ਪੰਜਾਬੀ ਕਲਾਮ/ਨਜ਼ਮਾਂ ਮਸਊਦ ਮੁਨੱਵਰ
1. ਮੱਕੇ ਦਾ ਮਾਜਰਾ
ਜਿਥੇ ਓਸ ਦਾ ਵਾਸ ਹੈ
ਉਹ ਮੰਜ਼ਰ ਸੀ ਨੂਰ ਦਾ
ਨਾ ਓਥੇ ਪਹੁ ਫਟਦੀ
ਨਾ ਓਥੇ ਚੰਨ ਚਮਕਦਾ
ਨਾ ਓਥੇ ਧੁੱਪ ਚੜ੍ਹਦੀ
ਨਾ ਹੀ ਸੂਰਜ ਕੜਕਦਾ
ਨਾ ਓਥੇ ਚੰਨ ਚੌਧਵੀਂ
ਨਾ ਓਥੇ ਦਿਨ ਡੁੱਬਦਾ
ਕਿਸ ਨੂੰ ਦੱਸਾਂ ਸੋਹਣਿਆਂ
ਇਹ ਮੱਕੇ ਦਾ ਮਾਜਰਾ ?
2. ਆਪ ਬੀਤੀ
ਅਸਾਂ ਪੀੜ ਸਹੀ, ਤਦਬੀਰ ਸਹੀ
ਅਸਾਂ ਖ਼ਾਲਿਕ ਦੀ ਤਕਦੀਰ ਸਹੀ
ਅਸਾਂ ਸੂਰਜ ਦੀ ਰੁਸ਼ਨਾਈ ਵਿੱਚ
ਜ਼ੁਲਮਤ ਦੀ ਹਰ ਤਾਜ਼ੀਰ ਸਹੀ
ਛੱਡ ਛਡੇ ਨੀਂਦਰ ਦੇ ਸੁਫ਼ਨੇ
ਜਗਰਾਤੇ ਦੀ ਸ਼ਮਸ਼ੀਰ ਸਹੀ
ਅਸਾਂ ਹਰਫ਼ ਦੀ ਸੂਲੀ 'ਤੇ ਚੜ੍ਹ ਕੇ
ਜੱਲਾਦਾਂ ਦੀ ਤਜਵੀਜ਼ ਸਹੀ
ਜਿਹੜੇ ਖ਼ਾਬ ਕਿਤਾਬਾਂ ਵੇਖੇ ਸਨ
ਉਨ੍ਹਾਂ ਖ਼ਾਬਾਂ ਦੀ ਤਾਬੀਰ ਸਹੀ
ਜਿਹੜੇ ਪਾਪ ਕਮਾਏ ਨੈਣਾਂ ਨੇਂ
ਗਰਦਨ ਓਸ ਦੀ ਤਕਸੀਰ ਸਹੀ
ਮਸਊਦ ਜੇ ਰੱਬ ਨਹੀਂ ਲੱਭ ਸਕਿਆ
ਮੰਨ ਮੁਲਹਦ ਦੀ ਤਜ਼ਵੀਰ ਸਹੀ
3. ਜ਼ਿਕਰ
ਮੇਰਾ ਯਾਰ ਅੰਬਰ ਕਸਤੂਰੀ ਏ
ਜਿਹਦੀ ਲਟਕ ਮਟਕ ਫ਼ਗ਼ਫ਼ੂਰੀ ਏ।
ਓਹਦਾ ਦਬਕਾ ਚੁੱਪ ਦਰਿਆਵਾਂ ਦੀ
ਉਹਦੀ ਬੋਲੀ ਮਿੱਠੀਆਂ ਥਾਂਵਾਂ ਦੀ।
ਉਹਦੀ ਨਰਮੀ ਮਸਤ ਹਵਾਵਾਂ ਦੀ
ਉਹਦੀ ਸਤਵਤ, ਸ਼ੌਕਤ ਸ਼ਾਹਵਾਂ ਦੀ।
ਉਹਦੀ ਸੰਗਤ ਵਿੱਚ ਮਖ਼ਮੂਰੀ ਏ
ਮੇਰਾ ਯਾਰ ਅੰਬਰ ਕਸਤੂਰੀ ਏ।
ਉਹਦੇ ਹੰਝੂ ਗੱਡ ਕੇ ਕੱਲਰ ਵਿੱਚ
ਇੱਕ ਝੀਲ ਉਗਾਈ ਚੰਦਨ ਦੀ।
ਦੁਰ, ਮੋਤੀ ਚਮਕ ਵਿਖਾਂਦੇ ਨੇ
ਉਹਦੇ ਬਦਨ ਚਮਨ ਦੇ ਕੁੰਦਨ ਦੀ।
ਉਹਦੇ ਬਿਨ ਜਿੰਦੜੀ ਮਹਿਜੂਰੀ ਏ
ਮੇਰਾ ਯਾਰ ਅੰਬਰ ਕਸਤੂਰੀ ਏ।
ਮੈਂ ਜ਼ਿਕਰ ਦੇ ਮੋਤੀ ਤੁਲਵਾਵਾਂ
ਮੈਂ ਇਸ਼ਕ ਦਾ ਸੋਨਾ ਵਰਤਾਵਾਂ।
ਹੱਕ ਹਾਲ ਬਗੀਚੇ ਵਿੱਚ ਬਹਿ ਕੇ
ਮਸਊਦ ਨਿਮਾਣਾ ਅਖਵਾਵਾਂ।
ਇਹ ਜ਼ਿਕਰ ਮੇਰੀ ਮਜ਼ਦੂਰੀ ਏ
ਮੇਰਾ ਯਾਰ ਅੰਬਰ ਕਸਤੂਰੀ ਏ।
4. ਗਿਰਝਾਂ
ਹਰ ਟਾਹਣੀ ਤੇ ਕਾਲੀਆਂ ਗਿਰਝਾਂ
ਮੁਰਦੇ ਖਾਵਣ ਵਾਲੀਆਂ ਗਿਰਝਾਂ
ਰਾਣੀ ਖ਼ਾਂ ਦੀਆਂ ਸਾਲੀਆਂ ਗਿਰਝਾਂ
ਬੁਸ਼ ਬਾਂਦਰ ਦੀਆਂ ਪਾਲੀਆਂ ਗਿਰਝਾਂ
ਕੌਮ ਦਾ ਮੁਰਦਾ ਖੂੰਡਣ ਪਈਆਂ
ਸੁੱਕੀਆਂ ਹੱਡੀਆਂ ਚੂੰਡਣ ਪਈਆਂ
ਦੇਸ ਦੇ ਐਰੇ, ਨੀਂਹਾਂ ਪੁੱਟ ਕੇ
ਯੂਰੋ, ਡਾਲਰ ਢੂੰਡਣ ਪਈਆਂ
ਤਸਬੀਆਂ, ਪੱਗਾਂ, ਦਾੜ੍ਹੀਆਂ ਪਾ ਕੇ
ਸੱਪਾਂ ਦੀਆਂ ਪਟਾਰੀਆਂ ਪਾ ਕੇ
ਮੌਤ ਦੇ ਮੇਲੇ ਦੇ ਵਿੱਚ ਆਈਆਂ
ਕਾਲੀਆਂ ਗਿਰਝਾਂ, ਸਾੜ੍ਹੀਆਂ ਪਾ ਕੇ
ਐਨ ਆਰ ਓ ਦੀ ਮਾਰ ਕੇ ਬੁੱਕਲ
ਕੁੱਕ ਬੈਕਾਂ ਦੇ ਤਾਣ ਕੇ ਕੰਬਲ
ਨੌਸਰ ਬਾਜ਼ਾਂ ਦਾ ਹਿੱਕ ਮੋਢੀ
ਬਣ ਬੈਠਾ ਪਿੰਡੀ ਦਾ ਰਾਵਲ
ਉਜੜੀ ਹੋਈ ਮਸੀਤ ਦੇ ਲੋਟੇ
ਅਕਲ ਦੇ ਅੰਨ੍ਹੇ, ਮਨ ਦੇ ਖੋਟੇ
ਜੀਨਜ਼ ਪਰਾਈ, ਪਾ ਕੇ ਕਸਾਈ
ਮਾਰਨ ਦੇਸ ਦੀ ਲਾਸ਼ ਨੂੰ ਸੋਟੇ
ਕਾਇਦ ਆਜ਼ਮ ਢਾਰਾ ਪਾਇਆ
ਗਿਰਝਾਂ, ਚੁੰਝਾਂ ਮਾਰ ਕੇ ਢਾਹਿਆ
ਚੋਰ ਉਚੱਕੇ ਲੀਡਰ ਬਣ ਕੇ
ਖਾ ਗਏ ਕੌਮ ਦਾ ਸੱਭ ਸਰਮਾਇਆ
ਮਾਜੇ, ਗਾਮੇ ਨਾਅਰੇ ਲਾਵਣ
ਨੀਮੇ, ਨਾਮੇ, ਟੱਪੇ ਗਾਵਣ
ਮੌਤ ਪਵੇ ਇਨ੍ਹਾਂ ਨਿੱਜ ਹੋਇਆਂ ਨੂੰ
ਜਿਹੜੇ ਕੌਮ ਨੂੰ ਵੇਚ ਕੇ ਖਾਵਣ
5. ਬੰਦੇ ਤਾਈਂ ਅੱਪੜ ਨਾ ਸਕਾਂ
ਬੰਦੇ ਤਾਈਂ ਅੱਪੜ ਨਾ ਸਕਾਂ
ਰੱਬ ਨੂੰ ਲੱਭਦਾ ਵਤਾਂ
ਆਪਣੇ ਆਪ ਤੋ ਨੱਸਿਆ ਹੋਈਆਂ
ਯਾਰੀ ਕਿੱਥੇ ਘੱਤਾਂ
ਅਪਣੀ ਜਿੰਦ ਸਾਂਭੀ ਨਹੀਂ ਜਾਂਦੀ
ਕੌਮ ਨੂੰ ਦੇਵਾਂ ਮੱਤਾਂ
ਸਾਰੀ ਰਾਤ ਹਨੇਰੇ ਘਰ ਵਿਚ
ਸੁਰਜ ਸੁਫ਼ਨੇ ਕੱਤਾਂ
ਕਿਹੜਾ ਮੂੰਹ ਮੁਹਾਂਦਰਾ ਮੇਰਾ
ਨਾ ਬਾਹਵਾਂ, ਨਾ ਲੱਤਾਂ
ਮੈਂ ਮਸਊਦ ਹਾਂ ਲੁਗ ਦਾ ਵਾਸੀ
ਨਾ ਕੰਧਾਂ ਨਾ ਛੱਤਾਂ
|