Shiv Kumar Batalvi
ਸ਼ਿਵ ਕੁਮਾਰ ਬਟਾਲਵੀ

Punjabi Writer
  

Loona Geet Shiv Kumar Batalvi

ਲੂਣਾ (ਗੀਤ) ਸ਼ਿਵ ਕੁਮਾਰ ਬਟਾਲਵੀ

ਲੂਣਾ

ਧਰਮੀ ਬਾਬਲ ਪਾਪ ਕਮਾਇਆ
ਲੜ ਲਾਇਆ ਸਾਡੇ ਫੁੱਲ ਕੁਮਲਾਇਆ
ਜਿਸ ਦਾ ਇੱਛਰਾਂ ਰੂਪ ਹੰਢਾਇਆ
ਮੈਂ ਪੂਰਨ ਦੀ ਮਾਂ । ਪੂਰਨ ਦੇ ਹਾਣ ਦੀ ।

ਮੈਂ ਉਸ ਤੋਂ ਇਕ ਚੁੰਮਣ ਵੱਡੀ
ਪਰ ਮੈਂ ਕੀਕਣ ਮਾਂ ਉਹਦੀ ਲੱਗੀ
ਉਹ ਮੇਰੀ ਗਰਭ ਜੂਨ ਨਾ ਆਇਆ
ਲੋਕਾ ਵੇ, ਮੈਂ ਧੀ ਵਰਗੀ ਸਲਵਾਨ ਦੀ ।

ਪਿਤਾ ਜੇ ਧੀ ਦਾ ਰੂਪ ਹੰਢਾਵੇ
ਲੋਕਾ ਵੇ ! ਤੈਨੂੰ ਲਾਜ ਨਾ ਆਵੇ
ਜੇ ਲੂਣਾ ਪੂਰਨ ਨੂੰ ਚਾਹਵੇ
ਚਰਿਤ੍ਰ-ਹੀਣ ਕਵ੍ਹੇ ਕਿਉਂ ਜੀਭ ਜਹਾਨ ਦੀ ।

ਚਰਿਤ੍ਰ-ਹੀਣ ਤੇ ਤਾਂ ਕੋਈ ਆਖੇ
ਜੇ ਕਰ ਲੂਣਾ ਵੇਚੇ ਹਾਸੇ
ਪਰ ਜੇ ਹਾਣ ਨਾ ਲੱਭਣ ਮਾਪੇ
ਹਾਣ ਲੱਭਣ ਵਿਚ ਗੱਲ ਕੀ ਹੈ ਅਪਮਾਨ ਦੀ ।

ਲੂਣਾ ਹੋਵੇ ਤਾਂ ਅਪਰਾਧਣ
ਜੇਕਰ ਅੰਦਰੋਂ ਹੋਏ ਸੁਹਾਗਣ
ਮਹਿਕ ਉਹਦੀ ਜੇ ਹੋਵੇ ਦਾਗ਼ਣ
ਮਹਿਕ ਮੇਰੀ ਤਾਂ ਕੰਜਕ ਮੈਂ ਹੀ ਜਾਣਦੀ ।

ਜੋ ਸਲਵਾਨ ਮੇਰੇ ਲੜ ਲੱਗਾ
ਦਿਨ ਭਰ ਚੁੱਕ ਫ਼ਾਈਲਾਂ ਦਾ ਥੱਬਾ
ਸ਼ਹਿਰੋ ਸ਼ਹਿਰ ਰਵ੍ਹੇ ਨਿੱਤ ਭੱਜਾ
ਮਨ ਵਿੱਚ ਚੇਟਕ ਚਾਂਦੀ ਦੇ ਫੁੱਲ ਖਾਣ ਦੀ ।

ਚਿਰ ਹੋਇਆ ਉਹਦੀ ਇੱਛਰਾਂ ਮੋਈ
ਇਕ ਪੂਰਨ ਜੰਮ ਪੂਰਨ ਹੋਈ
ਉਹ ਪੂਰਨ ਨਾ ਜੋਗੀ ਕੋਈ
ਉਸ ਦੀ ਨਜ਼ਰ ਹੈ ਮੇਰਾ ਹਾਣ ਪਛਾਣਦੀ ।

ਹੋ ਚੱਲਿਆ ਹੈ ਆਥਣ ਵੇਲਾ
ਆਇਆ ਨਹੀਂ ਗੋਰਖ ਦਾ ਚੇਲਾ
ਦਫ਼ਤਰ ਤੋਂ ਅੱਜ ਘਰ ਅਲਬੇਲਾ
ਮੈਂ ਪਈ ਕਰਾਂ ਤਿਆਰੀ ਕੈਫ਼ੇ ਜਾਣ ਦੀ ।

ਧਰਮੀ ਬਾਬਲ ਪਾਪ ਕਮਾਇਆ
ਲੜ ਲਾਇਆ ਸਾਡੇ ਫੁੱਲ ਕੁਮਲਾਇਆ
ਜਿਸ ਦਾ ਇੱਛਰਾਂ ਰੂਪ ਹੰਢਾਇਆ
ਮੈਂ ਪੂਰਨ ਦੀ ਮਾਂ । ਪੂਰਨ ਦੇ ਹਾਣ ਦੀ ।