Majid Siddiqui
ਮਾਜਦ ਸਦੀਕੀ

Punjabi Writer
  

Punjabi Poetry Majid Siddiqui

ਪੰਜਾਬੀ ਕਲਾਮ ਮਾਜਦ ਸਦੀਕੀ

1. ਦੁਖ ਨੇ ਅੰਤ ਵਖਾਲਿਆ ਖਬਰੇ ਕਿਹੜੇ ਖ਼ਾਬ ਦਾ

ਦੁਖ ਨੇ ਅੰਤ ਵਖਾਲਿਆ ਖਬਰੇ ਕਿਹੜੇ ਖ਼ਾਬ ਦਾ।
ਅਜ ਦਾ ਦਿਨ ਤੇ 'ਮਾਜਦਾ' ਦਿਨ ਸੀ ਜਿਵੇਂ ਅਜ਼ਾਬ ਦਾ।

ਮੌਤ ਝੁਲਾਰਾ ਖੌਫ਼ ਦਾ, ਮੁੜਿਆ ਇੰਜ ਸ਼ਰਮਾਂਵਦਾ,
ਜਿਉਂ ਜੀਵਨ ਦੀ ਤਾਂਘ ਸੀ, ਖਿੜਦਾ ਫੁੱਲ ਗੁਲਾਬ ਦਾ।

ਲਾਪਰਵਾਹੀ ਸੀ ਅਪਣੀ ਕੁਝ ਉਹਦੀਆਂ ਬੇਮਿਹਰੀਆਂ,
ਇਕ ਇਕ ਵਰਕਾ ਟੋਲਿਆ, ਦੁੱਖ ਦੀ ਭਰੀ ਕਿਤਾਬ ਦਾ।

ਕੱਲ ਤੀਕਰ ਤੇ ਜ਼ਹਿਰ ਸੀ, ਦੁੱਖਾਂ ਦੀ ਕੜਵਾਟ ਵੀ,
ਅਜ ਮੈਂ ਸਮਝਾਂ ਮੌਤ ਵੀ, ਹੈ ਇਕ ਜਾਮ ਸ਼ਰਾਬ ਦਾ।

ਜੀਣਾ ਕੇਡ ਗੁਨਾਹ ਸੀ, ਉਹ ਵੀ ਝੋਲੀ ਮੌਤ ਦੀ,
ਰਬ ਮੈਥੋਂ ਕੀ ਪੁੱਛਸੀ, ਕੀ ਏ ਰੋਜ਼ ਹਿਸਾਬ ਦਾ।

ਕਿੰਨੇ ਲੋਕ ਨਿਗਾਹ ਵਿਚ, ਰਹੇ ਸੀ ਰੰਗ ਬਖੇਰਦੇ,
ਕੋਈ ਕੋਈ ਮਾਂ ਦਾ ਲਾਲ ਸੀ, 'ਮਾਜਦ' ਤੇਰੇ ਜਵਾਬ ਦਾ।

2. ਹੈ ਸੀ ਠਾਠਾਂ ਮਾਰਦਾ, ਜੋਬਨ ਚੜ੍ਹਿਆ ਕਹਿਰ ਦਾ

ਹੈ ਸੀ ਠਾਠਾਂ ਮਾਰਦਾ, ਜੋਬਨ ਚੜ੍ਹਿਆ ਕਹਿਰ ਦਾ।
ਯਾ ਫਿਰ ਉਹਦੇ ਕੱਦ 'ਤੇ ਧੋਖਾ ਸੀ ਕੁਝ ਲਹਿਰ ਦਾ।

ਅੱਖੀਆਂ ਵਿਚ ਬਰਸਾਤ ਜਹੀ, ਸਿਰ ਤੇ ਕਾਲੀ ਰਾਤ ਜਹੀ,
ਦਿਲ ਵਿਚ ਉਹਦੀ ਝਾਤ ਜਹੀ, ਨਕਸ਼ਾ ਭਰੀ ਦੁਪਹਿਰ ਦਾ।

ਇੱਕੋ ਸੁਹਝ ਖ਼ਿਆਲ ਸੀ, ਰਲਦਾ ਨਾਲੋ ਨਾਲ ਸੀ,
ਫ਼ਿਕਰਾਂ ਵਿਚ ਉਬਾਲ ਸੀ, ਕਦਮ ਨਹੀਂ ਸੀ ਠਹਿਰਦਾ।

ਸੀਨੇ ਦੇ ਵਿਚ ਛੇਕ ਸੀ, ਡਾਢਾ ਮਿੱਠੜਾ ਸੇਕ ਸੀ,
ਦਿਲ ਨੂੰ ਉਹਦੀ ਟੇਕ ਸੀ, ਰੰਗ ਹੋਰ ਸੀ ਸ਼ਹਿਰ ਦਾ।

ਆਈ ਤੇ ਉਹਦੇ ਨਾਲ ਸੀ, ਫੁਟਦੀ ਪਹੁ ਵਿਸਾਖ ਦੀ,
ਗਈ ਤੇ 'ਮਾਜਦ' ਮੁੱਖ 'ਤੇ ਸਮਾਂ ਸੀ ਪਿਛਲੇ ਪਹਿਰ ਦਾ।

3. ਸੁੱਕੇ ਵਰਕੇ ਸੁਟ ਜਾਂਦਾ ਏ, ਡਾਕੀਆ ਨਿੱਤ ਅਖ਼ਬਾਰਾਂ ਦੇ

ਸੁੱਕੇ ਵਰਕੇ ਸੁਟ ਜਾਂਦਾ ਏ, ਡਾਕੀਆ ਨਿੱਤ ਅਖ਼ਬਾਰਾਂ ਦੇ।
ਕਦੇ ਨਾ ਆਏ ਜੀਉਂਦੇ ਜਾਗਦੇ, ਨਾਮੇ ਦਿਲ ਦਿਆਂ ਯਾਰਾਂ ਦੇ।

ਅਪਣੇ ਦਿਲ ਤੋਂ ਉਹਦੇ ਦਿਲ ਤਕ, ਪੈਂਡਾ ਬਹੁਤ ਲਮੇਰਾ ਏ,
ਕਹਿੰਦੇ ਨੇ ਸੜ ਜਾਂਦੇ ਏਥੇ, ਜਿਗਰੇ ਸ਼ਾਹ-ਸਵਾਰਾਂ ਦੇ।

ਉਹਦੇ ਅੰਗ ਸਲਾਮਤ ਪਹਿਲੀ ਵਾਰ ਜਦੋਂ ਮੈਂ ਛੋਹੇ ਸੀ,
ਪੈਰਾਂ ਹੇਠਾਂ ਫਿਸਦੇ ਦਿੱਸੇ ਫੁੱਲ ਜਿਵੇਂ ਗੁਨਜ਼ਾਰਾਂ ਦੇ।

ਸੜਕਾਂ ਉੱਤੇ ਭਰੇ ਭਰਾਤੇ ਮੁਖੜੇ ਉਡ ਉਡ ਲੰਘਦੇ ਨੇ,
ਦਿਲ ਵਿਚ ਪਹੀਏ ਲਹਿ ਜਾਂਦੇ ਨੇ, ਪੀਲੀਆਂ ਚਿੱਟੀਆਂ ਕਾਰਾਂ ਦੇ।

ਚੁਪ ਦੇ ਉਜੜੇ ਜੰਗਲ ਵਿਚ ਜਦ ਬੋਲ ਤਿਰੇ ਲਹਿਰਾਉਂਦੇ ਨੇ,
ਛਿੜ ਜਾਂਦੇ ਨੇ ਕਿੱਸੇ 'ਮਾਜਦ' ਸਾਵਣ ਦੀਆਂ ਫੁਹਾਰਾਂ ਦੇ।

4. ਦਿਲ ਅਸਮਾਨੀਂ ਠੇਡੇ ਖਾਂਦਾ, ਮਨ ਵਿਚ ਰੋਗ ਹਜ਼ਾਰਾਂ

ਦਿਲ ਅਸਮਾਨੀਂ ਠੇਡੇ ਖਾਂਦਾ, ਮਨ ਵਿਚ ਰੋਗ ਹਜ਼ਾਰਾਂ।
ਚੜ੍ਹਿਆ ਦਿਨ ਨਈਂ ਢਲਦਾ ਕੀਕਣ ਰਾਤ ਢਲੇ ਬਿਨ ਯਾਰਾਂ।

ਇਕ ਦਿਲ ਉਹ ਵੀ, ਦਰਦ ਰੰਝਾਣਾ, ਕਿਸ ਬਾਜ਼ੀ 'ਤੇ ਲਾਈਏ,
ਅਸਾਂ ਜਿਹਾਂ ਬੰਦਿਆਂ ਦੀਆਂ ਏਥੇ, ਕੀ ਜਿੱਤਾਂ ਕੀ ਹਾਰਾਂ।

ਤੇਰੇ ਹੁੰਦਿਆਂ ਤੇ ਇਹ ਘਰ ਦੀ, ਹਾਲਤ ਕਦੇ ਨਾ ਵੇਖੀ,
ਜਾਂ ਨਜ਼ਰਾਂ ਨਈਂ ਅਪਣੀ ਜਾ 'ਤੇ, ਜਾਂ ਕੰਬਣ ਦੀਵਾਰਾਂ।

ਕੱਲ੍ਹ ਇਹਨਾਂ ਫੁੱਲਾਂ ਜਹੀਆਂ ਤਸਵੀਰਾਂ ਤੇ ਦਭ ਜੰਮਸੀ,
ਕੋਲ ਬਹਾ ਕੇ ਤੈਨੂੰ ਅਜ ਮੈਂ ਕਿਹੜੇ ਨਕਸ਼ ਉਤਾਰਾਂ।

ਸੁਕ ਗਏ ਬੂਟੇ ਆਸਾਂ ਵਾਲੇ, ਸੱਜਣ ਜਦ ਦੇ ਟੁਰ ਗਏ,
ਸਚ ਕਹਿੰਦੇ ਨੇ ਲੋਕੀ 'ਮਾਜਦ' ਯਾਰਾਂ ਨਾਲ ਬਹਾਰਾਂ।