ਲਾਵਾਂ-ਫੇਰੇ/ਅਨੰਦ ਕਾਰਜ ਨੀਲਮ ਸੈਣੀ
ਲਾਵਾਂ/ਫ਼ੇਰੇ ਵਿਆਹ ਦੀ ਸਭ ਤੋਂ
ਮਹੱਤਵਪੂਰਨ ਰਸਮ ਹੈ। ਇਸ ਰਸਮ ਤੋਂ ਬਾਅਦ
ਹੀ ਵਿਆਹ ਸੰਪੂਰਨ ਮੰਨਿਆ ਜਾਂਦਾ ਹੈ ਅਤੇ
ਵਿਆਹ ਦੀਆਂ ਵਧਾਈਆਂ ਦਿੱਤੀਆਂ ਤੇ ਮੰਨੀਆਂ
ਜਾਂਦੀਆਂ ਹਨ। ਡਾ. ਹਰਜਿੰਦਰ ਵਾਲੀਆ ਨੇ
ਆਪਣੇ ਲੇਖ (ਹਾਸ਼ੀਏ ਦੇ ਆਰ ਪਾਰ) ਵਿਚ ਇਸ
ਰਸਮ ਬਾਰੇ ਲਿਖਿਆ ਹੈ ਕਿ ਮਹਾਨ ਕੋਸ਼ ਅਨੁਸਾਰ
'ਲਾਂਵ' ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦੇ ਅਰਥ
ਹਨ: ਤੋੜਨ ਦੀ ਪ੍ਰਕਿਰਿਆ। ਇਸ ਲਈ ਲਾਵਾਂ
ਵਿਆਹ ਸਮੇਂ ਦੀ ਪਰਿਕਰਮਾ ਹੈ ਜਿਸ ਦੁਆਰਾ
ਪਿਤਾ ਦੇ ਘਰ ਨਾਲੋਂ ਸਬੰਧ ਤੋੜ ਕੇ, ਪਤੀ ਦੇ
ਘਰ ਨਾਲ ਜੋੜਿਆ ਜਾਂਦਾ ਹੈ।
ਵੇਦੀ ਦੇ ਫ਼ੇਰਿਆਂ ਵੇਲੇ ਚਾਰ ਡੰਡੇ ਚੌਰਸ
ਥਾਂ ਦੀਆਂ ਨੁੱਕਰਾਂ ਵਿਚ ਗੱਡ ਕੇ, ਉਪਰ ਤੋਤੇ
ਬਣਾਏ ਜਾਂਦੇ ਸਨ। ਅਗਨੀ ਦੇ ਆਲੇ-ਦੁਆਲੇ
ਵੇਦੀ ਉਤੇ ਸੱਤ ਲਾਵਾਂ/ਫ਼ੇਰੇ ਲਏ ਜਾਂਦੇ ਸਨ।
ਪਹਿਲੇ ਛੇ ਫ਼ੇਰਿਆਂ ਵਿਚ ਕੰਨਿਆਂ ਅੱਗੇ ਹੁੰਦੀ
ਸੀ ਅਤੇ ਸੱਤਵੇਂ ਫ਼ੇਰੇ ਵੇਲੇ ਵਰ ਅੱਗੇ ਹੁੰਦਾ ਸੀ।
ਬ੍ਰਾਹਮਣ ਵਲੋਂ ਵੇਦ-ਮੰਤਰਾਂ ਦਾ ਉਚਾਰਨ ਕੀਤਾ
ਜਾਂਦਾ ਸੀ। ਇਹ ਲਾਵਾਂ ਤਾਰਿਆਂ ਦੀ ਛਾਵੇਂ ਹੁੰਦੀਆਂ
ਸਨ। ਅਜੋਕੇ ਸਮੇਂ ਵਿਚ ਵਿਆਹ ਸਿਰਫ਼ ਦਿਨ
ਵੇਲੇ ਹੀ ਹੁੰਦੇ ਹਨ। ਇਸ ਲਈ ਹੁਣ ਇਹ 'ਲਾਵਾਂ
ਫ਼ੇਰੇ' ਤਾਰਿਆਂ ਦੀ ਛਾਵੇਂ ਦੀ ਥਾਂ ਸੂਰਜ ਦੇ ਪ੍ਰਕਾਸ਼
ਵਿਚ ਹੀ ਹੁੰਦੇ ਹਨ।
ਅਨੰਦ ਕਾਰਜ ਗੁਰਦੁਆਰੇ ਹੁੰਦੇ ਹਨ।
ਵਿਆਂਦੜ ਮੁੰਡਾ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ
ਦੀ ਹਜ਼ੂਰੀ ਵਿਚ ਬੈਠਦਾ ਹੈ। ਉਸ ਦਾ ਸਿਹਰਾ
ਅਤੇ ਕਲਗੀ ਲਾਹ ਕੇ ਮੱਥਾ ਟੇਕਣ ਦੀ ਰਸਮ
ਕੀਤੀ ਜਾਂਦੀ ਹੈ। ਵਿਆਂਦੜ ਕੁੜੀ ਨੂੰ ਉਸ ਦੀਆਂ
ਭਰਜਾਈਆਂ ਅਤੇ ਸਹੇਲੀਆਂ ਲੈ ਕੇ ਆਉਂਦੀਆਂ
ਹਨ ਅਤੇ ਉਸ ਨੂੰ ਮੱਥਾ ਟਿਕਾ ਕੇ ਵਿਆਂਦੜ
ਮੁੰਡੇ ਦੇ ਬਰਾਬਰ ਬਿਠਾ ਦਿੰਦੀਆਂ ਹਨ। ਅਰਦਾਸ
ਕਰਨ ਉਪਰੰਤ ਗ੍ਰੰਥੀ ਸਿੰਘ ਵਲੋਂ ਕੁੜੀ ਦੇ ਬਾਬਲ
ਨੂੰ 'ਪੱਲਾ ਫੜਾਉਣ' ਲਈ ਕਿਹਾ ਜਾਂਦਾ ਹੈ। ਭੈਣਾਂ
ਵਲੋਂ ਜੰਞ ਚੜ੍ਹਨ ਵੇਲ਼ੇ ਫੜਿਆ ਇੰਜੜਾ ਪੱਲੇ ਦਾ
ਰੂਪ ਧਾਰਨ ਕਰਦਾ ਹੈ। ਬਾਬਲ ਭਰੇ ਮਨ ਨਾਲ
ਲਾੜੇ ਕੋਲੋਂ ਪੱਲਾ ਫੜਦੇ ਹੋਏ ਆਪਣੀ ਧੀ ਦੇ
ਹੱਥ ਵਿਚ ਫੜਾਉਂਦਾ ਹੈ। ਇਸ ਮੌਕੇ 'ਹਭੇ ਸਾਕ
ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ'॥੧॥ ਸ਼ਬਦ
ਪੜ੍ਹਿਆ ਜਾਂਦਾ ਹੈ। ਵੱਡੀਆਂ ਵਡੇਰੀਆਂ ਵਲੋਂ ਕੁੜੀ
ਨੂੰ ਘੁੱਟ ਕੇ ਪੱਲਾ ਫੜਨ ਦੀ ਸਿੱਖਿਆ ਪਹਿਲਾਂ ਹੀ
ਦਿੱਤੀ ਗਈ ਹੁੰਦੀ ਹੈ।
ਵਣਜਾਰਾ ਬੇਦੀ ਅਨੁਸਾਰ ਅਨੰਦ ਕਾਰਜ
ਵੇਲੇ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਪਰਿਕਰਮਾ
ਕੀਤੀ ਜਾਂਦੀ ਹੈ। ਇਥੇ ਇਹ ਜ਼ਿਕਰਯੋਗ ਹੈ ਕਿ
ਲਾਵਾਂ-ਫ਼ੇਰੇ ਦੀ ਰਸਮ 12:00 ਵਜੇ ਤੋਂ ਪਹਿਲਾਂ
ਕੀਤੀ ਜਾਂਦੀ ਸੀ ਅਤੇ 12:00 ਵਜੇ ਤੋਂ ਬਾਅਦ
ਲਾਵਾਂ ਫੇਰੇ ਅਸ਼ੁਭ ਮੰਨੇ ਜਾਂਦੇ ਸਨ। ਜੇ ਜੰਞ ਕਿਸੇ
ਕਾਰਨ ਕੁਵੇਲੇ ਪਹੁੰਚੇ ਤਾਂ ਸਮੇਂ ਨੂੰ ਧਿਆਨ ਵਿਚ
ਰੱਖਦੇ ਹੋਏ ਲਾਵਾਂ-ਫ਼ੇਰੇ ਕਰਵਾ ਕੇ ਹੀ ਚਾਹਪਾਣੀ
ਪਿਲਾਇਆ ਜਾਂਦਾ ਸੀ। ਅਜੋਕੇ ਸਮੇਂ ਵਿਚ
ਬਹੁਤੀ ਵਾਰੀ ਜੰਞ ਬਹੁਤ ਕੁਵੇਲੇ ਢੁਕਦੀ ਹੈ।
ਇਸ ਕਰ ਕੇ ਅਕਸਰ ਹੀ ਲਾਂਵਾਂ 12:00 ਵਜੇ
ਤੋਂ ਬਾਅਦ ਹੁੰਦੀਆਂ ਹਨ। ਪਹਿਲਾਂ ਗੁਰੂ ਗ੍ਰੰਥ
ਸਾਹਿਬ ਦੀ ਹਜ਼ੂਰੀ ਵਿਚ ਬੈਠਾ ਭਾਈ ਲਾਂਵ ਪੜ੍ਹਦਾ
ਹੈ ਜਿਸ ਨੂੰ ਵਰ-ਕੰਨਿਆਂ ਅਤੇ ਸਮੂਹ ਸੰਗਤ
ਵਲੋਂ ਸਿਣਆ ਜਾਂਦਾ ਹੈ। ਕੀਰਤਨੀਏ ਉਸ ਲਾਂਵ
ਨੂੰ ਗਾਉਂਦੇ ਹਨ। ਵਰ ਅਤੇ ਕੰਨਿਆ ਚਾਰ ਵਾਰੀ
ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਕਰਦੇ ਹਨ।
ਇਥੇ ਇਕ ਧਾਰਨਾ ਹੋਰ ਵੀ ਬਣੀ ਹੋਈ ਹੈ ਕਿ
ਵਰ ਅਤੇ ਕੰਨਿਆ ਵਿਚੋਂ ਜਿਹੜਾ ਪਰਿਕਰਮਾ
ਲਈ ਪਹਿਲਾਂ ਖੜ੍ਹਾ ਹੋਵੇਗਾ, ਸਾਰੀ ਜ਼ਿੰਦਗੀ ਉਸ
ਦਾ ਹੀ ਰੋਹਬ ਚੱਲੇਗਾ। ਅੱਜ ਵੀ ਕੁੜੀ-ਮੁੰਡੇ ਨੂੰ
ਕਿਸੇ ਨਾ ਕਿਸੇ ਵਲੋਂ ਲਾਵਾਂ ਤੋਂ ਪਹਿਲਾਂ ਇਹ
ਸਿੱਖਿਆ ਦੇ ਦਿੱਤੀ ਜਾਂਦੀ ਹੈ। ਲਾਵਾਂ ਕਰਵਾ ਰਹੇ
ਗ੍ਰੰਥੀ ਸਿੰਘ ਸਾਹਿਬ ਵਲੋਂ ਉਨ੍ਹਾਂ ਨੂੰ ਸਤਿਕਾਰ
ਸਹਿਤ ਖੜ੍ਹੇ ਹੋ ਕੇ ਪਰਿਕਰਮਾ ਕਰਨ ਦੀ ਬੇਨਤੀ
ਵੀ ਕੀਤੀ ਜਾਂਦੀ ਹੈ। ਹਰ ਲਾਂਵ ਸਮੇਂ ਲਾੜਾ ਹੀ
ਅੱਗੇ ਚੱਲਦਾ ਹੈ। ਦੋਵੇਂ ਸਤਿਕਾਰ ਸਹਿਤ ਮੱਥਾ
ਟੇਕ ਕੇ ਫਿਰ ਬੈਠ ਜਾਂਦੇ ਹਨ। ਇਹ ਪ੍ਰਕਿਰਿਆ
ਹਰ ਲਾਂਵ ਨਾਲ ਦੁਹਰਾਈ ਜਾਂਦੀ ਹੈ।
ਪੰਜਾਬੀ ਵਿਚ ਇਹ ਅਖਾਣ ਅਕਸਰ
ਵਰਤਿਆ ਜਾਂਦਾ ਸੀ, 'ਬਾਬੇ ਦਾ ਵਿਹੜਾ
ਵਿਆਹੁਣਾ।' ਇਸ ਲਈ ਗੁਰੂ ਗ੍ਰੰਥ ਸਾਹਿਬ ਘਰ
ਲਿਆ ਕੇ ਹੀ ਲਾਵਾਂ ਪੜ੍ਹੀਆਂ ਜਾਂਦੀਆਂ ਸਨ। ਅੱਜ
ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਜੋਂ ਇਹ ਰਸਮ
ਅਕਸਰ ਗੁਰੂ ਘਰ ਜਾ ਕੇ ਹੀ ਕੀਤੀ ਜਾਂਦੀ ਹੈ।
ਇਸ ਰਸਮ ਦਾ ਮਹੱਤਵ ਗ੍ਰਹਿਸਥੀ ਜੀਵਨ
ਦਾ ਅਰੰਭ ਧਰਮ ਗ੍ਰੰਥਾਂ ਦੀਆਂ ਸਿੱਖਿਆਵਾਂ 'ਤੇ
ਚੱਲ ਕੇ ਕਰਨਾ ਹੈ। ਇਕ ਦੂਜੇ ਪ੍ਰਤੀ ਵਚਨਬੱਧ
ਹੋਣਾ ਹੈ। ਇਸ ਦੇ ਨਾਲ ਹੀ ਕੁੜੀ ਦਾ ਪੇਕੇ ਘਰ
ਤੋਂ ਨਾਤਾ ਤੋੜ ਕੇ ਉਸ ਦਾ ਸਬੰਧ ਪਤੀ ਨਾਲ
ਅਤੇ ਸਹੁਰੇ ਘਰ ਨਾਲ ਜੋੜਨਾ ਹੈ। ਲਾਵਾਂ-ਫ਼ੇਰੇ
ਧਾਰਮਿਕ ਰਹੁ-ਰੀਤਾਂ ਨਾਲ ਹੋਣ ਕਾਰਨ ਇਸ
ਵਕਤ ਸ਼ਬਦ ਗਾਇਨ ਜਾਂ ਵੇਦ ਮੰਤਰ ਹੀ ਉਚਾਰੇ
ਜਾਂਦੇ ਹਨ। ਇਸ ਲਈ ਇਸ ਰਸਮ ਦੇ ਦੌਰਾਨ
ਕੋਈ ਲੋਕ ਗੀਤ ਨਹੀਂ ਗਾਇਆ ਜਾਂਦਾ। ਲਾਵਾਂ ਤੋਂ
ਪਹਿਲਾਂ ਰਸਤੇ ਵਿਚ ਤੁਰੀ ਆ ਰਹੀ ਜੰਞ ਵਿਚਕਾਰ
ਤੁਰੇ ਜਾਂਦੇ ਲਾੜੇ ਨੂੰ ਦੇਖ ਕੇ ਜਾਂ ਲਾਵਾਂ ਫੇਰੇ ਸ਼ੁਰੂ
ਹੋਣ ਤੋਂ ਪਹਿਲਾਂ ਨਿਮਨ ਲਿਖਤ ਗੀਤ ਜ਼ਰੂਰ ਗਾਏ
ਜਾਂਦੇ ਸਨ ਜੋ ਹੁਣ ਲੋਪ ਹੁੰਦੇ ਜਾ ਰਹੇ ਹਨ।
ਬਾਬੇ ਸਧਰਮੀ ਨੇ, ਧਰਮ ਕੀਤਾ।
ਧਰਤੀ ਮੁੱਲ ਲਈਉ,
ਆਂਗਣ ਬੇਦਾਂ ਗਡਾਇ ਲਈਉ।
ਬਾਬਲ ਸਧਰਮੀ ਨੇ, ਧਰਮ ਕੀਤਾ।
ਧਰਤੀ ਮੁੱਲ ਲਈਉ,
ਆਂਗਣ ਬੇਦਾਂ ਗਡਾਇ ਲਈਉ।
ਨਾਨੇ ਸਧਰਮੀ ਨੇ, ਧਰਮ ਕੀਤਾ।
ਧਰਤੀ ਮੁੱਲ ਲਈਉ,
ਆਂਗਣ ਬੇਦਾਂ ਗਡਾਇ ਲਈਉ।
ਮੇਰੇ ਬਾਬਲ ਜੀ!
ਬੇਦੀ ਦੇ ਬੋਲਦੇ ਨੇ ਤੋਤੇ,
ਤੁਸੀਂ ਬੋਲਦੇ ਕਿਉਂ ਨਹੀਂ?
ਮੇਰੇ ਬਾਬਲ ਜੀ!
ਮੈਂ ਬੇਦਾਂ ਹੇਠ ਖਲੋਈ,
ਮੈਂ ਛਮ-ਛਮ ਜਾਮਾਂ ਰੋਈ।
ਮੇਰੇ ਬਾਬਲ ਜੀ!
ਤੁਸੀਂ ਬੋਲਦੇ ਕਿਉਂ ਨਹੀਂ?
ਮੇਰੀ ਅੰਮੜੀਏ!
ਮੈਨੂੰ ਹੁਣ ਨਾ ਆਖੀਂ ਜਾਈ,
ਮੈਂ ਹੋ ਗਈ ਅੱਜ ਪਰਾਈ।
ਮੇਰੇ ਬਾਬਲ ਜੀ!
ਬੇਦੀ ਦੇ ਬੋਲਦੇ ਨੇ ਤੋਤੇ,
ਤੁਸੀਂ ਬੋਲਦੇ ਕਿਉਂ ਨਹੀਂ?
ਧੰਨ ਜਣੇਂਦੜੀ ਅੰਮੜੀ ਜੀ,
ਜਿਨ੍ਹੇ ਇਹ ਬੇਟਾ ਜਾਇਆ।
ਸੋਨੇ ਦਾ ਮੁਕਟ ਲਗਾ ਕੇ,
ਜੀ ਸਾਡੇ ਲਗਨਾਂ ਨੂੰ ਆਇਆ।
ਧੰਨ ਜਣੇਂਦੜੀ ਅੰਮੜੀ ਜੀ,
ਜਿਨ੍ਹੇ ਇਹ ਬੇਟੀ ਜਾਈ।
ਸੁੱਭਰ ਚੋਲੇ ਲਪੇਟ ਕੇ ਜੀ,
ਬੇਟੀ ਲਗਨੀਂ ਬਿਠਾਈ।
ਅੰਦਰ ਬੀਬੀ ਦੀ ਮਾਤਾ ਰੋਵੇ,
ਜੀ ਬਾਹਰ ਹੱਸੇ ਭਰਜਾਈ।
ਓਦਣ ਰੋਵੇਂਗੀ ਭਾਬੀਏ ਨੀ,
ਜਿੱਦਣ ਤੋਰੇਂਗੀ ਜਾਈ।
ਬੀਬੀ ਦਾ ਵੀਰਾ ਵੱਖ ਰੋਵੇ,
ਜੀ ਵੱਖ ਰੋਵੇ ਲੋਕਾਈ।
ਬੀਬੀ ਦਾ ਬਾਬਲ ਐਂ ਰੋਵੇ,
ਜਿਓਂ ਸਾਵਣ ਵਰਖਾ ਲਾਈ।
ਤੂੰ ਕਿਉਂ ਰੋਮੇਂ ਮੇਰੇ ਬਾਬਲਾ,
ਜੱਗ ਹੁੰਦੜੀ ਆਈ।
ਸਲਾਮੀ ਅਤੇ ਦੇਲ੍ਹ ਦੀ ਰਸਮ ਤੇ ਗੀਤ
ਜੰਞ ਵਾਪਸ ਡੇਰੇ (ਧਰਮਸ਼ਾਲਾ/ਜੰਞ ਘਰ)
ਚਲੀ ਜਾਂਦੀ ਸੀ। ਵਿਆਂਦੜ ਮੁੰਡੇ ਦੇ ਪਿੰਡ ਤੋਂ
ਉਸ ਪਿੰਡ ਵਿੱਚ ਵਿਆਹੀਆਂ ਕੁੜੀਆਂ ਇਕ ਥਾਂ
ਤੇ ਇਕੱਠੀਆਂ ਹੁੰਦੀਆਂ ਸਨ। ਉਹ ਥਾਲੀ ਵਿਚ
ਜੋਤ ਜਗਾ ਕੇ, ਦੁੱਧ ਦੀ ਗੜਵੀ-ਖੰਡ/ਲੱਡੂ/ਸੀਰਨੀ
ਅਤੇ ਵਾਰਨੇ ਲਈ ਰੁਪਈਏ ਆਦਿ ਰੱਖ ਕੇ
ਗਾਉਂਦੀਆਂ ਸਲਾਮੀ ਪਾਉਣ ਜਾਂਦੀਆਂ ਸਨ। ਮੁੰਡੇ
ਵਾਲਿਆਂ ਵਲੋਂ ਉਨ੍ਹਾਂ ਨੂੰ ਉਨ੍ਹਾਂ ਦੀ ਸਲਾਮੀ ਤੋਂ
ਦੁੱਗਣੇ ਪੈਸੇ ਅਤੇ ਸੂਟ ਆਦਿ ਦਿੱਤੇ ਜਾਂਦੇ ਸਨ।
ਇਸ ਨੂੰ 'ਦੇਲ੍ਹ' ਕਿਹਾ ਜਾਂਦਾ ਸੀ। ਅੱਜ ਵੀ ਕਈ
ਥਾਂਵਾਂ 'ਤੇ ਇਹ ਰਸਮ ਉਸ ਪਿੰਡ ਵਿਚ ਵਿਆਹੀਆਂ
ਕੁੜੀਆਂ ਦਾ ਮਾਣ ਵਧਾਉਣ ਲਈ ਕੀਤੀ ਜਾਂਦੀ
ਹੈ। ਚੇਤੇ ਰਹੇ, ਪਹਿਲੇ ਸਮਿਆਂ ਵਿਚ ਪਿੰਡ ਦੀਆਂ
ਧੀਆਂ-ਭੈਣਾਂ ਸਾਂਝੀਆਂ ਮੰਨੀਆਂ ਜਾਂਦੀਆਂ ਸਨ।
ਇਹ ਰਸਮ ਵੀ ਹੁਣ ਟਾਂਵੀ-ਟਾਂਵੀ ਰਹਿ ਗਈ ਹੈ।
ਮੱਲਾਂ ਤੇਰੀਆਂ ਭੈਣਾਂ ਵੇ ਸੁਦੈਣਾਂ,
ਵੇ ਸੋਹਿਲੇ ਗਾਉਂਦੀਆਂ ਆਈਆਂ।
ਮੱਲਾ ਤੇਰੀਆਂ ਫੁੱਫੀਆਂ ਵੇ ਸਿਰ ਖੁੱਥੀਆਂ,
ਵੇ ਸੋਹਿਲੇ ਗਾਉਂਦੀਆਂ ਆਈਆਂ।
|