ਲੋਹੜੀ ਦੀ ਰਸਮ ਤੇ ਗੀਤ ਨੀਲਮ ਸੈਣੀ
ਲੋਹੜੀ ਮੌਸਮੀ ਤਿਉਹਾਰ ਹੈ। ਇਸ ਨਾਲ
ਪੰਜਾਬੀਆਂ ਦੀਆਂ ਕਈ ਰਸਮਾਂ ਜੁੜੀਆਂ ਹੋਈਆਂ
ਹਨ। ਇਸ ਤਿਉਹਾਰ ਬਾਰੇ ਵਿਦਵਾਨਾਂ ਦੇ ਵੱਖਵੱਖ
ਵਿਚਾਰ ਹਨ। ਭਾਈ ਕਾਨ੍ਹ ਸਿੰਘ ਨਾਭਾ
ਅਨੁਸਾਰ, ਲੋਹੜੀ ਦਾ ਮੂਲ ਸ਼ਬਦ ਤਿਲ+ਰੋੜੀ
ਹੈ ਜਿਸ ਤੋਂ 'ਤਿਲੋੜੀ' ਬਣਿਆ ਅਤੇ ਬਾਅਦ ਵਿਚ
ਇਸ ਸ਼ਬਦ ਦਾ ਰੂਪਾਂਤਰ ਲੋਹੜੀ ਹੋ ਗਿਆ। ਡਾ.
ਕਰਮਜੀਤ ਸਿੰਘ ਨੇ ਆਪਣੇ ਖੋਜ ਭਰਪੂਰ ਲੇਖ
'ਅਗਨੀ ਪੂਜਾ ਦਾ ਤਿਉਹਾਰ ਲੋਹੜੀ' ਵਿਚ ਇਹ
ਸਪਸ਼ਟ ਕੀਤਾ ਹੈ ਕਿ ਲੋਹੜੀ 'ਅਗਨੀ ਪੂਜਾ' ਦਾ
ਤਿਉਹਾਰ ਹੈ। ਇਸ ਦਾ ਸਬੰਧ ਪੂਰਵ-ਹੜੱਪਾ
ਸਭਿਆਚਾਰ ਨਾਲ ਜਾ ਜੁੜਦਾ ਹੈ। ਆਮ ਲੋਕਾਂ ਨੇ
ਇਸ ਪੂਜਾ ਨੂੰ ਆਪਣੇ ਢੰਗ ਨਾਲ ਜੀਵਤ ਰੱਖਿਆ
ਹੈ। ਪੰਜਾਬੀ ਲੋਕਾਂ ਨੇ ਇਸ ਨੂੰ 'ਲੋਹੜੀ' ਦੇ ਰੂਪ
ਵਿਚ ਸਾਂਭਿਆ ਅਤੇ ਪੋਹ ਮਹੀਨੇ ਦੀ ਆਖਰੀ
ਰਾਤ ਲਈ ਰਾਖਵਾਂ ਕੀਤਾ ਹੈ। ਅਗਨੀ ਦੇਵ ਦੀ
ਪੂਜਾ ਇਸ ਲਈ ਵੀ ਕੀਤੀ ਜਾਂਦੀ ਹੈ ਕਿ ਇਹ
ਪੁੱਤਰ ਦੀ ਦਾਤ ਦਿੰਦਾ ਹੈ।
ਸਾਡੇ ਸਭਿਆਚਾਰ ਵਿਚ ਲੋਹੜੀ ਦਾ
ਤਿਉਹਾਰ ਨਵ-ਜਨਮੇ ਜਾਂ ਨਵ-ਵਿਆਹੇ ਪੁੱਤਰ
ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ। ਅਕਸਰ
ਕਿਹਾ ਜਾਂਦਾ ਹੈ ਕਿ 'ਗਏ ਸਿਆਲ ਲੋਹੜੀ'।
ਪਹਿਲਾਂ-ਪਹਿਲ ਲੋਹੜੀ ਵਾਲੇ ਦਿਨ ਤੋਂ ਕੁਝ ਦਿਨ
ਪਹਿਲਾਂ ਜਾਂ ਲੋਹੜੀ ਵਾਲੇ ਦਿਨ ਸਹੁਰੇ ਘਰ
ਵਸਦੀਆਂ ਭੈਣਾਂ ਦੇ ਘਰਾਂ ਵਿਚ ਭਰਾ ਆਪਣੀਆਂ
ਭੈਣਾਂ ਲਈ ਰਿਉੜੀਆਂ, ਮੂੰਗਫ਼ਲੀ, ਪਿੰਨੀਆਂ,
ਕੱਪੜੇ ਆਦਿ ਲੋਹੜੀ ਦੇ ਰੂਪ ਵਿਚ ਲੈ ਕੇ ਪੁੱਜਦੇ
ਸਨ। ਇਸ ਦਿਨ ਭੈਣਾਂ ਆਪਣੇ ਵੀਰਾਂ ਨੂੰ
ਉਡੀਕਦੀਆਂ, ਬਨੇਰਿਆਂ ਤੋਂ ਕਾਂ ਉਡਾਉਂਦੀਆਂ
ਸਨ। ਜੇ ਘਰ ਆਏ ਵੀਰ ਦੀ ਸੱਸ ਜਾਂ ਨਣਦ
ਆਉ-ਭਗਤ ਨਾ ਕਰੇ ਜਾਂ ਮੱਥੇ ਵੱਟ ਪਾ ਲਵੇ ਤਾਂ
ਉਦਾਸ ਹੋ ਜਾਂਦੀਆਂ ਸਨ। ਜੇ ਕਿਸੇ ਕਾਰਨ ਵੀਰ
ਲੋਹੜੀ ਲੈ ਕੇ ਨਾ ਪੁੱਜੇ ਤਾਂ ਹਾਉਕੇ ਭਰਦੀਆਂ,
ਧੂੰਏਂ ਦੇ ਪੱਜ ਰੋਂਦੀਆਂ ਸਨ।
ਲੋਹੜੀ ਦਾ ਤਿਉਹਾਰ ਲੋਹੜੀ ਵਾਲੇ ਦਿਨ
ਤੋਂ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਸੀ।
ਪਿੰਡਾਂ ਵਿਚ ਕੁੜੀਆਂ ਅਤੇ ਮੁੰਡੇ ਟੋਲੀਆਂ ਬੰਨ੍ਹ
ਕੇ ਮੋਢਿਆਂ ਤੇ ਝੋਲੇ ਟੰਗੀ ਲੋਹੜੀ ਵਾਲਿਆਂ ਦੇ
ਘਰ ਲੋਹੜੀ ਮੰਗਣ ਜਾਂਦੇ ਸਨ। ਇਨ੍ਹਾਂ ਟੋਲੀਆਂ
ਵਲੋਂ ਲੋਹੜੀ ਮੰਗਣ ਵੇਲੇ ਹਰ ਘਰ ਦੇ ਬੂਹੇ ਦੇ
ਬਾਹਰ ਜਾਂ ਵਿਹੜੇ ਵਿਚ ਖੜ੍ਹ ਕੇ ਗੀਤ ਗਾਏ ਜਾਂਦੇ
ਸਨ। ਘਰ ਵਾਲਿਆਂ ਵਲੋਂ ਮੂੰਗਫ਼ਲੀ, ਰਿਉੜੀਆਂ,
ਚਿੜਵੇ, ਗੁੜ, ਗੱਚਕ, ਪਾਥੀਆਂ ਆਦਿ ਲੋਹੜੀ
ਮੰਗਣ ਵਾਲਿਆਂ ਦੇ ਝੋਲਿਆਂ ਵਿਚ ਪਾਏ ਜਾਂਦੇ
ਸਨ। ਪੈਸੇ ਵੀ ਦਿਤੇ ਜਾਂਦੇ ਸਨ। ਪਰਦੇਸਾਂ ਵਿਚ
ਇਹ ਤਿਉਹਾਰ ਜਨਵਰੀ ਮਹੀਨੇ ਦੇ ਲੋਹੜੀ ਦੇ
ਨਾਲ ਲਗਦੇ ਵੀਕੈਂਡ (ਹਫ਼ਤੇ ਦੇ ਅਖ਼ੀਰ ਭਾਵ
ਸ਼ਨਿਚਰਵਾਰ) ਨੂੰ ਮਨਾਇਆ ਜਾਂਦਾ ਹੈ। ਪੋਹ
(ਜਨਵਰੀ) ਦੇ ਮਹੀਨੇ ਤਕਰੀਬਨ ਹਰ ਵੀਕੈਂਡ
'ਤੇ ਹੀ ਲੋਹੜੀ ਦਾ ਸਮਾਗਮ ਹੁੰਦਾ ਹੈ।
ਕੁੜੀਆਂ ਵਲੋਂ ਗਾਏ ਜਾਣ ਵਾਲੇ ਗੀਤ
ਲੋਹੜੀਏ ਨੀ!
ਗਿੱਗੇ ਮੌਲ਼ੀਏ ਨੀ।
ਗਿੱਗਾ ਜੰਮਿਆ ਨੀ,
ਗੁੜ ਵੰਡਿਆ ਨੀ।
ਗੁੜ ਦੀਆਂ ਰੋੜੀਆਂ ਨੀ,
ਭੰਨ ਮਰੋੜੀਆਂ ਨੀ।
ਭਰਾਮਾਂ ਜੋੜੀਆਂ ਨੀ,
ਨੀ ਤੇਰਾ ਗਿੱਗੜਾ।
ਜੀਵੇ ਟੋਪੀ ਵਾਲੜਾ,
ਜੀਵੇ ਭੈਣ-ਭਤੀਜੜਾ।
ਇਹ ਮੇਰੀ ਲੋਹੜੀ ਸੁਲੱਖਣੀ,
ਲੋਹੜੀ ਨੂੰ ਗੁੜ ਦੀ ਰੋੜੀ ਪਾਇਓ ਜੀ।
ਸੋਟੀ ਨੀ ਇਕ ਸੋਟੀ ਨੀ,
ਰੱਬ ਦੇਵੇ ਵੀਰਾ ਵੌਟ੍ਹੀ ਨੀ।
ਇਸ ਵੌਟ੍ਹੀ ਵੇਲ ਵਧਾਈ ਜੀ,
ਘਰ ਵਿਹੜੇ ਮਹਿਕ ਲਗਾਈ ਜੀ।
ਇਸ ਵੌਟ੍ਹੀ ਦੇ ਲੰਮੇ ਵਾਲ਼,
ਸੀਸ ਗੁੰਦਾਵੇ ਚੰਬੇ ਨਾਲ਼।
ਸੋਈ ਚੰਬਾ ਲੋੜੀਦਾ,
ਇਕ ਬਾਲਣ ਚਾਹੀਏ ਲੋਹੜੀ ਦਾ।
ਨੀ ਲੋਹੜੀਏ ਪਕਾਵੇ ਇਹਦੀ ਅੰਮਾਂ,
ਨੀ ਲੋਹੜੀਏ ਜਿਹਦਾ ਜੂੜਾ ਲੰਮਾ।
ਕੰਡਾ ਨੀ, ਲੋਕੜੀਓ ਕੰਡਾ।
ਕੰਡਾ ਨੀ, ਲੋਕੜੀਓ ਕੰਡਾ।
ਇਸ ਕੰਡੇ ਦੇ ਨਾਲ ਕਲੀਰੇ,
ਜੁੱਗ ਜੀਵਣ ਨੀ ਭੈਣੇ ਤੇਰੇ ਵੀਰੇ।
ਇਨ੍ਹਾਂ ਵੀਰਾਂ ਨੇ ਪਾ ਲਈ ਹੱਟੀ,
ਇਸ ਹੱਟੀ ਦਾ ਬੂਹਾ ਉਚਾ,
ਇਸ ਭਾਬੋ ਦਾ ਚੂੜਾ ਸੁੱਚਾ।
ਸੁਣ ਲੋਹੜੀਏ! ਚਾਰ ਨਿੰਬੂ ਪੱਕੇ।
ਸੁਣ ਲੋਹੜੀਏ! ਭਾਬੋ ਚੜ੍ਹ ਗਈ ਯੱਕੇ।
ਸੁਣ ਲੋਹੜੀਏ! ਭਾਬੋ ਕੁੱਛੜ ਗਿੱਗਾ।
ਸੁਣ ਲੋਹੜੀਏ! ਮੈਂ ਸੁਣਿਆ ਭਤੀਜਾ।
ਸੁਣ ਲੋਹੜੀਏ! ਭਤੀਜੇ ਪੈਰੀਂ ਕੜੀਆਂ।
ਸੁਣ ਲੋਹੜੀਏ! ਕਿਸ ਸੁਨਿਆਰੇ ਘੜੀਆਂ।
ਸੁਣ ਲੋਹੜੀਏ! ਪਹਿਨਣ ਵਾਲਾ ਹੀਰਾ।
ਸੁਣ ਲੋਹੜੀਏ! ਦੀਵਾਲੀ ਵਾਲਾ ਦੀਵਾ।
ਚੰਨ ਪਕਾਵੇ ਰੋਟੀਆਂ, ਤਾਰਾ ਕਰੇ ਪਰਸੋ।
ਨੀ ਹੋ! ਤਾਰਾ ਕਰੇ ਰਸੋ।
ਸੱਸੂ ਮੈਨੂੰ ਆਖਦੀ, ਘਿਓ ਵਿਚ ਮੈਦਾ ਗੋ।
ਨੀ ਹੋ! ਘਿਓ ਵਿਚ ਮੈਦਾ ਗੋ।
ਘਿਓ ਵਿਚ ਮੈਦਾ ਥੋੜ੍ਹਾ ਪਿਆ,
ਸੱਸੂ ਮੈਨੂੰ ਗਾਲ੍ਹੀਆਂ ਕੱਢੇ।
ਨੀ ਹੋ! ਸੱਸੂ ਮੈਨੂੰ ਗਾਲ੍ਹੀਆਂ ਕੱਢੇ।
ਨਾ ਕੱਢ ਸੱਸੂ ਗਾਲ੍ਹੀਆਂ,
ਇਥੇ ਮੇਰਾ ਕੌਣ ਸੁਣੇ।
ਨੀ ਹੋ! ਇਥੇ ਮੇਰਾ ਕੌਣ ਸੁਣੇ।
ਮਹਿਲਾਂ ਓਹਲੇ ਵੀਰ ਖੜ੍ਹਾ,
ਰੋ-ਰੋ ਅੱਖੀਆਂ ਭਰੇ।
ਨੀ ਹੋ! ਰੋ-ਰੋ ਅੱਖੀਆਂ ਭਰੇ।
ਨਾ ਰੋ ਵੀਰਾ ਮੇਰਿਆ,
ਭੈਣਾਂ ਦੇ ਦੁਖ ਬੜੇ।
ਨੀ ਹੋ! ਭੈਣਾਂ ਦੇ ਦੁਖ ਬੜੇ।
ਅੰਬੇ ਨੀ ਮਾਂ ਮੇਰੇ ਅੰਬੇ,
ਮੇਰੇ ਸੱਤ ਭਰਾ ਮੰਗੇ।
ਮੇਰਾ ਇਕ ਭਰਾ ਕੁਆਰਾ,
ਉਹ ਕੌਡੀ ਖੇਡਣ ਵਾਲਾ।
ਉਹ ਕੌਡੀ ਕਿੱਥੇ ਖੇਡੇ,
ਲਹੌਰ ਸ਼ਹਿਰ ਖੇਡੇ।
ਲਹੌਰ ਸ਼ਹਿਰ ਉਚਾ,
ਮੇਰੇ ਮਨ ਨੂੰ ਲੱਗੇ ਸੁੱਚਾ।
ਮੈਂ ਬਾਗ਼ਾਂ ਵਿਚ ਖਲੋਤੀ ,
ਮੇਰੇ ਮਨ ਨੂੰ ਲੱਗੇ ਮੋਤੀ।
ਲੋਹੜੀ ਦਾ ਮਹੀਨਾ ਚੜ੍ਹਿਆ,
ਵੀਰ ਮੇਰਾ ਘਰ ਆਇਆ।
ਨਾ ਮੇਰੀ ਨਣਦੇ ਲੱਸੀ ਦਿਤੀ,
ਨਾ ਮੇਰਾ ਵੀਰ ਬੁਲਾਇਆ।
ਲੱਸੀ ਛੱਡ ਮੈਂ ਦੁੱਧ ਪਿਲਾਮਾਂ,
ਪੀ ਮੇਰੀ ਅੰਮਾ ਜਾਇਆ।
ਅਸੀਂ ਆਈਆਂ ਕੁੜੇ!
ਅਸੀਂ ਆਈਆਂ ਕੁੜੇ!
ਆਈਆਂ ਲੰਬੜਾਂ ਦੇ ਵਿਹੜੇ ਕੁੜੇ!
ਲੰਬੜਾਂ ਨੇ ਕੀ ਕੁਛ ਦਿਤਾ ਕੁੜੇ!
ਦਿਤੀਆਂ ਲੇਫ਼ ਤਲਾਈਆਂ ਕੁੜੇ!
ਲੇਫ਼ੀਂ ਕੌਣ ਕੌਣ ਸੁੱਤਾ ਕੁੜੇ!
ਸੁੱਤਾ ਭੈਣ ਦਾ ਵੀਰਾ ਕੁੜੇ!
ਸੁੱਤੇ ਨੂੰ ਕੌਣ ਜਗਾਵੇ ਕੁੜੇ!
ਜਗਾਵੇ ਇਹਦੀ ਅੰਮਾਂ ਕੁੜੇ!
ਲਿਆਵੇ ਦੁੱਧ ਦਾ ਛੰਨਾ ਕੁੜੇ!
ਛੰਨੇ ਦੇ ਵਿਚ ਮੇਵਾ ਕੁੜੇ!
ਜੁੱਗ ਜੀਵੇ ਬੱਚੜਾ ਤੇਰਾ ਕੁੜੇ!
ਤਿਲ ਚੌਲੀਏ ਨੀ, ਗਿੱਗਾ ਮੌਲੀਏ ਨੀ।
ਗਿੱਗਾ ਜੰਮਿਆਂ ਨੀ, ਗੁੜ ਵੰਡਿਆ ਨੀ।
ਤੇਰੇ ਵਿਹੜੇ ਵਿਚ ਮਸ਼ੀਨ,
ਤੇਰਾ ਪੁੱਤ ਬੜਾ ਸ਼ੁਕੀਨ।
ਲਾਉਂਦਾ ਪਾਊਡਰ ਤੇ ਕਰੀਮ,
ਪਾਉਂਦਾ ਪੈਂਟ ਤੇ ਕਮੀਜ਼।
ਤੇਰੇ ਵਿਹੜੇ ਵਿਚ ਕੜਾਹੀ,
ਤੇਰਾ ਪੁੱਤ ਬਣੇ ਸਿਪਾਹੀ।
ਹੁੱਲੇ ਨੀ ਮਾਂ ਹੁੱਲੇ,
ਦੋ ਬੇਰੀ ਪੱਤਰ ਝੁੱਲੇ।
ਦੋ ਝੁੱਲ ਪਈਆਂ ਖਜੂਰਾਂ,
ਖਜੂਰਾਂ ਸੁੱਟਿਆ ਮੇਵਾ।
ਇਸ ਮੁੰਡੇ ਦਾ ਕਰੋ ਮੰਗੇਵਾ,
ਇਸ ਮੁੰਡੇ ਦੀ ਵਹੁਟੀ ਨਿੱਕੜੀ।
ਜੋ ਖਾਂਦੀ ਚੂਰੀ ਕੁੱਟੜੀ,
ਵੌਟ੍ਹੀ ਕੁੱਟ-ਕੁੱਟ ਭਰਿਆ ਥਾਲ।
ਵੌਟ੍ਹੀ ਬਵ੍ਹੇ ਨਣਾਨਾਂ ਨਾਲ,
ਨਣਾਨ ਤੇ ਵੱਡੀ ਭਰਜਾਈ।
ਚੁੱਕ ਕੁੜਮਾਂ ਦੇ ਘਰ ਆਈ,
ਚੁੱਕ ਕੁੜਮਾਂ ਦੇ ਘਰ ਆਈ।
ਗਿੱਗਾ ਜੰਮਿਆ ਸੀ ਰਾਤ,
ਗੁੜ ਪਾ ਲਿਆ ਪਰਾਤ।
ਗਿੱਗਾ ਜੰਮਿਆਂ ਸੀ ਓਹਲੇ,
ਗੁੜ ਪਾ ਲਿਆ ਭੜੋਲੇ।
ਗਿੱਗਾ ਹਰੀ ਹਰੀ ਕਮਾਦੀ,
ਵੇ ਲੜਾਕੀ ਤੇਰੀ ਦਾਦੀ।
ਗਿੱਗਾ ਸਿੱਪੀ ਵਿਚ ਘਿਓ,
ਵੇ ਅਮੀਰ ਤੇਰਾ ਪਿਓ।
ਤੇਰੇ ਚੌਂਕੇ ਵਿਚ ਛਾਬਾ,
ਵੇ ਕੰਜੂਸ ਤੇਰਾ ਬਾਬਾ।
ਸਾਡੇ ਪੈਰਾਂ ਹੇਠ ਸਿਲਾਈਆਂ,
ਅਸੀਂ ਕਿਹੜੇ ਵੇਲੇ ਦੀਆਂ ਆਈਆਂ।
ਸਾਡੇ ਪੈਰਾਂ ਹੇਠਾਂ ਰੋੜ,
ਸਾਨੂੰ ਛੇਤੀ-ਛੇਤੀ ਤੋਰ।
ਤੁਹਾਡੇ ਕੋਠੇ 'ਤੇ ਪਰਨਾਲਾ,
ਸਾਨੂੰ ਉਤੋਂ ਪੈਂਦਾ ਪਾਲ਼ਾ।
ਆਇਆ ਵਰ੍ਹੇ ਦਿਨਾਂ ਦਾ ਦਿਨ,
ਬੀਬੀ ਕਰ ਲੈ ਦਾਨ ਪੁੰਨ।
ਤੇਰੇ ਕੋਠੇ ਉਤੇ ਮੋਰ,
ਰੱਬ ਮੁੰਡਾ ਦੇਵੇ ਹੋਰ।
ਤੇਰਾ ਉਹ ਵੀ ਜੀਊਗਾ,
ਨੀ ਰੱਬ ਹੋਰ ਦੇਊਗਾ।
ਸਾਨੂੰ ਪਾਓ ਲੋਹੜੀ,
ਤੁਹਾਡੀ ਜੀਵੇ ਜੋੜੀ।
ਤੂੰ ਤੇ ਆਪ ਬੜੀ ਸ਼ੁਕੀਨ,
ਲਾਮੇਂ ਪਾਊਡਰ ਤੇ ਕਰੀਮ।
ਤੇਰੇ ਬੂਹੇ ਅੱਗੇ ਛੈਣਾਂ,
ਵੇਲਾਂ ਦੇਣ ਮੁੰਡੇ ਦੀਆਂ ਭੈਣਾਂ।
ਤੇਰੀ ਬਲਦਾਂ ਦੀ ਪੰਜਾਲੀ,
ਤੇਰੇ ਪੋਤੇ ਹੋਵਣ ਚਾਲੀ।
ਤੇਰੇ ਬੂਹੇ ਅੱਗੇ ਚੇਨ,
ਮੁੰਡਿਆ ਵੌਟ੍ਹੀ ਲਿਆਵੀਂ ਮੇਮ।
ਚੰਨ ਚਾਨਣੀ ਰਾਤ ਨੀ ਕੁੜੀਓ,
ਤਾਰਿਆਂ ਝੁੰਮਰ ਪਾਇਆ।
ਕਿਹੜੀ ਦੂਰ ਵਸੇਂਦੀ ਦਾ ਅੱਜ,
ਵੀਰਨ ਲੋਹੜੀ ਲਿਆਇਆ।
ਉਠ ਕੁੜੇ ਤੂੰ ਅਨੀਤਾ ਕੁੜੀਏ,
ਤੇਰਾ ਵੀਰਨ ਆਇਆ।
ਸਭੋ ਸਹੇਲੀਆਂ ਪੁੱਛਣ ਲੱਗੀਆਂ,
ਕੀ ਕੁਛ ਵੀਰਾ ਲਿਆਇਆ।
ਆਉਂਦਾ ਚੜ੍ਹ ਪਲੰਘ 'ਤੇ ਬੈਠਾ,
ਲੱਸੀ ਦਾ ਤ੍ਰਿਹਾਇਆ।
ਕੱਚੀ ਲੱਸੀ ਕਦੇ ਨਾ ਦੇਮਾਂ,
ਕੜ੍ਹਦਾ ਦੁੱਧ ਬਣਾਇਆ।
ਪੀ ਲੈ ਪੀ ਲੈ ਅੰਮਾਂ ਜਾਇਆ,
ਲੱਪ ਕੁ ਮਿੱਠਾ ਪਾਇਆ।
ਹੇਠਾਂ ਗੜਵਾ ਉਤੇ ਕਟੋਰਾ,
ਪੀ ਮੇਰੀ ਅੰਮਾਂ ਜਾਇਆ।
ਲੱਡੂ, ਪਿੰਨੀਆਂ, ਚੂੜਾ, ਕੰਙਣ,
ਸਭ ਕੁਛ ਖੋਲ੍ਹ ਦਿਖਾਇਆ।
ਚੰਨ ਚਾਨਣੀ ਰਾਤ ਨੀ ਕੁੜੀਓ,
ਤਾਰਿਆਂ ਝੁੰਮਰ ਪਾਇਆ।
ਕਾਕਾ ਮਾਰ ਫ਼ੁੱਲਾਂ ਨੂੰ ਅੱਡੀ,
ਤੇਰੀ ਉਮਰ ਹੋਵੇਗੀ ਵੱਡੀ।
ਤੇਰੇ ਬੂਹੇ ਅੱਗੇ ਆਈਆਂ,
ਲੈ ਕੇ ਜਾਣਾ ਹੈ ਵਧਾਈਆਂ।
ਤੇਰੇ ਕੋਠੇ ਤੇ ਅਖ਼ਰੋਟ,
ਸਾਨੂੰ ਦੇ ਦੇ ਸੌ ਦਾ ਨੋਟ।
ਲੋਹੜੀ ਮੰਗਣ ਵੇਲੇ ਮੁੰਡਿਆਂ ਦੇ ਗੀਤ
ਲੋਹੜੀ ਮੰਗਣ ਵੇਲੇ ਮੁੰਡੇ ਵੀ ਵੱਖਵੱਖ
ਟੋਲੀਆਂ ਵਿਚ ਲੋਹੜੀ ਮੰਗਦੇ ਸਨ। ਲੋਹੜੀ
ਮੰਗਣ ਵੇਲੇ ਮੁੰਡਿਆਂ ਵਲੋਂ ਖ਼ਾਸ ਗੀਤ ਸੁੰਦਰਮੁੰਦਰੀਏ
ਗਾਇਆ ਜਾਂਦਾ ਸੀ। 'ਸੁੰਦਰ ਮੁੰਦਰੀਏ'
ਨਾਂ ਦੇ ਪ੍ਰਸਿੱਧ ਗੀਤ ਨਾਲ ਮੁਗ਼ਲ ਸਮਰਾਟ
ਅਕਬਰ ਦੇ ਸਮਕਾਲੀ ਦੁੱਲਾ ਭੱਟੀ ਨਾਲ ਸਬੰਧਤ
ਕਹਾਣੀ ਜੁੜੀ ਹੋਈ ਹੈ। ਇਸ ਕਹਾਣੀ ਦਾ ਜ਼ਿਕਰ
ਡਾ. ਸੁਹਿੰਦਰਬੀਰ ਸਿੰਘ ਵਲੋਂ ਫ਼ੇਸ ਬੁੱਕ 'ਤੇ
ਲੋਹੜੀ ਬਾਰੇ ਲਿਖੇ ਲੇਖ ਵਿਚ ਵਿਸਥਾਰ ਨਾਲ
ਕੀਤਾ ਗਿਆ ਹੈ:
ਇਕ ਪਿੰਡ ਵਿਚ ਇਕ ਗ਼ਰੀਬ ਬ੍ਰਾਹਮਣ
ਰਹਿੰਦਾ ਸੀ। ਉਸ ਦੀਆਂ ਦੋ ਮੁਟਿਆਰ ਧੀਆਂ ਦਾ
ਨਾਮ ਸੁੰਦਰੀ ਅਤੇ ਮੁੰਦਰੀ ਸੀ। ਉਹ ਦੋਵੇਂ
ਮੰਗੀਆਂ ਹੋਈਆਂ ਸਨ। ਉਸ ਇਲਾਕੇ ਦਾ
ਮੁਸਲਮਾਨ ਹਾਕਮ ਜਵਾਨ ਕੁੜੀਆਂ ਨੂੰ ਚੁੱਕ ਕੇ
ਲੈ ਜਾਂਦਾ ਸੀ। ਬ੍ਰਾਹਮਣ ਨੂੰ ਪਤਾ ਲੱਗਾ ਕਿ ਉਸ
ਦੀਆਂ ਧੀਆਂ ਦੇ ਹੁਸਨ ਦਾ ਚਰਚਾ ਹਾਕਮ ਤੱਕ
ਪੁੱਜ ਗਿਆ ਹੈ। ਉਸ ਨੇ ਕੁੜੀਆਂ ਦੇ ਸਹੁਰੇ ਘਰ
ਜਾ ਕੇ ਮਿੰਨਤ ਕੀਤੀ ਕਿ ਉਹ ਉਸ ਦੀਆਂ ਧੀਆਂ
ਨੂੰ ਵਿਆਹ ਤੋਂ ਬਿਨਾਂ ਹੀ ਆਪਣੇ ਘਰ ਲੈ ਜਾਣ।
ਹਾਕਮ ਤੋਂ ਡਰਦੇ ਹੋਣ ਕਰ ਕੇ ਉਨ੍ਹਾਂ ਨੇ ਸਾਫ਼
ਨਾਂਹ ਕਰ ਦਿਤੀ। ਬ੍ਰਾਹਮਣ ਵਿਚ ਇਕੋ ਸਮੇਂ ਦੋਵੇਂ
ਵਿਆਹ ਕਰਨ ਦੀ ਹਿੰਮਤ ਨਹੀਂ ਸੀ। ਉਹ ਨਿਰਾਸ਼
ਹੋ ਕੇ ਘਰ ਵੱਲ ਮੁੜ ਪਿਆ। ਰਸਤੇ ਵਿਚ ਜੰਗਲ
ਪੈਂਦਾ ਸੀ। ਉਸ ਜੰਗਲ ਵਿਚ ਦੁੱਲਾ ਭੱਟੀ ਨਾਂ ਦਾ
ਡਾਕੂ ਰਹਿੰਦਾ ਸੀ ਜਿਸ ਤੋਂ ਸਭ ਡਰਦੇ ਸਨ, ਪਰ
ਦੁੱਲਾ ਗ਼ਰੀਬਾਂ ਦਾ ਹਮਦਰਦ ਸੀ। ਉਹ ਲੁੱਟ ਦਾ
ਮਾਲ ਗ਼ਰੀਬਾਂ ਵਿਚ ਵੰਡ ਦਿੰਦਾ ਸੀ। ਬ੍ਰਾਹਮਣ ਨੇ
ਦੁੱਲੇ ਕੋਲ ਜਾ ਕੇ ਆਪਣਾ ਦੁਖ਼ੜਾ ਸੁਣਾਇਆ।
ਦੁੱਲੇ ਨੇ ਕਿਹਾ ਕਿ ਤੂੰ ਕੋਈ ਫ਼ਿਕਰ ਨਾ ਕਰ,
ਤੇਰੀਆਂ ਧੀਆਂ ਮੇਰੀਆਂ ਧੀਆਂ ਹਨ। ਉਨ੍ਹਾਂ ਦਾ
ਵਿਆਹ ਮੈਂ ਹੱਥੀਂ ਕਰਾਂਗਾ। ਤੂੰ ਬੇਫਿਕਰ ਹੋ ਕੇ
ਆਪਣੇ ਘਰ ਵੱਲ ਮੁੜ ਜਾਹ।
ਦੁੱਲੇ ਨੇ ਕੁੜੀਆਂ ਦੇ ਬਾਪ ਤੋਂ ਸਹੁਰਿਆਂ
ਦਾ ਪਤਾ-ਟਿਕਾਣਾ ਪੁੱਛ ਕੇ ਵਿਆਹ ਧਰ ਦਿਤਾ।
ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦੇ ਕਿਹਾ
ਕਿ ਉਹ ਰਾਤ ਸਮੇਂ ਹੀ ਵਿਆਹੁਣ ਆਉਣਗੇ।
ਪਿੰਡ ਤੋਂ ਬਾਹਰ ਜੰਗਲ ਵਿਚ ਵਿਆਹ ਦਾ ਪ੍ਰਬੰਧ
ਕੀਤਾ ਗਿਆ। ਰੌਸ਼ਨੀ ਲਈ ਲੱਕੜਾਂ ਇੱਕਠੀਆਂ
ਕਰ ਕੇ ਅੱਗ ਬਾਲ਼ੀ ਗਈ। ਪਿੰਡ ਵਿਚ ਜਿਨ੍ਹਾਂ ਦੇ
ਘਰ ਨਵੇਂ ਵਿਆਹ ਹੋਏ ਸਨ ਜਾਂ ਜਿਨ੍ਹਾਂ ਦੇ ਬਾਲ
ਜਨਮੇ ਸਨ, ਉਨ੍ਹਾਂ ਨੇ ਵੀ ਸੁੰਦਰੀ-ਮੁੰਦਰੀ ਦੇ
ਵਿਆਹ 'ਤੇ ਕੁਝ ਗੁੜ, ਦਾਣੇ ਆਦਿ ਦੇ ਰੂਪ
ਵਿਚ ਦਾਨ ਦਿਤਾ। ਦੁੱਲੇ ਕੋਲ ਦਾਨ ਦੇਣ ਲਈ
ਇਕ ਲੱਪ ਸ਼ੱਕਰ ਹੀ ਸੀ। ਕੁੜੀਆਂ ਦੀਆਂ ਡੋਲੀਆਂ
ਤੁਰ ਗਈਆਂ। ਗ਼ਰੀਬ ਬ੍ਰਾਹਮਣ ਨੇ ਦੁੱਲੇ ਦਾ
ਧੰਨਵਾਦ ਕੀਤਾ। ਕਿਹਾ ਜਾਂਦਾ ਹੈ ਕਿ ਉਦੋਂ ਤੋਂ ਹੀ
ਲੋਹੜੀ ਦਾ ਰਿਵਾਜ ਪੈ ਗਿਆ। ਇਸ ਕਰ ਕੇ ਹੀ
ਲੋਹੜੀ ਦੇ ਦਿਨ ਦੁੱਲੇ ਅਤੇ ਸੁੰਦਰੀ-ਮੁੰਦਰੀ ਨੂੰ
ਯਾਦ ਕੀਤਾ ਜਾਂਦਾ ਹੈ। ਅਜੋਕੇ ਸਮੇਂ ਵਿਚ ਵੀ
ਇਹ ਗੀਤ ਹੀ ਸਭ ਦੀ ਜ਼ੁਬਾਨ 'ਤੇ ਚੜ੍ਹਿਆ
ਹੋਇਆ ਹੈ:
ਸੁੰਦਰ ਮੁੰਦਰੀਏ- ਹੋ!
ਤੇਰਾ ਕੌਣ ਵਿਚਾਰਾ- ਹੋ!
ਦੁੱਲਾ ਭੱਟੀ ਵਾਲਾ- ਹੋ!
ਦੁੱਲੇ ਧੀ ਵਿਆਹੀ- ਹੋ!
ਸੇਰ ਸ਼ੱਕਰ ਪਾਈ- ਹੋ!
ਕੁੜੀ ਦਾ ਲਾਲ ਪਟਾਕਾ- ਹੋ!
ਕੁੜੀ ਦਾ ਸਾਲੂ ਪਾਟਾ- ਹੋ!
ਸਾਲੂ ਕੌਣ ਸਮੇਟੇ- ਹੋ!
ਚਾਚੇ ਚੂਰੀ ਕੁੱਟੀ- ਹੋ!
ਜ਼ਿਮੀਦਾਰਾਂ ਲੁੱਟੀ- ਹੋ!
ਜ਼ਿਮੀਦਾਰ ਸਦਾਓ- ਹੋ!
ਗਿਣ-ਗਿਣ ਪੌਲੇ ਲਾਓ- ਹੋ!
ਇਕ ਪੌਲਾ ਘਟ ਗਿਆ।
ਜ਼ਿਮੀਦਾਰ ਨੱਸ ਗਿਆ।
ਢੇਰਨੀ ਜੀ ਢੇਰਨੀ।
ਚੁੱਲ੍ਹੇ ਮਗਰ ਫ਼ੇਰਨੀ।
ਚੁੱਲ੍ਹਾ ਨਹੀਉਂ ਟੱਕਰਦਾ
ਦੇ ਭੜੋਲਾ ਸ਼ੱਕਰ ਦਾ।
ਸ਼ੱਕਰ ਤੇਰੀ ਕੌੜੀ।
ਦੇ ਗੁੜ ਦੀ ਰੋੜੀ
ਗੁੜ ਤੇਰਾ ਮਿੱਠਾ।
ਦੇ ਰੁਪਈਆ ਚਿੱਟਾ।
ਰੁਪਈਆ ਤੇਰਾ ਖੋਟਾ।
ਦੇ ਬੂਰਾ ਝੋਟਾ।
ਬੂਰਾ ਝੋਟਾ ਮਾਰਦਾ।
ਮੈਂ ਨਈਂ ਤੇਰੇ ਨਾਲ਼ ਦਾ।
ਤੁਹਾਡੇ ਕੋਠੇ 'ਤੇ ਪਰਾਤ,
ਸਾਨੂੰ ਉਤੋਂ ਪੈਂਦੀ ਰਾਤ।
ਅੰਦਰ ਵੜਦੀ ਜਾਂਦੀ ਆ,
ਦਲੀਲਾਂ ਕਰਦੀ ਜਾਂਦੀ ਆ।
ਅੰਦਰ ਵੱਟੇ ਨਾ ਖੜਕਾ,
ਸਾਨੂੰ ਦੂਰੋਂ ਨਾ ਡਰਾ।
ਕੰਘਾ ਜੀ ਕੰਘਾ,
ਇਹ ਘਰ ਚੰਗਾ।
ਕੁੱਪੀਆਂ ਜੀ ਕੁੱਪੀਆਂ,
ਅਸਮਾਨ ਜਾ ਕੇ ਲੁੱਟੀਆਂ।
ਅਸਮਾਨ ਪੁਰਾਣਾ,
ਧੋਬੀ ਦਾਣਾ।
ਧੋਬੀ ਦੇ ਬੱਚੇ,
ਬਿੱਲੀ ਢੋਲਕੀ ਵਜਾਵੇ,
ਚੂਹਾ ਨੱਚੇ।
ਜਿਸ ਘਰ ਤੋਂ ਲੋਹੜੀ ਨਾ ਮਿਲੇ, ਉਥੇ
ਗਾਇਆ ਜਾਂਦਾ ਹੈ:
ਹੁੱਕਾ ਜੀ ਹੁੱਕਾ,
ਇਹ ਘਰ ਭੁੱਖਾ।
|