ਪੰਜਾਬੀ ਗ਼ਜ਼ਲਾਂ ਖ਼ਲੀਲ 'ਆਜ਼ਾਦ'
1. ਅਮਨ ਦੇ ਸ਼ੀਸ਼ੇ ਦਾ ਪਰਛਾਵਾਂ
ਅਮਨ ਦੇ ਸ਼ੀਸ਼ੇ ਦਾ ਪਰਛਾਵਾਂ, ਉਲਫ਼ਤ ਦੀ ਮਹਿਕਾਰ ਵੀ ਆਂ ।
ਮੈਂ ਵੇਲੇ ਦੀ ਤਖ਼ਤੀ ਦਾ ਮੂੰਹ-ਮੱਥਾ, ਨਕਸ਼-ਨੁਹਾਰ ਵੀ ਆਂ ।
ਕੱਲ੍ਹ ਵੀ ਮੈਂ ਸਾਂ, ਅੱਜ ਵੀ ਮੈਂ ਆਂ, ਆਵਣ ਵਾਲਾ ਕੱਲ੍ਹ ਵੀ ਮੈਂ,
ਸੌਦਾ ਮੇਰੇ ਨਾਲ ਮੁਕਾ ਲਉ, ਵਖ਼ਤਾਂ ਦਾ ਬਾਜ਼ਾਰ ਵੀ ਆਂ ।
ਲੁੱਕਣ-ਮੀਟੀ ਤੇ ਹੱਠ-ਧਰਮੀ, ਹੁਣ ਮੈਂ ਖੇਡਣ ਦੇਣੀ ਨਈਂ,
ਮੈਂ ਜ਼ੁਲਮਾਂ ਦੀ ਨਗਰੀ ਦੇ ਵਿੱਚ, ਅਮਨ ਦਾ ਇੱਕ ਅਵਤਾਰ ਵੀ ਆਂ ।
ਇਸ ਦੁਨੀਆਂ ਦੇ ਮਹਿਲ-ਮੁਨਾਰੇ, ਬਾਗ਼-ਬਗ਼ੀਚੇ ਮੇਰੇ ਲਈ,
ਦੁਖ ਵੀ ਮੇਰੇ, ਸੁਖ ਵੀ ਮੇਰੇ, ਅਮਨਾਂ ਦਾ ਕਿਰਦਾਰ ਵੀ ਆਂ ।
ਅੱਗ ਦੇ ਵਿੱਚ ਵੀ ਮੈਂ ਕੁੱਦਿਆ ਸਾਂ, ਧੌਣ 'ਤੇ ਛੁਰੀ ਫਿਰਾਈ ਸੀ,
ਨੇਜ਼ੇ 'ਤੇ ਸਿਰ ਮੈਂ ਈ ਧਰਿਆ, ਜੱਨਤ ਦਾ ਸਰਦਾਰ ਵੀ ਆਂ ।
ਸੂਲੀ 'ਤੇ ਵੀ ਮੈਂ ਹੀ ਚੜ੍ਹਿਆ, ਅਪਣੀ ਖੱਲ ਵੀ ਆਪ ਹੀ ਲਾਹੀ,
ਜਿਹੜਾ ਲੱਥ ਕੇ ਵੀ ਨਾ ਝੁਕਿਆ, ਉਸ ਸਿਰ ਦੀ ਦਸਤਾਰ ਵੀ ਆਂ ।
ਇਸ ਦੁਨੀਆਂ ਵਿੱਚ ਪਹਿਲਾ ਵਾਸੀ, ਵੀ 'ਆਜ਼ਾਦ' ਤੇ ਮੈਂ ਹੀ ਹਾਂ,
ਅਰਸ਼ 'ਤੇ ਅੱਜ ਵੀ ਜਿਸ ਦਾ ਚਰਚਾ, ਮੈਂ ਓਹੋ ਮੈਂਅਮਾਰ ਵੀ ਆਂ ।
(ਮੈਂਅਮਾਰ=ਰਾਜ ਮਿਸਤਰੀ)
2. ਕੀਤਾ ਏ ਕਿਰਦਾਰ 'ਹੀਰੋ' ਦਾ
ਕੀਤਾ ਏ ਕਿਰਦਾਰ 'ਹੀਰੋ' ਦਾ, ਜੀਹਨੇ ਅਮਨ ਕਹਾਣੀ ਵਿੱਚ ।
ਅਪਣੇ ਸਾਹ ਵੀ ਦੇ ਛੱਡੇ ਨੇ, ਮੈਂ ਉਹਦੀ ਨਿਗਰਾਨੀ ਵਿੱਚ ।
ਐਵੇਂ ਤੇ ਨਈਂ 'ਗ਼ਮ' ਦੁਨੀਆਂ ਦੇ, ਮੇਰੇ ਘਰ ਵਿੱਚ ਆ ਜਾਂਦੇ,
ਚਾਰ-ਦਿਹਾੜੇ ਰਹਿ ਚੁੱਕੇ ਨੇ, ਇਹ ਮੇਰੀ ਮਹਿਮਾਨੀ ਵਿੱਚ ।
ਮੁੱਖ ਤੋਂ ਉਡਿਆ ਦੇਖ ਕੇ ਪੱਲਾ, ਹੋਈ ਗ਼ਲਤੀ ਦੇਖਣ ਦੀ,
ਦਾਨਿਸ਼ਤਾ ਤੇ ਮੈਂ ਨਹੀਂ ਕੀਤੀ, ਹੋਈ ਏ ਨਾਦਾਨੀ ਵਿੱਚ ।
ਸੁਣਿਆ ਏ ਹੁਣ ਤਖ਼ਤ ਵਫ਼ਾ ਦਾ, ਉਹਨੂੰ ਮਿਲਣੇ ਵਾਲਾ ਏ,
ਕਾਸ਼ ! ਕਦੀ ਆ ਜਾਵੇ ਮੈਨੂੰ, ਮੌਤ ਉਹਦੀ ਨਿਗਰਾਨੀ ਵਿੱਚ ।
ਫ਼ਸਲ ਵਫ਼ਾ ਦੀ ਜਿਸ ਥਾਂ ਬੀਜੀ, ਉੱਥੋਂ ਵੱਢੀ ਜ਼ਖ਼ਮਾਂ ਦੀ,
ਗੁਜ਼ਰ ਗਈ ਏ ਕੁੱਲ ਹਿਆਤੀ, ਅਪਣੀ ਤੇ ਕੁਰਬਾਨੀ ਵਿੱਚ ।
ਇਹਦੇ ਪੁੱਤਰ ਖਿੱਚਦੇ ਪਏ ਨੇ, ਚਾਦਰ ਇਹਦੇ ਸਿਰ ਤੋਂ ਅੱਜ,
ਲੱਗਦਾ ਏ ਹੁਣ ਮਰ ਜਾਏਗੀ, 'ਮਾਂ-ਬੋਲੀ' ਉਰਿਆਨੀ ਵਿੱਚ ।
ਬੰਨ੍ਹ 'ਆਜ਼ਾਦ' ਏ ਅਜ਼ਮ ਮਿਰੇ ਦਾ, ਭਾਵੇਂ ਟੱਕਰਾਂ ਮਾਰੇ ਪਈ,
ਐਨਾ ਜ਼ਹਿਰਾ ਰਹਿਣ ਨਾ ਦਿੱਤਾ, ਭੂਤੀ ਹੋਈ ਤੁਗ਼ਿਆਨੀ ਵਿੱਚ ।
(ਦਾਨਿਸ਼ਤਾ=ਜਾਣ ਬੁੱਝ ਕੇ, ਹਿਆਤੀ=ਜ਼ਿੰਦਗੀ, ਉਰਿਆਨੀ=
ਨੰਗਾ ਪਣ, ਅਜ਼ਮ=ਪੱਕਾ ਵਿਸ਼ਵਾਸ, ਤੁਗ਼ਿਆਨੀ=ਹੜ੍ਹ)
3. ਅਪਣੇ ਘਰ ਨੂੰ, ਅਪਣੇ ਘਰ 'ਚੋਂ ਲੱਭਨਾ ਵਾਂ
ਅਪਣੇ ਘਰ ਨੂੰ, ਅਪਣੇ ਘਰ 'ਚੋਂ ਲੱਭਨਾ ਵਾਂ ।
ਭਰਿਆ ਮੇਲਾ ਖ਼ੁਦ ਨੂੰ ਕੱਲਾ ਦੱਬਨਾ ਵਾਂ ।
ਖੋਦਾਂ ਪਿਆ ਵਫ਼ਾ ਦੇ ਅੱਜ ਵੀ ਖੰਡਰਾਂ ਨੂੰ,
ਡਿੱਗਾ-ਢੱਠਾ ਪਿਆਰ ਦਾ ਭੋਰਾ ਕੱਢਨਾ ਵਾਂ ।
ਅੱਖ ਝਮਕੀ ਤੇ ਮੋਤੀ ਖਿਲਰ ਜਾਣੇ ਨੇ,
ਏਸੇ ਲਈ ਮੈਂ ਅੱਖੀਆਂ ਨੂੰ ਬੰਦ ਰੱਖਨਾ ਵਾਂ ।
ਨਹੀਂ ਮੁਨਾਫ਼ਿਕ ਇਸ ਲਈ ਮੇਰਾ ਰੂਪ ਏ ਇੱਕ,
ਖਰੀਆਂ ਕਹਿਣੋਂ ਡਰਨਾ ਵਾਂ ਨਾ ਝਕਨਾ ਵਾਂ ।
ਸਾਹ ਮੇਰੇ 'ਚੋਂ ਬਾਸ ਲਹੂ ਦੀ ਆਉਂਦੀ ਏ,
ਜ਼ਾਲਮ ਦਾ ਲਹੂ ਸ਼ਾਮ-ਸਵੇਰੇ ਚੱਖਨਾ ਵਾਂ ।
ਝੱਖੜ ਮੇਰੀ ਕਿਸ਼ਤੀ ਤੋਂ ਕਤਰਾਣ ਪਏ,
ਮੈਂ ਤਾਂ ਨਾਲ ਕਿਨਾਰੇ ਲੈ ਕੇ ਚੱਲਨਾ ਵਾਂ ।
ਲੱਗਦਾ ਏ 'ਆਜ਼ਾਦ' ਕਿ ਹੋਣੀ ਫਿਰਦੀ ਏ,
ਮਜ਼ਲੂਮਾਂ ਦੇ ਮੱਥੇ ਨੂੰ ਪਿਆ ਪੜ੍ਹਨਾ ਵਾਂ ।
4. ਰੂਹ ਵੀ ਟਿਮਟਿਮਾਉਂਦੀ ਪਈ ਏ
ਰੂਹ ਵੀ ਟਿਮਟਿਮਾਉਂਦੀ ਪਈ ਏ, ਪਿਛਲੀ ਰਾਤ ਦੇ ਤਾਰੇ ਵਾਂਗ ।
ਜੁੱਸੇ ਵਿੱਚੋਂ ਜਾਂਦੀ ਪਈ ਏ, ਸੱਜਣ ਬੇ-ਮੁਹਾਰੇ ਵਾਂਗ ।
ਕੰਢਿਉਂ ਧੱਕੀ ਬੇੜੀ ਤੁਰ ਪਈ, ਭੰਵਰਾਂ ਦੇ ਵੱਲ ਸੱਧਰਾਂ ਦੀ,
ਰੋਂਦੀ ਤੇ ਕੁਰਲਾਉਂਦੀ ਪਈ ਏ, ਟੁੱਟੇ ਹੋਏ ਤਾਰੇ ਵਾਂਗ ।
ਢਹਿੰਦਾ-ਢਹਿੰਦਾ ਬਦਲ ਗਿਆ ਏ, ਮਹਿਲ ਅਸਾਡਾ ਖੰਡਰਾਂ ਵਿੱਚ,
ਦੁਨੀਆਂ ਢੇਰ ਵੀ ਢਾਉਂਦੀ ਪਈ ਏ, ਭੈੜੇ ਦੇ ਵਰਤਾਰੇ ਵਾਂਗ ।
ਮੈਂ ਪ੍ਰਵਾਨਾ ਤੇ ਉਹ ਸ਼ੱਮ੍ਹਾਂ, ਉਮਰ ਦੋਹਾਂ ਦੀ ਫ਼ਜਰਾਂ ਤੀਕ,
ਹੋਣੀ ਕਬਰ ਬਣਾਉਂਦੀ ਪਈ ਏ, ਜਿਉਂ ਮੋਇਆਂ ਦੇ ਮਾਰੇ ਵਾਂਗ ।
ਮੈਂ ਪੈੜਾਂ ਦੇ ਪੈੜੇ ਤੱਕ ਕੇ, ਤੁਰਿਆਂ ਮੰਜ਼ਲ ਲੱਭਣ ਲਈ,
ਕਿਸਮਤ ਪਈ ਮਿਲਾਂਦੀ ਪਈ ਏ, ਅੱਖਰ ਗ਼ਲਤ ਨਿਕਾਰੇ ਵਾਂਗ ।
ਕੱਚੀ ਡੋਰ 'ਆਜ਼ਾਦ' ਏ ਅਪਣੀ, ਗੁੱਡੀ ਫਿਰ ਵੀ ਬਾਹਵਾਂ ਦੀ,
ਖ਼ੌਰੇ ਕਿਉਂ ਉਡਾਂਦੀ ਪਈ ਏ, ਜੁਗਨੂੰ ਦੇ ਚਮਕਾਰੇ ਵਾਂਗ ।
5. ਮੇਰੇ ਲਹੂ ਦੇ ਨਾਲ ਕਦੇ ਜੇ
ਮੇਰੇ ਲਹੂ ਦੇ ਨਾਲ ਕਦੇ ਜੇ, ਤੇਰਾ ਲਹੂ ਨਾ ਰਲਦਾ ।
ਕਦੀ ਨਾ ਮੇਰੇ ਸੀਨੇ ਦੇ ਵਿੱਚ, ਯਾਦਾਂ ਦਾ ਰੁੱਖ ਪਲਦਾ ।
ਜਿਸ ਦੇ ਖ਼ੂਨ 'ਚ ਖ਼ੁੱਦ-ਦਾਰੀ ਦਾ, ਕਤਰਾ ਰਲਿਆ ਹੋਵੇ,
ਅਣਖ ਉਹਦੀ ਦਾ ਝੱਖੜਾਂ ਵਿੱਚ ਵੀ, ਰਹਿੰਦਾ ਦੀਵਾ ਬਲਦਾ ।
ਅੱਥਰੂ ਖ਼ੂਨ ਬਣਨ ਯਾ ਉੱਠਣ ਸੀਨੇ 'ਚੋਂ ਕੁਰਲਾਹਟਾਂ,
ਸ਼ਹਿਰ ਵਫ਼ਾ 'ਚੋਂ ਇੱਕ ਵੀ ਦਰਦੀ, ਹੁਣ ਨਈਂ ਬਾਹਰ ਨਿਕਲਦਾ ।
ਮੁਨਸਿਫ਼ ਦੇ ਖ਼ੂਨ 'ਚ ਰਹਿੰਦੀ, ਥੋੜੀ ਪਰਖ ਵੀ ਬਾਕੀ,
ਕਦੀ ਨਾ ਅਮਨ ਦੀ ਗਰਦਨ ਉੱਤੇ, ਜ਼ੁਲਮ ਦਾ ਖੰਜਰ ਚਲਦਾ ।
ਜੇ ਲਹਿਰਾਂ ਵਿੱਚ ਮਾਸੂਮਾਂ ਦਾ, ਖ਼ੂਨ ਨਾ ਹੁੰਦਾ ਸ਼ਾਮਿਲ,
ਫੇਰ ਸਮੁੰਦਰ ਦਾ ਕੋਈ ਸਾਹਿਲ, ਛੱਲਾਂ ਨੂੰ ਕਿੰਜ ਠੱਲ੍ਹਦਾ ?
ਦਰਿਆਵਾਂ 'ਚੋਂ ਲਾਂਬੂ ਉੱਠਣ, ਸੂਰਜ ਜੀਭਾਂ ਫੇਰੇ,
ਦਿਸਦਾ ਏ 'ਆਜ਼ਾਦ' ਪਿਆ ਹੁਣ ਸਾਹ ਦਾ ਸਾਇਆ ਢਲਦਾ ।
|