ਲਾਲਾ ਬਾਂਕੇ ਦਿਆਲ ਪੰਜਾਬੀ ਰਾਈਟਰ
ਪਗੜੀ ਸੰਭਾਲ ਜੱਟਾ
ਪਗੜੀ ਸੰਭਾਲ ਜੱਟਾ,
ਪੱਗੜੀ ਸੰਭਾਲ ਓ ।
ਹਿੰਦ ਸੀ ਮੰਦਰ ਸਾਡਾ, ਇਸਦੇ ਪੁਜਾਰੀ ਓ ।
ਝਲੇਂਗਾ ਹੋਰ ਅਜੇ, ਕਦ ਤਕ ਖੁਆਰੀ ਓ ।
ਮਰਨੇ ਦੀ ਕਰ ਲੈ ਹੁਣ ਤੂੰ, ਛੇਤੀ ਤਿਆਰੀ ਓ ।
ਮਰਨੇ ਤੋਂ ਜੀਣਾ ਭੈੜਾ, ਹੋ ਕੇ ਬੇਹਾਲ ਓ ।
ਪਗੜੀ ਸੰਭਾਲ ਓ ਜੱਟਾ ?
ਮੰਨਦੀ ਨਾ ਗੱਲ ਸਾਡੀ, ਇਹ ਭੈੜੀ ਸਰਕਾਰ ਵੋ ।
ਅਸੀਂ ਕਿਉਂ ਮੰਨੀਏ ਵੀਰੋ, ਏਸਦੀ ਕਾਰ ਵੋ ।
ਹੋਇਕੇ ਕੱਠੇ ਵੀਰੋ, ਮਾਰੋ ਲਲਕਾਰ ਵੋ।
ਤਾੜੀ ਦੋ ਹਥੜ ਵਜਣੀ, ਛੈਣਿਆਂ ਨਾਲ ਵੋ ।
ਪਗੜੀ ਸੰਭਾਲ ਓ ਜੱਟਾ ?
ਫਸਲਾਂ ਨੂੰ ਖਾ ਗਏ ਕੀੜੇ ।
ਤਨ ਤੇ ਨਾ ਦਿਸਦੇ ਲੀੜੇ ।
ਭੁੱਖਾਂ ਨੇ ਖੂਬ ਨਪੀੜੇ ।
ਰੋਂਦੇ ਨੀ ਬਾਲ ਓ ।
ਪਗੜੀ ਸੰਭਾਲ ਓ ਜੱਟਾ ?
ਬਨ ਗੇ ਨੇ ਤੇਰੇ ਲੀਡਰ ।
ਰਾਜੇ ਤੇ ਖਾਨ ਬਹਾਦਰ ।
ਤੈਨੂੰ ਫਸਾਉਣ ਖਾਤਰ ।
ਵਿਛਦੇ ਪਏ ਜਾਲ ਓ ।
ਪਗੜੀ ਸੰਭਾਲ ਓ ਜੱਟਾ ?
ਸੀਨੇ ਵਿਚ ਖਾਵੇਂ ਤੀਰ ।
ਰਾਂਝਾ ਤੂੰ ਦੇਸ਼ ਏ ਹੀਰ ।
ਸੰਭਲ ਕੇ ਚਲ ਓਏ ਵੀਰ ।
ਰਸਤੇ ਵਿਚ ਖਾਲ ਓ ।
ਪਗੜੀ ਸੰਭਾਲ ਓ ਜੱਟਾ ?
(ਨੋਟ: ਇਹ ਰਚਨਾ ਅਧੂਰੀ ਹੈ । ਜੇ ਕਿਸੇ ਕੋਲ
ਪੂਰੀ ਰਚਨਾ ਹੈ ਭੇਜ ਦਿਓ । ਧੰਨਵਾਦੀ ਹੋਵਾਂਗੇ ।)
|