Rasool Hamzatov
ਰਸੂਲ ਹਮਜ਼ਾਤੋਵ

Punjabi Writer
  

Misc Poetry Rasool Hamzatov Poetry in Punjabi

ਰਸੂਲ ਹਮਜ਼ਾਤੋਵ ਦੀਆਂ ਕਵਿਤਾਵਾਂ ਦਾ ਪੰਜਾਬੀ ਅਨੁਵਾਦ

1. ਇੱਕ ਸੌ ਲੜਕੀਆਂ ਨੂੰ ਮੈਂ ਕਰਾਂ ਪਿਆਰ

ਇੱਕ ਸੌ ਔਰਤਾਂ ਮੈਨੂੰ ਪਸੰਦ ਹਨ,
ਮੈਂ ਉਨ੍ਹਾਂ ਨੂੰ ਚੱਤੋ ਪਹਿਰ ਦੇਖਦਾ ਰਵਾਂ ।
ਜਾਗਦਾ, ਸੁੱਤਾ, ਹੋਵਾਂ ਬੇਹੋਸ਼ੀ ਵਿੱਚ,
ਜਾਂ ਮੈਂ ਉਡਦਾ ਵਿੱਚ ਅਸਮਾਨੀਂ,
ਪਰ ਉਨ੍ਹਾਂ ਨੂੰ ਮਿਟਾ ਨਹੀਂ ਸਕਦਾ ਮੈਂ ਆਪਣੇ ਚਿਤਰਪਟ ਤੋਂ ।
ਇੱਕ ਕੁੜੀ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ,
ਪਹਿਲੀ ਖੁਸ਼ੀ ਉਹਨੇ ਉਗਾਈ ਸੀ ਮੇਰੇ ਦਿਲ ਵਿੱਚ,
ਜਦੋਂ ਝਰਨੇ ਵਲ ਆਉਂਦੀ ਉਹ ਮਿਲੀ ਸੀ ਪਹਿਲੀ ਵਾਰ,
ਇੱਕ ਨੰਗੇ ਪੈਰੀਂ ਘੁੰਮ ਰਹੇ ਪਿੰਡ ਦੇ ਮੁੰਡੇ ਨੂੰ ।
ਨਿੱਕੀ ਜੇਹੀ ਇਹ ਕੁੜੀ ਦੂਰੋਂ ਲੱਗ ਰਹੀ ਸੀ,
ਆਪਣੀ ਗਾਗਰ ਤੋਂ ਵੀ ਛੋਟੀ ਮੁਟਿਆਰ ।
ਉਹ ਝੁਕੀ ਸੀ ਭਰਨ ਲਈ ਝਰਨੇ 'ਚੋਂ ਗਾਗਰ ਜਦੋਂ,
ਠੰਡਾ ਸੀ ਜਲ ਸੀਤ ਚੜ੍ਹਦਾ ਸੀ ।
ਠੰਡਾ ? ਨਹੀਂ !ਨਹੀਂ !ਠੰਡਾ ਨਹੀਂ
ਖੜੇ ਖੜੇ, ਮੈਨੂੰ ਲੱਗਾ ਇਉਂ
ਜਲਾ ਰਿਹਾ ਹੈ ਇਹ ਮੇਰੀ ਦੇਹ
ਮੇਰੇ ਬਦਨ ਤੇ ਡੰਕ ਚਲਾ ਰਿਹਾ ਹੈ ਇਹ ।
ਉਸਦੀ ਨਜ਼ਰ ਗਹਿਰੀ ਡੂੰਘੀ ਤੇ ਨਿਰਛਲ,
ਅੱਜ ਤਕ ਵੀ ਹੋ ਰਹੀ ਹੈ ਇਹ ਮੇਰੇ ਅੰਦਰ ਦਾਖਲ ।
ਬਾਅਦ ਵਿੱਚ, ਐਵੇਂ ਵਿਹਲ ਗੁਜਾਰਨ ਗਿਆ ਸੀ
ਮੈਂ ਘੁਗੀ ਰੰਗੇ ਕੈਸਪੀਅਨ ਸਾਗਰ ਦੇ ਕਿਨਾਰੇ,
ਮੈਂ ਇੱਕ ਕੁੜੀ ਨੂੰ ਕਰਨ ਲਗ ਪਿਆ ਸੀ ਪਿਆਰ
ਪਰ ਬਹੁਤਾ ਹੀ ਸ਼ਰਮਾਕਲ ਜਿਹਾ ਸੀ ਮੈਂ
ਦੇ ਨਾ ਸਕਿਆ ਸੀ ਉਸਦੇ ਦਰ ਤੇ ਦਸਤਕ ਅਜੇ ਤੱਕ ।
ਤਾਂ ਮੈਂ ਘੁੰਮਿਆ ਕਰਾਂ ਉਹਦੇ ਘਰ ਦੇ ਦੁਆਲੇ,
ਵਿਆਕੁਲ ਇੱਕ ਪ੍ਰੇਮੀ ਨੀਮ ਪਾਗਲ ਵਾਕੁਰ,
ਇੱਕ ਮੇਪਲ ਦੇ ਦਰਖਤ ਤੇ ਚੜ੍ਹਕੇ ਮੈਂ ਵੇਖਣਾ ਚਾਹੁੰਦਾ
ਘੁੱਪ ਹਨੇਰੇ ਵਿੱਚ ਹੀ ਕਿਤੇ ਦਿਖ ਪਏ ਉਹਦੀ ਛਾਇਆ :
ਉਥੇ ਤੀਜੀ ਮੰਜਿਲ ਤੇ ਰਹਿੰਦੀ ਸੀ ਉਹ ।
ਅਤੇ ਹੁਣ ਵੀ ਜਵਾਨ ਕੁੜੀ ਮੈਨੂੰ ਧੂਹ ਪਾਉਂਦੀ ਹੈ ਉਹ ।

ਅਤੇ ਇੱਕ ਹੋਰ ਜਵਾਨ ਕੁੜੀ ਸੀ
ਜੋ ਟ੍ਰੇਨ ਤੇ ਯਾਤਰਾ ਕਰ ਰਹੀ ਸੀ
ਮਾਸਕੋ ਮੇਲ ਮਾਸਕੋ ਲਈ ਰਵਾਂ ਸੀ
ਅਤੇ ਉਸ ਜਵਾਨ ਕੁੜੀ ਨੂੰ ਵੀ ਮੈਂ
ਮੁੜ ਮੁੜ ਵੇਖਾਂ ਕਦੇ ਨਾ ਥੱਕਾਂ ।
ਮੈਂ ਅਹਿਸਾਨਮੰਦ ਹਾਂ, ਉਸ ਬੁਕਿੰਗ ਕਲਰਕ ਦਾ,
ਜੀਹਨੇ ਉਹਨੂੰ ਮੇਰੇ ਕੋਲ ਬਿਠਾ ਦਿੱਤਾ ਸੀ
ਤੇ ਵੱਡੀ ਸਾਰੀ ਇੱਕ ਖਿੜਕੀ ਦੇ ਥਾਣੀਂ
ਅਸੀਂ ਮਿਲ ਕੇ ਦੇਖ ਰਹੇ ਸਾਂ
ਧਰਤ ਸੁਹਾਵੀ ਦਾ ਇੱਕ ਅਦਭੁਤ ਨਜਾਰਾ ।
ਅਤੇ ਇਸ ਕੁੜੀ ਦੇ ਸੰਗ ਸਾਥ ਚਾਈਂ ਚਾਈਂ ਕਰ ਸਕਦਾ ਸੀ,
ਮੈਂ ਦੁਨੀਆਂ ਭਰ ਦੀ ਉਮਰਾਂ ਜਿੰਨੀ ਲੰਮੀ ਯਾਤਰਾ ।
ਇੱਕ ਕੁੜੀ ਗ਼ੁੱਸੈਲ ਜੀਹਨੂੰ ਮੈਂ ਹੁਣ ਵੀ ਪਿਆਰ ਕਰਦਾ ਹਾਂ
ਡਾਹਢੀ ਸੀ ਉਹ ਬੜੀ,
ਮੁਸਕਲ ਸੀ ਉਸ ਨਾਲ ਤਕਰਾਰ,
ਉਹਨੂੰ ਜਦੋਂ ਵਹਿਸ਼ਤ ਚੜ੍ਹ ਜਾਇਆ ਕਰੇ
ਮੇਰੇ ਕਾਗਜ ਪਤਰ ਸਾਰੇ ਪਾੜ ਵਗਾਹਿਆ ਕਰੇ ।
ਇੱਕ ਹੋਰ ਕੁੜੀ ਜਿਸ ਨੂੰ ਮੈਂ ਹੁਣ ਵੀ ਪਿਆਰ ਕਰਦਾ ਹਾਂ
ਖੁਸ਼ ਖੁਸ਼ ਚਮਕੀਲੀਆਂ ਅੱਖਾਂ ਵਾਲੀ,
ਸੈਂਕੜੇ ਗੁਣਾਂ ਤੇ ਹੋਰ ਵੀ ਜਿਆਦਾ ਉਹ ਸਿਫਤਾਂ ਕਰਿਆ ਕਰੇ ,
ਮੇਰੀਆਂ ਕਵਿਤਾਵਾਂ ਦੀ ਹੀਂਘ ਅਸਮਾਨੀਂ ਚੜ੍ਹਾਇਆ ਕਰੇ ।
ਇੱਕ ਕੁੜੀ ਜੋ ਕੁਪੱਤੀ ਬੜੀ ਮੈਂ ਉਸ ਦਾ ਆਸ਼ਿਕ ਹਾਂ ।
ਇੱਕ ਸਧਾਰਣ ਜਿਹੀ ਕੁੜੀ ਹੈ,
ਉਹਨੂੰ ਵੀ ਮੈਂ ਖੂਬ ਪਿਆਰ ਕਰਦਾ ਹਾਂ ।
ਤੇ ਇੱਕ ਹੋਰ ਮੈਨੂੰ ਪਸੰਦ ਹੈ ਸੁਘੜ ਸਿਆਣੀ ਬੜੀ ।
ਤੇ ਇੱਕ ਹੈ ਭਾਵੁਕਤਾ ਦੀ ਪੁੰਜ ਨਿਰੀ ।
ਤੇ ਇੱਕ ਇਸ ਖੇਡ ਸਾਰੀ ਨੂੰ ਬੋਰ ਕਹਿੰਦੀ ਹੈ ।
ਇੱਕ ਕੁੜੀ ਸੁਭਾ ਦੀ ਸ਼ੀਲ ਬਹੁਤ ।
ਹਸਮੁੱਖ ਕੁੜੀ ਵੀ ਇੱਕ ਮੇਰੀ ਮੁਹਬਤ
ਨਾਲੇ ਸਹਿਣਸ਼ੀਲ ਉਹ ਲੋਹੜੇ ਦੀ ।
ਇੱਕ ਕੁੜੀ ਜਿਸਨੂੰ ਮੈਂ ਪੂਜਦਾ ਹਾਂ,
ਹਰ ਸ਼ਹਿਰ ਵਿੱਚ ਹਰ ਪਿੰਡ ਵਿੱਚ ।
ਹੋਰ ਦਰਜਨਾਂ ਵਿਦਿਆਰਥੀ ਕੁੜੀਆਂ ਹਨ
ਉਹ ਸਾਰੀਆਂ ਗਰਮਾ ਦਿੰਦੀਆਂ ਮੇਰੇ ਅਹਿਸਾਸ
ਪਿਆਰ ਨਾਲ ਮੈਂ ਉਨ੍ਹਾਂ ਸਭ ਨੂੰ ਬੁਲਾਉਂਦਾ ਹਾਂ
ਕਹਿ ਕੇ 'ਮੇਰੀ ਪਿਆਰੀ','ਮੇਰੀ ਕਬੂਤਰੀ'
ਜੋਸ਼ੀਲੇ ਜਨੂੰਨ ਦੇ ਨਾਲ ਬੁਲਾਉਂਦਾ ਹਾ ।

ਇੱਕ ਸੌ ਲੜਕੀਆਂ ਨੂੰ ਮੈਂ ਕਰਦਾ ਹਾਂ ਪਿਆਰ
ਇੱਕ ਸਮਾਨ ਜਨੂੰਨ ਅਤੇ ਉਤਸ਼ਾਹ ਦੇ ਨਾਲ ।
ਤੂੰ ਮੈਨੂੰ ਕਿਉਂ ਤਕਦੀ ਏਂ ਇਉਂ ਅੱਖਾਂ ਪਾੜ ਪਾੜ
ਤੱਕੇ ਜਿਵੇਂ ਕੋਈ ਵੈਰੀ ਆਪਣੇ ਨੂੰ ?
"ਇੱਕ ਸੌ ਵਿੱਚੋਂ ਇੱਕ ਹਾਂ ਮੈਂ,
ਮੈਨੂੰ ਇਹ ਦੱਸਣ ਲਈ ਤੇਰਾ ਧੰਨਵਾਦ !"
ਨਹੀਂ, ਰੁਕੀਂ ! ਸੌ ਨਹੀਂ,
ਕੀ ਤੂੰ ਵੇਖ ਸਕਦੀ ਨਹੀਂ ?
ਤੇਰੇ ਵਿੱਚ ਹੀ ਦਿਖਾਈ ਦੇਣ ਮੈਨੂੰ,
ਉਹ ਸਾਰੀਆਂ ਦੀਆਂ ਸਾਰੀਆਂ ।
ਇੱਕ ਸੌ ਲੜਕੀਆਂ ਤੂੰ ਹੀ ਹੈਂ ਮੇਰੇ ਲਈ,
ਤੇ ਮੈਂ ਇਕੱਲਾ ਤੇਰਾ ਹਾਂ ਸਾਰੇ ਦਾ ਸਾਰਾ ।
ਉਸ ਸਮੇਂ ਜਦੋਂ ਮੈਂ ਅਵਾਰਾ ਘੁੰਮ ਰਿਹਾ ਸੀ,
ਨੰਗੇ ਪੈਰੀਂ ਇੱਕ ਪਿੰਡ ਦਾ ਮੁੰਡਾ,
ਤੂੰ ਹੀ ਸੀ ਉਹ ਝਰਨੇ ਵਲ ਆਉਂਦੀ ਮਿਲੀ ਸੀ ਜੋ,
ਜਿਸ ਨੇ ਉਗਾਈ ਸੀ ਮੇਰੇ ਦਿਲ ਵਿੱਚ ਪਹਿਲੀ ਖੁਸ਼ੀ ।
ਅਤੇ ਉਸ ਸ਼ਹਿਰ ਵਿੱਚ ਸਮੁੰਦਰ ਕਿਨਾਰੇ,
ਜਿੱਥੇ ਵਗਦੀਆਂ ਸਨ ਨਮਕੀਨ ਹਵਾਵਾਂ,
ਜਰੂਰ ਯਾਦ ਹੋਵਾਂਗਾ ਤੈਨੂੰ ਮੈ ਪਾਗਲ ਦੀਵਾਨਾ,
ਮੇਰੀ ਜਵਾਨੀ ਨੇ ਬਣਾ ਲਿਆ ਸੀ ਤੈਨੂੰ ਮਕਸਦ ਆਪਣਾ ।
ਅਵਸ਼ ਯਾਦ ਹੋਣੀ ਹੈ ਤੇਰੇ ਕੰਨਾਂ ਨੂੰ ਉਹ ਸਦਾ,
ਮਾਸਕੋ ਮੇਲ ਦੇ ਤੇਜ਼ ਦੌੜਦੇ ਪਹੀਆਂ ਦੀ ਗੂੰਜ ।
ਤੂੰ ਇੱਕ, ਇੱਕ ਸੌ ਲੜਕੀਆਂ ਹਨ ਤੇਰੇ ਹੀ ਵਿੱਚ,
ਅਤੇ ਉਨ੍ਹਾਂ ਸਭ ਨੂੰ ਘੁੱਟ ਘੁੱਟ ਜੱਫੀਆਂ ਪਾਵਾਂ ।
ਤੇਰੇ ਹੀ ਵਿੱਚ ਮੈਂਨੂੰ ਦੁੱਖ ਸੁੱਖ ਦੋਨਾਂ ਦਾ ਮਜ਼ਾ ਮਿਲ ਜਾਵੇ,
ਠੰਡੀ ਠਾਰ ਸਰਦੀ, ਕਦੇ ਨਿਘ ਗਰਮੀ ਦਾ ।
ਕਦੇ ਕਦੇ ਤੂੰ ਹੋ ਜਾਵੇਂ ਜਾਲਮ ਬੜੀ ਸਚ ਮੁਚ,
ਪੱਥਰ ਵਾਂਗ ਬੇਪਰਵਾਹ ।
ਬਹੁਤੀ ਵਾਰੀ ਪਰ ਤੂੰ ਆਗਿਆਕਾਰੀ,
ਨਿਰੀ ਪੁਰੀ ਸਾਊ ਨਿਮਰਤਾ ।
ਤੂੰ ਜਦ ਕਦੇ ਵੀ ਉੱਡਣਾ ਚਾਹਿਆ ਹੈ,
ਮੈਂ ਵੀ ਤੇਰੇ ਸੰਗ ਉਡਾਣ ਭਰੀ ਹਮੇਸ਼ਾ ।
ਤੂੰ ਜਿਸ ਚੀਜ਼ ਦੀ ਕਦੇ ਕਾਮਨਾ ਕੀਤੀ,
ਤੇਰੇ ਲਈ ਮੈਂ ਹਰ ਹਾਲ ਹਾਸਲ ਕੀਤੀ ।
ਅਸੀ ਚੁਪ ਪਹਾੜੀਆਂ ਦਾ ਦੌਰਾ ਕੀਤਾ,
ਜਿੱਥੇ ਬੱਦਲ ਜੰਗਲੀ ਬੂਟੀ ਨੂੰ ਦੁਲਾਰਨ ।
ਅਸੀਂ ਰਲ ਮਿਲ ਛਾਣੇ ਸ਼ਹਿਰ ਵੀ ਦੋਹਾਂ ਨੇ ,
ਜਿਥੇ ਵਿਕਣ ਅਨੇਕ ਅਜੂਬੇ ਹੁਨਰਾਂ ਦੇ…
ਇੱਕ ਸੌ ਲੜਕੀਆਂ ਨੂੰ ਮੈਂ ਪਿਆਰ ਕਰਦਾ ਹਾਂ
ਪਿਆਰ ਨਾਲ ਮੈਂ ਉਨ੍ਹਾਂ ਸਭ ਨੂੰ ਬੁਲਾਉਂਦਾ ਹਾਂ
ਕਹਿ ਕੇ 'ਮੇਰੀ ਪਿਆਰੀ','ਮੇਰੀ ਕਬੂਤਰੀ'
ਜੋਸ਼ੀਲੇ ਜਨੂੰਨ ਦੇ ਨਾਲ ਬੁਲਾਉਂਦਾ ਹਾਂ ।
ਇੱਕ ਸੌ ਲੜਕੀਆਂ ਨੂੰ ਮੈਂ ਪਿਆਰ ਕਰਦਾ ਹਾਂ…
ਪਿਆਰਾਂ ਮੈਂ ਸਭ ਨੂੰ ਸਮਾਨ ਜੋਸ਼ੋ ਖ਼ਰੋਸ਼ ਦੇ ਨਾਲ ।
ਇੱਕ ਸੌ ਲੜਕੀਆਂ ਨੂੰ ਮੈਂ ਕਰਾਂ ਪਿਆਰ, ਸੱਚ ਹੈ ਇਹ,
ਪਰ ਉਨ੍ਹਾਂ ਵਿਚੋਂ ਹਰ ਇੱਕ ਤੂੰ ਹੀ ਤੂੰ ਹੈਂ !
ਪਰ ਉਨ੍ਹਾਂ ਵਿਚੋਂ ਹਰ ਇੱਕ ਤੂੰ ਹੀ ਤੂੰ ਹੈਂ …
(ਰਾਹੀਂ ਚਰਨ ਗਿੱਲ)

2. ਅਗਰ ਇੱਕ ਹਜ਼ਾਰ ਆਦਮੀ ਕਰਦੇ ਹੋਵਣ ਤੈਨੂੰ ਪਿਆਰ

ਅਗਰ ਇੱਕ ਹਜ਼ਾਰ ਆਦਮੀ ਕਰਦੇ ਹੋਵਣ ਤੈਨੂੰ ਪਿਆਰ
ਉਹਨਾਂ ਵਿਚੋਂ ਇੱਕ ਮੈਂ ਵੀ ਹਾਂ ਮੈਂ ਤੇਰਾ ਰਸੂਲ ਹਮਜਾਤੋਵ
ਅਗਰ ਇੱਕ ਸੌ ਆਦਮੀ ਤੇਰੇ ਲਈ ਫ਼ਿਦਾ ਹੋਣ ਲਈ ਤਿਆਰ
ਉਹਨਾਂ ਵਿਚੋਂ ਇੱਕ ਮੈਂ ਵੀ ਹਾਂ ਮੈਂ ਤੇਰਾ ਰਸੂਲ ਹਮਜਾਤੋਵ
ਦਸ ਆਦਮੀ ਐਸੇ ਨੇ ਜੋ ਇੱਕ ਤੱਕਣੀ ਬਦਲੇ ਕੁੱਲ ਦੌਲਤਾਂ ਵਾਰ ਦੇਣ
ਉਹਨਾਂ ਵਿਚੋਂ ਇੱਕ ਮੈਂ ਵੀ ਹਾਂ ਮੈਂ ਤੇਰਾ ਰਸੂਲ ਹਮਜਾਤੋਵ
ਅਗਰ ਐਸਾ ਹੈ ਬਸ ਇੱਕ ਆਦਮੀ ਜੋ ਲੋੜੇ ਕੋਮਲ ਹਥ ਤੇਰਾ
ਮੈ ਹੀ ਹੋਵਾਂਗਾ ਉਹ ਪਰਬਤਾਰੋਹੀ ਰਸੂਲ ਹਮਜਾਤੋਵ
ਅਗਰ ਤੂੰ ਹੈਂ ਕੱਲਮ ਕੱਲੀ ਦਿਲ ਹੈ ਬਹੁਤ ਉਦਾਸ
ਐਸਾ ਕੋਈ ਨਜਰ ਨਾ ਆਏ ਜੋ ਕਰਦਾ ਹੋਏ ਤੈਨੂੰ ਪਿਆਰ
ਤੂੰ ਜਾ ਬੈਠੇਂ ਕਬਰਸਤਾਨ ਵਿੱਚ ਕਿਸੇ ਪੱਥਰ ਦੇ ਕੋਲ
ਗੌਰ ਨਾਲ ਦੇਖੀਂ ਉਥੇ ਵੀ ਕੀਤੇ ਉਕਰਿਆ ਹੋਏਗਾ
'ਇਸ ਕਬਰ ਵਿੱਚ ਸਾਂਤ ਪਿਆ ਹੈ ਰਸੂਲ ਹਮਜਾਤੋਵ'
(ਰਾਹੀਂ ਚਰਨ ਗਿੱਲ)