ਪੰਜਾਬੀ ਕਲਾਮ ਮੁਹੰਮਦ ਮੁਨੀਰ ਖਾਂ ਸ਼ੇਰਵਾਨੀ
1. ਵੇਖੀ ਜਾਉ ਜਿਸ ਨੂੰ ਜੋ ਵਿਖੀਂਦਾ ਏ
ਵੇਖੀ ਜਾਉ ਜਿਸ ਨੂੰ ਜੋ ਵਿਖੀਂਦਾ ਏ।
ਬੰਦਾ ਤੇ ਪਿਆ ਹਰ ਰੰਗ ਦੇ ਵਿੱਚ ਜੀਂਦਾ ਏ।
ਜ਼ਹਿਨੀ ਤੇ ਜਿਸਮਾਨੀ ਮਿਹਨਤ ਮੁੱਕਦੀ ਨਹੀਂ,
ਦੇਖੋ ਢਿੱਡ ਦਾ ਦੋਜ਼ਖ਼ ਕਦੋਂ ਭਰੀਂਦਾ ਏ?
ਇੰਜ ਲੱਗਦੈ ਜਿਉਂ ਰੋਜ਼ ਕਿਆਮਤ ਆਉਂਦੀ ਏ,
ਜੇ ਇੱਕ ਬੰਦਾ ਮਰਦੈ, ਇਕ ਜਣੀਂਦਾ ਏ।
ਜਰਨਲ-ਮੈਨੇਜਰ ਮਿੱਲ-ਮਾਲਕ ਨਾਲ ਲੜ-ਭਿੜ ਕੇ,
ਮਹੱਲੇ-ਦਾਰਾਂ ਦੇ ਪਿਆ ਕੱਪੜੇ ਸੀਂਦਾ ਏ।
ਜ਼ਹਿਨਾਂ ਦੀ ਤਹਿਜ਼ੀਬ ਲਈ ਕੋਈ ਪੜ੍ਹਦਾ ਨਹੀਂ,
ਡਿਗਰੀਆਂ ਲਈ ਪਿਆ ਸਿਰਫ਼ ਨਿਸਾਬ ਪੜ੍ਹੀਂਦਾ ਏ।
ਜਿਹੜਾ ਮੈਨੂੰ ਡਿਨਰ ਦਿੰਦਾ ਰਹਿੰਦਾ ਸੀ,
ਅੱਜ-ਕੱਲ੍ਹ ਮੇਰੇ ਪੱਲਿਉਂ ਸਿਗਰਟ ਪੀਂਦਾ ਏ।
ਸੋਚ, ਜ਼ਮੀਰ ਤੇ ਕੰਨ ਲਪੇਟੀ ਫਿਰਦੇ ਨੇ,
ਉੱਚਾ ਕੁਝ 'ਅਹਿਸਾਸ' ਨੂੰ ਪਿਆ ਸੁਣੀਂਦਾ ਏ।
2. ਲੋਕ ਝਾਤੀ ਪਾਉਣ ਨਾ ਕਿਰਦਾਰ 'ਤੇ
ਲੋਕ ਝਾਤੀ ਪਾਉਣ ਨਾ ਕਿਰਦਾਰ 'ਤੇ।
ਉਮਰ ਸਾਰੀ ਹਰਫ਼ ਚਾੜ੍ਹਨ ਦਾਰ 'ਤੇ।
ਰੁਲ ਗਿਆ 'ਸੱਚ', ਫੇਰ ਵੀ ਇੰਜ ਸੁਹਜ ਏ,
ਟਹਿਕਦਾ ਹਰ ਫੁੱਲ ਏ ਜਿਉਂ ਖ਼ਾਰ 'ਤੇ।
ਫ਼ੌਜ ਜਦ ਲਹਿਰਾਂ ਦੀ ਲੈ ਦਰਿਆ ਤੁਰਨ,
ਕੌਣ ਉਂਗਲੀ ਚੁੱਕ ਸਕੇ ਯਲਗ਼ਾਰ 'ਤੇ।
ਰਸ਼ਕ ਵਿੱਚ ਨੇ ਭੌਰ-ਭੰਵਰ ਕਾਸ ਤੋਂ?
ਗ਼ੌਰ ਕਰਨਾ ਹੁਸਨ ਦੇ ਇਨਕਾਰ 'ਤੇ।
ਜਜ਼ਬਿਆਂ ਦੀ ਸਾਣ੍ਹ 'ਤੇ ਮੈਂ ਰਗੜ ਕੇ,
ਉਂਗਲ਼ੀਆਂ ਫੇਰਾਂ ਅਨਾਂ ਦੀ ਧਾਰ 'ਤੇ।
ਮੈਂ ਕਦੀ ਸਾਈਕਲ 'ਤੇ ਵੀ ਭਾਵੇਂ ਤੁਰਾਂ,
ਉਹ ਸਲਾਮੀ ਦੇਣ ਮੈਨੂੰ ਕਾਰ 'ਤੇ।
ਮਸਜਿਦੇ ਭਾਵੇਂ ਮੈਂ ਜਾਂਦਾ ਹੋਵਸਾਂ,
ਲੋਕ ਆਖਣ ਹੁਣ ਏਂ ਕਿਹੜੀ ਮਾਰ 'ਤੇ?
3. ਜਦੋਂ ਵੀ ਜ਼ਿੰਦਗੀ ਝੋਲੀ ਪਸਾਰੇ, ਸ਼ਹਿਰ ਦੇ ਅੰਦਰ
ਜਦੋਂ ਵੀ ਜ਼ਿੰਦਗੀ ਝੋਲੀ ਪਸਾਰੇ, ਸ਼ਹਿਰ ਦੇ ਅੰਦਰ।
ਵਗਣ ਅਹਿਸਾਸ ਦੇ ਹੰਝੂ, ਵਿਚਾਰੇ, ਸ਼ਹਿਰ ਦੇ ਅੰਦਰ।
ਬੜੇ ਲੋਕੀਂ ਤਾਂ ਫੌੜ੍ਹੀ ਲੈ ਕੇ ਬੇਗ਼ਰਜ਼ੀ ਦੀ ਤੁਰਦੇ ਨੇ,
ਟੁਰੇ ਫਿਰਦੇ ਨੇ ਬਾਕੀ ਬੇਸਹਾਰੇ, ਸ਼ਹਿਰ ਦੇ ਅੰਦਰ।
ਨਾ ਬੰਦਾ ਵੇਖਦਾ ਸ਼ੀਸ਼ੇ ਤੋਂ, ਘੱਟਾ ਝਾੜ ਕੇ ਏਥੇ,
ਇਹ ਜੀਵਨ ਖ਼ੁਦ-ਫ਼ਰੇਬੀ ਦਾ, ਗੁਜ਼ਾਰੇ, ਸ਼ਹਿਰ ਦੇ ਅੰਦਰ।
ਕਿਸੇ 'ਘੁੱਗੀ' ਤੇ 'ਕਾਵਾਂ' ਨੇ, ਕਦੋਂ ਯਲਗ਼ਾਰ ਨਹੀਂ ਕੀਤੀ,
ਬੜਾ ਬੰਦਾ ਸਿਤਮ ਖ਼ਾਤਰ ਵੰਗਾਰੇ, ਸ਼ਹਿਰ ਦੇ ਅੰਦਰ।
ਨਜ਼ਰ ਮੇਲੋ-ਮੁਹੱਬਤ ਦੀ, ਜ਼ਰਾ ਤਮਹੀਦ ਤੇ ਬੱਝੇ,
ਮਿਰਾ ਦਿਲ ਖ਼ੁਆਬ ਕੁਝ ਝੂਠੇ, ਉਸਾਰੇ, ਸ਼ਹਿਰ ਦੇ ਅੰਦਰ।
4. ਇਸ਼ਕੇ ਵਿੱਚ ਇਕਲਾਪਾ ਵੀ, ਤੇ ਹੌਕੇ, ਹਾਵ੍ਹੇ, ਹਾੜ੍ਹੇ
ਇਸ਼ਕੇ ਵਿੱਚ ਇਕਲਾਪਾ ਵੀ, ਤੇ ਹੌਕੇ, ਹਾਵ੍ਹੇ, ਹਾੜ੍ਹੇ।
ਤਾਅਨੇ, ਮਿਹਣੇ, ਝਿੜਕਾਂ, ਧੱਕੇ, ਹੋਰ ਹਜ਼ਾਰਾਂ ਸਾੜੇ।
ਜਾਨ ਤੇ ਦਿਲ ਦੇ ਜਾਣ ਦਾ ਖ਼ਤਰਾ, ਜਾਨ ਸੁਕਾਈ ਰੱਖੇ,
ਸ਼ੌਕ ਦੀ ਖੇਤੀ ਬੀਜਣ ਲੱਗਿਆਂ ਕਿੰਨੇ ਪੈਣ ਪੁਆੜੇ।
ਰੱਖਦੇ ਨੇ ਸਭ ਅਪਣੀ ਖ਼ਾਤਰ ਯਾਦਾਂ 'ਤੇ ਜਗਰਾਤੇ,
ਉਨ੍ਹਾਂ ਦਾ ਦੁਖ ਕੌਣ ਵੰਡਾਵੇ, ਜਿਹੜੇ ਏਥੇ ਮਾੜੇ?
ਮਿਹਨਤ ਤੇ ਸਰਮਾਏ ਦੇ ਇਸ ਫ਼ਰਕ ਨੇ ਮਾਰ ਮੁਕਾਇਆ,
ਏਹੋ ਜਿਹੇ ਤੇ ਲੱਭਣ ਨਾਹੀਂ ਜਿਹੜੇ ਪੁੱਟਣ ਪਾੜੇ।
ਪਿਆਰ-ਵਫ਼ਾ ਦੇ ਪਿੜ ਵਿੱਚ ਦੇਖੋ ਕੌਣ ਰਿਹਾ ਅੱਜ ਜੇਤੂ?
ਮੁੱਕੇ-ਬਾਜ਼ੀ ਦੇ ਤੇ ਲੱਖਾਂ ਜਿੱਤਣ ਵਾਲੇ ਖਾੜੇ।
5. ਸੋਚ, ਸਿਆਪੇ, ਬੇਚੈਨੀ, ਤੇ ਸਾੜੇ ਆਖ਼ਰ ਕਿਉਂ
ਸੋਚ, ਸਿਆਪੇ, ਬੇਚੈਨੀ, ਤੇ ਸਾੜੇ ਆਖ਼ਰ ਕਿਉਂ?
ਅੱਖੀਂ ਹੜ੍ਹ ਤੇ ਬੁੱਲ੍ਹੀਂ ਰਹਿੰਦੇ ਹਾੜ੍ਹੇ ਆਖ਼ਰ ਕਿਉਂ?
ਹਰ ਬੰਦੇ ਨੂੰ ਕੀਵੇਂ ਦੀ ਇਹ ਚੁੱਖ ਅੱਜ ਲੱਗੀ ਏ,
ਸੋਚੋ ਹਸਦੀਆਂ ਅੱਖੀਆਂ ਲੱਗੀਆਂ ਤਾੜੇ ਆਖ਼ਰ ਕਿਉਂ?
ਤਾਕਤ ਦਾ ਸਰਚਸ਼ਮਾ ਆਪੇ ਤਾਕਤ ਨਾਲ ਦਬਾ,
ਐਨੇ ਡੂੰਘੇ ਪਾਈ ਜਾਉ ਪਾੜੇ ਆਖ਼ਰ ਕਿਉਂ?
ਆਤਿਸ਼ ਤੇ ਬਾਰੂਦੀ ਝੱਖੜ ਝੁੱਲਦੇ ਕਾਹਤੋਂ ਹੁਣ,
'ਆਮਿਰ' ਤੇ 'ਜਮਹੂਰ' ਦੇ ਲੱਗਦੇ ਖਾੜੇ ਆਖ਼ਰ ਕਿਉਂ?
ਦੌਲਤ ਦੀ ਤਕਸੀਮ ਕਰੋ ਜਦ, ਇਹ ਗੱਲ ਸੋਚੋ ਵੀ,
ਮਾੜੇ, ਹੋਰ ਵੀ ਹੋਈ ਜਾਂਦੇ ਮਾੜੇ ਆਖ਼ਰ ਕਿਉਂ?
|