ਪੰਜਾਬੀ ਕਲਾਮ/ਗ਼ਜ਼ਲਾਂ ਨਜ਼ੀਰ ਕੈਸਰ
1. ਲੋਕ ਕਹਿੰਦੇ ਨੇ ਘਰ ਗਿਆ ਸੀ ਮੈਂ
ਲੋਕ ਕਹਿੰਦੇ ਨੇ ਘਰ ਗਿਆ ਸੀ ਮੈਂ।
ਫੇਰ ਕਿਉਂ ਰਾਤ ਡਰ ਗਿਆ ਸੀ ਮੈਂ।
ਸੁੱਤੀ ਹੋਈ ਸੀ ਉਹ ਮੇਰੇ ਖ਼ਾਬਾਂ ਵਿਚ,
ਫੁੱਲ ਤਕੀਏ ਤੇ ਧਰ ਗਿਆ ਸੀ ਮੈਂ।
ਖੋਲ੍ਹ ਕੇ ਹੱਥ ਉਹਨੇ ਤਕਿਆ ਸੀ,
'ਵਾ ਚਲੀ ਸੀ ਤਾਂ ਖਿਲਰ ਗਿਆ ਸੀ ਮੈਂ।
ਅੱਗ ਲੱਗੀ ਸੀ ਦੂਰ ਇਕ ਘਰ ਨੂੰ,
ਨਾਲ ਧੂੰਏਂ ਦੇ ਭਰ ਗਿਆ ਸੀ ਮੈਂ।
ਕੋਈ ਪਰਛਵਾਂ ਰਾਤ ਬੱਤੀ ਨਾਲ,
ਗੱਲਾਂ ਕਰਦਾ ਸੀ ਡਰ ਗਿਆ ਸੀ ਮੈਂ।
2. ਪਾਗਲ ਲੋਕੀ 'ਵਾਵਾਂ ਪਿੱਛੇ ਨਸਦੇ ਰਏ
ਪਾਗਲ ਲੋਕੀ 'ਵਾਵਾਂ ਪਿੱਛੇ ਨਸਦੇ ਰਏ।
ਰ੍ਹਾਵਾਂ ਉੱਤੇ ਰੁੱਖ ਖਲੋਤੇ ਹਸਦੇ ਰਏ।
ਬੂਹੇ ਮਾਰ ਕੇ ਰਬ ਦੀ ਖ਼ਲਕਤ ਸੁੱਤੀ ਰਈ,
'ਵਾਵਾਂ ਚਲਦੀਆਂ ਰਹੀਆਂ ਬੱਦਲ ਵਸਦੇ ਰਏ।
ਲੁਟ ਕੇ ਲੈ ਗਏ ਦੁਸ਼ਮਣ ਸਾਡੇ ਸ਼ਹਿਰਾਂ ਨੂੰ,
ਅਸੀਂ ਘੋੜੀਆਂ ਉੱਤੇ ਜ਼ੀਨਾਂ ਕਸਦੇ ਰਏ।
ਦੋਹਾਂ ਦੇ ਵਿਚਕਾਰ ਕੋਈ ਪਰਛਵਾਂ ਸੀ,
ਮੈਂ ਤੇ ਸੂਰਜ ਅੱਗੇ ਪਿੱਛੇ ਨਸਦੇ ਰਏ।
3. ਕਾਲੀ ਬਦਲੀ ਕੰਧਾਂ ਪਈ ਉਸਾਰਦੀ ਸੀ
ਕਾਲੀ ਬਦਲੀ ਕੰਧਾਂ ਪਈ ਉਸਾਰਦੀ ਸੀ।
ਕਦੇ ਕਦੇ ਬਿਜਲੀ ਲਿਸ਼ਕਾਰੇ ਮਾਰਦੀ ਸੀ।
ਪੈਰਾਂ ਵਿਚ ਜ਼ੰਜੀਰ ਸੀ ਬੁੱਢੀ ਧਰਤੀ ਦੀ,
ਅੱਖਾਂ ਵਿਚ ਸੂਰਤ ਅਸਮਾਨੋਂ ਪਾਰ ਦੀ ਸੀ।
ਬੁੱਲ੍ਹਾਂ ਉੱਤੇ ਲਹੂ ਸੀ ਲਿਖਿਆ ਹਰਫ਼ ਜਿਹਾ,
ਜ਼ਖ਼ਮੀ ਹਥ ਵਿਚ ਫੁੱਲ ਨਿਸ਼ਾਨੀ ਪਿਆਰ ਦੀ ਸੀ।
ਮੈਂ ਚੁਪਚਾਪ ਗਲੀ ਚੋਂ ਲੰਘਦਾ ਜਾਂਦਾ ਸਾਂ,
ਖੁੱਲ੍ਹੀ ਹੋਈ ਬਾਰੀ 'ਵਾਜਾਂ ਮਾਰਦੀ ਸੀ।
ਤਕੀਏ ਥੱਲੇ ਰੁੱਕਾ ਸੀ ਜੁਦਾਈ ਦਾ,
ਬਿਸਤਰ 'ਤੇ ਖ਼ੁਸ਼ਬੂ ਫੁੱਲਾਂ ਦੇ ਹਾਰ ਦੀ ਸੀ।
4. ਚਾਰ ਚੁਫੇਰੇ ਚੜ੍ਹਦਾ ਸੂਰਜ ਕਿਹੜੇ ਪਾਸੇ ਜਾਵਾਂ
ਚਾਰ ਚੁਫੇਰੇ ਚੜ੍ਹਦਾ ਸੂਰਜ ਕਿਹੜੇ ਪਾਸੇ ਜਾਵਾਂ।
ਸ਼ੀਸ਼ਿਆਂ ਵਰਗੇ ਰੁੱਖ ਨੇ ਏਥੇ ਧੁੱਪਾਂ ਵਰਗੀਆਂ ਛਾਵਾਂ।
ਮਿਲ ਜਾਂਦੇ ਨੇ ਦੱਸਣ ਵਾਲੇ ਖ਼ਾਬ ਦੀਆਂ ਤਾਬੀਰਾਂ,
ਮੈਂ ਇਸ ਸ਼ਹਿਰ ਦੇ ਲੋਕਾਂ ਕੋਲੋਂ ਨੀਂਦਾਂ ਲੱਖ ਛੁਪਾਵਾਂ।
ਫ਼ਰਸ਼ ਦੇ ਉੱਤੇ ਖਿਲਰੇ ਹੋਏ ਕੰਡੇ ਨੇਜ਼ਿਆਂ ਵਰਗੇ,
ਕਿੱਲੀ ਉੱਤੇ ਟੰਗਿਆ ਹੋਇਆ ਖ਼ੁਸ਼ਬੂ ਦਾ ਪਰਛਵਾਂ।
ਬਾਰੀਆਂ ਅੰਦਰ ਜਗਦੀਂਆਂ ਹੋਈਆਂ ਅੱਖਾਂ ਨੀਂਦਾਂ ਭਰੀਆਂ,
ਮੇਰੇ ਨਾਲ ਗਵਾਚੀਆਂ ਹੋਈਂਆਂ ਟੂਣੇ ਹਾਰੀਆਂ ਰ੍ਹਾਵਾਂ।
5. ਅੰਦਰ ਬੱਤੀ ਥਰ ਥਰ ਕੰਥਦੀ ਬ੍ਹਾਰ ਪਿਆ ਮੀਂਹ ਵਰ੍ਹਦਾ ਏ
ਅੰਦਰ ਬੱਤੀ ਥਰ ਥਰ ਕੰਥਦੀ ਬ੍ਹਾਰ ਪਿਆ ਮੀਂਹ ਵਰ੍ਹਦਾ ਏ।
ਇਸ ਮੌਸਮ ਵਿਚ ਇਹ ਘਰ ਮੈਨੂੰ 'ਕੱਲਿਆਂ ਵੇਖਕੇ ਡਰਦਾ ਏ।
ਖਿਲਰੇ ਹੋਏ ਨੇ ਮੇਰੀ ਛਾਤੀ ਉੱਤੇ ਉਸਦੇ ਲੰਮੇ ਵਾਲ,
ਉਹ ਅਜ਼ਲਾਂ ਤੋਂ ਸੁੱਤੀ ਪਈ ਏ ਮੈਨੂੰ ਖ਼ੌਫ਼ ਸਫ਼ਰ ਦਾ ਏ।
ਘਰ ਅੰਦਰ ਇਕ ਹੋਰ ਵੀ ਘਰ ਏ ਜਿਸ ਅੰਦਰ ਜਿੰਨ ਰਹਿੰਦਾ ਏ,
ਰਾਤੀਂ ਰੌਲਾ ਪਾਉਂਦੈ ਦਿਨ ਨੂੰ ਬੰਦਿਆਂ ਕੋਲੋਂ ਡਰਦਾ ਏ।
ਰਾਤ ਦੀਆਂ ਜਦ ਪਲਕਾਂ ਉੱਤੇ ਓਸ ਫ਼ਜਰ ਦੀ ਡਿਗਦੀ ਏ,
ਦਿਲ ਵਿਚ ਡੁੱਬਾ ਹੋਇਆ ਜਜ਼ੀਰਾ ਅੱਖਾਂ ਅੰਦਰ ਤਰਦਾ ਏ।
|