ਮੇਰੇ ਨਾਮੁਰਾਦ ਇੱਸ਼ਕ ਦਾ ਸ਼ਿਵ ਕੁਮਾਰ ਬਟਾਲਵੀ
ਮੇਰੇ ਨਾਮੁਰਾਦ ਇੱਸ਼ਕ ਦਾ
ਮੇਰੇ ਨਾਮੁਰਾਦ ਇੱਸ਼ਕ ਦਾ ਕਹਿੜਾ ਪੜਾ ਹੈ ਆਇਆ
ਮੈਨੂੰ ਮੇਰੇ 'ਤੇ ਆਪ ਤੇ ਹੀ ਰਹਿ ਰਹਿ ਕੇ ਤਰਸ ਆਇਆ
ਮੇਰੇ ਦਿਲ ਮਾਸੂਮ ਦਾ ਕੁਝ ਹਾਲ ਇਸ ਤਰ੍ਹਾਂ ਹੈ
ਸੂਲੀ 'ਤੇ ਬੇਗੁਨਾਹ ਜਿਉਂ ਮਰੀਅਮ ਕਿਸੇ ਦਾ ਜਾਇਆ
ਇਕ ਵਕਤ ਸੀ ਕਿ ਆਪਣੇ, ਲਗਦੇ ਸੀ ਸਭ ਪਰਾਏ
ਇਕ ਵਕਤ ਹੈ ਮੈਂ ਖ਼ੁਦ ਲਈ ਅੱਜ ਆਪ ਹਾਂ ਪਰਾਇਆ
ਮੇਰੇ ਦਿੱਲ ਦੇ ਦਰਦ ਦਾ ਵੀ ਉੱਕਾ ਨਾ ਭੇਤ ਚੱਲਿਆ
ਜਿਉਂ-ਜਿਉਂ ਟਕੋਰ ਕੀਤੀ ਵਧਿਆ ਸਗੋਂ ਸਵਾਇਆ
ਮੈਂ ਚਾਹੁੰਦਿਆ ਵੀ ਆਪ ਨੂੰ ਰੋਣੋਂ ਨਾ ਰੋਕ ਸਕਿਆ
ਆਪਣਾਂ ਮੈਂ ਹਾਲ ਆਪ ਨੂੰ ਆਪੇ ਜਦੋ ਸੁਣਾਇਆ
ਕਹਿੰਦੇ ਨੇ ਯਾਰ 'ਸ਼ਿਵ' ਦੇ ਮੁੱਦਤ ਹੋਈ ਹੈ ਮਰਿਆ
ਪਰ ਰੋਜ਼ ਆ ਕੇ ਮਿਲਦੈ ਅੱਜ ਤੀਕ ਉਸ ਦਾ ਸਾਇਆ