ਪੰਜਾਬੀ ਕਲਾਮ/ਗ਼ਜ਼ਲਾਂ ਨਾਦਰ ਜਾਜਵੀ
1. ਲਗਦਾ ਏ ਅੱਜ ਕਣੀਆਂ ਕਿੱਧਰੋਂ ਆਉਣ ਪਈਆਂ
ਲਗਦਾ ਏ ਅੱਜ ਕਣੀਆਂ ਕਿੱਧਰੋਂ ਆਉਣ ਪਈਆਂ।
ਮਿੱਟੀ ਦੇ ਵਿੱਚ ਰਲਕੇ ਚਿੜੀਆਂ ਨਹਾਉਣ ਪਈਆਂ।
ਧਰਤੀ ਨੂੰ ਮੁੜ ਖ਼ੌਰੇ ਲਹੂ ਦੀ ਲੋੜ ਪਈ ਏ,
ਮਾਵਾਂ ਸੂਰਮੇ ਪੁੱਤਰਾਂ ਦੇ ਜੱਸ ਗਾਉਣ ਪਈਆਂ।
ਹੁਣ ਪੈੜਾਂ ਤੋਂ ਬੰਦਿਆਂ ਪੱਛੜ ਜਾਣਾ ਏ,
ਨਸਲਾਂ ਅਪਣੇ ਖੁਰਿਆਂ ਨੂੰ ਹੁਣ ਢਾਉਣ ਪਈਆਂ।
ਅਰਮਾਨਾਂ ਦਾ ਕਰੰਗ ਪਰਾਈ ਜੂਹ ਵਿਚ ਏ,
ਅਸਮਾਨਾਂ 'ਤੇ 'ਇੱਲ੍ਹਾਂ', 'ਗਿਰਝਾਂ' ਭਾਉਣ ਪਈਆਂ।
ਕੁੜਮਾਂ-ਚਾਰੀ ਅਕਲਾਂ ਦੇ ਵਰਤਾਰੇ ਨੇ,
ਟੁੱਟੀਆਂ ਭੱਜੀਆਂ ਸ਼ੇਵਾਂ ਖੂੰਜੇ ਲਾਉਣ ਪਈਆਂ।
ਝੀਤਾਂ ਵਿਚੋਂ ਤਰੇਲ ਨੇ ਕਿੱਥੋਂ ਆਉਣਾ ਸੀ,
ਗੁਲਦਾਨਾਂ ਵਿੱਚ ਕਲੀਆਂ ਵੀ ਮੁਰਝਾਉਣ ਪਈਆਂ।
ਅਕਲਾਂ ਵਾਲੀਆਂ ਦੇ ਹੱਥਾਂ ਵਿੱਚ ਖੁਰਕੇ ਨੇ,
ਪਿੜ ਨੂੰ ਹੂੰਝ ਕੇ 'ਨਾਦਰ' ਛੱਜ ਵਿੱਚ ਪਾਉਣ ਪਈਆਂ।
2. ਨਾ ਮੈਂ ਜ਼ੁਲਮ ਦੀ ਲੀਕੇ ਤੁਰਿਆ ਨਾ ਮੈਂ ਵੈਰ ਕਮਾਏ
ਨਾ ਮੈਂ ਜ਼ੁਲਮ ਦੀ ਲੀਕੇ ਤੁਰਿਆ ਨਾ ਮੈਂ ਵੈਰ ਕਮਾਏ।
ਨਾ 'ਹਿਰਨਾਂ' ਦੇ ਗਾਟੇ ਲਾਹ ਕੇ 'ਬੈਠਕ' ਵਿੱਚ ਸਜਾਏ।
ਅੱਤ ਦੀ ਚੋਰਾ-ਕਾਰੀ ਦੇ ਵਿੱਚ ਇੰਜ ਵੀ 'ਝੁੱਗੇ' ਭੱਜੇ,
ਰਾਤ ਨੂੰ ਲੁਕਣੇ ਵਾਲੇ ਤੜਕੇ ਖੁਰੇ ਪਛਾਨਣ ਆਏ।
ਲਹੂਆਂ ਦੇ ਵਿੱਚ ਪਾਣੀ ਪੈ ਗਏ ਮੂੰਹ ਦੇ ਬੋਲ ਨਿਖੁੱਟੇ,
ਤੱਤ-ਭਲੱਤੀਆਂ ਵੰਡਾਂ ਪਾਕੇ ਬਹਿ ਗਏ ਮਾਂ ਪਿਉ ਜਾਏ।
ਫੇਰ ਭਲਾਂ ਕੀ ਇਹਨਾਂ 'ਰੱਬ' ਦਾ ਸੂਰਜ ਡੱਕ ਖਲੋਣੈਂ,
ਤੋੜ ਦਿਲਾਂ ਨੂੰ ਜੇ ਲੋਕਾਂ ਨੇ ਉੱਚੇ ਕੋਠੇ ਪਾਏ।
ਟੁੱਟ ਗਏ 'ਨਾਦਰ' ਦਰਦ ਦੇ ਰਿਸ਼ਤੇ ਮੁੱਕ ਗਈ ਸਾਕਾ-ਗੀਰੀ,
ਪਿੰਡਾਂ ਦੇ ਪੀਲੇ ਜੇਹੇ ਬੰਦੇ ਸ਼ਹਿਰਾਂ ਦੇ ਵਿੱਚ ਆਏ।
3. ਪਿਆਰ ਮੁਕਦੇ ਨਹੀਂ ਸਜ਼ਾਵਾਂ ਵਰਗੇ
ਪਿਆਰ ਮੁਕਦੇ ਨਹੀਂ ਸਜ਼ਾਵਾਂ ਵਰਗੇ।
ਵੇਚ ਦਿੰਦੇ ਨੇ ਭਰਾਵਾਂ ਵਰਗੇ।
ਰਾਤ ਦੀ ਰਾਤ ਰੁਕਣਾ ਔਖਾ,
ਦਿਲ ਦੇ ਵਿਹੜੇ ਨੇ ਸਰਾਵਾਂ ਵਰਗੇ।
ਤਰੇਲ ਤੁਪਕੇ ਨੇ ਗੁਲਾਬਾਂ ਉੱਤੇ,
ਉਹਦੀਆਂ ਸੋਹਲ ਅਦਾਵਾਂ ਵਰਗੇ।
ਦਿਲ ਨੂੰ ਮੋਹ ਲੈਣ ਦੇ ਮੌਕੇ ਕਿੱਥੇ,
ਉਜੜੀ ਵਾਦੀ 'ਚ ਘਟਾਵਾਂ ਵਰਗੇ।
ਲੰਘ ਜਾਂਦੇ ਨੇ ਜ਼ਮਾਨੇ ਉਹਦੇ,
ਪੈਰੀਂ ਪਈਆਂ ਖੜਾਵਾਂ ਵਰਗੇ।
ਮੈਨੂੰ ਅੱਜ ਤੱਕ ਨਹੀਂ ਭੁੱਲੇ 'ਨਾਦਰ',
ਲੋਕ ਜੰਡਾਂ ਦੀਆਂ ਛਾਵਾਂ ਵਰਗੇ।
4. ਤਨਹਾਈ ਦੇ ਜ਼ਖ਼ਮਾਂ ਉੱਤੇ ਫੇਹੇ ਧਰ ਜਾਂਦਾ ਏ
ਤਨਹਾਈ ਦੇ ਜ਼ਖ਼ਮਾਂ ਉੱਤੇ ਫੇਹੇ ਧਰ ਜਾਂਦਾ ਏ।
ਇੱਕ-ਦੋ ਗੱਲਾਂ ਕਾਂ ਵੀ ਮੇਰੇ ਨਾਲ ਤਾਂ ਕਰ ਜਾਂਦਾ ਏ।
ਕਦੇ ਕਦਾਈਂ ਪਰਬਤ ਜਿੱਡਾ ਜਿਗਰਾ ਰੱਖਣ ਵਾਲਾ,
ਪੱਤਾ ਹਿਲਣ ਉੱਤੇ ਬੰਦਾ ਡਰ ਜਾਂਦਾ ਏ।
ਬੇਗ਼ੈਰਤ ਵੀ ਹੋ ਕੇ ਲੋਕੀਂ ਵੇਲਾ ਕੱਢ ਲੈਂਦੇ ਨੇ,
ਗ਼ੈਰਤ-ਮੰਦ ਤੇ ਗ਼ੈਰਤ ਹੱਥੋਂ ਆਪੇ ਮਰ ਜਾਂਦਾ ਏ।
ਉਂਜ ਤੇ ਖ਼ੌਰੇ ਕਿੱਥੇ-ਕਿੱਥੇ ਅੱਡੋ-ਫਾਹੇ ਲੈਂਦਾ,
ਦਿਲ ਸੁਹੰਦਾ ਨੈਣਾਂ ਦੀ ਬਾਜ਼ੀ ਜਾਣ ਕੇ ਹਰ ਜਾਂਦਾ ਏ।
ਉੱਦਾਂ ਤੇ ਬੰਦੇ ਤੋਂ ਕੀਤੇ ਬੋਲ ਨਹੀਂ ਪਾਲਣ ਹੁੰਦੇ,
ਵਾਅਦਿਆਂ ਜੋਗਾ ਖੌਰੇ ਕਿੰਨੀਆਂ ਚੱਟੀਆਂ ਭਰ ਜਾਂਦਾ ਏ।
ਐਡੇ ਡੋਬੂ-ਦਰਿਆਵਾਂ ਵਿੱਚ ਪੱਕੇ ਪੈਰੀਂ ਠਿੱਲ੍ਹੋ,
ਕੱਚਾ-ਘੜਾ ਤੇ ਕੱਚਾ ਹੁੰਦੈ, ਓੜਕ ਖਰ ਜਾਂਦਾ ਏ।
ਕਿਸੇ ਦੀ ਕੀਤੀ ਰੱਤੀ ਜਿੰਨੀ ਕਦੀ ਵੀ ਝੱਲ ਨਹੀਂ ਹੁੰਦੀ,
ਰੱਬ ਦੀ ਕੀਤੀ 'ਨਾਦਰ' ਹਰ ਕੋਈ ਹੱਸ ਕੇ ਜਰ ਜਾਂਦਾ ਏ।
5. ਪਿਆਰ ਦੇ ਬਾਝੋਂ ਸੱਖਣੇ ਦਿਸਦੇ, ਸਹਿਰਾ, ਰੇਤ, ਗਿਰਾਂ
ਪਿਆਰ ਦੇ ਬਾਝੋਂ ਸੱਖਣੇ ਦਿਸਦੇ, ਸਹਿਰਾ, ਰੇਤ, ਗਿਰਾਂ।
ਨਾ ਉਹ ਮੇਰੇ ਹਾਣੀ ਦਿਸਦੇ ! ਨਾ ਰੁੱਖਾਂ ਦੀ ਛਾਂ।
ਭਰੀ ਕਚਹਿਰੀ ਦੇ ਵਿੱਚ 'ਸੱਚ' ਨੂੰ ਝੂਠ ਖ਼ਰੀਦਣ ਲੱਗਾ,
ਕਿੱਥੇ ਜਾਵੇ ਕੋਠੀ-ਲੱਗੇ ਹੋਏ ਪੁੱਤਰਾਂ ਦੀ ਮਾਂ?
ਝੂਠਿਆਂ ਦੇ ਘਰ ਰਾਤੋ-ਰਾਤੀਂ ਮਾਇਆ ਕਿਧਰੋਂ ਆਈ?
ਸਾਡੇ ਕੋਲੋਂ ਇੱਟ ਨਾ ਲੱਗੀ, ਲ਼ੋਕਾਂ ਵਲ਼ ਲਏ ਥਾਂ।
ਦੁਖ ਦੇ ਤਪਦੇ ਸੂਰਜ ਸਿਰ 'ਤੇ, ਵਿੱਛੜਿਆਂ ਦੇ ਝੋਰੇ,
ਪੈਰਾਂ ਥੱਲੇ ਭਾਂਬੜ ਮਚਦੇ, ਦੋਜ਼ਖ਼ ਲੰਘਦਾ ਜਾਂ।
ਕੱਲ੍ਹ ਦੇ ਡੂੰਘੇ ਕੱਪਰਾਂ ਦੇ ਵਿੱਚ ਵੇਲਾ ਦੇਵੇ ਠੇਲ,
ਤਰਦੀ ਹੋਈ ਕਾਗਤ ਦੀ ਬੇੜੀ, ਕਿੱਥੇ ਡੋਬ ਦਿਆਂ?
ਚੰਗੇ ਪਲ ਲਈ ਸਾਕਾਗੀਰੀ, ਮੰਦੇ ਪਲ ਲਈ ਯਾਰ,
ਨਾ ਉਨ੍ਹਾਂ ਨਾਲ ਰੋਸਾ ਫੱਬੇ, ਨਾ ਇਹ ਕਰਨ ਨਿਆਂ।
ਜੀਆ-ਜੰਤ ਘਨੇੜੇ ਚੁੱਕ ਕੇ, ਡਿਗ-ਡਿਗ ਟਿੱਬੇ ਲੰਘੇ,
ਸੱਖਣੇ ਬੁੱਕ ਲਫ਼ਜ਼ਾਂ ਦੇ ਰਹਿ ਗਏ, ਅਰਸ਼ੋਂ ਪਾਰ ਗਿਆਂ।
ਰਾਤ ਦੇ ਪਿਛਲੇ-ਪਹਿਰੇ ਕੀਹਦੀ ਯਾਦ ਦਾ ਚਾਨਣ ਹੋਇਆ?
ਅੱਖ ਦੇ ਤਾਰੇ ਡੁੱਬਦੇ 'ਨਾਦਰ' ਰਲ਼ ਗਏ ਲਹੂ ਝਨਾਂ।
6. ਪਾਲੋ-ਪਾਲ ਤੇ ਰੁੱਖੜੇ ਸਾਥੋਂ ਲਾ ਨਈਂ ਹੋਏ
ਪਾਲੋ-ਪਾਲ ਤੇ ਰੁੱਖੜੇ ਸਾਥੋਂ ਲਾ ਨਈਂ ਹੋਏ।
ਧੁੱਪਾਂ ਦੇ ਇਹ ਸਾੜੂ ਰੋਗ, ਮੁਕਾ ਨਈਂ ਹੋਏ।
ਉਮਰਾਂ ਤੀਕਰ ਰੜਕੀ ਵੀ, ਤੇ ਇੱਕੋ ਰੜਕੀ,
'ਪੁੱਚ-ਪੁੱਚ' ਕਰਕੇ ਸਾਥੋਂ ਉਹ ਵਡਿਆ ਨਈਂ ਹੋਏ।
ਖ਼ੌਰੇ ਕਿਹੜੀ ਗੱਲੋਂ ਇੰਜ ਤਰੇਕ ਗਿਆ ਉਹ,
ਛਾਤੀ ਉੱਤੇ ਰੱਖੇ ਪਰਬਤ ਚਾ ਨਈਂ ਹੋਏ।
ਟੀਸੀ ਉੱਤੇ ਝਾਕੇ ਪੀਲੀ-ਫ਼ਟਕ ਕਰੂੰਬਲ,
ਜੜ੍ਹ ਦੇ ਕੋਲੋਂ ਵਿਚਲੇ-ਰੋਗ ਮੁਕਾ ਨਈਂ ਹੋਏ।
ਬੰਨ੍ਹ ਲੱਗੇ ਹੋਏ ਨੈਣਾਂ ਦੇ ਖੋਰੇ ਪੈ ਗਏ,
ਦਰਿਆਵਾਂ ਦੇ 'ਨਾਦਰ' ਰੁਖ਼ ਪਰਤਾ ਨਈਂ ਹੋਏ।
|