ਪੰਜਾਬੀ ਕਲਾਮ ਮੁਹੰਮਦ ਇਕਬਾਲ ਨਜਮੀ
1. ਭੈੜੇ ਨਾਲ ਮਤੱਕਾ ਲਾਉਣਾ ਚੰਗਾ ਨਈਂ
ਭੈੜੇ ਨਾਲ ਮਤੱਕਾ ਲਾਉਣਾ ਚੰਗਾ ਨਈਂ।
ਰਾਹੇ ਜਾਂਦਿਆਂ ਲੰਗ ਲਹਾਣਾ ਚੰਗਾ ਨਈਂ।
ਅੱਤ ਖ਼ੁਦਾ ਦਾ ਵੈਰ ਹਮੇਸ਼ਾ ਹੁੰਦਾ ਏ,
ਮਜ਼ਲ੍ਹੂਮਾਂ ਨੂੰ ਦਾਰ ਚੜ੍ਹਾਣਾ ਚੰਗਾ ਨਈਂ।
ਸੱਪਾਂ ਨਾਲੋਂ ਜ਼ਹਿਰੀਂ ਅੱਜ ਦੇ ਬੰਦੇ ਜੇ,
ਇਹਨਾਂ ਤਾਈਂ ਮੀਤ ਬਨਾਣਾ ਚੰਗਾ ਨਈਂ।
ਕਿਉਂ ਗੁਆਣਾ ਏਂ ਅਪਣੀ ਉਮਰ ਕਮਾਈ ਤੁੰ,
ਪਰਛਾਈਆਂ ਦੇ ਪਿੱਛੇ ਜਾਣਾ ਚੰਗਾ ਨਈਂ।
ਜੀਵਨ ਬੇੜੀ ਓੜਕ ਇਕ ਦਿਨ ਡੁਬਣਾ ਏ,
ਇਸ ਤੇ ਆਸ ਦਾ ਮਹਿਲ ਬਨਾਣਾ ਚੰਗਾ ਨਈਂ।
ਮਰ ਜਾਵੇਂਗਾ ਵਾਂਗ ਚਕੋਰਾਂ ਉੱਡ ਉੱਡ ਕੇ,
ਚੰਨ ਨਾਲ ਵੱਧ ਵੱਧ ਜੱਫੇ ਪਾਣਾ ਚੰਗਾ ਨਈਂ।
ਚੰਗੇ ਕੰਮ ਦੀ ਖੁਸ਼ਬੂ ਆਪੇ ਖਿਲਰੇਗੀ,
'ਨਜਮੀ' ਇਸ ਲਈ ਢੋਲ ਵਜਾਣਾ ਚੰਗਾ ਨਈਂ।
2. ਵਿੱਚ ਸ਼ਰੀਕਾਂ ਤੂੰ ਸਾਨੂੰ ਬਦਨਾਮ ਕਰੇਂ
ਵਿੱਚ ਸ਼ਰੀਕਾਂ ਤੂੰ ਸਾਨੂੰ ਬਦਨਾਮ ਕਰੇਂ।
ਸਾਡੀਆਂ ਜਿੱਤਾਂ ਥਾਂ ਥਾਂ ਤੇ ਬਦਨਾਮ ਕਰੇਂ।
ਇੱਕੋ ਵਾਰੀ ਡਾਂਗੋ ਡਾਂਗੀ ਹੋ ਲੈ ਤੂੰ,
ਰੋਜ਼-ਦਿਹਾੜੀ ਕਾਹਨੂੰ ਪਹੀਆ ਜਾਮ ਕਰੇਂ।
ਫੁਟਪਾਥਾਂ ਤੇ ਬਿਸਤਰ ਲੱਗੇ ਦੇਖੇਂ ਜੇ,
ਕੋਠੀਆਂ ਵਿੱਚ ਨਾ ਬਹਿਕੇ ਤੂੰ ਆਰਾਮ ਕਰੇਂ।
ਸਫ਼ਰਾਂ ਦੀ ਔਖਿਆਈ ਕੀ ਏ ਜਾਣ ਲਵੇਂ,
ਚੜ੍ਹਦੇ ਸੂਰਜ ਵਾਂਗੂੰ ਜੇ ਤੂੰ ਸ਼ਾਮ ਕਰੇਂ।
ਝੂਠ ਦੇ ਨ੍ਹੇਰੇ ਬੁੱਕਲ ਮਾਰ ਕੇ ਨੱਸ ਜਾਵਣ,
ਸੱਚ ਦਾ ਚਾਨਣ ਜੇ ਤੂੰ ਏਥੇ ਆਮ ਕਰੇਂ।
ਤੇਰੀ ਮਨਤਾ ਗੁਲਸ਼ਨ ਗੁਲਸ਼ਨ ਹੋ ਜਾਵੇ,
ਜੇ ਤੂੰ ਜ਼ਹਿਰੀ ਕੰਡਿਆਂ ਨੂੰ ਗੁਲਫ਼ਾਮ ਕਰੇਂ।
ਤੇਰੇ ਪਿਆਰ ਦੇ ਜਾਦੂ ਨੂੰ ਫਿਰ ਮੰਨਾਂ ਗੇ,
ਇਸ ਪੱਥਰ ਨੂੰ ਜੇ ਤੂੰ 'ਨਜਮੀ' 'ਰਾਮ' ਕਰੇਂ।
3. ਪਹਿਲਾਂ ਸਭਨਾਂ ਨੇ ਸਮਝਾਇਆ, ਟਸ ਤੋਂ ਮਸ ਨਾ ਹੋਇਆ
ਪਹਿਲਾਂ ਸਭਨਾਂ ਨੇ ਸਮਝਾਇਆ, ਟਸ ਤੋਂ ਮਸ ਨਾ ਹੋਇਆ।
ਠੱਗਿਆ ਜਦੋਂ ਜ਼ਮਾਨੇ ਨੇ ਤਾਂ, ਸਿਰ ਤੇ ਬਾਂਹ ਰੱਖ ਰੋਇਆ।
ਸਹਿਜ ਪੱਕੇ ਸੋ ਮਿੱਠਾ ਹੁੰਦਾ, ਕਹਿ ਗਏ ਗੱਲ ਸਿਆਣੇ,
ਕਾਹਲੀ ਕਰਿਆਂ ਕੀ ਫਾਇਦਾ ਏ, ਕਾਹਲੀ ਅੱਗੇ ਟੋਇਆ।
ਮੇਰੇ ਦਿਲ ਦਾ ਪੰਛੀ ਸੱਜਣਾਂ, ਤੈਥੋਂ ਦੱਸ ਕੀ ਮੰਗੇ,
ਤਾੜੀ ਮਾਰ ਉੜਾਈਂ ਨਾ ਇਹ, ਆਪ ਉਡਾਰੂ ਹੋਇਆ।
ਖੋਲ੍ਹ ਕੇ ਅਪਣ ਹਾਲ ਮੈਂ ਆਪੇ, ਅਪਣਾ ਭਰਮ ਗਵਾਇਆ,
ਜੀਹਨੂੰ ਸੱਜਣ ਸਮਝ ਰਿਹਾ ਸੀ, ਇਕ ਅੱਥਰੂ ਨਾ ਰੋਇਆ।
ਝੂਠੇ ਹਾਸੇ ਵਿੱਚ ਲੁਕਾਵਾਂ, ਅਪਣੀ ਜ਼ਖਮੀ ਰੂਹ ਨੂੰ,
ਦੇਖ ਕੇ ਲੋਕੀ ਦੱਸ ਨਹੀਂ ਸਕਦੇ, ਮੈਂ ਜਿਉਂਦਾ ਜਾਂ ਮੋਇਆ।
'ਨਜਮੀ' ਜਿਹੜੀਆਂ ਹੋ ਨਾ ਸੱਕਣ, ਉਹ ਗੱਲਾਂ ਸਭ ਚਾਹੁੰਦੇ,
ਅੱਕਾਂ ਨੂੰ ਤੇ ਅੰਬ ਨਹੀਂ ਲੱਗਦੇ, ਉਹ ਮਿਲਣਾ ਜੋ ਬੋਇਆ।
4. ਸਾਡੇ ਚਾਅ ਜੋ ਰੁੱਤ ਬਹਾਰੇ ਅੱਪੜੇ ਸਨ
ਸਾਡੇ ਚਾਅ ਜੋ ਰੁੱਤ ਬਹਾਰੇ ਅੱਪੜੇ ਸਨ।
ਤੇਰੇ ਪਿਆਰ ਦੀ ਪੀਂਘ ਹੁਲਾਰੇ ਅੱਪੜੇ ਸਨ।
ਠਿੱਲੇ ਹੋਏ ਬੇੜੇ ਦਰਦ ਫ਼ਿਰਾਕਾਂ ਦੇ,
ਆਸ ਦੇ ਕੰਢੀਂ ਪਿਆਰ ਸਹਾਰੇ ਅੱਪੜੇ ਸਨ।
ਚੰਨ ਮੇਰੇ ਦਾ ਹੋਇਆ ਰੂਪ ਸਵਾਇਆ ਏ,
ਇਹਦੇ ਨੇੜੇ ਰੌਸ਼ਨ ਤਾਰੇ ਅੱਪੜੇ ਸਨ।
ਜਿੱਥੋਂ ਤੋੜੀਂ ਦਿਲ ਚੰਦਰੇ ਦੀਆਂ ਹੱਦਾਂ ਸਨ,
ਉੱਥੋਂ ਤੋੜੀਂ ਤੇਰੇ ਲਾਰੇ ਅੱਪੜੇ ਸਨ।
ਭੈੜੇ ਮੂੰਹ ਵੀ ਤੂੰ ਉਹਨਾਂ ਨੂੰ ਪੁੱਛਿਆ ਨਈਂ,
ਤੇਰੇ ਤੱਕ ਜੋ ਲੋਕ ਵਿਚਾਰੇ ਅੱਪੜੇ ਸਨ।
ਜਦ ਦਾ 'ਨਜਮੀ' ਹਿਜਰ ਦਾ ਮੌਸਮ ਆਇਆ ਏ,
ਦਿਲ ਦੇ ਲਾਂਬੂ ਅੱਖ-ਚੁਬਾਰੇ ਅੱਪੜੇ ਸਨ।
5. ਹੁਣ ਤੇ ਪਿਆਰ ਵੀ ਮਿਲਦਾ ਨਹੀਂ ਬਿਨ ਕੀਮਤ ਦੇ
ਹੁਣ ਤੇ ਪਿਆਰ ਵੀ ਮਿਲਦਾ ਨਹੀਂ ਬਿਨ ਕੀਮਤ ਦੇ।
ਕੰਮ ਕੋਈ ਅੱਜ ਹੁੰਦਾ ਨਹੀਂ ਬਿਨ ਰਿਸ਼ਵਤ ਦੇ।
ਸਰਮਾਏ ਦੀ ਡੈਣ ਡਰਾਵੇ ਵੱਧ ਵੱਧ ਕੇ,
ਸੋਚ ਰਹੇ ਆਂ ਕਿੰਜ ਲੰਘਣ ਦਿਨ ਇੱਜ਼ਤ ਦੇ।
ਉਹਨਾਂ ਅੱਗੇ ਰੋ ਰੋ ਕੇ ਨਾ ਨੈਣ ਗਵਾ,
ਚਰਬ ਚੜ੍ਹੇ ਨੇ ਜਿਨ੍ਹਾਂ ਉੱਤੇ ਦੌਲਤ ਦੇ।
ਉਦੋਂ ਹੀ ਫਿਰ ਲੋਕੀ ਅੱਖਾਂ ਖੋਲ੍ਹਣਗੇ,
ਸਾਮ੍ਹਣੇ ਆਏ ਲੇਖ ਲਿਖੇ ਜਦ ਕਿਸਮਤ ਦੇ।
ਅੱਜ ਸੀਰਤ ਨੂੰ ਕੋਈ ਵੀ ਦੇਖਣ ਵਾਲਾ ਨਈਂ,
ਸਭ ਦੀਵਾਨੇ ਹੁੰਦੇ ਦੇਖੇ ਸੂਰਤ ਦੇ।
ਸੱਚਾਈ ਦਾ ਸੂਰਜ ਝਲਕ ਦਿਖਾਏਗਾ,
ਬੱਦਲ ਵਰ੍ਹ ਕੇ ਜਾਵਣਗੇ ਜਦ ਹੈਰਤ ਦੇ।
ਰੱਜਿਆ ਰੋਂਦਾ, ਭੁੱਖਾ ਸੌਂਦਾ ਡਿੱਠਾ ਏ,
ਵੇਖ ਕ੍ਰਿਸ਼ਮੇਂ 'ਨਜਮੀ' ਉਹਦੀ ਕੁਦਰਤ ਦੇ।
|