ਲੋਕ ਗੀਤਾਂ ਵਿਚ ਭਿੱਜੀ ਰੂਹ ਨੀਲਮ ਸੈਣੀ
ਬਚਪਨ ਤੋਂ ਲੈ ਕੇ ਅੱਜ ਤੱਕ ਲੋਕ ਗੀਤਾਂ
ਨੇ ਹਮੇਸ਼ਾ ਮਨ ਨੂੰ ਟੁੰਬਿਆ ਹੈ। ਇਹ ਚੇਤੇ ਵਿਚ
ਵਸ ਕੇ ਦਿਲ ਵਿਚ ਘਰ ਕਰ ਚੁੱਕੇ ਹਨ। ਬਚਪਨ
ਦਾ ਬਹੁਤਾ ਹਿੱਸਾ ਨਾਨਕੇ ਪਿੰਡ 'ਹਰਸੀ ਪਿੰਡ'
(ਜ਼ਿਲ੍ਹਾ ਹੁਸ਼ਿਆਰਪੁਰ) ਵਿਚ ਗੁਜ਼ਰਿਆ। ਮੇਰੀ
ਵੱਡੀ ਮਾਮੀ ਮਰਹੂਮ ਪ੍ਰੀਤਮ ਕੌਰ ਸਹੇਲੀਆਂ
ਵਾਂਗ ਆਪਣੇ ਨਾਲ ਰੱਖਦੀ। ਅੱਜ ਵੀ ਯਾਦ ਹੈ,
ਉਦੋਂ ਛੇਵੀਂ ਕਲਾਸ ਵਿਚ ਪੜ੍ਹਦੀ ਸੀ, ਤੇ ਸ਼ਰੀਕੇ
ਵਿਚੋਂ ਲੱਗਦੀ ਮਾਸੀ ਦਾ ਵਿਆਹ ਸੀ। ਮੈਂ ਮਾਮੀ
ਨਾਲ ਸ਼ਗਨ ਦੀ ਰਸਮ ਵਿਚ ਸ਼ਾਮਲ ਹੋਣ ਗਈ
ਸੀ। ਵਿਆਹ ਵਾਲੇ ਘਰ ਦੇ ਬਾਹਰ ਗਾਉਣ ਦੀ
ਆਵਾਜ਼ ਸੁਣ ਕੇ ਮਨ ਵਿਚ ਉਤਸੁਕਤਾ ਪੈਦਾ
ਹੋ ਗਈ। ਘਰ ਅੰਦਰ ਪਰਵੇਸ਼ ਕੀਤਾ ਤਾਂ ਵਿਹੜਾ
ਔਰਤਾਂ ਨਾਲ ਭਰਿਆ ਪਿਆ ਸੀ। ਵਿਹੜੇ ਵਿਚ
ਵਿਛਾਈ ਹੋਈ ਦਰੀ 'ਤੇ ਬੈਠੀਆਂ ਔਰਤਾਂ ਗਾ
ਰਹੀਆਂ ਸਨ। ਇਕ ਔਰਤ ਦਰੀ ਤੋਂ ਪਰ੍ਹਾਂ ਹਟ
ਕੇ ਪੌੜੀ ਦੇ ਪੌਡੇ 'ਤੇ ਵੱਖਰੀ ਹੀ ਬੈਠੀ ਸੀ।
ਉਹ ਗਾਉਂਦੇ ਹੋਏ ਬੜੀ ਨਜ਼ਾਕਤ ਨਾਲ ਮੁਸਕਰਾ
ਰਹੀ ਸੀ। ਉਸ ਨੇ ਵਾਹਵਾ ਹਾਰ ਸ਼ਿੰਗਾਰ ਕੀਤਾ
ਹੋਇਆ ਸੀ। ਮੇਰੀਆਂ ਨਜ਼ਰਾਂ ਵਾਰ-ਵਾਰ ਉਸ
ਦੇ ਚਿਹਰੇ 'ਤੇ ਜਾ ਟਿਕਦੀਆਂ। ਮੈਂ ਗਹੁ ਨਾਲ
ਸੁਣਨਾ ਸ਼ੁਰੂ ਕੀਤਾ। ਉਸ ਵਕਤ ਇਨ੍ਹਾਂ ਗੀਤਾਂ
ਦੀਆਂ ਵੰਨਗੀਆਂ ਬਾਰੇ ਕੋਈ ਇਲਮ ਨਹੀਂ ਸੀ।
ਹਾਂ! ਉਥੇ ਬੈਠਿਆਂ ਹੀ ਪਹਿਲੀ ਵਾਰੀ ਸੁਣ ਕੇ
ਮੈਂ ਇਹ ਸਤਰਾਂ ਕੰਠ ਕਰ ਲਈਆਂ ਸਨ:
ਅੰਦਰ ਤਾਂ ਬੀਬੀ ਦਾ ਵੀਰਾ ਰੋਵੇ,
ਜੀ ਬਾਹਰ ਹੱਸੇ ਭਰਜਾਈ।
ਓਦਣ ਤਾਂ ਰੋਵੇਂਗੀ ਭਾਬੀਏ ਨੀ,
ਜਿੱਦਣ ਤੋਰੇਂਗੀ ਜਾਈ।
ਸੁਹਾਗ ਗਾਉਣ ਉਪਰੰਤ ਕਿਸੇ ਨੇ ਉਸ
ਨੂੰ ਸੰਬੋਧਨ ਕਰਦਿਆਂ "ਭਾਬੀ ਨੂੰ ਵਧਾਈਆਂ!"
ਕਿਹਾ ਤਾਂ ਮੈਨੂੰ ਉਸ ਦੇ ਵਿਅੰਗਮਈ ਢੰਗ ਨਾਲ
ਗਾਉਣ ਦੀ ਥੋੜ੍ਹੀ ਜਿਹੀ ਸਮਝ ਆ ਗਈ। ਬਾਅਦ
ਵਿਚ ਮਾਮੀ ਤੋਂ ਪਤਾ ਲੱਗਾ ਕਿ ਉਹ ਵਿਆਹ
ਵਾਲੀ ਕੁੜੀ ਦੀ ਸਕੀ ਭਰਜਾਈ ਸੀ ਅਤੇ ਉਸ
ਦੇ ਫ਼ੌਜੀ ਭਰਾ ਨਾਲ ਜਲੰਧਰ ਤੋਂ ਵਿਆਹ ਵਿਚ
ਸ਼ਾਮਲ ਹੋਣ ਆਈ ਹੋਈ ਸੀ।
ਸੁਹਾਗ ਦੀਆਂ ਇਹ ਸਤਰਾਂ ਮੈਨੂੰ ਪਰੇਸ਼ਾਨ
ਕਰਨ ਲੱਗੀਆਂ। ਉਸ ਦਾ ਮੁਸਕਰਾਉਂਦਾ ਚਿਹਰਾ
ਮੇਰੀਆਂ ਅੱਖਾਂ ਅੱਗੇ ਘੁੰਮ ਰਿਹਾ ਸੀ। ਇਸ ਰਸਮ
ਤੋਂ ਬਾਅਦ ਮੈਂ ਮਾਮੀ ਨਾਲ ਘਰ ਆਉਂਦੇ ਵਕਤ
ਬਹੁਤ ਗੰਭੀਰ ਸੀ। ਸਾਰਾ ਰਸਤਾ ਆਪਣੀ ਸੂਝ
ਮੁਤਾਬਿਕ ਸੁਹਾਗ ਦੇ ਅਰਥ ਕੱਢਦੀ ਰਹੀ। ਵੀਰਾ
ਕਿਉਂ ਰੋਵੇਗਾ ਅਤੇ ਭਾਬੀ ਕਿਉਂ ਹੱਸੇਗੀ? ਇਹ
ਸਭ ਗੱਲਾਂ ਸਮਝ ਤੋਂ ਬਾਹਰ ਸਨ।
ਫਿਰ ਸ਼ਰੀਕੇ ਵਿਚ ਲੱਗਦੇ ਚਾਚੇ ਦਾ ਵਿਆਹ
ਆਪਣੇ ਮੰਮੀ-ਡੈਡੀ ਨਾਲ ਆਪਣੇ ਪਿੰਡ ਮੂਨਕ
ਕਲਾਂ (ਜ਼ਿਲ੍ਹਾ ਹੁਸ਼ਿਆਰਪੁਰ) ਵਿਚ ਦੇਖਿਆ।
ਪਹਿਲੀ ਵਾਰੀ ਸੁਣੀ ਘੋੜੀ ਵੀ ਯਾਦ ਹੈ:
ਲਾੜਾ ਲਾਡਲਾ ਵਾਜਾ ਬੀਨਾ ਦਾ ਮੰਗਦਾ ਸੀ,
ਬਾਬਲ ਬਾਦਸ਼ਾਹ ਵਾਜਾ ਲੈ ਮੋਰ੍ਹੇ ਖੜ੍ਹਦਾ ਸੀ।
ਲਾੜਾ ਲਾਡਲਾ ਜੰਞ ਸ਼ੁਕੀਨਾਂ ਦੀ ਮੰਗਦਾ ਸੀ,
ਵੀਰਾ ਬਾਦਸ਼ਾਹ ਜੰਞ, ਲੈ ਮੋਰ੍ਹੇ ਖੜ੍ਹਦਾ ਸੀ।
ਇਹ ਘੋੜੀ ਸੁਣਦਿਆਂ ਹੀ ਮੇਰਾ ਮਨ ਬਾਬਲ
ਅਤੇ ਵੀਰੇ ਨੂੰ ਬਾਦਸ਼ਾਹ ਮੰਨਣ ਤੋਂ ਇਨਕਾਰੀ
ਸੀ। ਮੇਰੀ ਸਮਝ ਮੁਤਾਬਿਕ ਬਾਦਸ਼ਾਹ ਤਾਂ ਕਿਸੇ
ਦੇਸ਼ ਦਾ ਰਾਜਾ ਹੀ ਹੋ ਸਕਦੈ?
ਇਕ ਦਿਨ ਆਪਣੀ ਹਵੇਲੀ ਵਿਚ ਮੰਮੀਡੈਡੀ
ਕੋਲ ਆਪਣੀਆਂ ਦੋ ਸਹੇਲੀਆਂ ਸੰਗ ਖੇਡ
ਰਹੀ ਸੀ। ਇਕ ਹੋਰ ਸਹੇਲੀ ਰੁਪਿੰਦਰ ਮੇਰੇ
ਮੰਮੀ-ਡੈਡੀ ਕੋਲੋਂ ਪੁੱਛ ਕੇ ਮੈਨੂੰ ਆਪਣੀ ਭੈਣ
ਦੇ ਵਿਆਹ ਵਿਚ ਲੈ ਗਈ ਸੀ। ਉਥੇ ਪਹਿਲੀ
ਵਾਰੀ ਨਾਨਕਾ ਮੇਲ ਦੇਖ ਕੇ ਦੰਗ ਹੀ ਰਹਿ ਗਈ
ਸੀ। ਮੈਂ ਆਪਣੇ ਨਾਨਕੇ ਪਿੰਡ ਦੇ ਲੋਕਾਂ ਨੂੰ ਵਿਆਹ
ਵਾਲੇ ਘਰ ਦੇਖ ਕੇ ਦੁਬਿਧਾ ਵਿਚ ਪੈ ਗਈ ਸੀ।
ਸਭ ਮੇਰੇ ਮਾਮੇ-ਮਾਮੀਆਂ ਹੀ ਤਾਂ ਸਨ। ਮਾਮੀਆਂ
ਗਾਉਣ ਵਿਚ ਇੰਨੀਆਂ ਮਸਰੂਫ਼ ਸਨ ਕਿ ਕਿਸੇ
ਦਾ ਵੀ ਮੇਰੇ ਵੱਲ ਧਿਆਨ ਨਾ ਪਿਆ। ਮੈਂ ਆਪਣੇ
ਪਿੰਡ ਵਾਲਾ ਗਰੁਪ ਛੱਡ ਕੇ ਮਾਮੀਆਂ ਵਾਲੇ ਗਰੁਪ
ਕੋਲ ਜਾ ਖੜ੍ਹੀ ਹੋਈ। ਉਹ ਸਿੱਠਣੀਆਂ ਦਿੰਦੀਆਂ
ਸਾਹੋ-ਸਾਹ ਹੋਈਆਂ ਪਈਆਂ ਸਨ। ਸਿੱਠਣੀਆਂ
ਵਾਰੀ ਸਿਰ ਦਿੱਤੀਆਂ ਜਾ ਰਹੀਆਂ ਸਨ। ਮੇਰੀਆਂ
ਮਾਮੀਆਂ ਦੀ ਜਿੱਤ ਮੈਨੂੰ ਆਪਣੀ ਜਿੱਤ ਲੱਗ ਰਹੀ
ਸੀ। ਸ਼ਾਮ ਨੂੰ ਘਰ ਜਾ ਕੇ ਮੰਮੀ ਕੋਲੋਂ ਪਤਾ
ਲੱਗਿਆ ਸੀ ਕਿ ਉਹ ਤਾਂ 'ਨਾਨਕਾ ਮੇਲ' ਸੀ।
'ਖਾਰੇ ਦੀ ਰਸਮ' ਵੀ ਪਹਿਲੀ ਵਾਰੀ ਨਾਨਕੇ
ਪਿੰਡ ਹੀ ਦੇਖੀ ਸੀ। ਕੁੜੀ ਦਾ ਵਿਆਹ ਸੀ।
ਵਿਆਹ ਵਾਲੇ ਘਰੋਂ ਸਾਡੇ ਘਰ ਸੱਦਾ ਆਇਆ
ਸੀ। ਮੈਂ ਆਪਣੇ ਮਾਮੀ ਜੀ ਦੀ ਉਂਗਲੀ ਫੜੀ
ਮੂੰਹ ਨੇਰ੍ਹੇ ਵਿਆਹ ਵਾਲੇ ਘਰ ਤੁਰ ਪਈ। ਘਰ
ਵਿਚ ਬਣੇ ਗ਼ੁਸਲਖ਼ਾਨੇ ਦੇ ਦੁਆਲੇ ਬਹੁਤ ਸਾਰੀਆਂ
ਔਰਤਾਂ ਗਾ ਰਹੀਆਂ ਸਨ ਅਤੇ ਇਕ ਔਰਤ ਉਸ
ਕੁੜੀ ਨੂੰ ਸਾਬੁਣ ਲਗਾ ਕੇ ਮਲ਼ ਰਹੀ ਸੀ। ਮੈਂ
ਇਸ ਰਸਮ ਨੂੰ ਦੇਖ ਕੇ ਘਬਰਾ ਗਈ ਸੀ। ਮੇਰੇ
ਮਨ ਵਿਚ ਕਈ ਸਵਾਲ ਪੈਦਾ ਹੋ ਗਏ ਸਨ। ਮੈਂ
ਉਥੇ ਖੜ੍ਹੀ ਕਦੀ ਗਾਏ ਜਾ ਰਹੇ ਸੁਹਾਗ ਸੁਣਨ
ਦੀ ਕੋਸ਼ਿਸ਼ ਕਰਦੀ ਸੀ ਅਤੇ ਕਦੀ ਮੁੜ ਆਪਣੇ
ਸਵਾਲਾਂ ਵਿਚ ਗੁੰਮ ਜਾਂਦੀ ਸੀ।
ਇਸ ਤੋਂ ਬਾਅਦ ਜਦ ਕਦੀ ਵੀ ਕਿਸੇ
ਵਿਆਹ ਵਾਲੇ ਘਰ ਜਾਣ ਦਾ ਮੌਕਾ ਮਿਲਦਾ ਤਾਂ
ਕਈ ਲੋਕ ਗੀਤ ਮੈਨੂੰ ਇਕ ਵਾਰੀ ਸੁਣ ਕੇ ਹੀ
ਯਾਦ ਹੋ ਜਾਂਦੇ। ਮੈਂ ਮਨ ਹੀ ਮਨ ਨਵੇਂ ਸੁਣੇ ਗੀਤਾਂ
ਨੂੰ ਗੁਣਗੁਣਾਉਂਦੀ ਸਰਸ਼ਾਰ ਹੋ ਜਾਂਦੀ ਸੀ। ਇਉਂ
ਮੇਰੇ ਮਨ ਮੰਦਿਰ ਵਿਚ ਬਣਿਆਂ ਗੀਤਾਂ ਦਾ ਸਰੋਵਰ
ਹਰ ਵਾਰੀ ਥੋੜ੍ਹਾ ਜਿਹਾ ਹੋਰ ਭਰ ਜਾਂਦਾ ਸੀ।
ਮੇਰੇ ਵਿਆਹ ਤੋਂ ਇਕ ਦਿਨ ਪਹਿਲਾਂ ਰਾਤ
ਦੇ ਗਾਉਣ ਵੇਲ਼ੇ ਮੱਠੀ-ਮੱਠੀ ਭੂਰ ਪੈ ਰਹੀ ਸੀ।
ਆਪਣੇ ਮਹਿੰਦੀ ਲੱਗੇ ਹੱਥਾਂ ਨਾਲ ਬੈਠੀ ਮੈਂ
ਸੁਹਾਗ ਸੁਣ ਰਹੀ ਸੀ। ਮੇਰੀਆਂ ਚਾਚੀਆਂ ਤਾਈਆਂ
ਗਾ ਰਹੀਆਂ ਸਨ:
ਭੈਣ ਵਿਆਹ ਡੋਲੇ ਪਾ ਮੇਰੇ ਵੀਰਾ,
ਫੇਰ ਗੰਗਾ ਵਿਚ ਨਾਵ੍ਹੇਂਗਾ।
ਮੈਂ ਬਾਬਲ ਦੇ ਵਿਹੜੇ ਵਿਚ ਪ੍ਰਸ਼ਨ ਚਿੰਨ੍ਹ
ਬਣ ਕੇ ਬੈਠੀ ਸੀ। ਕੀ ਕੱਲ੍ਹ ਨੂੰ ਮੇਰਾ ਭਰਾ
ਸੱਚਮੁੱਚ ਗੰਗਾ ਨਹਾਵੇਗਾ?
ਪੰਜਾਬੀ ਲੋਕ ਗੀਤਾਂ ਦਾ ਆਲੋਚਨਾਤਮਕ
ਅਧਿਐਨ ਪੜ੍ਹਨ-ਪੜ੍ਹਾਉਣ ਅਤੇ ਸਭਿਆਚਾਰ
ਬਾਰੇ ਬਹੁਤ ਕੁਝ ਜਾਣਨ ਤੋਂ ਬਾਅਦ ਦਾਅਵੇ ਨਾਲ
ਆਖ ਸਕਦੀ ਹਾਂ ਕਿ ਜ਼ਿੰਦਗੀ ਦੇ ਜਟਿਲ ਵਰਤਾਰੇ
ਦੀ ਨਿਰਛਲ ਪੇਸ਼ਕਾਰੀ ਕਰਨ ਦੇ ਸਮਰੱਥ ਲੋਕ
ਗੀਤਾਂ ਵਿਚਲੀ ਸਾਦਗੀ ਹੀ ਇਨ੍ਹਾਂ ਦੀ ਸੁੰਦਰਤਾ
ਅਤੇ ਲੰਮੇਰੀ ਉਮਰ ਦਾ ਕਾਰਨ ਹੈ।
ਵਿਆਹ ਤੋਂ ਬਾਅਦ ਅਮਰੀਕਾ ਆ ਗਈ।
ਇਥੇ 18 ਜੁਲਾਈ 2012 ਨੂੰ ਗੋਲਡਨ ਪੰਜਾਬ
ਕਲੱਬ ਦੇ ਜਨਰਲ ਸਕੱਤਰ ਪ੍ਰੋ. ਬਲਜਿੰਦਰ ਸਿੰਘ
ਨੇ ਮੈਨੂੰ 'ਤੀਆਂ' ਦੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ
ਸੌਂਪ ਦਿੱਤੀ। ਇਹ ਨਵਾਂ ਅਨੁਭਵ ਨਵੀਂ ਦਿਸ਼ਾ ਦੇ
ਗਿਆ। ਮੇਲੇ ਦੌਰਾਨ ਕਈ ਭੁੱਲੇ ਵਿਸਰੇ ਲੋਕ
ਗੀਤ ਅਤੇ ਗਿੱਧੇ ਦੀਆਂ ਬੋਲੀਆਂ ਆਪ ਮੁਹਾਰੇ
ਮੇਰੀ ਜ਼ੁਬਾਨ 'ਤੇ ਆ ਗਏ। ਇਹ ਲੋਕ ਗੀਤ
ਅਤੇ ਲੋਕ ਬੋਲੀਆਂ ਉਠਦੇ-ਬੈਠਦੇ ਮੇਰੇ ਨਾਲ
ਤੁਰਨ ਲੱਗ ਪਏ। ਇਨ੍ਹਾਂ ਦਿਨਾਂ ਵਿਚ ਨਿਮਨ
ਲਿਖਤ ਸੁਹਾਗ ਮੈਂ ਵਾਰ-ਵਾਰ ਗੁਣਗਣਾਇਆ:
ਚੜ੍ਹ ਵੇ ਚੌਦਵੀਂ ਦਿਆ ਚੰਦਾ
ਚਾਨਣ ਕਰੀਂ ਵੇ ਚੁਫ਼ੇਰੇ,
ਕਿਹੜੇ ਰਾਜੇ ਨੇ ਢੁੱਕਣਾ,
ਧਰਮੀ ਬਾਬਲ ਦੇ ਵਿਹੜੇ।
ਇਹ ਸੁਹਾਗ ਗੁਣਗੁਣਾਉਂਦਿਆਂ ਖਿਆਲ
ਉਡਾਰੀ ਰਾਹੀਂ ਪਲਾਂ ਵਿਚ ਦਾਦੀ ਦੇ ਵਿਹੜੇ ਅਤੇ
ਬਾਬੇ ਦੇ ਖੇੜੇ ਪੁੱਜਦੀ ਰਹੀ। ਅੱਖਾਂ ਅੱਗੇ ਆਪਣੇ
ਵਿਆਹ ਦਾ ਦ੍ਰਿਸ਼ ਵਾਰ-ਵਾਰ ਘੁੰਮਦਾ ਰਿਹਾ।
ਮੈਂ ਵਿਆਹ ਦੀ ਮੂਵੀ ਲਗਾ ਕੇ ਆਪਣੀ ਅੰਮੜੀ
ਅਤੇ ਬਾਬਲ ਦੇ ਸ਼ਗਨਾਂ ਭਰੇ ਵਿਹੜੇ ਵਿਚ 22
ਵਰ੍ਹੇ ਪਹਿਲਾਂ ਢੁੱਕੀ ਜੰਞ ਵਿਚ ਭਰਾਵਾਂ ਸੰਗ
ਵਰ ਦੇ ਰੂਪ ਵਿਚ ਸਿਹਰਾ ਬੰਨ੍ਹੀਂ ਖੜ੍ਹੇ 'ਲਾਜ'
ਨੂੰ ਤੱਕ ਮੂਨਕ ਕਲਾਂ ਤੋਂ ਤੂਰਾਂ (ਸਹੁਰਾ ਪਿੰਡ)
ਅਤੇ ਤੂਰਾਂ ਤੋਂ ਅਮਰੀਕਾ ਤੱਕ ਦੇ ਰੰਗੀਨ ਜੀਵਨ
ਪੰਧ ਨੂੰ ਯਾਦ ਕਰਦੇ ਯਾਦਾਂ ਦੇ ਦੀਵੇ ਬਾਲਦੀ
ਰਹੀ। ਮੇਰੀਆਂ ਅੱਖਾਂ ਵਿਚ ਨੀਰ ਭਰਦਾ ਰਿਹਾ।
ਮੈਂ ਆਪਣੇ ਵਿਛੜੇ ਜਨਮ-ਦਾਤੇ ਨੂੰ ਯਾਦ ਕਰਕੇ
ਹਾਉਕੇ ਭਰਦੇ ਗਾਉਂਦੀ ਰਹੀ:
ਕਣਕ ਤਾਂ ਛੋਲਿਆਂ ਦਾ ਖੇਤ,
ਹੌਲ਼ੀ-ਹੌਲ਼ੀ ਨਿਸਰ ਗਿਆ।
ਬਾਬਲ ਸਧਰਮੀ ਦਾ ਦੇਸ,
ਹੌਲ਼ੀ-ਹੌਲ਼ੀ ਵਿਸਰ ਗਿਆ।
ਅਮਰੀਕਾ ਹੋਵੇ ਜਾਂ ਪੰਜਾਬ, ਜਦੋਂ ਵੀ ਕਿਤੇ
ਵਿਆਹ ਸ਼ਾਦੀ 'ਤੇ ਜਾਂਦੀ ਹਾਂ, ਮਨ ਹੀ ਮਨ
ਲੋਕ ਗੀਤਾਂ ਗੁਣਗੁਣਾਉਂਦੀ ਹਾਂ। ਮੈਂ ਉਸ ਵੇਲੇ
ਨੂੰ ਯਾਦ ਕਰਦੀ ਰਹਿੰਦੀ ਹਾਂ, ਜਦ ਮੁਹੱਲੇ ਵਿਚ
ਵਿਆਹ ਸ਼ਾਦੀ ਵੇਲੇ ਮੇਰੇ ਪਿੰਡ ਮੂਨਕ ਕਲਾਂ
ਵਿਚ ਚੰਗਾ ਅਸਰ ਰਸੂਖ਼ ਰਖਾਉਣ ਵਾਲੀ ਮਾਂ
ਜੀ ਮਣਸਾ ਦੇਵੀ ਲੋਕ ਗੀਤਾਂ ਦੀ ਰਾਣੀ ਬਣੀ
ਪਸੀਨੋ-ਪਸੀਨਾ ਹੋਈ ਆਪਣੇ ਜੌਹਰ ਦਿਖਾ
ਰਹੀ ਹੁੰਦੀ ਸੀ। ਮਾਂ ਜੀ ਨਾਲ ਮੇਰੀ ਦੋਸਤੀ ਦਾ
ਮੁੱਢ ਅਤੇ ਸਿਖਰ ਇਹ ਲੋਕ ਗੀਤ ਹੀ ਸਨ।
|