Harpal Singh Pannu
ਹਰਪਾਲ ਸਿੰਘ ਪੰਨੂ

Punjabi Writer
  

Maulana Rumi Harpal Singh Pannu

ਮੌਲਾਨਾ ਰੂਮੀ ਹਰਪਾਲ ਸਿੰਘ ਪੰਨੂ

ਸ਼ਮਸ ਤਬਰੇਜ਼, ਰੂਮੀ ਅਤੇ ਹਾਫਿਜ਼ ਸ਼ੀਰਾਜ਼ੀ, ਇਹ ਸਾਰੇ ਸ਼ਾਇਰ ਦੁਨੀਆਂ ਨੂੰ ਈਰਾਨ ਵਲੋਂ ਦਿਤੀ ਸੁਗਾਤ ਹਨ। ਅੱਠ ਸੌ ਸਾਲ ਪਹਿਲੋਂ ਹੋਇਆ ਰੂਮੀ ਪੁਰਾਣਾ ਲਗਦਾ ਹੀ ਨਹੀਂ। ਇਹ ਠੀਕ ਹੈ ਕਿ ਇਨ੍ਹਾਂ ਸ਼ਾਇਰਾਂ ਦੇ ਖਿਆਲਾਂ ਦੀਆਂ ਬੰਦਿਸ਼ਾਂ ਦਾ ਆਨੰਦ ਜੋ ਫਾਰਸੀ ਵਿਚ ਲਿਆ ਜਾ ਸਕਦਾ ਹੈ ਉਹ ਤਰਜਮੇ ਰਾਹੀਂ ਹਾਸਲ ਨਹੀਂ ਹੁੰਦਾ, ਪਰ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਕਿਉਂਕਿ ਪੰਜਾਬ ਦੇ ਅਜੋਕੇ ਹੁਕਮਰਾਨਾਂ ਨੇ ਉਰਦੂ ਫਾਰਸੀ ਦੀ ਵਿਦਿਆ ਦਾ ਸਕੂਲਾਂ ਵਿਚੋਂ ਇਕੋ ਸਰਕੁਲਰ ਨਾਲ ਸਫਾਇਆ ਕਰ ਦਿੱਤਾ ਸੀ। ਇਨ੍ਹਾਂ ਜ਼ਬਾਨਾਂ ਦੀ ਪੜ੍ਹਾਈ ਬੰਦ ਕਰ ਦੇਣ ਦਾ ਜਦੋਂ ਸਰਕੁਲਰ ਜਾਰੀ ਹੋਇਆ ਤਾਂ ਕਿਸੇ ਪਾਸਿਓਂ ਇਸਦਾ ਵਿਰੋਧ ਨਹੀਂ ਹੋਇਆ ਸੀ। ਰੂਮੀ ਦੇ ਇਕ ਸ਼ਿਅਰ ਦਾ ਪੰਜਾਬੀ ਤਰਜ਼ਮਾ ਹੈ:
ਹੋ ਜਾਏ ਕੋਈ ਦੂਰ ਆਪਣੀਆਂ ਜੜ੍ਹਾਂ ਤੋਂ,
ਤਾਂ ਆਵਾਜ਼ ਵੀ ਜੇ ਦਏਗਾ ਆਪਣੀਆਂ ਜੜ੍ਹਾਂ ਨੂੰ,
ਆਵਾਜ਼ ਦੀ ਗੂੰਜ ਵਾਪਸ ਆਏਗੀ
ਤਾਂ ਆਏਗੀ ਆਪਣੀਆਂ ਜੜ੍ਹਾਂ ਵਲੋਂ ਹੀ।
ਰੂਮੀ ਦਾ ਜਨਮ 30 ਸਤੰਬਰ 1207 ਈ. ਨੂੰ ਅਫਗਾਨਿਸਤਾਨ ਦੇ ਨਗਰ ਬਲਖ ਵਿਚ ਹੋਇਆ। ਪਿਤਾ ਦਾ ਨਾਮ ਬਹਾਉਦੀਨ ਸੀ ਤੇ ਮਾਂ ਮੋਮਿਤ ਖਾਤੂਨ। ਪਿਤਾ ਜੀ ਪਹਿਲੇ ਖਲੀਫੇ ਅਬੂ ਬਕਰ ਦੇ ਖ਼ਾਨਦਾਨ ਵਿਚੋਂ ਤੇ ਮਾਂ ਚੌਥੇ ਖਲੀਫੇ ਹਜ਼ਰਤ ਅਲੀ ਦੇ ਖਾਨਦਾਨ ਵਿਚੋਂ ਸੀ। ਇਹ ਖਾਨਦਾਨ ਇਸਲਾਮੀ ਪਰੰਪਰਾ ਵਿਚ ਸ਼ਰੋਮਣੀ ਹਨ। ਜਿੱਥੇ ਜਿੱਥੇ ਵੀ ਇਹ ਪਰਿਵਾਰ ਗਿਆ ਸਨਮਾਨਿਤ ਹੋਇਆ। ਬਹਾਉਦੀਨ ਵੱਡਾ ਵਿਦਵਾਨ ਸੀ ਪਰ ਸਾਦਗੀ-ਪੂਰਨ ਜੀਵਨ ਬਤੀਤ ਕਰਦਾ। ਉਸਨੂੰ ਸੁਲਤਾਨਿ-ਉਲੇਮਾ (ਵਿਦਵਾਨਾਂ ਦਾ ਬਾਦਸ਼ਾਹ) ਦਾ ਖਿਤਾਬ ਮਿਲਿਆ। ਸਵੇਰ ਤੋਂ ਦੁਪਹਿਰ ਤੱਕ ਬਚਨ ਬਿਲਾਸ ਸੁਣਨ ਵਾਸਤੇ ਹਰ ਇਕ ਨੂੰ ਆਉਣ ਦਾ ਅਧਿਕਾਰ ਸੀ, ਪਰ ਬਾਦ ਦੁਪਹਿਰ ਇੱਕ ਪਹਿਰ ਦਾ ਸਮਾਂ ਉਹ ਕੇਵਲ ਵਿਦਵਾਨਾਂ ਦੀ ਅਗਵਾਈ ਵਾਸਤੇ ਰਾਖਵਾਂ ਰਖਦੇ।
ਬਲਖ ਸ਼ਹਿਰ ਰੂਮੀ ਦੇ ਜਨਮ ਤੋਂ ਪਹਿਲਾਂ ਪੰਜ ਸਦੀਆਂ ਤੱਕ ਇਸਲਾਮਿਕ ਵਿਦਿਆ ਦਾ ਪ੍ਰਸਿੱਧ ਕੇਂਦਰ ਰਿਹਾ ਸੀ। ਬਗਦਾਦ ਤੋਂ ਬਾਦ ਬਲਖ ਦਾ ਹੀ ਨਾਮ ਸੀ। ਉਸਦਾ ਪੂਰਾ ਨਾਮ ਸੀ ਜਲਾਲੁੱਦੀਨ ਮੁਹੰਮਦ ਬਿਨ ਹੁਸੈਨ ਅਲ ਬਲਖੀ। ਬਿਨ ਮਾਇਨੇ ਪੁੱਤਰ, ਸੋ ਹੁਸੈਨ ਅਲ ਬਲਖੀ ਬਹਾਉਦੀਨ ਦਾ ਪੁੱਤਰ ਜਲਾਲੁੱਦੀਨ ਮੁਹੰਮਦ। ਰੂਮੀ ਸੱਤ ਸਾਲ ਦਾ ਸੀ ਕਿ ਪਰਿਵਾਰ ਅਨਾਤੋਲੀਆ ਵਿਚ ਚਲਾ ਗਿਆ। ਅਜੋਕੇ ਤੁਰਕੀ ਦਾ ਨਾਮ ਉਦੋਂ ਅਨਾਤੋਲੀਆ ਸੀ। ਇਤਾਲਵੀਆਂ ਨੇ ਜਿਨ੍ਹਾਂ ਦੇਸਾਂ ਉਤੇ ਰਾਜ ਅਧਿਕਾਰ ਜਮਾਇਆ ਹੋਇਆ ਸੀ ਉਨ੍ਹਾਂ ਦੀ ਪਰਜਾ ਨੂੰ ਰੋਮਨ ਜਾਂ ਰੋਮੀ ਕਹਿੰਦੇ ਸਨ। ਤੁਰਕੀ ਦੇ ਲੋਕ ਵੀ ਰੋਮੀ ਜਾਂ ਰੂਮੀ ਹੋਏ। ਸੋ ਇਸ ਦਰਵੇਸ ਦਾ ਜਿਹੜਾ ਨਾਮ ਸਭ ਤੋਂ ਵਧੀਕ ਪ੍ਰਚਲਤ ਤੇ ਪ੍ਰਸਿੱਧ ਹੋਇਆ ਉਹ ਮੌਲਾਨਾ ਰੂਮੀ ਹੈ। ਮੌਲਾਨਾ ਮਾਇਨੇ ਵਡੇਰਾ। ਭਾਰਤ ਅਤੇ ਪਾਕਿਸਤਾਨ ਵਿਚ ਉਹ ਮੌਲਾਨਾ ਰੂਮੀ ਹੈ, ਅਫਗਾਨਿਸਤਾਨ ਵਿਚ ਉਸ ਨੂੰ ਮੌਲਾਨਾ ਜਲਾਲੁੱਦੀਨ ਬਲਖੀ ਆਖਦੇ ਹਨ, ਤੁਰਕੀ ਵਿਚ ਮੇਵਲਾਨਾ ਰੂਮ ਅਤੇ ਈਰਾਨ ਵਿਚ ਮੌਲਵੀ ਰੂਮ ਕਹਿੰਦੇ ਹਨ। ਪੱਛਮ ਵਿਚ ਉਹ ਕੇਵਲ ਰੂਮੀ ਹੈ।
ਸਨ 1213 ਈ. ਨੂੰ ਇਕ ਦਿਨ ਖੁਰਾਸਾਨ ਦੇ ਬਾਦਸ਼ਾਹ ਨੇ ਬਹਾਉਦੀਨ ਦੀ ਜਸ-ਕੀਰਤੀ ਸੁਣੀ ਤਾਂ ਪ੍ਰਵਚਨ ਸੁਣਨ ਵਾਸਤੇ ਪੁੱਜੇ। ਉਥੇ ਪ੍ਰਵਚਨ ਸੁਣਨ ਵਾਸਤੇ ਆਏ ਲੋਕਾਂ ਦਾ ਏਨਾ ਵੱਡਾ ਇੱਕਠ ਦੇਖ ਕੇ ਹੈਰਾਨ ਹੋ ਗਏ ਤੇ ਸੁਭਾਵਕ ਮੂਹੋਂ ਨਿਕਲਿਆ-ਖੁਦਾ, ਏਨੀ ਖ਼ਲਕਤ! ਬਾਦਸ਼ਾਹ ਦਾ ਵਿਦਵਾਨ ਅਹਿਲਕਾਰ ਜੋ ਉਸ ਵਕਤ ਨਾਲ ਸੀ ਤੇ ਬਹਾਉਦੀਨ ਨਾਲ ਈਰਖਾ ਕਰਦਾ ਸੀ, ਉਸਨੇ ਤੁਰੰਤ ਆਪਣਾ ਤੀਰ ਚਲਾਇਆ, ਬੰਦਾ ਪਰਵਰ, ਜੇ ਤੁਰਤ ਫੁਰਤ ਇਸਦਾ ਇਲਾਜ ਨਾ ਕੀਤਾ ਤਾਂ ਇਹ ਸ਼ਖਸ ਤੁਹਾਡੀ ਹਕੂਮਤ ਵਾਸਤੇ ਖਤਰਾ ਬਣ ਸਕਦਾ ਹੈ।
ਸਲਾਹਕਾਰਾਂ ਦੀ ਸਲਾਹ ਲੈਣ ਉਪਰੰਤ ਬਾਦਸ਼ਾਹ ਨੇ ਆਪਣੇ ਹਥਿਆਰਘਰ, ਖਜ਼ਾਨੇ ਅਤੇ ਕਿਲੇ ਦੀਆਂ ਚਾਬੀਆਂ ਇਕ ਖ਼ਤ ਸਮੇਤ ਬਹਾਉਦੀਨ ਕੋਲ ਭੇਜ ਦਿੱਤੀਆਂ। ਖ਼ਤ ਵਿਚ ਲਿਖਿਆ ਸੀ, ਹਜ਼ੂਰ, ਸਾਡੀ ਪਰਜਾ ਦੇ ਦਿਲਾਂ ਉਪਰ ਤੁਸੀਂ ਹਕੂਮਤ ਕਾਇਮ ਕਰ ਲਈ ਹੈ। ਸਾਡੇ ਕੋਲ ਤਾਂ ਇਹ ਪੰਜ ਚਾਰ ਚਾਬੀਆਂ ਬਚੀਆਂ ਰਹਿ ਗਈਆਂ ਹਨ ਕੇਵਲ, ਇਹ ਵੀ ਅਸੀਂ ਕੀ ਕਰਨੀਆਂ ਹਨ? ਤੁਸੀ ਸੰਭਾਲੋ।
ਬਹਾਉਦੀਨ ਦੇ ਸਬਰ ਅਤੇ ਸ਼ੁਕਰ ਉਪਰ ਇਸ ਖ਼ਤ ਅਤੇ ਚਾਬੀਆਂ ਦਾ ਕੋਈ ਅਸਰ ਨਾ ਹੋਇਆ। ਚਾਬੀਆਂ ਮੋੜਦਿਆਂ ਇਹ ਖ਼ਤ ਲਿਖਿਆ, "ਸਭ ਤੋਂ ਪਹਿਲਾਂ ਬਾਦਸ਼ਾਹ ਸਲਾਮਤ ਮੇਰਾ ਸਲਾਮ ਕਬੂਲ ਕਰੋ। ਦੁਨੀਆਂਦਾਰੀ ਤੋਂ ਮੁਕਤ ਮੈਂ ਖੁਦਾ ਦਾ ਬੰਦਾ ਹਾਂ। ਸ਼ਾਨੋ-ਸ਼ੌਕਤ, ਹਥਿਆਰ, ਖ਼ਜ਼ਾਨੇ ਤੇ ਕਿਲੇ ਮੇਰੇ ਲਈ ਬੇਮਾਇਨੇ ਹਨ। ਜੁਮੇ ਦੀ ਨਮਾਜ਼ ਪੜ੍ਹਨ ਤੋਂ ਬਾਅਦ ਮੈਂ ਆਪਦਾ ਮੁਲਕ ਤਿਆਗ ਦਿਆਂਗਾ ਤਾਂ ਕਿ ਤੁਹਾਨੂੰ ਕੋਈ ਗਲਤਫਹਿਮੀ ਨਾ ਹੋਵੇ ਤੇ ਮੇਰੇ ਬਾਦ ਤੁਸੀ ਬੇਫਿਕਰ ਹੋਕੇ ਹਕੂਮਤ ਕਰਦੇ ਰਹੋ।
ਕੰਨੋ ਕੰਨ ਇਹ ਖਬਰ ਘਰ ਘਰ ਪੁੱਜ ਗਈ ਤਾਂ ਬਲਖ ਵਿਚ ਬਾਦਸ਼ਾਹ ਦੇ ਖਿਲਾਫ ਬਗਾਵਤ ਦੇ ਹਾਲਾਤ ਪੈਦਾ ਹੋ ਗਏ। ਏਨੀ ਅਫਰਾਤਫਰੀ ਸ਼ੁਰੂ ਹੋਈ ਕਿ ਬਾਦਸ਼ਾਹ ਨੂੰ ਮਜਬੂਰਨ ਬਹਾਉਦੀਨ ਤੋਂ ਮਾਫ਼ੀ ਮੰਗਣੀ ਪਈ ਤੇ ਨਾਲੇ ਅਰਜ਼ ਕੀਤੀ ਕਿ ਬਲਖ ਵਿਚੋਂ ਨਾ ਜਾਓ। ਬਹਾਉਦੀਨ ਸ਼ਾਂਤ ਰਹੇ। ਲੋਕਾਂ ਨੇ ਸਮਝਿਆ ਕਿ ਫਕੀਰ ਨੇ ਬਾਦਸ਼ਾਹ ਨੂੰ ਮਾਫ ਕਰ ਦਿੱਤਾ ਹੈ, ਸੋ ਟਿਕ ਟਿਕਾ ਹੋ ਗਿਆ। ਸਨਿਚਰਵਾਰ ਦੀ ਰਾਤ ਬਿਨਾ ਕਿਸੇ ਨੂੰ ਦੱਸਿਆਂ ਪਰਿਵਾਰ ਸਮੇਤ ਉਹ ਚਲ ਪਏ, ਕਿਧਰ? ਇਸਦਾ ਉਨ੍ਹਾਂ ਨੂੰ ਖੁਦ ਪਤਾ ਨਹੀਂ ਸੀ। ਕੇਵਲ ਏਨਾ ਫੈਸਲਾ ਸੀ ਕਿ ਬਲਖ ਦੇ ਰਾਜ ਵਿਚ ਨਹੀਂ ਰਹਿਣਾ। ਇਸ ਪਰਿਵਾਰ ਦੇ ਚਲੇ ਜਾਣ ਤੋਂ ਕੁਝ ਸਮਾਂ ਬਾਦ ਚੰਗੇਜ਼ ਖ਼ਾਨ ਨੇ ਬਲਖ ਤੇ ਹਮਲਾ ਕਰ ਦਿਤਾ ਤੇ ਕੇਵਲ ਬਲਖ ਨਹੀਂ, ਖੁਰਾਸਾਨ ਵੀ ਤਬਾਹ ਕਰ ਦਿਤਾ। ਮੰਗੋਲ ਫੌਜਾਂ ਦੀ ਕਰੂਰਤਾ ਤੋਂ ਸੰਸਾਰ ਭਲੀ ਪ੍ਰਕਾਰ ਜਾਣੂ ਹੈ।
ਪੰਦਰਾਂ ਸਾਲ ਰੂਮੀ ਦਾ ਪਰਿਵਾਰ ਟੱਪਰੀਵਾਸਾਂ ਵਾਂਗ ਦੇਸਾਂ-ਦੇਸਾਂਤਰਾਂ ਵਿਚ ਘੁੰਮਦਾ ਫਿਰਦਾ ਰਿਹਾ, ਸਾਲ 1228 ਵਿਚ ਉਹ ਤੁਰਕੀ ਦੀ ਰਾਜਧਾਨੀ ਕੋਨੀਆਂ ਪੁੱਜੇ। ਤੁਰਕੀ ਦੇ ਸੁਲਤਾਨ ਅਲਾਉਦੀਨ ਕੈਕਾਬਾਦ ਨੇ ਉਨ੍ਹਾਂ ਪਾਸ ਬੇਨਤੀ ਕੀਤੀ ਕਿ ਰਾਜਧਾਨੀ ਵਿਚ ਵੱਸੋ ਤੇ ਮਦਰਸਾਇ ਖੁਦਾਵੰਦਗਾਰ ਸਥਾਪਤ ਕਰੋ।
ਪਿਤਾ ਨੂੰ ਅਹਿਸਾਸ ਸੀ ਕਿ ਉਸਦਾ ਪੁੱਤਰ ਮਿਹਨਤੀ ਹੈ, ਛੇਤੀ ਗੱਲ ਸਮਝ ਜਾਂਦਾ ਹੈ ਤੇ ਯਾਦਦਾਸ਼ਤ ਵਧੀਆ ਹੈ, ਪਰ ਕੋਈ ਖ਼ਾਸ ਗੈ.ਬੀ ਗੁਣ ਵੀ ਹੈ, ਇਸਦਾ ਪਤਾ ਨਹੀਂ ਸੀ। ਈਰਾਨ ਵਿਚੋਂ ਦੀ ਲੰਘ ਰਹੇ ਸਨ ਤਾਂ ਫੈਸਲਾ ਹੋਇਆ ਫਰੀਦੁੱਦੀਨ ਅੱਤਾਰ ਦੇ ਦੀਦਾਰ ਕਰਕੇ ਜਾਵਾਂਗੇ। ਇਹ ਵਡੇ ਮਰਾਤਬੇ ਵਾਲਾ ਫਕੀਰ ਸੀ ਤੇ ਬਹੁਤ ਵੱਡਾ ਸ਼ਾਇਰ। ਉਸਦੀ ਕਿਤਾਬ ਪੰਛੀਆਂ ਦੀ ਮਜਲਿਸ (ਕਾਨਫਰੰਸ ਆਫ ਦ ਬਰਡਜ਼) ਵਿਸ਼ਵ ਦੇ ਸ਼ਾਹਕਾਰਾਂ ਵਿਚੋਂ ਇਕ ਹੈ ।
ਪਿਤਾ ਪੁੱਤਰ, ਅੱਤਾਰ ਨੂੰ ਮਿਲਣ ਆ ਰਹੇ ਸਨ ਤਾਂ ਪਿਤਾ ਅੱਗੇ ਅੱਗੇ ਚੱਲ ਰਿਹਾ ਸੀ, ਪੁੱਤਰ ਰੂਮੀ ਪਿਛੇ ਪਿਛੇ। ਅੱਤਾਰ ਦੇ ਇਰਦ-ਗਿਰਦ ਉਨ੍ਹਾਂ ਦੇ ਮੁਰੀਦ ਬੈਠੇ ਸਨ। ਅੱਤਾਰ ਦੀ ਨਿਗਾਹ ਆਪਣੇ ਵਲ ਆਉਂਦੇ ਪਿਉ ਪੁੱਤਰ ਤੇ ਪਈ ਤਾਂ ਮੁਰੀਦਾਂ ਨੂੰ ਕਿਹਾ, ਅਹੁ ਦੇਖੋ ਚਮਤਕਾਰ, ਦਰਿਆ ਦੇ ਪਿਛੇ ਪਿਛੇ ਸਮੁੰਦਰ ਤੁਰਿਆ ਆ ਰਿਹਾ ਹੈ, ਕੁਦਰਤ ਦਾ ਕਰਿਸ਼ਮਾ ਦੇਖੋ।
ਅੱਤਾਰ ਨੇ ਦੋਵਾਂ ਦਾ ਭਰਪੂਰ ਸੁਆਗਤ ਕੀਤਾ। ਅਸੀਸਾਂ ਦਿੰਦਿਆਂ ਬਾਲਕ ਰੂਮੀ ਨੂੰ ਆਪਣੀ ਕਿਤਾਬ ਅਸਰਾਰਨਾਮਾ ਦਿੱਤੀ। ਇਸ ਮੁਲਾਕਾਤ ਦਾ ਰੂਮੀ ਦੀ ਜਿੰਦਗੀ ਉਪਰ ਉਹ ਅਸਰ ਪਿਆ ਕਿ ਸਦਾ ਲਈ ਥਿਰ ਹੋ ਗਿਆ। ਰੂਮੀ ਦੀ ਸ਼ਾਇਰੀ ਉਪਰ ਅਸਰਾਰਨਾਮਾ ਦਾ ਪ੍ਰਭਾਵ ਸਾਫ ਦਿਸਦਾ ਹੈ। ਦੂਜਾ ਪ੍ਰਭਾਵ ਉਸ ਨੇ ਹਕੀਮ ਸਨਾਈ ਦਾ ਕਬੂਲਿਆ। ਆਪਣੀ ਮਸਨਵੀ ਵਿਚ ਰੂਮੀ ਦੋਹਾਂ ਦੇ ਹਵਾਲੇ ਦੇ ਕੇ ਉਨ੍ਹਾਂ ਦੀਆਂ ਟੂਕਾਂ ਵਰਤਦਾ ਹੈ ਤੇ ਉਨ੍ਹਾਂ ਬਾਰੇ ਲਿਖਦਾ ਹੈ,
ਅੱਤਾਰ ਰੂਹ ਬੂਦੋ ਸਨਾਈ ਦੋ ਚਸ਼ਮੇ ਊ।
ਮਾ ਅਜ਼ ਪਏ ਸਨਾਈ ਓ ਅੱਤਾਰ ਆਮਦੇਮ।
(ਅੱਤਾਰ ਰੂਹ ਹੈ, ਸਨਾਈ ਉਸ ਦੀਆਂ ਦੋ ਅੱਖਾਂ ਹਨ, ਇਸ ਤੋਂ ਬਾਦ ਜੋ ਬਾਕੀ ਬਚਦਾ ਹੈ, ਉਹ ਸਮਝ ਲਵੋ ਮੈ ਹਾਂ। )
ਰੂਮੀ ਨੇ ਸੰਗੀਤ ਵਿਦਿਆ ਹਾਸਲ ਕੀਤੀ। ਜਿਹੜੇ ਦੋ ਸਾਜ਼ਾਂ ਵਿਚ ਉਸਨੇ ਨਿਪੁੰਨਤਾ ਹਾਸਲ ਕੀਤੀ ਉਹ ਸਨ ਬੰਸਰੀ ਅਤੇ ਰਬਾਬ। ਇਨ੍ਹਾਂ ਦਾ ਵਾਦਨ ਵੀ ਕਰਦੇ ਤੇ ਮਾਹਿਰਾਂ ਪਾਸੋਂ ਸੁਣਦੇ ਵੀ ਰਹਿੰਦੇ। ਕਿਹਾ ਕਰਦੇ, ਜਿਹੜੇ ਇਹ ਸਮਝਦੇ ਹਨ ਕਿ ਬੰਸਰੀ ਵਿਚੋਂ ਹਵਾ ਬਾਹਰ ਨਿਕਲਦੀ ਸੰਗੀਤ ਉਪਜਾਉਂਦੀ ਹੈ, ਅਨਜਾਣ ਹਨ। ਇਸ ਵਿਚੋਂ ਰੂਹ ਦੀ ਲਾਟ ਨਿਕਲਦੀ ਹੈ ਤਾਂ ਸੁਰ ਬਣਦਾ ਹੈ। ਬੰਸਰੀ ਵਿਚੋਂ ਜੇ ਅੱਗ ਨਹੀਂ ਨਿਕਲਦੀ ਫਿਰ ਉਹ ਬੰਸਰੀ ਨਹੀਂ, ਜਿਸ ਚੀਜ਼ ਵਿਚ ਅੱਗ ਨਹੀਂ ਹੁੰਦੀ ਉਹ ਜਿਉਂਦੀ ਨਹੀਂ ਹੁੰਦੀ। ਇਸ ਰਾਜ਼ ਨੂੰ ਉਹੀ ਸਮਝੇਗਾ ਜਿਹੜਾ ਦੇਖਣ ਨੂੰ ਹੋਸ਼ ਵਿਚ ਲਗੇ ਪਰ ਬੇਹੋਸ਼ ਹੋਏ।
29 ਅਕਤੂਬਰ 1244 ਦੇ ਦਿਨ ਅਸਾਧਾਰਨ ਘਟਨਾ ਘਟੀ। ਉਸ ਦਿਨ ਦੁਨੀਆਂ ਦੇ ਬਹੁਤ ਵਡੇ ਦਰਵੇਸ ਸ਼ੱਮਸ ਤਬਰੇਜ਼ ਨੇ ਕੋਨੀਆਂ ਵਿਚ ਕਦਮ ਰੱਖਿਆ। ਪੂਰਾ ਨਾਮ ਸੀ, ਸ਼ੱਮਸੁੱਦੀਨ ਮੁਹੰਮਦ ਇਬਨੇ ਅਲੀ ਇਬਨ ਮਲਿਕ ਦਾਦ ਤਬਰੇਜ਼ੀ। ਇਸ ਦੇ ਆਉਣ ਨਾਲ ਸ਼ਹਿਰ ਵਿਚ ਹਲਚਲ ਸ਼ੁਰੂ ਹੋ ਗਈ।
ਸ਼ੱਮਸ ਤਬਰੇਜ਼ ਦੀ ਰੂਮੀ ਨਾਲ ਮੁਲਾਕਾਤ ਦੀਆਂ ਅਨੇਕ ਰੌਚਕ ਸਾਖੀਆਂ ਹਨ। ਸਾਰੀਆਂ ਸਾਖੀਆਂ ਦਾ ਅਰਥ ਇਕੋ ਨਿਕਲਦਾ ਹੈ ਕਿ ਇਨ੍ਹਾਂ ਦੋ ਦਰਿਆਵਾਂ ਦੀ ਹੋਣੀ ਇਹੋ ਸੀ ਕਿ ਇਕ ਦੂਜੇ ਨੂੰ ਮਿਲਕੇ ਸੰਪੂਰਨ ਹੋਣ। ਕਿਹਾ ਜਾਂਦਾ ਹੈ ਕਿ ਆਜ਼ਰਬਾਈਜਾਨ ਦੇ ਸ਼ਹਿਰ ਤਬਰੇਜ਼ ਵਿਚ ਸ਼ੱਮਸ ਨੂੰ ਉਸਦੇ ਮੁਰਸ਼ਦ ਕਮਾਲੁੱਦੀਨ ਜੁਨੈਦੀ ਨੇ ਇਹ ਕਹਿ ਕੇ ਭੇਜਿਆ, ਕੂਨੀਆਂ ਜਾਓ। ਇਕ ਦਿਲ ਜਲਿਆ ਫਕੀਰ ਹੈ ਉਥੇ। ਉਸ ਨੂੰ ਮਿਲੋ। ਦੂਜੀ ਸਾਖੀ ਇਹ ਹੈ ਕਿ ਤਬਰੇਜ਼ ਨੇ ਰੱਬ ਅਗੇ ਅਰਦਾਸ ਕੀਤੀ, ਪਿਤਾ, ਕਿਸੇ ਅਜਿਹੇ ਸ਼ਖਸ ਨੂੰ ਮਿਲਾ ਜਿਹੜਾ ਮੇਰੀ ਤਾਬ ਝੱਲ ਸਕੇ। ਆਵਾਜ਼ ਆਈ, ਰੂਮ ਦੇ ਸ਼ਹਿਰ ਕੋਨੀਆਂ ਜਾਹ। ਮਨਪਸੰਦ ਬੰਦਾ ਮਿਲੇਗਾ। ਇਹ ਸਾਖੀਆਂ ਇਸ ਗੱਲ ਵੱਲ ਇਸ਼ਾਰੇ ਹਨ ਕਿ ਕਿਤਾਬੀ ਗਿਆਨ ਤੋਂ ਪਾਰ ਨਿਕਲ ਕੇ ਰੂਹਾਨੀ ਸੰਸਾਰ ਪ੍ਰਾਪਤ ਹੁੰਦਾ ਹੈ।
ਤਬਰੇਜ਼, ਰੂਮੀ ਦੀ ਦਰਗਾਹ ਤੇ ਪੁੱਜਾ। ਜਦੋਂ ਮੁਲਾਕਾਤ ਹੋਈ, ਰੂਮੀ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਸਨ। ਰੂਮੀ ਦੇ ਸਾਹਮਣੇ ਕਿਤਾਬਾਂ ਪਈਆਂ ਸਨ ਤੇ ਨੇੜੇ ਪਾਣੀ ਦਾ ਚੁਬੱਚਾ ਸੀ। ਤਬਰੇਜ਼ ਨੇ ਪੁੱਛਿਆ- ਇਹ ਕਿਤਾਬਾਂ ਕਿਸ ਚੀਜ਼ ਬਾਬਤ ਹਨ? ਰੂਮੀ ਨੇ ਕਿਹਾ, ਇਸਮੁਲਕਲਾਮ, ਪਰ ਤੈਂ ਕੀ ਲੈਣੈ ਇਸ ਗੱਲ ਤੋਂ? ਸ਼ੱਮਸ ਨੇ ਕਿਤਾਬਾਂ ਚੁੱਕੀਆਂ ਤੇ ਚੁਬੱਚੇ ਵਿਚ ਸੁੱਟ ਦਿੱਤੀਆਂ। ਕ੍ਰੋਧਵਾਨ ਹੋਕੇ ਰੂਮੀ ਨੇ ਪੁਛਿਆ, ਇਹ ਕੀ ਕੀਤਾ? ਸ਼ੱਮਸ ਨੇ ਕਿਹਾ, ਇਹ ਹੈ ਉਹ, ਜੋ ਤੂੰ ਨਹੀਂ ਜਾਣਦਾ। ਕਿਤਾਬਾਂ ਸੁੱਕੀਆਂ ਕੱਢ ਲਈਆਂ। ਸੁੱਕੀਆਂ ਕਿਤਾਬਾਂ ਦੇਖ ਕੇ ਰੂਮੀ ਨੇ ਪੁਛਿਆ, ਇਹ ਕਿਵੇਂ ਹੋਇਆ? ਸ਼ੱਮਸ ਨੇ ਕਿਹਾ, ਤੂੰ ਨਹੀਂ ਜਾਣਦਾ। ਇਹੋ ਕੁਝ ਦੱਸਣ ਆਇਆ ਹਾਂ। ਏਨੀ ਜਲਦੀ ਫਿਕਰਮੰਦ ਨਹੀਂ ਹੋਈਦਾ। ਇਸ ਘਟਨਾ ਸਮੇਂ ਰੂਮੀ ਨੇ ਤਬਰੇਜ਼ ਨੂੰ ਆਪਣਾ ਮੁਰਸ਼ਦ ਮੰਨਿਆ। ਇਹ ਸਾਖੀ ਕੇਵਲ ਇਸ ਗੱਲ ਦਾ ਸੰਕੇਤ ਹੈ ਕਿ ਰੂਮੀ ਨੇ ਤਬਰੇਜ਼ ਦੀ ਤਾਕਤ ਨੂੰ ਸਵੀਕਾਰ ਕਰ ਲਿਆ। ਇਸ ਮੁਲਾਕਾਤ ਵਕਤ ਤਬਰੇਜ਼ ਦੀ ਉਮਰ ਸੱਠ ਸਾਲ ਸੀ, ਰੂਮੀ ਸੈਂਤੀ ਸਾਲ ਦਾ ਸੀ। ਫਾਰਸੀ ਜਗਤ ਉਸਨੂੰ ਸ਼ੱਮਸ ਤਬਰੇਜ਼ ਕਰਕੇ ਜਾਣਦਾ ਹੈ। ਪੱਛਮ ਦੇ ਲੇਖਕਾਂ ਨੇ ਅਗਿਆਨ ਕਾਰਨ ਉਸਨੂੰ ਅਨਪੜ੍ਹ ਫਕੀਰ ਲਿਖਿਆ। ਉਸ ਦੀ ਇਸਲਾਮੀ ਵਿਦਿਆ, ਅਰਬੀ ਫਾਰਸੀ ਦੀ ਸ਼ਾਇਰੀ ਨਾਲ ਵਾਕਫੀਅਤ ਅਤੇ ਉਚੀਆਂ ਰੂਹਾਨੀ ਮੰਜ਼ਲਾਂ ਦੰਗ ਕਰਨ ਵਾਲੀਆਂ ਸਨ। ਉਸਦੇ ਸਮਕਾਲੀਆਂ ਨੇ ਮਿਹਨਤ ਨਾਲ ਸ਼ੱਮਸ ਦੇ ਸੰਵਾਦ ਕਿਤਾਬ ਤਿਆਰ ਕੀਤੀ। ਇਸ ਕਿਤਾਬ ਦੀ ਤਿਆਰੀ ਵਿਚ ਰੂਮੀ ਦਾ ਬੇਟਾ ਸੁਲਤਾਨ ਵਲਦ ਵੀ ਸ਼ਾਮਲ ਹੈ।
ਰੂਮੀ ਅਤੇ ਤਬਰੇਜ਼ ਹਰ ਸਮੇਂ ਇਕ ਦੂਜੇ ਦੇ ਅੰਗ ਸੰਗ ਰਹਿੰਦੇ ਹੋਏ ਧਰਮ ਦੇ ਰਹੱਸਾਂ ਬਾਬਤ ਗੱਲਾਂ ਕਰਦੇ ਰਹਿੰਦੇ। ਰੂਮੀ ਨਾ ਲੋਕਾਂ ਨੂੰ ਮਿਲਦੇ ਨਾ ਮੁਰੀਦਾਂ ਨੂੰ, ਇਸ ਗੱਲ ਦਾ ਇਤਰਾਜ਼ ਹੋਣਾ ਸੁਭਾਵਕ ਹੀ ਸੀ। ਮੁਰੀਦਾਂ ਨੇ ਹਾਲਾਤ ਹੌਲੀ ਹੌਲੀ ਇਸ ਹੱਦ ਤੱਕ ਤਬਰੇਜ਼ ਦੇ ਵਿਰੁੱਧ ਕਰ ਦਿਤੇ ਕਿ 20 ਫਰਵਰੀ 1246 ਨੂੰ ਉਹ ਇਥੋਂ ਚਲਾ ਗਿਆ। ਰੂਮੀ ਇਕ ਦਮ ਉਦਾਸੀ ਦੇ ਆਲਮ ਵਿਚ ਉਤਰ ਗਿਆ। ਉਸ ਨੇ ਉਨ੍ਹਾਂ ਲੋਕਾਂ ਨਾਲ ਵੀ ਗੱਲ ਕਰਨੀ ਬੰਦ ਕਰ ਦਿੱਤੀ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ। ਕਈ ਮਹੀਨਿਆਂ ਬਾਦ ਦਮਿਸ਼ਕ (ਸੀਰੀਆ) ਤੋਂ ਲਿਖਿਆ ਤਬਰੇਜ਼ ਦਾ ਖਤ ਆਇਆ ਤਾਂ ਰੂਮੀ ਖਿੜ ਗਿਆ। ਇਸ ਇਕ ਖਤ ਦੇ ਜਵਾਬ ਵਿਚ ਤਿੰਨ ਚਿੱਠੀਆਂ ਲਿਖੀਆਂ।
ਸ਼ਾਗਿਰਦਾਂ ਨੂੰ ਅਹਿਸਾਸ ਹੋ ਗਿਆ ਕਿ ਤਬਰੇਜ਼ ਨਹੀਂ ਤਾਂ ਰੂਮੀ ਵਾਸਤੇ ਹੋਰ ਕੋਈ ਵੀ ਨਹੀਂ। ਉਹ ਕਿਸੇ ਨਾਲ ਗੱਲ ਨਹੀਂ ਕਰਦੇ ਸਨ, ਬੰਦਗੀ ਵਿਚ ਲੀਨ ਰਹਿੰਦੇ। ਕੁਝ ਮੁਰੀਦ ਸੀਰੀਆ ਗਏ, ਰੂਮੀ ਦੀ ਹਾਲਤ ਬਾਬਤ ਦੱਸਿਆ ਤੇ ਤਬਰੇਜ਼ ਨੂੰ ਵਾਪਸ ਮਨਾ ਕੇ ਲੈ ਆਏ। ਰੂਮੀ ਕੋਲ ਆ ਕੇ ਉਸਨੇ ਮਕਾਲਾਤ (ਲੇਖ ਸੰਗ੍ਰਹਿ) ਕਿਤਾਬ ਲਿਖੀ। ਇਸ ਕਿਤਾਬ ਵਿਚ ਉਸਨੇ ਲਿਖਿਆ ਹੈ, "ਮੌਲਾਨਾ ਰੂਮ ਕੋਲ ਮੈਂ ਆ ਤਾਂ ਗਿਆ ਪਰ ਇਸ ਸ਼ਰਤ ਨਾਲ ਕਿ ਮੈਂ ਉਸਦਾ ਉਸਤਾਦ ਨਹੀਂ ਹਾਂ। ਖੁਦਾ ਨੇ ਹੁਣ ਤੱਕ ਦੁਨੀਆਂ ਵਿਚ ਅਜਿਹਾ ਆਦਮੀ ਪੈਦਾ ਨਹੀਂ ਕੀਤਾ ਜੋ ਮੌਲਾਨਾ ਦਾ ਉਸਤਾਦ ਅਖਵਾਏ। ਮੇਰਾ ਸੁਭਾਅ ਹੈ ਕਿ ਮੈਂ ਕਿਸੇ ਦਾ ਸ਼ਾਗਿਰਦ ਨਹੀਂ ਬਣ ਸਕਦਾ। ਹੁਣ ਮੈਂ ਮੌਲਾਨਾ ਦਾ ਦੋਸਤ ਹੋ ਕੇ ਆਇਆ ਹਾਂ ਤੇ ਚੰਗੀ ਤਰ੍ਹਾ ਜਾਣਦਾ ਹਾਂ ਕਿ ਮੌਲਾਨਾ ਖੁਦਾ ਦਾ ਦੋਸਤ ਹੈ, ਮੇਰਾ ਨਹੀਂ।
ਮੌਲਾਨਾ ਰੂਮ ਨੇ ਇਸ ਸਮੇਂ ਗਜ਼ਲਾਂ ਅਤੇ ਰੁਬਾਈਆਂ ਦਾ ਦੀਵਾਨ ਰਚਿਆ ਜਿਸਦਾ ਨਾਮ ਰੱਖਿਆ-ਦੀਵਾਨਿ ਸ਼ੱਮਸ ਤਬਰੇਜ਼। ਇਹ ਇਕ ਪ੍ਰਕਾਰ ਆਪਣੇ ਮਿੱਤਰ ਨੂੰ ਸਮਰਪਣ ਸੀ। ਜੀਵਨ ਦੇ ਆਖਰੀ 12 ਸਾਲ ਉਸਨੇ ਮਸਨਵੀ ਲਿਖਣ ਵਿਚ ਲਾਏ। ਇਹ ਗ੍ਰੰਥ 6 ਜਿਲਦਾਂ ਵਿਚ ਹੈ ਤੇ 26,800 ਦੋ-ਪਦੇ ਛੰਦ ਹਨ। ਇਹ ਗ੍ਰੰਥ ਉਸਦਾ ਸ਼ਾਹਕਾਰ ਹੈ। ਦੁਨੀਆਂ ਦੀਆਂ ਸਭ ਚੰਗੀਆਂ ਬੋਲੀਆਂ ਵਿਚ ਇਸਦਾ ਅਨੁਵਾਦ ਹੋ ਚੁੱਕਾ ਹੈ। ਅੰਗਰੇਜ਼ੀ ਜ਼ਬਾਨ ਵਿਚ ਉਹ ਫਾਰਸੀ ਨਾਲੋਂ ਵਧੀਕ ਗਿਣਤੀ ਵਿਚ ਪੜ੍ਹਿਆ ਗਿਆ।
ਉਸਦੀ ਸ਼ਾਇਰੀ ਫਨਾਅ ਅਤੇ ਬਕਾਅ ਦੋ ਮੰਜਿਲਾਂ ਦੇ ਵਿਚਕਾਰ ਆਪਣਾ ਪਿੜ ਬੰਨ੍ਹਦੀ ਹੈ। ਫਨਾ ਹੈ ਆਪਣੇ ਆਪ ਨੂੰ ਖ਼ਤਮ ਕਰਨਾ, ਬਕਾ ਅੱਲਾਹ ਵਿਚ ਅਭੇਦ ਹੋਣਾ ਹੈ। ਫਨਾ ਪਹਿਲੀ ਪੌੜੀ ਹੈ ਅਤੇ ਬਕਾ ਆਖਰੀ। ਉਸ ਤੋਂ ਬਾਦ ਹੋਏ ਸਾਰੇ ਸ਼ਾਇਰਾਂ ਅਤੇ ਫਕੀਰਾਂ ਨੇ ਉਸਦੀ ਤਾਕਤ ਦਾ ਲੋਹਾ ਮੰਨਿਆ। ਪੇਸ਼ ਹਨ ਉਸ ਦੀਆਂ ਨਜ਼ਮਾਂ ਵਿਚੋਂ ਕੁਝ ਅਨੁਵਾਦਿਤ ਹਿੱਸੇ:
ਸ਼ੇਰ
ਅਸੀਂ ਸ਼ੇਰ ਹਾਂ ਸਭ ਦੇ ਸਭ
ਪਰਦਿਆਂ ਉਪਰ ਲਹਿਰਾਉਂਦੇ ਹੋਏ ਸ਼ੇਰ
ਵਧ ਰਹੇ ਨੇ ਜੋ ਅੱਗੇ
ਹਵਾ ਦੇ ਜ਼ੋਰ ਨਾਲ।
ਇਹ ਤਾਂ ਦਿਸਦਾ ਹੈ
ਕਿ ਵਧ ਰਹੇ ਹਾਂ ਅੱਗੇ
ਪਰ ਹਵਾ ਹੈ, ਜੋ ਦਿਸਦੀ ਨਹੀਂ।
+++
ਅਸਲ ਦੀ ਤਲਾਸ਼
ਕਿਥੇ ਮਿਲੇਗਾ ਤੈਨੂੰ
ਬਾਗ਼ ਇਸ ਤਰ੍ਹਾਂ ਦਾ
ਇਕ ਗੁਲਾਬ ਦੇ ਬਦਲੇ
ਜਿਥੇ ਮਿਲ ਜਾਣ ਹਜ਼ਾਰ ਬਗੀਚੇ ਗੁਲਾਬਾਂ ਦੇ।
ਕਿੱਥੇ ਮਿਲਣਗੇ ਤੈਨੂੰ
ਅਸਮਾਨ ਤੱਕ ਮਹਿਕਦੇ ਜੰਗਲ
ਸਿਰਫ ਇਕ ਬੀਜ ਬਦਲੇ?
ਕਿਥੇ ਮਿਲਣਗੀਆਂ ਬਰਕਤਾਂ ਭਰੀਆਂ ਹਵਾਵਾਂ
ਤੇਰੇ ਇਕ ਮਿੱਠੇ ਸਾਹ ਬਦਲੇ,
ਇਹ ਨਦੀਆਂ ਦਾ ਪਾਣੀ
ਡਿੱਗਿਆ ਜੋ ਸਮੁੰਦਰ ਵਿਚ ਆਖਰ
ਤੂੰ ਸੋਚ ਤਾਂ ਸਹੀ, ਇਹ ਗਿਆ ਸੀ ਕਿਥੋਂ,
ਵਾਪਸ ਆਇਆ ਹੈ ਕਿਉਂ?
ਤੂੰ ਸਮੁੰਦਰ ਹੈਂ ਮਾਇਨਿਆਂ ਦਾ
ਤੇਰੇ ਕੋਲ ਹੈ ਉਹ ਕਿਤਾਬ
ਜਿਸ ਵਿਚ ਨੇ ਜਹਾਨ ਦੇ ਹਰ ਲਫ਼ਜ਼ ਦੇ ਮਾਇਨੇ
ਅਤੇ ਮਾਇਨਿਆਂ ਦੇ ਅੱਗੋਂ ਹੋਰ ਮਾਇਨੇ।
+++
ਖਾਮੋਸ਼
ਮੂੰਹ ਨਾ ਖੋਲ੍ਹ ਆਪਣਾ ਬਾਰ ਬਾਰ
ਸਿੱਪੀ ਵਾਂਗ ਰਹਿ ਪੂਰਨ ਖਾਮੋਸ਼।
ਇਹ ਸਮਝ ਕਿ ਜ਼ਬਾਨ ਤੇਰੀ
ਦੁਸ਼ਮਣ ਹੈ ਤੇਰੀ ਰੂਹ ਦੀ।
+++
ਇਹ ਸਮਝ ਕੇ ਕਿ ਇਸ ਵਿਚ ਕੁਝ ਨਹੀਂ
ਕਿਸੇ ਵਸਤੂ ਨੂੰ ਨਜ਼ਰੰਦਾਜ਼ ਨਾ ਕਰ।
ਕਿ ਇਸ ਵਿਚ ਉਹ ਤਮਾਮ ਗੁੰਜਾਇਸ਼ਾਂ ਮੌਜੂਦ
ਜਿਨ੍ਹਾਂ ਦੀ ਹੈ ਲੋੜ ਤੇਰੇ ਹੁਨਰ ਨੂੰ।
+++
ਫਨਾਹ ਹੋ ਕੇ ਮੈਂ ਜ਼ਮੀਨ ਵਿਚ ਮਿਲਿਆ
ਤਾਂ ਘਾਹ ਬਣ ਕੇ ਉਗਿਆ।
ਦੂਰ ਦੂਰ ਤੱਕ ਫੈਲਿਆ,
ਚਰਾਂਦਾਂ ਵਿਚੋਂ ਘਾਹ ਮੁੱਕਿਆ
ਤਾਂ ਮੈਂ ਜਾਨਵਰ ਬਣ ਕੇ ਖਲੋਇਆ।
ਜਾਨਵਰ ਦੀ ਖੱਲ ਵਿਚੋਂ ਮਰ ਕੇ
ਮੈਂ ਵਾਪਸ ਆਇਆ ਇਨਸਾਨ ਬਣਕੇ।
ਦੱਸੋ ਦੱਸੋ ਮੈਨੂੰ ਕਿਸ ਮੌਤ ਕਾਰਨ
ਮੇਰੇ ਵਿਚ ਕਿਥੇ ਕਿਥੇ ਕਮੀ ਆਈ?
ਹੁਣ ਜਦ ਕਿ ਮਰਿਆ ਮੈਂ ਬਤੌਰ ਇਨਸਾਨ
ਤਾਂ ਪ੍ਰਾਪਤ ਹੋਣਗੇ ਖੰਭ,
ਉਡਾਂਗਾ ਅਸਮਾਨ ਵਿਚ
ਫਰਿਸ਼ਤਿਆਂ ਦੇ ਸੰਗ ਸਾਥ।
ਯਾਦ ਰੱਖ, ਹਰ ਸ਼ੈ ਖਤਮ ਹੋਏਗੀ
ਇਕ ਉਸਦੀ ਸੂਰਤ ਨੂੰ ਛੱਡ ਕੇ।
ਮੈਂ ਬਣਾਂਗਾ ਹਿੱਸਾ ਉਸ ਜਹਾਨ ਦਾ
ਜਿਸਦੀਆਂ ਹੱਦਾਂ ਪਾਰ ਹਨ
ਤੇਰੇ ਸਾਰੇ ਅੰਦਾਜ਼ਿਆਂ ਦੀਆਂ ਹੱਦਾਂ ਤੋਂ।
+++
ਕਾਲੀ ਖੌਫਨਾਕ ਰਾਤ
ਨਿੱਕਾ ਜੁਗਨੂ ਟਿਮਟਿਮਾਉਂਦਾ ਨਿਕਲਿਆ।
ਦੇਖਦਿਆਂ ਰਾਤ ਨੇ ਲਲਕਾਰਾ ਮਾਰਿਆ-
-ਕੌਣ ਮੇਰੇ ਖਿਲਾਫ਼ ਸਾਜਸ਼ ਰਚ ਰਿਹੈ?
ਨਿੱਕਾ ਜੁਗਨੂ ਡਰ ਕੇ ਪੱਤੇ ਉਹਲੇ ਲੁਕ ਗਿਆ।
ਦੇਰ ਤੱਕ ਸਾਹ ਰੋਕੀ ਬੈਠਾ ਰਿਹਾ,
ਡਰਦਿਆਂ ਉਸਨੇ ਠੰਢਾ ਹਉਕਾ ਲਿਆ
ਤਾਂ ਪੂਰਬ ਵਿਚੋਂ ਸੂਰਜ ਉਗਿਆ।
ਨਾ ਰਾਤ ਰਹੀ, ਨਾ ਰਾਤ ਦੇ ਕਦਮਾਂ ਦੇ ਨਿਸ਼ਾਨ।
ਰੂਮੀ ਉਪਰ ਲਿਖੀਆਂ ਗਈਆਂ ਕਿਤਾਬਾਂ ਦੀ ਘਾਟ ਨਹੀਂ, ਉਸਦੀ ਮਸਨਵੀ ਦੁਨੀਆਂ ਦੀ ਲਗਭਗ ਹਰੇਕ ਜ਼ਬਾਨ ਵਿਚ ਅਨੁਵਾਦ ਹੋਈ ਹੈ। ਰੂਮੀ ਦੇ ਹੁਨਰ ਤੋਂ ਏਸ਼ੀਆ ਵਾਕਫ ਸੀ ਪਰ ਪੱਛਮ ਨੂੰ ਉਸਦਾ ਦੇਰ ਬਾਦ ਪਤਾ ਲੱਗਾ। ਰੂਮੀ ਦਾ ਅੰਦਾਜ਼ ਦੇਖੋ,
ਮੈਂ ਈਸਾਈਆਂ ਦੀ ਧਰਤੀ ਉਪਰ ਕਰਾਸ ਦੇਖੇ
ਮੇਰਾ ਮਹਿਬੂਬ ਕਰਾਸ ਵਿਚ ਨਾ ਲੱਭਾ
ਮੈਂ ਮੰਦਰਾਂ ਵਿਚਲੇ ਬੁੱਤ ਦੇਖੇ,
ਉਹ ਕਿਸੇ ਬੁੱਤ ਵਿਚ ਨਹੀਂ ਸੀ।
ਮੈਂ ਕਾਅਬੇ ਗਿਆ,
ਮੈਨੂੰ ਉਥੇ ਵੀ ਨਾ ਮਿਲਿਆ,
ਮੈਂ ਆਪਣੇ ਦਿਲ ਵਿਚ ਝਾਤ ਮਾਰੀ
ਇਹ ਉਥੇ ਦਿੱਸਿਆ।
ਉਸਦੀ ਨਜ਼ਮ ਵਾਪਸੀ ਦੇ ਬੋਲ:
ਵਾਪਸ ਆਓ ਮਿਤਰੋ,
ਵਾਪਸ ਘਰਾਂ ਵੱਲ ਪਰਤੋ।
ਨਾਸਤਿਕ ਹੋ ਕਿ ਪਾਰਸੀ,
ਅਗਨੀ ਪੂਜ ਹੋ ਕਿ ਪੱਥਰ ਪੂਜ,
ਵਾਪਸ ਆਓ।
ਸਾਡੀਆਂ ਸੂਫੀ ਖਾਨਗਾਹਾਂ ਵਿਚੋਂ
ਕੋਈ ਨਿਰਾਸ ਨਹੀਂ ਮੁੜਿਆ,
ਜੇ ਤੁਸੀਂ ਇਥੇ ਹਜ਼ਾਰ ਵਾਰ ਆਏ,
ਹਜ਼ਾਰ ਵਾਰ ਵਾਅਦਾ ਕਰਕੇ ਮੁੱਕਰੇ,
ਤਾਂ ਕੀ? ਫਿਰ ਆ ਜਾਓ।
ਇਸ ਘਰ ਵਿਚ ਸਵਾਲ ਨਹੀਂ ਪੁਛੇ ਜਾਂਦੇ,
ਇਸ ਘਰ ਦੇ ਦਰਵਾਜੇ ਬੰਦ ਨਹੀਂ ਹੁੰਦੇ।
ਇਕ ਹੋਰ ਥਾਂ ਤੇ ਲਿਖਿਆ, ਹਿੰਦੋਸਤਾਨੀ ਸੁਹਣੇ ਬੋਲਾਂ ਨਾਲ ਮਹਿਬੂਬ ਨੂੰ ਪਿਆਰ ਕਰਦੇ ਹਨ। ਰੱਬ ਦੇ ਗੀਤ ਗਾਉਂਦੇ ਉਨ੍ਹਾਂ ਦੇ ਚਿਹਰੇ ਲਿਸ਼ਕਣ ਲਗਦੇ ਹਨ। ਮੈਨੂੰ ਉਨ੍ਹਾਂ ਦੀ ਬੰਦਗੀ ਉਪਰ ਸ਼ੱਕ ਨਹੀਂ। ਮੈਂ ਤਾਂ ਆਪਣੇ ਬਾਰੇ ਦੱਸਣਾ ਹੈ ਕਿ ਸੁਹਣੇ ਬੋਲਾਂ ਰਾਹੀਂ ਮੈਂ ਰੱਬ ਤਕ ਨਹੀਂ ਪੁੱਜਿਆ। ਮੈਂ ਖਾਮੋਸ਼ ਹੋ ਗਿਆ ਤਾਂ ਉਹ ਮਿਲ ਗਿਆ। ਰੂਮੀ ਆਪਣੇ ਮੱਤ ਨੂੰ "ਪਿਆਰ ਦਾ ਰਸਤਾ" ਦਸਦਾ ਹੈ। ਇਹ ਇਸਲਾਮ ਤੋਂ ਵੱਖਰਾ ਕੋਈ ਫਿਰਕਾ ਨਹੀਂ, ਰੂਮੀ ਦਾ ਸੰਕੇਤ ਹੈ ਕਿ ਮੈਂ ਪੱਕਾ ਮੁਸਲਮਾਨ ਹੋ ਕੇ ਇਸ ਰਸਤੇ ਤੇ ਤੁਰ ਰਿਹਾ ਹਾਂ ਤਾਂ ਤੁਸੀਂ ਵੀ ਆਪਣੇ ਆਪਣੇ ਧਰਮ ਵਿਚ ਚਲਦੇ ਹੋਏ ਮੰਜਲ ਪ੍ਰਾਪਤ ਕਰ ਸਕਦੇ ਹੋ। ਉਹ ਆਖਦਾ ਹੈ, ਸੁਰਗ ਕੀ ਹੈ? ਕੀ ਪੌੜੀ ਲਾ ਕੇ ਅਸਮਾਨ 'ਤੇ ਚੜ੍ਹਨ ਦਾ ਨਾਮ ਸੁਰਗ ਹੈ? ਦੋਸਤੋ ਆਪਣੇ ਆਪ ਨੂੰ ਗੁਆ ਦੇਣਾ, ਆਪੇ ਨੂੰ ਭੁੱਲ ਜਾਣ ਦਾ ਨਾਮ ਸੁਰਗ ਹੈ ਤੇ ਇਹ ਇਥੇ ਹੀ ਹੈ ਕਿਤੇ ਹੋਰ ਨਹੀਂ।
ਯੂਨਾਨੀ ਮਿਸਤਰੀ ਰੂਮੀ ਦੇ ਘਰ ਦੀ ਚਿਣਾਈ ਕਰ ਰਿਹਾ ਸੀ। ਇਕ ਮਜ਼ਦੂਰ ਨੇ ਮਿਸਤਰੀ ਨੂੰ ਕਿਹਾ, ਤੂੰ ਸਭ ਤੋਂ ਵਧੀਆ ਧਰਮ, ਇਸਲਾਮ ਕਿਉਂ ਨਹੀਂ ਧਾਰਨ ਕਰਦਾ? ਮਿਸਤਰੀ ਨੇ ਕਿਹਾ, ਪੰਜਾਹ ਸਾਲਾਂ ਤੋਂ ਮੈਂ ਈਸਾਈ ਹਾਂ ਤੇ ਮੈਨੂੰ ਯੱਸੂ ਪਿਆਰਾ ਲਗਦਾ ਹੈ ਇਸ ਕਰਕੇ ਇਸਲਾਮ ਬਾਬਤ ਕਦੀ ਸੋਚਿਆ ਨਹੀਂ। ਮੁਹੰਮਦ ਨੂੰ ਪਿਆਰ ਕੀਤਾ ਜਾਂ ਯੱਸੂ ਨੂੰ, ਇਸ ਵਿਚ ਕੀ ਫਰਕ? ਰੂਮੀ ਨੇ ਮਿਸਤਰੀ ਨੂੰ ਸ਼ਾਬਾਸ਼ ਦਿਤੀ, ਕਿਹਾ- ਪਿਆਰ ਦਾ ਨਾਮ ਧਰਮ ਹੈ।
ਇਕ ਰਾਤ ਰੂਮੀ ਆਪਣੇ ਦੁਆਲੇ ਬੈਠੀ ਸੰਗਤ ਵਿਚ ਪ੍ਰਵਚਨ ਕਰ ਰਿਹਾ ਸੀ ਤਾਂ ਇਕ ਪਾਸੇ ਸ਼ੋਰ ਸ਼ਰਾਬਾ ਉਠਿਆ। ਰੂਮੀ ਆਸਣ ਤੋਂ ਉਠ ਕੇ ਉਥੇ ਚਲਾ ਗਿਆ, ਦੇਖਿਆ ਤਿੰਨ-ਚਾਰ ਜਣੇ ਇਕ ਬੰਦੇ ਨੂੰ ਕੁੱਟ ਰਹੇ ਸਨ। ਰੂਮੀ ਨੇ ਪੁੱਛਿਆ, ਕੀ ਗੱਲ ਹੋਈ ਜੁਆਨੋ? ਉਨ੍ਹਾਂ ਦੱਸਿਆ, ਜੀ ਇਹ ਈਸਾਈ ਹੈ ਤੇ ਇਸਨੇ ਸ਼ਰਾਬ ਪੀ ਰੱਖੀ ਹੈ। ਰੂਮੀ ਨੇ ਪੁੱਛਿਆ, ਇਸ ਨੇ ਕਿਸੇ ਨੂੰ ਗਾਲ ਦਿਤੀ ਸੀ? ਉਤਰ ਮਿਲਿਆ, ਨਹੀਂ ਜੀ। ਫਿਰ ਪੁੱਛਿਆ, ਕਿਸੇ ਨੂੰ ਕੂਹਣੀ ਜਾਂ ਲੱਤ ਮਾਰੀ ਸੀ? ਉਤਰ ਦਿੱਤਾ, ਨਹੀਂ। ਫਿਰ ਕਿਵੇਂ ਜਾਣਿਆ ਕਿ ਇਹ ਸ਼ਰਾਬੀ ਹੈ? ਇਕ ਨੇ ਦੱਸਿਆ, ਜੀ ਬੇਸ਼ਕ ਚੁਪਚਾਪ ਬੈਠਾ ਤੁਹਾਡੇ ਪ੍ਰਵਚਨ ਸੁਣ ਰਿਹਾ ਸੀ ਪਰ ਸਾਨੂੰ ਮੁਸ਼ਕ ਆ ਗਈ ਕਿ ਇਸਨੇ ਸ਼ਰਾਬ ਪੀ ਰੱਖੀ ਹੈ। ਰੂਮੀ ਨੇ ਕਿਹਾ, ਇਸ ਨੂੰ ਪੀਣ ਤੋਂ ਬਾਦ ਵੀ ਨਹੀਂ ਚੜ੍ਹੀ, ਤੁਹਾਨੂੰ ਸੁੰਘਣ ਸਾਰ ਚੜ੍ਹ ਗਈ। ਇਹ ਖਾਮੋਸ਼ ਬੈਠਾ ਰੱਬ ਦੀ ਗੱਲ ਸੁਣ ਰਿਹਾ ਸੀ ਤੇ ਤੁਹਾਨੂੰ ਏਨਾ ਨਸ਼ਾ ਚੜਿਆ ਕਿ ਲੱਤਾਂ ਮੁੱਕੀਆਂ ਚਲਾਉਣ ਲੱਗ ਪਏ। ਚੁਪ ਕਰਕੇ ਬੈਠੋ।
ਕੋਨੀਆਂ 'ਚ ਸੰਤ ਐਂਫੀਲੋਕੀਅਸ ਗਿਰਜਾ ਹੈ ਜਿਥੇ ਪਲੈਟੋ ਨੂੰ ਦਫਨ ਕੀਤਾ ਗਿਆ ਸੀ। ਰੂਮੀ ਨੇ ਕੁਝ ਦਿਨ ਇਕਾਂਤਵਾਸੀ ਹੋ ਕੇ ਬੰਦਗੀ ਕਰਨੀ ਹੁੰਦੀ ਤਾਂ ਉਹ ਇਸੇ ਚਰਚ ਵਿਚ ਆਉਂਦਾ।
ਯਹੂਦੀ ਅਤੇ ਈਸਾਈ ਉਸਨੂੰ ਏਨਾ ਪ੍ਰੇਮ ਕਰਦੇ ਸਨ ਕਿ ਹਜ਼ਾਰਾਂ ਦੀ ਗਿਣਤੀ ਵਿਚ ਉਸਦੇ ਜਨਾਜ਼ੇ ਵਿਚ ਸ਼ਾਮਲ ਹੋਏ। ਕੀਨੀਆ ਦੇ ਮੁਸਲਮਾਨ ਹਾਕਮ ਦੀ ਬੇਗਮ ਈਸਾਈ ਔਰਤ ਸੀ ਜੋ ਰੂਮੀ ਦੀ ਮੁਰੀਦ ਸੀ, ਉਸਨੂੰ ਜਾਰਜੀਅਨ ਲੇਡੀ ਕਹਿੰਦੇ ਸਨ, ਉਹ ਮੁਸਲਮਾਨਾਂ ਅਤੇ ਈਸਾਈਆਂ ਦੋਵਾਂ ਵਿਚ ਬਰਾਬਰ ਸਤਿਕਾਰੀ ਜਾਂਦੀ ਸੀ। ਜਿਸ ਇਮਾਰਤਸਾਜ਼ ਨੇ ਮਿਹਨਤ ਕਰਕੇ ਰੂਮੀ ਦੇ ਮਕਬਰੇ ਉਪਰ ਹਰਾ ਗੁੰਬਦ ਉਸਾਰਿਆ, ਮਹਾਰਾਣੀ ਨੇ ਉਸਨੂੰ ਪੁੱਛਿਆ, ਤੁਹਾਨੂੰ ਉਸ ਵਿਚ ਕਿਹੜੀ ਕਰਾਮਾਤ ਦਿਸੀ ਜਿਸ ਕਾਰਨ ਉਸਦੇ ਮੁਰੀਦ ਹੋ ਗਏ? ਇਮਾਰਤਸਾਜ਼ ਨੇ ਕਿਹਾ, ਈਸਾਈ ਯੱਸੂ ਨੂੰ ਪਿਆਰ ਕਰਦੇ ਹਨ ਮਲਕਾ, ਯਹੂਦੀ ਮੂਸਾ ਨੂੰ ਤੇ ਮੁਸਲਮਾਨ ਮੁਹੰਮਦ ਨੂੰ। ਦੁਨੀਆਂ ਦੇ ਸਭ ਧਰਮਾਂ ਦੇ ਲੋਕ, ਕੀ ਰਾਜੇ ਕੀ ਰੰਕ, ਜਿਸਨੂੰ ਸਾਰੇ ਪਿਆਰ ਕਰਦੇ ਹੋਣ ਉਸਦਾ ਨਾਮ ਮੌਲਾਨਾ ਰੂਮ ਹੈ, ਇਹ ਕਰਾਮਾਤ ਨਹੀਂ? ਹਰੇਕ ਉਸਨੂੰ ਆਪਣਾ ਮੁਰਸ਼ਦ ਕਰਕੇ ਜਾਣਦਾ ਹੈ, ਪਿਆਰਾ ਅਮੀਰਿ ਕਾਰਵਾਂ। ਜੈ.ਦ ਦੀ ਸਾਖੀ ਵਿਚ ਕਿਹਾ ਹੈ, ਸਾਰੇ ਧਰਮ ਇਕ ਹਨ। ਇਕ ਲੱਖ ਸਾਲ ਅਤੇ ਇਕ ਘੜੀ ਵਿਚ ਕੋਈ ਫਰਕ ਨਹੀਂ ਹੈ। ਜਾਣਕਾਰਾਂ ਨੂੰ ਇਸਦਾ ਪਤਾ ਹੈ।
ਬੇਸ਼ਕ ਉਸਦੇ ਦੋ ਹਜ਼ਾਰ ਤੋਂ ਵਧੀਕ ਚਉਪਦੇ ਜਾਂ ਰੁਬਾਈਆਂ ਪ੍ਰਾਪਤ ਹਨ ਪਰ ਮਸਨਵੀ ਉਸਦਾ ਸ਼ਾਹਕਾਰ ਹੈ। ਮਸਨਵੀ ਵਿਚਲੇ ਕੁਰਾਨਿਕ ਹਵਾਲੇ ਸਾਬਤ ਕਰਦੇ ਹਨ ਕਿ ਕੁਰਾਨ ਉਸਦੀ ਸੁਰਤ ਅਤੇ ਜ਼ਬਾਨ ਦੋਹਾਂ ਉਪਰ ਪ੍ਰਕਾਸ਼ਵਾਨ ਸੀ। ਥਾਂ ਥਾਂ ਹਦੀਸਾਂ ਵਿਚੋਂ ਉਦਾਹਰਣਾ ਦਿੰਦਾ ਹੈ। ਉਹ ਇਸਲਾਮੀ ਸ਼ਰਾ ਦੇ ਹਨਾਫੀ ਸਕੂਲ ਦਾ ਪਾਬੰਦ ਸੀ। ਹਨਾਫੀ ਸਕੂਲ ਹਜ਼ਰਤ ਮੁਹੰਮਦ ਸਾਹਿਬ ਨੂੰ ਆਦਰਸ਼ਕ ਇਨਸਾਨ ਜਾਣਦਿਆਂ, ਜੋ ਉਨ੍ਹਾਂ ਨੇ ਕੀਤਾ ਅਤੇ ਕਰਨ ਲਈ ਕਿਹਾ, ਉਸਦਾ ਅਨੁਆਈ ਹੈ। ਇਹ ਸੁੰਨੀ ਫਿਰਕਾ ਹੈ।
ਪਹਿਲਾ ਅਧਿਆਪਕ ਫਕੀਰ ਪਿਤਾ ਹੀ ਸੀ। ਪਿਤਾ ਦਾ ਇਕ ਪੁਰਾਣਾ ਵਿਦਿਆਰਥੀ ਸੱਯਦ ਬੁਰਹਾਨਉਦੀਨ ਤਿਰਮਿਜ਼ੀ ਸੀ। ਜਦੋਂ ਉਸਨੇ ਖਬਰ ਸੁਣੀ ਕਿ ਮੇਰੇ ਮੁਰਸ਼ਦ 16 ਮਾਰਚ 1230 ਈਸਵੀ ਨੂੰ ਕੂਚ ਕਰ ਗਏ ਹਨ ਤਾਂ ਅਨਾਤੋਲੀਆ ਆ ਗਿਆ ਤੇ ਇਥੇ ਰੂਮੀ ਦੀ ਵਿਦਿਆ ਆਪਣੇ ਜ਼ਿਮੇ ਲੈ ਲਈ। ਤਿਰਮਿਜ਼ੀ ਨੇ ਰੂਮੀ ਨੂੰ ਨੌਂ ਸਾਲ ਤਕ ਪੜ੍ਹਾਇਆ। ਇਸਲਾਮ ਦੀ ਹੋਰ ਸਿਖਿਆ ਪ੍ਰਾਪਤ ਕਰਨ ਲਈ ਉਸਨੂੰ ਸੀਰੀਆ ਭੇਜਿਆ ਗਿਆ। ਤਿਰਮਿਜ਼ੀ ਸੂਫੀ ਫਕੀਰ ਸੀ ਤੇ ਕਵਿਤਾ ਪੜ੍ਹਨ ਦਾ ਸ਼ੌਕੀਨ। ਇਸ ਦੀ ਸੰਗਤ ਨੇ ਰੂਮੀ ਨੂੰ ਕਵਿਤਾ ਪੜ੍ਹਨ ਦੀ ਲਗਨ ਲਾਈ। ਈਸਵੀ 1240 ਵਿਚ ਤਿਰਮਜ਼ੀ ਦਾ ਦੇਹਾਂਤ ਹੋਇਆ ਤਾਂ ਰੂਮੀ ਉਪਰ ਸੰਕਟਮਈ ਖਾਮੋਸ਼ੀ ਛਾਈ ਰਹੀ। ਉਦੋਂ ਤੱਕ ਸੋਗ ਵਿਚ ਡੁਬਾ ਰਿਹਾ ਜਦੋਂ ਤੱਕ ਸ਼ਮਸ ਤਬਰੇਜ਼ ਖੁਦ ਚੱਲ ਕੇ ਉਸ ਪਾਸ ਆ ਗਿਆ। ਹੁਣ ਤਕ ਵਿਹਾਰਕ ਵਿਦਿਆ ਸੰਪੂਰਨ ਹੋ ਚੁਕੀ ਸੀ। ਰੂਹਾਨੀ ਦੇਸਾਂ ਦੀ ਯਾਤਰਾ ਤਬਰੇਜ਼ ਦੀ ਸੰਗਤ ਨੇ ਕਰਵਾਈ।
ਸ਼ੱਮਸ ਤਬਰੇਜ਼ ਨੂੰ ਮਿਲਣ ਤੋਂ ਪਹਿਲਾਂ ਰੂਮੀ ਨੇ ਨਜ਼ਮ ਨਹੀਂ ਲਿਖੀ ਸੀ। ਤਬਰੇਜ਼ ਨੇ ਉਸਨੂੰ ਪੂਰੀ ਤਰ੍ਹਾਂ ਹਿਲਾ ਦਿੱਤਾ। ਉਸ ਅੰਦਰ ਅਦ੍ਰਿਸ਼ਟ ਸੰਸਾਰ ਨੇ ਖੌਰੂ ਮਚਾ ਦਿੱਤਾ। ਉਸਦੇ ਦੀਵਾਨ ਵਿਚ ਪੰਜ ਹਜ਼ਾਰ ਕਵਿਤਾਵਾਂ ਹਨ। ਬਹੁਤ ਸਾਰੀਆਂ ਕਵਿਤਾਵਾਂ ਵਿਚ ਆਪਣਾ ਨਾਮ ਲਿਖਣ ਦੀ ਥਾਂ ਉਹ ਤਬਰੇਜ਼ ਲਿਖ ਦਿੰਦਾ ਹੈ। ਭੁਲੇਖੇ ਦੀ ਗੁੰਜਾਇਸ਼ ਇਸ ਲਈ ਨਹੀਂ ਰਹੀ ਕਿਉਂਕਿ ਇਕ ਤਾਂ ਉਸਦੇ ਸਮਕਾਲੀਆਂ ਨੇ ਦੀਵਾਨ ਸੰਪਾਦਿਤ ਕੀਤਾ ਤੇ ਦੂਜੇ ਇਹ ਸਹੀ ਹੈ ਕਿ ਸ਼ੱਮਸ ਤਬਰੇਜ਼ ਨੇ ਕਦੀ ਕੋਈ ਨਜ਼ਮ ਨਹੀਂ ਲਿਖੀ।
ਉਸਦੇ ਮੁਰੀਦਾਂ ਦੀ ਇੱਛਾ ਸੀ ਕਿ ਰੂਮੀ ਵਿਚ ਸ਼ਾਇਰੀ ਦਾ ਵੱਡ ਆਕਾਰੀ ਗ੍ਰੰਥ ਰਚਣ ਦੀ ਸਮੱਰਥਾ ਹੋਣ ਕਾਰਨ ਸਨਾਈ ਅਤੇ ਅੱਤਾਰ ਦੇ ਗ੍ਰੰਥਾਂ ਦੀ ਤਰਜ਼ ਤੇ ਰਚਨਾ ਕੀਤੀ ਜਾਵੇ। ਰੂਮੀ ਇਸ ਵਾਸਤੇ ਸਹਿਮਤ ਹੋ ਗਿਆ ਤਾਂ ਮਸਨਵੀ ਹੋਂਦ ਵਿਚ ਆਈ। ਇਹ ਕਿਤਾਬ ਦੁਨੀਆਂ ਦੇ ਕਲਾਸਿਕ ਸਾਹਿਤ ਦਾ ਵਡਮੁੱਲਾ ਹਿੱਸਾ ਹੈ। ਉਸ ਦੀਆਂ ਗੱਲਾਂ, ਉਪਦੇਸ਼ ਅਤੇ ਉਸਦੇ ਲਿਖੇ ਖਤ ਵੀ ਵਿਦਿਆਰਥੀਆਂ ਨੇ ਇਕੱਠੇ ਕੀਤੇ। ਇੰਨੇ ਜਿੰਮੇਵਾਰ ਬੰਦਿਆਂ ਦੀ ਮਿਹਨਤ ਸਦਕਾ ਅੱਜ ਅਸੀਂ ਰੂਮੀ ਨਾਲ ਗੱਲਾਂ ਕਰ ਰਹੇ ਹਾਂ।
"ਤੀਰ ਵਾਂਗ ਸਿੱਧਾ ਹੋ ਜਾਹ।
ਵਲ ਵਿੰਗ ਰਹੇ
ਤਾਂ ਦੂਰ ਤੱਕ ਉਡ ਨਹੀਂ ਸਕੇਂਗਾ
ਮੰਜ਼ਲ ਤੇ ਪੁੱਜ ਨਹੀਂ ਸਕੇਂਗਾ।
"ਕਿਤੇ ਨਿਕੀ ਮੋਟੀ ਚੰਗਿਆੜੀ ਦੇਖੀਏ ਤਾਂ ਅੱਗੇ ਵਧਣ ਤੋਂ ਰੋਕਣ ਲਈ ਅਸੀਂ ਜੁੱਤੀ ਹੇਠ ਨਹੀਂ ਮਸਲ ਦਿੰਦੇ? ਦੋਜ਼ਖ ਦੇ ਭਾਂਬੜ ਰੱਬ ਦੇ ਕਦਮ ਹੇਠ ਬੁਝ ਜਾਂਦੇ ਹਨ। ਤੇਰੇ ਅੰਦਰਲਾ ਗੁੱਸਾ, ਨਫਰਤ ਤੇ ਈਰਖਾ ਨਰਕ ਦਾ ਨਿੱਕਾ ਜਿਹਾ ਹਿੱਸਾ ਹਨ। ਹਿੱਸੇ ਵਿਚ ਉਹੀ ਗੁਣ ਹੁੰਦੇ ਹਨ ਜਿਹੜੇ ਪੂਰੇ ਵਿਚ ਹਨ, ਬੱਸ ਮਾਤਰਾ ਦਾ ਫਰਕ ਹੁੰਦਾ ਹੈ। ਬੰਦਗੀ ਕਰੇਂਗਾ ਤਾਂ ਤੇਰੇ ਸੀਨੇ ਅੰਦਰਲਾ ਨਰਕ ਬੁਝ ਜਾਏਗਾ।
"ਰਬ ਨੇ ਪੈਗੰਬਰ ਰਾਹੀਂ ਫੁਰਮਾਇਆ ਸੀ, ਤੇਰੇ ਅੰਦਰ ਨੇਕੀ ਹੋਈ ਤਾਂ ਤੇਰੀ ਉਮੀਦ ਤੋਂ ਵਡੇਰਾ ਇਨਾਮ ਮਿਲੇਗਾ ਤੈਨੂੰ। ਨੇਕੀ ਕਰਨ ਲਈ ਘਾਟਾ ਖਾਣਾ ਪਵੇ ਤਾਂ ਝਿਜਕੀਂ ਨਾਂਹ। ਯਕੀਨ ਰੱਖ, ਜਿੰਨਾ ਕੁ ਤੂੰ ਘਾਟਾ ਖਾਧਾ, ਉਸ ਤੋਂ ਹਜ਼ਾਰ ਗੁਣਾ ਵਧੀਕ ਫਲ ਮਿਲੇਗਾ ਨੇਕੀ ਦਾ।
"ਕਾਫਰ ਯੁੱਧ ਵਿਚ ਹਾਰ ਗਏ ਤਾਂ ਉਨ੍ਹਾਂ ਨੂੰ ਸੰਗਲਾਂ ਵਿਚ ਬੰਨ੍ਹ ਕੇ ਲਿਆਂਦਾ ਗਿਆ। ਬੰਦੀਆਂ ਵਿਚ ਪੈਗੰਬਰ ਦਾ ਚਾਚਾ ਅੱਬਾਸ ਵੀ ਸੀ। ਇਨ੍ਹਾਂ ਬੰਨ੍ਹੇ ਹੋਏ ਕੈਦੀਆਂ ਨੂੰ ਦੇਖ ਕੇ ਪੈਗੰਬਰ ਹੱਸ ਪਏ। ਅੱਬਾਸ ਨੇ ਪੁਛਿਆ, ਸਾਨੂੰ ਦੱਸਿਆ ਗਿਆ ਸੀ ਕਿ ਅੱਲਾਹ ਦੇ ਪੈਗੰਬਰ ਵਿਚ ਗ਼ੈਬੀ ਗੁਣ ਹੁੰਦੇ ਹਨ। ਤੈਨੂੰ ਹਸਦਿਆਂ ਦੇਖਕੇ ਇਹ ਨਤੀਜਾ ਨਿਕਲਿਆ ਕਿ ਜ਼ਖਮੀ ਤੇ ਬੰਦੀ ਲੋਕਾਂ ਉਪਰ ਤਰਸ ਕਰਨ ਦੀ ਥਾਂ ਜਿਹੜਾ ਬੰਦਾ ਹੱਸਦਾ ਹੈ ਉਹ ਪੈਗੰਬਰ ਕਿਵੇਂ ਹੋਇਆ ਤੇ ਉਹ ਸਾਡੇ ਤੋਂ ਵੱਖਰਾ ਕਿਵੇਂ ਹੋਇਆ? ਪੈਗੰਬਰ ਨੇ ਫੁਰਮਾਇਆ, ਤੁਸਾਂ ਗਲਤ ਸਮਝਿਆ। ਤੁਹਾਡੀਆਂ ਤਕਲੀਫਾਂ ਦੇਖ ਕੇ ਮੈਂ ਖੁਸ਼ ਨਹੀਂ ਹੋਇਆ। ਹਾਸਾ ਮੈਨੂੰ ਇਸ ਗੱਲ ਤੇ ਆਇਆ ਕਿ ਇਹ ਜਾਹਲ ਬੁੱਤ ਪੂਜ ਨਰਕਾਂ ਦੀ ਅੱਗ ਵਿਚ ਸਾੜੇ ਜਾਣੇ ਸਨ। ਮੈਂ ਇਨ੍ਹਾਂ ਨੂੰ ਜਬਰਨ ਨਰਕ ਵਲ ਜਾਣੋ ਰੋਕ ਕੇ ਬਹਿਸ਼ਤ ਵੱਲ ਲਿਜਾ ਰਿਹਾ ਹਾਂ ਤੇ ਅਜਿਹਾ ਮੈਨੂੰ ਜਬਰਦਸਤੀ ਕਰਨਾ ਪੈ ਰਿਹਾ ਹੈ। ਜਿਹੜੇ ਇਕ ਅੱਲਾਹ ਉਤੇ ਈਮਾਨ ਲਿਆਉਣਗੇ ਉਹ ਮੇਰੇ ਦੋਸਤ ਹੋਣਗੇ ਤੇ ਮੈਂ ਉਨ੍ਹਾਂ ਨੂੰ ਰਿਹਾ ਕਰਾਂਗਾ। ਇਕ ਤੁਸੀਂ ਹੋ ਕਿ ਗੱਲ ਸਮਝਣ ਤੋਂ ਇਨਕਾਰੀ ਹੈ।
"ਦੁਨੀਆਂ ਮੈਨੂੰ ਪਸੰਦ ਕਰੇ ਜਾਂ ਨਾ ਮੈਨੂੰ ਪਰਵਾਹ ਨਹੀਂ। ਚਮਗਿੱਦੜ ਸੂਰਜ ਨੂੰ ਪਸੰਦ ਨਹੀਂ ਕਰ ਸਕਦਾ, ਇਸ ਨਾਲ ਸੂਰਜ ਨੂੰ ਕੀ ਫਰਕ ਪੈਂਦਾ ਹੈ? ਜੇ ਕਸਵੱਟੀ ਖਰੇ ਖੋਟੇ ਵਿਚ ਫਰਕ ਨਹੀਂ ਕਰ ਸਕਦੀ ਤਾਂ ਕਸਵੱਟੀ ਖੋਟੀ ਹੈ, ਸੋਨੇ ਦਾ ਕੀ ਕਸੂਰ? ਚੋਰਾਂ ਡਾਕੂਆਂ ਨੂੰ ਰਾਤ ਚਾਹੀਦੀ ਹੈ, ਦਿਨ ਉਨ੍ਹਾਂ ਨੂੰ ਚੰਗਾ ਲੱਗ ਈ ਨੀਂ ਸਕਦਾ।