀ ਛੂਹ ਵੀ।

੨੯ ਸਤੰਬਰ ੧੯੪੬
ਡਾਕਟਰ ਮੋਹਨ ਸਿੰਘ 'ਦੀਵਾਨਾ'
ਐਮ. ਏ, ਪੀ. ਐਚ. ਡੀ, ਡੀ.ਲਿਟ
ਪੰਜਾਬੀ ਰੀਡਰ, ਪੰਜਾਬ ਯੂਨੀਵਰਸਿਟੀ
ਲਾਹੌਰ।