Muneer Asri
ਮੁਨੀਰ ਅਸਰੀ

Punjabi Writer
  

Punjabi Poetry Muneer Asri

ਪੰਜਾਬੀ ਕਲਾਮ/ਗ਼ਜ਼ਲਾਂ ਮੁਨੀਰ ਅਸਰੀ

1. ਸਾਡੀਆਂ ਸਾਂਝਾਂ ਸਾਡੀ 'ਵਾਜ ਪਛਾਣ ਦੀਆਂ

ਸਾਡੀਆਂ ਸਾਂਝਾਂ ਸਾਡੀ 'ਵਾਜ ਪਛਾਣ ਦੀਆਂ।
ਸਾਨੂੰ ਪਰਖਣ ਸੋਚਾਂ ਸਾਡੇ ਹਾਣ ਦੀਆਂ।

ਨੈਣ ਨਗਰ ਦੇ ਉਹਲੇ ਧੂਣੀ ਲਾਉਂਦਾ ਕਿਉਂ,
ਜੇ ਰਾਂਝੇ ਨੂੰ ਸੱਭੇ ਕੁੜੀਆਂ ਜਾਣ ਦੀਆਂ।

ਅਪਣੀ ਸੂਲ਼ੀ ਆਪੇ ਚੁੱਕਣੀ ਪੈਂਦੀ ਕਿਉਂ,
ਜੇ ਸਰਕਾਰਾਂ ਦਿਲ ਦਾ ਹਾਲ ਪਛਾਣ ਦੀਆਂ।

ਸਾਡੇ ਵਰਗੇ ਲੱਖਾਂ ਬੰਦੇ ਹਾਲੇ ਵੀ,
ਬੈਠ ਰੜੇ 'ਤੇ ਗੱਲਾਂ ਕਰਨ ਮਕਾਨ ਦੀਆਂ।

ਹੁਣ ਸਭਨਾਂ ਦੇ ਹੱਥ ਸੁਜਾਖੇ ਹੋ ਗਏ ਨੇ,
ਗੱਲਾਂ ਕਰਦੇ ਸਾਂਝੀ ਤੌਣ ਤੇ ਖਾਣ ਦੀਆਂ।

ਸਾਡੇ ਸੱਚੇ ਸੁਪਨੇ ਵੀ ਕੁਮਲਾਂਦੇ ਨੇ,
'ਅਸਰੀ' ਸਾਹਿਬ ! ਗੱਲਾਂ ਅਪਣੇ ਮਾਣ ਦੀਆਂ।

2. ਇੱਕੋ ਜਹੀਆਂ ਸੁਖਣਾਂ ਸੁਖੀਆਂ ਸਾਡੀਆਂ ਨਿਘੀਆਂ ਮਾਵਾਂ

ਇੱਕੋ ਜਹੀਆਂ ਸੁਖਣਾਂ ਸੁਖੀਆਂ ਸਾਡੀਆਂ ਨਿਘੀਆਂ ਮਾਵਾਂ।
ਨਾ ਤੂੰ ਮੇਰੇ ਵਰਗਾ ਹੋਇਓਂ ਨਾ ਮੈਂ ਤੇਰੇ ਸ੍ਹਾਵਾਂ।

ਮੁੱਖ ਤੇਰੇ 'ਤੇ ਆ ਕੇ ਖੁਲ੍ਹਦੀ, ਗੁੰਝਲ ਸਾਦ ਮੁਰਾਦੀ,
ਕਿਧਰੇ ਧੁੱਪ ਵਧੇਰੀ ਹੋਈ ਕਿਧਰੇ ਗੂੜ੍ਹੀਆਂ ਛਾਵਾਂ।

ਇਕ ਜੈਸਾ ਹੈ ਸ਼ਜਰਾ ਭੁਖ ਦਾ ਇੱਕੋ ਜ਼ਰ ਦੀ ਜ਼ਾਤ,
ਏਕੇ ਦਾ ਤਨ ਪੁਰਜ਼ੇ ਕਰਕੇ ਵੰਡੇ ਦਰਦ ਭਰਾਵਾਂ।

ਬੇਕਦਰੀ ਦੀ ਸ਼ੁਹਰਤ ਨਾਲੋਂ ਮੈਂ ਐਵੇਂ ਈਂ ਚੰਗਾ,
ਅੱਖਾਂ ਦੀ ਕੁਰਬਾਨੀ ਦੇ ਕੇ ਮੇਲੇ ਵੇਖਣ ਜਾਵਾਂ?

ਵੰਨ ਸੁਵੰਨੇ ਸੁਪਨੇ ਏਥੇ ਜਾਗੋ ਮੀਟੀ ਰਹਿੰਦੇ,
ਜਾਗਦਿਆਂ ਦੀ ਗੱਲ ਜੇ ਕਰੀਏ ਰੌਲਾ ਪਾਉਣਾ ਕਾਵਾਂ।

'ਅਸਰੀ' ਸਾਡੇ ਹਿੱਸੇ ਦਾ ਵੀ ਜਾਂਦੈ ਕਾਵੀਂ ਕੁੱਤੀਂ,
ਮੂੰਹ-ਜ਼ੋਰਾਂ ਦੇ ਕਾਰਿਆਂ ਵੰਨੀਂ ਵਿੰਹਦੀਆਂ ਰਹਿਣ ਸਜ਼ਾਵਾਂ।

3. ਓਹੀ ਰੇਸ਼ਮੀ ਫੁੱਲ ਨੂੰ ਪਾਲਣਾ ਸੀ

ਓਹੀ ਰੇਸ਼ਮੀ ਫੁੱਲ ਨੂੰ ਪਾਲਣਾ ਸੀ।
ਗੱਲੀਂ ਪੈ ਕੇ ਫੋਲਣਾ ਫਾਲਣਾ ਸੀ।

ਓਹੀ ਸ਼ੀਸ਼ੇ ਦੇ ਪਾਰ ਨਾ ਵੇਖ ਸਕਿਆ,
ਜਿਸਦੇ ਨਾਲ ਵੀ ਬੋਲਣਾ ਚਾਲਣਾ ਸੀ।

ਤੇਰੀ ਅੱਖ ਦੀ ਮਸਤ ਸਹਾਰ ਲੈ ਕੇ,
ਐਵੇਂ ਮੌਤ ਨੂੰ ਚਾਰ ਦਿਨ ਟਾਲਣਾ ਸੀ।

ਜਿਹੜੇ ਰੁੱਖ ਤੇ ਰਾਤ ਸਵਾਰ ਹੋ ਗਈ,
ਓਸੇ ਰੁੱਖ ਉੱਤੇ ਮੇਰਾ ਆਲ੍ਹਣਾ ਸੀ।

ਜਿੰਦ ਆਣ ਬੈਠੀ ਤੇਰੀ ਛਤਰ ਛਾਵੇਂ,
ਅਸਾਂ ਆਪਣੇ ਆਪ ਨੂੰ ਬਾਲਣਾ ਸੀ।

ਤਾਹੀਂ ਸ਼ਾਮ ਸਵੇਰ ਦਾ ਕਾਲ 'ਅਸਰੀ',
ਕਿਸੇ ਵੇਲੜੇ ਰੰਗ ਵਿਖਾਲਣਾ ਸੀ।

4. ਦਿਲ ਦਾ ਚਾਨਣ ਕਾਲੀ ਜੂਹੇ, ਰਸਦਾ ਹੌਲੀ ਹੌਲੀ

ਦਿਲ ਦਾ ਚਾਨਣ ਕਾਲੀ ਜੂਹੇ, ਰਸਦਾ ਹੌਲੀ ਹੌਲੀ।
ਸੂਰਜ ਵੀ ਸੱਤ ਰੰਗੀਆਂ ਤੰਦਾਂ, ਕਸਦਾ ਹੌਲੀ ਹੌਲੀ।

ਸਾਨੂੰ ਐਵੇਂ ਚੁੱਕੀ ਫਿਰਦੀ, ਸੋਚਾਂ ਦੀ ਵਡਿਆਈ,
ਡੂੰਘਾ ਦਿਲਬਰ ਦਿਲ ਦੀਆਂ ਗੱਲਾਂ, ਦੱਸਦਾ ਹੌਲੀ ਹੌਲੀ।

ਰਿਸ਼ਮਾਂ ਦਾ ਜੇ ਲਸ਼ਕਰ ਕੋਈ, ਸਰਘੀ ਵੇਲੇ ਜੁੜਦਾ,
ਗੁੰਗਾ ਬੋਲਾ ਚੋਰ ਹਨੇਰਾ, ਨੱਸਦਾ ਹੌਲੀ ਹੌਲੀ।

ਅਪਣੇ ਆਪ ਤੋਂ ਵਾਂਝੀਆਂ ਗਈਆਂ, ਪ੍ਰੇਮ ਪੁਜਾਰੀ ਰੁੱਤਾਂ,
ਰੋਂਦਾ ਮੌਸਮ ਉੱਤੋਂ ਦਿਸੇ, ਹਸਦਾ ਹੌਲੀ ਹੌਲੀ।

ਨਾ ਪੱਤਰਾਂ ਦਾ ਕੁੜਤਾ ਸਾਡਾ, ਨਾ ਫੁੱਲਾਂ ਦਾ ਚਿਹਰਾ,
'ਵਾਵਾਂ ਅੱਗੇ ਨੰਗਾ ਪਿੰਡਾ, ਲੱਸਦਾ ਹੌਲੀ ਹੌਲੀ।

ਨਾ ਸ਼ਗਨਾਂ ਦਾ ਬੂਹਾ ਖੁੱਲ੍ਹਦਾ, ਨਾ ਵਸਲਾਂ ਦੀ ਬਾਰੀ,
ਏਥੇ ਭਾਗ ਭਰੀ ਦਾ ਮੱਥਾ, ਘਸਦਾ ਹੌਲੀ ਹੌਲੀ।

ਚੇਤਰ ਚੜ੍ਹੇ ਤੇ ਸੁਕਣੇ ਪਾਈਏ, ਸਿੱਲੀਆਂ ਗਿਲੀਆਂ ਪੀੜਾਂ,
ਹੱਡਾਂ ਦੇ ਵਿੱਚ ਸੀਤ ਸਮੇਂ ਦਾ, ਧੁਸਦਾ ਹੌਲੀ ਹੌਲੀ।

5. ਸੱਜਰਾ ਫੁੱਲ ਵੀ ਰੋਇਆ ਹੋਇਆ ਲਗਦਾ ਏ

ਸੱਜਰਾ ਫੁੱਲ ਵੀ ਰੋਇਆ ਹੋਇਆ ਲਗਦਾ ਏ।
ਕੰਡਿਆਂ ਵਿੱਚ ਪਰੋਇਆ ਹੋਇਆ ਲਗਦਾ ਏ।

ਤੀਰਾਂ ਨੇ ਗੁਲਜ਼ਾਰ ਬਨਾਇਆ ਜੁੱਸੇ ਨੂੰ
ਇੱਕ ਇੱਕ ਅੰਗ ਨਰੋਇਆ ਹੋਇਆ ਲਗਦਾ ਏ।

ਜੋਬਨ ਨੇ ਵੀ ਸੱਚੀ ਦੱਖ ਵਿਖਾਈ ਏ,
ਨਾਜ਼ਾਂ ਅੱਗੇ ਜੋਇਆ ਹੋਇਆ ਲਗਦਾ ਏ।

ਸੋਹਲ ਹਵਾਏ ਹੌਲੀ ਹੌਲੀ ਟੁਰਨੀ ਏਂ,
ਤੇਰਾ ਵੀ ਕੰਮ ਹੋਇਆ ਹੋਇਆ ਲਗਦਾ ਏ।

ਜਿਉਂਦਾ ਬੰਦਾ ਮਾਨ ਕਰੇ ਤਸਵੀਰਾਂ ਦੇ,
ਮਰ ਜਾਵੇ ਤੇ ਮੋਇਆ ਹੋਇਆ ਲਗਦਾ ਏ।

ਮਿੱਟੀ ਦੇ ਵਿੱਚ ਰੁਲਿਆ ਫੁੱਲ ਵੀ 'ਅਸਰੀ' ਜੀ,
ਲਾਲਾਂ ਦੇ ਵਿੱਚ ਗੋਇਆ ਹੋਇਆ ਲਗਦਾ ਏ।

6. ਜਿਸ ਮੂਰਤ ਦਾ ਮਤਵਾਲਾ ਹਰ ਕੋਈ ਸੀ

ਜਿਸ ਮੂਰਤ ਦਾ ਮਤਵਾਲਾ ਹਰ ਕੋਈ ਸੀ।
ਉਹਦੀ ਮਾਂ ਵੀ ਉਹਦੇ ਹੋਣ ਤੇ ਰੋਈ ਸੀ।

ਪਿਛਲੀ ਰਾਤੀਂ ਤੇਰੀ ਅੱਖ ਵੀ ਲੱਗੀ ਨਾ,
ਸਾਡੇ ਨਾਲ ਤੇ ਜਿਹੜੀ ਹੋਈ ਹੋਈ ਸੀ।

ਪੈਰਾਂ ਥੱਲੇ ਰੁਲਦੀ ਚੰਗੀ ਨਹੀਂ ਲੱਗਦੀ,
ਮੇਰੀ ਸੀ ਜਾਂ ਹੋਰ ਕਿਸੇ ਦੀ ਲੋਈ ਸੀ।

ਭਾਗ ਭਰੀ ਦੀ ਕਿਸਮਤ ਦਾ ਫੁੱਲ ਖਿੜਿਆ ਨਾ,
ਜਿਹੜਾ ਕੰਡਾ ਹੱਥੀਂ ਲੱਗਾ ਸੋਈ ਸੀ।

ਇਹ ਕਹਾਣੀ ਢਕੀ ਢਕਾਈ ਰਹਿਣੀ ਏਂ,
ਨਿੱਕੀ ਰਾਣੀ ਪਹਿਲੀ ਉਮਰੇ ਮੋਈ ਸੀ।

ਦਿਨ ਤੇ ਅਪਣਾ ਕੰਡੇ ਚੁਗਦਾ ਲੰਘ ਗਿਆ,
ਪਰ ਰਾਤੀਂ ਵੀ ਹੱਦੋਂ ਬਾਹਰੀ ਹੋਈ ਸੀ।

'ਅਸਰੀ' ਕਲੀਆਂ ਜੰਮਦਿਆਂ ਮਰ ਗਈਆਂ ਨੇ,
ਮਿੱਟੀ ਦਾ ਇਹ ਕੂੜ ਪਸਾਰ ਧਰੋਈ ਸੀ।

7. ਉਸ ਨਾਰੀ ਦੀਆਂ ਪਲਕਾਂ ਤੇ ਵੀ, ਤਰਦਾ ਮੇਰਾ ਨਾਵਾਂ

ਉਸ ਨਾਰੀ ਦੀਆਂ ਪਲਕਾਂ ਤੇ ਵੀ, ਤਰਦਾ ਮੇਰਾ ਨਾਵਾਂ।
ਕਿੱਥੇ ਜਾ ਕੇ ਦਿਲ ਦੀਆਂ ਜੋਗਾਂ, ਜੂਲਾ ਕੀਤਾ ਸਾਵਾਂ।

ਮਿੱਠੇ ਜਹੇ ਉਸ ਨਰਮ ਨਸ਼ੇ ਨੇ, ਐਸਾ ਪਾਗਲ ਕੀਤਾ,
ਜੀਅ ਕਰਦਾ ਏ ਸਾਰੀ ਧਰਤੀ, ਉਹਦੇ ਨਾਵੀਂ ਲਾਵਾਂ।

ਇਹ ਕਿਸ ਦੀ ਖੁਸ਼ਬੂ ਨੇ ਖੋਲ੍ਹੇ, ਬੂਹੇ ਰੰਗ ਬਰੰਗੇ,
ਸੁੰਦਰ ਸੋਚ ਦੀਆਂ ਸੌਗਾਤਾਂ, ਸਭ ਥੀਂ ਪਿਆ ਲੁਕਾਵਾਂ।

ਨਵੇਂ ਨਕੋਰ ਧਿਆਨੇ ਬੈਠਾ ਅਗਲੇ ਵਰਕੇ ਫੋਲਾਂ,
ਨੱਸੀ ਨੱਸੀ ਕਰਦਾ ਜਾਏ ਪਰਤਾਂ ਦਾ ਪ੍ਰਛਾਵਾਂ।

ਉਹ ਹੋਵੇ ਤੇ 'ਅਸਰੀ' ਬੀਬਾ ਮੈਂ ਵੀ ਡਲ੍ਹਕਾਂ ਮਾਰਾਂ,
ਉਹਦੀ ਯਾਦ ਦਾ ਚਾਨਣ ਕਰਕੇ ਮੋਤੀ ਨਿੱਤ ਕਲਾਵਾਂ।

8. ਨਿੰਮੋਂ ਝਾਨੇ ਰਸਤੇ ਤਲੀਆਂ ਫੜਦੇ ਨੇ

ਨਿੰਮੋਂ ਝਾਨੇ ਰਸਤੇ ਤਲੀਆਂ ਫੜਦੇ ਨੇ।
ਚਾਰੇ ਪਾਸੇ ਜ਼ਹਿਰੀ ਕੁੰਡੇ ਅੜਦੇ ਨੇ।

ਨੀਂਦਰ ਵਿੱਚ ਵੀ ਕੋਈ ਸੁਪਨਾ ਪੋਂਹਦਾ ਨਹੀਂ,
ਜਾਗਦਿਆਂ ਵੀ ਨੈਣ ਨਜ਼ਾਰੇ ਝੜਦੇ ਨੇ।

ਅੱਖਾਂ ਵਿੱਚ ਪਛਾਣ ਲੁਕਾਈ ਹੋਈ ਏ,
ਉਜਲਾ ਚਾਨਣ ਦੇਖ ਕੇ ਦੀਵੇ ਸੜਦੇ ਨੇ।

ਸਾੜੀ ਧਰਤੀ ਸਾਇਆ ਮਾਰੂ ਡੈਣਾਂ ਦਾ,
ਭਰੀ ਜਵਾਨੀ ਆ ਕੇ ਜਿੰਨ ਚਿੰਬੜਦੇ ਨੇ।

ਨੰਗੇ ਪਿੰਡੇ ਮਾਰ ਸਮੇਂ ਦੀ ਪੈਂਦੀ ਏ,
ਖਰਵੀ ਰੁੱਤੇ ਸਾਉ ਮਾਸ ਉਚੜਦੇ ਨੇ।

ਸਾਰਾ ਪਾਲਾ ਚੁੱਪ ਚੁਪੀਤੇ ਸਹਿਣਾ ਏ,
ਗੱਲ ਕਰੋ ਤੇ ਹੋਛੇ ਸ਼ਤਰੇ ਕੜ੍ਹਦੇ ਨੇ।