Shiv Kumar Batalvi
ਸ਼ਿਵ ਕੁਮਾਰ ਬਟਾਲਵੀ

Punjabi Writer
  

Karz Shiv Kumar Batalvi

ਕਰਜ਼ ਸ਼ਿਵ ਕੁਮਾਰ ਬਟਾਲਵੀ

ਕਰਜ਼

ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਤੇਰੇ ਚੁੰਮਣ ਪਿਛਲੀ ਸੰਗ ਵਰਗਾ
ਹੈ ਕਿਰਨਾਂ ਦੇ ਵਿਚ ਨਸ਼ਾ ਜਿਹਾ
ਕਿਸੇ ਛੀਂਬੇ ਸੱਪ ਦੇ ਡੰਗ ਵਰਗਾ
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ

ਮੈਂ ਚਾਹੁੰਦਾਂ ਅੱਜ ਦਾ ਗੋਰਾ ਦਿਨ
ਤਾਰੀਖ਼ ਮੇਰੇ ਨਾਂ ਕਰ ਦੇਵੇ
ਇਹ ਦਿਨ ਤੇਰੇ ਅੱਜ ਰੰਗ ਵਰਗਾ
ਮੈਨੂੰ ਅਮਰ ਜਹਾਂ ਵਿਚ ਕਰ ਦੇਵੇ
ਮੇਰੀ ਮੌਤ ਦਾ ਜੁਰਮ ਕਬੂਲ ਕਰੇ
ਮੇਰਾ ਕਰਜ਼ ਤਲੀ 'ਤੇ ਧਰ ਦੇਵੇ
ਇਸ ਧੁੱਪ ਦੇ ਪੀਲੇ ਕਾਗ਼ਜ਼ 'ਤੇ
ਦੋ ਹਰਫ਼ ਰਸੀਦੀ ਕਰ ਦੇਵੇ

ਮੇਰਾ ਹਰ ਦਿਹੁੰ ਦੇ ਸਿਰ ਕਰਜ਼ਾ ਹੈ
ਮੈਂ ਹਰ ਦਿਹੁੰ ਤੋਂ ਕੁਝ ਲੈਣਾ ਹੈ
ਜੇ ਜ਼ਰਬਾਂ ਦੇਵਾਂ ਵਹੀਆਂ ਨੂੰ
ਤਾਂ ਲੇਖਾ ਵਧਦਾ ਜਾਣਾ ਹੈ
ਮੇਰੇ ਤਨ ਦੀ ਕੱਲੀ ਕਿਰਨ ਲਈ
ਤੇਰਾ ਸੂਰਜ ਗਹਿਣੇ ਪੈਣਾ ਹੈ
ਤੇਰੇ ਚੁੱਲ੍ਹੇ ਅੱਗ ਨਾ ਬਲਣੀ ਹੈ
ਤੇਰੇ ਘੜੇ ਨਾ ਪਾਣੀ ਰਹਿਣਾ ਹੈ
ਇਹ ਦਿਨ ਤੇਰੇ ਅੱਜ ਰੰਗ ਵਰਗਾ
ਮੁੜ ਦਿਨ-ਦੀਵੀਂ ਮਰ ਜਾਣਾ ਹੈ

ਮੈਂ ਚਾਹੁੰਦਾਂ ਅੱਜ ਦਾ ਗੋਰਾ ਦਿਨ
ਅਣਿਆਈ ਮੌਤ ਨਾ ਮਰ ਜਾਵੇ
ਮੈਂ ਚਾਹੁੰਦਾਂ ਇਸ ਦੇ ਚਾਨਣ ਤੋਂ
ਹਰ ਰਾਤ ਕੁਲਹਿਣੀ ਡਰ ਜਾਵੇ
ਮੈਂ ਚਾਹੁੰਦਾਂ ਕਿਸੇ ਤਿਜੋਰੀ ਦਾ

ਸੱਪ ਬਣ ਕੇ ਮੈਨੂੰ ਲੜ ਜਾਵੇ
ਜੋ ਕਰਜ਼ ਮੇਰਾ ਹੈ ਸਮਿਆਂ ਸਿਰ
ਉਹ ਬੇਸ਼ੱਕ ਸਾਰਾ ਮਰ ਜਾਵੇ
ਪਰ ਦਿਨ ਤੇਰੇ ਅੱਜ ਰੰਗ ਵਰਗਾ
ਤਾਰੀਖ਼ ਮੇਰੇ ਨਾਂ ਕਰ ਜਾਵੇ
ਇਸ ਧੁੱਪ ਦੇ ਪੀਲੇ ਕਾਗ਼ਜ਼ 'ਤੇ
ਦੋ ਹਰਫ਼ ਰਸੀਦੀ ਕਰ ਜਾਵੇ