ਪੰਜਾਬੀ ਗ਼ਜ਼ਲਾਂ ਮੁਹੰਮਦ ਅਬਦੁੱਲਾ ਯਾਸੀਨ
1. ਤਦਬੀਰਾਂ ਦੇ ਡੱਕੋ ਡੋਲੇ, ਮੰਜ਼ਲ ਦੂਰ ਹਨੇਰੇ ਵਿੱਚ
ਤਦਬੀਰਾਂ ਦੇ ਡੱਕੋ ਡੋਲੇ, ਮੰਜ਼ਲ ਦੂਰ ਹਨੇਰੇ ਵਿੱਚ।
ਜਿਨ੍ਹਾਂ ਘੇਰਿਉਂ ਬਾਹਰ ਮੈਂ ਜਾਣਾ, ਉਨ੍ਹਾਂ ਈ ਰਹਿਣਾ ਘੇਰੇ ਵਿੱਚ।
ਖ਼ੌਰੇ ਕਿਸਰਾਂ ਸੱਤ ਤਵਾਫ਼, ਕਰਾਂਗੇ ਤੇਰੇ ਕੂਚੇ ਦੇ,
ਮੇਰਾ ਹਾਲ ਤਾਂ ਡਾਢਾ ਮੰਦਾ, ਹੋ ਗਿਆ ਇੱਕੋ ਫੇਰੇ ਵਿੱਚ।
ਤੇਰੇ ਸੂਹਣ ਕਦੀ ਨਹੀਂ ਕੀਤਾ, ਰੋਸ਼ਨ ਮੇਰੀ ਝੁੱਗੀ ਨੂੰ,
ਮੇਰੇ ਦਿਲ ਦਾ ਚਾਨਣ ਹਰ ਦਮ, ਤੇਰੇ ਮਹਿਲ ਉਚੇਰੇ ਵਿੱਚ।
ਸੋਹਣਿਆਂ ਵਾਂਗੂੰ ਉਹਨਾਂ ਈ ਪੈਰਾਂ, 'ਤੇ ਜੋ ਅਹਿਦ ਤਰੋੜਾਂ ਮੈਂ,
ਤੂੰ ਹੀ ਦੱਸ ਫਿਰ ਫ਼ਰਕ ਰਹਵੇ ਕੀ, ਤੇਰੇ ਵਿਚ ਤੇ ਮੇਰੇ ਵਿੱਚ।
ਤੇਰੀ ਨਜ਼ਰ ਸਵੱਲੀ ਦਾ ਏ, ਸਦਕਾ ਚਾਨਣ ਲਾ ਗਏ ਨੇ,
ਸੂਰਜ, ਚੰਨ, ਸਿਤਾਰੇ ਸਾਰੇ ਈ, 'ਯਾਸੀਨ' ਦੇ ਡੇਰੇ ਵਿੱਚ।
2. ਮੇਰੀ ਆਸ ਭਲੀ ਦੀਆਂ ਕੰਧਾਂ, ਬਣਦੀਆਂ ਬਣਦੀਆਂ ਢਹਿ ਗਈਆਂ ਨੇ
ਮੇਰੀ ਆਸ ਭਲੀ ਦੀਆਂ ਕੰਧਾਂ, ਬਣਦੀਆਂ ਬਣਦੀਆਂ ਢਹਿ ਗਈਆਂ ਨੇ।
ਮੇਰੇ ਦਿਲ ਦੀਆਂ ਸਾਰੀਆਂ ਸਹੁਣੀਆਂ, ਮੇਰੇ ਦਿਲ ਵਿੱਚ ਰਹਿ ਗਈਆਂ ਨੇ।
ਮੇਰੇ ਵੱਲ ਤਵੱਜਾ ਤੋਬਾ, ਮੇਰੇ ਵਲ ਤੇ ਵਿੰਹਦਾ ਹੀ ਨਹੀਂ,
ਉਹਦੀਆਂ ਸਖੀਆਂ ਉਹਦੇ ਕੰਨ ਵਿਚ, ਖ਼ੌਰੇ ਕੀ ਕੁਝ ਕਹਿ ਗਈਆਂ ਨੇ।
ਉਹਨਾਂ ਨੂੰ ਫਿਰ ਕਿਸੇ ਵੀ ਛਾਂ ਨੇ, ਅਪਣੇ ਸੀਨੇ ਲਾਇਆ ਨਹੀਂ,
ਜਿਹੜੀਆਂ ਕਿਸੇ ਪਿਆਰ ਦੇ ਬੂਟੇ, ਹੇਠ ਜ਼ਰਾ ਕੁ ਬਹਿ ਗਈਆਂ ਨੇ।
ਹੌਲੀ ਹੌਲੀ ਹੋ ਗਿਆ ਏ ਵਾਕਿਫ਼, ਪੁਰਾਣੀ ਉਹਦੀ ਆਦਤ ਤੋਂ,
ਲੰਮੀਆਂ ਲੰਮੀਆਂ ਆਸਾਂ ਦਿਲ ਦੀਆਂ, ਦਿਲ ਦੇ ਨਾਲੋਂ ਲਹਿ ਗਈਆਂ ਨੇ।
ਹੁਣ 'ਯਾਸੀਨ' ਨਾ ਕਾਹਲਾ ਪਉ ਤੂੰ, ਅੱਲਾ ਤੇਰੀ ਸੁਣ ਲਈ ਏ,
ਹੁਣ ਵਰਾਗ ਦੇ ਦਿਨ ਦੀਆਂ ਬਸ ਆ, ਇਕ ਦੋ ਘੜੀਆਂ ਰਹਿ ਗਈਆਂ ਨੇ।
3. ਤਾਰਿਆਂ ਉੱਤੇ ਪੈਰ ਟਿਕਾਵੇ, ਸੋਹਣਾ ਮੋਰ ਦੀ ਚਾਲ ਟੁਰੇ
ਤਾਰਿਆਂ ਉੱਤੇ ਪੈਰ ਟਿਕਾਵੇ, ਸੋਹਣਾ ਮੋਰ ਦੀ ਚਾਲ ਟੁਰੇ।
ਜਿਧਰ ਜਿਧਰ ਵੀ ਉਹ ਜਾਵੇ, ਚੰਨ ਵੀ ਉਹਦੇ ਨਾਲ ਟੁਰੇ।
ਸੱਤੀਂ ਪਾਸੀਂ ਅਕਲਾਂ ਵਾਲੀ, ਕਾਲੀ ਨ੍ਹੇਰੀ ਝੁੱਲੀ ਸੀ,
ਉਹੋ ਰਾਹ ਨਾ ਭੁੱਲੇ ਜਿਹੜੇ, ਦਿਲ ਦਾ ਦੀਵਾ ਬਾਲ ਟੁਰੇ।
ਤੋਬਾ ਤੋਬਾ ਚੰਨਾ ਤੇਰਾ, ਐਡੀ ਦੂਰ ਵਸੇਰਾ ਸੀ,
ਏਥੋਂ ਤਾਈਂ ਪਹੁੰਚਣ ਲਈ ਅਸੀਂ, ਖ਼ੌਰੇ ਕਿੰਨੇ ਸਾਲ ਟੁਰੇ।
ਕੁੱਝ ਨਾ ਵੇਖਣ ਸੋਚਣ ਸਿਰ ਤੋਂ, ਲਾਹ ਕੇ ਹੱਥ ਫੜਾਵਣ ਚਾ,
ਇਹ ਮੈਖ਼ਾਨਾ ਏ ਏਥੇ ਹਰ ਕੋਈ, ਅਪਣੀ ਪੱਗ ਸੰਭਾਲ ਟੁਰੇ।
ਬਿਨਾ ਸ਼ਿਫ਼ਾਰਸ ਉਹ ਨਹੀਂ ਭਾਂਦੇ, ਮਜਲਿਸ ਦੇ ਵਿਚ ਆਸ਼ਿਕ ਨੂੰ,
ਹੈ ਕੋਈ ਜਿਹੜਾ ਤਰਸ ਕਰੇ ਤੇ 'ਯਾਸੀਨ' ਦੇ ਨਾਲ ਟੁਰੇ।
4. ਜੀਵਨ ਦਾ ਇਤਬਾਰ ਨੇ ਟੋਟੇ ਵੰਗਾਂ ਦੇ
ਜੀਵਨ ਦਾ ਇਤਬਾਰ ਨੇ ਟੋਟੇ ਵੰਗਾਂ ਦੇ।
ਤਾਂਘਾਂ ਦਾ ਲਿਸ਼ਕਾਰ ਨੇ ਟੋਟੇ ਵੰਗਾਂ ਦੇ।
ਤੇਰੇ ਕੋਲ ਨੇ ਚੂੜੀਆਂ ਛਣ ਛਣ ਛਣਕਦੀਆਂ,
ਮੇਰੇ ਕੋਲ ਸਰਕਾਰ ਨੇ ਟੋਟੇ ਵੰਗਾਂ ਦੇ।
ਨਿੱਘੀ ਨੇਕ ਨਿਸ਼ਾਨੀ ਸੋਹਣਿਆਂ ਸ਼ਗਨਾਂ ਦੀ,
ਉਲਫ਼ਤ ਦਾ ਇਕਰਾਰ ਨੇ ਟੋਟੇ ਵੰਗਾਂ ਦੇ।
ਗ਼ਮ ਜਦਿਆਂ ਤੋਂ ਇਹ ਨਹੀਂ ਕਦੀ ਵੀ ਵਿਛੜ ਦੇ,
ਇਕਲਾਪੇ ਦੇ ਯਾਰ ਨੇ ਟੋਟੇ ਵੰਗਾਂ ਦੇ।
ਪਲ ਪਲ ਦਿਲ ਨੂੰ ਨਵਾਂ ਸੁਨੇਹਾ ਦਿੰਦੇ ਨੇ,
ਜ਼ਿੰਦਗੀ ਦਾ ਖੜਕਾਰ ਨੇ ਟੋਟੇ ਵੰਗਾਂ ਦੇ।
ਏਦੋਂ ਵਧ ਕੇ ਕਿੱਥੇ ਰੱਖਾਂ ਇਹਨਾਂ ਨੂੰ,
ਦਿਲ ਦੇ ਅੱਧ ਵਿਚਕਾਰ ਨੇ ਟੋਟੇ ਵੰਗਾਂ ਦੇ।
5. ਦੇਖ ਤੇਰੇ ਬਰਤਾਰੇ ਕਿਉਂ ਨਾ, ਨਿਕਲਣ ਮੇਰੀਆਂ ਚੀਕਾਂ
ਦੇਖ ਤੇਰੇ ਬਰਤਾਰੇ ਕਿਉਂ ਨਾ, ਨਿਕਲਣ ਮੇਰੀਆਂ ਚੀਕਾਂ।
ਦੁਸ਼ਮਣ ਰੋਜ਼ ਨਜ਼ਾਰੇ ਲੁੱਟਣ, ਮੈਨੂੰ ਨਿੱਤ ਤਰੀਕਾਂ।
ਵੇਖਕੇ ਫਿਸਲੇ ਯਾਰ ਮੇਰੇ ਪਏ, ਰਾਹ ਜਾਂਦੇ ਦੀ ਝਲਕੀ,
'ਯੂਸਫ਼' ਸੁਹਣਾ ਮਨੋਂ ਭੁਲਾਇਆ, ਮਿਸਰ ਦਿਆਂ ਵਸਨੀਕਾਂ।
ਮੈਂ ਵੀ ਜ਼ਿੱਦੀ ਬੜਾ ਸਾਂ ਮੈਂ ਵੀ, ਕਿਧਰੇ ਨਹੀਂ ਸਾਂ ਝੁਕਿਆ,
ਨੱਕ ਦੇ ਨਾਲ ਕਢਾ ਛੱਡੀਆਂ ਨੇ, ਪਿਆਰ ਤੇਰੇ ਨੇ ਲੀਕਾਂ।
ਮੈਂ ਹਾਂ ਆਜਿਜ਼ ਰੋ ਰੋ ਰੱਬਾ, ਅਰਜ਼ ਗੁਜ਼ਾਰਨ ਜੋਗਾ,
ਤੂੰ ਜੇ ਚਾਹਵੇਂ ਯਾਰ ਮਿਲਾਦੇ, ਤੈਨੂੰ ਸਭ ਤੌਫ਼ੀਕਾਂ।
ਤੂੰ ਤੇ ਭਾਵੇਂ ਭੁੱਲ ਗਿਆ ਏਂ, ਗ਼ੈਰਾਂ ਦੇ ਸੰਗ ਰਲ ਕੇ,
ਮੈਂ 'ਯਾਸੀਨ' ਤਿਰਾ ਵਾਂ ਮੈਨੂੰ, ਤੇਰੀਆਂ ਨਿੱਤ ਉਡੀਕਾਂ।
|