ਮਿਲਣੀ ਦੀ ਰਸਮ ਅਤੇ ਗੀਤ ਨੀਲਮ ਸੈਣੀ
ਪਹਿਲਾਂ-ਪਹਿਲ ਕੁੜੀ ਵਾਲੇ ਪਿੰਡ ਜੰਞ
ਢੁਕਦੇ ਹੀ ਵਸੀਮੇ (ਹੱਦ-ਬੰਨੇ) ਤੋਂ ਵਾਜਾ ਵੱਜਣਾ
ਸ਼ੁਰੂ ਹੋ ਜਾਂਦਾ ਸੀ। ਜੰਞ ਦੇ ਸਵਾਗਤ ਅਤੇ ਬਾਕੀ
ਜਾਂਞੀਆਂ-ਮਾਂਜੀਆਂ ਦੀ ਜਾਣ ਪਛਾਣ ਲਈ ਮਿਲਣੀ
ਕੀਤੀ ਜਾਂਦੀ ਸੀ। ਮਿਲਣੀ ਦਾ ਭਾਵ ਹੈ 'ਮੇਲ-ਮਿਲਾਪ'
ਕਰਨਾ। ਇਹ ਮਿਲਣੀ ਪਿੰਡ ਦਾ 'ਨਾਈ'
ਕਰਵਾਉਂਦਾ ਸੀ। ਵਿਆਹ ਵਾਲੇ ਘਰ ਸਤਿਕਾਰ
ਨਾਲ਼ 'ਨਾਈ' ਨੂੰ ਰਾਜਾ ਅਤੇ 'ਨੈਣ' ਨੂੰ ਰਾਣੀ
ਆਖ ਕੇ ਸੰਬੋਧਨ ਕੀਤਾ ਜਾਂਦਾ ਸੀ। ਵਿਆਹ ਦੇ
ਬਹੁਤੇ ਸ਼ਗਨ ਇਨ੍ਹਾਂ ਵੱਲੋਂ ਹੀ ਕਰਵਾਏ ਜਾਂਦੇ ਸਨ।
ਪਹਿਲੀ ਮਿਲਣੀ ਮੁੰਡੇ ਦੇ ਬਾਪ ਦੀ ਕੁੜੀ ਦੇ ਬਾਪ
ਨਾਲ ਕਰਵਾਈ ਜਾਂਦੀ ਸੀ। ਇਸ ਤੋਂ ਬਾਅਦ ਦੋਵਾਂ
ਧਿਰਾਂ ਦੇ ਖ਼ਾਸ ਰਿਸ਼ਤੇਦਾਰ ਬਾਬੇ, ਨਾਨੇ, ਮਾਮੇ,
ਚਾਚੇ, ਤਾਏ, ਫ਼ੁੱਫੜ, ਭਰਾ ਅਤੇ ਜੀਜੇ ਆਦਿ ਦੀਆਂ
ਮਿਲਣੀਆਂ ਇਕ ਦੂਜੇ ਦੇ ਗਲ਼ਾਂ ਵਿਚ ਹਾਰ ਪਾ ਕੇ
ਕਰਵਾਈਆਂ ਜਾਂਦੀਆਂ ਸਨ। ਖ਼ਾਸ ਰਿਸ਼ਤੇਦਾਰਾਂ
ਨੂੰ ਮਾਣ ਵਜੋਂ ਪਗੜੀ ਜਾਂ ਕੰਬਲ ਦਿੱਤੇ ਜਾਂਦੇ ਸਨ।
ਇਸ ਰਸਮ ਦਾ ਅਸਲ ਮੰਤਵ ਤਾਂ ਬੂਹੇ ਢੁੱਕੀ
ਜੰਞ ਦਾ ਸਵਾਗਤ ਅਤੇ ਦੋਵਾਂ ਧਿਰਾਂ ਦੇ ਅਹਿਮ
ਰਿਸ਼ਤੇਦਾਰਾਂ ਦਾ ਮਾਣ-ਸਨਮਾਨ ਕਰਨ ਦੇ ਨਾਲ
ਨਾਲ ਉਨ੍ਹਾਂ ਦੀ ਜਾਣ ਪਛਾਣ ਕਰਵਾਉਣਾ ਹੀ
ਹੁੰਦਾ ਸੀ।
ਅੱਜ ਦੇ ਸਮੇਂ ਵਿਚ ਵੀ ਕੰਬਲਾਂ ਅਤੇ ਸੋਨੇ
ਦੀਆਂ ਮੁੰਦੀਆਂ ਨਾਲ ਮਿਲਣੀ ਕੀਤੀ ਜਾਂਦੀ ਹੈ।
ਹੁਣ ਤਾਂ ਸਹੁਰੇ ਪਰਿਵਾਰ ਵਲੋਂ ਮੁੰਦੀਆਂ ਦੀ
ਮੰਗ ਵੀ ਕੀਤੀ ਜਾਂਦੀ ਹੈ। ਇਸ ਮਾਮਲੇ ਵਿਚ
ਇਥੇ ਹੀ ਬੱਸ ਨਹੀਂ, ਕਈ ਰਿਸ਼ਤੇਦਾਰ ਮੁੰਦੀ
ਨਾ ਪਵਾਉਣ ਕਾਰਨ ਜਾਂ ਮੁੰਦੀ ਹਲਕੀ ਹੋਣ
ਕਾਰਨ ਰੁੱਸਦੇ ਵੀ ਦੇਖੇ ਜਾਂਦੇ ਹਨ। ਇਸ ਲਈ
ਮਿਲਣੀ ਦੀ ਰਸਮ ਮੇਲ ਮਿਲਾਪ ਨਾਲੋਂ ਬੋਝ
ਵਧੇਰੇ ਪ੍ਰਤੀਤ ਹੁੰਦੀ ਹੈ।
ਪਰਦੇਸਾਂ ਵਿਚ ਇਹ ਮਿਲਣੀ ਧਰਮ
ਅਸਥਾਨ ਵਿਚ ਖੜ੍ਹ ਕੇ ਹੀ ਕੀਤੀ ਜਾਂਦੀ ਹੈ।
ਮਿਲਣੀ ਦੇ ਗੀਤ ਬਹੁਤ ਘੱਟ ਗਾਏ ਜਾਂਦੇ ਹਨ।
ਕਈ ਵਾਰੀ ਵਿਆਹ ਕਿਸੇ ਦੂਜੀ ਸਭਿਅਤਾ ਵਿਚ
ਹੋ ਰਿਹਾ ਹੁੰਦਾ ਹੈ। ਦੂਜੀ ਧਿਰ ਦੀ ਬੋਲੀ ਅਤੇ
ਸੰਸਕ੍ਰਿਤੀ ਵੱਖਰੀ ਹੋਣ ਕਾਰਨ ਇਹ ਸਿੱਠਣੀਆਂ
ਸਹਿਕਦੀਆਂ ਹੀ ਰਹਿ ਜਾਂਦੀਆਂ ਹਨ:
ਮੇਲਾ ਮਿਲਣੀ ਦਾ, ਮਿਲਣੀ ਦਾ।
ਮੇਲ ਦਿਓ ਮਹਾਰਾਜ, ਮੇਲਾ ਮਿਲਣੀ ਦਾ।
ਮੇਲ ਦਿਓ ਮਹਾਰਾਜ, ਮੇਲਾ ਮਿਲਣੀ ਦਾ।
ਇਸ ਮਿਲਣੀ ਵਿਚ ਕੌਣ-ਕੌਣ ਚਾਹੀਦਾ?
ਬਾਬਾ ਬਰਖ਼ੁਰਦਾਰ, ਮੇਲਾ ਮਿਲਣੀ ਦਾ।
ਮੇਲ ਦਿਓ ਮਹਾਰਾਜ, ਮੇਲਾ ਮਿਲਣੀ ਦਾ।
ਮੇਲ ਦਿਓ ਮਹਾਰਾਜ, ਮੇਲਾ ਮਿਲਣੀ ਦਾ।
ਇਸ ਮਿਲਣੀ ਵਿਚ ਕੌਣ-ਕੌਣ ਚਾਹੀਦਾ?
ਨਾਨਾ ਬਰਖ਼ੁਰਦਾਰ, ਮੇਲਾ ਮਿਲਣੀ ਦਾ।
ਮੇਲ ਦਿਓ ਮਹਾਰਾਜ, ਮੇਲਾ ਮਿਲਣੀ ਦਾ।
ਮੇਲ ਦਿਓ ਮਹਾਰਾਜ, ਮੇਲਾ ਮਿਲਣੀ ਦਾ।
ਇਸ ਮਿਲਣੀ ਵਿਚ ਕੌਣ-ਕੌਣ ਚਾਹੀਦਾ?
ਬਾਬਲ ਬਰਖ਼ੁਰਦਾਰ, ਮੇਲਾ ਮਿਲਣੀ ਦਾ।
ਮੇਲ ਦਿਓ ਮਹਾਰਾਜ, ਮੇਲਾ ਮਿਲਣੀ ਦਾ।
ਮੇਲ ਦਿਓ ਮਹਾਰਾਜ, ਮੇਲਾ ਮਿਲਣੀ ਦਾ।
ਇਸ ਮਿਲਣੀ ਵਿਚ ਕੌਣ-ਕੌਣ ਚਾਹੀਦਾ?
ਮਾਮਾ ਬਰਖ਼ੁਰਦਾਰ, ਮੇਲਾ ਮਿਲਣੀ ਦਾ।
ਮੇਲ ਦਿਓ ਮਹਾਰਾਜ, ਮੇਲਾ ਮਿਲਣੀ ਦਾ।
ਮੇਲ ਦਿਓ ਮਹਾਰਾਜ, ਮੇਲਾ ਮਿਲਣੀ ਦਾ।
ਇਸ ਮਿਲਣੀ ਵਿਚ ਕੌਣ-ਕੌਣ ਚਾਹੀਦਾ?
ਚਾਚਾ ਬਰਖ਼ੁਰਦਾਰ, ਮੇਲਾ ਮਿਲਣੀ ਦਾ।
ਮੇਲ ਦਿਓ ਮਹਾਰਾਜ, ਮੇਲਾ ਮਿਲਣੀ ਦਾ।
ਮੇਲ ਦਿਓ ਮਹਾਰਾਜ, ਮੇਲਾ ਮਿਲਣੀ ਦਾ।
ਇਸ ਮਿਲਣੀ ਵਿਚ ਕੌਣ-ਕੌਣ ਚਾਹੀਦਾ?
ਫ਼ੁੱਫੜ ਬਰਖ਼ੁਰਦਾਰ, ਮੇਲਾ ਮਿਲਣੀ ਦਾ।
ਮੇਲ ਦਿਓ ਮਹਾਰਾਜ, ਮੇਲਾ ਮਿਲਣੀ ਦਾ।
ਮੇਲ ਦਿਓ ਮਹਾਰਾਜ, ਮੇਲਾ ਮਿਲਣੀ ਦਾ।
ਇਸ ਮਿਲਣੀ ਵਿਚ ਕੌਣ-ਕੌਣ ਚਾਹੀਦਾ?
ਮਾਸੜ ਬਰਖ਼ੁਰਦਾਰ, ਮੇਲਾ ਮਿਲਣੀ ਦਾ।
ਉਚੇ ਉਚੇ ਸੱਜਣੋਂ ਵੇ!
ਵੇ ਕੋਈ ਢੁਕੇ ਉਚਿਆਂ ਦੇ ਬਾਰ,
ਉਚੇ ਥੋਨੂੰ ਤਾਂ ਜਾਣੀਏਂ।
ਜੇ ਉਚੇ ਕਰੋ, ਵੇ ਉਚੇ ਹਾਕਮੋਂ ਵੇ ਵਿਹਾਰ।
ਸਾਡੇ ਨਵੇਂ ਸੱਜਣ ਘਰ ਆਏ,
ਵੱਜ ਰਹੀਆਂ ਬੰਸਰੀਆਂ।
ਸਾਡੀ ਸੀਤਾ ਨੂੰ ਵਿਆਹੁਣ ਆਏ,
ਵੱਜ ਰਹੀਆਂ ਬੰਸਰੀਆਂ।
ਤੈਨੂੰ ਕੀ ਹੋਇਆ ਮਾਮਾ?
ਧੱਕਾ ਦੇ ਕੇ ਸੁੱਟ ਵੇ,
ਲੰਮਾ ਪਾ ਕੇ ਕੁੱਟ ਵੇ।
ਇਹਦੀ ਸੜੀਓ ਲੰਗੋਟੀ,
ਲੀਖ਼ਾਂ ਨਾਲ ਜੜੀ ਓਏ।
ਜੂੰਆਂ ਨਾਲ ਭਰੀ ਓਏ,
ਜੂੰਆਂ ਨਾਲ ਭਰੀ ਓਏ।
ਸਾਡਾ ਮੱਖਣਾਂ ਦਾ ਪਲ਼ਿਆ,
ਗੋਹੇ ਨਾਲ ਮਿਲਿਆ।
ਸਾਡਾ ਅੰਬ ਦੀ ਸੀ ਬੂਟਾ,
ਅੱਕਾਂ ਨਾਲ ਮਿਲਿਆ।
ਸਾਡਾ ਕੱਲ੍ਹ ਦਾ ਸੀ ਮੁੰਡਾ,
ਬੁੱਢੇ ਨਾਲ ਮਿਲਿਆ।
ਸਾਡਾ ਲੰਮ-ਸੁਲੰਮਾ,
ਮਧਰੇ ਨਾਲ ਮਿਲਿਆ।
ਚਾਹ-ਪਾਣੀ ਵੇਲੇ ਦੀਆਂ ਸਿੱਠਣੀਆਂ
ਮਿਲਣੀ ਤੋਂ ਬਾਅਦ ਵਾਜਿਆਂ-ਗਾਜਿਆਂ
ਨਾਲ ਜੰਞ ਚਾਹ ਪੀਣ ਲਈ ਜਾਂਦੀ ਸੀ। ਚਾਹਪਾਣੀ
ਦਾ ਪ੍ਰਬੰਧ ਘਰ ਦੇ ਵਿਹੜੇ ਜਾਂ ਪਿੰਡ ਦੇ
ਕਿਸੇ ਹੋਰ ਢੁਕਵੇਂ ਸਥਾਨ 'ਤੇ ਕੀਤਾ ਹੁੰਦਾ ਸੀ।
ਇਸ ਥਾਂ ਤੇ ਤੰਬੂ, ਚਾਨਣੀਆਂ ਅਤੇ ਝੰਡੀਆਂ ਲਗਾ
ਕੇ ਸਜਾਵਟ ਕੀਤੀ ਹੁੰਦੀ ਸੀ। ਜਾਂਞੀ ਚਾਹ ਪੀਂਦੇ
ਸਨ ਅਤੇ ਕੁੜੀ ਦੀਆਂ ਚਾਚੀਆਂ-ਤਾਈਆਂ,
ਭਰਜਾਈਆਂ, ਮਾਮੀਆਂ, ਸਹੇਲੀਆਂ ਅਦਿ
ਸਿੱਠਣੀਆਂ ਦਿੰਦੀਆਂ ਸਨ। ਇਹ ਸਿੱਠਣੀਆਂ ਲਾੜੇ
ਅਤੇ ਉਸ ਦੇ ਖ਼ਾਸ ਰਿਸ਼ਤੇਦਾਰਾਂ ਸਮੇਤ ਨਾਲ
ਆਏ ਸਾਰੇ ਜਾਂਞੀਆਂ ਦੇ ਹਿੱਸੇ ਆ ਜਾਂਦੀਆਂ ਸਨ।
ਸਿੱਠਣੀਆਂ ਇਕ ਕਿਸਮ ਨਾਲ ਮਿੱਠੀਆਂ ਗਾਲ੍ਹਾਂ
ਹੀ ਹੁੰਦੀਆਂ ਹਨ। ਇਸ ਲਈ ਅਜੋਕੇ ਸਮੇਂ ਵਿਚ
ਮਾਂ, ਭੈਣਾਂ-ਭਰਜਾਈਆਂ ਅਤੇ ਹੋਰ ਸਭ
ਰਿਸ਼ਤੇਦਾਰ ਔਰਤਾਂ ਜੰਞ ਵਿਚ ਸ਼ਾਮਿਲ ਹੋਣ ਕਾਰਨ
ਵੀ ਸਿੱਠਣੀਆਂ ਦੇਣ ਤੋਂ ਗੁਰੇਜ਼ ਕੀਤਾ ਜਾਂਦਾ ਹੈ।
ਇਸ ਲਈ ਇਹ ਰਸਮ ਲੋਪ ਹੋ ਰਹੀ ਹੈ।
ਲਾੜਾ ਉਸ ਦੇਸੋਂ ਆਇਆ,
ਜਿਥੇ ਤੂਤ ਵੀ ਨਾ।
ਇਹਦੀ ਬਾਂਦਰ ਵਰਗੀ ਬੂਥੀ,
ਉਤੇ ਰੂਪ ਵੀ ਨਾ।
ਲਾੜਾ ਉਸ ਦੇਸੋਂ ਆਇਆ,
ਜਿਥੇ ਟਾਹਲੀ ਵੀ ਨਾ।
ਇਹਦਾ ਡੱਡੂ ਵਰਗਾ ਮੂੰਹ,
ਉਤੇ ਲਾਲੀ ਵੀ ਨਾ।
ਵਿਹੜੇ ਤਾਂ ਸਾਡੇ ਪੱਥਰ ਦੀ ਕੂੰਡੀ,
ਪੁੱਟੋ ਨੀ ਕੁੜੀਓ ਇਸ ਵਿਚੋਲਣ ਦੀ ਚੂੰਡੀ।
ਲਾੜਾ ਪਸੰਦ ਦਾ ਨਹੀਂ,
ਲਾੜਾ ਪਸੰਦ ਦਾ ਨਹੀਂ,
ਬੇਲੱਜਿਓ ਲੱਜ ਤੁਹਾਨੂੰ ਨਹੀਂ।
ਕਿਹਨੇ ਵੇ ਤੈਨੂੰ 'ਬਲਵੀਰ'...
ਵਿਚੋਲਾ ਬਣਾਇਆ,
ਵਿਚੋਲਾ ਤਾਂ ਤੈਨੂੰ ਬਣਨਾ ਨਾ ਆਇਆ।
ਰਾਈਆਂ ਦਾ ਛੋਕਰਾ,
ਸਾਡਾ ਜੀਜਾ ਬਣਾਇਆ।
ਸਬਜੀ ਤਾਂ ਵੇਚਣ ਸਾਡੇ, ਵੇੜ੍ਹੇ ਨੂੰ ਆਇਆ।
ਸਬਜੀ ਪਸੰਦ ਦੀ ਨਹੀਂ,
ਸਬਜੀ ਪਸੰਦ ਦੀ ਨਹੀਂ।
ਬੇਲੱਜਿਓ ਲੱਜ ਤੁਹਾਨੂੰ ਨਹੀਂ!
ਵਿਹੜੇ ਤਾਂ ਸਾਡੇ ਤੂੜੀ ਦਾ ਕੁੱਪ ਆ,
ਲਾੜਾ ਤਾਂ ਸੱਦਦਾ ਪਿਓ ਨੂੰ ਪੁੱਤ ਆ।
ਇਹ ਗੱਲ ਬਣਦੀ ਨਹੀਂ...
ਇਹ ਗੱਲ ਬਣਦੀ ਨਹੀਂ...
ਬੇਲੱਜਿਓ ਲੱਜ ਤੁਹਾਨੂੰ ਨਹੀਂ!
ਲਾੜਾ ਓਸ ਦੇਸੋਂ ਆਇਆ,
ਜਿਥੇ ਅੱਕ ਵੀ ਨਾ।
ਇਹਦੀ ਬਾਂਦਰ ਵਰਗੀ ਬੂਥੀ,
ਉਤੇ ਨੱਕ ਵੀ ਨਾ।
ਲਾੜਾ ਓਸ ਦੇਸੋਂ ਆਇਆ,
ਜਿਥੇ ਝਾੜੀ ਵੀ ਨਾ।
ਇਹਦੀ ਬਾਂਦਰ ਵਰਗੀ ਬੂਥੀ,
ਉਤੇ ਦਾੜ੍ਹੀ ਵੀ ਨਾ।
ਵਿਹੜੇ ਤਾਂ ਸਾਡੇ ਮੁੱਢ ਮਕਈ ਦਾ,
ਦਾਣੇ ਤਾਂ ਮੰਗਦਾ ਉਧਲ ਗਈ ਦਾ।
ਭੱਠੀ ਤਪਾਉਣੀ ਪਈ...
ਭੱਠੀ ਤਪਾਉਣੀ ਪਈ...
ਬੇਲੱਜਿਓ ਲੱਜ ਤੁਹਾਨੂੰ ਨਹੀਂ!
ਸਾਡੇ ਤਾਂ ਵਿਹੜੇ ਤਾਣਾ ਤਣੀਂਦਾ,
ਲਾੜੇ ਦਾ ਪਿਓ ਤਾਂ ਕਾਣਾ ਸੁਣੀਂਦਾ।
ਐਨਕ ਲਵਾਉਣੀ ਪਈ...
ਐਨਕ ਲਵਾਉਣੀ ਪਈ...
ਬੇਲੱਜਿਓ ਲੱਜ ਤੁਹਾਨੂੰ ਨਹੀਂ!
ਪੈਸਾ ਪੈਸਾ ਸਾਡੇ ਪਿੰਡ ਦਿਓ ਪਾਓ,
ਲਾੜੇ ਜੋਗਾ ਤੁਸੀਂ ਵਾਜਾ ਮੰਗਾਓ।
ਜੰਞ ਤੇ ਸੱਜਦੀ ਨਹੀਂ...
ਜੰਞ ਤੇ ਸੱਜਦੀ ਨਹੀਂ...
ਬੇਲੱਜਿਓ ਲੱਜ ਤੁਹਾਨੂੰ ਨਹੀਂ!
ਛੱਪੜਾਂ ਦਾ ਡੱਡੂ ਸਾਡਾ ਮਾਸੜ ਸੁਣੀਂਦਾ,
ਕੰਧਾਂ ਦੀ ਕਿਰਲੀ ਸਾਡੀ ਮਾਸੀ ਸੁਣੀਂਦੀ।
ਇਹ ਗੱਲ ਬਣਦੀ ਨਹੀਂ...
ਇਹ ਗੱਲ ਬਣਦੀ ਨਹੀਂ...
ਬੇਲੱਜਿਓ ਲੱਜ ਤੁਹਾਨੂੰ ਨਹੀਂ!
ਜਾਂਞੀ ਓਸ ਪਿੰਡੋਂ ਆਏ,
ਜਿਥੇ ਰੁੱਖ਼ ਵੀ ਨਾ।
ਇਨ੍ਹਾਂ ਦੇ ਤੌੜਿਆਂ ਜਿਡੇ ਮੂੰਹ,
ਉਤੇ ਮੁੱਛ ਵੀ ਨਾ।
ਜੰਞ ਤੋਂ ਬਾਅਦ ਕੁੜੀ ਵਾਲਿਆਂ ਦੀ ਚਾਹ
ਪੀਣ ਦੀ ਵਾਰੀ ਹੁੰਦੀ ਹੈ।
|