ਮੈਂ ਬਾਗ਼ੀ ਹਾਂ (ਕਾਵਿ ਸੰਗ੍ਰਹਿ) ਦਰਸ਼ਨ ਸਿੰਘ ਅਵਾਰਾ
ਮੈਂ ਬਾਗ਼ੀ, ਮੈਂ ਬਾਗ਼ੀ ਮਜ਼੍ਹਬਾ!
ਮੰਦਰਾਂ ਅਤੇ ਮਸੀਤਾਂ ਤੋਂ।
ਜੀਵਨ-ਘਾਤਕ ਸ੍ਵਰਗ ਨਰਕ ਤੋਂ,
ਬੇਦਿਲ ਮੁਰਦਾ ਰੀਤਾਂ ਤੋਂ।
ਤੇਰੇ ਉੱਚੇ ਦਾਹਵੇ ਕੋਲੋਂ,
ਤੇਰੇ ਬੇ-ਰਸ ਗੀਤਾਂ ਤੋਂ।
ਸਭ ਕੁਝ ਸਦਕੇ ਘੋਲੀ ਕੀਤਾ,
ਇਸ ਬੰਦੇ ਦੀਆਂ ਪ੍ਰੀਤਾਂ ਤੋਂ।
(ਮੈਂ ਰੱਬ ਨੂੰ ਪਿਆਰ ਕਰਦਾ ਹਾਂ,
ਕਿਉਂਕਿ ਉਹਨੇ ਮੈਨੂੰ, ਊਸ ਨੂੰ ਨਾ ਮੰਨਣ
ਤਕ ਦੀ ਵੀ ਆਜ਼ਾਦੀ ਦੇ ਰਖੀ ਹੈ।
-ਟੈਗੋਰ)
੧
ਉਸ ਰਬ ਕੋਲੋਂ,
ਜਿਹੜਾ ਸਜਦੇ ਵਿਚ ਹਰ ਵੇਲੇ ਈ,
ਗੋਡੇ ਰਗੜਾਣਾ ਚਾਂਹਦਾ ਹੈ ।
ਡਰ ਪਾ ਕੇ ਨਰਕੀ ਅੱਗਾਂ ਦੇ,
ਮਿਨਤਾਂ ਕਰਵਾਣਾ ਚਾਂਹਦਾ ਹੈ ।
ਦਸ ਦਸ ਕੇ ਰੋਹਬ ਚੁਰਾਸੀ ਦੇ,
ਕੋਈ ਧੌਂਸ ਜਮਾਣਾ ਚਾਂਹਦਾ ਹੈ ।
ਮੈਂ ਉਸ ਖ਼ੁਦਾ ਤੋਂ ਬਾਗ਼ੀ ਹਾਂ।
ਮੈਂ ਆਕੀ ਹਾਂ।
੨
ਉਸ 'ਬੀਤੇ' ਤੋਂ,
ਜਿਹੜਾ ਮੇਰੇ ਜੀਵਨ-ਮਾਰਗ ਤੇ,
ਇਉਂ ਪਰਬਤ ਵਾਂਗ ਖਲੋ ਜਾਵੇ।
ਆਦਰਸ਼ ਮੇਰੇ ਦੀ ਮਨਜ਼ਲ ਹੀ,
ਅਖੀਆਂ ਤੋਂ ਉਹਲੇ ਹੋ ਜਾਵੇ।
ਹਰ ਹਰਕਤ ਤੇ, ਮੇਰੇ ਸੁਪਨੇ ਨੂੰ,
ਜਿਹੜਾ ਪੈਰਾਂ ਹੇਠ ਮਲ੍ਹੋ ਜਾਵੇ।
ਲੂੰ ਲੂੰ ਦੀ ਜੀਭੋਂ ਕਹਿੰਦਾ ਹਾਂ,
ਮੈਂ ਉਸ ਬੀਤੇ ਤੋਂ ਬਾਗ਼ੀ ਹਾਂ।
ਮੈਂ ਆਕੀ ਹਾਂ।
੩
ਉਸ ਮੰਦਰ ਤੋਂ,
ਜਿਥੇ ਪੱਥਰ ਦੇ ਇਕ ਬੁਤ ਅੱਗੇ,
ਸਾਮਿਗ੍ਰੀ ਕੁਝ ਖਿਲਾਰੀ ਹੈ।
ਇਕ ਪੋਥੀ ਹੈ, ਇਕ ਟੱਲੀ ਹੈ,
ਨਾਲ ਇਕ ਖ਼ੁਦ-ਗ਼ਰਜ਼ ਪੁਜਾਰੀ ਹੈ।
ਜਿਹੜਾ ਭਗਤਾਂ ਵਿਚ ਇਉਂ ਦਿਸਦਾ ਏ,
ਜਿਉਂ ਮਜਮੇਂ ਵਿਚ ਮਦਾਰੀ ਹੈ।
ਲੂੰ ਲੂੰ ਦੀ ਜੀਭੋਂ ਕਹਿੰਦਾ ਹਾਂ,
ਮੈਂ ਉਸ ਮੰਦਰ ਤੋਂ ਬਾਗ਼ੀ ਹਾਂ।
ਮੈਂ ਆਕੀ ਹਾਂ।
੪
ਉਸ ਮਜ਼ਹਬ ਤੋਂ,
ਜਿਹੜਾ ਸੱਕੇ ਵਤਨੀ ਵੀਰਾਂ ਨੂੰ,
ਵਖ ਵਖ ਰਹਿਣਾ ਸਿਖਲਾ ਦੇਵੇ।
ਕਦੇ ਬਾਂਗਾਂ ਤੋਂ, ਕਦੇ ਵਾਜੇ ਤੋਂ,
ਡਾਂਗਾਂ ਸੋਟੇ ਖੜਕਾ ਦੇਵੇ।
ਵਿਚ ਰਬ ਨੂੰ ਜ਼ਾਮਨ ਰਖ ਕੇ ਤੇ,
ਜਿਹੜਾ ਢਿਡ ਵਿਚ ਛੁਰਾ ਖੁਭਾ ਦੇਵੇ।
ਲੂੰ ਲੂੰ ਦੀ ਜੀਭੋਂ ਕਹਿੰਦਾ ਹਾਂ,
ਮੈਂ ਉਸ ਮਜ਼੍ਹਬ ਤੋਂ ਬਾਗ਼ੀ ਹਾਂ।
ਮੈਂ ਆਕੀ ਹਾਂ।
੫
ਉਸ ਪੁਸਤਕ ਤੋਂ,
ਦਸ ਦਸ ਕੇ ਰੋਹਬ ਕਿਆਮਤ ਦੇ,
ਜਿਹੜੀ ਜੀਵਨ ਨੂੰ ਸਹਿਮਾਇ ਪਈ।
ਮਾਹਸੂਮ ਜਹੀ ਦਿਲ-ਕਹਿਣੀ ਤੋਂ,
ਜਿਹੜੀ ਕੁੰਭੀ ਨਰਕ ਵਿਖਾਇ ਪਈ।
ਦਸ ਗੁਰਜ-ਮਨੂੰ ਯਮ-ਦੂਤਾਂ ਦੇ
ਮੇਰਾ ਹਰਦਮ ਖ਼ੂਨ ਸੁਕਾਇ ਪਈ।
ਲੂੰ ਲੂੰ ਦੀ ਜੀਭੋਂ ਕਹਿੰਦਾ ਹਾਂ,
ਮੈਂ ਉਸ ਪੁਸਤਕ ਤੋਂ ਬਾਗ਼ੀ ਹਾਂ।
ਮੈਂ ਆਕੀ ਹਾਂ।
੬
ਉਸ ਦੌਲਤ ਤੋਂ,
ਜਿਹਨੂੰ ਵਰਤਣ, ਮਾਣਨ, ਲੈਣ ਲਈ,
ਸੌ ਸੌ ਪਾਖੰਡ ਬਣਾਣੇ ਪੈਣ।
ਕੋਹਣਾ ਪੈ ਜਾਇ ਜ਼ਮੀਰਾਂ ਨੂੰ,
ਵੀਰਾਂ ਦੇ ਗਲੇ ਕਟਾਣੇ ਪੈਣ।
ਸਵੈਮਾਨ ਵੇਚਣਾ ਪੈ ਜਾਵੇ,
ਰੀਝਾਂ, ਅਰਮਾਨ ਲੁਟਾਣੇ ਪੈਣ।
ਲੂੰ ਲੂੰ ਦੀ ਜੀਭੋਂ ਕਹਿੰਦਾ ਹਾਂ,
ਮੈਂ ਉਸ ਦੌਲਤ ਤੋਂ ਬਾਗ਼ੀ ਹਾਂ।
ਮੈਂ ਆਕੀ ਹਾਂ।
੭
ਉਸ ਸਮਾਜ ਤੋਂ,
ਬਦਲੇ ਮੇਰੀਆਂ ਚੰਗਿਆਈਆਂ ਦੇ,
ਜਿਦ੍ਹੇ ਹੋਠਾਂ ਤੇ ਇਕ 'ਵਾਹ' ਵੀ ਨਹੀਂ।
ਮੇਰੇ ਦੁਖ ਵੇਲੇ ਹਮਦਰਦੀ ਨਹੀਂ,
ਦੋ ਅਥਰੂ ਜਾਂ ਇਕ ਆਹ ਵੀ ਨਹੀਂ।
ਦਿਲ ਤੋੜਨ, ਜਜ਼ਬੇ ਰੋਲਣ ਦੀ,
ਜਿਹਨੂੰ ਰਤੀ ਜਿੰਨੀ ਪਰਵਾਹ ਵੀ ਨਹੀਂ।
ਲੂੰ ਲੂੰ ਦੀ ਜੀਭੋਂ ਕਹਿੰਦਾ ਹਾਂ,
ਮੈਂ ਉਸ ਸਮਾਜੋਂ ਬਾਗ਼ੀ ਹਾਂ।
ਮੈਂ ਆਕੀ ਹਾਂ।
੮
ਉਸ ਇਤਿਹਾਸ ਤੋਂ,
ਜਿਸ ਦੇ ਵਿਚ ਲੜ ਲੜ ਮਰਨ ਲਈ,
ਭਰਿਆ ਬਾਰੂਦ ਮਸਾਲਾ ਏ।
ਹਰ ਅੱਖਰ ਜਿਦ੍ਹਾ ਮਨੁੱਖਾਂ ਨੂੰ,
ਪਾੜਨ ਤੇ ਵੰਡਣ ਵਾਲਾ ਏ।
ਦੁਖ-ਦਾਈ ਕਾਲੀਆਂ ਯਾਦਾਂ ਤੋਂ,
ਜਿਦ੍ਹਾ ਇਕ ਇਕ ਵਰਕਾ ਕਾਲਾ ਏ।
ਲੂੰ ਲੂੰ ਦੀ ਜੀਭੋਂ ਕਹਿੰਦਾ ਹਾਂ,
ਮੈਂ ਉਸ ਇਤਿਹਾਸੋਂ ਤੋਂ ਬਾਗ਼ੀ ਹਾਂ।
ਮੈਂ ਆਕੀ ਹਾਂ।
੯
ਉਸ ਕਿਸਮਤ ਤੋਂ,
ਜਿਹੜੀ ਹੱਥੀਂ ਕਖ ਨਾ ਕਰਨ ਦਏ,
ਤੇ ਲਕ ਹਿੰਮਤ ਦਾ ਤੋੜ ਦਏ।
ਡੋਰੇ ਪਾ ਪਾ ਤਦਬੀਰਾਂ ਨੂੰ,
ਕਰ ਬੋਟ ਦੇ ਵਾਂਗਰ ਛੋੜ ਦਏ।
ਹਰ ਚੰਗਿਆਈ ਮੰਦਿਆਈ ਨੂੰ,
ਜੂਨਾਂ ਦੇ ਨਾਲ ਚੰਬੋੜ ਦਏ।
ਲੂੰ ਲੂੰ ਦੀ ਜੀਭੋਂ ਕਹਿੰਦਾ ਹਾਂ,
ਮੈਂ ਉਸ ਕਿਸਮਤ ਤੋਂ ਬਾਗ਼ੀ ਹਾਂ।
ਮੈਂ ਆਕੀ ਹਾਂ।
੧੦
ਉਸ ਜੀਵਨ ਤੋਂ,
ਜਿਹਨੂੰ ਜੀ ਭਰ ਕੇ ਮੈਂ ਜੀ ਨਾ ਸਕਾਂ,
ਮਰਜ਼ੀ ਅਨੁਸਾਰ ਬਿਤਾ ਨਾ ਸਕਾਂ।
ਜੀਵਨ ਦਾ ਸਾਥੀ ਚੁਣ ਨਾ ਸਕਾਂ,
ਸੱਧਰਾਂ, ਅਰਮਾਨ ਸੁਣਾ ਨਾ ਸਕਾਂ।
ਮੈਂ ਹੱਸਣਾ ਚਾਹਾਂ, ਹੱਸ ਨਾ ਸਕਾਂ,
ਜੇ ਗਾਣਾ ਚਾਹਾਂ ਤੇ ਗਾ ਨਾ ਸਕਾਂ।
ਲੂੰ ਲੂੰ ਦੀ ਜੀਭੋਂ ਕਹਿੰਦਾ ਹਾਂ,
ਮੈਂ ਉਸ ਜੀਵਨ ਤੋਂ ਬਾਗ਼ੀ ਹਾਂ।
ਮੈਂ ਆਕੀ ਹਾਂ।
ਜਿਨਾਂ ਦੇ ਦਿਲ ਰੌਸ਼ਨ ਕੀਤੇ,
ਨਿਰਮਲ ਨੂਰੀ ਬਾਣੀ ਨਾਲ।
ਆ ਨਾਨਕ ! ਮੈਂ ਤੈਨੂੰ ਦੱਸਾਂ,
ਉਹਨਾਂ ਹੀ ਸਿੱਖਾਂ ਦਾ ਹਾਲ।
ਉਹੀ ਵਹਿਮ, ਭੁਲੇਖੇ ਉਹੀ,
ਵਿਛਿਆ ਉਹੀ ਇੰਦਰ-ਜਾਲ।
ਬੀਤੇ ਨੂੰ ਘੁੱਟ-ਜੱਫੀਆਂ ਉਹੀ,
ਓਹੀ ਸਮਿਓਂ ਪਛੜੀ ਚਾਲ।
ਜੇ ਨਾ ਬੁਰਾ ਮਨਾਵੇਂ, ਤੈਨੂੰ
ਇਕ ਕਉੜੀ ਜਿਹੀ ਗੱਲ ਸੁਣਾਂ।
ਹੈ ਭਰਮਾਂ ਦਾ ਨਵਾਂ ਐਡੀਸ਼ਨ,
ਜਿਸ ਦਾ ਰੱਖਿਐ ਸਿੱਖੀ ਨਾਂ।
ਤੂੰ ਪੂਜਾ ਤੋਂ ਜਗ ਨੂੰ,
ਛੁਡਾਵਣ ਗਿਆ ਸੈਂ ?
ਕਿ ਆਪਣੀ ਹੀ ਪੂਜਾ
ਕਰਾਵਣ ਗਿਆ ਸੈਂ ?
ਤੂੰ ਧੌਣਾਂ ਨੂੰ ਉੱਚਿਆਂ
ਉਠਾਵਣ ਗਿਆ ਸੈਂ ?
ਕਿ ਥਾਂ ਥਾਂ ਤੇ ਮੱਥੇ
ਟਿਕਾਵਣ ਗਿਆ ਸੈਂ ?
ਇਹ ਪੱਥਰਾਂ ਨੂੰ ਪਾਣੀ ਚੜ੍ਹਾਣਾ
ਸਹੀ ਏ ?
ਜੇ ਇਹ ਬੁਤ-ਪਰੱਸਤੀ ਨਹੀਂ,
ਫੇਰ ਕੀ ਏ?
੧
ਓ ਰੋਸ਼ਨ ਮੁਨਾਰੇ ! ਮੇਰੇ ਨੂਰ ਨਾਨਕ !
ਓ, ਸੋਮੇ-ਪਿਆਰਾਂ ਦੇ ਮਸ਼ਹੂਰ ਨਾਨਕ !
ਮਨੁਖਾਂ ਦੇ ਹਿੱਤ ਨਾਲ ਭਰਪੂਰ ਨਾਨਕ !
ਮੁਹੱਬਤ ਦੀ ਮਸਤੀ 'ਚ ਮਸਰੂਰ ਨਾਨਕ !
ਤੂੰ ਕਰਦਾ ਰਿਹਾ ਏਂ ਜਿਨ੍ਹਾਂ ਦੀ ਵਕਾਲਤ।
ਆ ਤਕ ਲੈ ਜ਼ਰਾ ਉਹਨਾਂ ਹੀ ਸਿੱਖਾਂ ਦੀ ਹਾਲਤ।
੨
ਜਿਨ੍ਹਾਂ ਨੂੰ ਤੂੰ ਭਰਮੋਂ ਛੁਡਾਇਐ, ਇਹੋ ਨੀ ?
ਜਿਨ੍ਹਾਂ ਨੂੰ ਤੂੰ ਚਾਨਣ ਦਿਖਾਇਐ, ਇਹੋ ਨੀ ?
ਜਿਨ੍ਹਾਂ ਨੂੰ ਤੂੰ ਨੀਂਦੋ ਜਗਾਇਐ, ਇਹੋ ਨੀ ?
ਜਿਨ੍ਹਾਂ ਨੂੰ ਤੂੰ ਸਚ ਦੇ ਰਾਹ ਪਾਇਐ, ਇਹੋ ਨੀ ?
ਮੈਂ ਸੱਚ ਕਹਿਣ ਲੱਗਾਂ, ਬੁਰਾ ਨਾ ਮਨਾਈਂ ।
ਤੇਰੀ ਘਾਲ ਦਿਸਦੀ ਹੈ ਜਾਂਦੀ ਅਜਾਈਂ।
੩
ਤੇਰੇ ਨਾਮ-ਲੇਵਾ ਕਹਾਂਦੇ ਨੇ ਬੇ-ਸ਼ਕ।
ਤੇ ਸ਼ਰਧਾ ਬੜੀ ਹੀ ਜਿਤਾਂਦੇ ਨੇ ਬੇ-ਸ਼ਕ।
ਤੇਰੇ ਨਾਮ ਤੇ ਸਦਾ ਝੂਮ ਜਾਂਦੇ ਨੇ ਬੇ-ਸ਼ਕ।
ਤੇ ਨਿਤ ਤੇਰੀ ਬਾਣੀ ਵੀ ਗਾਂਦੇ ਨੇ ਬੇ-ਸ਼ਕ।
(ਪਰ) ਜੋ ਜੀਵਨ-ਚਿਣਗ ਮੈਂ ਤੇਰੇ ਵਿਚ ਸੀ ਪਾਈ।
ਇਨ੍ਹਾਂ ਦੇ ਅਮਲ ਵਿਚ ਉਹ ਨਜ਼ਰੀਂ ਨਹੀਂ ਆਈ।
੪
ਇਹ ਮੰਗਦੇ ਨੇ ਸਿਹਤ, ਸਰੋਵਰ 'ਚ ਨ੍ਹਾ ਕੇ।
ਮੁਕੱਦਮੇ 'ਚ ਜਿਤ, ਕੁਝ ਪਤਾਸੇ ਚੜ੍ਹਾ ਕੇ।
ਇਹ ਪੁਤ ਲੋੜਦੇ ਨੇ 'ਪੈਂਚਮੀ ਸਾਹਬ' ਜਾ ਕੇ।
ਤੇ ਚਾਂਹਦੇ ਨੇ ਧੰਨ ਲਾਰਾ ਪਾਠਾਂ ਦਾ ਲਾ ਕੇ।
ਨਹੀਂ ਲਭਦੇ ਕੁਦਰਤ ਚੋਂ ਕੋਈ ਵਸੀਲਾ।
ਤੇ 'ਮੰਗਣ' ਹੀ ਜਾਤਾ ਨੇ 'ਲੈਣੇ' ਦਾ ਹੀਲਾ।
੫
ਇਕੋ ਸਰ ਦੇ ਵਿਚ ਹਰ ਕੀ ਪੌੜੀ ਬਣੀ ਹੈ।
ਉਦ੍ਹੇ ਦੂਜੇ ਕੰਢੇ ਤੇ 'ਦੁਖ-ਭੰਜਣੀ' ਹੈ।
ਕੋਈ ਕੰਧ ਵੀ ਨਹੀਂ ਵਿਚਾਲੇ ਬਣੀ ਹੈ।
ਕੋਈ ਫ਼ਰਕ ਰੰਗੋਂ-ਸਵਾਦੋਂ ਨਹੀਂ ਹੈ।
ਉਦ੍ਹਾ ਅਸਰ ਹੋਰ ਏ, ਉਦ੍ਹਾ ਅਸਰ ਹੋਰ ਏ।
ਜੋ ਇਹ ਗੱਲ ਨਾ ਮੰਨੇ ਓਹ ਸਿੱਖੀ ਦਾ ਚੋਰ ਏ।
੬
ਜਹੇ ਖੰਭ ਭਰਮਾਂ ਨੇ ਕੀਤੇ ਨੇ ਭਾਰੀ।
ਹੈ ਭੁੱਲੀ ਇਨ੍ਹਾਂ ਨੂੰ ਅਕਾਸ਼ੀ-ਉਡਾਰੀ।
ਪਰਾਧੀਨਤਾ ਐਸੀ ਕੀਤੀ ਨੇ ਪਯਾਰੀ।
ਕਿ ਠੁੱਡੇ ਬਿਗਾਨੇ ਵੀ ਜਾਂਦੇ ਸਹਾਰੀ।
ਗ਼ੁਲਾਮੀ ਦੀ ਜ਼ੰਜੀਰ ਪੋਂਹਦੀ ਨਹੀਂ ਨੇ।
ਰਤਾ ਪੀੜ ਬੀਣੀ ਨੂੰ ਹੋਂਦੀ ਨਹੀਂ ਨੇ।
੭
ਦਿਲਾਂ ਵਿੱਚ ਨਸੀਬਾਂ ਤੇ ਕਲ-ਜੁਗ ਦੇ ਗਿੱਲੇ।
ਰਜ਼ਾਵਾਂ ਤੇ ਤਕਵੇ, ਤੇ ਉੱਦਮ ਦੇ ਢਿੱਲੇ।
ਇਹ ਬੱਧੇ ਹੋਇ ਕਸ ਕੇ 'ਬੀਤੇ' ਦੇ ਕਿੱਲੇ।
ਗਏ ਲੰਘ ਜ਼ਮਾਨੇ, ਇਹ ਥਾਂ ਤੋਂ ਨਾ ਹਿੱਲੇ।
ਇਹ ਜੀਵਨ ਨੂੰ ਸਮਝਣ ਤੋਂ ਕਤਰਾ ਰਹੇ ਨੇ।
ਸਮੇਂ ਸਾਮਣੇ ਹੋਣੋਂ ਘਬਰਾ ਰਹੇ ਨੇ।
੮
ਸਮਂੇ ਦੀ ਹਵਾਵਾਂ ਨੂੰ ਪਿਠ ਦੇ ਕੇ ਬਹਿਣਾ।
ਤੇ ਸਦਾ ਰੌਸ਼ਨੀ ਨਾਲ ਰੁੱਠੇ ਈ ਰਹਿਣਾ।
ਹਨੇਰੇ ਵਿਰੁਧ ਕੁਝ ਕਿਸੇ ਨੇ ਜੇ ਕਹਿਣਾ।
ਉਦ੍ਹੇ ਸਿਰ ਤੇ ਔਖਾ ਹੈ ਪਗੜੀ ਦਾ ਰਹਿਣਾ।
ਮੇਰੇ ਤੇਰੇ ਨਾਂ ਤੇ ਇਹ ਕੀ ਹੋ ਰਿਹਾ ਏ ?
ਕਿਹਾ ਸੀ ਜੋ ਤੂੰ ਇਹ ਓਹੀ ਹੋ ਰਿਹਾ ਏ ?
੯
ਜੋ ਵਹਿਮਾਂ ਦੇ ਸੰਗਲ ਤੂੰ ਟਿਲ ਲਾ ਕੇ ਤੋੜੇ।
ਇਨ੍ਹਾਂ ਫਿਰ ਉਹ ਇਕ ਘੁਰਾ ਲਭ ਕੇ ਜੋੜੇ।
ਜੋ ਸਚ ਕਹਿ ਕੇ ਇਹਨਾਂ ਨੂੰ ਵਹਿਮਾਂ ਤੋਂ ਹੋੜੇ।
ਉਹਨੂੰ 'ਨਾਸਤਕ' ਕਹਿ ਕੇ ਮਾਰਨ ਤਨੋੜੇ।
ਹੈ ਦਾਹਵਾ ਤਾਂ ਇਹ ਕਿ 'ਹਾਂ ਸਚ ਦੇ ਉਪਾਸ਼ਕ'।
ਅਸਲ ਵਿਚ ਨੇ ਪਰ ਸਵੈ-ਭੁਲੇਖੇ ਦੇ ਆਸ਼ਕ।
੧੦
ਜੇ ਨਿਸਫਲ ਨੇ ਬਾਹਮਣ ਨੂੰ ਹੰਦੇ ਖਵਾਣੇ।
ਤਾਂ ਕਿਸ ਕੰਮ ਨੇ ਭਾਈਆਂ ਨੂੰ ਪੂੜੇ ਛਕਾਣੇ?
ਜੇ ਉੱਦਮ ਸ਼ਰਾਧਾਂ ਦੇ ਐਵੇਂ ਨੇ ਜਾਣੇ।
ਤਾਂ ਕਾਹਨੂੰ ਨੇ ਮੋਇਆਂ ਦੇ ਨਾਂ ਭੋਗ ਪਾਣੇ।
ਜੇ ਆਪਣੇ ਹੀ ਅਮਲਾਂ ਤੇ ਹੋਣੈਂ ਨਬੇੜਾ।
ਤਾਂ ਮਗਰੋਂ-ਧਰੇ ਪਾਠ ਦਾ ਫਲ ਹੈ ਕਿਹੜਾ।
੧੧
ਤੂੰ ਤਕ ਤਾਂ ਸਹੀ ਜਾ ਕੇ ਅਜ ਗੁਰਦਵਾਰੇ।
ਪਾਖੰਡ ਉਥੇ ਕੀ ਕੀ 'ਗ਼ਰਜ਼ਾਂ' ਖਿਲਾਰੇ।
ਵਿਆਹ, ਧਨ ਦੇ ਲਾਲਚ, ਉਲਾਦਾਂ ਦੇ ਲਾਰੇ।
ਸਵਰਗ, ਮੁਕਤੀਆਂ, ਹੋਰ ਲੱਖਾਂ ਪਸਾਰੇ।
ਫ਼ਰਕ ਸਿਰਫ਼ ਇਤਨਾ ਹੀ ਦੇਂਦੈ ਦਿਖਾਈ।
ਕਿ ਬਾਹਮਣ ਦੀ ਗੱਦੀ ਤੇ ਬੈਠਾ ਹੈ ਭਾਈ।
੧੨
ਉਹੀ ਧੂਫ਼, ਜੋਤਾਂ, ਸ਼ਗਨ-ਸਾਰ ਉਹੀ।
ਉਹੀ ਮਸਿਆ, ਪੁਨਿਆ, ਦੇ ਤਿਉਹਾਰ ਉਹੀ।
ਉਹ ਕਿਰਿਆ, ਵਰ੍ਹੀਣੇ ਤੇ ਦਿਨ ਵਾਰ ਉਹੀ।
ਦਿਮਾਗ਼ਾਂ ਤੇ ਜੂਨਾਂ ਦਾ ਵੀ ਭਾਰ ਉਹੀ।
ਕਲੀ ਹੋ ਕੇ ਵਿਕਦੇ ਪੁਰਾਣੇ ਨੇ ਭਾਂਡੇ।
ਬਣੇ ਭਾਈ ਉਹੀ ਬਰਾਹਮਣ ਤੇ ਪਾਂਡੇ।
੧੩
ਇਹ ਕੰਧਾਂ ਨੂੰ ਮੁਠੀਆਂ, ਇਹ ਸਿਹਰੇ ਚੜ੍ਹਾਣੇ।
ਇਹ ਰੁਮਾਲਾਂ ਨੂੰ ਗੋਟੇ ਤੇ ਸਿਲਮੇ ਲਵਾਣੇ।
ਇਹ ਜੋਤਾਂ ਬਣਾ, ਘਿਉ ਦੇ ਦੀਵੇ ਜਗਾਣੇ।
ਇਹ ਸੁਖਨਾਂ, ਇਹ ਭੇਟਾਂ, ਇਹ ਸੋਨੇ ਚੜ੍ਹਾਣੇ।
ਤੇਰੀ ਘਾਲਣਾ ਦਾ ਜੇ ਮਕਸਦ ਇਹੀ ਸੀ।
ਤਾਂ ਚਾਲ-ਪਖੰਡਾਂ ਦੇ ਵਿਚ ਮਾੜ ਕੀ ਸੀ?
੧੪
ਕਰਾਮਾਤ ਨੂੰ ਤੇਰੇ ਨਾਂ ਨਾਲ ਲਾ ਕੇ।
ਲਹੂ ਦੁਧ ਚੁਆ ਕੇ ਤੇ ਮੱਕਾ ਭੰਵਾ ਕੇ।
ਖੜਾਵਾਂ ਉਡਾ ਕੇ, ਪਹਾੜੀ ਰੁਕਾ ਕੇ।
ਤੇ ਕਿਕਰਾਂ ਦੇ ਉੱਤੋਂ ਮਿਠਾਈਆਂ ਸੁਟਾ ਕੇ।
ਨਹੀਂ ਸ਼ਾਨ ਤੇਰੀ ਇਹਨਾਂ ਨੇ ਵਧਾਈ।
ਸਗੋਂ ਤੇਰੇ ਉੱਤੇ ਹੈ ਦੁਨੀਆਂ ਹਸਾਈ।
੧੫
ਜੇ ਆਦਰਸ਼ ਤੇਰਾ ਬਣਾਂਦੇ ਨਿਸ਼ਾਨਾ।
ਤਾਂ ਇਨ੍ਹਾਂ ਦੇ ਨਕਸ਼ਾਂ ਤੇ ਚਲਦਾ ਜ਼ਮਾਨਾ।
ਜੇ ਭੁਲਦੇ ਨਾ ਤੇਰਾ ਅਕਾਸ਼ੀ-ਤਰਾਨਾ।
ਨਾ ਬਣਦੇ ਗ਼ੁਲਾਮੀ ਦਾ ਸੋਗੀ-ਫ਼ਸਾਨਾ।
ਜੇ 'ਪੂਜਣ' ਦੀ ਥਾਂ ਇਹ ਤੈਨੂੰ 'ਸਮਝ ਲੈਂਦੇ'।
ਤਾਂ ਇਹਨਾਂ ਦੇ ਪੈਰਾਂ 'ਚ ਸੰਗਲ ਨਾ ਪੈਂਦੇ।
ਉੱਠ ਮਨਾਂ ! ਚਲ ਨਸ ਚਲ ਏਥੋਂ,
ਕਛ ਵਿਚ ਮਾਰ ਮੁਸੱਲਾ ।
ਇਸ ਮਸਜਿਦ ਦਾ ਮਾਲਕ ਹੈ ਈ,
ਮੁੱਲਾਂ ਇਕ-ਇਕੱਲਾ ।
ਅੱਲਾ, ਮੁੱਲਾ, ਇੱਕੋ ਥਾਵੇਂ ?
ਇਹ ਗੱਲ ਹੈ ਅਣਹੋਣੀ ।
ਜਿੱਥੋਂ ਮੁਸ਼ਕ ਮੁੱਲਾਂ ਦੀ ਆਵੇ,
ਉਥੋਂ ਨਸ ਜਾਇ ਅੱਲਾ ।
|