ਲਾਲ ਚੰਦ ਯਮਲਾ ਜੱਟ (੨੮ ਮਾਰਚ ੧੯੧੦?- ੨੦ ਦਸੰਬਰ ੧੯੯੧) ਦਾ ਜਨਮ ਚੱਕ ਨੰਬਰ ੩੮੪ ਟੋਭਾ ਟੇਕ ਸਿੰਘ, ਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ । ਨੌਂ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਪਹਿਲੀ ਵਾਰ ਪੀਰ ਕਟੋਰੇ ਸ਼ਾਹ ਦੀ ਸਮਾਧ ਉੱਤੇ ਲੱਗਣ ਵਾਲੇ ਮੇਲੇ ਵਿਚ ਗਾਇਆ ।੧੯੩੦ ਵਿੱਚ ਉਨ੍ਹਾਂ ਨੇ ਲਾਇਲਪੁਰ ਰਹਿੰਦੇ ਪੰਡਿਤ ਸਾਹਿਬ ਦਿਆਲ ਜੀ ਨੂੰ ਉਸਤਾਦ ਧਾਰਨ ਕੀਤਾ ਤੇ ਉਨ੍ਹਾਂ ਤੋਂ ਢੋਲਕ ਤੇ ਦੋਤਾਰਾ ਸਿੱਖਿਆ ਤੇ ਸਾਰੰਗੀ ਵਜਾਉਣੀ ਉਨ੍ਹਾਂ ਆਪਣੇ ਨਾਨੇ ਪਾਸੋਂ ਸਿੱਖ ਲਈ ।੧੯੩੮ ਵਿੱਚ ਲਾਲ ਚੰਦ ਨੇ ਪੱਕੇ ਰਾਗਾਂ ਦੀ ਸਿੱਖਿਆ ਲੈਣ ਲਈ ਲਾਇਲਪੁਰ ਦੇ ਚੱਕ ਨੰ: ੨੨੪ ਫੱਤੇ ਦੀਨ ਵਾਲੇ ਪਿੰਡ ਦੇ ਚੌਧਰੀ ਮਜੀਦ ਨੂੰ ਗੁਰੂ ਧਾਰ ਲਿਆ ।ਦੇਸ਼ ਦੀ ਵੰਡ ਹੋ ਗਈ । ਲਾਲ ਚੰਦ ਆਪਣੇ ਸਮੁੱਚੇ ਪਰਿਵਾਰ ਸਮੇਤ ਏਧਰ ਆ ਗਿਆ । ਗੁਜਾਰੇ ਲਈ ਉਨ੍ਹਾਂ ਰਾਮ ਨਰੈਣ ਸਿੰਘ ਦਰਦੀ ਹੋਰਾਂ ਕੋਲ ਮਾਲੀ ਦੀ ਨੌਕਰੀ ਕਰ ਲਈ ।ਜਦੋਂ ਦਰਦੀ ਹੋਰਾਂ ਨੂੰ ਉਨ੍ਹਾਂ ਦੀ ਗਾਇਨ ਕਲਾ ਦਾ ਪਤਾ ਲੱਗਿਆ ਤਾਂ ਉਨ੍ਹਾਂ ਲਾਲ ਚੰਦ ਨੂੰ ਸਟੇਜ ਉੱਤੇ ਗਾਉਣ ਲਈ ਉਤਸਾਹਿਤ ਕੀਤਾ ।ਜਦੋਂ ਉਨ੍ਹਾਂ ਨੇ ਆਕਾਸ਼ਵਾਣੀ ਤੋਂ ਗਾਉਣਾ ਸ਼ੁਰੂ ਕੀਤਾ ਤਾਂ ਉਹ ਸਾਰੇ ਦੇਸ਼ ਵਿਚ ਨਸ਼ਹੂਰ ਹੋ ਗਏ ।ਉਨ੍ਹਾਂ ਆਪਣੇ ਲਿਖੇ ਹੋਏ ਗੀਤ ਹੀ ਗਾਏ ਜਾਂ ਲੋਕ-ਪ੍ਰਮਾਣਿਤ ਲੋਕ-ਗਾਥਾਵਾਂ ਨੂੰ ਗਾਇਆ । ਉਹ ਅਨਪੜ੍ਹ ਹੋਣ ਕਾਰਨ ਗੀਤ ਆਪਣੇ ਸ਼ਾਗਿਰਦ ਤੋਂ ਲਿਖਵਾ ਲੈਂਦੇ ਤੇ ਫਿਰ ਮੂੰਹ ਜ਼ੁਬਾਨੀ ਯਾਦ ਕਰ ਲੈਂਦੇ।ਨਰਿੰਦਰ ਬੀਬਾ, ਜਗਤ ਸਿੰਘ ਜੱਗਾ, ਅਮਰਜੀਤ ਸਿੰਘ ਗੁਰਦਾਸਪੁਰੀ ਆਦਿ ਯਮਲਾ ਜੀ ਦੇ ਅਨੇਕਾਂ ਹੀ ਸ਼ਾਗਿਰਦ ਹੋਏ ਹਨ।