ਅਜ ਦੀ ਰਾਤ ਦੀਵਿਆਂ ਵਾਲੀ
ਪਰ ਆਕਾਸ਼ ਦੀਵਿਉਂ ਖ਼ਾਲੀ
ਮਸਿਆ ਛਾਈ ਘੁਪ ਹਨੇਰਾ
ਅੰਧਕਾਰ ਹੈ ਚਾਰ ਚੁਫੇਰਾ;
ਦਿਲ ਮੇਰਾ ਚਾਨਣ ਤੋਂ ਖ਼ਾਲੀ,
ਕਾਹਦੀ ਰਾਤ ਦੀਵਿਆਂ ਵਾਲੀ ?
ਉਹ ਵੀ ਲੋਕ ਦੀਵਾਲੀ ਮਾਨਣ
ਦਿਨ ਨੂੰ ਵੀ ਜਿਥੇ ਨਹੀਂ ਚਾਨਣ ।
ਦੀਵੇ ਬਲੇ ਦੀਵਾਲੀ ਆਈ,
ਮਨ ਮੇਰੇ ਨੂੰ ਧੁੜਕੀ ਲਾਈ ।
ਦੀਵਿਆਂ ਦੇ ਚਾਨਣ ਦੀ ਲੋ ਵਿੱਚ
ਪਿਆਰੇ ਦੇ ਭਾਲਣ ਦੀ ਟੋਹ ਵਿੱਚ
ਬੇਸ਼ਕ ਸਈਆਂ ਕਜਲੇ ਪਾਵਣ
ਖ਼ੁਸ਼ੀ ਮਨਾਉਣ, ਨੈਣ ਸਜਾਉਣ
ਇਹ ਕਜਲਾ ਹੀ ਸਬੂਤ ਵਧੇਰਾ
ਦੀਵਿਆਂ ਦੇ ਚਾਨਣ ਵਿੱਚ ਨ੍ਹੇਰਾ,
ਕਿੰਜ ਭਾਵਣ ਇਹ ਜਗ ਮਗ ਵਾਲੇ ?
ਬਾਹਰੋਂ ਲਿਸ਼ਕਣ ਅੰਦਰੋਂ ਕਾਲੇ
ਦੀਵੇ ਬਲੇ ਦੀਵਾਲੀ ਆਈ
ਪਰ ਮੇਰੇ ਮਨ ਨੂੰ ਨਾ ਭਾਈ ।
ਇਹ ਮੇਰੇ ਮਨ ਕੀਕਣ ਭਾਣੀ,
ਮੌਸਮ ਬਦਲ ਗਏ ਦੀ ਨਿਸ਼ਾਨੀ ।
ਮੁਕਣ ਨਾ ਜਿਸਦੀਆਂ ਨਿਕੀਆਂ ਰਾਤਾਂ,
ਕੀ ਛੇੜਾਂ ਵੱਡੀਆਂ ਦੀਆਂ ਬਾਤਾਂ ।
ਯਾਰ ਵਿਛੁੰਨੇ, ਪਾਸ ਨਾ ਜਾਨੀ
ਲਗੇ ਨਾ ਕੀਕਣ ਰਾਤ ਬਉਰਾਨੀ ।
ਜਾਗਦਿਆਂ ਯਾਦਾਂ ਤੜਪਾਉਣ,
ਸੌਂ ਜਾਵਾਂ ਸੁਪਨੇ ਵੀ ਡਰਾਉਣ ।
ਚੰਨ ਮੇਰਾ ਬਦਲਾਂ ਵਿੱਚ ਆਇਆ,
ਜ਼ੁਲਫ਼ਾਂ ਨਾਗਨ ਰੂਪ ਵਟਾਇਆ ।
ਅਭੜਵਾਹੇ ਭਰਾਂ ਕਲਾਵੇ,
ਅਪਣਾ ਹਥ ਛਾਤੀ ਤੇ ਆਵੇ ।
ਚੰਗਾ ਸੀ ਨਾ ਦਿਵਾਲੀ ਆਂਦੀ
ਨਾ ਦੁਖਾਂ ਦੀ ਰਾਤ ਵਧਾਂਦੀ ।
ਦੀਵੇ ਬਲੇ ਦੀਵਾਲੀ ਆਈ
ਭਾਹ ਬ੍ਰਿਹੋਂ ਦੀ ਜਿਸ ਚਮਕਾਈ ।
ਮੌਸਮ ਬਦਲੇ, ਰਾਗ ਵੀ ਬਦਲੇ,
ਐਪਰ ਮੇਰੇ ਭਾਗ ਨਾ ਬਦਲੇ
ਬਦਲ ਗਈ ਸੁਰ, ਸਾਜ਼ ਨਾ ਬਦਲੇ,
ਟੁਟ ਗਿਆ ਨਖ਼ਰਾ, ਨਾਜ਼ ਨਾ ਬਦਲੇ ।
ਮਾਰਨ ਦੇ ਅੰਦਾਜ਼ ਤਾਂ ਬਦਲੇ,
ਜੀਵਨ ਦੇ ਪਰ ਰਾਜ਼ ਨਾ ਬਦਲੇ ।
ਮਨ ਮੇਰੇ ਦੀ ਆਸ਼ਾ ਇਹ ਹੀ !
'ਤਨ ਬਦਲੇ ਆਵਾਜ਼ ਨਾ ਬਦਲੇ'
ਲੋਕ ਕਹਿਣ ਰੁਤ ਸੋਹਣੀ ਆਈ,
ਕਿਉਂ ਮੇਰੇ ਮਨ ਨੂੰ ਨਹੀਂ ਭਾਈ ?
ਛਤ ਆਕਾਸ਼ ਧਰਤ ਮੇਰਾ ਪੀੜ੍ਹਾ,
ਬ੍ਰਿੱਛਾਂ ਦੀ ਛਾਵੇਂ ਸੁਖ ਜੀਉੜਾ ।
ਜਾਣੇ ਕੋਈ ਮੇਰੇ ਮਨ ਦੀ ਪੀੜਾ
ਜੁੱਸੇ ਰਤ ਨਹੀਂ ਤਨ ਤੇ ਲੀੜਾ
ਕਿੰਜ ਮੈਨੂੰ ਬਦਲੀ ਰੁਤ ਭਾਵੇ ?
ਇਹ ਰੁਤ ਰਤ ਵਾਲੇ ਨੂੰ ਸੁਖਾਵੇ ।
ਦੀਵੇ ਬਲੇ ਦੀਵਾਲੀ ਆਈ
ਮੇਰੇ ਦਿਲ ਦੀ ਅਗ ਭੜਕਾਈ ।
ਕੀ ਮੈਨੂੰ ਮਿਠਿਆਂ ਨਾਲ ਪਲਾਵਾਂ,
ਵਢ ਵਢ ਜਿਗਰਾ ਅਪਣਾ ਖਾਵਾਂ ।
ਚੋ ਚੋ ਕੇ ਰਤ ਅਪਣੇ ਤਨ ਦੀ,
ਚੇਹਰਾ ਗ਼ੈਰਾਂ ਦਾ ਚਮਕਾਵਾਂ ।
ਲੋਕਾਂ ਦੇ ਲਈ ਪੈਦਾ ਕਰ ਕੇ,
ਅਪਣੇ ਲਈ ਪੁਛਾਂ ! ਕੀ ਖਾਵਾਂ ?
ਬੱਚੇ ਜਿਸ ਦੇ ਠੁਰ ਠੁਰ ਕਰਦੇ,
ਗਈਆਂ ਉਸ ਦੀਆਂ ਕਿਧਰ ਕਪਾਹਵਾਂ ?
ਤਾਕ ਨਾ ਘਰ ਨੂੰ ਵਾ ਨੂੰ ਰੋਕਾਂ
ਤਨ ਨੂੰ ਬਾਲਾਂ ? ਤਨ ਨੂੰ ਸੇਕਾਂ ?
ਕਿੰਜ ਬਦਲੀ ਰੁਤ ਮੈਨੂੰ ਭਾਵੇ,
ਸੁੱਕੀ ਠੰਡ ਹੱਡੀਆਂ ਕੜਕਾਵੇ ।
ਦੀਵੇ ਬਲੇ ਦੀਵਾਲੀ ਆਈ
ਮਨ ਮੇਰੇ ਨੂੰ ਜ਼ਰਾ ਨਾ ਭਾਈ ।
ਕਦ ਦੇ ਗੁਜ਼ਰ ਗਏ ਉਹ ਵੇਲੇ,
ਖ਼ੁਸ਼ੀਆਂ ਦੇ ਹੁੰਦੇ ਸਨ ਮੇਲੇ
ਕੀ ਆਈ ਇਸ ਸਾਲ ਦੀਵਾਲੀ,
ਕੀ ਬੈਠੇ ਹਾਂ ਬਾਲ ਦੀਵਾਲੀ ।
ਮਾਲਕ ਹੈ ਮਜਬੂਰ ਸੁਆਲੀ,
ਇਹ ਹਥ ਖ਼ਾਲੀ, ਅਹਿ ਹਥ ਖ਼ਾਲੀ ।
ਕਿਸ ਦੇ ਬੋਹਲ ਕਿਸ ਦੇ ਦਾਣੇ ?
ਕਿਸ ਨੇ ਗਾਹੇ ਕਿਸ ਨੇ ਖਾਣੇ ?
ਮੇਰੀਆਂ ਕਣਕਾਂ ਮੇਰੀਆਂ ਛੋਲੇ,
ਬਣ ਗਏ ਅਜ ਬਾਰੂਦ ਤੇ ਗੋਲੇ ।
ਢਲ ਕੇ ਮੇਰੀਆਂ ਹੀ ਸ਼ਮਸ਼ੀਰਾਂ
ਮੇਰੇ ਲਈ ਬਣੀਆਂ ਜ਼ੰਜੀਰਾਂ ।
ਇਹ ਤਬਦੀਲੀ ਕਿਸ ਨੂੰ ਭਾਵੇ
ਨਸੀਆਂ ਖ਼ੁਸ਼ੀਆਂ ਰਹਿ ਗਏ ਹਾਵੇ ।
ਦੀਵੇ ਬਲੇ ਦੀਵਾਲੀ ਆਈ
ਬਦਲੀ ਦਾ ਸੰਦੇਸ਼ ਲਿਆਈ ।
ਕਈ ਹੁਨਾਲ, ਸਿਆਲੇ ਬਦਲੇ;
ਬਦਲੇ ਕਰਮਾਂ ਵਾਲੇ ਬਦਲੇ ।
ਬਦਲ ਜਾਣ ਵਾਲੇ ਨਾ ਬਦਲੇ,
ਮੇਰੇ 'ਰਖਵਾਲੇ' ਨਾ ਬਦਲੇ ।
ਕੰਨ ਖਾਣੀ ਆਵਾਜ਼ ਨਾ ਬਦਲੀ,
'ਸਭ ਹੱਛਾ' ਅੰਦਾਜ਼ ਨਾ ਬਦਲੀ ।
ਕਿੰਜ ਟਪੀਏ ਇਹ ਚਿੱਕੜ ਚੱਲ੍ਹੇ ?
ਸੁਕੜ ਗਏ ਕੜੀਆਂ ਦੇ ਛੱਲੇ ।
ਦੀਵੇ ਬਲੇ ਦੀਵਾਲੀ ਆਈ
ਨਹੀਂ ਖੁਲ੍ਹ ਦਾ ਸੰਦੇਸ਼ ਲਿਆਈ ।
ਵਤਨ ਪਿਆਰ ਦੀ ਰਾਸ ਦਾ ਦੀਵਾ,
ਬੁਝੇ ਨਾ ਮੇਰੀ ਆਸ ਦਾ ਦੀਵਾ ।
ਇਸ ਦੀਆਂ ਲਾਟਾਂ ਉਠ ਉਠ ਧਾਵਣ,
ਕੰਧਾਂ ਕੋਠੇ ਸਭ ਟਪ ਜਾਵਣ ।
ਬੇ-ਆਸਾਂ ਨੂੰ ਰਾਹ ਵਿਖਾਉਣ,
ਦੂਤੀ ਦੀਆਂ ਅਖਾਂ ਚੁੰਧਿਆਉਣ ।
ਦੇਸ਼ ਬਿਗਾਨਿਆਂ ਤੋਂ ਹੋਏ ਖ਼ਾਲੀ
ਤਾਂ ਭਾਰਤ ਦੀ ਸਫ਼ਲ ਦੀਵਾਲੀ ।
(ਸ਼ਾਹਪੁਰ ਜੇਲ੍ਹ
8-11-42)
ਹਿਰਦੇ 'ਚ ਲੁਕੀ ਪੀੜ ਨੂੰ,
ਪਰਗਟ ਵਿਖਾਵਾਂ ਕਿਸ ਤਰ੍ਹਾਂ ?
ਅਰਮਾਨ ਲੁਕੇ ਰੰਜ ਵਿਚ,
ਮੂੰਹ ਤੇ ਲਿਆਵਾਂ ਕਿਸ ਤਰ੍ਹਾਂ ?
ਅੰਦਰ ਹੀ ਅੰਦਰ ਸੁਕ ਗਏ,
ਹੰਝੂ ਵਗਾਵਾਂ ਕਿਸ ਤਰ੍ਹਾਂ ?
ਮਾਨੋਂ ਅਮਾਨਤ ਖੁਸ ਗਈ,
ਕਰਜ਼ਾ ਚੁਕਾਵਾਂ ਕਿਸ ਤਰ੍ਹਾਂ ?
ਉਪਰੋਂ ਬਨੇਰਾ ਢਹਿ ਗਿਆ,
ਮਾੜੀ ਬਚਾਵਾਂ ਕਿਸ ਤਰ੍ਹਾਂ ?
ਹਮਦਰਦ ਹਮਦਰਦੀ ਕਰਨ,
ਦੇਵਣ ਤਸੱਲੀ ਆਉਂਦੇ;
ਪੀੜ ਦੀ ਪਰ ਯਾਦ ਹੀ,
ਕਰਵਾ ਕੇ ਉਲਟੀ ਜਾਉਂਦੇ ।
'ਸ਼ਾਂਤੀ ਅਨੰਦ ਦਾ ਘਰ ਹੈ'
ਕਿਸੇ ਅਜੇਹਾ ਆਖਿਆ;
ਸੁਪਨੇ ਦੇ ਵਿਚ ਲੁਕਿਆ ਕਿਸੇ
ਜੀਵਨ ਸੁਨੇਹਾ ਆਖਿਆ
ਫ਼ਲਸਫ਼ੀ, ਸ਼ਾਇਰ ਕਿਸੇ ਕਹਿਆ
ਇਹ ਛਪਣ ਛੋਤ ਹੈ,
ਹਾਂ, ਨਵਾਂ ਜੀਵਨ ਹੈ ਇਕ
ਇਹ ਨਾਮ ਜਿਸ ਦਾ ਮੌਤ ਹੈ ।
ਜੜ ਚੇਤਨ ਨੂੰ ਹਿਲਾ ਸਕਦੀ ਨਹੀਂ,
ਮੌਤ ਜੀਵਨ ਨੂੰ ਮਿਟਾ ਸਕਦੀ ਨਹੀਂ ।
ਜੰਮਣਾ ਜੀਵਨ ਦਾ ਕੁਈ ਅਰੰਭ ਨਹੀਂ,
ਮੌਤ ਜੀਵਨ ਦਾ ਕੁਈ ਇਕ ਅੰਤ ਨਹੀਂ ।
ਬੀਜ ਮਰ ਕੇ ਵਿਚ ਮਿੱਟੀ ਗੁੰਮਿਆਂ
ਫੁਲ ਵੀ ਪੋਸ਼ਾਕ ਪਾ ਕੇ ਜੰਮਿਆਂ ।
ਜਾਣੋਂ ਜਿਵੇਂ ਮਰਨਾ ਕਦੇ
ਬਣਿਆ ਸਬੰਧ ਕਟਦਾ ਨਹੀਂ,
ਨੀਂਦ ਡੂੰਘੀ ਸੁੱਤਿਆਂ
ਜੀਵਨ ਦਾ ਕੁਝ ਘਟਦਾ ਨਹੀਂ ।
ਸ਼ੋਰ ਹੋਇਆ ਗ਼ੈਬ ਤੋਂ
ਕੋਈ ਜਾਗਿਆ ।
ਵੇਖਿਆ ਬਾਕੀ ਹੈ ਫਿਰ
ਉਹ ਸਉਂ ਗਿਆ ।
ਸੋਚਦਾ ਹਾਂ ਸੱਚ ਇਹ ਕੀ
ਢੰਗ ਦੀ ਕਹਿਣੀ ਹੀ ਹੈ ?
ਵੇਖਦਾ ਹਾਂ ਪਰ ਨਿਪਟ
ਕਹਿਣੀ ਨਹੀਂ ਰਹਿਣੀ ਵੀ ਹੈ ।
ਮੌਤ ਦੇ ਵਿਚ ਜ਼ਿੰਦਗੀ ਦਾ
ਰਾਜ਼ ਦਸਣ ਵਾਲਿਓ !
ਤੱਤਿਆਂ ਤਵਿਆਂ ਉੱਤੇ
ਉਏ ਬੈਠ ਹਸਣ ਵਾਲਿਓ !
ਨੇਜ਼ਿਆਂ ਦੀਆਂ ਨੋਕਾਂ ਵਿਚ
ਸੀਨੇ ਪੁਰਾਉਣ ਵਾਲਿਓ !
ਆਰਿਆਂ ਦੀ ਧਾਰ ਤੇ
ਤਨ ਨੂੰ ਚਿਰਾਉਣ ਵਾਲਿਓ !
ਮੌਤ ਕੀ ਹੈ ? ਦਸਣੇ ਲਈ
ਆਪ ਮੁੜ ਜੇ ਆਉਂਦੇ,
ਮੇਰੇ ਜਹੇ ਮੂਰਖ ਵੀ ਫਿਰ
ਸ਼ਾਇਦ ਤਸੱਲੀ ਪਾਉਂਦੇ ।
ਰਾਜ਼ ਖੁਲ੍ਹ ਕੇ ਮੌਤ ਦਾ
ਫਿਰ ਵੀ ਰਿਹਾ ਇਹ ਰਾਜ਼ ਹੀ ।
ਬਿਆਨ ਹੋ ਕੇ ਬਿਆਨ ਦਾ
ਫਿਰ ਵੀ ਰਿਹਾ ਮੁਹਤਾਜ ਹੀ ।
ਸੁਆਦ ਉਸ ਕੀ ਦਸਣਾ,
ਜਿਸ ਨੇ ਅਜੇ ਚਖਿਆ ਨਹੀਂ ।
ਰਾਜ਼ ਇਹੋ ਹੈ ਕਿ ਜਿਸ ਚਖਿਆ ਹੈ
ਉਸ ਦਸਿਆ ਨਹੀਂ ।
ਐਸਾ ਟਿਕਾਣਾ ਹੈ ਕੋਈ,
ਜੋ ਜਾਉਂਦਾ ਮੁੜਦਾ ਨਹੀਂ ।
ਟੁਟਿਆ ਸ਼ੀਸ਼ਾ ਜਿਵੇਂ
ਓਹੋ ਜਿਹਾ ਜੁੜਦਾ ਨਹੀਂ ।
ਵੇਖਦਾ ਹਾਂ ਮੌਤ ਦਾ
ਜਦ ਇਹ ਨਤੀਜਾ ਜ਼ਾਹਿਰੀ;
ਭੁਲ ਜਾਂਦਾ ਫ਼ਲਸਫ਼ਾ
ਸਭ ਭੁਲ ਜਾਂਦੀ ਸ਼ਾਇਰੀ
ਹਾਇ ! ਉਹ ਸੂਰਤ ਮੈਂ ਹੁਣ
ਉਸ ਸ਼ਕਲ ਵਿਚ ਤਕਣੀ ਨਹੀਂ ।
ਦਿਲ ਨੇ ਉਹ ਭੁਲਣੀ ਨਹੀਂ
ਅਖਾਂ ਨੇ ਲਭ ਸਕਣੀ ਨਹੀਂ ।
ਸੁਪਨਿਆਂ ਵਿਚ
ਜ਼ਿੰਦਗੀ ਭਰ ਆਏਗੀ
ਅਖ ਖੁਲ੍ਹਣ ਤੇ,
ਸਦਾ ਤੜਪਾਏਗੀ ।
(ਸ਼ਾਹਪੁਰ ਜ਼ੇਲ
ਦਸੰਬਰ 1942)
ਜੁਗ ਜੁਗ ਜੀਵੇ ਗਾਂਧੀ ਪਿਆਰਾ
ਭਾਰਤ ਦਾ ਅਣਮੋਲ ਦੁਲਾਰਾ
ਹਿੰਦੁਸਤਾਨ ਦੇ ਬਾਗ਼ ਦਾ ਮਾਲੀ,
ਫੁੱਲਾਂ ਦੀ ਜਿਸ ਹੱਥ ਰਖਵਾਲੀ;
ਭਰੇ ਪਿਆਰ ਵਿਚ ਡਾਲੀ ਡਾਲੀ,
ਮਨ ਜਿਸ ਦਾ ਹੈ ਮਹਿਕ ਫੁਹਾਰਾ ।
ਤਨ ਜਿਸ ਦਾ ਕੰਮ ਦੇਸ ਦੇ ਆਵੇ,
ਲੋੜ ਪਏ ਭੁਖ ਨਾਲ ਸੁਕਾਵੇ;
ਸਦਾ ਕੌਮ ਦੀ ਸ਼ਾਨ ਵਧਾਵੇ,
ਭਾਰਤ ਦੇ ਆਕਾਸ਼ ਦਾ ਤਾਰਾ ।
ਸੋਚ ਇਕੋ ਬਸ ਦੇਸ ਦੀ ਸੋਚੇ,
ਲੋਚ ਇਕੋ ਬਸ ਦੇਸ ਦੀ ਲੋਚੇ ।
ਜਾਵੇ ਜਾਨ ਨਹੀਂ ਸੰਕੋਚ ਏ,
ਦੇਸ ਲਈ ਸਾਰੇ ਦਾ ਸਾਰਾ ।
ਦੇਸ ਅਸਾਡੇ ਵਿਚ ਲੁਟ ਜਾਰੀ,
ਗ਼ੈਰ ਕਰਨ ਦਿਨ ਰਾਤ ਖੁਆਰੀ;
ਪਰ ਅਧੀਨਤਾ ਵਡੀ ਬੀਮਾਰੀ,
ਬਾਪੂ ਬੂਟੀ ਅਮ੍ਰਿਤ-ਧਾਰਾ ।
ਵਤਨ ਪਿਆਰਾ, ਸੇਵਕ ਸਭ ਦਾ,
ਸੇਵਾ ਨੂੰ ਕੰਮ ਸਮਝੇ ਰਬ ਦਾ ।
ਅਤਿ-ਤਾਈ ਪਾਸੋਂ ਨਹੀਂ ਦਬਦਾ,
ਜੁਗ ਗਰਦੀ ਅਜ ਜਿਸ ਦਾ ਨਾਹਰਾ ।
ਹੇ ਮਾਲਿਕ ਸਭਨਾਂ ਦੇ ਸਾਈਂ
ਇਕ ਅਰਦਾਸ ਕੰਨਾਂ ਵਿਚ ਪਾਈਂ ।
ਲੜ ਲੱਗੇ ਦੀ ਤੋੜ ਨਿਭਾਹੀਂ,
ਕਾਇਮ ਰਖੀਂ ਦੇਸ-ਸਹਾਰਾ ।
ਜੁਗ ਜੁਗ ਜੀਵੇ ਗਾਂਧੀ ਪਿਆਰਾ,
ਭਾਰਤ ਦਾ ਅਣਮੋਲ ਦੁਲਾਰਾ ।
(ਸਿਆਲ ਕੋਟ ਜ਼ੇਲ
12-2-43)
ਸ਼ੁਕਰ ਤੇਰਾ ਹੇ ਪਰਵਰਦਗਾਰ,
ਮਹਿਮਾਂ ਤੇਰੀ ਅਪਰ ਅਪਾਰ ।
ਉਠ ਉਠ ਆਉਣ ਝੱਖੜ ਝੋਲੇ,
ਉਡ ਜਾਵਣ ਬਣ ਵਾ-ਵਰੋਲੇ ।
ਵਿਚ ਸਾਗਰ ਜਦ ਬੇੜੀ ਡੋਲੇ,
ਚੱਪੂ ਲਾ ਤੂੰ ਕਰਦਾ ਪਾਰ ।
ਮਹਿਮਾਂ ਤੇਰੀ ਅਪਰ ਅਪਾਰ ।
ਕੌਣ ! ਜੋ ਇਸ ਗੁੰਝਲ ਨੂੰ ਖੋਲ੍ਹੇ,
ਕਿਸ ਵਿਚ ਤਾਕਤ ਕਿਹੜਾ ਬੋਲੇ ।
ਭੁੰਨਿਆਂ ਬੀਜ, ਚਾਹੇਂ ਤੂੰ ਮੌਲੇ,
ਪਤ-ਝੜ ਦੇ ਵਿਚ ਕਰੇਂ ਬਹਾਰ ।
ਮਹਿਮਾਂ ਤੇਰੀ ਅਪਰ ਅਪਾਰ ।
ਭੀੜ ਬਣੇ ਖਾਵੇ ਡਿਕ-ਡੋਲੇ,
ਭਰਮਾਂ ਵਿਚ ਜਿੰਦੜੀ ਨੂੰ ਰੋਲੇ ।
ਤੂੰ ਅਤੁੱਲ ਮੂਰਖ ਮਨ ਤੋਲੇ ।
ਬੇ ਸ਼ੁਮਾਰ ਦਾ ਕਰੇ ਸ਼ੁਮਾਰ ।
ਮਹਿਮਾਂ ਤੇਰੀ ਅਪਰ ਅਪਾਰ ।
ਤੁਧ ਅਲਖ ਨੂੰ ਕਿਹੜਾ ਲੱਖੇ,
ਕਾਇਦਾ ਤੇਰਾ ਨਿਯਮ ਵਖ ਏ ।
ਬਿਨ ਸਾਸੋਂ ਵੇਖੇ ਤੂੰ ਰਖੇ,
ਰਖਣ ਹਾਰ ਤੂੰ ਸਿਰਜਣ ਹਾਰ ।
ਮਹਿਮਾਂ ਤੇਰੀ ਅਪਰ ਅਪਾਰ ।
ਕਿਰਪਾਲੂ ਕਿਰਪਾ ਦੇ ਸਾਗਰ,
ਕਰ ਦੇ ਮਨ ਮੇਰੇ ਨੂੰ ਇਕਾਗਰ ।
ਟਿਕ ਜਾਵੇ ਭਟਕੇ ਨਾ ਦਰ ਦਰ,
ਰਹਿਮਤ ਵਾਲਾ ਤਿਰਾ ਦੁਆਰ ।
ਮਹਿਮਾਂ ਤੇਰੀ ਅਪਰ ਅਪਾਰ ।
ਤੂੰ ਵਡਾ ਮੈਂ ਬਹੁਤਾ ਨੀਵਾਂ,
ਬਖ਼ਸ਼ ਨਾਮ ਦਾ ਅਮ੍ਰਿਤ ਪੀਵਾਂ ।
ਜੀਵਾਂ ਦੀ ਸੇਵਾ ਵਿਚ ਜੀਵਾਂ,
ਹੋਵਾਂ ਹਰ ਦਮ ਸ਼ੁਕਰ ਗੁਜ਼ਾਰ ।
ਮਹਿਮਾਂ ਤੇਰੀ ਅਪਰ ਅਪਾਰ ।
(ਸਿਆਲ ਕੋਟ ਜ਼ੇਲ
1-3-43)
ਬਿਨ ਪੀਤੀਓਂ ਪੀਤੀ ਜਿਤਨਾ,
ਨਸ਼ਾ ਜਿਹਾ ਕੁਝ ਰਹਿਣਾ ।
ਬਿਨਾਂ ਖਾਧਿਓਂ ਰੱਜਿਆ ਰਹਿਣਾ,
ਹਰ ਸ਼ੈ ਤੇ ਨਾਂਹ ਕਹਿਣਾ ।
ਕਹਿਰ ਕਵ੍ਹਾਂ ਕਿ ਬਰਕਤ ਆਖਾਂ,
ਇਹ ਜੋ ਮਸਤੀ ਤਪ ਦੀ,
ਮਿਤ੍ਰ ਦੁਆਲੇ ਢੋਹ ਤਕੀਏ ਦੀ,
ਨਾਲ ਨਜ਼ਾਕਤ ਪੈਣਾ ।
ਬਿਨ ਸੰਕੋਚੇ ਖੁਲ੍ਹ ਬੋਲਣ ਦੀ,
ਆਦਤ ਭੁਲੀ ਚਰੋਕੀ ।
ਲਾ ਦੇਂਦੀ ਏ ਮੂੰਹ ਤੇ ਜੰਦਰਾ,
ਕੁਝ ਵਡਿਆਈ ਫੋਕੀ ।
ਬਿਨ ਪੀਤੀ ਇਕ ਨਸ਼ਾ ਜਵਾਨੀ,
ਉਤਰ ਗਿਆ ਸੀ ਉਹ ਵੀ,
ਤਪ ਮਸਤੀ ਵਿਚ ਯਾਦ ਪੁਰਾਣੀ,
ਜਾਪਣ ਲੱਗੀ ਅਜੋਕੀ ।
ਛੋੜ ਹਕੀਮਾਂ, ਛੱਡ ਦੇ ਵੈਦਾ,
ਜ਼ੋਰ ਕਾਸ ਨੂੰ ਲਾਵੇਂ ?
ਮਸਾਂ ਮਸਾਂ ਮੁੜ ਮਸਤੀ ਆਈ,
ਕਰੇਂ ਯਤਨ ਉਤਰਾਵੇਂ ।
ਉਤਰੇਵੇਂ ਵੇਲੇ ਦੀ ਹਾਲਤ,
ਪੁਛ ਨਸ਼ੱਈਆਂ ਪਾਸੋਂ;
ਜੋ ਮਸਤੀ ਤੂੰ ਦੇ ਨਹੀਂ ਸਕਦਾ,
ਕਿਉਂ ਉਸ ਤਈਂ ਹਟਾਵੇਂ ?
ਬੇਸ਼ਕ ਬੁਰੀ ਨਸ਼ੇ ਦੀ ਆਦਤ,
ਅਪਣਾ ਆਪ ਭੁਲਾਵੇ ।
ਜੋਸ਼ਾਂ ਅੰਦਰ ਹੋਸ਼ ਨਾ ਰਹਿੰਦੀ,
ਭਲਾ ਬੁਰਾ ਬਿਸਰਾਵੇ ।
ਹਰ ਇਕ ਨਸ਼ਾ ਨਿਸ਼ਾਨੇ ਉੱਤੋਂ,
ਤਿਲਕਾਂਦਾ ਤਿ ਡੁਲਾਂਦਾ;
ਇਕੋ ਨਸ਼ਾ ਪਿਆਉਣ ਵਾਲੇ,
ਦੀ ਜੋ ਯਾਦ ਕਰਾਵੇ ।
(ਸਿਆਲਕੋਟ ਜੇਲ੍ਹ,11-7-43)
ਝੜੀਆਂ ਝੁਕੀਆਂ, ਕਣੀਆਂ ਆਈਆਂ,
ਪੌਣ ਪੁਰੇ ਦੀ ਵਗਦੀ ਪਈ ।
ਰਾਤ ਹਨੇਰੀ ਲਿਸ਼ਕਣ ਪੁਸ਼ਕਣ,
ਚੰਗੀ ਚੰਗੀ ਲਗਦੀ ਪਈ ।
ਨਾ ਜਾਵੀਂ, ਨਾ ਜਾਵੀਂ ਢੋਲਾ,
ਨਾ ਜਾਵੀਂ, ਨਾ ਜਾਵੀਂ ।
ਕਰਨ ਇਸ਼ਾਰੇ ਤਾਰੇ ਰੋਕਣ,
ਰੰਗ ਵਿਚ ਭੰਗ ਨਾ ਪਾਵੀਂ ।
ਰੋਕ ਨਾ ਸਕਣ ਭਾਵੇਂ ਤੈਨੂੰ,
ਮੇਰੀਆਂ ਨਰਮ ਕਲਾਈਆਂ ।
ਕੀ ਆਖਾਂ ਮੈਂ ਮੇਰਿਆ ਮਾਹੀਆ,
ਮਨ ਮੇਰੇ ਜੋ ਆਈਆਂ ।
ਦਿਲ ਦੀਆਂ ਤੜਪਾਂ, ਦਿਲ ਦਿਆ ਸਾਈਆਂ,
ਆਪੇ ਹੀ ਬੁਝ ਜਾਵੀਂ;
ਜਿਉਂ ਜਾਣੇਂ, ਨਾ ਜਾਵੀਂ ਢੋਲਾ,
ਨਾ ਜਾਵੀਂ, ਨਾ ਜਾਵੀਂ ।
ਦਿਲ ਵਿਚ ਲੁਕੀਆਂ ਸਧਰਾਂ ਮਾਹੀਆ,
ਤੈਨੂੰ ਕਿਵੇਂ ਵਖਾਵਾਂ ।
ਤਕ ਕੇ ਸਾਵ੍ਹੇਂ ਢੋਲਾ ਮੇਰਾ,
ਮੈਂ ਆਪਾ ਭੁਲ ਜਾਵਾਂ ।
ਜੀਭ ਮੇਰੀ ਤੇ ਵਸ ਨਹੀਂ ਮੇਰਾ,
ਦਿਲ ਦੀਆਂ ਦਿਲ ਵਿਚ ਰਖਾਂ ।
ਦੀਦ ਤੇਰੇ ਦਾ ਜਾਦੂ ਐਸਾ,
ਮੈਂ ਗੁੰਗੀ ਹੋ ਜਾਵਾਂ ।
ਨਾ ਜਾਵੀਂ, ਨਾ ਜਾਵੀਂ ਢੋਲਾ,
ਨਾ ਜਾਵੀਂ, ਨਾ ਜਾਵੀਂ ।
ਰਸ ਤੇਰੇ ਵਿਚ ਰਸ ਗਏ ਮਨ ਨੂੰ,
ਨਾ ਐਵੇਂ ਤੜਪਾਵੀਂ ।
ਦਸਿਆ ਨਹੀਂ ਜਾ ਸਕਦਾ ਢੋਲਾ,
ਦਿਲ ਵਿਚ ਕੁਝ ਕੁਝ ਜੇਹਾ ।
ਅਖੀਆਂ ਵਿਚੋਂ ਲਭ ਲੈ ਮਾਹੀਆ,
ਦਿਲ ਮੇਰੇ ਦਾ ਸੁਨੇਹਾ ।
ਅਪਣੇ ਮੋਤੀ, ਆਪੇ ਢੋਲਾ,
ਮਿੱਟੀ ਵਿਚ ਨਾ ਰੁਲਾਵੀਂ ।
ਨਾ ਜਾਵੀਂ, ਨਾ ਜਾਵੀਂ ਢੋਲਾ,
ਨਾ ਜਾਵੀਂ, ਨਾ ਜਾਵੀਂ ।
ਪਿਆਰ ਤੇਰੇ ਦਾ ਪਿਆਰੀ ਮੇਰੀ,
ਮੁਲ ਨਹੀਂ ਉੱਕਾ ਕੋਈ ।
ਦਿਲ ਤੇਰੇ ਦੀਆਂ ਸਧਰਾਂ, ਮੈਂ ਤੋਂ
ਭੇਦ ਨਾ ਲੁੱਕਾ ਕੋਈ ।
ਨੈਣ ਤੇਰੇ ਅੰਮ੍ਰਿਤ ਦੇ ਛੰਨੇ,
ਡੁਲ੍ਹ ਡੁਲ੍ਹ ਭੋਂ ਤੇ ਪੈਂਦੇ ।
ਕਦਰ ਇਨ੍ਹਾਂ ਲਾਲਾਂ ਦੀ,
ਟੁੰਬ ਟੁੰਬ ਮੈਨੂੰ ਕਹਿੰਦੇ ।
ਪਰ ਪਿਆਰੀ ਇਕ ਫ਼ਰਜ਼ ਵਧੇਰਾ,
ਵਢ ਵਢ ਮੈਨੂੰ ਖਾਵੇ ।
ਯਾਦ ਉਨ੍ਹਾਂ ਲਾਲਾਂ ਦੀ ਮੈਨੂੰ,
ਹਰ ਵੇਲੇ ਤੜਪਾਵੇ ।
ਦੇਸ ਲਈ ਜੋ ਚੜ੍ਹ ਗਏ ਸੂਲੀ,
ਮਨ ਵਿਚ ਝਾਤੀ ਪਾਵੀਂ ।
ਨਾ ਆਖੀਂ : ਨਾ ਜਾਵੀਂ ਪਿਆਰੀ,
ਨਾ ਆਖੀਂ ਨਾ ਜਾਵੀਂ ।
ਸਮਝੀਂ ਨਾ ਇਹ ਜਾਨ ਮੇਰੀ
ਮੈਂ ਤੇਰੀ ਪੀੜ ਨਾ ਜਾਣਾ ।
ਮੈਂ ਚਾਂਹਦਾ ਹਾਂ ਤੈਨੂੰ ਵੀ,
ਇਕ ਅਪਣਾ ਦਰਦ ਵਿਖਾਣਾ ।
ਪ੍ਰੇਮ ਤੇਰੇ ਦੀਆਂ ਕਦੇ ਨਾ ਟੁਟਸਨ
ਇਹ ਤਾਰਾਂ ਬੇ ਤਾਰਾਂ ।
ਨਾਲ ਤੇਰੇ ਇਹ ਬਚਨ ਜਾਣ ਲੈ,
ਤੈਨੂੰ ਨਾ ਮੈਂ ਵਿਸਾਰਾਂ ।
ਪਰ ਇਸ ਅਪਣੇ ਕੌਲ ਦੇ ਬਦਲੇ
ਇਕ ਗਲ ਤੈਥੋਂ ਚਾਹਵਾਂ ।
ਮੇਰੇ ਪ੍ਰਣ ਵਿਚ ਹੋਵਨ ਤੇਰੀਆਂ,
ਮੇਰੇ ਨਾਲ ਦੁਆਵਾਂ ।
ਨਾ ਜਾਵੀਂ, ਨਾ ਜਾਵੀਂ ਨਾਲੋਂ,
ਇਹ ਹੁਣ ਆਖ ਸੁਣਾਵੀਂ :
'ਮਰਦਾਂ ਵਾਂਗਣ ਅਣਖੀ ਢੋਲਾ
ਦੇਸ ਤੋਂ ਜਾਨ ਘੁਮਾਵੀਂ' ।
ਜੇ ਮਿਲ ਗਈਆਂ ਤੇਰੀਆਂ ਮੇਰੀਆਂ,
ਪਿਆਰੀ ਖ਼ਾਹਸ਼ਾਂ ਸਚੀਆਂ;
ਦੁਖੀ ਕਰੋੜਾਂ ਦੇ ਦਿਲ ਉਤੋਂ,
ਵਾਰ ਸਕਾਂਗੇ ਖ਼ੁਸ਼ੀਆਂ ।
ਦੇਸ ਉਤੇ ਇਸ ਭੀੜ ਬਣੀ ਦੇ,
ਮੁੜ ਮੁੜ ਆਣ ਨਾ ਵੇਲੇ ।
ਮੌਤ ਦਾ ਹਥ ਵੀ ਤੋੜ ਨਾ ਸਕਦਾ
ਮਿਲੇ ਦਿਲਾਂ ਦੇ ਮੇਲੇ ।
ਇਹ ਹਥਕੜੀਆਂ ਕੰਗਣ ਜਾਣੀ,
ਚੁਕ ਅਡੀਆਂ ਫੁਲ ਪਾਵੀਂ ।
ਛਾਤੀ ਲਗ ਕੇ ਨਾਲ ਖ਼ੁਸ਼ੀ ਦੇ
ਮੈਨੂੰ ਵਿਦਾ ਕਰਾਵੀਂ ।
ਮਿਠੀ ਏਸ ਵਿਦੈਗੀ ਦਾ ਸੁਖ,
ਅਮਲ ਮੇਰਾ ਪਿਆ ਦਸਸੀ ।
ਯਾਦ ਤਿਰੀ ਵਿਚ ਢੋਲਾ ਤੇਰਾ,
ਹਰ ਔਕੜ ਤੇ ਹਸ ਸੀ ।
'ਜਾਨ ਤੋਂ ਜਾਣਾ ਆਨ ਪਿਆਰੀ',
ਇਹ ਸੰਦੇਸ਼ ਪਹੁਚਾਂਵੀਂ ।
ਈਕਣ ਯਾਦ ਕਰੀਂ ਢੋਲੇ ਨੂੰ,
ਗੀਤ ਵਤਨ ਦੇ ਗਾਵੀਂ ।
ਜਿਸ ਦੀ ਮਿਟੀ ਵਿਚੋਂ ਰਬ ਨੇ
ਸਾਡੇ ਰੂਪ ਬਣਾਏ;
ਜਿਸ ਦੀ ਗੋਦੀ ਪਲਦੇ ਪਿਆਰੀ,
ਅਸੀਂ ਮਨੁਖ ਅਖਵਾਏ ।
ਜਿਸ ਦੀਆਂ ਪੌਣਾਂ ਵਿਚੋਂ ਅਸਾਂ
ਪਿਆਰ ਦਾ ਕਿਣਕਾ ਪਾਇਆ;
ਤੂੰ ਮੈਨੂੰ ਮੈਂ ਤੈਨੂੰ ਦੋਹਾਂ,
ਇਕ ਦੂਜੇ ਨੂੰ ਚਾਹਿਆ ।
ਤਨ ਪੜਵਾ ਜਿਸ ਅਪਣਾ,
ਸਾਡੀਆਂ ਦੂਰ ਹਟਾਈਆਂ ਭੁੱਖਾਂ;
ਥਕਿਆਂ ਹੁਟਿਆਂ ਉਤੇ ਛਾਵਾਂ,
ਕੀਤੀਆਂ ਜਿਸ ਦਿਆਂ ਰੁਖਾਂ;
ਸੀਨੇ ਵਿਚ ਜਿਸ ਜੀਵਨ ਸੋਮਾਂ,
ਸਾਡੇ ਲਈ ਲੁਕਾਇਆ;
ਜਿਸ ਨੇ ਅਪਣੀ ਛਾਤੀ ਉਤੇ,
ਸਾਨੂੰ ਤੁਰਨ ਸਿਖਾਇਆ;
ਵਡੀ ਉਸ ਮਾਤਾ ਦੇਵੀ ਨੂੰ,
ਵਡੀ ਭੇਟ ਚੜ੍ਹਾਵੀਂ ।
ਸਭ ਤੋਂ ਪਿਆਰੀ ਵਸਤ ਪਿਆਰੀ,
ਉਸ ਤੋਂ ਘੋਲ ਘੁਮਾਵੀਂ ।
ਤਕ ਵਿਸ਼ਵਾਸ ਮਾਹੀ ਦਾ ਸੋਹਣੀ,
ਗੁਆਚ ਗਈ ਵਿਚ ਸੋਚਾਂ ।
ਪ੍ਰਾਣ ਪਤੀ ਦੀਆਂ ਖ਼ਾਹਸ਼ਾਂ ਅੰਦਰ,
ਭੁਲ ਗਈ ਅਪਣੀਆਂ ਲੋਚਾਂ ।
ਸਰਲ ਜੇਹੇ ਸੀਨੇ ਵਿਚ ਪੈ ਗਈ
ਉਲਝਣ ਆਣ ਅਵੱਲੀ ।
ਸਿਧੀ ਪਧਰੀ ਜ਼ਿੰਦਗੀ ਅੰਦਰ,
ਆ ਗਈ ਵਾਟ ਕੁਵੱਲੀ ।
ਪੂਜਾ ਦੇ ਲਈ ਅਜਬ ਅਨੋਖੀ,
ਦੱਸੀ ਮਾਹੀਏ ਦੇਵੀ ।
ਸਭ ਤੋਂ ਪਿਆਰੀ ਵਸਤੂ ਦੇ ਕੇ,
ਜਾਂਦੀ ਜਿਹੜੀ ਸੇਵੀ ।
ਕਿੰਜ ਸੁਲਝਾਵਾਂ ਉਲਝਣ ਨੂੰ
ਇਹ ਸੋਚ ਸੋਚ ਕੇ ਹਾਰੀ ।
ਮੈਨੂੰ ਸਭ ਤੋਂ ਉਹੀ ਪਿਆਰਾ,
ਜਿਸ ਦੀ ਹਾਂ ਮੈਂ ਪਿਆਰੀ ।
ਉਛਲ ਪਿਆ ਭਰ ਪਿਆਰ ਕਟੋਰਾ
ਦਿਲ ਉਸ ਕੀਤਾ ਹੌਲਾ ।
ਕਿਉਂ ਨਾ ਉਸ ਅੰਦਰ ਚਲ ਵਸੀਏ,
ਜਿਥੇ ਜਾਂਦਾ ਢੋਲਾ ।
ਇਕੇ ਅੰਦਰ ਇਕੇ ਦੇਵੀ,
ਇਕ ਦੇ ਹੋਏ ਪੁਜਾਰੀ ।
ਕਿਉਂ ਨਾ ਰਲ ਮਿਲ ਭੇਟਾ ਚੜ੍ਹੀਏ,
ਦੋਏ ਜਿੰਦਾਂ ਇਕ ਵਾਰੀ ।
ਮਨ ਹੈ ਸਾਂਝਾ, ਦਿਲ ਹੈ ਸਾਂਝਾ,
ਜੀਣ ਮਰਣ ਜਦ ਸਾਂਝਾ ।
ਪਾਟ ਗਿਆ ਤਨ ਵਾਲਾ ਪਰਦਾ,
ਹੀਰ ਦਿਸੇ ਨਾ ਰਾਂਝਾ ।
ਰਲ ਗਿਆ ਬੋਲ ਮੁਕੀ ਇਹ ਭਟਕ
'ਨਾ ਜਾਵੀਂ, ਨਾ ਜਾਵੀਂ' ।
ਅਰਧੰਗੀ ਸੀ ਜਾਨ ਮਾਹੀ ਦੀ,
ਉਤ੍ਰ ਗਈ ਅਜ ਸਾਵੀਂ ।
(ਸਿਆਲਕੋਟ ਜ਼ੇਲ)
ਕੀ ਸਾਂ ਕਦੇ, ਹੁਣ ਕੀ ਹਾਂ ਮੈਂ
ਉਕੀ ਨਾ ਇਸ ਦੀ ਯਾਦ ਸੀ ।
ਭੁੱਲੀ ਪਈ, ਵਿਸਰੀ ਪਈ
ਇਸ ਯਾਦ ਦੀ ਵੀ ਯਾਦ ਸੀ ।
ਸੋਚਣ ਦੀ ਲੰਮੀਂ ਫ਼ਿਕਰ ਨਾ,
ਅਪਣਾ ਬਿਗਾਨਾ ਜ਼ਿਕਰ ਨਾ,
ਸਾਂ ਮਸਤ ਅਪਣੇ ਹਾਲ ਵਿਚ,
ਬਣਿਆ ਪਿਆ ਕੁਝ ਸੁਆਦ ਸੀ ।
ਪੁਟਣਾ ਕਿਥੋਂ, ਲਾਣਾ ਕਿੱਥੇ,
ਆਏ ਕਿਥੋਂ, ਜਾਣਾ ਕਿਥੇ,
ਬੇਖ਼ਬਰੀਆਂ ਵਿਚ ਕੁਝ ਪਤਾ,
ਕੋਈ ਅੰਤ ਨਾ, ਕੋਈ ਆਦਿ ਸੀ ।
ਨਹੀਂ ਸਾਂ ਕਿਸੇ ਗਿਣਤੀ ਦੇ ਵਿਚ
ਉਂਗਲੀ ਨਾ ਕੋਈ ਚੁੱਕਦਾ ।
ਮੰਦਿਆਂ ਨਾ ਕੋਈ ਆਖਦਾ
ਕਰਦਾ ਨਹੀਂ ਧੰਨਵਾਦ ਸੀ ।
ਅਪਣੀ ਖ਼ੁਸ਼ੀ, ਅਪਣੀ ਗ਼ਮੀਂ
ਉਹ ਕਰ ਲਈ ਜੋ ਦਿਲ ਜਮੀਂ ।
ਇਕ ਹੱਦ ਅੰਦਰ ਟਿੱਕਿਆ.
ਗ਼ਮਗੀਨ ਸੀ, ਨਾ ਸ਼ਾਦ ਸੀ ।
ਜੇ ਟਿਕ ਗਿਆ ਤਾਂ ਟਿਕ ਗਿਆ
ਜੇ ਤੁਰ ਪਿਆ, ਤਾਂ ਤੁਰ ਪਿਆ;
ਕੁਦਰਤ ਦੀ ਡੋਰੀ ਬੱਝਿਆ
ਨਾ ਕੈਦ ਨਾ ਆਜ਼ਾਦ ਸੀ ।
ਨੀਵਾਂ ਹੀ ਹੋਵਾਂਗਾ ਮਗਰ
ਅਣਜਾਣ ਨੀਵੇਂ ਪਣ ਤੋਂ ਸਾਂ,
"ਬਰਬਾਦ" ਮੇਰੇ ਵਾਸਤੇ
ਅਸਲ ਦੇ ਵਿਚ 'ਆਬਾਦ' ਸੀ ।
ਪੈਰ ਮਾਰਨ ਲਗ ਪਿਆ ਮੈਂ
ਭੁਲਕੇ ਵਿਚ ਉਪਦੇਸ਼ਕਾਂ;
ਜੀਵਨ ਨਵੇਂ ਦੀ ਸਮਝ ਲੌ,
ਫਿਰ ਇਹ ਵੀ ਇਕ ਬੁਨਿਆਦ ਸੀ ।
ਇਕ ਯਾਦਗਾਰੀ ਰੋਜ਼ ਤੇ
ਜਲਸਾ ਸੀ ਭਾਰੀ ਹੋਵਣਾ
ਦਸਣੀ ਪੁਰਾਣੀ ਸ਼ਾਨ ਸੀ
ਮੈਂ ਆਪਣੇ ਵਖਿਆਨ ਵਿਚ ।
"ਕਿਤਨੇ ਬਹਾਦਰ ਅਣਖ ਵਾਲੇ
ਬੀਰ ਜੋਧੇ ਹੋ ਚੁਕੇ
ਸਾਡੀ ਜਨਮ ਭੂਮੀ ਪਵਿਤ੍ਰ
ਪਾਕ ਹਿੰਦੁਸਤਾਨ ਵਿਚ ।"
ਵੀਚਾਰ ਦੇ ਆਕਾਸ਼ ਵਿਚ
ਸੋਚਾਂ ਪਰਾਂ ਤੇ ਉਡ ਰਿਹਾ
ਤੁਰਦਾ ਸਾਂ ਭਾਵੇਂ ਜ਼ਿਮੀਂ ਤੇ
ਪਰ ਖ਼ਿਆਲ ਸਨ ਅਸਮਾਨ ਵਿਚ ।
ਮੇਰੇ ਦਿਲ-ਸਾਗਰ ਦੇ ਵਿਚ
ਲਹਿਰੇ ਖ਼ਿਆਲੀ ਜੋਸ਼ ਦੇ
ਰੁਕਦੇ ਕਿਨਾਰੇ ਆਣ ਕੇ
ਬੰਦ ਹੋਂਵਦੇ ਸੀ ਜ਼ਬਾਨ ਵਿਚ ।
ਚੜ੍ਹਦੀ ਕਲਾ ਵਿਚ ਮਸਤ ਸਾਂ
ਢਹਿੰਦੇ ਬੰਨੇ ਦੀ ਖ਼ਬਰ ਨਾ,
ਬੀਰਾਂ ਦੀ aੁੱਚੀ ਸ਼ਾਨ ਬਿਨ
ਨਹੀਂ ਹੋਰ ਕੁਝ ਸੀ ਧਿਆਨ ਵਿਚ ।
ਮਨ ਦੇ ਮੈਂ ਲੱਡੂ ਭੋਰਦਾ
ਕੁਝ ਤੋੜਦਾ ਕੁਝ ਜੋੜਦਾ
ਵਡਿਆਂ ਦੀਆਂ ਜੋ ਕਰਨੀਆਂ
ਜਾਂਦਾ ਉਨ੍ਹਾਂ ਦੇ ਮਾਣ ਵਿਚ ।
ਕਥਨੀ ਤੇ ਮੈਨੂੰ ਮਾਣ ਸੀ
ਕੁਝ ਅਧ ਪਚਧ ਪੜ੍ਹਿਆ ਵੀ ਸਾਂ;
ਏਸੇ ਨਸ਼ੇ ਵਿਚ ਮਸਤ ਹੀ
ਜਾ ਪਹੁੰਚਿਆ ਮੈਦਾਨ ਵਿਚ ।
ਕਢ ਕਢ ਹਵਾਲੇ ਪੋਥੀਆਂ
ਵਾਕਾਂ ਨੂੰ ਵਿਚ ਤਰਤੀਬ ਰਖ
ਬੋਲਾਂ ਦੇ ਦਿਤੇ ਪੁਲ ਬੰਨ੍ਹ
ਰੰਗ ਫ਼ਲਸਫ਼ੇ ਤੇ ਗਿਆਨ ਵਿਚ ।
ਸ਼ਾਬਾਸ਼, ਵਾਹ ਵਾਹ, ਗੂੰਜ
ਵਜੀਆਂ ਤਾੜੀਆਂ ਤੇ ਤਾੜੀਆਂ,
ਫੁਲ ਗਿਆ ਮੈਂ ਵੇਖ ਐਡਾ
ਅਸਰ, ਅਪਣੇ ਬਿਆਨ ਵਿਚ ।
"ਓਏ ਸੂਰਿਆ ਕਥਨੀ ਦਿਆ
ਕਰਨੀ ਵਲੋਂ ਨਿਕਾਰਿਆ !
ਫੋਕਿਆ, ਕਹਿਣੀ ਦਿਆ,
ਅਮਲਾਂ ਦੀ ਬਾਜ਼ੀ ਹਾਰਿਆ !
ਬੇਸ਼ਕ ਵਡੇਰੇ ਠੀਕ ਸਨ
ਮਾਲਿਕ ਅਕਲ ਤੇ ਆਨ ਦੇ
ਤੂੰ ਆਪ ਕੀ ਹੈਂ, ਮੂਰਖਾ !
ਇਹ ਵੀ ਕਦੇ ਤੂੰ ਵਿਚਾਰਿਆ ।"
ਟੁੰਬਿਆ ਕਿਸੇ ਆਵਾਜ਼ ਨੇ
ਕਥਨੀ ਦੀ ਸ਼ੇਖੀ ਘੁਲ ਗਈ ।
ਸੋਚੇ ਹੋਏ ਮਜ਼ਮੂਨ ਦੀ
ਤਰਤੀਬ ਸਾਰੀ ਭੁਲ ਗਈ ।
ਲੀਡਰੀ ਦੀ ਫਿੱਕ ਨੇ,
ਜੀਵਨ ਦੇ ਰਸ ਨੂੰ ਮਾਰਿਆ,
ਮਾਤ ਮਿੱਠੀਆਂ ਸੁਰਾਂ, ਮੱਚੀ
ਪਾਹਰਿਆ ਹੀ ਪਾਹਰਿਆ ।
ਬੇਅਦਬੀਆਂ ਦੇ ਸ਼ੋਰ ਵਿਚ
ਸਾਹਿਤ ਨੂੰ ਕਿਸ ਸਤਿਕਾਰਿਆ ?
ਆ ਅੰਦਰੋਂ ਟੁੰਬਿਆ ਕਿਸੇ,
ਲਲਕਾਰ ਨੇ ਲਲਕਾਰਿਆ :
ਮਰਦੀ ਮਨੁੱਖਤਾ ਵੇਖ ਕੇ
ਤੂੰ ਪੱਥਰਾ ਰੋਇਆ ਨਹੀਂ ।
ਨਾਅਤ, ਨਾ ਕੋਈ ਮਰਸੀਆ
ਇਕ ਵੈਣ ਤਕ ਛੋਹਿਆ ਨਹੀਂ
ਆਖਿਆ ਇਕਬਾਲ ਦਾ
ਉਹ ਅੱਖ ਅਖਵੌਣਾ ਤੇਰਾ;
ਹਾਂ ਪੀੜ ਹੋਵੇ ਕਿਧਰੇ,
ਉਹ ਸ਼ਾਇਰਾ ਰੋਣਾ ਤੇਰਾ ।
ਹੁਣ ਤੇ ਬਰਾਬਰ ਜਾਪਦਾ,
ਹੋਣਾ ਜਾਂ ਨਾ ਹੋਣਾ ਤੇਰਾ ।
ਇਹ ਚੁਪ ਧੱਬਾ ਧੋਬੀਆ !
ਧੋਣਾ ਸੀ ਕਿਸ ਧੋਣਾ ਤੇਰਾ ?
ਮਰਦਾਨਗੀ ਮਰਦੀ ਰਹੀ,
ਇਕ ਹਾਹ ਵੀ ਨਾ ਨਿਕਲੀ ।
ਪ੍ਰਮਾਣ ਦਿਲ ਦੀ ਅੱਗ ਦਾ
ਇਕ ਆਹ ਵੀ ਨਾ ਨਿਕਲੀ ।
ਫੁੱਲ ਨਾਜ਼ਕ ਜਾਪਦਾ
ਸਸਤਾ ਸੀ ਤੈਨੂੰ ਲੱਭਿਆ ।
ਅਹੁਦਿਆਂ ਦੇ ਭਾਰ ਹੇਠਾਂ
ਮਿਧਿਆ ਈ ਕੱਬਿਆ ।
ਮਹਿਕ ਦੇ ਅੰਬਾਰ ਨੂੰ
ਤੂੰ ਹੇਠ ਗੰਦਗੀ ਦੱਬਿਆ ।
ਮਾਣਨ ਦੀ ਸ਼ੈ ਸੀ ਮੂਰਖਾ,
ਜਿਸ ਨੂੰ ਤੂੰ ਚਿਥ ਕੇ ਚੱਬਿਆ ।
ਕਾਵਿ ਜ਼ਿੰਦਗੀ ਬਖ਼ਸ਼ ਦੇ
ਤੂੰ ਅਰਥ ਉਲਟੇ ਕਰ ਗਿਆ ।
ਲੋਕ ਸਮਝਣ ਲੱਗ ਪਏ
ਸ਼ਾਇਰ 'ਮੁਸਾਫ਼ਿਰ' ਮਰ ਗਿਆ ।
ਪਰਲੋ ਤੇ ਨਹੀਂ ਆ ਜਾਵਣੀ
ਜੇ ਤੂੰ ਰਹਿਆ ਪ੍ਰਧਾਨ ਨਾ ।
ਤੇਰੇ ਸਹਾਰੇ ਟਿਕਿਆ
ਟੱਟੀਹਰੀਏ ਅਸਮਾਨ ਨਾ ।
ਦੇਸ਼ ਸੇਵਾ ਸੀ ਬਹਾਨਾ,
ਉਹ ਵੀ ਹੁਣ ਪ੍ਰਵਾਨ ਨ ।
ਕਾਹਨੂੰ ਮਿਸਾਲਾਂ ਦੇਣੀਆਂ,
ਪ੍ਰਤੱਖ ਨੂੰ ਪਰਮਾਣ ਨ ।
ਕਾਵਿ ਦੇ ਅਕਾਸ਼ ਦੀ ਜੇ
ਸ਼ੁਧ ਹਵਾ ਤੂੰ ਮਾਨਣੀ ।
ਤਾਂ ਲੀਡਰੀ ਦੇ ਟਿਬਿਆਂ ਦੀ
ਛੱਡ ਮਿੱਟੀ ਛਾਨਣੀ ।
(ਜਨਵਰੀ 1950)
ਮੈਂਡੀਏ ਸੋਹਣੀਏ ਪਿੰਡੀਏ,
ਤੈਂਡੀ ਯਾਦ ਸਦਾ ਤੜਪਾਸੀ ।
ਜਿਥੇ ਵੈਸਾਂ ਉਠਸਾਂ ਬਹਿਸਾਂ,
ਮਨ ਨ ਕਦੇ ਭੁਲਾਸੀ ।
ਚੁਪ ਧਾਰਨ ਦੇ ਰੋਸ ਵਜੋਂ ਅਜ,
ਅੰਗ ਅੰਗ ਮੈਂਡਾ ਬੋਲੇ:
ਕੰਨਾਂ ਦੇ ਘੇਰਿਆਂ ਵਿਚ ਫਿਰਦੇ,
ਮਿੱਠੇ ਮਾਹੀਏ, ਢੋਲੇ ।
ਸੁਖਾਂ ਲੱਧੜੀ ਗੋਦੀ ਵਿੱਚੋਂ,
ਜਦ ਦੇ ਗਏ ਨਿਕਾਲੇ ।
ਹਿਰਦੇ ਚੋਂ ਕਈ ਹੂਕਾਂ ਉਠੀਆਂ,
ਖਿੰਡ ਪੁੰਡ ਗਏ ਉਬਾਲੇ ।
ਜੀਕਣ ਪਏ ਅਜ ਦਰ ਦਰ ਰੁਲਦੇ,
ਭੋਂ ਤੈਂਡੀ ਦੇ ਜਾਏ;
ਈਕਣ ਹੀ ਮੈਂਡੇ ਮਨ ਦੇ ਜਜ਼ਬੇ,
ਹੁਣ ਤਕ ਸੂਤ ਨ ਆਏ ।
ਇਕ ਦੋ ਫਟ ਹੋਵਣ ਤਾਂ ਸੀ ਲਾਂ,
ਫਹੇ ਢਾਰਸ ਦੇ ਲਾਵਾਂ ।
ਚੁਪ ਦੀ ਮਲ੍ਹਮ ਹੇਠ ਸਾਂ ਚਾਂਹਦਾ,
ਸਾਰੇ ਜ਼ਖ਼ਮ ਲੁਕਾਵਾਂ ।
ਸੀਨੇ ਦੀ ਕਿਸੇ ਤਹਿ ਵਿਚ ਲੁਕੀਆਂ,
ਮਿੱਠੀਆਂ ਮਿੱਠੀਆਂ ਯਾਦਾਂ ।
ਮੈਂ ਡਰਨਾਂ ਕਿਤੇ ਰੁਲ ਨ ਜਾਵਣ,
ਬਣ ਬਣ ਕੇ ਫ਼ਰਯਾਦਾਂ ।
ਕਿਸ ਦੇ ਨਾਲ ਦਿਆਂ ਮੈਂ aਪਮਾ,
ਤੈਂਡੇ ਜੇਹੀ ਹੈਂ ਤੂੰ ਹੀ ।
ਸਿਧੀਆਂ ਤੋਂ ਕਿਤੇ ਵਧ ਹੈ ਸੋਹਣੀ,
ਤੈਂਡੀ "ਡਿੰਗੀ ਖੂਹੀ" ।
ਚਿਤ ਬੇ ਚੈਨ ਤਾਂਘ ਦੀ ਵਗਦੀ,
ਪਈ ਪਲਸੇਟੇ ਖਾਂਦੀ;
ਤੈਂਡੀ 'ਲਈ' ਜਾਪਦਾ ਮੈਨੂੰ,
ਹੁਣ ਵੀ ਪਈ ਬੁਲਾਂਦੀ ।
ਪੁਛ ਤਕਿਆ ਮੈਂ 'ਟੋਪੀ ਰਖ' ਦੇ,
ਇਕ ਇਕ ਸੋਹਣੇ ਰੁਖ ਨੂੰ ।
ਦੱਬੇ ਪੈਰੀਂ ਆਖੇ ਆ ਜਾ,
ਸੋ ਨ ਪਵੇ ਮਨੁਖ ਨੂੰ ।
'ਤਪ ਬਨ' ਦੀ ਸ਼ਾਂਤੀ ਇੰਜ ਜਾਪੇ,
ਕਰਦੀ ਪਈ ਸੁਆਗਤ;
ਚੁਪ ਬੈਠੀ ਸ਼ਰਮਾ ਰਹੀ ਉਥੇ,
ਤਕ ਤਕ ਇਨਸਾਨੀਅਤ ।
ਤਨ ਚੋਂ ਫੁਟ ਫੁਟ ਨਿਕਲੇ ਸੋਮੇਂ,
ਪਿੰਡੀਏ ਤੈਂਡੇ 'ਚੋਹੇ' ।
ਆਖਣ ਮੋਈ ਮਨੁਖਤਾ ਏਥੋਂ,
ਪਰ ਅਸੀਂ ਨਹੀਂ ਮੋਏ ।
ਅਪਣੇ ਵਿਚ ਤਰਾਸਾਂ ਤੈਨੂੰ,
ਆ ਜਾ ਉਵੇਂ ਨੁਹਾਸਾਂ ।
ਤਨ ਅਪਣੇ ਨੂੰ ਮੈਲਾ ਕਰਸਾਂ,
ਤੈਂਡੀ ਮੈਲ ਨੂੰ ਲਾਹਸਾਂ ।
ਕੈਦ ਹੋਣ ਲਈ ਚੋਣ ਅਸਾਨੂੰ,
ਕਰਨੀ ਪਈ ਇਕ ਵਾਰੀ ।
ਖ਼ੁਸ਼ੀਆਂ ਨਾਲ ਕਬੂਲੀ ਪਿੰਡੀਏ,
ਤੈਂਡੀ ਜੇਲ ਪਿਆਰੀ ।
ਕਿਉਂ ਨ ਮਨ ਤਾਂਘੇ ਉਸ ਪਾਸੇ
ਹੋਵਣ ਤਾਂਘਾਂ ਜਿਥੇ;
ਨਹੀਂ ਪਤਾ ਪਰ ਪਿੰਡੀਏ ਤੂੰ ਹੁਣ,
ਹੈਂ ਵੀ ਕਿ ਨਹੀਂ ਉਥੇ ।
ਹੋਈਉਂ ਤਾਂ ਵੀ ਤਨ ਹੀ ਹੋਸੀ,
ਉਡ ਗਈਆਂ ਨੀ ਰੂਹਾਂ;
ਉਜੜ ਗਈ ਫੁਲਵਾੜੀ ਦੀਆਂ,
ਖਿਲਰ ਗਈਆਂ ਖ਼ੁਸ਼ਬੂਆਂ ।
ਡਾਲੀ ਨਾਲੋਂ ਟੁਟੀਆਂ ਕਲੀਆਂ,
ਕੀਕਣ ਨਾ ਕੁਮਲਾਵਣ ।
ਬਿਨ ਟੁਟਿਆਂ ਪਰ ਖ਼ੁਸ਼ਬੂ ਕੀਕਣ,
ਘਰ ਘਰ ਵਿਚ ਪੁਚਾਵਣ ।
ਜਣਾ, ਜ਼ਨਾਨੀ, ਬੁਢੇ, ਨਢੇ,
ਤੈਂਡੇ ਬਾਲ ਅੰਜਾਣੇ ।
ਗੱਲੀਂ ਬਾਤੀਂ, ਰਹਿਣੀ, ਬਹਿਣੀ,
ਦੂਰੋਂ ਜਾਣ ਪਛਾਣੇ ।
ਪੁਰਖ ਉਪਜਾਊ ਮਿਟੀ ਤੈਂਡੀ,
ਅਸਰ ਉਸੇ ਦਾ ਜਾਪੇ;
ਚਰਚਾ ਦਾ ਮਜ਼ਮੂਨ ਬਣੇ ਹਨ,
ਪਿੰਡੀਏ ਤੈਂਡੇ ਭਾਪੇ ।
ਜੇ ਮਿਚ ਜਾਵੇ ਵਿਚ ਉਸਾਰੀ,
ਇਟ ਤੋਂ ਚੰਗਾ ਰੋੜਾ;
ਨਹੀਂ ਤੇ ਘੜੀ ਘੜਾਈ ਇਟ ਨੂੰ,
ਖਾਣਾ ਪਏ ਹਥੌੜਾ ।
ਭੁਲ ਜਾਈਏ ਉਹ ਯਾਦ ਸੁਹਾਣੀ,
ਭੁਲ ਜਾਈਏ ਉਹ ਚਾਲੇ ।
ਮਨ ਨਹੀਂ ਭੁਲਦਾ ਮੁੜ ਮੁੜ ਘੁੰਮਦਾ,
ਤੈਂਡੇ ਆਲ ਦੁਆਲੇ ।
ਖਿੰਡੀਆਂ ਪੁੰਡੀਆਂ ਸਭ ਘਟਨਾਵਾਂ,
ਵਿਚ ਮੀਲਾਂ ਵਿਚ ਕੋਹਾਂ;
ਨਾ ਜਵਾਨੀ ਦੀਆਂ ਭੁੱਲਾਂ ਭੁਲਣ,
ਨਾ ਬਚਪਨ ਦੀਆਂ ਛੋਹਾਂ ।
(ਡਿੰਗੀ ਖੂਹੀ=ਇਕ ਖੂਹੀ ਦਾ ਨਾਂ,
ਲਈ=ਇਕ ਨਦੀ, ਟੋਪੀ ਰਖ=
ਇਕ ਸੋਹਣਾ ਜੰਗਲ, ਤਪ ਬਨ=
ਸਾਧੂ-ਸੰਤਾਂ ਦਾ ਇਕਾਂਤ ਸਥਾਨ,
ਚੋਹੇ=ਚਸ਼ਮੇ,)
ਰਬ ਨੇ ਖ਼ਾਹਿਸ਼ ਮਨ ਵਿੱਚ ਪਾਈ,
ਕੁਦਰਤ ਨੇ ਹੈ ਆਪ ਸਿਖਾਈ ।
ਬੂਟੇ ਬਿਰਛ ਇਹ ਪੀਲੇ ਲਾਲ,
ਫੁੱਲਣ ਫਲਣ ਅਜ਼ਾਦੀ ਨਾਲ ।
ਭੋਂ ਤੇ ਵਗਦੇ ਕਾਹਲੇ ਕਾਹਲੇ,
ਨਾਲ ਅਜ਼ਾਦੀ ਨਦੀਆਂ ਨਾਲੇ ।
ਰਾਹ ਵਿੱਚ ਜੇ ਕੋਈ ਰੋਕ ਨ ਪਾਵਣ,
ਸਾਰੀ ਧਰਤੀ ਤੇ ਖਿੰਡ ਜਾਵਣ ।
ਪੰਛੀ ਪਿੰਜਰੇ ਦੇ ਵਿੱਚ ਚੂਰੀ
ਖਾਂਦਾ ਵੀ ਸਮਝੇ ਮਜਬੂਰੀ ।
ਚਾਂਹਦਾ ਇਕ ਉਡਾਰੀ ਲਾ ਲਏ,
ਜੰਗਲ ਦੇ ਕਖ ਕੰਕਰ ਖਾ ਲਏ ।
ਖਾਂਦੀ ਖਾਂਦੀ ਸਾਵੇ ਪੱਠੇ,
ਚਾਂਹਦੀ ਗਾਂ ਖੁਰਲੀ ਤੋਂ ਨੱਠੇ ।
ਦਾਣਾ, ਵੰਡ, ਗੁਤਾਵਾ ਖਾਵੇ,
ਫਿਰ ਵੀ ਗਲੋਂ ਗਲਾਵਾਂ ਲਾਹਵੇ ।
ਪੜ੍ਹਦੇ ਮੁੰਡੇ ਦਾ ਕੀ ਖ਼ਿਆਲ ?
'ਛੁੱਟੀ ਦਾ ਵੱਜੇ ਘੜਿਆਲ' ।
ਵਿਦਿਆ ਵਰਗੀ ਦਾਤ ਹੈ ਪਾਂਦਾ,
ਦਾਅ ਲਗੇ ਤੇ ਨੱਸਣਾ ਚਾਂਹਦਾ ।
ਬੜੀ ਸੁਹਾਣੀ ਖੁਲ੍ਹ ਦੀ ਦਾਤ,
ਪਰ ਮਿਲਦੀ ਬੰਦਸ਼ ਤੋਂ ਬਾਹਦ ।
ਰਖਣ ਲਈ ਇਸ ਖੁਲ੍ਹ ਦੀ ਸ਼ਾਨ,
ਮੁਲਕਾਂ ਵਿੱਚ ਮਚਦੇ ਘਮਸਾਨ ।
ਕਈ ਦੇਸਾਂ ਨੇ ਲਈ ਆਜ਼ਾਦੀ,
ਪਹਿਲਾਂ ਅਪਣੀ ਕਰ ਬਰਬਾਦੀ ।
ਜਿਸ ਦਾ ਨਾਲ ਅਜ਼ਾਦੀ ਪਿਆਰ,
ਬਰਬਾਦੀ ਲਈ ਰਹੇ ਤਿਆਰ ।
ਫੁਲ ਖੁਲ੍ਹ ਲੈਂਦਾ ਵਧਦਾ ਟਾਹਣੀ,
ਖ਼ੁਸ਼ਬੂ ਦੀ ਕਰਦਾ ਕੁਰਬਾਨੀ ।
ਪਿਠ ਤੇ ਗੂਣੀ ਭਾਰ ਲਦਾਵੇ,
ਅੜੀਅਲ ਖੋਤਾ ਤਾਂ ਖੁਲ੍ਹ ਪਾਵੇ ।
ਦਾਤ ਕੁਦਰਤੀ ਬੇਸ਼ਕ ਖੁਲ੍ਹ ਏ,
ਜਿਤਨੀ ਪਿਆਰੀ ਉਤਨਾ ਮੁਲ ਏ ।
ਦੇਸ਼ ਦਾ ਚਾਨਣ ਜਗਦੇ ਦੀਵੇ,
ਮਰੇ ਨਹੀਂ, ਉਹ ਜਾਣੋ ਜੀਵੇ ।
ਮੰਨੇ ਜਾਣ ਬਹਾਦਰ ਬੀਰ,
ਵਤਨ ਲਈ ਜੋ ਲਾਣ ਸ਼ਰੀਰ ।
ਭਗਤ ਸਿੰਘ ਨੇ ਜਿੰਦੜੀ ਲਾਈ,
ਕਰਦੀ ਉਸ ਨੂੰ ਯਾਦ ਲੁਕਾਈ ।
ਜਸ ਕਰਦਾ ਉਸ ਦਾ ਜੱਗ ਸਾਰਾ,
ਚਮਕ ਰਿਹਾ ਮਾਨੋ ਧਰੂ ਤਾਰਾ ।
ਜਿਹੜਾ ਕੰਮ ਜਨਤਾ ਦੇ ਆਵੇ,
ਲੋੜ ਪਵੇ ਤਾਂ ਜਾਨ ਘੁਮਾਵੇ ।
ਸਿਰ ਤੇ ਉਸ ਨੂੰ ਚੁਕਦੀ ਜਨਤਾ,
ਆਗੂ ਨੇਤਾ, ਉਹ ਪਤਵੰਤਾ ।
ਸੇਵਾ ਵਿਚ ਰਹਿੰਦਾ ਗ਼ਲਤਾਨ,
ਦੇਵੇ ਜਾਨ ਚੜ੍ਹੇ ਪਰਵਾਨ ।
ਸੁਆਸਾਂ ਬਦਲੇ ਮਿਲੀ ਰਸੀਦ,
ਹਰ ਇਕ ਰਸਨਾ ਕਹੇ ਸ਼ਹੀਦ ।
ਰਾਜੇ ਸ਼ਾਹ ਮੁਕੱਦਮ ਮਰ ਗਏ,
ਕੋਈ ਨ ਜਾਣੇ ਕੌਣ ਕਿਧਰ ਗਏ ।
ਮਰ ਕੇ ਵੀ ਜਿਹੜੇ ਨਹੀਂ ਮੋਏ,
ਉਹੀ ਸ਼ਹੀਦ ਵਤਨ ਦੇ ਹੋਏ ।