Shiv Kumar Batalvi
ਸ਼ਿਵ ਕੁਮਾਰ ਬਟਾਲਵੀ

Punjabi Writer
  

Kismat Shiv Kumar Batalvi

ਕਿਸਮਤ ਸ਼ਿਵ ਕੁਮਾਰ ਬਟਾਲਵੀ

ਕਿਸਮਤ

ਅੱਜ ਕਿਸਮਤ ਮੇਰੇ ਗੀਤਾਂ ਦੀ
ਹੈ ਕਿਸ ਮੰਜ਼ਿਲ 'ਤੇ ਆਣ ਖੜੀ
ਜਦ ਗੀਤਾਂ ਦੇ ਘਰ ਨ੍ਹੇਰਾ ਹੈ
ਤੇ ਬਾਹਰ ਮੇਰੀ ਧੁੱਪ ਚੜ੍ਹੀ ।

ਇਸ ਸ਼ਹਿਰ 'ਚ ਮੇਰੇ ਗੀਤਾਂ ਦਾ
ਕੋਈ ਇਕ ਚਿਹਰਾ ਵੀ ਵਾਕਫ਼ ਨਹੀਂ
ਪਰ ਫਿਰ ਵੀ ਮੇਰੇ ਗੀਤਾਂ ਨੂੰ
ਆਵਾਜ਼ਾਂ ਦੇਵੇ ਗਲੀ ਗਲੀ ।

ਮੈਨੂੰ ਲੋਕ ਕਹਿਣ ਮੇਰੇ ਗੀਤਾਂ ਨੇ
ਮਹਿਕਾਂ ਦੀ ਜੂਨ ਹੰਢਾਈ ਹੈ
ਪਰ ਲੋਕ ਵਿਚਾਰੇ ਕੀ ਜਾਨਣ
ਗੀਤਾਂ ਦੀ ਵਿਥਿਆ ਦਰਦ ਭਰੀ ।

ਮੈਂ ਹੰਝੂ ਹੰਝੂ ਰੋ ਰੋ ਕੇ
ਆਪਣੀ ਤਾਂ ਅਉਧ ਹੰਢਾ ਬੈਠਾਂ
ਕਿੰਜ ਅਉਧ ਹੰਢਾਵਾਂ ਗੀਤਾਂ ਦੀ
ਜਿਨ੍ਹਾਂ ਗੀਤਾਂ ਦੀ ਤਕਦੀਰ ਸੜੀ ।

ਬਦਕਿਸਮਤ ਮੇਰੇ ਗੀਤਾਂ ਨੂੰ
ਕਿਸ ਵੇਲੇ ਨੀਂਦਰ ਆਈ ਹੈ
ਜਦ ਦਿਲ ਦੇ ਵਿਹੜੇ ਪੀੜਾਂ ਦੀ
ਹੈ ਗੋਡੇ ਗੋਡੇ ਧੁੱਪ ਚੜ੍ਹੀ ।

ਇਕ ਸੂਰਜ ਨੇ ਮੇਰੇ ਗੀਤਾਂ ਨੂੰ
ਕਿਰਨਾਂ ਦੀ ਦਾਅਵਤ ਜਦ ਆਖੀ
ਇਕ ਬੁਰਕੀ ਮਿੱਸੇ ਚਾਨਣ ਦੀ
ਗੀਤਾਂ ਦੇ ਸੰਘ ਵਿਚ ਆਣ ਅੜੀ ।

ਮੇਰੇ ਗੀਤਾਂ ਭਰੀ ਕਹਾਣੀ ਦਾ
ਕਿਆ ਅੰਤ ਗ਼ਜ਼ਬ ਦਾ ਹੋਇਆ ਹੈ
ਜਦ ਆਈ ਜਵਾਨੀ ਗੀਤਾਂ 'ਤੇ
ਗੀਤਾਂ ਦੀ ਅਰਥੀ ਉੱਠ ਚੱਲੀ ।