ਕੁਦਰਤ ਅਤੇ ਮਨੁੱਖ ਪ੍ਰੋਫੈਸਰ ਪੂਰਨ ਸਿੰਘ
ਸ਼ਹਿਰਾਂ ਵਿਚ ਰਹਿ ਕੇ ਮਨੁੱਖ ਆਪਣਾ
ਵਿਰਸਾ, ਸਰੀਰਕ ਤੇ ਮਾਨਸਿਕ ਜੀਵਨ ਦੀ
ਹਫੜਾ-ਦਫੜੀ ਵਿਚ ਗੁਆ ਲੈਂਦਾ ਹੈ। ਇਕ ਵੇਰੀ
ਹਨੇਰੇ ਵਿਚ ਰਹਿੰਦੇ ਨੂੰ ਸਦਾ ਲਈ ਹਨੇਰਾ ਸੁਖਾਣ
ਲੱਗ ਜਾਂਦਾ ਹੈ। ਇਕ ਵੇਰੀ ਕਿਸੇ ਅਪਰਾਧ ਕਰਕੇ
ਇਕ ਚੀਨੀ ਕੈਦ ਵਿਚ ਗਿਆ। ਬਾਰਾਂ ਵਰ੍ਹਿਆਂ
ਮਗਰੋਂ ਜਦ ਉਹ ਛੁਟਿਆ, ਤਦ ਉਹਨੂੰ ਸਾਰਾ
ਬਾਹਰ ਦਾ ਜਗਤ ਘਬਰਾ ਜਿਹਾ ਪਾਣ ਲੱਗਾ। ਉਸ
ਦਰਖਾਸਤ ਕੀਤੀ ਕਿ ਮੈਨੂੰ ਮੁੜ ਉਥੇ ਕਾਲੀ
ਕੋਠੜੀ ਵਿਚ ਹੀ ਭੇਜ ਦਿਉ। ਸੋ, ਇਸੀ ਤਰ੍ਹਾਂ
ਮਨੁੱਖ ਸ਼ਹਿਰਾਂ ਵਿਚ ਰਹਿ ਕੇ ਕੁਦਰਤ ਦੀ
ਮਿੱਤਰਤਾ ਥੀਂ ਮੂੰਹ ਪਰ੍ਹੇ ਕਰ ਕੇ ਵਾਂਝਿਆ ਜਾ
ਰਿਹਾ ਹੈ। ਇਸ ਦੀ ਸ਼ਹਿਰੀ ਚਾਲ ਇਹਦੇ ਜੀਵਨ
ਨੂੰ ਵੀ ਬਹੁਤ ਕਰਕੇ ਇਸੇ ਮੰਡਲ ਵਿਚ ਲੈ ਜਾ
ਰਹੀ ਹੈ। ਵਾਸਤਵ ਵਿਚ ਜੋ ਜੀਵਨ ਹੈ, ਉਸ ਦੀ
ਸਿਞਾਨ ਥੀਂ ਵੀ ਬੇਖਬਰ ਹੋ ਰਿਹਾ ਹੈ। ਆਪਣੇ
ਮਨ ਦੀ ਚਿੰਤਾ ਦੀ ਚਮਕ ਨੂੰ ਦੇਖ ਦੇਖ ਖੁਸ਼ ਹੁੰਦਾ
ਹੈ ਤੇ ਇਤਿਹਾਸਕਾਰ ਦੇਖ ਰਹੇ ਹਨ ਕਿ
ਮਨੁੱਖ ਦੀ ਸਭਿਅਤਾ ਦਿਲ ਦੇ ਮੰਡਲ ਥੀਂ
ਉਠ ਕੇ ਮਨ ਦੇ ਮੰਡਲ ਵੱਲ ਜਾ ਰਹੀ
ਹੈ। ਮਾਨਸਿਕ ਕਿਰਿਆ ਤੇ ਰਚਨਾ ਨੂੰ
ਸੱਚ ਜਾਣ ਉਹਦੇ ਮਗਰ ਜਾ ਰਿਹਾ ਹੈ। ਧਰਮ ਜੋ
ਦਇਆ ਥੀਂ ਪੈਦਾ ਹੁੰਦਾ ਹੈ, ਛੱਡਿਆ ਜਾ ਰਿਹਾ
ਹੈ ਤੇ ਖਿਆਲਾਂ ਦੀ ਬਹੁਰੰਗੀ ਨੂੰ ਧਰਮ ਸਮਝਦਾ
ਹੈ। ਸਾਇੰਸ ਅਧਿਆਤਮਿਕ ਮੰਡਲ ਜੀਵਨ ਖੇਤਰ
ਦੀਆਂ ਸੱਚਾਈਆਂ ਨੂੰ ਮਿਥਿਆ ਜਾਣਦਾ ਹੈ।
ਇੰਦਰੀਆਂ ਦੁਆਰਾ ਪ੍ਰਤੱਖ ਨੂੰ ਸਿੱਧ ਕਰਕੇ ਜੋ
ਨਿੱਗਰ ਇੰਦਰੀਜਨਤ ਗਿਆਨ ਪ੍ਰਾਪਤ ਕਰਦਾ ਹੈ,
ਉਸ ਨੂੰ ਨਿਰੋਲ ਸੱਚ ਸਮਝਦਾ ਹੈ।
ਸਭਿਅ ਤੇ ਨੀਤੀ ਗਿਆਤਾ, ਅਕਲ ਵਾਲਾ
ਮਨੁੱਖ ਅੱਜ ਕੱਲ੍ਹ ਦੇ ਜ਼ਮਾਨੇ ਵਿਚ ਆਪਣੀਆਂ
ਇੰਦਰੀਆਂ ਦੀ ਗਵਾਹੀ ਉਤਮ ਸਮਝਦਾ ਹੈ ਤੇ
ਨਿੱਗਰ ਚਮਕ ਦੇ ਹੱਥ ਵਿਚ ਫੜੇ ਚਮਕਦੇ ਸੱਚ
ਮੈਥੀਮੈਟੀਕਲ ਫੈਕਟਸ (ਹਿਸਾਬੀ ਵਿਚਾਰ) ਥੀਂ
ਭਿੰਨ ਕਿਸੀ ਹੋਰ ਅਣਡਿੱਠੇ ਮਨ ਥੀਂ ਪਰ੍ਹੇ ਦੀ
ਸੱਚਾਈ ਸਮਝਣ ਤੇ ਅਨੁਭਵ ਕਰਨ ਥੀਂ ਆਪਣੇ
ਆਪ ਨੂੰ ਸਦਾ ਬੇਬਸ ਸਮਝਦਾ ਹੈ। ਜੇ ਪਿਛਲੇ
ਜ਼ਮਾਨਿਆਂ ਨੇ ਮਜ਼੍ਹਬਾਂ ਤੇ ਮਜ਼੍ਹਬ ਦੀਆਂ
ਫਿਲਾਸਫੀਆਂ ਦੀਆਂ ਨੁਕਤੇਚੀਨੀਆਂ ਸਾਨੂੰ
ਦਿੱਤੀਆਂ; ਤਾਂ ਅੱਜ ਕੱਲ੍ਹ ਦੀ ਸਾਇੰਸ ਸਾਨੂੰ ਇਕ
ਪ੍ਰਤੱਖ ਦਾ ਗਿਆਨ ਦਿੰਦੀ ਹੈ, ਜੋ ਪਹਿਲਾਂ ਸਾਨੂੰ
ਦਿੱਤਾ। ਇਨ੍ਹਾਂ ਪਰੋਖ (ਅਣਦਿਸਦੇ) ਦਾ ਪਤਾ
ਦੱਸਣ ਦੀ ਕੀਤੀ। ਇਸ ਉਪਰ ਉਹ ਟੀਕੇ-ਪੀਕੇ
ਚੜ੍ਹੇ ਜੋ ਮਜ਼੍ਹਬ ਇਕ ਵਹਿਮ ਹੋ ਗਿਆ ਤੇ
ਫਿਲਾਸਫੀ ਇਕ ਸਿਰ ਦਾ ਖਾਪਾ। ਧਰਮ ਚਰਚਾ
ਬਸ ਗੱਲਾਂ ਹੀ ਗੱਲਾਂ ਹੋ ਗਈਆਂ। ਪਰੋਖ
(ਅਣਦਿਸਦੇ) ਉਪਰ ਇਤਨਾ ਜ਼ੋਰ ਦਿੱਤਾ ਗਿਆ
ਕਿ ਪ੍ਰਤੱਖ ਹੀ ਗੰਵਾ ਬੈਠੇ। ਪਰੋਖ ਤਾਂ ਕਿਸੇ ਕੋਟਨ
ਮਹਿ ਅਧਿਆਤਮਿਕ ਜੀਨੀਅਸ ਨੂੰ ਪ੍ਰਾਪਤ ਹੋਣਾ
ਸੀ। ਇਸ ਮਾਨਸਿਕ ਮਜ਼੍ਹਬ ਦੀ ਦ੍ਵੈਖ, ਵਿਰੋਧ,
ਜਹਾਲਤ, ਖੂਨੀ ਲਾਲ ਅੱਖਾਂ ਤੇ ਭਰਾਵਾਂ ਦੇ ਖੂਨ
ਨਾਲ ਲਹੂ ਭਰੇ ਪੰਜੇ ਦੇਖ ਕੇ ਅਕਲ ਵਾਲਿਆਂ
ਸਭ ਮਜ਼੍ਹਬਾਂ ਨੂੰ ਕੰਡ ਦਿੱਤੀ। ਪਰ ਅਕਲ ਸਦਾ
ਚੋਣਵੀਂ ਹੁੰਦੀ ਹੈ। ਇਨ੍ਹਾਂ ਮਜ਼੍ਹਬਾਂ ਵਿਚੋਂ ਇਖਲਾਕ
ਨੂੰ ਕੱਢ ਕੇ ਆਖਿਆ ਕਿ ਪਿਛਲੇ ਮਜ਼੍ਹਬ ਦੇ ਮੁਰਦਾ
ਅਜਾਇਬ ਘਰਾਂ ਵਿਚੋਂ ਇਹ ਨੁਸਖੇ ਆਪਣਾ
ਆਚਰਣ ਠੀਕ ਕਰਨ ਲਈ ਬੱਸ ਕਾਫੀ ਹਨ।
ਸੁੱਚੀ ਅਕਲ ਵਾਲੇ ਆਪ ਮੁਲਕੀ ਕੰਮਾਂ ਯਾ ਸ਼ੋਸ਼ਲ
ਕੰਮਾਂ ਵਿਚ ਲੱਗ ਪਏ, ਯਾ ਸਾਹਿਬ ਦੀਆਂ
ਲੈਬਾਰਟਰੀਆਂ ਵਿਚ ਪਰੋਖ ਨੂੰ ਵਿਸਾਰ ਕੇ ਆਪਣੇ
ਚੁਣੇ ਕੰਮਾਂ ਵਿਚ ਗੜੂੰਦ ਹੋ ਗਏ। ਡਾਰਵਨ, ਹੇਗਲ
ਆਦਿ ਦਾ ਪਾਠ ਪੂਜਾ ਲੈਬਾਰਟਰੀ ਦਾ ਕੰਮ ਹੋ
ਗਿਆ। ਦਿਨ ਰਾਤ ਅਖੰਡ ਕੰਮ ਕੀਤਾ। ਉਸੇ ਕੰਮ
ਕਰਨ ਨਾਲ ਉਨ੍ਹਾਂ ਦੇ ਮਨ, ਆਪਣੇ ਆਪ ਵਿਚ
ਇਕਾਗਰ ਹੋ ਗਏ। 'ਯੋਗ' 'ਯੋਗ' ਕੂਕਿਆ ਨਹੀਂ;
ਪਰ ਆਪਣੇ ਕੰਮ ਰਾਹੀਂ ਪੂਰਨ ਯੋਗੀ ਹੋ ਕੇ
ਨਿਬੜੇ।
ਆਈਨਸਟਾਈਨ ਵਰਗੇ ਰੀਯਾਜ਼ੀ (ਗਣਤ)
ਤੇ ਸਾਇੰਸਵੇਤਾ (ਅਬਜੈਕਟਿਵ) ਮਨ ਨੂੰ
ਇਕਾਗਰ ਕਰ ਇਸ ਦੀ ਕੁਦਰਤ ਦੇ ਗੁੱਝੇ ਭੇਤਾਂ
ਨੂੰ ਲੱਭਣ ਵਾਲੇ ਮਹਾਤਮਾ ਹਨ। ਉਨ੍ਹਾਂ ਨੂੰ
ਖੁਦਗਰਜ਼ ਹੋਣ ਦੀ ਯਾ ਦ੍ਵੈਖ, ਦ੍ਵੈਤ ਕਰਨ ਦੀ
ਨਫਰਤ ਆਦਿ ਕਰਨ ਦੀ ਫੁਰਸਤ ਨਹੀਂ। ਉਨ੍ਹਾਂ
ਨੂੰ ਪਤਾ ਨਹੀਂ ਕਿ ਸਿਵਾਏ ਉਨ੍ਹਾਂ ਦੇ ਮਨ, ਧਿਆਨ
ਤੇ ਧਿਆਨੀ ਸੰਸਾਰ ਦੇ ਹੋਰ ਵੀ ਕੋਈ ਦੁਨੀਆਂ
ਹੈ। ਉਨ੍ਹਾਂ ਨੂੰ ਉਹ ਭੈੜੀਆਂ ਚੰਦਰੀਆਂ ਕਰੂਪ
ਗੱਲਾਂ ਤੇ ਬੇਇਨਸਾਫੀਆਂ ਕਰਨ ਦੀ ਵੇਹਲ ਨਹੀਂ,
ਜਿਹੜੀਆਂ ਕਿ ਅੱਜ ਕੱਲ੍ਹ ਦੇ ਥੋਥੇ "ਜਿਉ ਸਾਸ
ਬਿਨਾ ਮਿਰਤਕ ਕੀ ਲੋਥਾ" ਵਾਲੇ ਮਜ਼੍ਹਬਾਂ ਦੇ
ਪੈਰੋਕਾਰ ਹਿੰਦੁਸਤਾਨ ਯਾ ਅਨਯ ਦੇਸ਼ਾਂ ਵਿਚ ਫਤੂਰ
ਮਚਾਂਦੇ ਹਨ।
ਜਦ ਅਸੀਂ ਇਕ ਆਈਨਸਟਾਈਨ,
ਡਾਰਵਨ ਤੇ ਨਿਊਟਨ ਵਰਗੇ ਦਾ ਇਕਾਗਰ ਜੀਵਨ
ਵੇਖੀਏ, ਤਦ ਉਸ ਦੇ ਮੁਕਾਬਲੇ 'ਤੇ ਇਹ ਮਜ਼੍ਹਬਾਂ,
ਧਰਮਾਂ ਤੇ ਕਰਮਾਂ ਸ਼ਾਸਤਰ-ਸੁਸਤਰ ਕੂਕਣ
ਵਾਲੇ ਊਠ ਲੱਦੀ ਜਾਂਦੇ। ਮੂਰਖ ਮਨੁੱਖਾਂ ਦਾ ਜੀਵਨ
ਇਉਂ ਜਾਪਦਾ ਹੈ, ਜਿਵੇਂ ਮੱਛੀਆਂ ਕਿਸੇ ਥੋੜ੍ਹੇ
ਜਲ ਵਿਚ ਕੁਰਬਲ ਕੁਰਬਲ ਕਰਦੀਆਂ ਹੋਣ।
ਇਨ੍ਹਾਂ ਦੇ ਵੱਖਰੇ ਵਿਕਰਾਲ ਜੀਵਨ, ਇਨ੍ਹਾਂ ਦੇ
ਖਿੰਡਵੇਂ ਮਨ, ਇਨ੍ਹਾਂ ਦੇ ਮਜ਼੍ਹਬ ਦੁਆਰਾ ਬੇਮਜ਼੍ਹਬ
ਹੋਏ, ਅਸ਼ਾਂਤ ਆਚਰਣ, ਇਨ੍ਹਾਂ ਦੇ ਨਿਕੰਮੇ ਗੰਦਮੰਦ
ਦ੍ਵੈਤਾਂ, ਨਿੰਦਾ ਕਰਨ ਦੇ ਕਰੂਪ ਕਰਾਹਤ
ਕਰਨ ਵਾਲੇ ਸੁਭਾਉ, ਇਨ੍ਹਾਂ ਦੇ ਦ੍ਵੈਸ਼, ਭਾਵ, ਇਨ੍ਹਾਂ
ਦੇ ਧਰਮ ਚਾਹਣਾ, ਦੁਆਰਾ ਅਧਰਮ ਵੇਖ ਵੇਖ
ਉੱਚੀ ਸ਼੍ਰੇਣੀ ਦੇ ਲੋਕ ਸਭ ਮਜ਼੍ਹਬਾਂ ਥੀਂ ਕਰਾਹਤ
ਕਰਦੇ ਹਨ। ਇਹ ਅਪਰੋਖ ਦੇ ਮੁਦਿਆਂ ਨੂੰ
ਸਾਹਮਣੇ ਰੱਖ ਕੇ ਆਈ ਜਹਾਲਤ, ਖਿੰਡਰੇ ਮਨ
ਆਦਿਕ ਥੀਂ ਤਾਂ ਸਾਇੰਸ ਹੀ ਚੰਗਾ ਹੈ, ਜਿਥੇ
ਅਬਜੈਕਟਿਵ ਇਕਾਗਰਤਾ ਵਿਚ ਸੁਤੇ-ਸਿੱਧ ਮਨ
ਇਕਾਗਰ ਹੋ ਕੇ ਮਨੁੱਖ ਯੋਗ ਸਿੱਧੀ 'ਧਾਰਣਾ
ਧਿਆਨ ਸਮਾਧੀ' ਦੇ ਦਰਜੇ ਤਕ ਅਪੜਦਾ ਹੈ।
ਪਰ ਜਿਵੇਂ ਮਜ਼੍ਹਬ ਵਾਲਿਆਂ ਨੇ ਸੂਰਜ ਚੜ੍ਹੇ
ਸਭ ਜਗਤ ਹਨੇਰਾ ਕਰ ਦਿੱਤਾ; ਕੌਮਾਂ ਦੀਆਂ
ਕੌਮਾਂ, ਨਸਲਾਂ ਦੀਆਂ ਨਸਲਾਂ ਬੇੜੀ ਡੋਬ ਕੇ
ਬੈਠੀਆਂ ਹਨ; ਮਜ਼੍ਹਬ ਮਨੁੱਖਾਂ ਦੇ ਕਿਸੇ ਵੱਡੇ ਗਰੋਹ
ਨੂੰ ਸਾਧ ਸੰਗਤ ਭਾਵ ਪਰਸਪਰ ਪਿਆਰ ਕਰਨ
ਵਾਲੇ, ਪਰਸਪਰ ਸੇਵਾ ਕਰਨ ਵਾਲੇ ਬੰਦੇ ਬਨਾਣ
ਵਿਚ, ਕੁਛ ਕਾਲ ਲਈ ਅਸਮਰੱਥ ਹੋਇਆ ਹੈ।
ਬੁੱਧਇਜ਼ਮ, ਈਸਾਈ ਮੱਤ, ਇਸਲਾਮ ਮੱਤ,
ਹਿੰਦੂ ਮੱਤ ਆਦਿ ਅਸਮਰੱਥ ਹੋਏ ਹਨ। ਬੀਜ
ਨਾਸ ਨਹੀਂ। ਕਈ ਪਰੋਖ ਗਿਆਨ ਵਾਲੇ ਰੱਬ ਦੇ
ਬੰਦੇ ਹਰ ਥਾਂ ਮੌਜੂਦ ਹਨ। ਪਰ ਹਰ ਮੁਲਕ, ਹਰ
ਮਿਲਤ, ਹਰ ਮਜ਼੍ਹਬ ਤੇ ਅਮਜ਼੍ਹਬ ਵਿਚ ਹਨ। ਇਸੇ
ਤਰ੍ਹਾਂ ਪਿਛਲੀ ਲੜਾਈ ਨੇ ਦੱਸਿਆ ਹੈ ਕਿ ਸਾਇੰਸ
ਦੀ ਅਬਜੈਕਟਿਵ ਇਕਾਗਰਤਾ ਨੇ ਭਾਵੇਂ ਕਿੰਨੇ
ਚੰਗੇ ਭੇਤ ਲੱਭੇ ਹਨ, ਪਰ ਸੁੱਚੇ ਸਾਇੰਸ ਦਾ
ਨਾਮ, ਮਹਾਤਮਾਵਾਂ ਨੂੰ ਛੱਡ ਕੇ ਬਾਕੀ ਇਸ
ਇਕਾਗਰਤਾ ਦਾ ਜੀਵਨ ਭੀ ਉਸ ਦਵੈਤਾ ਦ੍ਵੈਖ ਦੀ
ਵ੍ਰਿਧੀ ਵੱਲ ਲੱਗਾ। ਮਨੁੱਖ ਨੂੰ ਮਨੁੱਖ ਖਾਣ ਦੇ
ਸਮਾਨ ਕਰਨ ਲੱਗਾ; ਭਰਾ ਆਪਣੇ ਭਰਾ ਦੇ ਲਹੂ
ਨਾਲ ਹੱਥ ਭਰਨ ਲੱਗਾ। ਚਿੱਟੀਆਂ ਬਗੀਆਂ ਕੌਮਾਂ
ਕਾਲੀਆਂ ਗੰਧਮੀ ਕੌਮਾਂ ਨੂੰ ਅਹਾਰ ਕਰਨ
ਲੱਗੀਆਂ। ਸਭਿਅਤਾ, ਸਾਇੰਸ, ਹਿਕਮਤ,
ਅਗਲੀਆਂ ਨੀਤੀਆਂ, ਨਵੇਂ ਸ਼ਾਸਤਰ, ਇਸ ਨਵੇਂ
ਮਹਾਂਭਾਰਤ ਵਿਚ ਬੇ-ਹਥਿਆਰ ਹੋ ਚੁੱਕੇ ਹਨ।
ਸਿਆਣੇ ਲੋਕ ਦੇਖ ਰਹੇ ਹਨ ਕਿ ਸਾਇੰਸ ਦੁਆਰਾ
ਆਏ ਪਰੋਖ ਦੇ ਗਿਆਨ ਵੀ ਰੱਬ ਦੇ ਬੰਦੇ, ਮਨੁੱਖ
ਦਾ ਕੁਛ ਅਸਲ ਵਿਚ ਅਰ ਅਸਲੀਅਤ ਦਾ ਕੁਛ
ਨਹੀਂ ਸੁਆਰ ਸਕਿਆ। ਬੱਤੀ ਨਾ ਸਹੀ ਬਿਜਲੀ
ਸਹੀ; ਤਖ਼ਤ ਨਾ ਸਹੀ ਤਖ਼ਤਾ ਸਹੀ; ਪੈਰ ਜਾਣਾ
ਨਾ ਸਹੀ, ਪੈਦਲ ਨਾ ਸਹੀ, ਏਅਰੋਪਲੇਨ 'ਤੇ
ਸਹੀ; ਅਨਪੜ੍ਹ ਨਾ ਸਹੀ, ਅੱਖਰ ਜਾਣੂ ਸਹੀ;
ਪਰ ਸੁਭਾਅ ਨਹੀਂ ਬਦਲੇ, ਦਿਲ ਨਹੀਂ ਬਦਲੇ।
ਮਨਾਂ ਦੀਆਂ ਬਿਰਤੀਆਂ ਨੇ ਕੋਈ ਪਲਟਾ ਨਹੀਂ
ਖਾਧਾ। ਮਨੁੱਖ ਵੈਸੇ ਦਾ ਵੈਸਾ?
ਇਥੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਰਾਬਿੰਦਰ
ਨਾਥ ਟੈਗੋਰ ਨੇ ਕੁਲ ਹਿੰਦੂ ਵਿਚਾਰਵਾਨਾਂ ਵਾਂਗੂ,
ਜੋ ਸਾਰੇ ਜਗਤ ਵਿਚ ਇਹ ਗੱਲ ਫੈਲਾਣ ਦੀ ਕੀਤੀ
ਹੈ ਕਿ ਹਿੰਦੁਸਤਾਨ ਵਿਚ ਧਰਮ ਦੇ ਖੇਡ ਜੰਗਲਾਂ
ਵਿਚ ਆਰੰਭ ਹੋਏ ਤੇ ਹਿੰਦੂ ਸਭਿਅਤਾ ਅਥਵਾ
ਆਰੀਆ ਸਭਿਅਤਾ ਜੰਗਲਾਂ ਵਿਚ ਪ੍ਰਕਾਸ਼ਵਾਨ
ਹੋਈ ਤੇ ਰੋਮਨ ਸਭਿਅਤਾ ਦੇ ਐਨ ਬਿਲਮੁਕਾਬਲ
ਕੁਝ ਥਾਵਾਂ 'ਤੇ ਆਸ਼ਰਮਾਂ ਵਿਚ ਪਲੀ
ਤੇ ਰੋਮਨ ਸਭਿਅਤਾ ਸ਼ਹਿਰਾਂ ਦੀ ਚਾਰ ਦੀਵਾਰੀ
ਵਿਚ ਉਠੀ ਤੇ ਵੱਡੀ ਹੋਈ ਆਦਿ, ਤੇ ਉਸ ਥੀਂ
ਇਹ ਸਿੱਧ ਕਰਨਾ ਚਾਹਿਆ ਹੈ ਕਿ ਆਰੀਆ
ਜਾਤੀ ਹੋਰਨਾਂ ਕੌਮਾਂ ਥੀਂ ਜ਼ਿਆਦਾ ਧਰਮ ਅਵਲੰਭੀ
ਹੈ। ਇਹ ਉਨ੍ਹਾਂ ਵਿਚਾਰਵਾਨਾਂ ਦੀ ਕੌਮੀ ਕਮਜ਼ੋਰੀ
ਹੈ। ਉਹ ਆਪਣੇ ਆਪ ਨੂੰ ਸਦਾ ਅਪਰੋਖ ਗਿਆਨੀ
ਕੌਮ ਦੱਸਣ ਦੀ ਕਰਦੇ ਹਨ, ਪਰ ਇਹ ਪੁਰਾਣਾ
ਮਨਘੜਤ ਸ਼ਾਸਤਰ ਭਾਵੇਂ ਟੈਗੋਰ ਬਣਾਵੇ, ਭਾਵੇਂ
ਹੋਰ ਇਹੋ ਜਿਹਾ ਕੋਈ ਉਘਾ ਪੁਰਖ; ਨਿਰਾ ਕੂੜ
ਹੀ ਕੂੜ ਹੈ। ਸੱਚ ਇਹੋ ਕੁਛ ਹੈ ਕਿ ਯਾਗਵਲਕ
ਜਿਹੇ ਦੋ ਵਿਆਹ ਕੀਤੇ ਹੋਏ ਰੱਜੋਗੁਣ ਵਿਚ,
ਸ਼ਹਿਰਾਂ ਵਿਚ ਰਹਿੰਦੇ ਸਨ। ਸ਼ਹਿਰ ਉਹ ਜਿਥੇ
ਇੰਦਰੀਆਂ ਦੇ ਭੋਗ ਭੋਗੇ ਜਾਂਦੇ ਸਨ। ਸੰਕਲਪ ਤੇ
ਆਸ਼ਾ ਤ੍ਰਿਸ਼ਨਾ ਦਾ ਜੀਵਨ ਬਸਰ ਕੀਤਾ। ਭਾਵੇਂ
ਰੋਮਨ ਸ਼ਹਿਰ ਬਣਾਂਦੇ ਸਨ, ਭੋਗ ਕਰਦੇ ਸਨ,
ਯਾਗਵਲਕ ਜਿਹੇ ਲੋਕ ਵੀ ਉਹ ਕੰਮ ਕਰਦੇ ਸਨ।
ਜਦ ਉਹ ਅਪਰੋਖ ਗਿਆਨ ਤੇ ਆਤਮਾ ਵੱਲ
ਲੱਗਦੇ, ਤਾਂ ਭੋਗ ਭੋਗਦੀ ਹਿੰਦੂ ਸਭਿਅਤਾ ਐਸੀ
ਕੁਰਖ਼ਤ ਤੇ ਦ੍ਵੈਤਾਂ ਭਰੀ ਸੀ, ਐਸੀ ਖ਼ੁਦਗਰਜ਼ ਤੇ
ਨਿਰਦਈ ਸੀ ਕਿ ਉਹ ਲੋਕੀਂ ਸੁਸਾਇਟੀ (ਸ਼ਹਿਰ
ਭੋਗਾਂ) ਨੂੰ ਤਿਆਗ ਕੇ ਜੰਗਲ ਵਾਸਾ ਕਰਦੇ ਸਨ।
ਹਿੰਦੂ ਬੜਾ ਜ਼ੋਰ ਮਾਰਦੇ ਹਨ; ਪਰ ਆਮ ਹਿੰਦੂ
ਸੁਸਾਇਟੀ ਉਪਨਿਸ਼ਦਾਂ ਦੇ ਵੇਲੇ ਵੀ ਐਸੀ ਦ੍ਵੈਸ਼
ਭਰੀ, ਖ਼ੁਦਗਰਜ਼ੀ ਭਰੀ ਜੀਵਨ ਵਾਲੀ,
ਅਬਜੈਕਟਿਵ (ਪਦਾਰਥਾਂ ਨੂੰ ਲੱਗੀ ਹੋਈ)
ਬਿਰਤੀਆਂ ਵਾਲੀ ਸੀ ਕਿ ਗਿਆਨ ਵਾਲਾ ਪੁਰਖ
ਇਸ ਦਾ ਜ਼ਰੂਰੀ ਤਿਆਗ ਕਰਦੇ ਸਨ।
ਕੀ ਧਰੂ ਦਾ ਪਿਤਾ ਆਰੀਆ ਰਾਜਾ ਆਪਣੀ
ਨਵੀਂ ਵਹੁਟੀ ਦਾ 'ਰਨ-ਮਜ਼ੂਰ' ਨਹੀਂ ਸੀ। ਕੀ
ਧਰੂ ਵਰਗਾ ਕੋਈ ਪੁੱਤਰ ਉਸ ਨਵੀਂ ਨੇ ਜੰਮਿਆ
ਸੀ? ਤੇ ਕੀ ਇਹ ਰੋਮਨਾਂ ਵਰਗੇ ਭੋਗ ਦੇ ਜੀਵਨ
ਦੇ ਚਿੱਤਰ ਨਹੀਂ ਹਨ? ਕੀ ਹਰਨਾਖ਼ਸ਼ ਭਾਰਤ
ਵਰਸ਼ ਦਾ ਫੈਰਾਉ (ਪ੍ਰਾਚੀਨ ਮਿਸਰ ਦੇ ਸ਼ਹਿਨਸ਼ਾਹ
ਦਾ ਰੁਤਬਾ) ਨਹੀਂ ਸੀ? ਕੀ ਭਰਥਰੀ ਹਰੀ ਦੀ
ਗਵਾਹੀ ਕਿ ਹਿੰਦੁਸਤਾਨ ਦੇ ਰਾਜੇ ਭੋਗੀ ਹਨਠੀਕ
ਨਹੀਂ? ਕੀ ਕਾਲੀ ਦਾਸ ਦੀ ਗਵਾਹੀ ਕਾਫੀ
ਨਹੀਂ ਕਿ ਇਹ ਰਾਜੇ ਅੱਜ ਕੱਲ੍ਹ ਦੇ ਪੂਰਬੀ
ਰਾਣਿਆਂ ਵਾਂਗ ਖ਼ੁਦਗਰਜ਼, ਇੰਦਰੀਆਂ ਦੇ ਭੋਗੀ,
ਰਸਾਂ ਵਿਚ ਲਿਪਟ ਕੇ ਐਸ਼ੋ ਆਰਾਮ ਦੇ ਵਤੀਰੇ
ਵਾਲੇ ਹਨ।
ਵੇਦਾਂ ਦੇ ਵਕਤ ਦੇ ਮੰਤਰਾਂ ਵਿਚ ਦ੍ਵੈਤਾਂ ਦਾ
ਭੀ ਜ਼ਿਕਰ ਹੈ। ਉਨ੍ਹਾਂ ਦਾ ਜ਼ਿਕਰ ਕਰਨਾ ਇਸ
ਸਿਲਸਿਲੇ ਵਿਚ ਲੋੜੀਂਦਾ ਨਹੀਂ। 'ਹੇ ਦੇਵਤਾ;
ਹਮਾਰੇ ਦੁਸ਼ਮਨੋਂ ਕੇ ਬੱਚੇ ਔਰ ਕੱਚੇ, ਉਨ੍ਹਾਂ
ਮਾਤਾਉਂ ਕੇ ਗਰਬੋਂ ਮੇਂ ਮਾਰੋ।' ਇਹ ਵੇਦ ਮੰਤਰਾਂ
ਵਿਚ ਦਿਤੀ ਦ੍ਵੈਤਾ ਦਾ ਨਮੂਨਾ ਹੈ। ਇਹ ਅਸੀਂ
ਮੰਨਦੇ ਹਾਂ ਕਿ ਆਰੀਆ ਲੋਕ ਜਦ ਮਨੁੱਖਾਂ ਦਾ
ਲਹੂ ਪੀ ਪੀ ਕੇ ਥੱਕ ਗਏ, ਜਦ ਭਰਾ ਭਰਾਵਾਂ ਦਾ
ਖ਼ੂਨ ਕਰਕੇ ਇਤਨੇ ਰੱਜ ਗਏ ਕਿ ਉਨ੍ਹਾਂ ਨੂੰ
ਪਸ਼ਚਾਤਾਪ ਪੈਦਾ ਹੋਇਆ, ਤਦ ਉਪਨਿਸ਼ਦਾਂ ਦੀ
ਬ੍ਰਹਮ ਵਿਦਿਆ ਏਕਤਾ ਦੇ ਰੰਗ ਦੀ ਸਭਿਅਤਾ
ਉਪਜੀ। ਉਹ ਸ਼ਹਿਰਾਂ ਥੀਂ ਬਾਹਰ ਜੰਗਲਾਂ ਵਿਚ
ਪਲੀ ਤੇ ਉਹ ਵੈਰਾਗ ਥੀਂ ਪੈਦਾ ਹੋਈ; ਵੈਰਾਗ
ਵਿਚ ਹੀ ਰਹੀ। ਜਦ ਕਿਸੇ ਨੂੰ ਪਰੋਖ ਦੀ ਨੂਰ
ਸੋਝੀ ਪਈ, ਤਦ ਕੋਈ ਦਮਕ ਵਾਲਾ, ਜੀਵਨ
ਕਣੀ ਵਾਲਾ ਪੁਰਖ ਲਸਿਆ। ਹਾਂ! ਬਸ ਕੋਈ
ਕੋਈ! ਸਹਸਾਂ ਵਿਚ ਕੋਈ! ਅਸਲੀ ਜੀਵਨ ਕਣੀ
ਵਾਲਾ ਪੁਰਖ, ਕੋਈ ਕੋਈ। ਸੁਸਾਇਟੀ ਕਦੀ
ਅਬਜੈਕਟਿਵ ਦੁਨੀਆ ਥੀਂ ਉਪਰ ਤੱਕਣ ਵਾਲੀ
ਨਾ ਹੋਈ, ਨਾ ਹੈ। ਇਤਨਾ ਜ਼ਰੂਰ ਹੋਇਆ ਕਿ
ਵਿਦਿਆ ਧਿਆਨ ਦੇ ਮੰਡਲ ਵਿਚ ਪਰੋਖ ਦੀਆਂ
ਸੁਣੀਆਂ ਸੁਣਾਈਆਂ ਕੁਝ ਕੁ ਕਥਾਵਾਂ ਟੁਰ
ਪਈਆਂ, ਜਿਸ ਦਾ ਨਤੀਜਾ ਇਹ ਹੋਇਆ ਕਿ
ਅਪਰੋਖ ਦੀ ਵਿਦਿਆ ਸਾਇੰਸ ਵੱਲੋਂ ਧਿਆਨ ਮੁੜ
ਕੇ ਅਪ੍ਰਾਪਤਨੀ ਵਸਤੂਆਂ ਵੱਲ ਲੱਗ ਗਿਆ ਤੇ
ਸਦੀਆਂ ਲਈ ਕੌਮਾਂ ਦੀਆਂ ਕੌਮਾਂ ਵਹਿਮਾਂ ਭਰਮਾਂ
ਦੇ ਵਿਚ ਲਿਬੜੀ ਗਈਆਂ। ਹਜ਼ਾਰ ਗੰਗਾ ਵੱਲ
ਜਾਣ 'ਤੇ ਇਨ੍ਹਾਂ ਲੋਕਾਂ ਦੇ ਮਿਥਿਆ, ਮਿਥੇ ਵਹਿਮ
ਤੇ ਭਰਮ ਨਿਕਲ ਨਹੀਂ ਸਕਦੇ।
ਸਭ ਦੇਸ਼ਾਂ ਦੀ ਮਨੁੱਖ ਜਾਤੀ ਦਾ ਸੁਭਾਅ
ਇਕੋ ਜਿਹਾ ਹੈ। ਕੋਈ ਕਿਸੀ ਪਾਸੂਨ, ਨਾ ਅਪਰੋਖ,
ਨਾ ਅੱਛਾ ਹੋਣ ਵਿਚ ਨਾ ਬੁਰਾ ਹੋਣ ਵਿਚ, ਕੋਈ
ਘੱਟ ਯਾ ਵੱਧ ਹੈ। ਟੈਗੋਰ ਆਦਿ ਦਾ ਕਹਿਣਾ ਹੈ
ਕਿ ਜੰਗਲ ਦੀ ਸਭਿਅਤਾ ਬਸ ਹਿੰਦੁਸਤਾਨ ਵਾਲੀ
ਆਰੀਆ ਜਾਤੀ ਦਾ ਹਿੱਸਾ ਹੈ, ਕੁਛ ਅਰਥ ਨਹੀਂ
ਰੱਖਦਾ। ਜੇ ਕਦੀ ਇਹ ਕਿਹਾ ਜਾਏ ਕਿ ਜੀਵਨ
ਥੋੜ੍ਹਾ ਤੇ ਗੱਲਾਂ ਬਹੁਤ, ਕਰਨੀ ਕਿਸੀ ਕਿਸੀ ਦੀ,
ਰਹਿਣੀ ਕਿਸੀ ਕਿਸੀ ਦੀ, ਤੇ ਉਸ ਉਪਰ ਗੱਲਾਂ,
ਦੰਦ ਕਥਾਵਾਂ ਦਾ ਭਰਮਾਰ, ਮਾਰਨ ਵਾਲੀ ਅਗਰ
ਕੋਈ ਕੌਮ ਹੈ, ਤਦ ਉਹ ਇਹ ਹਨ। ਪਰ ਇਹ
ਕੋਈ ਫਖ਼ਰ ਵਾਲੀ ਗੱਲ ਨਹੀਂ। ਇਸ ਨੇ ਸਾਰੀ
ਹਿੰਦੂ ਜਾਤੀ ਨੂੰ ਮੁਰਦਾ ਕਰ ਦਿੱਤਾ ਹੈ ਤੇ ਜੋ
ਨੁਸਖ਼ਾ ਇਤਨਾ ਕਾਤਲ ਸਬੂਤ ਤੇ ਵਿਹ ਵਾਲਾ ਹੈ,
ਉਸ ਦਾ ਪ੍ਰਚਾਰ ਕਰਨਾ ਅਕਲ ਦੀ ਕਮਜ਼ੋਰੀ,
ਆਤਮਾ ਦੇ ਬੇਨੈਣ ਹੋਣ ਦਾ ਸਬੂਤ ਦਿੰਦੀ ਹੈ।
ਸਦੀਆਂ ਲੰਘ ਗਈਆਂ, ਉਨਤੀ, ਆਜ਼ਾਦੀ ਦਾ
ਪੂਰ ਨਾ ਤੱਕਿਆ। ਪੁਰਾਣੇ ਵਹੀ ਖ਼ਾਤੇ ਵਾਂਗੂ ਉਨ੍ਹਾਂ
ਦੇ ਹੋ ਚੁੱਕੇ ਹਿਸਾਬਾਂ ਨੇ ਪੰਨੇ ਉਲਟਣ ਵਾਂਗ,
ਮੁੜ ਮੁੜ ਉਪਨਿਸ਼ਦਾਂ ਨੂੰ ਹੱਥ ਵਿਚ ਲੈ ਲੈ
ਸੁਣਿਆ। ਉਨ੍ਹਾਂ ਕਰਨੀ ਵਾਲੇ ਮਹਾਤਮਾ ਦੇ ਸਹਿਜ
ਸੁਭਾਅ ਦੇ ਅਧਿਆਤਮਿਕ, ਰੂਹਾਨੀ ਗੁਣਾਂ ਦਾ
ਨਾਂ ਲੈ ਲੈ ਸਾਰੀ ਜਾਤੀ ਸਾਰੀ ਕੌਮ ਨੂੰ ਸੁਰਖ਼ਾਬ
ਦਾ ਪਰ ਲਟਕਾਵਣਾ; ਇਹ ਕਿਵੇਂ ਵੀ ਸਾਡੀ ਕੌਮ
ਵਿਚ ਜਾਨ ਭਰਨ ਵਾਲਾ ਸਾਬਤ ਨਾ ਹੋਇਆ।
ਹਿੰਦੁਸਤਾਨ ਵਾਲੇ, ਲੋਕ ਸਮੂਹਾਂ ਵਿਚ ਕਦੀ
ਏਕਤਾ ਦੇ ਪੈਰੋਕਾਰ ਨਹੀਂ ਸਨ। ਜਦ ਪਰਮਾਰਥ
ਇਨ੍ਹਾਂ ਪਾਸ ਆਇਆ, ਤਦ ਇਹਨਾਂ ਵਿਵਹਾਰ
ਪਰਮਾਰਥ ਨੂੰ ਸਦਾ ਅਲੱਗ ਰੱਖਿਆ। ਇਹ ਜਾਤੀ
ਰੋਮਨਾਂ ਤੇ ਯੂਨਾਨੀਆਂ ਵਾਂਗੂ ਅਬਜੈਕਟਿਵ ਭੋਗਾਂ
ਵੱਲ ਰਹੀ। ਪਰ ਇਤਨੀ ਜਹਾਲਤ ਤੇ ਮੈਲੀ ਤਰ੍ਹਾਂ
ਲਪਟ ਰਹੀ ਕਿ ਨਾ ਯੂਨਾਨ ਦੇ ਸੋਹਣੇ ਸੁਵਾਂਗੀ
ਬੁੱਤ ਬਣਾ ਸਕੇ, ਨਾ ਇਟਲੀ ਵਰਗੇ ਚਿੱਤਰ ਚਿਤਰ
ਸਕੇ। ਭਾਵੇਂ ਇਹ ਮੰਨਣਾ ਪਵੇਗਾ ਕਿ ਰੋਮਨ ਲੋਕਾਂ
ਵਾਂਗ ਭੋਗ ਰਸਾਂ ਵਿਚ ਬੜੇ ਨਿਪੁੰਨ ਹੋਏ। ਮੈਂ
ਇਸ ਵਾਸਤੇ ਕਹਿੰਦਾ ਹਾਂ ਕਿ ਹਿੰਦੁਸਤਾਨ ਦੇ
ਲੋਕ ਬਰਾਦਰੀ ਅਰ ਸਮੂਹਕ ਵਿਵਹਾਰ, ਵੈਸੀ
ਹੀ ਅਕਲ ਤੇ ਵੈਸੀ ਆਚਾਰ ਸਦਾ ਰੱਖਦੇ ਆਏ
ਹਨ; ਜੋ ਯੂਰਪ ਦੇ ਲੋਕਾਂ ਦਾ ਚੋਲਾ ਆਇਆ ਤੇ
ਹਮੇਸ਼ਾ ਕੋਈ ਨਾ ਕੋਈ ਆਤਮ ਅਨੁਭਵ ਵਾਲਾ
ਪੁਰਖ ਆਪਣੇ ਬੰਦੇ ਘੱਲਦਾ ਰਿਹਾ ਹੈ। ਜਾਂ ਉਨ੍ਹਾਂ
ਦੇਸ਼ਾਂ ਵਿਚ ਰੱਬ ਦੇ ਬੰਦੇ ਦੀ ਆਵਾਜ਼ ਨਹੀਂ ਕਿਸੇ
ਸੁਣੀ, ਇਸ ਤਰ੍ਹਾਂ ਹਿੰਦੁਸਤਾਨ ਦੇ ਲੋਕਾਂ ਨੇ ਵੀ
ਸੁੱਚੇ ਰੱਬ ਦੇ ਬੰਦੇ ਦਾ ਪੈਗ਼ਾਮ ਕਦੀ ਨਹੀਂ
ਸੁਣਿਆ। ਆਪਣੇ ਸਰੀਰਕ ਤੇ ਮਾਨਸਿਕ ਕ੍ਰਿਆ
ਵਿਚ ਰੁੱਝੇ ਰਹੇ ਮਹਾਤਮਾ ਬੁੱਧ ਵਰਗਿਆਂ ਨੂੰ
ਸ਼ੰਕਰਾਚਾਰੀਆ ਜਿਹਾਂ ਉਠ ਕੇ ਖੰਡਣ ਕੀਤਾ।
ਰਾਮਾਨੁਜ ਜਿਹੇ ਸੂਖਮ ਮੰਤਕ ਵਾਲਿਆਂ ਨੇ ਮੁੜ
ਕਿੜ ਕ੍ਰਿਆ ਕਰਮ ਆਦਿ ਦੇ ਵਹਿਮ ਅਰੰਭ ਦਿੱਤੇ।
ਬੁੱਧ ਦੇ ਸੁੱਚੇ ਆਤਮ ਗਿਆਨ ਥੀਂ ਸਾਰੇ ਵਾਂਝੇ
ਰਹੇ। ਜਿਸ ਜਾਪਾਨ ਤੇ ਚੀਨ ਦੇ ਲੋਕਾਂ ਨੂੰ ਆਰਟ
ਦਿੱਤਾ, ਉਨ੍ਹਾਂ ਦੇ ਹੱਥਾਂ ਪੈਰਾਂ ਨੂੰ ਅਖੰਡ ਕਿਰਤ
ਵੱਲ ਲਾਇਆ। ਹਿੰਦੁਸਤਾਨ ਦੇ ਲੋਕੀਂ ਮੁੜ
ਆਲਸ, ਸੁਖਨਾ, ਪੱਥਰਾਂ ਦੀ ਪੂਜਾ ਤੇ ਕਾਲੀ ਅੱਗੇ
ਬੱਕਰੇ ਚੜ੍ਹਾਣ ਦੇ ਕੰਮ ਲੱਗ ਗਏ। ਇਹ ਪੁਰਾਣੀ
ਇਜ਼ਮ ਹੈ, ਜਿਹੜੀ ਅੱਜ ਅਸੀਂ ਦੇਖ ਰਹੇ ਹਾਂ।
ਕੌਮ ਦੀ ਕੌਮ ਨਿਕੰਮੀ ਬੈਠੀ ਹੈ। ਸਿਵਾਏ ਈਰਖਾ,
ਦ੍ਵੈਖ ਤੇ ਆਪਸ ਵਿਚ ਮਾਰ ਕੁਟਾਈ ਤੇ ਇਕ
ਦੂਸਰੇ ਦੀ ਨਿੰਦਾ, ਇਕ ਦੂਸਰੇ ਨਾਲ ਨਫਰਤ
ਆਦਿ ਦੇ ਇਨ੍ਹਾਂ ਨਿਕੰਮਿਆਂ ਨੂੰ ਕੋਈ ਕੰਮ ਨਹੀਂ।
ਅੱਜ ਇਕ ਨੈਸ਼ਨਲ ਪਾਗਲਪਨ ਆਇਆ
ਹੈ। ਹਿੰਦੁਤਸਤਾਨ ਦੇ ਪ੍ਰਾਚੀਨ ਆਰਟ ਦੀਆਂ
ਘਾੜਤਾਂ ਦੇ ਚਿੱਤਰਾਂ ਦੀ ਤਲਾਸ਼ ਹੈ। ਕਿਤਾਬਾਂ ਦੀਆਂ
ਕਿਤਾਬਾਂ ਲਿਖੀਆਂ ਜਾ ਰਹੀਆਂ ਹਨ। ਬੁੱਧ ਮੱਤ
ਨੇ ਆਰਟ ਨੂੰ ਜਨਮ ਦਿੱਤਾ ਤੇ ਅਕਹਿ ਸੁੱਖ ਦੀ
ਸੁਰਤੀ, ਉਨ੍ਹਾਂ ਜ਼ਮਾਨਿਆਂ ਵਿਚ ਘੜਨ ਹੋਈ।
ਸਮਾਧੀ ਦਾ ਸੁੱਖ, ਨੁਹਾਰਾਂ, ਨੱਕਾਂ, ਅੱਖਾਂ, ਹੱਥਾਂ
ਪੈਰਾਂ ਦੀ ਯੂਨਾਨੀ ਅਰਥ 'ਚ ਸੁੰਦਰਤਾ ਦਾ ਮੁਹਤਾਜ
ਨਹੀਂ। ਗਰੀਬ ਥੀਂ ਗਰੀਬ, ਕਰੂਪ ਥੀਂ ਕਰੂਪ
ਚਿਹਰੇ ਪਰ ਵੀ ਸਮਾਧੀ ਦੀ ਸ਼ਾਂਤੀ ਅੰਕਿਤ ਹੋ
ਸਕਦੀ ਹੈ। ਇਸ ਮੂਰਤੀ ਨੂੰ ਇਸ ਖਿਆਲ ਵਿਚ
ਰੰਗ ਵੰਗ ਦੇਣਾ ਬੁੱਧ 'ਆਰਟਿਸਟ' ਦਾ ਕੰਮ ਸੀ।
ਪਰ ਇਹ ਗੱਲ ਆਖ ਕੇ ਇਹ ਕਹਿਣਾ ਕਿ
ਹਿੰਦੁਸਤਾਨ ਦਾ ਸਾਰਾ ਆਰਟ ਸਬਜੈਕਟਿਵ ਹੈ,
ਤੇ ਇਸ ਵਿਚ ਅਨਘਰਤੀ ਨਹੀਂ। ਤੇ ਕੋਈ ਅੱਖਾਂ
ਦਾ ਜੋੜੀ ਕਿਸੀ ਪੱਥਰ ਵਿਚ ਅੱਧ ਮੀਟਾ ਕਰ
ਦੇਣਾ, ਕੋਈ 'ਮੱਥਾ ਚੌੜਾ ਤੇ ਨੱਕ ਫੜੌਦਾ ਤੇ
ਨਾਸਾਂ ਝੁਰਮਟ' ਵਾਲੀ ਕਰੂਪਤਾ ਨੂੰ ਬਿਨਾਂ ਅਨੁਭਵ
ਦੇ ਸਮਾਈ ਦਾ ਰੰਗ ਦਿੱਤਾ ਜਾ ਸਕਦਾ ਹੈ। ਇਹ
ਮਿੱਥਣਾ ਇਕ ਸ਼ਹਿਰੀ ਮਖ਼ੌਲ ਹੈ, ਜੀਵਨ ਖੇਤਰ
ਦੀ ਸੁੱਚੀ ਗੱਲ ਨਹੀਂ। ਅਸਤੂ- ਗੱਲ ਇਹ ਹੈ ਕਿ
ਸਿਵਾਏ ਬੁੱਧ ਦੇ ਹੁਨਰ (ਆਰਟ) ਦੇ ਹੋਰ ਪ੍ਰਾਚੀਨ
ਹਿੰਦੁਸਤਾਨ ਦਾ ਹੁਨਰ ਮਨੁੱਖ ਨੂੰ ਨਿਰਵੈਰ ਕਰਨ
ਦੇ ਅਸਮਰੱਥ ਹੈ।
ਗਰੁੜ 'ਤੇ ਚੜ੍ਹੇ ਹਿੰਦੂ ਦੇਵੀ-ਦੇਵਤੇ ਜੰਗ
ਕਰ ਰਹੇ ਹਨ। ਉਨ੍ਹਾਂ ਦੇ ਬੀਰ ਬਿਰਤੀਆਂ, ਆਸਨ
ਤੇ ਜੰਗ ਆਦਿ ਦਾ ਸਾਮਾਨ ਪ੍ਰਾਚੀਨ ਹਿੰਦੂ ਆਰਟ
ਅਲੱਗ ਨਹੀਂ ਕਰ ਸਕਦਾ। ਸੋ, ਕੀ ਆਰਟ ਦੀ
ਗਵਾਹੀ ਜਿਹੜੀ ਉਚੀ ਸ਼੍ਰੇਣੀ ਦੇ ਲੋਕਾਂ ਦੀ ਗਵਾਹੀ
ਹੈ, ਜਿਹੜੇ ਜ਼ਰੂਰ ਬ੍ਰਹਮ ਵਿਦਿਆ ਦੇ ਸੁੱਚੇ
ਆਚਾਰੀਆਂ ਦੇ ਪ੍ਰਭਾਵਾਂ ਹੇਠ ਜੰਮੇ ਪਲੇ ਹੁਨਰ
ਦੁਆਰਾ ਆਈ ਹੈ? ਤੇ ਕੀ ਅੱਜ ਤਕ ਸੀਨਾ ਬਸੀਨਾ
ਆਈ ਹਿੰਦੂ ਜਾਤੀ ਦੇ ਜੀਵਨ ਦੀ ਅਬਜੈਕਟਿਵ
ਲਗਾਤਾਰਤਾ ਦੀ ਪ੍ਰਤੱਖ ਗਵਾਹੀ ਇਹੋ ਹੀ ਦਿਸਦੀ
ਹੈ ਕਿ ਇਹ ਲੋਕੀਂ ਸਦਾ ਅੱਜ ਵਾਂਗ ਹੀ ਦ੍ਵੈਤ
ਵਾਲੇ, ਖੁਦਗਰਜ਼, ਭੋਗੀ, ਅਬਜੈਕਟਿਵ ਦੁਨੀਆਂ
ਦੇ ਚਾਹਵਾਨ, ਆਪਣੇ ਸੁੱਖ ਨੂੰ ਲੋਚਨ ਵਾਲੇ ਸਨ?
ਇਨ੍ਹਾਂ ਕਦੀ ਜੰਗਲਾਂ ਤੇ ਕੁਦਰਤ ਦੇ ਪ੍ਰਭਾਵਾਂ ਦਾ
ਮੂੰਹ ਉਸ ਅਰਥ ਵਿਚ ਨਹੀਂ ਤੱਕਿਆ, ਜਿਸ ਅਰਥ
ਵਿਚ ਟੈਗੋਰ ਆਦਿ ਆਪਣੇ ਵਿਖਿਆਨਾਂ ਵਿਚ ਇਨ੍ਹਾਂ
ਦੀ ਸ਼ਲਾਘਾ ਕਰਦੇ ਹਨ? ਇਹ ਵੀ ਯੂਰਪ ਵਾਂਗ
ਸਾਰੇ ਸ਼ਹਿਰਾਂ ਵਾਲੇ ਲੋਕੀਂ ਹਨ। ਯੂਰਪ ਤੇ ਇਨ੍ਹਾਂ
ਵਿਚ ਇਹੋ ਫਰਕ ਹੈ ਕਿ ਇਹ ਆਲਸੀ ਹਨ;
ਉਹ ਪੁਰਸ਼ਾਰਥੀ ਹਨ। ਉਹ ਚਿੱਟੇ ਹਨ, ਇਹ
ਅਵੱਲੇ ਹਨ। ਇਹ ਮੋਹ ਮਾਇਆ ਵੱਲੋਂ ਮੁਰਦੇ
ਹਨ; ਉਹ ਸਰੀਰਕ ਅਰਥ ਵਿਚ ਖੁਭ ਜਾਂਦੇ ਹਨ।
ਯੂਰਪ ਵਾਲੇ ਆਪਣੀ ਕਿਰਤ ਦੇ ਸੁੱਚੇ, ਮਿਹਨਤ
ਕਰਨ ਵਾਲੇ, ਪਸੀਨਾ ਬਹਾ ਕੇ ਰੋਟੀ ਖਾਣ ਵਾਲੇ
ਆਦਿ ਗੁਣਾਂ ਵਾਲੇ ਹੋ ਗਏ। ਜਹਾਜ਼ ਦਾ ਕਪਤਾਨ,
ਰੇਲ ਦੇ ਚਲਾਣ ਵਾਲੇ, ਆਪਣੇ ਕੰਮ 'ਤੇ ਖਲੋਤਾ
ਇੰਜੀਨੀਅਰ, ਬਿਜਲੀ ਬਨਾਣ ਤੇ ਚਲਾਣ ਵਾਲੇ,
ਆਪਣੇ ਆਪਣੇ ਕੰਮ 'ਤੇ ਇਕ ਅਕਹਿ ਦ੍ਰਿੜ੍ਹਤਾ
ਤੇ ਉਚਾਈ ਨਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਪਰ
ਕੋਈ ਉਦਾਸੀ ਨਹੀਂ ਆਉਂਦੀ। ਉਹ ਉਨ੍ਹਾਂ ਦਾ
ਧਰਮ ਹੈ। ਪਰ ਹਿੰਦੁਸਤਾਨ ਦਾ ਮਜੂਰ ਕੰਮ
ਘਸਾਊ ਹੈ। ਇਹ ਨਹੀਂ ਕਿ ਉਹ ਲਾਲਚੀ ਨਹੀਂ,
ਉਹ ਸੁੱਖ ਨਹੀਂ ਚਾਹੁੰਦਾ? ਉਹ ਉਪਰਾਮ ਹੈ;
ਨਹੀਂ? ਉਹ ਆਲਸੀ ਹੈ, ਮੈਲਾ ਹੈ, ਬੇ-ਜ਼ਿੰਮੇਵਾਰ
ਹੈ। ਜੇ ਪਰੋਖ ਦੀ ਸਭਿਅਤਾ ਦਾ ਸਦੀਆਂ ਮਗਰੋਂ
ਇਹ ਨਤੀਜਾ ਕੌਮ ਦੀ ਕੌਮ ਪੁਰ ਆਨ ਵਾਕਿਆ
ਹੋਇਆ ਹੈ, ਤਦ ਸਲਾਮ; ਉਧਰ ਤਾਂ ਲੋਕੀਂ ਬਿਨਾ
ਪਰੋਖ ਦੇ ਬਹਾਨੇ ਦੇ ਅਪਰੋਖ ਦੀ ਸਰਬ ਸਿੱਧੀ
ਕਰ ਇਕ ਜ਼ਿੰਮੇਵਾਰ ਆਚਰਨ ਪੈਦਾ ਕਰ ਰਹੇ
ਹਨ। ਦਿਨੋ ਦਿਨ ਮਨੁੱਖੀ ਗੁਣਾਂ ਵਿਚ ਵਧ ਰਹੇ ਤੇ
ਇਧਰ ਦਿਨੋ ਦਿਨ ਬੇ-ਜ਼ਿੰਮੇਵਾਰ, ਖ਼ੁਦਗਰਜ਼,
ਸੁਰਤ ਵਿਚ ਲੱਗੇ ਭੈੜੇ ਹੁੰਦੇ ਜਾ ਰਹੇ ਹਨ। ਪਰ
ਹੁਣ ਕੀ ਸ਼ਾਂਤੀ ਨਿਕੇਤਨ ਤੇ ਸਾਬਰਮਤੀ ਦੇ ਪੜ੍ਹੇ
ਲਿਖੇ ਅੱਜ ਕੱਲ੍ਹ ਦੇ ਵਿਚਾਰਵਾਨ ਪਰੋਖ ਦੇ ਸੁਪਨੇ
ਲੈ ਰਹੇ ਹਨ।
ਸ਼ਾਂਤੀ ਨਿਕੇਤਨ ਵਿਚ ਵੀ ਪਰੋਖ ਉਤੇ
ਵਿਖਿਆਨ ਹੋ ਰਹੇ ਹਨ। ਮੁੜ ਮਹਾਂਭਾਰਤ ਨੂੰ
ਨਵੀਂ ਤਰ੍ਹਾਂ ਛਪਾਣ ਦੇ ਯਤਨ ਵਿਚ ਹਨ ਤੇ ਇਹ
ਅੰਦਰੋਂ ਥੋਥੇ ਲੋਕ ਆਪਣੇ ਅਨਉਚਿਤ ਗੁਣ
ਗਾਇਨ ਥੀਂ ਥੱਕੇ ਨਹੀਂ। ਉਹ ਯੂਰੋਪੀਅਨ, ਜੋ
ਇਨ੍ਹਾਂ ਪੁਰਾਣੀਆਂ ਗੱਲਾਂ ਨੂੰ ਅਜਾਇਬ ਘਰ ਵਿਚ
ਪਈਆਂ ਚੀਜ਼ਾਂ ਥੀਂ ਵੱਧ ਕੁਛ ਨਹੀਂ ਸਮਝਦੇ, ਉਨ੍ਹਾਂ
ਦੀਆਂ ਖ਼ੁਸ਼ਾਮਦਾਂ ਦਾ ਸਮੂਹ ਹੋਰ ਇਕੱਠਾ ਕਰ
ਰਹੇ ਹਨ ਤੇ ਆਪਣੀਆਂ ਤਾਰੀਫਾਂ ਸੁਣ ਸੁਣ ਕੇ
ਇਨ੍ਹਾਂ ਦੀਆਂ ਗੱਲ੍ਹਾਂ ਲਾਲ ਹੋ ਰਹੀਆਂ ਹਨ। ਇਹ
ਚਿੱਤਰ ਵੀ ਸ਼ਹਿਰੀ ਅਕਲ ਤੇ ਸੁਰਤ ਦੇ ਹਨ।
ਇਹ ਨਿਸ਼ਾਨੀਆਂ ਪਰੋਖ ਵਾਲੇ ਬਾਨ-ਨਿਵਾਸੀਆਂ
ਦੀਆਂ ਨਹੀਂ।
ਸੋ, ਮਨੁੱਖ ਨੇ ਤ੍ਰਿਸ਼ਨਾ ਦਾ ਸ਼ਹਿਰ ਬਣਾ ਕੇ
ਆਪਣੇ ਆਪ ਨੂੰ ਕੁਦਰਤ ਥੀਂ ਵਾਂਝਾ ਕਰ ਦਿੱਤਾ
ਹੈ। ਕੁਦਰਤ ਤੇ ਮਨੁੱਖ ਇਕ ਹਨ। ਯੂਰਪ ਵਾਲਿਆਂ
ਕੁਦਰਤ ਨੂੰ ਮੁਰਦਾ ਸਮਝਿਆ ਹੈ, ਸੋ ਉਨ੍ਹਾਂ ਇਸ
ਥੀਂ, ਮੌਤ ਖ਼ਰੀਦੀ ਹੈ। ਕੁਦਰਤ ਜਿਊਂਦੀ ਜਾਗਦੀ
ਹੈ। ਗੁਰੂ ਬਾਬੇ ਨੇ ਕਿਹਾ ਹੈ ਕਿ ਰੱਬ "ਕੁਦਰਤਿ
ਵਸਿਆ" ਹੈ। ਬਾਬਾ ਨਾਨਕ ਦੇ ਸੱਚ ਦੇ ਬਾਦਸ਼ਾਹਤ
ਦਾ ਜਨਮ ਕੁਦਰਤ ਵਿਚ ਹੈ।
ਸੋ ਅੰਤਰਿ ਸੋ ਬਾਹਰਿ ਅਨੰਤ॥
ਘਟਿ ਘਟਿ ਬਿਆਪਿ ਰਹਿਆ ਭਗਵੰਤ॥
(ਗਉੜੀ ਸੁਖਮਨੀ ਮਹਲਾ 5, ਪੰਨਾ 293)
ਹੁਣ ਬਾਬੇ ਦੇ ਨਾਮ-ਲੇਵਿਆਂ ਦਾ ਕੰਮ ਹੈ
ਸ਼ਹਿਰਾਂ ਨੂੰ ਮੂੰਹ ਮੋੜ ਕੇ ਆਸ਼ਾ-ਤ੍ਰਿਸ਼ਨਾ, ਤਿਆਗ
ਕੇ ਆਪਣੇ ਪਿਆਰੇ ਦੇ ਪਿਆਰੇ ਦਾ ਦੀਦਾਰ ਕਰਨ।
ਕੁਦਰਤ ਨੂੰ 'ਹਰਿ ਰੂਪ' ਜਾਣ ਉਸ ਵਿਚ ਸਮਾਣ,
ਬਿਰਖਾਂ, ਦਰਿਆਵਾਂ, ਪਹਾੜਾਂ, ਸਿਤਾਰਿਆਂ,
ਸੂਰਜਾਂ ਨਾਲ ਮਿਲ ਕੇ ਆਪਣੀ ਜੋਤ ਪ੍ਰਗਟਾਵਣ।
ਇਹ ਕੂੜ ਹੋਵੇਗਾ; ਅਗਰ ਮੈਂ ਮੰਨਾਂ ਕਿ
ਅੱਜ ਕੱਲ੍ਹ ਖ਼ਾਲਸਾ ਗੁਰੂ ਕਾ ਸਿੱਖ ਸਮੂਹ ਰੂਪ
ਵਿਚ ਇਕ ਮਾਇਆਵੀ ਹੈ। ਤ੍ਰਿਸ਼ਨਾ ਧਰਮ ਨੂੰ
ਅਧਰਮੀ ਕਰਦੀ ਹੈ, ਪਰ ਖ਼ਾਲਸਾ ਸਮੂਹ ਰੂਪ
ਵਿਚ ਆਤਮ ਆਦਰਸ਼ ਵੱਲ ਵੀ ਨਹੀਂ ਜਾ ਰਿਹਾ।
ਤੇ ਜੇ ਇਹੋ ਚਾਲ ਰਹੀ ਤੇ ਸਮੂਹ ਰੂਪ ਵਿਚ, ਪੰਥ
ਰੂਪ ਵਿਚ, ਗੁਰੂ ਸਾਹਿਬ ਦਸਵੇਂ ਪਾਤਿਸ਼ਾਹ ਦੇ
ਹੁਕਮ ਥੀਂ ਟੁੱਟੇਗਾ ਤੇ ਇਕੱਲੀ ਦੁਨੀਆ ਕਹੇਗੀ
ਕਿ ਗੁਰੂ ਗੋਬਿੰਦ ਸਿੰਘ ਜੀ ਵੀ ਗੁਰੂ ਗ੍ਰੰਥ ਸਾਹਿਬ
ਵਿਚ ਅੰਕਿਤ ਪੁਰਖ ਦਾ ਨਮੂਨਾ ਮਨੁੱਖ ਦੇ ਸਮੂਹਾਂ
ਵਿਚ ਪੈਦਾ ਕਰਨ ਵਿਚ ਨਾਕਾਮਯਾਬ ਰਹੇ। ਹਾਏ!
ਅਸੀਂ ਗੁਰੂ ਕੇ ਸਿੱਖ ਅਖਵਾਣ ਵਾਲੇ ਆਪਣੇ
ਸਤਿਗੁਰੂ ਨੂੰ ਇਹ ਉਲਾਹਮਾ ਨਾ ਦੀਵਾਈਏ। ਜਿਸ
ਵੇਲੇ ਸਿੱਖਾਂ ਨੂੰ ਕੋਈ ਇਲਜ਼ਾਮ ਦੇਵੇ, ਅਸੀਂ 'ਹੋਰ
ਵੱਧ ਥੀਂ ਵੱਧ' ਗੁਰੂ ਜੀ ਦੇ ਹੁਕਮਾਂ 'ਤੇ ਚੱਲੀਏ,
ਚਮਕੀਏ ਲੱਸੀਏ:
ਕੋਈ ਐਸੋ ਰੇ ਭੇਟੈ ਸੰਤੁ
ਮੇਰੀ ਲਾਹੈ ਸਗਲ ਚਿੰਤ
ਠਾਕੁਰ ਸਿਉ ਮੇਰਾ ਰੰਗੁ ਲਾਵੈ॥੨॥
ਪੜੇ ਰੇ ਸਗਲ ਬੇਦ ਨਹ ਚੂਕੈ ਮਨ ਭੇਦ
ਇਕੁ ਖਿਨੁ ਨ ਧੀਰਹਿ ਮੇਰੇ ਘਰ ਕੇ ਪੰਚਾ॥
ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਤੁ
ਇਕੁ ਅੰਮ੍ਰਿਤ ਨਾਮੁ ਮੇਰੈ ਰਿਦੈ ਸਿੰਚਾ॥੩॥
(ਧਨਾਸਰੀ ਮਹਲਾ 5, ਪੰਨਾ 687)
ਜੇ ਅਸੀਂ ਇਸ ਉਪਰ ਦਿੱਤੇ ਸ਼ਬਦ ਦੇ
ਸਬਜੈਕਟਿਵ ਆਤਮਿਕ ਆਦਰਸ਼ ਥੀਂ ਮੂੰਹ
ਮੋੜਾਂਗੇ, ਤਦ ਖ਼ਾਲਸਾ ਜੀ, ਯਾਦ ਰੱਖੋ!
ਗੁਰਦੁਆਰਿਆਂ 'ਤੇ ਕਬਜ਼ੇ ਕਰਨ ਦੀ ਪਵਿਤਰ
ਇੱਛਾ ਸਾਡੇ ਮਾੜੇ ਕਰਮਹੀਨ ਨਿਕਾਰੇ ਬੰਦਿਆਂ
ਲਈ ਮਾਇਆਵੀ ਤ੍ਰਿਸ਼ਨਾ ਹੋ ਜਾਵੇਗੀ।
|
|