ਮਹਿੰਦੀ ਦੀ ਰਸਮ ਅਤੇ ਗੀਤ ਨੀਲਮ ਸੈਣੀ
ਵਿਆਹ ਵਾਲੇ ਦਿਨ ਕੁੜੀ ਦੇ 'ਸੋਲ਼ਾਂ
ਸਿੰਗਾਰ' ਕੀਤੇ ਜਾਂਦੇ ਸਨ। 'ਸੋਲ਼ਾਂ ਸ਼ਿੰਗਾਰ ਦਾ
ਭਾਵ' ਪੈਰਾਂ ਦੇ ਨਹੁੰਆਂ ਤੋਂ ਲੈ ਕੇ ਸਿਰ ਦੇ ਵਾਲਾਂ
ਤੱਕ ਸਰੀਰ ਦੇ ਅੰਗਾਂ ਨੂੰ ਵੱਖ-ਵੱਖ ਕਿਸਮ ਦੀ
ਸ਼ਿੰਗਾਰ-ਸਮੱਗਰੀ ਅਤੇ ਜ਼ੇਵਰਾਂ ਨਾਲ ਸ਼ਿੰਗਾਰਨਾ
ਸੀ। ਵਿਆਹ ਵਾਲੇ ਦਿਨ ਤੋਂ ਇਕ ਰਾਤ ਪਹਿਲਾਂ
ਮਹਿੰਦੀ ਦੀ ਰਸਮ ਦਾ ਵੱਖਰਾ ਹੀ ਨਜ਼ਾਰਾ ਹੁੰਦਾ
ਸੀ। ਮਹਿੰਦੀ ਰੰਗੇ ਹੱਥ ਦੇਖਣ ਵਾਲੇ ਦਾ ਮਨ
ਮੋਹ ਲੈਂਦੇ ਸਨ। ਪੰਜਾਬੀ ਸਭਿਆਚਾਰ ਵਿਚ
ਵਿਆਂਦੜ ਕੁੜੀ ਦੇ ਹੱਥਾਂ 'ਤੇ ਮਹਿੰਦੀ ਦਾ ਚੜ੍ਹਿਆ
ਗੂੜ੍ਹਾ ਰੰਗ ਸੱਸ ਦੇ ਗੂੜ੍ਹੇ ਪਿਆਰ ਦਾ ਪ੍ਰਤੀਕ
ਸਮਝਿਆ ਜਾਂਦਾ ਸੀ।
ਪਹਿਲਾਂ ਇਹ ਮਹਿੰਦੀ ਨੈਣ ਵਲੋਂ ਲਗਾਈ
ਜਾਂਦੀ ਸੀ। ਔਰਤਾਂ ਇਸ ਮਹਿੰਦੀ ਨੂੰ ਆਪਣੇ
ਹੱਥਾਂ ਦੇ ਪੋਟਿਆਂ ਨਾਲ ਇਕ ਦੂਜੀ ਦੇ ਲਗਾ
ਦਿੰਦੀਆਂ ਸਨ। ਹੱਥ ਦੀ ਤਲੀ ਦੇ ਵਿਚਕਾਰ
ਇਕ ਰੁਪਈਏ ਦੇ ਸਿੱਕੇ ਜਿੱਡਾ ਗੋਲ ਟਿੱਕਾ
ਲਗਾ ਦਿੱਤਾ ਜਾਂਦਾ ਸੀ ਅਤੇ ਇਹ ਉਂਗਲਾਂ ਦੇ
ਪੋਟਿਆਂ ਤੇ ਵੀ ਲਗਾ ਦਿੱਤੀ ਜਾਂਦੀ ਸੀ। ਹੱਥਾਂ
ਦੀਆਂ ਤਲੀਆਂ 'ਤੇ ਪੋਚ ਵੀ ਦਿੱਤੀ ਜਾਂਦੀ ਸੀ।
ਉਸ ਤੋਂ ਬਾਅਦ ਤੀਲਿਆਂ ਨਾਲ ਨਮੂਨੇ ਪਾਏ
ਜਾਣ ਲੱਗੇ। ਇਨ੍ਹਾਂ ਨਮੂਨਿਆਂ ਲਈ ਕਿਸੇ
ਸਿਖਲਾਈ ਦੀ ਜ਼ਰੂਰਤ ਨਹੀਂ ਪੈਦੀ ਸੀ। ਇਹ
ਤਾਂ ਪੰਜਾਬਣਾਂ ਦੇ ਚਿੱਤ ਚੇਤਿਆਂ ਵਿਚ ਚਿਤਰੇ
ਹੁੰਦੇ ਸਨ। ਇਹ ਨਮੂਨੇ ਦੇਖਣ ਨੂੰ ਭਾਵੇਂ ਬਹੁਤ
ਸਾਦੇ ਲੱਗਦੇ ਸਨ, ਪਰ ਇਹ ਮੋਹ ਨਾਲ ਭਰੇ
ਹੁੰਦੇ ਸਨ। ਇਕ ਦੂਜੀ ਦਾ ਹੱਥ ਫੜ ਕੇ ਗੀਤ
ਗਾਉਂਦੀਆਂ ਔਰਤਾਂ ਵਿਚ ਭਾਈਚਾਰਕ ਸਾਂਝ
ਪੈਦਾ ਹੁੰਦੀ ਸੀ। ਇਸ ਰਸਮ ਦਾ ਮੰਤਵ ਮਿਲ
ਬੈਠ ਕੇ ਸ਼ਗਨ ਮਨਾਉਣਾ ਅਤੇ ਹੱਥਾਂ ਨੂੰ
ਸਜਾਉਣਾ ਹੀ ਸੀ। ਹੁਣ ਇਸ ਦੀ ਥਾਂ ਬਿਊਟੀ
ਪਾਰਲਰ ਵਾਲੀਆਂ ਨੇ ਲੈ ਲਈ ਹੈ।
ਕੁੜੀ ਵਾਲੇ ਘਰ ਮਹਿੰਦੀ
ਕੁੜੀ ਦੇ ਵਿਆਹ ਸਮੇਂ ਮਹਿੰਦੀ ਲਗਾਉਂਦੇ ਵਕਤ ਮਹਿੰਦੀ
ਗੀਤਾਂ ਦਾ ਰੰਗ ਸੁਹਾਗ ਦੇ ਗੀਤਾਂ ਵਿਚ ਵਟ ਜਾਂਦਾ
ਸੀ। ਇਹ ਬਿਰਹਾ ਭਰੇ ਗੀਤ ਮਹੌਲ ਨੂੰ ਸੋਗੀ ਵੀ
ਕਰਦੇ ਸਨ। ਸਹੇਲੀਆਂ ਦੀਆਂ ਅੱਖਾਂ ਨਮ ਹੁੰਦੀਆਂ
ਸਨ। ਉਨ੍ਹਾਂ ਨੂੰ ਸਹੇਲੀ ਦੇ ਵਿਛੋੜੇ ਵਿਚ ਮਹਿੰਦੀ
ਦਾ ਰੰਗ ਵੀ ਉਦਾਸ ਹੁੰਦਾ ਜਾਪਦਾ ਸੀ। ਮਹਿੰਦੀ
ਦੀ ਰਸਮ ਅਜੋਕੇ ਸਮੇਂ ਵਿਚ ਵੀ ਹੋ ਰਹੀ ਹੈ।
ਹੁਣ ਮਹਿੰਦੀ ਬਿਊਟੀ ਪਾਰਲਰ ਵਾਲੀ ਹੀ
ਲਗਾਉਂਦੀ ਹੈ। ਅਜੋਕੇ ਸਮੇਂ ਵਿਚ ਵੀ ਦੂਜੇ ਦਿਨ
ਸਵੇਰੇ ਸਭ ਦੇ ਦਿਲ ਵਿਚ ਮਹਿੰਦੀ ਵਾਲੇ ਹੱਥਾਂ
'ਤੇ ਚੜ੍ਹੇ ਰੰਗ ਨੂੰ ਦੇਖਣ ਦੀ ਤਾਂਘ ਹੁੰਦੀ ਹੈ:
ਮੌਲੀਏ ਨੀ ਰੰਗ ਰੱਤੀਏ
ਕਿਸ ਮੇਰੀ ਲਾਡੋ ਸ਼ਿੰਗਾਰੀ?
ਮੈਂ ਕੀ ਜਾਣਾ ਬਾਂਵਰੀ,
ਜਾ ਕੇ ਮਹਿੰਦੀ ਨੂੰ ਪੁੱਛੋ।
ਮਹਿੰਦੀਏ ਨੀ ਰੰਗ ਰੱਤੀਏ ਨੀ,
ਕਿਸ ਮੇਰੀ ਲਾਡੋ ਸ਼ਿੰਗਾਰੀ।
ਮੈਂ ਕੀ ਜਾਣਾ ਬਾਂਵਰੀ,
ਜਾ ਕੇ ਪੰਸਾਰੀ ਨੂੰ ਪੁੱਛੋ।
ਨੀ ਲੈ ਦੇ ਮਾਏਂ,
ਕਾਲਿਆਂ ਬਾਗ਼ਾਂ ਦੀ ਮਹਿੰਦੀ।
ਗਲ਼ੀ-ਗਲ਼ੀ ਮੈਂ ਪੱਤਰ ਚੁਣੇਂਦੀ,
ਪੱਤਰ ਚੁਣੇਂਦੀ ਰਹਿੰਦੀ।
ਮਹਿੰਦੀ ਦਾ ਰੰਗ ਸੂਹਾ ਤੇ ਸਾਵਾ,
ਸੁਹਣੀ ਬਣ ਬਣ ਪੈਂਦੀ।
ਘੋਲ ਮਹਿੰਦੀ ਮੈਂ ਹੱਥਾਂ ਤੇ ਲਾਈ,
ਵੌਟ੍ਹੀ ਬਣ ਬਣ ਬਹਿੰਦੀ।
ਮਹਿੰਦੀ ਦਾ ਰੰਗ ਹੱਥਾਂ ਤੇ ਚੜ੍ਹਿਆ,
ਸੁਹਣੀ ਲੱਗ-ਲੱਗ ਪੈਂਦੀ।
ਜਿਨ੍ਹਾਂ ਦੇ ਕੰਤ ਧੀਏ ਨਿੱਤ ਪਰਦੇਸੀ,
ਉਨ੍ਹਾਂ ਨੂੰ ਮਹਿੰਦੀ ਕੀ ਕਹਿੰਦੀ।
ਰੰਗ ਚੜ੍ਹਿਆ ਭੈਣੋਂ,
ਇਸ ਮਹਿੰਦੀ ਦੇ ਸਿਖਰੇ ਨੀ।
ਬਾਬਲ ਨਿਮਿਆਂ ਭੈਣੋਂ,
ਧੀਆਂ ਦੇ ਫ਼ਿਕਰੇ ਨੀ।
ਰੰਗ ਚੜ੍ਹਿਆ ਭੈਣੋਂ ,
ਇਸ ਮਹਿੰਦੀ ਦੇ ਸਿਖਰੇ ਨੀ।
ਵੀਰਾ ਨਿਮਿਆਂ ਭੈਣੋਂ,
ਭੈਣਾਂ ਦੇ ਫ਼ਿਕਰੇ ਨੀ।
ਰੰਗ ਚੜ੍ਹਿਆ ਭੈਣੋਂ ,
ਇਸ ਮਹਿੰਦੀ ਦੇ ਸਿਖਰੇ ਨੀ।
ਮਾਮਾ ਨਿਮਿਆਂ ਭੈਣੋਂ,
ਭਾਣਜੀ ਦੇ ਫ਼ਿਕਰੇ ਨੀ।
ਮਾਏਂ ਨੀ ਮਾਏਂ
ਮਹਿੰਦੜ ਮੈਂ ਬੀਜਿਆ
ਨੀ ਝੰਗ ਸਿਆਲਾਂ ਦੇ ਖੂਹ 'ਤੇ।
ਸਾਰੇ ਆਖਣ ਰੋਟੀ ਖਾ ਲੈ,
ਮੈਂ ਰੋਟੀ ਨਾ ਖਾਵਾਂ।
ਸਖ਼ੀਆਂ ਆਖਣ ਮਹਿੰਦੀ ਲਾ ਲੈ,
ਮੈਂ ਮਹਿੰਦੀ ਨਾ ਲਾਵਾਂ।
ਸੁੱਤੀ ਪਈ ਦੇ ਲਾਤੀ ਮਹਿੰਦੀ,
ਕੌਲਿਆਂ ਨਾਲ ਘਸਾਵਾਂ।
ਵੀਰਾਂ ਦੇ ਹਲ ਵਗਦੇ,
ਰੋਂਦੀ ਕੋਲ ਦੀ ਜਾਵਾਂ।
ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ
ਮਹਿੰਦੀ ਬਾਗ਼ ਵਿਚ ਰਹਿੰਦੀ।
ਘੋਟ-ਘਾਟ ਕੇ ਲਾਈ ਹੱਥਾਂ ਤੇ
ਬੱਤੀਆਂ ਬਣ-ਬਣ ਲਹਿੰਦੀ।
ਬੋਲ ਸ਼ਰੀਕਾਂ ਦੇ, ਮੈਂ ਨਾ ਬਾਬਲਾ ਸਹਿੰਦੀ।
ਮੁੰਡੇ ਵਾਲੇ ਘਰ ਮਹਿੰਦੀ
ਵਿਆਹ ਵਾਲੇ ਮੁੰਡੇ ਦੇ ਹੱਥ ਤੇ ਵੀ ਮਹਿੰਦੀ ਲਗਾਈ ਜਾਂਦੀ ਸੀ।
ਇਹ ਮਹਿੰਦੀ ਉਸ ਦੀਆਂ ਭਾਬੀਆਂ ਲਗਾਉਂਦੀਆਂ
ਸਨ। ਮੁੰਡੇ ਦੇ ਹੱਥ ਤੇ ਮਹਿੰਦੀ ਸ਼ਗਨ ਵਜੋਂ ਹੀ
ਲਗਾਈ ਜਾਂਦੀ ਸੀ। ਅੱਜ ਤੱਕ ਕਦੀ ਕਿਸੇ ਮੁੰਡੇ
ਦੇ ਹੱਥ ਤੇ ਛੋਟੇ ਜਿਹੇ ਟਿੱਕੇ ਤੋਂ ਵੱਧ ਮਹਿੰਦੀ ਦਾ
ਨਮੂਨਾ ਨਜ਼ਰ ਨਹੀਂ ਆਇਆ। ਅਜੋਕੇ ਸਮੇਂ ਵਿਚ
ਵੀ ਮੁੰਡੇ ਦੇ ਹੱਥ ਤੇ ਮਹਿੰਦੀ ਇਸ ਤਰ੍ਹਾਂ ਹੀ
ਲੱਗਦੀ ਹੈ।
ਮੁੰਡੇ ਨੂੰ ਮਹਿੰਦੀ ਲਾਉਂਦੇ ਵਕਤ ਇਹ
ਗੀਤ ਗਾਇਆ ਜਾਂਦਾ ਸੀ:
ਤੂੰ ਮਹਿੰਦੀ ਲਾ ਮਾਈਆਂ ਪਿਆਰਿਆ,
ਮਹਿੰਦੀ ਲਾ ਕੇ ਸਹੁਰੇ ਘਰ ਜਾਹ।
ਤੂੰ ਮਹਿੰਦੀ ਲਾ ਜੀਵਣ ਜੋਗਿਆ,
ਮਹਿੰਦੀ ਲਾ ਕੇ ਸਹੁਰੇ ਘਰ ਜਾਹ।
ਇਹ ਮਹਿੰਦੀ ਤੇਰੀ ਅੰਮਾਂ ਨੇ ਲਾਈ,
ਬਾਬਲ ਦੇ ਮਨ ਚਾਅ।
ਤੂੰ ਮਹਿੰਦੀ ਲਾ ਮਾਈਆਂ ਪਿਆਰਿਆ,
ਮਹਿੰਦੀ ਲਾ ਕੇ ਸਹੁਰੇ ਘਰ ਜਾਹ।
ਤੂੰ ਮਹਿੰਦੀ ਲਾ ਜੀਵਣ ਜੋਗਿਆ
ਮਹਿੰਦੀ ਲਾ ਕੇ ਸਹੁਰੇ ਘਰ ਜਾਹ।
ਇਹ ਮਹਿੰਦੀ ਤੇਰੀਆਂ ਭੈਣਾਂ ਨੇ ਲਾਈ
ਜੀਜਿਆਂ ਦੇ ਮਨ ਚਾਅ।
ਤੂੰ ਮਹਿੰਦੀ ਲਾ ਜੀਵਣ ਜੋਗਿਆ
ਮਹਿੰਦੀ ਲਾ ਕੇ ਸਹੁਰੇ ਘਰ ਜਾਹ।
ਤੂੰ ਮਹਿੰਦੀ ਲਾ ਮਾਈਆਂ ਪਿਆਰਿਆ
ਮਹਿੰਦੀ ਲਾ ਕੇ ਸਹੁਰੇ ਘਰ ਜਾਹ।
ਤੂੰ ਮਹਿੰਦੀ ਲਾ ਜੀਵਣ ਜੋਗਿਆ
ਮਹਿੰਦੀ ਲਾ ਕੇ ਸੌਰ੍ਹੇ ਘਰ ਜਾਹ।
ਇਹ ਮਹਿੰਦੀ ਤੇਰੀਆਂ ਭਾਬੀਆਂ ਨੇ ਲਾਈ
ਵੀਰਾਂ ਦੇ ਮਨ ਚਾਅ।
ਤੂੰ ਮਹਿੰਦੀ ਲਾ ਜੀਵਣ ਜੋਗਿਆ
ਮਹਿੰਦੀ ਲਾ ਕੇ ਸੌਰ੍ਹੇ ਘਰ ਜਾਹ।
ਤੂੰ ਮਹਿੰਦੀ ਲਾ ਮਾਈਆਂ ਪਿਆਰਿਆ
ਮਹਿੰਦੀ ਲਾ ਕੇ ਸੌਰ੍ਹੇ ਘਰ ਜਾਹ।
ਤੂੰ ਮਹਿੰਦੀ ਲਾ ਜੀਵਣ ਜੋਗਿਆ
ਮਹਿੰਦੀ ਲਾ ਕੇ ਸੌਰ੍ਹੇ ਘਰ ਜਾਹ।
ਇਹ ਮਹਿੰਦੀ ਤੇਰੀਆਂ ਚਾਚੀਆਂ ਨੇ ਲਾਈ
ਚਾਚਿਆਂ ਦੇ ਮਨ ਚਾਅ।
ਤੂੰ ਮਹਿੰਦੀ ਲਾ ਜੀਵਣ ਜੋਗਿਆ
ਮਹਿੰਦੀ ਲਾ ਕੇ ਸੌਰ੍ਹੇ ਘਰ ਜਾਹ।
ਤੂੰ ਮਹਿੰਦੀ ਲਾ ਮਾਈਆਂ ਪਿਆਰਿਆ
ਮਹਿੰਦੀ ਲਾ ਕੇ ਸੌਰ੍ਹੇ ਘਰ ਜਾਹ।
ਤੂੰ ਮਹਿੰਦੀ ਲਾ ਜੀਵਣ ਜੋਗਿਆ
ਮਹਿੰਦੀ ਲਾ ਕੇ ਸੌਰ੍ਹੇ ਘਰ ਜਾਹ।
ਇਹ ਮਹਿੰਦੀ ਤੇਰੀਆਂ ਮਾਮੀਆਂ ਨੇ ਲਾਈ
ਮਾਮਿਆਂ ਦੇ ਮਨ ਚਾਅ।
ਤੂੰ ਮਹਿੰਦੀ ਲਾ ਜੀਵਣ ਜੋਗਿਆ
ਮਹਿੰਦੀ ਲਾ ਕੇ ਸੌਰ੍ਹੇ ਘਰ ਜਾਹ।
ਉਰ੍ਹਾਂ ਕਰ ਵੇ ਰੱਤੜਾ ਹੱਥ
ਤੈਨੂੰ ਮਹਿੰਦੀ ਲਾਵਾਂ।
ਮਹਿੰਦੀ ਲਾਵਾਂ
ਤੇਰੇ ਚਾਚੇ ਕੂ ਸਦਾਵਾਂ।
ਤੈਨੂੰ ਮਹਿੰਦੀ ਲਾਵਾਂ
ਉਰਾਂ ਕਰ ਵੇ ਰੱਤੜਾ ਹੱਥ।
ਤੈਨੂੰ ਮਹਿੰਦੀ ਲਾਵਾਂ, ਮਹਿੰਦੀ ਲਾਵਾਂ ।
ਤੇਰੇ ਮਾਮੇ ਕੂ ਸਦਾਵਾਂ
ਤੈਨੂੰ ਮਹਿੰਦੀ ਲਾਵਾਂ।
|