ਪੰਜਾਬੀ ਕਲਾਮ/ਗ਼ਜ਼ਲਾਂ ਮਜ਼ਹਰੁਲ ਹੱਕ ਅਤਹਰ
1. ਕੱਜਲ ਭਰਿਆ ਦਿਨ ਏ ਰਾਤ ਦਾ ਕੀ ਦੱਸਾਂ
ਕੱਜਲ ਭਰਿਆ ਦਿਨ ਏ ਰਾਤ ਦਾ ਕੀ ਦੱਸਾਂ?
ਪਿਆਰ ਦੀ ਅੱਲ੍ਹੜ ਏਸ ਸੌਗ਼ਾਤ ਦਾ ਕੀ ਦੱਸਾਂ?
ਅਰਮਾਨਾਂ ਦੇ ਫੁੱਲ ਬੂਟੇ ਸਨ ਵਿਹੜੇ ਵਿੱਚ,
ਬੰਜਰ ਧਰਤੀ 'ਤੇ ਬਰਸਾਤ ਦਾ ਕੀ ਦੱਸਾਂ?
ਤੇਰੀ ਮਹਿਫ਼ਿਲ ਵਿੱਚ ਤੇਰੀ ਲੱਜ ਰੱਖਣ ਨੂੰ,
ਚੁੱਪ-ਚੁਪਾਤ ਸੁਣੀ ਹਰ ਬਾਤ ਦਾ ਕੀ ਦੱਸਾਂ?
ਭਰ ਦਿੰਦੀ ਜੋ ਖ਼ਾਲੀ ਕਾਸੇ ਨੈਣਾਂ ਦੇ,
ਲੱਭਿਆਂ ਵੀ ਨਾ ਲੱਭੀ ਝਾਤ ਦਾ ਕੀ ਦੱਸਾਂ?
ਤਨ ਮੇਰਾ ਜਿਸ ਰਹਿਣ ਨਾ ਦਿੱਤਾ ਮੇਰਾ ਵੀ,
ਪੁੱਛਣ ਲੋਕੀਂ ਤੇ ਉਸ ਜ਼ਾਤ ਦਾ ਕੀ ਦੱਸਾਂ?
ਸਾਰੇ ਤਾਰੇ ਲੁਕ ਗਏ ਰਾਤ ਦੀ ਬੁੱਕਲ ਵਿੱਚ,
ਚੰਨ ਦੇ ਬਾਝੋਂ ਕਾਲੀ ਰਾਤ ਦਾ ਕੀ ਦੱਸਾਂ?
ਫੱਟ ਮਿਲੇ ਤੇ 'ਅਤਹਰ' ਪੈੜਾਂ ਜਾਗ ਪਈਆਂ,
ਦਰਦ-ਮੰਦਾਂ ਦੀ ਦਿੱਤੀ ਦਾਤ ਦਾ ਕੀ ਦੱਸਾਂ?
2. ਇਸ਼ਕ ਦੀਆਂ ਨੇ ਅਪਣੀਆਂ ਰੁੱਤਾਂ, ਅਪਣੇ ਰੰਗ, ਅਪਣੇ ਪਰਛਾਵੇਂ
ਇਸ਼ਕ ਦੀਆਂ ਨੇ ਅਪਣੀਆਂ ਰੁੱਤਾਂ, ਅਪਣੇ ਰੰਗ, ਅਪਣੇ ਪਰਛਾਵੇਂ।
ਐਸਾ ਚਾਨਣ ਹੋ ਨਹੀਂ ਸਕਦਾ, ਭਾਵੇਂ ਲੱਖਾਂ ਦੀਪ ਜਲਾਵੇਂ।
ਸਾਵਣ ਆਵਣ, ਬੱਦਲ ਵੱਸਣ, ਮਨ ਦੀ ਧਰਤੀ ਪਿਆਸੀ ਰਹਿੰਦੀ,
ਅੱਗ ਅਜੇਹੀ ਅੰਦਰੋਂ ਸਾੜੇ, ਚੈਨ ਆਰਾਮ ਨਾ ਧੁੱਪੇ-ਛਾਵੇਂ।
ਤੇਰਾ ਤਨ ਮਨ ਕੁਝ ਨਹੀਂ ਤੇਰਾ, ਤੇਰੀ ਸੋਚ ਏ ਉਹਦੀ ਸੋਚ,
ਅਪਣਾ ਆਪ ਜਨਾਜ਼ਾ ਚੁੱਕ ਕੇ, ਗਲੀ ਗਲੀ ਵਿਚ ਹੋਕੇ ਲਾਵੇਂ?
ਪਿਆਰ-ਖ਼ਲੂਸ ਦੇ ਬਦਲੇ ਹਰ ਦਮ, ਬੇਦਰਦਾਂ ਦੇ ਦਰਦ ਖ਼ਰੀਦੇਂ,
ਚੁਗ ਜਾਵਣ ਜਦ ਚਿੜੀਆਂ ਖੇਤੀ, ਬੈਠਾ ਸੋਚੇਂ 'ਤੇ ਪਛਤਾਵੇਂ।
ਕੁਝ ਨਾ ਸੁੱਝੇ, ਕਿੱਥੇ ਜਾਵਾਂ, ਚਾਰੇ ਕੂੰਟ ਹਨ੍ਹੇਰੇ ਦਿੱਸਣ,
ਮਸਤ-ਅਲਮਸਤ ਹੋ ਲੱਭਣੇ ਪੈਂਦੇ, ਮੱਥੇ-ਲਿਖੀਆਂ ਦੇ ਸਿਰਨਾਵੇਂ।
ਮਰਿਆਂ ਜੇ ਮਿਲ ਜਾਵੇ ਮੰਜ਼ਿਲ, ਘਾਟੇ ਦਾ ਨਈਂ ਸੌਦਾ 'ਅਤਹਰ',
ਸਮਝ ਲਵੀਂ ਕੰਮ 'ਮੌਜਾਂ' ਆਈਆਂ, ਜੇ ਕਰ ਪਾਰ ਕਿਨਾਰੇ ਜਾਵੇਂ।
3. ਨਹੀਂ ਏਥੇ ਕਦੇ ਬਣਿਆਂ ਕੋਈ ਮੁਖ਼ਤਾਰ ਲੋਕਾਂ ਦਾ
ਨਹੀਂ ਏਥੇ ਕਦੇ ਬਣਿਆਂ ਕੋਈ ਮੁਖ਼ਤਾਰ ਲੋਕਾਂ ਦਾ।
ਮੇਰਾ ਸੰਸਾਰ ਏ ਯਾਰੋ ! ਫ਼ਕਤ ਖ਼ੁਦ-ਦਾਰ ਲੋਕਾਂ ਦਾ।
ਜਦੋਂ 'ਯੂਸਫ਼' ਦੀ ਨੀਲਾਮੀ ਦੁਬਾਰਾ ਹੋ ਨਹੀਂ ਸਕਦੀ,
ਇਹ ਦੱਸੋ ਫੇਰ ਕਾਹਨੂੰ ਸਜ ਗਿਆ ਬਾਜ਼ਾਰ ਲੋਕਾਂ ਦਾ।
ਤਮੰਨਾਵਾਂ ਦੇ ਵਿਹੜੇ ਵਿੱਚ ਫ਼ਕਤ ਕੰਡੇ ਈ ਉੱਗਦੇ ਨੇ,
ਮੁਬਾਰਕਬਾਦ ਦੇ ਲਾਇਕ ਸਿਲਾ ਗ਼ਮਖ਼ਵਾਰ ਲੋਕਾਂ ਦਾ।
ਗ਼ਰੀਬਾਂ ਤੇ ਸਿਤਮ ਹੋਵੇ, ਤਮਾਸ਼ਾ ਜਾਪਦਾ ਸਭ ਨੂੰ,
ਖ਼ੁਦਾ-ਹਾਫ਼ਿਜ ! ਤੁਹਾਡੇ ਸ਼ਹਿਰ ਵਿੱਚ ਕਿਰਦਾਰ ਲੋਕਾਂ ਦਾ।
ਫ਼ਰਿਸ਼ਤੇ ਆਉਣਗੇ ਤਦ ਏਸ ਬਸਤੀ ਨੂੰ ਵਸਾਵਣ ਲਈ?
ਲਹੂ ਬਸ ਸੁਰਖ਼ ਏਥੇ ਰਹਿ ਗਿਆ ਦੋ-ਚਾਰ ਲੋਕਾਂ ਦਾ।
ਪਰੇ ਇਨ੍ਹਾਂ ਤੋਂ ਹੋ ਜਾਵੇਂ ਮਿਰੇ ਵਾਂਗੂੰ ਤਾਂ ਚੰਗਾ ਏ,
ਨਾ ਲੈ ਡੁੱਬੇ ਕਿਤੇ ਤੈਨੂੰ ਵੀ 'ਅਤਹਰ' ਪਿਆਰ ਲੋਕਾਂ ਦਾ।
4. ਸ਼ਹਿਰ ਤੋਂ ਬਾਹਰ ਜੀਹਨੇ ਝੁੱਗੀ ਪਾਈ ਏ
ਸ਼ਹਿਰ ਤੋਂ ਬਾਹਰ ਜੀਹਨੇ ਝੁੱਗੀ ਪਾਈ ਏ।
ਉਹਨੇ ਬਾਜ਼ੀ ਹਾਰ ਕੇ, ਖੇਡ ਰਚਾਈ ਏ।
ਬੱਦਲਾਂ ਵਾਂਗ ਹਵਾ ਦੇ ਦੋਜ਼ 'ਤੇ ਰਹਿੰਦਾ ਏ,
'ਸੋਚ' ਜਿਨ੍ਹੇ ਵੀ ਸੁਪਨੇ ਨਾਲ ਸਜਾਈ ਏ।
ਸਿਖਰ-ਦੁਪਹਿਰੇ ਸ਼ਾਮਾਂ ਜਿਹੀਆਂ ਪੈ ਗਈਆਂ,
ਦਿਨ ਦੇ ਮੁੱਖ ਤੇ ਕੀਹਨੇ, ਚਾਦਰ ਪਾਈ ਏ?
ਸੂਲਾਂ ਦੇ ਮੂੰਹ ਭਾਵੇਂ ਵਿੰਨ੍ਹ ਗਏ ਉਨ੍ਹਾਂ ਨੂੰ,
ਫੁੱਲਾਂ ਫੇਰ ਵੀ ਹੱਸ ਕੇ ਗੱਲ ਗਵਾਈ ਏ।
ਪਲ ਭਰ ਲਈ ਵੀ ਕੱਲੇ ਰਹਿਣ ਨੂੰ ਤਰਸ ਗਏ,
ਜਿਸ ਦਿਨ ਦੀ ਗਲ ਲੱਗੀ ਆਣ ਜੁਦਾਈ ਏ।
'ਅਤਹਰ' ਏਥੇ ਸੋਨਾ-ਚਾਂਦੀ ਕੀ ਲੱਭੇਂ?
ਬੰਦਿਆਂ ਨੇ ਬੰਦਿਆਂ ਦੀ ਮੰਡੀ ਲਾਈ ਏ।
5. ਧਰਤੀ ਦਾ ਸਭ ਚਾਂਦੀ-ਸੋਨਾ ਰਹਿਣ ਦਿਓ
ਧਰਤੀ ਦਾ ਸਭ ਚਾਂਦੀ-ਸੋਨਾ ਰਹਿਣ ਦਿਓ।
ਅਪਣੇ ਘਰ, ਬੱਸ ਦੀਵਾ ਬਲਦਾ ਰਹਿਣ ਦਿਓ।
ਖ਼ੌਰੇ ਫ਼ਰਕ ਰਹਵੇ ਕੁੱਝ ਚੰਗੇ-ਮੰਦੇ ਵਿੱਚ,
ਅਪਣਾ ਚੰਗਾ-ਕੀਤਾ, ਚੰਗਾ ਰਹਿਣ ਦਿਓ।
ਜਿਹੜਾ ਆਵੀ ਚੜ੍ਹਿਆ ਏ, ਪਰ ਕੱਚਾ ਏ,
ਓਸ ਘੜੇ ਨੂੰ 'ਸੋਹਣੀ' ਜੋਗਾ ਰਹਿਣ ਦਿਓ।
ਦਿਲ ਦਾ ਵਿਹੜਾ ਕਬਰ ਬਣਾਉ ਰਾਜ਼ਾਂ ਦੀ,
ਸੱਜਣ ਨੂੰ, ਬੱਸ ਸੱਜਣ ਅਪਣਾ ਰਹਿਣ ਦਿਓ।
ਕਦ ਜੁਗਨੂੰ ਦਾ ਚਾਨਣ ਦਿਨ ਵਿੱਚ ਦਿਸਦਾ ਏ,
ਰਾਤਾਂ ਨੂੰ ਤੇ ਕੁਝ-ਕੁਝ ਕਾਲਾ ਰਹਿਣ ਦਿਓ।
ਸੋਚ ਦੇ ਤਾਰੇ ਬੱਦਲ ਥੱਲੇ ਲੁਕ ਜਾਵਣ,
ਅਪਣੇ ਆਪ ਤੋਂ ਦੂਰ ਉਹ ਵੇਲਾ ਰਹਿਣ ਦਿਓ।
ਰੌਲਾ ਪਾਉਣਾ 'ਅਤਹਰ' ਕੰਮ ਏ ਦੁਨੀਆਂ ਦਾ,
ਦਿਲ ਨੂੰ, ਬੱਸ ਮਿੱਟੀ ਦਾ ਬਾਵਾ ਰਹਿਣ ਦਿਓ।
6. ਮੈਂ ਕੀ ਕਰਨਾ ਨਫ਼ਰਤ ਵਾਲੀ ਸ਼ੂਕਰ ਨੂੰ
ਮੈਂ ਕੀ ਕਰਨਾ ਨਫ਼ਰਤ ਵਾਲੀ ਸ਼ੂਕਰ ਨੂੰ?
ਜਿੰਦ ਮਿਰੀ ਤੇ ਤਰਸੇ ਪਿਆਰ ਦੇ ਅੱਖਰ ਨੂੰ।
ਮੇਰੇ ਘਰ ਨੂੰ ਮੈਥੋਂ ਅੱਗ ਲਵਾਈ ਏ,
ਅੱਗ ਲਾਵਾਂ ਅੱਗ-ਲਾਵਣ ਵਾਲੇ ਮੰਨਜ਼ਰ ਨੂੰ।
ਅਪਣੇ ਪਿੱਛੇ ਲਾ ਕੇ ਕਿਥੇ ਲੈ ਆਇਆ?
ਪੁੱਛਾਂ ਤੇ ਕੀ ਪੁੱਛਾਂ ਅਪਣੇ ਰਹਬਰ ਨੂੰ।
ਸਮਝ ਨਾ ਆਵੇ ਸੋਚ-ਸੋਚ ਕੇ ਹਾਰ ਗਿਆ,
ਕਿਵੇਂ ਹਟਾਵਾਂ ਮੈਂ ਰਾਹ ਦੇ ਪੱਥਰ ਨੂੰ?
ਉਹਨੂੰ ਰੌਸ਼ਨ ਕਰ ਨਾ ਸੱਕੇ ਹੰਝੂ ਵੀ,
ਡੁੱਬਿਆ ਤੱਕਿਆ ਸੀ ਨ੍ਹੇਰੇ ਵਿੱਚ ਜਿਸ ਘਰ ਨੂੰ।
ਮੈਨੂੰ ਦੱਸ ਕਿਸੇ ਨਾ ਪਾਈ ਯਾਰੋ, ਮੈਂ-
ਲੱਭ-ਲੱਭ ਥੱਕਿਆ 'ਵਾਅਵਰੋਲੇ' ਦਿਲਬਰ ਨੂੰ।
ਦਮ-ਦਮ ਹੱਸੇ ਖੇਡੇ, ਉਹਦੀ ਜਮ-ਜਮ ਖ਼ੈਰ,
ਪਿਆਰ ਦਾ ਜੀਹਨੇ ਸਬਕ ਪੜ੍ਹਾਇਆ 'ਅਤਹਰ' ਨੂੰ।