ਮਜਾਜ਼ ਲਖਨਵੀ
ਅਸਰਾਰ-ਉਲ-ਹੱਕ ਮਜਾਜ਼ (੧੯੧੧-੫ ਦਿਸੰਬਰ ੧੯੫੫) ਉਰਦੂ ਦੇ ਭਾਰਤੀ ਕਵੀ ਸਨ । ਉਹ ਆਪਣੀ ਰੁਮਾਂਸਵਾਦੀ ਅਤੇ ਕ੍ਰਾਂਤੀਕਾਰੀ ਕਵਿਤਾ ਲਈ ਪ੍ਰਸਿੱਧ ਹਨ । ਉਨ੍ਹਾਂ ਨੇ ਗ਼ਜ਼ਲਾਂ ਅਤੇ ਨਜ਼ਮਾਂ ਲਿਖੀਆਂ । ਮਜਾਜ਼ ਦਾ ਜਨਮ ਉੱਤਰਪ੍ਰਦੇਸ਼ ਦੇ ਬਾਰਾ ਬੰਕੀ ਜਿਲ੍ਹੇ ਦੇ ਪਿੰਡ ਰਦੌਲੀ ਵਿੱਚ ਹੋਇਆ । ਉਨ੍ਹਾਂ ਨੇ ਮੁਢਲੀ ਵਿਦਿਆ ਲਖਨਊ ਅਤੇ ਆਗਰੇ ਤੋਂ ਲਈ । ਉਨ੍ਹਾਂ ਨੇ ਬੀ.ਏ. ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਪਾਸ ਕੀਤੀ । ਉਹ ਫ਼ਾਨੀ ਬਦਾਯੂਨੀ ਨੂੰ ਆਪਣਾ ਉਸਤਾਦ ਮੰਨਦੇ ਸਨ । ਉਨ੍ਹਾਂ ਦਾ ਨਾਂ 'ਤਰੱਕੀ ਪਸੰਦ ਤਹਿਰੀਕ' ਦੇ ਉੱਘੇ ਕਵੀਆਂ ਵਿੱਚ ਆਉਂਦਾ ਹੈ । ਫ਼ੈਜ਼ ਨੇ ਉਨ੍ਹਾਂ ਨੂੰ 'ਕ੍ਰਾਂਤੀ ਦਾ ਗਾਇਕ' ਕਿਹਾ । ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਸ਼ਬ-ਏ-ਤਾਬ, ਆਹੰਗ, ਨਜ਼ਰ-ਏ-ਦਿਲ, ਖ਼ਵਾਬ-ਏ-ਸਹਰ, ਵਤਨ ਆਸ਼ੋਬ ਅਤੇ ਸਾਜ਼-ਏ-ਨੌ ਹਨ ।