ਕੁੜਮਾਈ ਤੇ ਵਿਆਹ ਦੇ ਗੀਤ ਨੀਲਮ ਸੈਣੀ
ਸਾਡੇ ਸਭਿਆਚਾਰ ਵਿਚ ਜਨਮ ਵੇਲੇ ਤੋਂ ਹੀ
ਧੀ ਦੇ ਮਾਪਿਆਂ ਨੂੰ ਉਸ ਦੇ ਵਿਆਹ ਦੀ ਚਿੰਤਾ
ਲੱਗ ਜਾਂਦੀ ਹੈ ਅਤੇ ਪੁੱਤਰ ਦੇ ਮਾਪਿਆਂ ਦੇ ਦਿਲ
ਵਿਚ ਉਸ ਨੂੰ ਘੋੜੀ ਚੜ੍ਹਾਉਣ ਦਾ ਚਾਅ ਉਛਾਲੇ
ਲੈਣ ਲੱਗ ਪੈਂਦਾ ਹੈ। ਪਹਿਲਾਂ-ਪਹਿਲ ਕੁੜੀ ਦੇ
ਜਵਾਨ ਹੁੰਦਿਆਂ ਹੀ ਮਾਪਿਆਂ ਵਲੋਂ ਨਾਈ ਰਾਹੀਂ
ਯੋਗ ਵਰ ਲੱਭ ਕੇ, ਉਸ ਦੇ ਹੱਥ ਰੁਪਈਆ ਘੱਲ
ਕੇ ਕੁੜਮਾਈ ਕਰ ਲਈ ਜਾਂਦੀ ਸੀ। ਇਸ ਨੂੰ ਰੋਕਾ
ਵੀ ਕਿਹਾ ਜਾਂਦਾ ਸੀ। ਨਾਈ ਦੋਵਾਂ ਪਰਿਵਾਰਾਂ ਦੀ
ਹੈਸੀਅਤ ਮੁਤਾਬਿਕ ਰਿਸ਼ਤਾ ਲੱਭਦੇ ਹੋਏ ਪੰਜਾਬੀ
ਦੇ ਅਖਾਣ 'ਮੱਝ ਲਾਣੇ ਦੀ ਅਤੇ ਧੀ ਘਰਾਣੇ ਦੀ'
ਉਤੇ ਫ਼ੁੱਲ ਚੜ੍ਹਾਉਣਾ ਆਪਣਾ ਪਰਮ ਕਰਤਵ
ਸਮਝਦਾ ਸੀ। ਉਹ ਰਿਸ਼ਤਾ ਲੱਭਦੇ ਵਕਤ
ਇਮਾਨਦਾਰੀ ਨਾਲ਼ ਖ਼ਾਨਦਾਨ ਦੀ ਪੜਚੋਲ ਕਰਦਾ
ਸੀ। ਉਹ ਆਪਣੀ ਪੂਰੀ ਤਸੱਲੀ ਤੋਂ ਬਾਅਦ ਰਿਸ਼ਤੇ
ਦੀ ਦੱਸ ਪਾਉਂਦਾ ਸੀ। ਇਸ ਤੋਂ ਬਾਅਦ ਕੁੜੀ ਵਾਲੇ
ਮਖਾਣੇ, ਰੁਪਈਏ, ਪੰਜ ਮਿਸ਼ਰੀ ਦੇ ਕੂਜੇ, ਪੰਜ
ਛੁਆਰੇ, ਕੇਸਰ ਆਦਿ ਲੈ ਕੇ ਮੁੰਡੇ ਵਾਲੇ ਘਰ
ਪੁੱਜਦੇ ਸਨ। ਮੁੰਡੇ ਵਾਲੇ ਘਰ ਰਿਸ਼ਤੇਦਾਰ ਇਕੱਠੇ
ਹੁੰਦੇ ਸਨ। ਮੁੰਡਾ ਮੰਗ ਲਿਆ ਸਮਝਿਆ ਜਾਂਦਾ
ਸੀ। ਪੰਡਿਤ ਨੂੰ ਪੁੱਛ ਕੇ ਕਈ ਵਾਰੀ ਛੇ ਮਹੀਨੇ ਜਾਂ
ਸਾਲ ਤੱਕ ਵਿਆਹ ਦੀ ਤਾਰੀਖ਼ ਮੁਕੱਰਰ ਕੀਤੀ
ਜਾਂਦੀ ਸੀ। ਇਸ ਨੂੰ ਸਾਹਾ ਕਢਾਉਣਾ ਵੀ ਕਿਹਾ
ਜਾਂਦਾ ਸੀ। ਦੇਖਣ-ਦਿਖਾਉਣ ਦਾ ਰਿਵਾਜ ਉਕਾ
ਹੀ ਨਹੀਂ ਹੁੰਦਾ ਸੀ। ਇਸ ਤੋਂ ਬਾਅਦ ਬਲੈਕ ਐਂਡ
ਵਾਈਟ ਫ਼ੋਟੋ ਦਿਖਾ ਕੇ ਵਿਚੋਲੇ ਰਾਹੀਂ, ਰਸਤੇਕੰਢੇ,
ਕਿਸੇ ਮੇਲੇ-ਮੁਸ੍ਹਾਬੇ ਜਾਂ ਕਿਸੇ ਮੁਕੱਰਰ ਥਾਂ
'ਤੇ ਦੂਰੋਂ ਹੀ ਮੁੰਡੇ ਨੂੰ ਕੁੜੀ ਅਤੇ ਕੁੜੀ ਨੂੰ ਮੁੰਡਾ
ਦਿਖਾ ਕੇ ਉਨ੍ਹਾਂ ਦੀ ਰਾਇ ਪੁੱਛੀ ਜਾਣ ਲੱਗੀ।
ਸਮੇਂ ਨਾਲ ਇਸ ਰਸਮ ਵਿਚ ਤਬਦੀਲੀ
ਆਈ ਹੈ। ਹੁਣ ਰਿਸ਼ਤੇ ਅਖ਼ਬਾਰੀ ਇਸ਼ਤਿਹਾਰਾਂ,
ਮੈਰਿਜ ਏਜੰਸੀਆਂ ਦੁਆਰਾ ਜਾਂ ਆਪਣੀ ਪਸੰਦ
ਦੇ ਹੀ ਕਰਵਾਏ ਜਾਂਦੇ ਹਨ। ਨਵੀਂ ਪੀੜ੍ਹੀ ਪ੍ਰੇਮ
ਵਿਆਹ ਨੂੰ ਤਰਜੀਹ ਦੇ ਰਹੀ ਹੈ। ਅੱਜ ਮੁੰਡੇਕੁੜੀ
ਵਲੋਂ ਆਪਣੀ ਪਸੰਦ ਮਾਂ-ਬਾਪ ਨੂੰ ਦੱਸ
ਦਿਤੀ ਜਾਂਦੀ ਹੈ ਅਤੇ ਮਾਪੇ ਉਨ੍ਹਾਂ ਦੇ ਪਿਆਰ ਨੂੰ
ਸਮਝਦੇ ਹੋਏ ਵਿਆਹ ਲਈ ਰਾਜ਼ੀ ਹੁੰਦੇ ਹੋਏ
ਵਿਆਹ (ਅਰੇਂਜ ਮੈਰਿਜ) ਕਰਦੇ ਹਨ। ਸਮਾਜ
ਵੀ ਇਸ ਨੂੰ ਸਵੀਕਾਰ ਕਰ ਰਿਹਾ ਹੈ। ਅਜੋਕੇ
ਸਮੇਂ ਵਿਚ ਕੁੜੀ ਦਾ ਬਾਬਲ ਬਾਕੀ ਰਿਸ਼ਤੇਦਾਰਾਂ
ਸਮੇਤ ਮੁੰਡੇ ਵਾਲ਼ੇ ਘਰ ਜਾਂ ਮੈਰਿਜ ਪੈਲੇਸ ਵਿਚ
ਸ਼ਗਨ ਲੈ ਕੇ ਪਹੁੰਚਦਾ ਹੈ। ਇਸ ਰਸਮ ਦਾ ਉਦੇਸ਼
ਮੁੰਡੇ ਅਤੇ ਕੁੜੀ ਦਾ ਰਿਸ਼ਤਾ ਪੱਕਾ ਕਰਨਾ ਅਤੇ
ਦੋਵਾਂ ਪਰਿਵਾਰਾਂ ਵਲੋਂ ਇਕ ਦੂਜੇ ਨਾਲ ਰਿਸ਼ਤੇ ਨੂੰ
ਗੰਢ ਦੇਣਾ ਹੀ ਹੈ। ਰਿਸ਼ਤਾ ਪੱਕਾ ਕਰਨ ਤੋਂ ਬਾਅਦ
ਵਿਆਹ ਜਿੰਨੀ ਜਲਦੀ ਹੋ ਸਕੇ ਮੁਕੱਰਰ ਕੀਤਾ
ਜਾਂਦਾ ਹੈ। ਕਈ ਵਾਰੀ ਕਈ ਥਾਂਈਂ ਮੰਗਣੀ ਦੀ
ਰਸਮ ਉਤੇ ਵਿਆਹ ਜਿੰਨਾ ਖ਼ਰਚਾ ਹੀ ਹੋ ਜਾਂਦਾ
ਹੈ। ਇਹ ਰਸਮ ਘਰ ਦੀ ਬਜਾਏ ਮੈਰਿਜ ਪੈਲੇਸ
ਵਿਚ ਸਿਰਫ਼ ਸ਼ਾਨੋ-ਸ਼ੌਕਤ ਲਈ ਕੀਤੀ ਜਾਂਦੀ ਹੈ।
ਇਹ ਰਸਮ ਇਕ ਤਰ੍ਹਾਂ ਨਾਲ ਧੀ ਦੇ ਮਾਪਿਆਂ
ਲਈ ਵਾਧੂ ਖ਼ਰਚਾ ਹੈ।
ਇਸ ਦੇ ਉਲਟ ਪਹਿਲੇ ਸਮਿਆਂ ਵਿਚ ਕੀਤੀ
ਜਾਣ ਵਾਲੀ ਇਹ ਰਸਮ ਬਿਲਕੁਲ ਸਾਦ-ਮੁਰਾਦੀ
ਹੁੰਦੀ ਸੀ। ਮੰਗਣੀ ਵੇਲੇ ਗਾਏ ਜਾਣ ਵਾਲੇ ਗੀਤਾਂ
ਤੋ ਇਸ ਦਾ ਅਨੁਮਾਨ ਸਹਿਜੇ ਹੀ ਲਗਾਇਆ ਜਾ
ਸਕਦਾ ਹੈ:
ਚੰਨਣ ਦੀ ਚੌਂਕੀ ਮੈਂ ਡਾਹੀ ਵੀਰਾ,
ਉਤੇ ਬੈਠਾ ਵੇ ਤੂੰ।
ਮੁੱਖ ਤਾਂ ਉਚਾ ਚੁੱਕ ਵੇ,
ਤੇਰੇ ਸਹੁਰੇ ਨੂੰ ਦਿਖਾ ਦੇ ਮੂੰਹ।
ਮੈਂ ਤਾਂ ਹੁਣ ਸੁਣਿਆਂ,
ਮੰਗਣਾ ਤਾਂ ਹੋ ਗਿਆ ਵੇ ਜੋਗੀਆ!
ਸੁਣ-ਸੁਣ ਹੋਈ ਦਿਲਗੀਰ,
ਲੱਗੀਆਂ ਨੂੰ ਨਾ ਤੋੜੀਏ।
ਬਾਗ਼ਾਂ 'ਚ ਲੱਗੇ ਆ 'ਖ਼ਰੋਟ,
ਛੰਮ-ਛੰਮ ਕਿਉਂ ਰੋਨੀ ਏਂ?
ਐਵੇਂ ਕਹੇਂ ਭੁੱਲੇ ਲੋਕ,
ਜਿੰਦੇ ਨੀ ਮੇਰੀਏ।
ਸਾਡੀ ਵਾੜ ਪੁਰਾਣੀ ਸੀ,
ਉਹਦੇ ਉਤੇ ਅਸਰ ਪਿਆ।
ਪੋਤਾ ਬਾਬੇ ਦਾ ਮੰਗਿਆ,
ਝੋਲੀ ਉਹਦੇ ਸ਼ਗਨ ਪਿਆ।
ਸਾਡੀ ਵਾੜ ਪੁਰਾਣੀ ਸੀ,
ਉਹਦੇ ਉਤੇ ਅਸਰ ਪਿਆ।
ਦੋਹਤਾ ਨਾਨੇ ਦਾ ਮੰਗਿਆ,
ਝੋਲੀ ਉਹਦੇ ਸ਼ਗਨ ਪਿਆ।
ਸਾਡੀ ਵਾੜ ਪੁਰਾਣੀ ਸੀ,
ਉਹਦੇ ਉਤੇ ਅਸਰ ਪਿਆ।
ਬੇਟਾ ਬਾਬਲ ਦਾ ਮੰਗਿਆ,
ਝੋਲੀ ਉਹਦੇ ਸ਼ਗਨ ਪਿਆ।
ਸਾਡੀ ਵਾੜ ਪੁਰਾਣੀ ਸੀ,
ਉਹਦੇ ਉਤੇ ਅਸਰ ਪਿਆ।
ਭਤੀਜਾ ਚਾਚੇ ਦਾ ਮੰਗਿਆ,
ਝੋਲੀ ਉਹਦੇ ਸ਼ਗਨ ਪਿਆ।
ਸੁੱਖ ਵੰਡਾਂ ਸੁੱਖ ਸੀਰਨੀ,
ਵੀਰਾ ਵੇ-ਵੇ ਕੋਈ।
ਸੁੱਖ ਦਾ ਵੰਡਾਂ ਵੇ ਪਰਸ਼ਾਦ,
ਭਰ ਭਰ ਵੰਡਾਂ ਥਾਲੀਆਂ।
ਵੇ ਮੇਰਾ ਪੂਰਨ ਹੋਇਆ,
ਵੇ ਜੁੱਗ ਜਿਊਣਿਆਂ ਵੇ ਕਾਜ।
ਵਿਆਹ ਦੀਆਂ ਰਸਮਾਂ ਅਤੇ ਗੀਤ
ਹਰ ਇਨਸਾਨ ਦੀ ਜ਼ਿੰਦਗ਼ੀ ਵਿਚ ਵਿਆਹ
ਦਾ ਵਿਸ਼ੇਸ਼ ਮਹੱਤਵ ਹੈ। ਇਹ ਦੋ ਜੀਵਾਂ ਅਰਥਾਤ
ਦੋ ਰੂਹਾਂ ਦਾ ਆਪਸੀ ਸੁਮੇਲ ਹੈ। ਇਸ ਨੂੰ
ਜਿਸਮਾਨੀ ਅਤੇ ਰੂਹਾਨੀ ਲੋੜ ਵੀ ਕਿਹਾ ਜਾ
ਸਕਦਾ ਹੈ। ਜਵਾਨੀ ਦੀ ਦਹਿਲੀਜ਼ ਉਤੇ ਪੈਰ
ਧਰਦੇ ਹੀ ਮੁੰਡਾ ਅਤੇ ਕੁੜੀ ਇਕ ਦੂਜੇ ਵੱਲ
ਆਕਰਸ਼ਿਤ ਹੋਣ ਲੱਗ ਪੈਂਦੇ ਹਨ। ਮਾਪੇ ਵੀ
ਬੱਚਿਆਂ ਵਿਚ ਆਈ ਇਸ ਤਬਦੀਲੀ ਨੂੰ ਮਹਿਸੂਸ
ਕਰਦੇ ਹੋਏ ਯੋਗ ਰਿਸ਼ਤਾ ਲੱਭਣ ਲੱਗ ਪੈਂਦੇ ਹਨ।
ਇਹ ਬੰਧਨ ਸਿਰਫ਼ ਦੋ ਜੀਵਾਂ ਨੂੰ ਹੀ ਨਹੀਂ, ਸਗੋਂ
ਦੋ ਪਰਿਵਾਰਾਂ ਨੂੰ/ਦੋ ਧਿਰਾਂ ਨੂੰ ਰਿਸ਼ਤਿਆਂ ਵਿਚ
ਬੰਨ੍ਹਦਾ ਹੈ।
ਡਾ. ਰਾਜਵੰਤ ਕੌਰ ਪੰਜਾਬੀ ਅਨੁਸਾਰ,
"ਸਾਡੇ ਸਮਾਜ ਅਤੇ ਸਭਿਆਚਾਰ ਅਨੁਸਾਰ
ਵਿਆਹ ਅਜੇ ਵੀ ਮੁੱਖ ਤੌਰ 'ਤੇ ਧਾਰਮਿਕ
ਸੰਸਕਾਰ ਹੈ। ਧਾਰਮਿਕ ਸੰਸਕਾਰ ਤੋਂ ਮੇਰੀ ਮੁਰਾਦ
ਹੈ ਕਿ ਵਿਆਹ ਦੀ ਮੁੱਖ ਰਸਮ ਲਾਵਾਂ-ਫੇਰਿਆਂ
ਜਾਂ ਸੀਗੇ ਦੀ ਤਿਲਾਵਤ (ਕੁਰਾਨ ਸ਼ਰੀਫ਼ ਦੀਆਂ
ਆਇਤਾਂ ਜੋ ਨਿਕਾਹ ਵਕਤ ਪੜ੍ਹੀਆਂ ਜਾਂਦੀਆਂ
ਹਨ) ਨਾਲ ਸਮਾਪਤ ਹੁੰਦੀ ਹੈ ਜਦੋਂ ਕਿ ਬਾਕੀ
ਰਸਮਾਂ ਦੀ ਭੂਮਿਕਾ ਗੌਣ ਹੁੰਦੀ ਹੈ।"
ਪੰਜਾਬੀ ਸਭਿਆਚਾਰ ਵਿਚ ਵਿਆਹ ਚਾਵਾਂ
ਲੱਦੀ ਰਸਮ ਦਾ ਨਾਂ ਹੈ। ਇਹ ਰਸਮ ਹਰ ਧੀ ਦੇ
ਮਾਪੇ ਆਪਣੀ ਨਾਜ਼ਾਂ ਨਾਲ ਪਾਲੀ ਧੀ ਨੂੰ ਪੇਕੇ
ਘਰ ਤੋਂ ਸਹੁਰੇ ਘਰ ਪ੍ਰਵੇਸ਼ ਕਰਵਾਉਣ ਲਈ
ਆਪਣੇ ਰਿਸ਼ਤੇਦਾਰਾਂ ਨਾਲ ਸਮੂਹਿਕ ਰੂਪ ਵਿਚ
ਨਿਭਾਉਂਦੇ ਹਨ। ਇਸ ਤਰ੍ਹਾਂ ਹੀ ਪੁੱਤਰ ਵਾਲੇ ਇਸ
ਰਸਮ ਨੂੰ ਆਪਣੇ ਪੁੱਤਰ ਨੂੰ ਵਿਆਹੁਣ ਲਈ,
ਨੂੰਹ ਨੂੰ ਆਪਣੇ ਪਰਿਵਾਰ ਦਾ ਹਿੱਸਾ ਬਣਾਉਣ
ਲਈ ਆਪਣੇ ਸਾਕ-ਸੰਬਧੀਆਂ ਨਾਲ ਮਿਲ ਕੇ
ਸੰਪੂਰਨ ਕਰਦੇ ਹਨ।
ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ
ਸਕਦੇ ਕਿ ਪੰਜਾਬੀ ਸਭਿਆਚਾਰ ਵਿਚ ਵਿਆਹ
ਤੋਂ ਪਹਿਲਾਂ ਧੀ ਨੂੰ ਬੇਗਾਨਾ ਧਨ ਹੀ ਮੰਨਿਆ ਅਤੇ
ਕਿਹਾ ਜਾਂਦਾ ਹੈ। ਸਹੁਰੇ ਘਰ ਵੀ ਉਸ ਨੂੰ ਪਰਾਈ
ਹੀ ਸਮਝਿਆ ਜਾਂਦਾ ਹੈ। ਉਹ ਤਾਂ ਸਾਰੀ ਉਮਰ
ਪਰਾਈ ਹੀ ਕਹਾਉਂਦੀ ਹੈ, ਪਰ ਉਸ ਦੀ ਕੁੱਖੋਂ
ਜਨਮ ਲੈਣੇ ਵਾਲੇ ਪੁੱਤਰ ਘਰ ਦੇ ਵਾਰਿਸ
ਕਹਾਉਂਦੇ ਹਨ। ਉਸ ਨੂੰ ਵੰਸ਼-ਵਧੂ ਜਾਂ ਕੁਲਵਧੂ
ਤਾਂ ਕਿਹਾ ਜਾਂਦਾ ਹੈ, ਪਰ ਆਪਣਾ ਸਮਝਣ
ਵਿਚ ਬਹੁਤ ਦਿੱਕਤ ਆਉਂਦੀ ਹੈ। ਇਹ ਜ਼ਿਕਰ
ਵਿਆਹ ਦੇ ਲੋਕ ਗੀਤਾਂ ਵਿਚ ਵਾਰ-ਵਾਰ ਆਉਂਦਾ
ਹੈ। ਹਰਜਿੰਦਰ ਕੰਗ ਦੀਆਂ ਨਿਮਨਲਿਖਤ ਸਤਰਾਂ
ਸਾਡੇ ਸਭਿਆਚਾਰ ਵਿਚ ਧੀਆਂ ਦੀ ਇਸ ਸਥਿਤੀ
ਨੂੰ ਬਾਖ਼ੂਬੀ ਪੇਸ਼ ਕਰਦੀਆਂ ਹਨ:
ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ,
ਪਰ ਨਈਂ ਹੁੰਦੇ ਕੁੜੀਆਂ ਦੇ
ਪੇਕੇ ਸਹੁਰੇ ਹੁੰਦੇ ਨੇ
ਕਿਉਂ ਘਰ ਨਈਂ ਹੁੰਦੇ ਕੁੜੀਆਂ ਦੇ...!
|