Kavi Saundha
ਕਵੀ ਸੌਂਧਾ

Punjabi Writer
  

Kavi Saundha Dharam Singh

ਕਵੀ ਸੌਂਧਾ ਧਰਮ ਸਿੰਘ

ਸੌਂਧਾ ਸਿੰਘ (1750-1839) ਜੋ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਕਵੀ ਸੌਂਧਾ ਕਰ ਕੇ ਪ੍ਰਸਿੱਧ ਹੈ, ਪਿੰਡ ਕਾਲੇ, ਨਜ਼ਦੀਕ ਛੇਹਰਟਾ, ਜ਼ਿਲ੍ਹਾ ਅੰਮ੍ਰਿਤਸਰ ਦਾ ਵਸਨੀਕ ਸੀ । ਇਹ ਪਿੰਡ ਅੱਜ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਲਹਿੰਦੇ ਪਾਸੇ ਇੱਕ ਘੁੱਗ ਵੱਸਦਾ ਪਿੰਡ ਹੈ । ਇੱਥੇ ਹੀ ਕਵੀ ਸੌਂਧਾ ਨੇ 1750 ਦੇ ਲਗਪਗ ਅੱਖਾਂ ਖੋਲ੍ਹੀਆਂ ਅਤੇ 1839 ਤੋਂ ਪਹਿਲਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖੀ । ਉਸ ਦਾ ਸਰਗਰਮ ਕਾਰਜਕਾਲ ਮਹਾਰਾਜਾ ਰਣਜੀਤ ਸਿੰਘ ਕਾਲ ਹੈ । ਕਵੀ ਸੌਂਧਾ ਨੇ ਪਹਿਲੀ ਉਮਰੇ ਅਮੀਰਾਂ ਵਜ਼ੀਰਾਂ ਦੀ ਉਸਤਤ ਕੀਤੀ ਪਰ ਮਗਰੋਂ ਸਭ ਕੁਝ ਛੱਡ-ਛਡਾਅ ਕੇ ਪਰਮਾਰਥ ਅਤੇ ਧਰਮ ਵਾਲੇ ਪਾਸੇ ਆ ਗਿਆ ।
ਕਵੀ ਸੌਂਧਾ ਦਾ ਸਾਹਿਤਿਕ ਸਫ਼ਰ ਅੰਦਾਜ਼ਨ 1790 ਤੋਂ ਸ਼ੁਰੂ ਹੋ ਕੇ 1833 ਤੱਕ ਜਾਰੀ ਰਿਹਾ । ਇਹਨਾਂ ਸਾਲਾਂ ਵਿੱਚ ਉਸ ਨੇ 20 ਕੁ ਰਚਨਾਵਾਂ ਰਚੀਆਂ, ਜਿਨ੍ਹਾਂ ਵਿੱਚੋਂ ਕੁਝ ਛਪੀਆਂ ਹਨ ਅਤੇ ਕੁਝ ਅਣਛਪੀਆਂ । ਇਹ ਹਨ : ਮਿੱਠੜੇ, ਪ੍ਰੇਮ ਦੀ ਵਾਰ, ਰਾਮਾਇਣ ਬਾਰਾਂਮਾਹ, ਗੁਰਪ੍ਰਣਾਲੀ, ਅੰਮ੍ਰਿਤਸਰ ਮਹਿਮਾ, ਝਗੜਾ ਜੱਟੀ ਤੇ ਖਤ੍ਰਾਣੀ, ਹਾਤਮਨਾਮਾ, ਗੁਰ ਉਸਤਿਤ, ਬਾਬਾ ਬੁੱਢਾ ਬੰਸਾਵਲੀ, ਕਥਾ ਸਹਨਚੀ ਕੀ, ਸਾਖੀਆਂ ਗਿਆਨ ਉਪਦੇਸ਼, ਮਹੂਰਤਿ ਚਿੰਤਾਮਣਿ, ਉਸਤਤਿ ਗੁਰੂ ਗੋਬਿੰਦ ਸਿੰਘ ਜੀ ਕੀ ਆਦਿ । ਇਹਨਾਂ ਰਚਨਾਵਾਂ ਨੂੰ ਮੋਟੇ ਤੌਰ ਤੇ ਪੰਜਾਂ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ । ਪਹਿਲਾ ਹਿੱਸਾ ਲੋਕ ਧਰਮੀ ਸਾਹਿਤ ਦਾ ਹੈ ਜਿਸ ਵਿੱਚ ਝਗੜਾ ਜੱਟੀ ਤੇ ਖਤ੍ਰਾਣੀ ਅਤੇ ਸਾਖੀਆਂ ਗਿਆਨ ਉਪਦੇਸ਼ ਰਚਨਾਵਾਂ ਆਉਂਦੀਆਂ ਹਨ । ਝਗੜਾ ਜੱਟੀ ਤੇ ਖਤ੍ਰਾਣੀ ਰਚਨਾ ਏਨੀ ਪ੍ਰਸਿੱਧ ਹੋ ਗਈ ਕਿ ਇਸ ਵਿੱਚੋਂ ਕਵੀ ਸੌਂਧਾ ਦਾ ਨਾਂ ਲੋਪ ਹੋ ਗਿਆ ਤੇ ਇਹ ਲੋਕ-ਗੀਤ ਵਜੋਂ ਪ੍ਰਫੁਲਿਤ ਹੋ ਕੇ ਲੋਕ ਮੂੰਹਾਂ ਤੇ ਖੇਡਣ ਲੱਗੀ । ਇਸ ਨੂੰ ਸਭ ਤੋਂ ਪਹਿਲਾਂ ਰਿਚਰਡ ਟੈਂਪਲ ਨੇ ਲੋਕ ਗਾਇਕਾਂ ਕੋਲੋਂ ਸੁਣ ਕੇ ਰਿਕਾਰਡ ਕੀਤਾ, ਜਿਸ ਨੂੰ ਬਾਅਦ ਵਿੱਚ ਗੁਰਮੁਖੀ ਅੱਖਰਾਂ ਵਿੱਚ ਗੰਡਾ ਸਿੰਘ ਨੇ ਉਲਥਾਇਆ । ਲੋਕ-ਗੀਤ ਵਰਗੀ ਇਹ ਰਚਨਾ ਭਾਵੇਂ ਛੋਟੀ ਹੈ, ਅਸਲ ਵਿੱਚ ਇਹ ਆਪਣੇ ਸਮੇਂ ਦੇ ਹਾਲਾਤ ਦਾ ਸ਼ੀਸ਼ਾ ਹੈ । ਗੱਲ-ਬਾਤ ਭਾਵੇਂ ਦੋ ਪਾਤਰਾਂ ਵਿਚਕਾਰ ਹੈ ਪਰ ਲੁੱਕਵੇਂ ਰੂਪ ਵਿੱਚ ਇਸ ਵਿੱਚ ਪੰਜਾਬੀ ਸਮਾਜ ਦਾ ਹਰ ਵਰਗ ਪੇਸ਼ ਹੈ । ਲੋਕ-ਗੀਤ ਵਾਂਗ ਹੀ ਇਸ ਵਿੱਚੋਂ ਗਾਇਕ ਦੀਆਂ ਕਈ ਖ਼ੂਬੀਆਂ ਮਿਲਦੀਆਂ ਹਨ । ਸਾਖੀਆਂ ਗਿਆਨ ਉਪਦੇਸ਼ ਇੱਕ ਅਜਿਹੀ ਰਚਨਾ ਹੈ ਜਿਸ ਵਿੱਚ ਨਿੱਕੀਆਂ-ਨਿੱਕੀਆਂ ਕਥਾਵਾਂ ਅਤੇ ਹਿਦਾਇਤਾਂ ਲੈ ਕੇ ਉਹਨਾਂ ਰਾਹੀਂ ਕੋਈ ਨਾ ਕੋਈ ਗੁੱਝਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਹ ਇੱਕ ਤਰ੍ਹਾਂ ਦੇ ਨੀਤੀ ਬਚਨ ਹਨ । ਕਈਆਂ ਕਹਾਣੀਆਂ ਵਿੱਚ ਰਾਜਨੀਤੀ ਦੇ ਦਾਅ-ਪੇਚਾਂ ਤੋਂ ਵੀ ਜਾਣੂ ਕਰਵਾਉਣ ਦਾ ਯਤਨ ਕੀਤਾ ਗਿਆ ਹੈ । ਇਹ ਸ਼ਾਇਦ ਇਸ ਕਰ ਕੇ ਹੈ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਅਤੇ ਉਸਦੇ ਅਮੀਰਾਂ ਵਜ਼ੀਰਾਂ ਅਤੇ ਸਰਦਾਰਾਂ ਦੇ ਰੂਪ ਵਿੱਚ ਇੱਕ ਅਜਿਹੀ ਹੁਕਮਰਾਨ ਸ਼੍ਰੇਣੀ ਹੋਂਦ ਵਿੱਚ ਆ ਚੁੱਕੀ ਸੀ ਜਿਨ੍ਹਾਂ ਨੂੰ ਸਮਝਾਉਣਾ ਜਾਂ ਉਪਦੇਸ਼ ਦੇਣਾ ਸਮੇਂ ਦੀ ਮੰਗ ਸੀ । ਸਾਖੀਆਂ ਗਿਆਨ ਉਪਦੇਸ਼ ਵਿਚਲਾ ਸੁਨੇਹਾ ਹੁਕਮਰਾਨਾਂ ਅਤੇ ਆਮ ਲੋਕਾਂ ਦੋਹਾਂ ਲਈ ਹੈ ।
ਕਵੀ ਸੌਂਧਾ ਦਾ ਇੱਕ ਵੱਡ-ਆਕਾਰੀ ਕਿੱਸਾ ਹਾਤਮਨਾਮਾ ਹੈ । ਅਰਬ ਦੇਸ ਦੇ ਤਾਈ ਕਬੀਲੇ ਵਿੱਚ ਇੱਕ ਸਧਾਰਨ ਊਠਵਾਨ ਦੇ ਘਰ ਇੱਕ ਬਾਲਕ ਹਾਤਮ ਦਾ ਜਨਮ ਹੋਇਆ ਜੋ ਪਿੱਛੋਂ ਆਪਣੀ ਸਖਾਵਤ ਅਤੇ ਪਰਉਪਕਾਰਾਂ ਕਰ ਕੇ ਇੱਕ ਨਾਇਕ ਵਜੋਂ ਜਾਣਿਆ ਜਾਣ ਲੱਗਾ । ਹਾਤਮਤਾਈ ਦੀ ਦਇਆ ਭਾਵਨਾ, ਦੁਖਿਆਰਿਆਂ ਲਈ ਹਮਦਰਦੀ ਅਤੇ ਲੋੜਵੰਦਾਂ ਦੀ ਮਦਦ ਜਿਹੇ ਇਨਸਾਨੀ ਜਜ਼ਬਿਆਂ ਨੇ ਉਸ ਨੂੰ ਅਰਬ ਵਿੱਚੋਂ ਕੱਢ ਕੇ ਸਾਰੇ ਏਸ਼ੀਆ ਉਪਮਹਾਂਦੀਪ ਵਿੱਚ ਪ੍ਰਸਿੱਧ ਕਰ ਦਿੱਤਾ । ਉਸ ਦੀ ਪ੍ਰਸਿੱਧੀ ਕਰ ਕੇ ਭਾਰਤ ਦੀਆਂ ਕਈ ਭਾਸ਼ਾਵਾਂ ਵਿੱਚ ਹਾਤਮ ਦਿਆਂ ਸੱਤਾਂ ਸੁਆਲਾਂ ( ਸਫ਼ਰਾਂ ) ਦੀਆਂ ਕਹਾਣੀਆਂ ਲਿਖੀਆਂ ਜਾਣ ਲੱਗੀਆਂ । ਪੰਜਾਬੀ ਵਿੱਚ ਪਹਿਲੀ ਵਾਰ 1807 ਵਿੱਚ ਕਵੀ ਸੌਂਧਾ ਨੇ ਹਾਤਮ ਦੀਆਂ ਕਹਾਣੀਆਂ ਨੂੰ ਇੱਕ ਕਿੱਸੇ ਦੇ ਰੂਪ ਵਿੱਚ ਲਿਖਿਆ । ਇਸ ਕਿੱਸੇ ਦੇ ਲਿਖੇ ਜਾਣ ਪਿੱਛੇ ਇੱਕ ਵਿਚਾਰ ਇਹ ਵੀ ਹੈ ਕਿ ਇਸ ਵੇਲੇ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਇਸ ਲਈ ਪੰਜਾਬੀ ਕਵੀਆਂ ਨੇ ਉਸ ਤੋਂ ਇਨਾਮ-ਸਨਮਾਨ ਲੈਣ ਦੀ ਆਸ ਨਾਲ ਇਸ ਨੂੰ ਲਿਖਿਆ ਹੋਵੇ ਕਿਉਂਕਿ ਇਸ ਵਿੱਚ ਕਈ ਥਾਈਂ ਉਸ ਦੀ ਸਿਫ਼ਤ ਵੀ ਕੀਤੀ ਗਈ ਹੈ । ਹਾਤਮ ਇੱਕ ਆਦਰਸ਼ਕ ਰਾਜੇ ਦਾ ਨਮੂਨਾ ਵੀ ਹੈ । ਹਾਤਮਨਾਮਾ ਅਸਲ ਵਿੱਚ ਸੱਤ ਕਿੱਸਿਆਂ ਦਾ ਇੱਕ ਸੰਗ੍ਰਹਿ ਹੈ ਕਿਉਂਕਿ ਹਰ ਸੁਆਲ ਆਪਣੇ-ਆਪ ਵਿੱਚ ਇੱਕ ਕਿੱਸਾ ਹੈ । ਇਸ ਕਿੱਸੇ ਦਾ ਨਾਇਕ ਹਾਤਮ ਸਾਰੇ ਗੁਣਾਂ ਵਿੱਚ ਨਿਪੁੰਨ ਹੈ । ਦਾਨੀ ਏਨਾ ਕਿ ਖ਼ਜ਼ਾਨਿਆਂ ਦੇ ਖ਼ਜ਼ਾਨੇ ਲੋੜਵੰਦਾਂ ਨੂੰ ਅਵਾਜ਼ਾਂ ਮਾਰ ਕੇ ਵੰਡ ਦਿੰਦਾ ਹੈ । ਤਿਆਗ ਕਰਨ ਤੇ ਆਇਆ ਬਾਦਸ਼ਾਹੀ ਤੱਕ ਤਿਆਗ ਦਿੰਦਾ ਹੈ ਪਰ ਮੱਥੇ ਵੱਟ ਤੱਕ ਨਹੀਂ ਪਾਉਂਦਾ । ਅਹਿੰਸਾਵਾਦੀ ਏਨਾ ਕਿ ਮਾਸਖੋਰੇ ਜਾਨਵਰਾਂ ਉਪਰ ਵੀ ਹੱਥ ਨਹੀਂ ਚੁੱਕਦਾ । ਉਹ ਹਰ ਪਰਖ ਵਿੱਚ ਜੇਤੂ ਹੋ ਕੇ ਨਿਕਲਦਾ ਹੈ । ਕਿੱਸੇ ਦੀ ਨਾਇਕਾ ਹੁਸਨਬਾਨੋ ਉਸ ਵੇਲੇ ਦੀ ਰਾਜਾਸ਼ਾਹੀ ਦਾ ਇੱਕ ਨਮੂਨਾ ਹੈ । ਕਵੀ ਸੌਂਧਾ ਦੀ ਖ਼ੂਬੀ ਇਹ ਹੈ ਕਿ ਉਸ ਨੇ ਫ਼ਾਰਸੀ ਮੂਲ ਦੇ ਕਿੱਸੇ ਨੂੰ ਨਿਰੋਲ ਭਾਰਤੀ ਰੰਗ ਵਿੱਚ ਰੰਗ ਲਿਆ ਹੈ । ਕਿੱਸੇ ਵਿੱਚ ਮਹਾਂਕਾਵਿ ਦਾ ਝਾਉਲਾ ਵੀ ਪੈਂਦਾ ਹੈ ।
ਹਿੰਦੂ ਭਗਤੀ ਕਾਵਿ ਦੇ ਵਰਗ ਵਿੱਚ ਕਵੀ ਸੌਂਧਾ ਦੀਆਂ ਜਿਹੜੀਆਂ ਰਚਨਾਵਾਂ ਨੂੰ ਵਿਚਾਰਿਆ ਜਾ ਸਕਦਾ ਹੈ, ਉਹਨਾਂ ਵਿੱਚ ਮਿੱਠੜੇ, ਪ੍ਰੇਮ ਦੀ ਵਾਰ, ਰਾਮਾਇਣ ਬਾਰਾਂਮਾਹ, ਰਾਮਗੀਤ ਅਤੇ ਮਹੂਰਤਿ ਚਿੰਤਮਣਿ ਹੈ । ਮਿੱਠੜੇ ਇੱਕ ਅਜਿਹੀ ਕਾਵਿ ਵੰਨਗੀ ਹੈ, ਜਿਸ ਵਿੱਚ ਗੋਪੀਆਂ ਵੱਲੋਂ ਕ੍ਰਿਸ਼ਨ ਕਨ੍ਹਈਆ ਪ੍ਰਤਿ ਉਲਾਂਭੇ ਅਤੇ ਹੋੜੇ, ਮਿਹਣੇ ਹਨ । ਪ੍ਰਤੀਤ ਹੁੰਦਾ ਹੈ ਕਿ ਉਲਾਂਭਾ ਸ਼ਬਦ ਦੀ ਕਠੋਰਤਾ ਨੂੰ ਛੁਪਾਉਣ ਲਈ ਉਸ ਵੰਨਗੀ ਨੂੰ ਮਿੱਠੜੇ ਕਹਿ ਲਿਆ ਗਿਆ ਹੈ । ਇਹ ਸ਼ਬਦ ਕਵੀ ਸੌਂਧਾ ਦੀ ਮੌਲਿਕ ਘਾੜਤ ਹੈ । ਭਗਤੀ-ਕਾਵਿ ਦਾ ਇੱਕ ਨਮੂਨਾ ਹੋਣ ਕਰ ਕੇ ਇਸ ਵਿੱਚ ਹੰਕਾਰ ਦੀ ਨਿੰਦਿਆ ਕੀਤੀ ਗਈ ਹੈ । ਰਾਧਾ ਜਦ ਆਪਣੇ ਰੂਪ ਦਾ ਗੁਮਾਨ ਕਰਦੀ ਹੈ ਤਾਂ ਕ੍ਰਿਸ਼ਨ ਉਸ ਨੂੰ ਤਿਆਗ ਦਿੰਦਾ ਹੈ । ਦੁਨਿਆਵੀ ਪੱਧਰ ਤੇ ਮਿੱਠੜੇ ਗਿਲੇ ਸ਼ਿਕਵੇ ਨਾਲ ਸੰਬੰਧਿਤ ਉਹ ਕਾਵਿ ਹੈ ਜਿਸ ਵਿੱਚ ਈਰਖਾ ਤੇ ਸਾੜਾ, ਰੋਸਾ ਤੇ ਤਰਲਾ, ਅਰਜ਼ੋਈ ਤੇ ਸ਼ਿਕਾਇਤ ਦੋਵੇਂ ਹਨ । ਕਵੀ ਸੌਂਧਾ ਰਚਿਤ ਕ੍ਰਿਸ਼ਨ ਕਾਵਿ ਵਿੱਚ ਪ੍ਰੇਮ ਦੀ ਵਾਰ ਇੱਕ ਹੋਰ ਮਹੱਤਵਪੂਰਨ ਲਿਖਤ ਹੈ । ਗੋਪੀਆਂ ਦੀ ਕ੍ਰਿਸ਼ਨ ਕੋਲੋਂ ਵਿਛੜ ਕੇ ਵਿਆਕੁਲ ਹੋਣ ਦੀ ਸਥਿਤੀ ਕਵੀਆਂ ਲਈ ਵਿਸ਼ੇਸ਼ ਖਿੱਚ ਦਾ ਕਾਰਨ ਬਣੀ ਰਹੀ ਹੈ ਅਤੇ ਪ੍ਰੇਮ ਦੀ ਵਾਰ ਇਸੇ ਵਿਆਕੁਲਤਾ ਦਾ ਪ੍ਰਗਟਾਵਾ ਹੈ । ਕ੍ਰਿਸ਼ਨ ਨੂੰ ਬ੍ਰਜ ਤੋਂ ਮਥੁਰਾ ਲਿਜਾਉਣ ਲਈ ਜਦ ਅਕਰੂਰ ਰੱਥ ਲੈ ਕੇ ਆਉਂਦਾ ਹੈ ਤਾਂ ਗੋਪੀਆਂ ਜਿਸ ਸੋਗਮਈ ਅਵਸਥਾ ਨੂੰ ਪੁੱਜਦੀਆਂ ਹਨ, ਕਵੀ ਨੇ ਉਹ ਚਿੱਤਰ ਬੜੀ ਨਿਪੁੰਨਤਾ ਨਾਲ ਖਿੱਚ ਸਿੱਖ ਭਗਤੀ ਕਾਵਿ ਵਿੱਚ ਕਵੀ ਸੌਂਧਾ ਦੀਆਂ ਗੁਰ ਉਸਤਤਿ, ਉਸਤਤਿ ਅੰਮ੍ਰਿਤਸਰ ਜੀ ਕੀ ਅਤੇ ਉਸਤਤਿ ਗੁਰੂ ਗੋਬਿੰਦ ਸਿੰਘ ਜੀ ਕੀ ਆਦਿ ਰਚਨਾਵਾਂ ਆਉਂਦੀਆਂ ਹਨ । ਗੁਰ ਉਸਤਤਿ ਵਿੱਚ ਉਸ ਨੇ ਦਸ ਗੁਰੂ ਸਾਹਿਬਾਨ ਦੇ ਜੀਵਨ ਬਿਰਤਾਂਤ ਵਿੱਚੋਂ ਚੋਣਵੀਆਂ ਪਰ ਪ੍ਰਮੁਖ ਘਟਨਾਵਾਂ ਨੂੰ ਲੈ ਕੇ ਕਵਿਤਾ ਦਾ ਜਾਮਾ ਪਹਿਨਾਇਆ ਹੈ । ਕਵੀ ਦੀ ਆਸ਼ਾ ਇੱਕ ਸ਼ਰਧਾਲੂ ਸਿੱਖ ਵਾਂਗ ਗੁਰੂ ਸਾਹਿਬਾਨ ਦੀ ਸਿਫ਼ਤ ਸਲਾਹ ਕਰਨਾ ਹੈ । ਕਵੀ ਸੌਂਧਾ ਅਤੇ ਸਾਰੇ ਸਿੱਖ ਕਵੀ ਅਸਲ ਵਿੱਚ ਇਹ ਚਾਹੁੰਦੇ ਸਨ ਕਿ ਉਹਨਾਂ ਦੇ ਚਹੇਤੇ ਆਗੂ ਕਿਸੇ ਵੀ ਤਰ੍ਹਾਂ ਭਾਰਤੀ ਜਾਂ ਇਸਲਾਮੀ ਆਗੂਆਂ ਨਾਲੋਂ ਹੀਣੇ ਨਾ ਜਾਪਣ । ਉਸਤਤਿ ਅੰਮ੍ਰਿਤਸਰ ਜੀ ਕੀ ਵਿੱਚ ਅੰਮ੍ਰਿਤਸਰ ਦੀ ਇੱਕ ਤੀਰਥ ਅਤੇ ਧਰਮ-ਕੇਂਦਰ ਵਜੋਂ ਮਾਨਤਾ ਨੂੰ ਦਰਸਾਇਆ ਗਿਆ ਹੈ । ਗੁਰੂ ਸਾਹਿਬਾਨ ਦੇ ਸਮੇਂ ਤੱਕ ਅੰਮ੍ਰਿਤਸਰ ਵਧੇਰੇ ਕਰ ਕੇ ਧਾਰਮਿਕ ਸਰਗਰਮੀਆਂ ਦਾ ਕੇਂਦਰ ਰਿਹਾ ਪਰ ਮਗਰੋਂ ਰਾਜਨੀਤੀ ਨੇ ਵੀ ਇਸ ਉਪਰ ਆਪਣਾ ਰੰਗ ਚਾੜ੍ਹਨਾ ਸ਼ੁਰੂ ਕਰ ਦਿੱਤਾ । ਏਸੇ ਲਈ ਇਹ ਬਦੇਸ਼ੀ ਹਮਲਾਵਰਾਂ ਦਾ ਨਿਸ਼ਾਨਾ ਵੀ ਬਣਦਾ ਰਿਹਾ । ਕਵੀ ਸੌਂਧਾ ਦੀ ਇਹ ਰਚਨਾ 1762 ਵਿੱਚ ਹੋਏ ਵੱਡੇ ਘਲੂਘਾਰੇ ਤੋਂ ਬਾਅਦ ਜਿਸ ਵਿੱਚ ਹਰਿਮੰਦਰ ਸਾਹਿਬ ਅਤੇ ਸਰੋਵਰ ਦੀ ਬੇਅਦਬੀ ਹੋਈ, ਸਿੱਖਾਂ ਨੂੰ ਨਿਰਾਸ਼ਾ ਵਿੱਚੋਂ ਕੱਢਣ ਲਈ ਲਿਖੀ ਗਈ । ਉਸਤਤਿ ਗੁਰੂ ਗੋਬਿੰਦ ਸਿੰਘ ਕੀ ਦੇ ਪਹਿਲੇ ਬੰਦਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਸੰਸਾ ਹੈ ਜਦ ਕਿ ਪਿਛਲੇ ਬੰਦਾਂ ਵਿੱਚ ਖਾਲਸੇ ਦੀ ਬਹਾਦਰੀ ਅਤੇ ਉਸ ਦੀਆਂ ਕਾਮਯਾਬੀਆਂ ਦੀ ਮਹਿਮਾ ਹੈ ।
ਪੰਜਾਬ ਦੇ ਇਤਿਹਾਸ ਬਾਰੇ ਕਵੀ ਸੌਂਧਾ ਦੀਆਂ ਰਚਨਾਵਾਂ ਕਥਾ ਸਹਨਚੀ ਕੀ, ਗੁਰਪ੍ਰਣਾਲੀ ਅਤੇ ਬਾਬਾ ਬੁੱਢਾ ਬੰਸਾਵਲੀ ਕਹੀਆਂ ਜਾ ਸਕਦੀਆਂ ਹਨ । ਕਥਾ ਸਹਨਚੀ ਕੀ ਸਿੱਖ ਮਿਸਲਦਾਰਾਂ ਅਤੇ ਕਾਬਲ ਦੇ ਬਾਦਸ਼ਾਹ ਸ਼ਾਹ ਜ਼ਮਾਨ ਦੇ ਸੈਨਾਪਤੀ ਸਹਨਚੀ ਖ਼ਾਨ ( ਅਸਲ ਨਾਂ ਅਹਿਮਦ ਖ਼ਾਨ ) ਦੇ ਦਰਮਿਆਨ ਗੁਜਰਾਤ ਦੇ ਮੁਕਾਮ ਤੇ 1797 ਵਿੱਚ ਹੋਈ ਲੜਾਈ ਦਾ ਬਿਰਤਾਂਤ ਹੈ । ਘਟਨਾ ਤੋਂ ਛੇਤੀ ਪਿੱਛੋਂ ਲਿਖੇ ਹੋਣ ਕਰ ਕੇ ਭਰੋਸੇਯੋਗ ਹੈ । ਗੁਰਪ੍ਰਣਾਲੀ ਇੱਕ ਅਜਿਹੀ ਸਾਹਿਤ ਵੰਨਗੀ ਸੀ ਜਿਸ ਵਿੱਚ ਗੁਰੂ ਸਾਹਿਬਾਨ ਦੇ ਜਨਮ, ਵਿਆਹ, ਗੱਦੀਨਸ਼ੀਨੀ, ਗੁਰੂਤਾ ਅਤੇ ਜੋਤੀ ਜੋਤ ਸਮਾਉਣ ਦਾ ਬਿਰਤਾਂਤ ਦਰਜ ਹੁੰਦਾ ਸੀ । ਕਵੀ ਸੌਂਧਾ ਦੀ ਗੁਰਪ੍ਰਣਾਲੀ ਵੀ ਅਜਿਹੀ ਹੀ ਹੈ । ਇਸ ਵਿੱਚ ਗੁਰੂ ਸਾਹਿਬਾਨ ਤੋਂ ਬਿਨਾਂ ਪੰਜਾਂ ਪਿਆਰਿਆਂ ਬਾਰੇ ਵੀ ਸਧਾਰਨ ਭਾਂਤ ਦੀ ਜਾਣਕਾਰੀ ਹੈ । ਕਈ ਤੀਰਥਾਂ ਅਤੇ ਧਰਮ-ਕੇਂਦਰਾਂ ਦੇ ਨਾਂ ਵੀ ਗਿਣਵਾਏ ਗਏ ਹਨ । ਗੁਰੂ ਦਰਬਾਰ ਅਤੇ ਬਾਬਾ ਬੁੱਢਾ ਦੇ ਪਰਿਵਾਰ ਦੇ ਗਹਿਰੇ ਸੰਬੰਧਾਂ ਨੂੰ ਬਿਆਨ ਕਰਦੀ ਬਾਬਾ ਬੁੱਢਾ ਬੰਸਾਵਲੀ ਹੈ । ਬਾਬਾ ਬੁੱਢਾ ਦੀ ਬੰਸਾਵਲੀ ਲਿਖਣ ਵਾਲਾ ਕਵੀ ਸੌਂਧਾ ਪਹਿਲਾ ਲੇਖਕ ਹੈ, ਜਿਸਦੇ ਕੁੱਲ 70 ਬੰਦ ਹਨ । ਇਸ ਵਿੱਚ ਭਾਵੇਂ ਕੋਈ ਸੰਨ ਸੰਮਤ ਨਹੀਂ ਦਿੱਤਾ ਗਿਆ ਪਰ ਸਿੱਖ ਲਹਿਰ ਦੇ ਪ੍ਰਚਾਰ ਪ੍ਰਸਾਰ ਵਿੱਚ ਬਾਬਾ ਬੁੱਢਾ ਜੀ ਵੱਲੋਂ ਦਿੱਤੇ ਗਏ ਯੋਗਦਾਨ ਨੂੰ ਸਲਾਹਿਆ ਗਿਆ ਹੈ । ਲੇਖਕ ਨੇ ਉਸ ਵੇਲੇ ਤੱਕ ਜੋ ਕੁਝ ਪਰੰਪਰਾ ਵਿੱਚ ਸੁਣ-ਸੁਣਾਅ ਕੇ ਲਿਖਿਆ ਹੈ, ਉਹ ਬਾਬਾ ਬੁੱਢਾ ਅਤੇ ਉਸਦੇ ਵਾਰਸਾਂ ਦੀ ਸ਼ਖ਼ਸੀਅਤ ਨੂੰ ਉਭਾਰਨ ਵਿੱਚ ਕਾਫ਼ੀ ਸਹਾਈ ਹੈ ।
ਕਵੀ ਸੌਂਧਾ ਇੱਕ ਸਮਰੱਥਾਵਾਨ ਕਵੀ ਸੀ । ਉਸ ਨੇ ਮੱਧ-ਕਾਲ ਦੀਆਂ ਤਕਰੀਬਨ ਸਾਰੀਆਂ ਸਾਹਿਤਿਕ ਧਾਰਾਵਾਂ ਵਿੱਚ ਲਿਖਿਆ ਅਤੇ ਨਾਲ ਹੀ ਉਸ ਵੇਲੇ ਦੀਆਂ ਕਾਵਿ-ਭਾਸ਼ਾਵਾਂ ਅਤੇ ਭਾਸ਼ਾ-ਸ਼ੈਲੀਆਂ ਵਿੱਚ ਵੀ । ਉਸ ਦੀ ਕਵਿਤਾ ਵਿੱਚ ਉਹ ਸਾਰੇ ਗੁਣ ਮੌਜੂਦ ਹਨ ਜੋ ਮੱਧ-ਕਾਲ ਦੀ ਕਵਿਤਾ ਵਿੱਚ ਹੋਣੇ ਜ਼ਰੂਰੀ ਸਮਝੇ ਜਾਂਦੇ ਹਨ । ਪੰਜਾਬੀ ਕਵੀ ਹੋਣ ਦੇ ਨਾਲ ਉਹ ਬ੍ਰਜ ਭਾਸ਼ਾ ਅਤੇ ਫ਼ਾਰਸੀ ਦਾ ਵੀ ਕਵੀ ਸੀ । ਇਸ ਤੋਂ ਅੱਡ ਉਸ ਦੀਆਂ ਸਾਰੀਆਂ ਲਿਖਤਾਂ ਵਿੱਚ ਅਠਾਰ੍ਹਵੀਂ ਸਦੀ ਦੇ ਪਿਛਲੇ ਅੱਧ ਅਤੇ ਉਨ੍ਹੀਵੀਂ ਸਦੀ ਦੇ ਪਹਿਲੇ ਅੱਧ ਦੇ ਇਤਿਹਾਸ ਦੇ ਝਲਕਾਰੇ ਵੀ ਮਿਲਦੇ ਹਨ ।