ਨਿਉਂਦਾ ਅਤੇ ਚੁੱਲ੍ਹੇ ਨਿਉਂਦਾ ਨੀਲਮ ਸੈਣੀ
ਵਿਆਹ ਵਾਲੇ ਦਿਨ ਤੋਂ ਇਕ ਦਿਨ ਪਹਿਲਾਂ
ਪਿੰਡ ਵਿਚ ਘਰ ਪ੍ਰਤੀ ਨਿਉਂਦਾ ਅਤੇ ਚੁੱਲ੍ਹੇ ਨਿਉਂਦਾ
ਦਿੱਤੇ ਜਾਂਦੇ ਸਨ। ਨਿਉਂਦੇ ਦਾ ਭਾਵ ਹਰ ਘਰ
ਵਿਚੋਂ ਪਰਿਵਾਰ ਦੇ ਇਕ ਵਿਅਕਤੀ ਨੂੰ ਰੋਟੀ ਖਾਣ
ਲਈ ਸੱਦਾ ਹੁੰਦਾ ਸੀ। ਸ਼ਰੀਕੇ ਨੂੰ ਚੁੱਲ੍ਹੇ ਨਿਉਂਦਾ
ਹੁੰਦਾ ਸੀ। ਚੁੱਲ੍ਹੇ ਨਿਉਂਦੇ ਵਾਲੇ ਘਰ ਤੋਂ ਪਰਿਵਾਰ
ਦੇ ਸਾਰੇ ਮੈਂਬਰ ਵਿਆਹ ਵਾਲੇ ਘਰ ਹੀ ਕੰਮ
ਕਰਦੇ ਸਨ। ਉਹ ਆਪਣੇ ਘਰ ਚੁੱਲ੍ਹਾ ਬਾਲਣ ਦੀ
ਬਜਾਏ ਵਿਆਹ ਵਾਲੇ ਘਰ ਹੀ ਕੰਮ ਵਿਚ ਹੱਥ
ਵਟਾਉਂਦੇ ਸਨ ਤੇ ਖਾਣਾ ਵੀ ਉਥੇ ਹੀ ਖਾਂਦੇ ਸਨ।
ਨਿਉਂਦੇ ਅਤੇ ਚੁੱਲ੍ਹੇ ਨਿਉਂਦੇ ਵਾਲੇ ਦਿਨ
ਵਿਆਹ ਵਾਲੇ ਘਰ ਸਾਰਾ ਸ਼ਰੀਕਾ-ਭਾਈਚਾਰਾ
ਬਣਦੀ ਸਰਦੀ ਰਸਦ ਭਾਵ ਆਟਾ, ਗੁੜ, ਦਾਲ
ਅਤੇ ਹੋਰ ਖਾਣ ਪੀਣ ਦਾ ਸਮਾਨ ਲੈ ਕੇ ਢੁੱਕਦਾ
ਸੀ। ਨਿਉਂਦੇ ਅਤੇ ਚੁੱਲ੍ਹੇ ਨਿਉਂਦੇ ਦਾ ਮੰਤਵ
ਭਾਈਚਾਰਕ ਸਾਂਝ ਦੀ ਗੰਢ ਪੀਡੀ ਕਰਨਾ ਸੀ।
ਨਿਉਂਦਾ ਖਾਣ ਆਏ ਪਿੰਡ ਦੇ ਹਰ ਪਰਿਵਾਰ ਦੇ
ਮੈਂਬਰ ਵਲੋਂ ਵਿਆਹੁੰਦੜ ਕੁੜੀ/ਮੁੰਡੇ ਲਈ ਸ਼ਗਨ
ਵਜੋਂ ਪੈਸੇ ਜਾਂ ਕੱਪੜੇ-ਲੱਤੇ ਤੇ ਗਹਿਣੇ-ਗੱਟੇ ਦੇ
ਰੂਪ ਵਿਚ ਤੋਹਫੇ ਵੀ ਦਿੱਤੇ ਜਾਂਦੇ ਸਨ। ਕਈ
ਥਾਂਵਾਂ 'ਤੇ ਭਾਈਚਾਰੇ ਵਲੋਂ ਪਰਾਤ ਵਿਚ ਆਟਾ,
ਦਾਲਾਂ, ਗੁੜ, ਚੌਲ ਆਦਿ ਵੀ ਦਿੱਤੇ ਜਾਂਦੇ ਸਨ।
ਪਹਿਲਾਂ ਮਰਦ ਰੋਟੀ ਖਾਂਦੇ, ਫਿਰ ਔਰਤਾਂ ਦੀ
ਵਾਰੀ ਹੁੰਦੀ ਸੀ। ਰੋਟੀ ਖਾਣ ਦੇ ਵਕਤ ਬੈਠਣ
ਲਈ ਕੋਰੇ ਵਿਛਾਏ ਜਾਂਦੇ ਸਨ। ਰੋਟੀ ਵਰਤਾਉਣ
ਦਾ ਕੰਮ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਦੋਸਤਾਂਮਿੱਤਰਾਂ
ਦੇ ਹਿੱਸੇ ਆਉਂਦਾ ਸੀ। ਵਿਆਹ ਵਿਚ
ਸ਼ਾਮਿਲ ਹੋਣ ਆਏ ਖਾਸ ਰਿਸ਼ਤੇਦਾਰ (ਨਾਨਾ-ਨਾਨੀ,
ਮਾਮਾ-ਮਾਮੀ ਚਾਚਾ-ਚਾਚੀ) ਲਾਗੀਆਂ
ਨੂੰ ਲਾਗ ਦਿੰਦੇ। ਸਭ ਤੋਂ ਪਹਿਲਾਂ ਥਾਲੀਆਂ
ਵਰਤਾਈਆਂ ਜਾਂਦੀਆਂ। ਹੁਣ ਰੋਟੀ ਟੇਬਲਾਂ 'ਤੇ
ਲੱਗਦੀ ਹੈ ਅਤੇ ਇਹ ਲਾਗ ਵੇਟਰ ਟਿੱਪ ਦੇ ਰੂਪ
'ਚ ਲੈਂਦੇ ਹਨ। ਹੁਣ ਰੋਟੀ ਵੇਲੇ ਮਰਦ ਤੇ ਔਰਤਾਂ
ਇਕੱਠੇ ਹੀ ਬੈਠਦੇ ਹਨ। ਜ਼ਮਾਨੇ ਨਾਲ ਹੁਣ ਬੜਾ
ਕੁਝ ਬਦਲ ਗਿਆ ਹੈ। ਜ਼ਿਆਦਾਤਰ ਕੇਟਰਿੰਗ
ਕਰਵਾ ਲਈ ਜਾਂਦੀ ਹੈ, ਰੈਸਟੋਰੈਂਟ ਜਾਂ ਮੈਰਿਜ
ਪੈਲੇਸ ਬੁੱਕ ਕੀਤਾ ਜਾਂਦਾ ਹੈ। ਉਂਜ ਪੰਜਾਬ ਵਿਚ
ਮੈਰਿਜ ਪੈਲੇਸਾਂ ਦਾ ਹੀ ਬੋਲਬਾਲਾ ਹੈ।
ਨਿਉਂਦੇ ਅਤੇ ਚੁੱਲ੍ਹੇ ਨਿਉਂਦੇ ਦਾ ਗੀਤ
ਅੰਬਾਂ ਨੂੰ ਲੱਗ ਰਹੀਆਂ ਅੰਬੀਆਂ, ਵੇ ਸ਼ੈਲਾ!
ਤੂਤਾਂ ਨੂੰ ਲੱਗ ਰਿਹਾ ਬੂਰ ਵੇ।
ਉਚੇ ਤਾਂ ਵੱਜ ਰਹੀ ਬਾਂਸਰੀ, ਵੇ ਸ਼ੈਲਾ!
ਨੀਵੇਂ ਤਾਂ ਸਿੰਘ ਜੀ ਦਾ ਵਿਆਹ ਵੇ।
ਨਿਉਂਦਾ ਤਾਂ ਪਾਵਣ ਮੈਂ ਚੱਲੀ,
ਸਖੀਆਂ ਸਹੇਲੀਆਂ ਦੇ ਸਾਥ ਵੇ।
ਹੋਰਾਂ ਨੇ ਵੰਡੀਆਂ ਪੰਜੀਰੀਆਂ, ਵੇ ਸ਼ੈਲਾ!
ਮਾਮੀ ਦਾ ਮੋਤੀਆਂ ਦਾ ਥਾਲ ਵੇ।
ਨਿਉਂਦਾ ਤਾਂ ਪਾਵਣ ਮੈਂ ਚੱਲੀ, ਵੇ ਸ਼ੈਲਾ!
ਆਪਣੇ ਸ਼ਰੀਕੇ ਭਾਈਆਂ ਸਾਥ ਵੇ,
ਹੋਰਾਂ ਨੇ ਪਾਏ ਪੰਜ ਸੱਤ, ਵੇ ਸ਼ੈਲਾ!
ਮਾਮੀ ਦਾ ਡੇਢ ਹਜ਼ਾਰ ਵੇ।
ਹੋਰਨਾਂ ਦਾ ਸ਼ਰੀਕੇ ਦਾ ਆੜ ਨੀ ਗੋਰੀਏ,
ਤੂੰ ਤਾਂ ਘਰ ਦੀ ਨਾਰ ਵੇ।
ਨਿਉਂਦਾ ਤਾਂ ਪਾ ਕੇ ਮੈਂ ਮੁੜੀ, ਵੇ ਸ਼ੈਲਾ!
ਮੁੜਦੀ ਦਾ ਟੁੱਟ ਗਿਆ ਹਾਰ ਵੇ।
ਮੋਟੇ ਤਾਂ ਮੋਟੇ ਸਭ ਚੁਗੇ ਵੇ ਸ਼ੈਲਾ,
ਨਿੱਕਿਆਂ ਨੂੰ ਪੈ ਗਈ ਰਾਤ ਵੇ।
ਦੀਵਾ ਤਾਂ ਲੈ ਕੇ ਮੈਂ ਖੜ੍ਹਾ ਨੀ ਗੋਰੀਏ,
ਨਿੱਕਿਆਂ (ਮੋਤੀਆਂ) ਨੂੰ ਚੁਗ ਚਿੱਤ ਲਾਇ ਕੇ।
ਤੇਰੀ ਤਾਂ ਮੇਰੀ ਅੱਜ ਟੁੱਟੀ ਵੇ ਸ਼ੈਲਾ!
ਮੁੜ ਕੇ ਨਾ ਢੁੱਕੀਂ ਮੇਰੇ ਬਾਰ ਵੇ।
ਅਧੋਪਾਟੀ ਦਿਆ ਪੱਪੂ,
ਵੇ ਵਰਤਾਵਾ ਨਾ ਲੱਗੀਂ।
ਵੇ ਘਰ ਰਤਿੰਦਰ ਦਾ ਲੱਗਣਾ,
ਵੇ ਬੁਰਿਆਈ ਨਾ ਖੱਟੀਂ।
ਸਾਨੂੰ ਰੋਟੀ ਨਹੀਓਂ ਦਿੰਦੇ ਰੇ,
ਰੋਟੀ ਨਹੀਓਂ ਦਿੰਦੇ ਰੇ!
ਸਾਡੇ ਖੁਸ਼ਨੂਰ ਦੇ ਵਿਆਹ,
ਅਸੀਂ ਫੇਰ ਆਮਾਂਗੇ,
ਰਤਿੰਦਰ ਫੇਰ ਆਮਾਂਗੇ।
ਆਪਣੇ ਪ੍ਰੀਤ ਦੇ ਵਿਆਹ,
ਰੋਟੀ ਘਰੋਂ ਲਿਆਮਾਂਗੇ।
|