ਬਾਰਾਂਮਾਹ ਮੌਲਾ ਬਖ਼ਸ਼ ਕੁਸ਼ਤਾ
ਬਾਰਾਂਮਾਹ
ਓ ਟਾਹਲੀ ਦਿਓ ਪੱਤਿਓ ! ਕੀ ਖੜ ਖੜ ਲਾਈ ਜੇ
ਜਿਸ ਦੇਹੀ ਦਾ ਕਰਦੇ ਮਾਣ, ਉਹ ਦੇਹੀ ਪਰਾਈ ਜੇ ।
ਓ ਟਾਹਲੀ ਦਿਓ ਪੱਤਿਓ ! ਚੜ੍ਹਿਆ ਆ ਕੇ ਚੇਤ
ਹੁਣ ਪਛਤਾਇਆਂ ਕੀ ਬਣੇ, ਜਦ ਚਿੜੀਆਂ ਚੁਗ ਲਿਆ ਖੇਤ ।
ਓ ਟਾਹਲੀ ਦਿਓ ਪੱਤਿਓ ! ਚੜ੍ਹਿਆ ਆਣ ਵਿਸਾਖ
ਲਾਜ ਲਗਾਈ ਆਗੂਆਂ. ਗਈ ਕੌਮ ਦੀ ਸਾਖ ।
ਓ ਟਾਹਲੀ ਦਿਓ ਪੱਤਿਓ ! ਚੜ੍ਹਿਆ ਆ ਕੇ ਜੇਠ
ਪੁਛੇ ਕੌਣ ਗ਼ਰੀਬ ਨੂੰ, ਐਸ਼ਾਂ ਕਰਦੇ ਸੇਠ ।
ਓ ਟਾਹਲੀ ਦਿਓ ਪੱਤਿਓ ! ਹਾੜ੍ਹੇ ਕਰਦਾ ਹਾੜ
ਜਿਨ੍ਹਾਂ ਨੂੰ ਮਿਤਰ ਜਾਣਿਆ, ਉਹ ਨਿਕਲੇ ਬਘਿਆੜ ।
ਓ ਟਾਹਲੀ ਦਿਓ ਪੱਤਿਓ ! ਕਹੇ ਸਾਵਣ ਦੀ ਪੌਣ
'ਲੁਟ ਲੁਟ ਖਾਵਣ ਵਾਲੜੇ, ਅੰਤ ਭਨਾਸਣ ਧੌਣ' ।
ਓ ਟਾਹਲੀ ਦਿਓ ਪੱਤਿਓ ! ਭਾਦੋਂ ਕਰੇ ਪੁਕਾਰ
ਅਦਲਾ ਬਦਲੀ ਸਮੇਂ ਦੀ, ਲੈ ਗਈ ਹਿਤ ਪਿਆਰ ।
ਓ ਟਾਹਲੀ ਦਿਓ ਪੱਤਿਓ ! ਮਿਲੀ ਅੱਸੂ ਵਿਚ ਖੁਲ੍ਹ
ਵੀਰ ਵੀਰਾਂ ਨੂੰ ਖਾ ਗਏ, ਗਈ ਮਨੁੱਖਤਾ ਭੁੱਲ ।
ਓ ਟਾਹਲੀ ਦਿਓ ਪੱਤਿਓ ! ਕੱਤਕ ਚੜ੍ਹਿਆ ਆਣ
ਮਿਲਖਾਂ ਵਾਲੇ ਰੁਲ ਗਏ, ਫਾਕੀਂ ਝੱਟ ਲੰਘਾਣ ।
ਓ ਟਾਹਲੀ ਦਿਓ ਪੱਤਿਓ ! ਮੱਘਰ ਕਰੇ ਬਿਚੈਨ
ਖੂਹ ਜੋ ਪੁੱਟਣ ਕਿਸੇ ਲਈ, ਖੁਦ ਖਾਤੇ ਵਿਚ ਪੈਣ ।
ਓ ਟਾਹਲੀ ਦਿਓ ਪੱਤਿਓ ! ਦਿੱਤਾ ਪੋਹ ਸਰਾਪ
ਵੀਰਾਂ ਦੇ ਲਹੂ ਜੰਮ ਗਏ, ਪੈ ਗਈ ਆਪੋ ਧਾਪ ।
ਓ ਟਾਹਲੀ ਦਿਓ ਪੱਤਿਓ ! ਮਾਘ ਦਿਖਾਇਆ ਖੇਲ
ਖਬਰੇ ਮੌਲਾ ਕਰ ਦੇਵੇ, ਵਿਛੜਿਆਂ ਦਾ ਮੇਲ ।
ਓ ਟਾਹਲੀ ਦਿਓ ਪੱਤਿਓ ! ਫੱਗਣ ਚੜ੍ਹਦੇ ਸਾਰ
'ਕੁਸ਼ਤਾ' ਸੁੱਤਾ ਜਾਗਿਆ, ਪੰਜਾਬੀ ਦਰਬਾਰ ।
|