ਔਰਤ-
ਆ ਅਪਨਾ ਜਗਤ ਵਸਾਈਏ
ਸਜਨਾ, ਸਜਨਾ !
ਮਰਦ-
ਆ ਅਪਨਾ ਜਗਤ ਵਸਾਈਏ
ਸਜਨਾ, ਸਜਨਾ !
ਔਰਤ-
ਚੁਗ ਚੁਗ ਕੇ ਇਸ ਜਗ ਦੀਆਂ ਸੂਲਾਂ,
ਕਲੀਆਂ ਫੁਲ ਬਰਸਾਈਏ,
ਸਜਨਾ, ਸਜਨਾ !
ਲਾ ਕੇ ਇਕ ਫੁਲਵਾੜੀ ਸੁੰਦਰ,
ਸਾਂਝਾ ਸਵਰਗ ਬਣਾਈਏ,
ਸਜਨਾ, ਸਜਨਾ !
ਮਰਦ-
ਦਿਲ ਵਿਚ ਦਿਲ ਦੀ ਤਾਰ ਮਿਲਾਕੇ,
ਜੀਵਨ ਸਾਜ਼ ਵਜਾਈਏ,
ਪਿਆਰੀ, ਪਿਆਰੀ !
ਪਿਆਰ ਬਿਨਾਂ ਜੋ ਖਾਲੀ ਹਿਰਦੇ,
ਸਭ ਨੂੰ ਪਿਆਰ ਸਿਖਾਈਏ,
ਪਿਆਰੀ, ਪਿਆਰੀ !
ਔਰਤ-
ਤੂੰ ਹੋਵੇਂ ਕੋਈ ਮੋਰ ਸਜਨ,
ਮੈਂ ਬੱਦਲ ਬਣ ਕੇ ਬਰਸਾਂ,
ਸਜਣਾ, ਸਜਣਾ !
ਮਰਦ-
ਤੂੰ ਇਕ ਪਲ ਜੇ ਲਾਂਭੇ ਹੋਵੇਂ,
ਮੈਂ ਵੇਖਣ ਨੂੰ ਤਰਸਾਂ,
ਪਿਆਰੀ, ਪਿਆਰੀ !
ਦੋਵੇਂ-
ਆ ਅਪਨਾ ਜਗਤ ਵਸਾਈਏ !
ਆ ਅਪਨਾ ਜਗਤ ਵਸਾਈਏ !
ਮੇਰਾ ਦਿਲ ਨਚਦਾ,
ਇਹ ਦਿਲ ਨਚਦਾ,
ਹਾਏ ਦਿਲ ਨਚਦਾ !
ਔਰਤ-
ਜਾਂ ਸਾਵਨ ਭਰਿਆ, ਛਲਕ ਛਲਕ ਡੁਲ੍ਹ ਜਾਵੇ,
ਜਾਂ ਰੁੱਤ ਬਸੰਤ ਪੀਆ ਘਰ ਨਾ, ਘਰ ਆਵੇ ।
ਜਾਂ ਰਸੀਆ ਰਸ ਭਰੀਆਂ ਅੱਖੀਆਂ ਨੂੰ,
ਅੱਖੀਆਂ ਆਨ ਮਿਲਾਵੇ ।
ਮੇਰਾ ਦਿਲ ਨਚਦਾ,
ਇਹ ਦਿਲ ਨਚਦਾ,
ਹਾਏ ਦਿਲ ਨਚਦਾ !
ਮਰਦ-
ਜਾਂ ਨਵੀਂ ਜਵਾਨੀ ਫੁਟ ਫੁਟ ਤਰਲੇ ਪਾਵੇ ।
ਜਾਂ ਚੰਦ ਵਿਚ ਜੋਬਨ ਨਵਾਂ ਨਵਾਂ ਭਰ ਆਵੇ ।
ਜਾਂ ਤਾਰਿਆਂ ਭਰੀਆਂ ਰਾਤਾਂ ਵਿਚ
ਕੋਈ ਪ੍ਰੇਮ ਦੇ ਗੀਤ ਸੁਨਾਵੇ ।
ਮੇਰਾ ਦਿਲ ਨਚਦਾ,
ਇਹ ਦਿਲ ਨਚਦਾ,
ਹਾਏ ਦਿਲ ਨਚਦਾ !
ਔਰਤ-
ਜਾਂ ਝੂਠੀਆਂ ਝਿੜਕਾਂ ਮਾਹੀ ਦੇ ਕਲਪਾਵੇ
ਜਾਂ ਰੂਪ ਕਿਸੇ ਦਾ ਪਾਣੀ ਵਿਚ ਅੱਗ ਲਾਵੇ ।
ਜਾਂ ਹੰਝੂਆਂ ਭਰੀਆਂ ਅੱਖੀਆਂ ਨੂੰ,
ਕੋਈ ਹੱਸ ਹੱਸ ਕੇ ਗਲੇ ਲਾਵੇ ।
ਮੇਰਾ ਦਿਲ ਨਚਦਾ,
ਇਹ ਦਿਲ ਨਚਦਾ,
ਹਾਏ ਦਿਲ ਨਚਦਾ !
ਮਰਦ-
ਜਾਂ ਲਾਟਾਂ ਉੱਤੇ ਸੜ ਮਰਦੇ ਪਰਵਾਨੇ,
ਜਾਂ ਭੰਵਰੇ ਕਲੀਆਂ ਨਾਲ ਮਿਲਣ ਮਸਤਾਨੇ,
ਜਾਂ ਇਹ ਮਸਤਾਨੀਆਂ ਅੱਖੀਆਂ ਵਿਚ,
ਆ ਜਾਂਦੇ ਰੰਗ ਮਸਤਾਨੇ ।
ਮੇਰਾ ਦਿਲ ਨਚਦਾ,
ਇਹ ਦਿਲ ਨਚਦਾ,
ਹਾਏ ਦਿਲ ਨਚਦਾ !
ਫੁਲਾਂ ਦੀਆਂ ਡਾਲੀਆਂ ਦੇ,
ਹਾਸੇ ਨਹੀਓਂ ਰੁਕਦੇ,
ਰੋਂਦੇ ਰੋਂਦੇ ਨੈਣ ਸਾਡੇ,
ਨਿਤ ਜਾਨ ਸੁਕਦੇ,
ਨਿਕੇ ਜਿਹੇ ਢੋਲ ਦੇ,
ਵਿਛੋੜੇ ਨਹੀਓਂ ਮੁਕਦੇ ।
ਸੱਪ ਰੰਗੀ ਕੁੰਜ ਮੈਂ,
ਦੁਪੱਟੇ ਨੂੰ ਲਵਾਨੀਆਂ,
ਸਈਆਂ ਵਿਚ ਚਾਈਂ ਚਾਈਂ,
ਝੂਲ ਝੂਲ ਜਾਨੀਆਂ,
ਜ਼ੁਲਫ਼ਾਂ ਦੇ ਸੱਪਾਂ ਨਾਲ,
ਮਾਹੀ ਨੂੰ ਡਰਾਨੀਆਂ ।
ਸੂਹੇ ਸੂਹੇ ਬੁਲ੍ਹਾਂ ਵਿਚ,
ਮਿੱਠੇ ਮਿੱਠੇ ਗੀਤ ਨੇ,
ਹੰਝੂਆਂ ਦੇ ਢੋਏ ਘੱਲੇ,
ਮਾਹੀ ਦੀ ਪ੍ਰੀਤ ਨੇ,
ਅਜੇ ਨਾ ਬੁਲਾਇਆ,
ਸਾਨੂੰ ਰੁਸੇ ਹੋਏ ਮੀਤ ਨੇ ।
ਹੌਲੀ ਹੌਲੀ ਬੋਲ ਭੌਰਾ,
ਕਲੀਆਂ ਨਾ ਛੇੜ ਵੇ,
ਔਖੇ ਪੰਧ ਪ੍ਰੀਤ ਦੇ,
ਫਸਾਦ ਨਾ ਸਹੇੜ ਵੇ,
ਨੈਣਾਂ ਵਿਚ ਹੰਝੂਆਂ ਦੇ,
ਛਾਲੇ ਨਾ ਉਚੇੜ ਵੇ ।
ਵਸ ਪ੍ਰਦੇਸੀਆ ਵੇ ਕੋਲ ਹੁਣ ਅੱਖੀਆਂ ਦੇ,
ਵਸ ਪ੍ਰਦੇਸੀਆ ਵੇ ਕੋਲ !
ਰਜ ਰਜ ਕਰ ਲੈ ਤੂੰ ਗਲਾਂ ਪ੍ਰਦੇਸੀਆ ਵੇ,
ਰਜ ਰਜ ਮਾਣ ਲੈ ਬਹਾਰ ।
ਤੇਰਿਆਂ ਤੇ ਨੈਣਾਂ ਸਾਨੂੰ ਮਾਰ ਮਾਰ ਸੁਟਿਆ ਵੇ,
ਮਿਠੇ ਮਿਠੇ ਬੋਲ ਹੋਰ ਬੋਲ-
ਵਸ ਪ੍ਰਦੇਸੀਆ ਵੇ ਕੋਲ ਹੁਣ ਅੱਖੀਆਂ ਦੇ,
ਵਸ ਪ੍ਰਦੇਸੀਆ ਵੇ ਕੋਲ !
ਪੁਛ ਸਾਨੂੰ ਤੇਰੇ ਬਿਨਾਂ ਕਿਵੇਂ ਅਸੀਂ ਜੀਵਨਾ ਵੇ,
ਕੀਹਦੇ ਨਾਲ ਕਰਨਾ ਪਿਆਰ ।
ਸਾਡੀਆਂ ਤੂੰ ਮਿਨਤਾਂ ਇਹ ਮੰਨ ਪ੍ਰਦੇਸੀਆ ਵੇ,
ਐਵੇਂ ਸਾਡੀ ਜਿੰਦੜੀ ਨਾ ਰੋਲ-
ਵਸ ਪ੍ਰਦੇਸੀਆ ਵੇ ਕੋਲ ਹੁਣ ਅੱਖੀਆਂ ਦੇ,
ਵਸ ਪ੍ਰਦੇਸੀਆ ਵੇ ਕੋਲ !
ਸਾਵਨੇ ਦਾ ਆ ਗਿਆ ਮਹੀਨਾ ਪ੍ਰਦੇਸੀਆ ਵੇ,
ਨਿਕੀ ਨਿਕੀ ਪੈਂਦੀ ਏ ਫੁਹਾਰ ।
ਕਲੀਆਂ ਦੇ ਜੋਬਨੇ ਤੇ ਭੰਵਰੇ ਨੇ ਲੇਟਦੇ ਵੇ,
ਸਾਡੇ ਨਿਤ ਦੁਖੜੇ ਨਾ ਫੋਲ-
ਵਸ ਪ੍ਰਦੇਸੀਆ ਵੇ ਕੋਲ ਹੁਣ ਅੱਖੀਆਂ ਦੇ,
ਵਸ ਪ੍ਰਦੇਸੀਆ ਵੇ ਕੋਲ !
ਮਰਦ-
ਮਾਹੀ ਰੰਗ ਰਤੀਏ,
ਜਵਾਨੀ ਵਿਚ ਮਤੀਏ,
ਹੌਲੀ ਹੌਲੀ ਹੱਸ ਨੀਂ,
ਗੁਲਾਬ ਦੀਏ ਪਤੀਏ ।
ਔਰਤ-
ਸੋਹਣੇ ਨੈਣਾਂ ਵਾਲਿਆ ਵੇ,
ਮਖਣਾਂ 'ਚ ਪਾਲਿਆ,
ਤੇਰੇ ਨੈਣਾਂ ਖ਼ੂਨੀਆਂ ਨੇ,
ਦਿਲ ਸਾਡਾ ਖਾ ਲਿਆ ।
ਮਰਦ-
ਲੰਮੇਂ ਕਦ ਵਾਲੀਏ ਨੀ,
ਚੰਬੇ ਦੀਏ ਡਾਲੀਏ,
ਘਰ ਆਇਆਂ ਸਜਣਾਂ ਨੂੰ,
ਅੱਖਾਂ ਤੇ ਬਹਾਲੀਏ ।
ਔਰਤ-
ਸੁਣ ਮੇਰੇ ਹਾਣੀਆਂ ਇਹ,
ਸੱਚੀਆਂ ਕਹਾਣੀਆਂ,
ਜਾਗ ਪਈਆਂ ਸੁੱਤੀਆਂ,
ਪ੍ਰੀਤਾਂ ਨੇ ਪੁਰਾਣੀਆਂ ।
ਮਰਦ-
ਸੂਹੇ ਸੂਹੇ ਬੁਲ੍ਹ ਨੀ,
ਅਥਾਹ ਪਏ ਡੁਲ੍ਹ ਨੀ,
ਭੌਰਿਆਂ ਦੇ ਨਾਲ ਗੁੱਸੇ,
ਹੁੰਦੇ ਨਹੀਓਂ ਫੁਲ ਨੀ ।
ਹਸਦੇ ਹਸਦੇ ਮਾਹੀ ਨੇ ਸਾਨੂੰ,
ਦੋ ਤਿੰਨ ਛਮਕਾਂ ਮਾਰੀਆਂ ।
ਹੁਣ ਪਿਆ ਬਹਿ ਬਹਿ ਕੋਲ ਮਨੌਂਦਾ,
ਗੱਲਾਂ ਕਰੇ ਪਿਆਰੀਆਂ ।
ਵੇ ਮਾਹੀਆ ਮੈਂ ਤਾਂ ਹਾਂ ਮੰਨਦੀ,
ਛਡ ਕੇ ਗਿਲੇ ਗੁਜ਼ਾਰੀਆਂ ।
ਬਦਲੀ ਵਰਗੀ ਚੁੰਨੀ ਲੈ ਦੇ,
ਬਿਜਲੀ ਵਾਂਗ ਕਿਨਾਰੀਆਂ ।
ਨਾਜ਼ਕ ਵੀਣੀ ਲੰਮੀਆਂ ਬਾਹਵਾਂ,
ਚੂੜੇ ਨਾਲ ਸ਼ਿੰਗਾਰੀਆਂ ।
ਹਸਦੇ ਹਸਦੇ ਮਾਹੀ ਨੇ ਸਾਨੂੰ,
ਦੋ ਤਿੰਨ ਛਮਕਾਂ ਮਾਰੀਆਂ ।
ਹੁਣ ਪਿਆ ਬਹਿ ਬਹਿ ਕੋਲ ਮਨੌਂਦਾ,
ਗੱਲਾਂ ਕਰੇ ਪਿਆਰੀਆਂ ।
ਗੋਰਾ ਪਿੰਡਾ ਕਾਲੀਆਂ ਲਾਸਾਂ,
ਜਿਉਂ ਲਹਿਰਾਂ ਹਤਿਆਰੀਆਂ ।
ਵੇਖ ਵੇਖ ਨੇ ਛਾਤੀ ਲਗੀਆਂ,
ਜ਼ੁਲਫ਼ਾਂ ਸਹਿਮ ਵਿਚਾਰੀਆਂ ।
ਬੇ-ਦਰਦਾ ਤੂੰ ਕਿਉਂ ਛੁਹਾਈਆਂ,
ਫੁਲਾਂ ਨਾਲ ਕਟਾਰੀਆਂ ।
ਹਸਦੇ ਹਸਦੇ ਮਾਹੀ ਨੇ ਸਾਨੂੰ,
ਦੋ ਤਿੰਨ ਛਮਕਾਂ ਮਾਰੀਆਂ ।
ਹੁਣ ਪਿਆ ਬਹਿ ਬਹਿ ਕੋਲ ਮਨੌਂਦਾ,
ਗੱਲਾਂ ਕਰੇ ਪਿਆਰੀਆਂ ।
ਹੰਝੂ ਸਿਟ ਸਿਰ ਸੜਦੇ ਸੜਦੇ,
ਗੱਲਾਂ ਕੁਲ ਨਿਤਾਰੀਆਂ ।
ਬੁਲ੍ਹੀਆਂ ਦੇ ਵਿਚ ਲਾਲੀ ਡੁਸਕੇ,
ਅੱਖੀਆਂ ਵਿਚ ਖ਼ੁਮਾਰੀਆਂ ।
ਨਵੀਂ ਜਵਾਨੀ ਪੀਂਘਾਂ ਪਾ ਪਾ,
ਲਾਵੇ ਰੋਜ਼ ਉਡਾਰੀਆਂ ।
ਹਸਦੇ ਹਸਦੇ ਮਾਹੀ ਨੇ ਸਾਨੂੰ,
ਦੋ ਤਿੰਨ ਛਮਕਾਂ ਮਾਰੀਆਂ ।
ਹੁਣ ਪਿਆ ਬਹਿ ਬਹਿ ਕੋਲ ਮਨੌਂਦਾ,
ਗੱਲਾਂ ਕਰੇ ਪਿਆਰੀਆਂ ।
(ਪਾਠ ਭੇਦ) ਇਹ ਬੰਦ ਨੰਦ ਲਾਲ
ਨੂਰਪੁਰੀ ਕਾਵਿ-ਸੰਗ੍ਰਹ ਵਿਚ ਦਿੱਤੇ ਗਏ ਹਨ
ਚੜ੍ਹੀ ਜਵਾਨੀ ਠਾਠਾਂ ਮਾਰੇ
ਲਾਵੇ ਰੋਜ਼ ਉਡਾਰੀਆਂ
ਬੇ ਕਦਰਾ ਤੂੰ ਕਿਉਂ ਛੁਹਾਈਆਂ
ਫੁੱਲਾਂ ਨਾਲ ਕਟਾਰੀਆਂ
ਹਸਦੇ ਹਸਦੇ ਮਾਹੀ ਨੇ
ਸਾਨੂੰ ਦੋ ਤਿੰਨ ਛਮਕਾਂ ਮਾਰੀਆਂ
ਰੂਪ ਗੋਰੀ ਦਾ ਡੁਲ੍ਹ ਡੁਲ੍ਹ ਪੈਂਦਾ
ਨੈਣਾਂ ਵਿਚ ਖ਼ੁਮਾਰੀਆਂ
'ਨੂਰਪੁਰੀ' ਬਿਨ ਜੀ ਨਹੀਂ ਲਗਦਾ
ਮਿਨਤਾਂ ਕਰ ਕਰ ਹਾਰੀਆਂ
ਹਸਦੇ ਹਸਦੇ ਮਾਹੀ ਨੇ
ਸਾਨੂੰ ਦੋ ਤਿੰਨ ਛਮਕਾਂ ਮਾਰੀਆਂ
ਪੀਂਘਾਂ ਜ਼ੁਲਫ਼ ਦੀਆਂ ਪਾਈਆਂ,
ਕਿ ਝੜੀਆਂ ਸਾਵਨ ਨੇ ਲਾਈਆਂ ।
ਕਦੀ ਘਰ ਆ ਮੇਰੇ ਢੋਲਾ,
ਕਿ ਕਲੀਆਂ ਜੋਬਨ ਤੇ ਆਈਆਂ ।
ਇਹ ਅੱਖੀਆਂ ਵਢ ਵਢ ਖਾਂਦੀਆਂ ਨੇ,
ਇਹ ਬੜੀਆਂ ਓਦਰ ਜਾਂਦੀਆਂ ਨੇ ।
ਇਹ ਹੰਝੂ ਸੜਦੇ ਸਿਟ ਢੋਲਾ,
ਇਹ ਦਿਲ ਵਿਚ ਭਾਂਬੜ ਲਾਂਦੀਆਂ ਨੇ ।
ਕਿ ਝੜੀਆਂ ਸਾਵਨ ਨੇ ਲਾਈਆਂ ।
ਕਦੀ ਘਰ ਆ ਮੇਰੇ ਢੋਲਾ !
ਕਿ ਕਲੀਆਂ ਜੋਬਨ ਤੇ ਆਈਆਂ ।
ਤੇਰਾ ਪ੍ਰਦੇਸਾਂ ਵਿਚ ਰਹਿਣਾ,
ਕਿਸੇ ਨੇ ਬੈਠ ਨਹੀਂ ਕਹਿਣਾ ।
ਮੈਂ ਓਹਲੇ ਕਲਿਆਂ ਬਹਿ ਢੋਲਾ,
ਮੈਂ ਚੇਤੇ ਕਰ ਕਰ ਰੋ ਲੈਣਾ ।
ਕਿ ਝੜੀਆਂ ਸਾਵਨ ਨੇ ਲਾਈਆਂ ।
ਕਦੀ ਘਰ ਆ ਮੇਰੇ ਢੋਲਾ !
ਕਿ ਕਲੀਆਂ ਜੋਬਨ ਤੇ ਆਈਆਂ ।
ਉੱਚੇ ਚੁਬਾਰੇ ਮੈਂ ਚੜ੍ਹੀ ਵੇ ਬੀਬਾ,
ਖੜੀ ਸੁਕਾਵਾਂ ਕੇਸ ।
ਰੁਸ ਰੁਸ ਬਹਿੰਦਾ ਮੇਰਾ ਜੋਬਨਾਂ ਵੇ,
ਕਾਹਨੂੰ ਮੱਲੀ ਬੈਠੋਂ ਪ੍ਰਦੇਸ ।
ਢੋਲਿਆ ਵੇ ਮੇਰਾ ਮਾਫ਼ ਕਰੀਂ,
ਵੇ ਕੁਝ ਬੋਲਿਆ !
ਅੰਬਾਂ ਨੂੰ ਲਗ ਗਿਆ ਬੂਰ ਚੰਨਾਂ ਵੇ,
ਅਜ ਬਾਗਾਂ 'ਚ ਨਚਦੇ ਨੀ ਮੋਰ ।
ਇਕ ਦਿਨ ਵਿਛੜੇ ਮਿਲਾਵਸੀ ਵੇ,
ਸਾਡੀ ਡਾਡ੍ਹੇ ਦੇ ਹੱਥ ਵਿਚ ਡੋਰ ।
ਢੋਲਿਆ ਵੇ ਮੇਰਾ ਮਾਫ਼ ਕਰੀਂ,
ਵੇ ਕੁਝ ਬੋਲਿਆ !
ਦਿਲ ਨੂੰ ਪੁਛਦੇ ਨੈਣ ਵੇ ਬੀਬਾ,
ਅਜ ਨੈਣਾਂ ਨੂੰ ਪੁਛਦੇ ਨੀ ਲੋਕ ।
ਪਤਣੀ ਆ ਗਈਆਂ ਬੇੜੀਆਂ ਵੇ,
ਤੈਨੂੰ ਲਿਆ ਏ ਕਿਹੜੇ ਪਾਪੀ ਰੋਕ ।
ਢੋਲਿਆ ਵੇ ਮੇਰਾ ਮਾਫ਼ ਕਰੀਂ,
ਵੇ ਕੁਝ ਬੋਲਿਆ !
ਰੂਪ ਦਾ ਸੂਰਜ ਚਮਕਿਆ ਵੇ ਬੀਬਾ,
ਝਲੀ ਨਾ ਜਾਵੇ ਉਹਦੀ ਧੁਪ ।
ਤੇਰੇ ਤੇ ਵਿਹੜੇ ਵਿਚ ਰੌਣਕਾਂ ਵੇ,
ਅਜ ਸਾਡੇ ਤੇ ਵਿਹੜੇ ਵਿਚ ਚੁਪ ।
ਢੋਲਿਆ ਵੇ ਮੇਰਾ ਮਾਫ਼ ਕਰੀਂ,
ਵੇ ਕੁਝ ਬੋਲਿਆ !
ਬਾਂਕੇ ਨੈਣਾਂ ਵਾਲਿਆ,
ਨੈਣਾਂ ਮਿਲਾਂਦਾ ਜਾ ਜ਼ਰਾ ।
ਤੜਫ਼ਦਾ ਬੀਮਾਰ ਤੇਰਾ ਏ
ਬੁਲਾਂਦਾ ਜਾ ਜ਼ਰਾ ।
ਚਾਹਵੇਂ ਤੂੰ ਤੇ ਬਦਲ ਦੇਵੇਂ,
ਅਜ ਮੇਰੀ ਤਕਦੀਰ ਨੂੰ ।
ਦਿਲ ਦੀ ਦੁਨੀਆਂ ਵਿਚ ਵਸਾਕੇ,
ਇਸ ਮੇਰੀ ਤਸਵੀਰ ਨੂੰ ।
ਖੋਲ੍ਹ ਨਾ ਜ਼ੁਲਫ਼ਾਂ ਦੀ ਮੁੜ ਮੁੜ
ਕੇ ਸਿਆਹ ਜ਼ੰਜੀਰ ਨੂੰ ।
ਬਖ਼ਸ਼ ਦੇ ਮੈਨੂੰ ਮੇਰੀ
ਦੁਨੀਆਂ ਵਸਾਂਦਾ ਜਾ ਜ਼ਰਾ ।
ਬਾਂਕੇ ਨੈਣਾਂ ਵਾਲਿਆ,
ਨੈਣਾਂ ਮਿਲਾਂਦਾ ਜਾ ਜ਼ਰਾ ।
ਮੱਧ ਭਰੇ ਅੱਖੀਆਂ ਦੇ ਪਿਆਲੇ,
ਸਾਕੀਆ ਓਏ ਪੀਣ ਦੇ ।
ਜੀਣ ਦੇ ਆਪਣੀ ਜਵਾਨੀ
ਦਾ ਤੂੰ ਸਦਕਾ ਜੀਣ ਦੇ ।
ਮਾਰ ਨਾ ਨਜ਼ਰਾਂ ਦੇ ਤੀਰਾਂ
ਨਾਲ ਸੀਨਾ ਸੀਣ ਦੇ ।
ਮਿੱਠਾ ਮਿੱਠਾ ਬੋਲ ਕੇ
ਕੁਝ ਜਾਨ ਪਾਂਦਾ ਜਾ ਜ਼ਰਾ ।
ਬਾਂਕੇ ਨੈਣਾਂ ਵਾਲਿਆ,
ਨੈਣਾਂ ਮਿਲਾਂਦਾ ਜਾ ਜ਼ਰਾ ।
ਤੜਫ਼ਦਾ ਬੀਮਾਰ ਤੇਰਾ ਏ
ਬੁਲਾਂਦਾ ਜਾ ਜ਼ਰਾ ।
ਲੁਟ ਲੈ ਮਸਤ ਜਵਾਨੀ ਵੇ
ਆ, ਆ ਵੀ ਸਜਨਾ !
ਮੈਂ ਤੇਰੀ ਦੀਵਾਨੀ ਵੇ
ਆ, ਆ ਵੀ ਸਜਨਾ !
ਭੋਲੇ ਭੋਲੇ ਮੇਰੇ ਨੈਣ ਸ਼ਰਾਬੀ ।
ਸੂਹੇ ਸੂਹੇ ਮੇਰੇ ਹੋਂਠ ਗੁਲਾਬੀ ।
ਮੈਂ ਤੇਰੀ ਮਸਤਾਨੀ ਵੇ,
ਆ, ਆ ਵੀ ਸਜਨਾ !
ਲੁਟ ਲੈ ਮਸਤ ਜਵਾਨੀ ਵੇ
ਆ, ਆ ਵੀ ਸਜਨਾ !
ਮੈਂ ਤੇਰੀ ਦੀਵਾਨੀ ਵੇ
ਆ, ਆ ਵੀ ਸਜਨਾ !
ਦੰਦ ਮੇਰੇ ਮੋਤੀ ਦੀਆਂ ਲੜੀਆਂ ।
ਗੁਤ ਮੇਰੀ ਵਿਚ ਲਖ ਹਥ ਕੜੀਆਂ ।
ਨੈਣਾਂ 'ਚ ਲਖ ਲਖ ਕਾਨੀ ਵੇ,
ਆ, ਆ ਵੀ ਸਜਨਾ !
ਲੁਟ ਲੈ ਮਸਤ ਜਵਾਨੀ ਵੇ
ਆ, ਆ ਵੀ ਸਜਨਾ !
ਤੇਰੇ ਦਰਸ ਦੀ ਪਿਆਸੀ,
ਸਜਨ ਘਰ ਆ ਜਾ ।
ਹੋ ਜਾਏ ਦੂਰ ਉਦਾਸੀ,
ਸਜਨ ਘਰ ਆ ਜਾ ।
ਸੁਫ਼ਨੇ 'ਚ ਮਿਲਨਾ ਤੇ, ਮਿਲ ਮਿਲ ਕੇ ਹਸਨਾ,
ਆਪਣਾ ਪਤਾ, ਹਾਏ ਕੋਈ ਨਾ ਦਸਨਾ,
ਹਾਏ ਸਾਨੂੰ !
ਬੁਲ੍ਹੀਆਂ 'ਚੋਂ ਕਿਰ ਜਾਏ ਹਾਸੀ,
ਸਜਨ ਘਰ ਆ ਜਾ ।
ਤੇਰੇ ਦਰਸ ਦੀ ਪਿਆਸੀ,
ਸਜਨ ਘਰ ਆ ਜਾ ।
ਅੱਖੀਆਂ 'ਚ ਵਸ ਵਸ ਕੇ ਜੋਬਨ ਨੂੰ ਪੀਣਾ
ਸਜਨਾ ਬਿਨਾਂ, ਕਾਹਦਾ ਜੀਣਾ,
ਹਾਏ ਹੁਣ !
ਨੈਣਾਂ ਦੀ ਦੁਨੀਆਂ ਨਿਰਾਸੀ,
ਸਜਨ ਘਰ ਆ ਜਾ ।
ਤੇਰੇ ਦਰਸ ਦੀ ਪਿਆਸੀ,
ਸਜਨ ਘਰ ਆ ਜਾ ।
ਆਵੀਂ ਚੰਨ ਵੇ, ਆਵੀਂ ਚੰਨ ਵੇ,
ਨਹਿਰ ਦੇ ਕੰਢੇ ਉੱਤੇ ਆਵੀਂ ਚੰਨ ਵੇ ।
ਰੋਂਦਿਆਂ ਨੈਣਾਂ ਨੂੰ ਗਲੇ ਲਾਵੀਂ ਚੰਨ ਵੇ ।
ਮੈਂ ਬਣ ਜਾਵਾਂ ਤੇਰੀ ਚਾਨਣੀ,
ਤੂੰ ਬਣ ਜਾ ਚੰਨ ਮੇਰਾ ।
ਦੋਵੇਂ ਮਿਲ ਕੇ ਚਾਨਣ ਕਰੀਏ,
ਮਿਟ ਜਾਏ ਹੋਰ ਹਨੇਰਾ ।
ਆਵੀਂ ਚੰਨ ਵੇ, ਆਵੀਂ ਚੰਨ ਵੇ,
ਨਹਿਰ ਦੇ ਕੰਢੇ ਉੱਤੇ ਆਵੀਂ ਚੰਨ ਵੇ ।
ਮੇਰੀਆਂ ਜ਼ੁਲਫ਼ਾਂ ਤੇਰੀਆਂ ਰਿਸ਼ਮਾਂ,
ਆ ਜਾ ਜਾਲ ਬਣਾਈਏ ।
ਮੈਂ ਮਛਲੀ ਤੂੰ ਲਹਿਰ ਬਣ ਜਾ,
ਦੋਵੇਂ ਹੀ ਮਿਲ ਜਾਈਏ ।
ਆਵੀਂ ਚੰਨ ਵੇ, ਆਵੀਂ ਚੰਨ ਵੇ,
ਨਹਿਰ ਦੇ ਕੰਢੇ ਉੱਤੇ ਆਵੀਂ ਚੰਨ ਵੇ ।
ਸਜਣਾ ਕੀ ਸਮਝਾਵਾਂ ਦਿਲ ਨੂੰ
ਗੋਤੇ ਖਾਂਦਾ ਡੁਬਦਾ ਜਾਂਦਾ,
ਤੇਰੇ ਬਿਨਾਂ ਪਲ ਪਲ ਕੁਰਲਾਂਦਾ,
ਕਿਵੇਂ ਰਝਾਵਾਂ ਦਿਲ ਨੂੰ-
ਸਜਣਾ ਕੀ ਸਮਝਾਵਾਂ ਦਿਲ ਨੂੰ
ਛਾਪ ਛਾਪ ਤੇਰੀਆਂ ਤਸਵੀਰਾਂ,
ਵਿਹੜਾ ਭਰਿਆ ਨਾਲ ਲਕੀਰਾਂ,
ਕਿਵੇਂ ਹਟਾਵਾਂ ਦਿਲ ਨੂੰ-
ਸਜਣਾ ਕੀ ਸਮਝਾਵਾਂ ਦਿਲ ਨੂੰ
ਅੱਖੀਆਂ ਥਾਣੀ ਰੋ ਰੋ ਦਸਦਾ,
ਪਾਗਲ ਹੋ ਹੋ ਉਠ ਉਠ ਨਸਦਾ,
ਕਿਵੇਂ ਮਨਾਵਾਂ ਦਿਲ ਨੂੰ-
ਸਜਣਾ ਕੀ ਸਮਝਾਵਾਂ ਦਿਲ ਨੂੰ
ਰੱਖੜੀ ਬਨ੍ਹਵਾ ਲੈ ਮੇਰੇ ਵੀਰ,
ਸਾਵਣ ਆਇਆ !
ਸਾਵਣ ਆਇਆ ਵੀਰਾ,
ਸਾਵਣ ਆਇਆ !
ਰੱਖੜੀ ਬਨ੍ਹਵਾ ਲੈ ਮੇਰੇ ਵੀਰ,
ਸਾਵਣ ਆਇਆ !
ਲੈ ਲੈ ਸੋਨੇ ਦੀਆਂ ਤਾਰਾਂ,
ਮੈਂ ਖ਼ੁਸ਼ੀਆਂ ਨਾਲ ਸ਼ਿੰਗਾਰਾਂ,
ਵੇ ਵੀਰਾ ਤੇਰੀ ਜਿੰਦੜੀ ਉਤੋਂ,
ਦੋਵੇਂ ਜੁਗ ਪਈ ਵਾਰਾਂ-
ਰੱਖੜੀ ਬਨ੍ਹਵਾ ਲੈ ਮੇਰੇ ਵੀਰ,
ਸਾਵਣ ਆਇਆ !
ਮੇਰੇ ਹੱਥ ਫੁਲਾਂ ਦੀ ਖਾਰੀ,
ਤੇਰੀ ਆ ਗਈ ਭੈਣ ਪਿਆਰੀ,
ਵੇ ਵੀਰਾ ਤੈਥੋਂ ਕੁਝ ਨਹੀਂ ਮੰਗਦੀ,
ਮਿਲ ਬਹੀਏ ਇਕ ਵਾਰੀ-
ਰੱਖੜੀ ਬਨ੍ਹਵਾ ਲੈ ਮੇਰੇ ਵੀਰ,
ਸਾਵਣ ਆਇਆ !
ਉਜੜੀ ਹੋਈ ਦੁਨੀਆਂ,
ਤੂੰ ਮੇਰੀ ਫੇਰ ਵਸਾ ਦੇ ।
ਬਿਗੜੀ ਨੂੰ ਬਣਾ ਦੇ ।
ਇਸ ਪਾਪ ਦੀ ਦੁਨੀਆਂ ਵਿਚ,
ਵਸਣਾ ਨਹੀਂ ਮਿਲਦਾ,
ਰੋਣਾ ਨਹੀਂ ਮਿਲਦਾ,
ਹਸਣਾ ਨਹੀਂ ਮਿਲਦਾ ।
ਰੋਂਦੇ ਹੋਏ ਨੈਣਾਂ ਨੂੰ ਮੇਰੇ,
ਹਸਣਾ ਸਿਖਾ ਦੇ,
ਬਿਗੜੀ ਨੂੰ ਬਣਾ ਦੇ-
ਉਜੜੀ ਹੋਈ ਦੁਨੀਆਂ,
ਤੂੰ ਮੇਰੀ ਫੇਰ ਵਸਾ ਦੇ ।
ਬਿਗੜੀ ਨੂੰ ਬਣਾ ਦੇ ।
ਕਿਉਂ ਰੁਸ ਗਿਆ ਏਂ ਸਜਣਾ,
ਕੀ ਦੋਸ਼ ਹੈ ਮੇਰਾ ।
ਕਿਉਂ ਕੀਤਾ ਈ ਸਜਣਾ,
ਮੇਰੀ ਦੁਨੀਆਂ 'ਚ ਹਨੇਰਾ ।
ਬੁਝਦੀ ਹੋਈ ਆਸਾਂ ਦੀ ਸ਼ਮ੍ਹਾਂ,
ਆ ਕੇ ਜਗਾ ਦੇ ।
ਬਿਗੜੀ ਨੂੰ ਬਣਾ ਦੇ-
ਉਜੜੀ ਹੋਈ ਦੁਨੀਆਂ,
ਤੂੰ ਮੇਰੀ ਫੇਰ ਵਸਾ ਦੇ ।
ਬਿਗੜੀ ਨੂੰ ਬਣਾ ਦੇ ।
ਅਸੀਂ ਦੋ ਪੰਛੀ ਆਜ਼ਾਦ ਭਲਾ,
ਕੋਈ ਪਿੰਜਰੇ ਵਿਚ ਕਿਓਂ ਪਾਵੇ ।
ਅਸੀਂ ਹੋ ਜਾਈਏ ਬਰਬਾਦ ਭਲਾ,
ਕੋਈ ਪਿੰਜਰੇ ਵਿਚ ਕਿਓਂ ਪਾਵੇ ।
ਔਰਤ-
ਇਹ ਅਖੀਆਂ ਵਿਚ ਦੋ ਅਖੀਆਂ,
ਢਕ ਢਕ ਰਖੀਆਂ ।
ਇਸ ਦਿਲ ਵਿਚ ਦਿਲ ਦੀ ਯਾਦ,
ਕੋਈ ਪਿੰਜਰੇ ਵਿਚ ਕਿਓਂ ਪਾਵੇ ।
ਮਰਦ-
ਇਸ ਰੂਪ ਅੰਦਰ ਕੋਈ ਲਾਲੀ,
ਹਾਏ ਮਤਵਾਲੀ ।
ਇਸ ਪ੍ਰੇਮ ਅੰਦਰ ਕੋਈ ਸਵਾਦ,
ਕੋਈ ਪਿੰਜਰੇ ਵਿਚ ਕਿਓਂ ਪਾਵੇ ।
ਦੋਨੇਂ-
ਅਸੀਂ ਇਕ ਡਾਲੀ ਦੀਆਂ ਪਤੀਆਂ,
ਇਕ ਰੰਗ ਰਤੀਆਂ ।
ਸਾਡੀ ਦੁਨੀਆਂ ਹੈ ਆਜ਼ਾਦ,
ਕੋਈ ਪਿੰਜਰੇ ਵਿਚ ਕਿਓਂ ਪਾਵੇ ।
ਇਸ ਪ੍ਰੇਮ ਦੀ ਸਮਝ ਨ ਆਈ ਨੀ,
ਇਸ ਪ੍ਰੇਮ ਦੀ ਸਮਝ ਨ ਆਈ ਨੀ ।
ਕੋਈ ਦਰ ਦਰ ਭਿਛਿਆ ਮੰਗਦਾ ਨੀ,
ਕੋਈ ਭਗਵੇ ਕਪੜੇ ਰੰਗਦਾ ਨੀ,
ਕੋਈ ਲਭਦਾ ਸੰਗਦਾ ਸੰਗਦਾ ਨੀ,
ਕੋਈ ਫਿਰਦਾ ਕੰਨ ਪੜਵਾਈ ਨੀ-
ਇਸ ਪ੍ਰੇਮ ਦੀ ਸਮਝ ਨ ਆਈ ਨੀ,
ਇਸ ਪ੍ਰੇਮ ਦੀ ਸਮਝ ਨ ਆਈ ਨੀ ।
ਕੋਈ 'ਲੈਲਾ' 'ਲੈਲਾ' ਕਰਦਾ ਨੀ,
ਕੋਈ ਸੋਹਣਾ ਡੁਬ ਡੁਬ ਮਰਦਾ ਨੀ,
ਇਹ ਇਸ਼ਕ ਨਾ ਮੌਤੋਂ ਡਰਦਾ ਨੀ,
ਪਿਆ ਥਲ ਵਿਚ ਦੇਵੇ ਦੁਹਾਈ ਨੀ-
ਇਸ ਪ੍ਰੇਮ ਦੀ ਸਮਝ ਨ ਆਈ ਨੀ,
ਇਸ ਪ੍ਰੇਮ ਦੀ ਸਮਝ ਨ ਆਈ ਨੀ ।
ਕੋਈ ਬੁਲਬੁਲ ਬਨ ਬਨ ਚਹਿਕੇ ਨੀ,
ਕੋਈ ਕਲੀਆਂ ਬਨ ਬਨ ਟਹਿਕੇ ਨੀ,
ਕੋਈ ਭੰਵਰਾ ਬਨ ਬਨ ਸਹਿਕੇ ਨੀ,
ਕੋਈ ਫਿਰਦਾ ਬੀਨ ਬਜਾਈ ਨੀ-
ਇਸ ਪ੍ਰੇਮ ਦੀ ਸਮਝ ਨ ਆਈ ਨੀ,
ਇਸ ਪ੍ਰੇਮ ਦੀ ਸਮਝ ਨ ਆਈ ਨੀ ।
ਕੋਈ ਨੈਣ ਗਜ਼ਬ ਦੇ ਮਾਰੇ ਨੀ,
ਕੋਈ ਪੰਛੀ ਕੈਦ ਵਿਚਾਰੇ ਨੀ,
ਕੋਈ ਹੱਸ ਹੱਸ ਖ਼ੂਨ ਗੁਜ਼ਾਰੇ ਨੀ,
ਕੋਈ ਰਾਤੀਂ ਸੌਂ ਪਛਤਾਈ ਨੀ-
ਇਸ ਪ੍ਰੇਮ ਦੀ ਸਮਝ ਨ ਆਈ ਨੀ,
ਇਸ ਪ੍ਰੇਮ ਦੀ ਸਮਝ ਨ ਆਈ ਨੀ ।
ਔਰਤ-
ਬਦਲਾਂ ਵਿਚ ਚੰਨ ਹਸਦਾ,
ਮੇਰੀਆਂ ਅੱਖੀਆਂ ਵਿਚੋਂ,
ਮੇਰੇ ਮਾਹੀਏ ਦਾ ਬੁੱਤ ਵਸਦਾ ।
ਮਰਦ-
ਕੋਈ ਕਣੀਆਂ ਵਸੀਆਂ ਨੇ,
ਸਜਣਾ ਦੇ ਬਾਗਾਂ ਵਿਚ,
ਹੁਣ ਅੰਬੀਆਂ ਰਸੀਆਂ ਨੇ ।
ਔਰਤ-
ਆ ਮਾਹੀਆ ਮਿਲ ਹੱਸੀਏ,
ਦੁਨੀਆਂ ਨਹੀਂ ਛਡਦੀ,
ਕਿਤੇ ਓਹਲੇ ਚਲ ਵਸੀਏ ।
ਮਰਦ-
ਪਰਵਾਨਾ ਸੜ ਗਿਆ ਨੀ,
ਸਜਣਾਂ ਦਾ ਖਤ ਪੜ੍ਹ ਕੇ,
ਚਾ ਸਜਣਾਂ ਨੂੰ ਚੜ੍ਹ ਗਿਆ ਨੀ ।
ਔਰਤ-
ਘੁੰਡ ਕਲੀਆਂ ਨੇ ਖੋਲ੍ਹ ਦਿਤੇ,
ਅਖੀਆਂ ਨੇ ਮਾਹੀ ਤੱਕਿਆ,
ਅਗੇ ਮੋਤੀ ਡੋਲ੍ਹ ਦਿਤੇ ।
ਮਰਦ-
ਦਿਲ ਦਿੰਦੇ ਦੁਹਾਈਆਂ ਨੇ,
ਤੋੜ ਨਾ ਦਈਂ ਵੇ ਰੱਬਾ,
ਅਸਾਂ ਮਰ ਮਰ ਲਾਈਆਂ ਨੇ ।
ਔਰਤ-
ਮੇਰੀ ਚਰਖੀ ਦੇ ਤੰਦ ਲੜ ਪਏ,
ਹਸਦੀ ਨੇ ਘੁੰਡ ਚੁਕਿਆ,
ਕੁਲ ਦੁਨੀਆਂ ਤੇ ਚੰਨ ਚੜ੍ਹ ਪਏ ।
ਮਰਦ-
ਗਾਨੇ ਬਨ੍ਹ ਬਨ੍ਹ ਤੋੜ ਦਿਤੇ,
ਸਜਣਾਂ ਨੇ ਹਾਂ ਕਰਕੇ,
ਸਾਡੇ ਦਿਲ ਕਿਉਂ ਮੋੜ ਦਿਤੇ ।
ਔਰਤ-
ਸੂਹੇ ਚੂੜੇ ਵਿਆਹੀਆਂ ਦੇ,
ਮਾਹੀ ਪ੍ਰਦੇਸ ਵਸੇ,
ਸਾਡੇ ਹਾਲ ਸੁਦਾਈਆਂ ਦੇ ।
ਮਰਦ-
ਕਾਲੇ ਕਪੜੇ ਰੰਗਾ ਲਏ ਨੇ,
ਹੁਸਨ ਦੇ ਕੈਦੀ ਨੇ,
ਡੇਰੇ ਜੰਗਲੀਂ ਲਾ ਲਏ ਨੇ ।
ਔਰਤ-
ਮੈਨੂੰ ਹਸਦੇ ਫੁਲ ਲੈ ਦੇ,
ਜੇ ਮਾਹੀ ਵਿਕਦਾ ਏ,
ਮੈਨੂੰ ਮਾਏਂ ਨੀ ਮੁਲ ਲੈ ਦੇ ।
ਮਰਦ-
ਲੋਕੀ ਈਦ ਮਨੌਂਦੇ ਨੇ,
ਸਜਣਾਂ ਦੇ ਘੁੰਡ ਦੇ ਵਿਚੋਂ,
ਚੰਦ ਨਜ਼ਰੀਂ ਔਂਦੇ ਨੇ ।
ਔਰਤ-
ਵਾਈਂ ਠੰਢੀਆਂ ਘੁਲੀਆਂ ਨੇ,
ਸਜਣਾਂ ਨੇ ਬੁਲ੍ਹ ਖੋਲ੍ਹੇ,
ਵਿੱਚੋਂ ਕਲੀਆਂ ਡੁਲ੍ਹੀਆਂ ਨੇ ।
ਮਰਦ-
ਰੁਤ ਆ ਗਈ ਏ ਸਾਵਣ ਦੀ,
ਅੱਖੀਆਂ ਨੂੰ ਤਾਂਘ ਲਗੀ,
ਘਰ ਸਜਣਾਂ ਦੇ ਆਵਣ ਦੀ ।
ਔਰਤ-
ਹਥੀਂ ਰੰਗਲੀ ਮਹਿੰਦੀ ਏ,
ਮਾਹੀ ਮੇਰਾ ਚੰਦ ਵਰਗਾ,
ਮੈਨੂੰ ਖਲਕਤ ਕਹਿੰਦੀ ਏ ।
ਮੈਨੂੰ ਸੁੱਤਿਆਂ ਨੀਂਦ ਨਾ ਆਵੇ,
ਨੀ ਮਾਹੀ ਮੇਰਾ ਗੁੱਸੇ ਗੁੱਸੇ ।
ਮੇਰਾ ਜੋਬਨ ਡੁਲ੍ਹ ਡੁਲ੍ਹ ਜਾਵੇ,
ਨੀ ਮਾਹੀ ਮੇਰਾ ਗੁੱਸੇ ਗੁੱਸੇ ।
ਗੋਰਾ ਰੰਗ ਤੇ ਸ਼ਰਬਤੀ ਅੱਖੀਆਂ,
ਨੀ ਮੈਂ ਘੁੰਡ ਵਿਚ ਡੱਕ ਡੱਕ ਰੱਖੀਆਂ,
ਮੈਨੂੰ ਤਾਹਨੇ ਦੇਂਦੀਆਂ ਸਖੀਆਂ-
ਨੀ ਮਾਹੀ ਮੇਰਾ ਗੁੱਸੇ ਗੁੱਸੇ ।
ਮੈਨੂੰ ਸੁੱਤਿਆਂ ਨੀਂਦ ਨਾ ਆਵੇ,
ਨੀ ਮਾਹੀ ਮੇਰਾ ਗੁੱਸੇ ਗੁੱਸੇ ।
ਮੇਰਾ ਜੋਬਨ ਡੁਲ੍ਹ ਡੁਲ੍ਹ ਜਾਵੇ,
ਨੀ ਮਾਹੀ ਮੇਰਾ ਗੁੱਸੇ ਗੁੱਸੇ ।
ਔਹ ਕਾਲੀਆਂ ਬੱਦਲੀਆਂ ਆਈਆਂ,
ਸਾਵਨ ਨੇ ਝੜੀਆਂ ਲਾਈਆਂ,
ਮੈਂ ਫਿਰਦੀ ਹਾਂ ਵਾਂਗ ਸ਼ੁਦਾਈਆਂ-
ਨੀ ਮਾਹੀ ਮੇਰਾ ਗੁੱਸੇ ਗੁੱਸੇ ।
ਮੈਨੂੰ ਸੁੱਤਿਆਂ ਨੀਂਦ ਨਾ ਆਵੇ,
ਨੀ ਮਾਹੀ ਮੇਰਾ ਗੁੱਸੇ ਗੁੱਸੇ ।
ਮੇਰਾ ਜੋਬਨ ਡੁਲ੍ਹ ਡੁਲ੍ਹ ਜਾਵੇ,
ਨੀ ਮਾਹੀ ਮੇਰਾ ਗੁੱਸੇ ਗੁੱਸੇ ।
ਮਰਦ-
ਇਕ ਹੋਰ ਪਿਆ ਦੇ,
ਇਕ ਹੋਰ ਪਿਆ ਦੇ,
ਦੀਵਾਨਾ ਬਨਾ ਦੇ,
ਮਸਤਾਨਾ ਬਨਾ ਦੇ ।
ਔਰਤ-
ਮੇਰੇ ਅੱਖੀਆਂ ਦੇ ਪਿਆਸੇ,
ਪੀ ਤੇਰੇ ਹਵਾਲੇ,
ਪੀ, ਪੀ ਕੇ ਮੁਕਾ ਦੇ,
ਇਕ ਹੋਰ ਪਿਆ ਦੇ ।
ਦੀਵਾਨਾ ਬਨਾ ਦੇ,
ਮਸਤਾਨਾ ਬਨਾ ਦੇ ।
ਮਰਦ-
ਮੇਰੀ ਹੋਸ਼ਾਂ ਦੀ ਨਗਰੀ,
ਬੇਹੋਸ਼ ਬਨਾ ਦੇ ।
ਬੇਹੋਸ਼ ਬਨਾ ਦੇ,
ਖ਼ਾਮੋਸ਼ ਬਨਾ ਦੇ ।
ਦੀਵਾਨਾ ਬਨਾ ਦੇ,
ਮਸਤਾਨਾ ਬਨਾ ਦੇ ।
ਔਰਤ-
ਮੇਰੀ ਚੜ੍ਹਦੀ ਜਵਾਨੀ,
ਦਰਿਆ ਦੀ ਰਵਾਨੀ ।
ਤੇਰੀ ਦੁਨੀਆਂ ਦੀਵਾਨੀ,
ਮੇਰੀ ਮਸਤ ਜਵਾਨੀ ।
ਪੀ, ਪੀ ਕੇ ਮੁਕਾ ਦੇ,
ਇਕ ਹੋਰ ਪਿਆ ਦੇ ।
ਦੀਵਾਨਾ ਬਨਾ ਦੇ,
ਮਸਤਾਨਾ ਬਨਾ ਦੇ ।
ਇਕ ਹੋਰ ਪਿਆ ਦੇ,
ਇਕ ਹੋਰ ਪਿਆ ਦੇ ।
ਇਕ ਕੁੜੀ-
ਪੈਰੀਂ ਮੇਰੇ ਝਾਂਜਰਾਂ,
ਤੇ ਬਾਹੀਂ ਮੇਰੇ ਬੰਦ ਨੀ,
ਵੇਖ ਲੌ ਸਹੀਓ ਨੀ,
ਮੇਰੇ ਘੁੰਡ ਵਿਚ ਚੰਦ ਨੀ ।
ਦੂਜੀ-
ਨੈਣੀਂ ਮੇਰੇ ਕਜਲਾ,
ਤੇ ਹਥੀਂ ਮਹਿੰਦੀ ਲਾਲ ਵੇ ।
ਛਡ ਮੇਰੀ ਵੀਣੀ ਤੇਰਾ,
ਨਿਤ ਇਹ ਸਵਾਲ ਵੇ ।
ਤੀਜੀ-
ਗੋਰੀਆਂ ਨੇ ਬਾਹਾਂ ਮੈਂ,
ਚੜ੍ਹਾਈਆਂ ਵੰਗਾਂ ਕਾਲੀਆਂ ।
ਅੱਖੀਆਂ 'ਚ ਹਸੇ ਮੂੰਹੋਂ,
ਕਢੇ ਮਾਹੀ ਗਾਲੀਆਂ ।
ਚੌਥੀ-
ਮਾਹੀ ਵਸੇ ਪਰਦੇਸ ਮੈਨੂੰ,
ਉਹਨੇ ਵੰਗਾਂ ਘੱਲੀਆਂ ।
ਵੇਖ ਵੇਖ ਵੰਗਾਂ ਸਹੀਆਂ,
ਸਹੁਰਿਆਂ ਦੇ ਚਲੀਆਂ ।
ਇਕ 'ਜੋਗੀ' ਮੁੰਦਰਾਂ ਵਾਲਾ
ਹੀਰੇ ਤੇਰੇ ਪਿੰਡ ਵਿਚ ਆਇਆ ।
ਉਹਨੇ ਤਨ ਤੇ ਭਸਮ ਰੁਮਾਇਆ,
ਹੀਰੇ ਤੇਰੇ ਪਿੰਡ ਵਿਚ ਆਇਆ ।
ਰੋ ਰੋ ਕੇ ਜਾਂ ਗੱਲਾਂ ਕਰਦਾ,
'ਹੀਰ' ਹੀਰ' ਕਹਿ ਹਉਕੇ ਭਰਦਾ,
ਉਹਨੇ ਸਭ ਦਾ ਦਿਲ ਭਰਮਾਇਆ ਨੀ ।
ਤੇਰੇ ਪਿੰਡ ਵਿਚ ਆਇਆ ।
ਇਕ 'ਜੋਗੀ' ਮੁੰਦਰਾਂ ਵਾਲਾ
ਹੀਰੇ ਤੇਰੇ ਪਿੰਡ ਵਿਚ ਆਇਆ ।
ਗਲ ਵਿਚ ਪਾਈਆਂ ਬੁਕ ਬੁਕ ਲੀਰਾਂ
ਹਾਲ ਬਨਾਏ ਵਾਂਗ ਫ਼ਕੀਰਾਂ
ਉਹਨੇ ਖੂਹ ਤੇ ਧੂੰਨਾ ਤਾਇਆ ਨੀ-
ਤੇਰੇ ਪਿੰਡ ਵਿਚ ਆਇਆ ।
ਇਕ 'ਜੋਗੀ' ਮੁੰਦਰਾਂ ਵਾਲਾ
ਹੀਰੇ ਤੇਰੇ ਪਿੰਡ ਵਿਚ ਆਇਆ ।
ਉਹ ਆਇਆ ਕੋਈ ਲਾਲ ਗਵਾਕੇ,
ਪਿੰਡ ਪਿੰਡ ਲਭਦਾ ਭੇਸ ਵਟਾਕੇ,
ਭੁਖਾ ਤੇ ਤਿਰਹਾਇਆ ਨੀ-
ਤੇਰੇ ਪਿੰਡ ਵਿਚ ਆਇਆ ।
ਇਕ 'ਜੋਗੀ' ਮੁੰਦਰਾਂ ਵਾਲਾ
ਹੀਰੇ ਤੇਰੇ ਪਿੰਡ ਵਿਚ ਆਇਆ ।
ਆਉਣ ਦੇ ਨੀ 'ਸਹਿਤੀਏ',
ਜੋਗੀ ਨੂੰ ਅਗੇ ਆਉਣ ਦੇ ।
ਡੁਬੇ ਹੋਏ ਬੰਦਿਆਂ ਦੇ,
ਬੇੜੇ ਬੰਨੇ ਲਾਉਣ ਦੇ ।
'ਰਾਂਝਣ' ਦੇ ਬੋਲ ਵਾਂਗ,
ਏਸ ਦਾ ਭੀ ਬੋਲ ਵੇ ।
ਸੁਣਦਿਆਂ ਈ ਵਾਜ ਮੇਰੀ,
ਜਿੰਦ ਗਈ ਡੋਲ ਵੇ ।
ਮੇਰੀ ਖਲ ਲਾਹ ਕੇ ਇਹਨੂੰ,
ਜੁਤੀਆਂ ਮੜ੍ਹੌਣ ਦੇ ।
ਆਉਣ ਦੇ ਨੀ 'ਸਹਿਤੀਏ',
ਜੋਗੀ ਨੂੰ ਅਗੇ ਆਉਣ ਦੇ ।
ਡੁਬੇ ਹੋਏ ਬੰਦਿਆਂ ਦੇ,
ਬੇੜੇ ਬੰਨੇ ਲਾਉਣ ਦੇ ।
ਲਾਹ ਕੇ ਇਹਦੀ ਅਲਫੀ,
ਦੁਸ਼ਾਲੇ ਗਲ ਪਾ ਦਿਆਂ ।
ਪਾਟੀ ਜਿਹੀ ਗੋਦੜੀ ਨੂੰ,
ਹੀਰੇ ਪੰਨੇ ਲਾ ਦਿਆਂ ।
ਇਕ ਵਾਰੀ ਹੀਰੇ ਹੀਰੇ
ਕਹਿ ਕੇ ਤੇ ਬੁਲਾਉਣ ਦੇ ।
ਆਉਣ ਦੇ ਨੀ 'ਸਹਿਤੀਏ',
ਜੋਗੀ ਨੂੰ ਅਗੇ ਆਉਣ ਦੇ ।
ਡੁਬੇ ਹੋਏ ਬੰਦਿਆਂ ਦੇ,
ਬੇੜੇ ਬੰਨੇ ਲਾਉਣ ਦੇ ।
ਚਿਪੀ ਇਹਦੀ ਭਰਦਿਆਂ,
ਮੈਂ ਪਾ ਕੇ ਰੂਪ ਆਪਣਾ ।
'ਨੂਰਪੁਰੀ' ਅੱਖੀਆਂ ਨਾ,
ਰਹਿੰਦੀਆਂ ਨੇ ਪਾਪਣਾਂ ।
ਗਲ ਨਾਲ ਲਾ ਕੇ ਸਾਨੂੰ,
ਮਾਹੀ ਨੂੰ ਹੰਢਾਉਣ ਦੇ ।
ਆਉਣ ਦੇ ਨੀ 'ਸਹਿਤੀਏ',
ਜੋਗੀ ਨੂੰ ਅਗੇ ਆਉਣ ਦੇ ।
ਡੁਬੇ ਹੋਏ ਬੰਦਿਆਂ ਦੇ,
ਬੇੜੇ ਬੰਨੇ ਲਾਉਣ ਦੇ ।
ਦਸਿਓ ਵੇ ਰਾਹੀਓ ਕੋਈ,
ਪਤਾ ਮੇਰੇ ਢੋਲ ਦਾ ।
ਸੁੱਕੇ ਹੋਏ ਪੱਤਾਂ ਵਾਂਗ,
ਦਿਲ ਰਹਿੰਦਾ ਡੋਲਦਾ ।
ਹੰਝੂ ਨਹੀਓਂ ਸੁਕਦੇ,
ਤੇ ਹਉਕੇ ਨਹੀਓਂ ਮੁਕਦੇ ।
ਢੋਲ ਬਿਨਾਂ ਕਮਲੀ ਦੇ,
ਐਬ ਨਹੀਂ ਲੁਕਦੇ ।
ਵਾਲ ਵਾਲ ਨਾਗ ਵਾਂਗੂੰ,
ਵਿਸ ਰਹਿੰਦਾ ਘੋਲਦਾ ।
ਦਸਿਓ ਵੇ ਰਾਹੀਓ ਕੋਈ,
ਪਤਾ ਮੇਰੇ ਢੋਲ ਦਾ ।
ਸੁੱਕੇ ਹੋਏ ਪੱਤਾਂ ਵਾਂਗ,
ਦਿਲ ਰਹਿੰਦਾ ਡੋਲਦਾ ।
ਅੱਖੀਆਂ 'ਚ ਹਸ ਕੇ ਤੇ,
ਦਿਲ ਵਿਚ ਵਸ ਕੇ ।
ਜਾਣ ਲਗਾ ਗਿਆ ਸਾਨੂੰ,
ਪਤਾ ਵੀ ਨਾ ਦਸ ਕੇ ।
ਜਗ ਕੋਲੋਂ ਡਰੇ ਦਿਲ,
ਦੁਖੜੇ ਨਾ ਫੋਲਦਾ ।
ਦਸਿਓ ਵੇ ਰਾਹੀਓ ਕੋਈ,
ਪਤਾ ਮੇਰੇ ਢੋਲ ਦਾ ।
ਸੁੱਕੇ ਹੋਏ ਪੱਤਾਂ ਵਾਂਗ,
ਦਿਲ ਰਹਿੰਦਾ ਡੋਲਦਾ ।
ਲਾ ਗਿਆ ਨੀ ਰੋਗ ਜਿਹਦਾ,
ਦਾਰੂ ਨਾ ਦਵਾ ਨਾ ।
ਲਾ ਗਿਆ ਪ੍ਰੀਤ ਐਸੀ,
ਜਿਹਦਾ ਸਾਨੂੰ ਚਾਅ ਨਾ ।
'ਨੂਰਪੁਰੀ' ਚੰਨ ਸਾਡੇ ਨਾਲ,
ਕਿਉਂ ਨਹੀਂ ਬੋਲਦਾ ।
ਦਸਿਓ ਵੇ ਰਾਹੀਓ ਕੋਈ,
ਪਤਾ ਮੇਰੇ ਢੋਲ ਦਾ ।
ਸੁੱਕੇ ਹੋਏ ਪੱਤਾਂ ਵਾਂਗ,
ਦਿਲ ਰਹਿੰਦਾ ਡੋਲਦਾ ।
ਤਕ ਤਕ ਪਕ ਗਈਆਂ ਅੱਖੀਆਂ,
ਓਏ ਸਜਣਾਂ,
ਮੇਰੇ ਤੁਰ ਤੁਰ ਥਕ ਗਏ ਨੀ ਪੈਰ ।
ਢੋਲਾ ਤੇਰੀ ਨਗਰੀ ਵਿੱਚੋਂ,
ਸਾਨੂੰ
ਅਜੇ ਵੀ ਨਾ ਮਿਲਿਆ ਈ ਖੈਰ ।
ਰਬ ਨੂੰ ਭੁਲਾਇਆ ਅਸੀਂ,
ਤੈਨੂੰ ਗਲ ਲਾ ਲਿਆ ।
ਹੰਝੂਆਂ ਦੇ ਮੋਤੀਆਂ ਨੂੰ,
ਮਿਟੀ 'ਚ ਮਿਲਾ ਲਿਆ ।
ਦਿਲ ਦਿਆ ਪੱਥਰਾ ਤੂੰ,
ਮੂੰਹ ਨਾ ਵਿਖਾਲਿਆ ।
ਜੱਗ ਵਿਚ ਪਾ ਲਏ ਲੱਖਾਂ ਵੈਰ ।
ਢੋਲਾ ਤੇਰੀ ਨਗਰੀ ਵਿੱਚੋਂ,
ਸਾਨੂੰ
ਅਜੇ ਵੀ ਨਾ ਮਿਲਿਆ ਈ ਖੈਰ ।
ਤਕ ਤਕ ਪਕ ਗਈਆਂ ਅੱਖੀਆਂ,
ਓਏ ਸਜਣਾਂ,
ਮੇਰੇ ਤੁਰ ਤੁਰ ਥਕ ਗਏ ਨੀ ਪੈਰ ।
ਕਲੀਆਂ ਤੇ ਫੁਲਾਂ ਵਿਚ,
ਹਾਸਾ ਤੇਰਾ ਤਕ ਕੇ ।
ਬਹਿ ਗਿਆ ਦਵਾਰ ਤੇਰੇ,
ਹਾਰ ਕੇ ਤੇ ਥਕ ਕੇ ।
ਮੇਰੇ ਵਲ ਵੇਖਿਆ ਤੂੰ,
ਘੁੰਡ ਵੀ ਨਾ ਚੁਕ ਕੇ ।
ਸਾਡੇ ਨਾਲੋਂ ਚੰਗੇ ਤੈਨੂੰ ਗੈਰ ।
ਢੋਲਾ ਤੇਰੀ ਨਗਰੀ ਵਿੱਚੋਂ,
ਸਾਨੂੰ
ਅਜੇ ਵੀ ਨਾ ਮਿਲਿਆ ਈ ਖੈਰ ।
ਤਕ ਤਕ ਪਕ ਗਈਆਂ ਅੱਖੀਆਂ,
ਓਏ ਸਜਣਾਂ,
ਮੇਰੇ ਤੁਰ ਤੁਰ ਥਕ ਗਏ ਨੀ ਪੈਰ ।
ਦੁਨੀਆਂ ਵਾਲੇ ਬੁਰੇ ।
ਓਏ ਬਾਬਾ !
ਦੁਨੀਆਂ ਵਾਲੇ ਬੁਰੇ !
ਭੋਲੇ ਭੋਲੇ ਨੈਣ ਜਿਨ੍ਹਾਂ ਦੇ,
ਮਿੱਠੇ ਮਿੱਠੇ ਬੈਨ ਜਿਨ੍ਹਾਂ ਦੇ,
ਸੰਨ੍ਹਾਂ ਮਾਰਨ ਤੁਰੇ ।
ਓਏ ਬਾਬਾ !
ਦੁਨੀਆਂ ਵਾਲੇ ਬੁਰੇ !
ਦਿਨ ਨੂੰ ਚਿੜੀਆਂ ਕੋਲੋਂ ਡਰਦੇ,
ਰਾਤ ਪਵੇ ਤੇ ਨਦੀਆਂ ਤਰਦੇ,
ਲਭਦੇ ਖੋਜ ਨਾ ਖੁਰੇ ।
ਓਏ ਬਾਬਾ !
ਦੁਨੀਆਂ ਵਾਲੇ ਬੁਰੇ !
ਗਲ ਵਿਚ ਮਾਲਾ ਤਿਲਕਾਂ ਵਾਲੇ,
ਉਪਰੋਂ ਬਗਲੇ ਅੰਦਰੋਂ ਕਾਲੇ,
ਬਗਲਾਂ ਦੇ ਵਿਚ ਛੁਰੇ ।
ਓਏ ਬਾਬਾ !
ਦੁਨੀਆਂ ਵਾਲੇ ਬੁਰੇ !
ਜਿੰਨੇ ਦਰਦੀ ਓਨੇ ਵੈਰੀ,
ਜਿੰਨੇ ਛੋਟੇ ਓਨੇ ਜ਼ਹਿਰੀ,
'ਨੂਰਪੁਰੀ' ਰਹੁ ਉਰੇ ।
ਓਏ ਬਾਬਾ !
ਦੁਨੀਆਂ ਵਾਲੇ ਬੁਰੇ !
ਕਿਵੇਂ ਖੇਡਾਂ ਤੀਆਂ,
ਨੀ ਕੁੜੀਓ ।
ਕਿਵੇਂ ਖੇਡਾਂ ਤੀਆਂ ।
ਸਾਵਣ ਬਰਸੇ, ਬਿਜਲੀ ਕੜਕੇ,
ਅੱਗ ਹਿਜਰ ਦੀ ਦੂਣੀ ਭੜਕੇ,
ਖ਼ੂਨ ਜਿਗਰ ਦਾ ਕੁਲੰਜ ਕੁਲੰਜ ਕੇ,
ਚੁਲੀਆਂ ਭਰ ਭਰ ਪੀਆਂ ।
ਨੀ ਕੁੜੀਓ ।
ਕਿਵੇਂ ਖੇਡਾਂ ਤੀਆਂ ।
ਰੰਗਲਾ ਚਰਖਾ ਪੇਕਿਆਂ ਘਲਿਆ,
ਰੰਗ ਸੂਹਾ ਵੇਖ ਸੂਤ ਹੋ ਚਲਿਆ,
ਇਨ੍ਹਾਂ ਛਲੀਆਂ ਮੇਰਾ ਤਨ ਮਨ ਛਲਿਆ,
ਮੈਂ ਕਿਹੜੀ ਬਿਧ ਜੀਆਂ ।
ਨੀ ਕੁੜੀਓ ।
ਕਿਵੇਂ ਖੇਡਾਂ ਤੀਆਂ ।
ਬੂਟੇ ਬੂਟੇ ਪੀਂਘਾਂ ਪਈਆਂ,
ਲਾਡਾਂ ਪਲੀਆਂ ਝੂਟਣ ਗਈਆਂ,
ਪ੍ਰੇਮ ਚੋਲੀ ਮੈਂ ਸੀਵਣ ਬੈਠੀ,
ਪਾੜ ਦਿਆਂ ਕਦੀ ਸੀਆਂ ।
ਨੀ ਕੁੜੀਓ ।
ਕਿਵੇਂ ਖੇਡਾਂ ਤੀਆਂ ।
ਮੈਨੂੰ ਵਰਜੋ ਨਾ ਕੁੜੀਉ ਚਿੜੀਉ ਨੀ,
ਰੁਠੜੇ ਨੂੰ ਮਨਾਵਣ ਮੈਂ ਚਲੀਆਂ ।
ਕਿਸੇ ਚੰਦਰੇ ਦਾ ਪੋਖਾ ਆਇਆ ਨੀ,
ਇਕ ਤੰਦ ਨਾ ਸਵਾਦ ਦਾ ਪਾਇਆ ਨੀ,
ਐਵੇਂ ਖੋਹ ਖੋਹ ਸੂਤ ਗਵਾਇਆ ਨੀ,
ਕਤਣ ਨੂੰ ਜੁੜੀਆਂ ਨਾ ਛਲੀਆਂ ।
ਮੈਨੂੰ ਵਰਜੋ ਨਾ ਕੁੜੀਉ ਚਿੜੀਉ ਨੀ,
ਰੁਠੜੇ ਨੂੰ ਮਨਾਵਣ ਮੈਂ ਚਲੀਆਂ ।
ਉਤੋਂ ਰਾਤਾਂ ਨੇ ਆਈਆਂ ਚਾਨਣੀਆਂ,
ਕਿਸੇ ਕਿਸਮਤ ਵਾਲੀ ਨੇ ਮਾਨਣੀਆਂ,
ਮੇਰੇ ਜੇਹੀਆਂ ਨੇ ਖੇਹਾਂ ਛਾਨਣੀਆਂ,
ਖਸਮਾਂ ਨੇ ਜਿਹੜੀਆਂ ਨਾ ਝਲੀਆਂ ।
ਮੈਨੂੰ ਵਰਜੋ ਨਾ ਕੁੜੀਉ ਚਿੜੀਉ ਨੀ,
ਰੁਠੜੇ ਨੂੰ ਮਨਾਵਣ ਮੈਂ ਚਲੀਆਂ ।
ਦਿਨੇ ਬਹਿਣ ਨਹੀਂ ਰਾਤੀਂ ਪੈਣ ਨਹੀਂ,
ਮੇਰੇ ਨਿਤ ਦੇ ਮੁਕਦੇ ਵੈਣ ਨਹੀਂ,
ਰੋ ਰੋ ਕੇ ਥਕਦੇ ਨੈਣ ਨਹੀਂ,
ਦਰਦਾਂ ਨੇ ਦਰਦਣ ਮੈਂ ਸਲੀਆਂ ।
ਮੈਨੂੰ ਵਰਜੋ ਨਾ ਕੁੜੀਉ ਚਿੜੀਉ ਨੀ,
ਰੁਠੜੇ ਨੂੰ ਮਨਾਵਣ ਮੈਂ ਚਲੀਆਂ ।
ਵੇਖੋ ਨੀ ਵੇਖੋ ਮਾਹੀ ਬਿਨ,
ਮੇਰੇ ਬਾਂਕੇ ਢੋਲ ਸਿਪਾਹੀ ਬਿਨ,
ਪ੍ਰਦੇਸੀ ਰੁਠੜੇ ਰਾਹੀ ਬਿਨ,
ਸੁੰਞੀਆਂ ਨੇ ਪਈਆਂ ਸਭ ਗਲੀਆਂ ।
ਮੈਨੂੰ ਵਰਜੋ ਨਾ ਕੁੜੀਉ ਚਿੜੀਉ ਨੀ,
ਰੁਠੜੇ ਨੂੰ ਮਨਾਵਣ ਮੈਂ ਚਲੀਆਂ ।
ਕਣੀਆਂ ਵੇ ਪਈਆਂ,
ਨਿਕੀਆਂ ਨਿਕੀਆਂ ।
ਮੋਰਨੀਆਂ ਨੂੰ ਮੋਰ ਬੁਲਾਂਦੇ
ਚਕਵੀ ਚਕਵਾ ਪਏ ਕੁਰਲਾਂਦੇ
ਬਿਜਲੀ ਦੇ ਭੜਕੇ ਹਡ ਕੜਕਾਂਦੇ
ਹੁਣ ਬੁਤ ਮੇਰੇ ਨੂੰ ਬਣੀਆਂ ਵੇ,
ਪਈਆਂ ਨਿਕੀਆਂ ਨਿਕੀਆਂ ਕਣੀਆਂ ਵੇ ।
ਕਾਲੀਆਂ ਰਾਤਾਂ ਸਿਆਲੀਆਂ ਰਾਤਾਂ
ਚੰਨ ਵੇ ਵਿਛੋੜੇ ਵਾਲੀਆਂ ਰਾਤਾਂ
ਵੇ ਮਾਹੀਆ ਕਿਥੇ ਗਾਲੀਆਂ ਰਾਤਾਂ
ਪ੍ਰੇਮ ਤਣਾਵਾਂ ਤਣੀਆਂ ਵੇ,
ਪਈਆਂ ਨਿਕੀਆਂ ਨਿਕੀਆਂ ਕਣੀਆਂ ਵੇ ।
ਭੂਰ ਪਵੇ ਜਾਂ ਸ਼ਾਮ ਸਵੇਲੇ
ਨਜ਼ਰਾਂ ਜਾਂਦੀਆਂ ਢੂੰਡਣ ਬੇਲੇ
ਚਿਰੀਂ ਵਛੁਨਿਆਂ ਨੂੰ ਸਾਈਂ ਮੇਲੇ
ਮੈਂ ਦੁਖਿਆਰਨ ਘਣੀਆਂ ਵੇ,
ਪਈਆਂ ਨਿਕੀਆਂ ਨਿਕੀਆਂ ਕਣੀਆਂ ਵੇ ।
ਤੜਕੇ ਸਈਆਂ ਤਕਣ ਆਈਆਂ
ਚਰਖੀਆਂ ਸੁਟ ਕੇ ਪਾਉਣ ਦੁਹਾਈਆਂ
ਕਿਸਮਤ ਮਾਰੀ ਨੂੰ ਆ ਮਿਲ ਸਾਈਆਂ
ਵੇਖ ਤਤੀ ਦੀਆਂ ਬਣੀਆਂ ਵੇ,
ਪਈਆਂ ਨਿਕੀਆਂ ਨਿਕੀਆਂ ਕਣੀਆਂ ਵੇ ।
ਅੱਜ ਸਾਡੇ ਸਜਣਾਂ ਦੇ
ਗਏ ਕਾਫ਼ਲੇ ਦੂਰ,
ਜੋ ਰਬ ਨੂੰ ਮਨਜ਼ੂਰ ।
ਗੋਰੇ ਗੋਰੇ ਫੁਲ ਉਤੇ ਭੰਵਰੇ ਲੜਦੇ
ਜਦ ਪਤ ਹਿਲਦੇ ਮੋਤੀ ਝੜਦੇ,
ਹਸ ਦਿਲਾ ਨਾ ਝੂਰ,
ਅੱਜ ਸਾਡੇ ਸਜਣਾਂ ਦੇ
ਗਏ ਕਾਫ਼ਲੇ ਦੂਰ ।
ਚੜ੍ਹ ਨਾ ਵੇ ਚੰਦਾ ਕਰ ਨਾ ਵੇ ਚਾਨਣ
ਚਾਨਣ ਦੇ ਦੁਖ ਵਿਛੜੇ ਜਾਨਣ
ਡੁਲ੍ਹ ਡੁਲ੍ਹ ਪੈਂਦਾ ਈ ਨੂਰ,
ਅੱਜ ਸਾਡੇ ਸਜਣਾਂ ਦੇ
ਗਏ ਕਾਫ਼ਲੇ ਦੂਰ ।
ਹਥ ਵਿਚ ਤਸਬੀ ਮੂੰਹ ਵਿਚ ਮਾਹੀ
ਗਲ ਵਿਚ ਕਫ਼ਨੀ ਨਾਦਰ ਸ਼ਾਹੀ
ਲਖ ਲਖ ਐਬ ਕਸੂਰ,
ਅੱਜ ਸਾਡੇ ਸਜਣਾਂ ਦੇ
ਗਏ ਕਾਫ਼ਲੇ ਦੂਰ ।
ਨਿਕੀਆਂ ਨਿਕੀਆਂ ਬੂੰਦਾਂ ਕਣੀਆਂ
ਦਿਲ ਦੇ ਛਾਲੇ ਛਿਲਤਾਂ ਬਣੀਆਂ
ਅੱਖੀਆਂ 'ਚ ਰੜਕੇ ਭੂਰ,
ਅੱਜ ਸਾਡੇ ਸਜਣਾਂ ਦੇ
ਗਏ ਕਾਫ਼ਲੇ ਦੂਰ ।
ਘੁਲ ਨਾ ਨੀ ਠੰਢੀਏ ਵਾਏ ਘੁਲ ਨਾ
ਬੇ-ਪਰ ਇਹ ਤੜਫਾ ਬੁਲਬੁਲ ਨਾ
'ਨੂਰਪੁਰੀ' ਦੀ ਹੂਰ,
ਅੱਜ ਸਾਡੇ ਸਜਣਾਂ ਦੇ
ਗਏ ਕਾਫ਼ਲੇ ਦੂਰ ।
ਦਿਲ ਦਾ ਮਹਿਰਮ ਆਇਆ ਨਹੀਂ,
ਕਮਲੀ ਨੂੰ ਗਲ ਲਾਇਆ ਨਹੀਂ ।
ਰਾਹਾਂ ਦੇ ਵਿਚ ਨੈਣ ਖਲੋਤੇ
ਜਗ ਦੀਆਂ ਨਜ਼ਰਾਂ ਵਿਚ ਪਰੋਤੇ
ਦਿਨ ਡੁਬਿਆ ਜਿੰਦ ਖਾਂਦੀ ਗੋਤੇ
ਚੰਦ ਕਿਧਰੇ ਦਿਸ ਆਇਆ ਨਹੀਂ,
ਦਿਲ ਦਾ ਮਹਿਰਮ ਆਇਆ ਨਹੀਂ,
ਕਮਲੀ ਨੂੰ ਗਲ ਲਾਇਆ ਨਹੀਂ ।
ਥਾਂ ਥਾਂ ਜਿੰਦੜੀ ਤਰਲੇ ਕਰਦੀ
ਜਣੀ ਖਣੀ ਦੇ ਮਿਹਣੇ ਜਰਦੀ
ਵੇ ਸਾਈਆਂ ਮੈਂ ਤੇਰੀ ਬਰਦੀ
ਮੈਂ ਤੇ ਮਨੋਂ ਭੁਲਾਇਆ ਨਹੀਂ,
ਦਿਲ ਦਾ ਮਹਿਰਮ ਆਇਆ ਨਹੀਂ,
ਕਮਲੀ ਨੂੰ ਗਲ ਲਾਇਆ ਨਹੀਂ ।
ਦਿਲ ਵਿਚ ਬਲਦੇ ਲਾਂਬੂ ਲੰਬੇ
ਜਿਉਂ ਪਾਣੀ ਬਿਨ ਮੱਛੀ ਕੰਬੇ
ਰਾਹ ਵਲ ਤੱਕਦੇ ਨੈਣ ਨੇ ਅੰਬੇ,
ਸਜਨਾ ਮੁਖ ਦਿਖਲਾਇਆ ਨਹੀਂ,
ਦਿਲ ਦਾ ਮਹਿਰਮ ਆਇਆ ਨਹੀਂ,
ਕਮਲੀ ਨੂੰ ਗਲ ਲਾਇਆ ਨਹੀਂ ।
ਜ਼ੁਲਫ਼ਾਂ ਦੇ ਕੁੰਡਲਾਂ ਵਿਚ ਵਲੀਆਂ
ਲੱਖਾਂ ਉਸ ਨੂੰ ਢੂੰਢਣ ਚਲੀਆਂ
-
ਸੜ ਮੋਈਆਂ ਕਈ ਭਲੀਆਂ ਭਲੀਆਂ
ਡਾਚੀ ਨੂੰ ਪਰਤਾਇਆ ਨਹੀਂ,
ਦਿਲ ਦਾ ਮਹਿਰਮ ਆਇਆ ਨਹੀਂ,
ਕਮਲੀ ਨੂੰ ਗਲ ਲਾਇਆ ਨਹੀਂ ।
ਅਸੀਂ ਮਿਨਤਾਂ ਕਰ ਕਰ ਹਾਰੇ,
ਸੱਜਣ ਘਰ ਨਹੀਂ ਰਹਿੰਦੇ,
ਸਾਥੋਂ ਵਿਛੜੇ ਜਾਣ ਪਿਆਰੇ ।
ਭੋਲੇ ਨੈਣ ਤੜਫਦੇ ਰਹਿੰਦੇ
ਡਰਦੇ ਉਚੀ ਸਾਹ ਨਾ ਲੈਂਦੇ
ਫੁਲ ਕਲੀਆਂ ਨੂੰ ਰੋ ਰੋ ਕਹਿੰਦੇ
ਇਹ ਦਿਲ ਕੋਈ ਦੁਖਿਆਰੇ,
ਸੱਜਣ ਘਰ ਨਹੀਂ ਰਹਿੰਦੇ,
ਸਾਥੋਂ ਵਿਛੜੇ ਜਾਣ ਪਿਆਰੇ ।
ਕਮਲੀ ਹੋਈ ਫਿਰੇ ਜਵਾਨੀ
ਪ੍ਰੀਤ 'ਚ ਭਿਜੀ ਮਸਤ ਦੀਵਾਨੀ
ਹੰਝੂਆਂ ਵਾਲੇ ਲੈ ਲੈ ਮੋਤੀ
ਮੈਂ ਹੁਣ ਹਾਰ ਸ਼ਿੰਗਾਰੇ,
ਸੱਜਣ ਘਰ ਨਹੀਂ ਰਹਿੰਦੇ,
ਸਾਥੋਂ ਵਿਛੜੇ ਜਾਣ ਪਿਆਰੇ ।
ਦਿਲ ਦੀਆਂ ਲਗੀਆਂ ਕਉਣ ਬੁਝਾਵੇ
ਰੋਂਦੀਆਂ ਸਧਰਾਂ ਨੂੰ ਪਰਚਾਵੇ
'ਨੂਰਪੁਰੀ' ਦਿਲ ਗਸ਼ੀਆਂ ਖਾਵੇ
ਵਿਛੜੇ ਜਾਣ ਪਿਆਰੇ,
ਸੱਜਣ ਘਰ ਨਹੀਂ ਰਹਿੰਦੇ,
ਸਾਥੋਂ ਵਿਛੜੇ ਜਾਣ ਪਿਆਰੇ ।
ਮੇਰੇ ਓਦਰ ਗਏ ਨੇ ਨੈਣ
ਰਾਤੀਂ ਉਠ ਉਠ ਬਿੜਕਾਂ ਲੈਣ
ਸੁਫ਼ਨੇ ਦੇ ਵਿਚ ਮਿਲੇ ਨੈਣਾਂ ਨੂੰ
ਉਨ੍ਹਾਂ ਹਾਲ ਦਸੇ ਸਭ ਦਿਲ ਦੇ
ਆਖਣ ਲਗੇ ਕਰਮਾਂ ਬਾਝੋਂ
ਵਿਛੜੇ ਯਾਰ ਨਾ ਮਿਲਦੇ
ਖ਼ੁਸ਼ੀ ਅੱਖ ਤੇ ਨਜ਼ਰ ਨਾ ਆਏ,
ਫੇਰ ਕਲੇਜੇ ਧੂਹਾਂ ਪੈਣ,
ਮੇਰੇ ਓਦਰ ਗਏ ਨੇ ਨੈਣ
ਰਾਤੀਂ ਉਠ ਉਠ ਬਿੜਕਾਂ ਲੈਣ
ਕਦਮ ਕਹਿਣ ਉਹ ਦੂਰ ਨੇ ਰਹਿੰਦੇ
ਲਭ ਲਭ ਕੇ ਥਕ ਮੋਏ
ਆਸ ਕਹੇ ਇਹ ਸਿਦਕ ਨਹੀਂ ਪੱਕਾ
ਉਹ ਨਹੀਂ ਲ੍ਹਾਂਬੇ ਹੋਏ
ਤੂੰ ਲਭਦਾ ਏਂ ਦੁਨੀਆਂ ਵਿਚੋਂ,
ਉਹ ਦੁਨੀਆਂ ਤੋਂ ਰੁਸ ਰੁਸ ਬਹਿਣ,
ਮੇਰੇ ਓਦਰ ਗਏ ਨੇ ਨੈਣ
ਰਾਤੀਂ ਉਠ ਉਠ ਬਿੜਕਾਂ ਲੈਣ
ਦਿਲ ਕਲਬੂਤ ਨੂੰ ਆਖਣ ਲਗਾ
ਚੀਰ ਦਿਓ ਇਹ ਸੀਨਾ
ਸਜਣਾਂ ਦੀ ਮੁੰਦਰੀ ਵਿਚ ਸੂਹਾ
ਜੜ ਦਿਓ ਲਾਲ ਨਗੀਨਾ
ਖਬਰੇ 'ਨੂਰਪੁਰੀ' ਹਥ ਪਾ ਲਏ,
ਮੁਕ ਜਾਵਣ ਇਹ ਨਿਤ ਦੇ ਵੈਣ,
ਮੇਰੇ ਓਦਰ ਗਏ ਨੇ ਨੈਣ
ਰਾਤੀਂ ਉਠ ਉਠ ਬਿੜਕਾਂ ਲੈਣ
ਨੈਣ ਮੇਰੇ ਅਜ ਵਿਲਕਦੇ
ਰੋਂਦੇ ਜ਼ਾਰੋ ਜ਼ਾਰ,
ਬੇਲੀਆ ਓ…ਏ !
ਪਤਣੀ ਆ ਗਈਆਂ ਬੇੜੀਆਂ
ਲੰਘ ਗਿਆ ਮੁਲਖ ਹਜ਼ਾਰ,
ਬੇਲੀਆ ਓ…ਏ !
ਗਲ ਵਿਚ ਮੇਰੇ ਮੀਢੀਆਂ
ਬੈਠੀਆਂ ਕੁੰਡਲ ਮਾਰ,
ਬੇਲੀਆ ਓ…ਏ !
ਮੇਰੀ ਚੜ੍ਹੀ ਜਵਾਨੀ ਕਹਿਰ ਦੀ
ਉਛਲੀ ਠਾਠਾਂ ਮਾਰ,
ਬੇਲੀਆ ਓ…ਏ !
ਸੱਪ ਬਣ ਗਈਆਂ ਪੂਣੀਆਂ
ਮੇਰੀ ਚਰਖੀ ਕਰੇ ਪੁਕਾਰ,
ਬੇਲੀਆ ਓ…ਏ !
ਮੇਰੀ ਕੱਚੀ ਤਾਣੀ ਪ੍ਰੀਤ ਦੀ
ਹੋ ਗਈ ਤਾਰੋ ਤਾਰ,
ਬੇਲੀਆ ਓ…ਏ !
ਮੈਂ ਵਿਲਕਾਂ ਵਾਂਗਰ ਬੁਲਬੁਲਾਂ
ਅਜ ਘਰ ਘਰ ਖਿੜੀ ਬਹਾਰ,
ਬੇਲੀਆ ਓ…ਏ !
ਮੇਰਾ ਰੁਸ ਰੁਸ ਬਹਿੰਦਾ ਜੋਬਨਾ
ਮੇਰੇ ਕਜਲੇ ਵਿਚ ਖੁਮਾਰ,
ਬੇਲੀਆ ਓ…ਏ !
ਮੇਰੇ ਹਉਕੇ ਰਹਿ ਗਏ ਲਬਾਂ ਤੇ
ਮੇਰੇ ਰੁਲਦੇ ਹਾਰ ਸ਼ਿੰਗਾਰ,
ਬੇਲੀਆ ਓ…ਏ !
ਇਕ 'ਨੂਰਪੁਰੀ' ਬਿਨ ਹਾਲ ਵੇ
ਮੈਨੂੰ ਝਿੜਕਾਂ ਦੇ ਸੰਸਾਰ,
ਬੇਲੀਆ ਓ…ਏ !
ਪ੍ਰੀਤਾਂ ਤੋੜ ਦੇ ਮਾਹੀਆ,
ਮੇਰਾ ਦਿਲ ਮੋੜ ਦੇ ਮਾਹੀਆ !
ਮੈਂ ਲਾਉਂਦੀ ਲਾਲ ਨਾ ਮਹਿੰਦੀ
ਮੇਰੀ ਦੁਨੀਆਂ ਬਣੀ ਰਹਿੰਦੀ
ਕਿਸੇ ਬੇ ਲੋੜ ਦੇ ਮਾਹੀਆ
ਕਚਾਵੇ ਮੋੜ ਦੇ ਮਾਹੀਆ,
ਪ੍ਰੀਤਾਂ ਤੋੜ ਦੇ ਮਾਹੀਆ,
ਮੇਰਾ ਦਿਲ ਮੋੜ ਦੇ ਮਾਹੀਆ !
ਉਹਲੇ ਬੈਠ ਕੇ ਪਾਈਆਂ
ਮੇਰੇ ਤੂੰ ਗਲ 'ਚ ਸੀ ਫਾਹੀਆਂ
ਵੇ ਵੀਣੀ ਛੋੜ ਦੇ ਮਾਹੀਆ
ਕਚਾਵੇ ਮੋੜ ਦੇ ਮਾਹੀਆ,
ਪ੍ਰੀਤਾਂ ਤੋੜ ਦੇ ਮਾਹੀਆ,
ਮੇਰਾ ਦਿਲ ਮੋੜ ਦੇ ਮਾਹੀਆ !
ਮੈਂ ਕਲੀਆਂ ਵਾਂਗ ਨਾ ਹਸਦੀ
ਕਿਸੇ ਨੂੰ ਭੇਤ ਨਾ ਦਸਦੀ
ਅਜੇ ਭੀ ਹੋੜ ਦੇ ਮਾਹੀਆ
ਕਚਾਵੇ ਮੋੜ ਦੇ ਮਾਹੀਆ,
ਪ੍ਰੀਤਾਂ ਤੋੜ ਦੇ ਮਾਹੀਆ,
ਮੇਰਾ ਦਿਲ ਮੋੜ ਦੇ ਮਾਹੀਆ !
ਮਾਹੀ ਦੇ ਆ ਕੇ ਦਰਬਾਰ,
ਹੁਣ ਕੀ ਕੱਢਣਾ ਘੁੰਘਟ ਯਾਰ ।
ਘੁੰਘਟ ਲਾਹ ਕੇ ਦਰਸ਼ਨ ਪਾ ਲੈ
ਵਿਛੜਿਆ ਮਾਹੀ ਗਲ ਨੂੰ ਲਾ ਲੈ
ਆਪਣੇ ਸਭ ਗੁਨ੍ਹਾ ਬਖ਼ਸ਼ਾ ਲੈ
ਹੁਣ ਕੀ ਪੁਛਣਾ ਵਾਰ ਕਵਾਰ,
ਮਾਹੀ ਦੇ ਆ ਕੇ ਦਰਬਾਰ,
ਹੁਣ ਕੀ ਕੱਢਣਾ ਘੁੰਘਟ ਯਾਰ ।
ਰੋਂਦੇ ਰੋਂਦੇ ਨੈਣ ਵਿਖਾ ਦੇ
ਉਸ ਦੇ ਦਿਲ ਤੇ ਛਾਲੇ ਪਾ ਦੇ
ਭਰ ਭਰ ਹਉਕੇ ਚਿਣਗਾਂ ਲਾ ਦੇ
ਡਾਹਢਾ ਰੋ ਰੋ ਜ਼ਾਰੋ ਜ਼ਾਰ,
ਮਾਹੀ ਦੇ ਆ ਕੇ ਦਰਬਾਰ,
ਹੁਣ ਕੀ ਕੱਢਣਾ ਘੁੰਘਟ ਯਾਰ ।
'ਨੂਰਪੁਰੀ' ਕਲਿਆਂ ਛਡ ਜਾਣਾ
ਨ ਕੋਈ ਦਸਣਾ ਅਸਲ ਟਿਕਾਣਾ
ਰੋਗ ਹਡਾਂ ਵਿਚ ਰਚਦਾ ਜਾਣਾ
ਏਦਾਂ ਕੋਹ ਕੋਹ ਨਾ ਹੁਣ ਮਾਰ,
ਮਾਹੀ ਦੇ ਆ ਕੇ ਦਰਬਾਰ,
ਹੁਣ ਕੀ ਕੱਢਣਾ ਘੁੰਘਟ ਯਾਰ ।
ਰਾਂਝਣ ਨਾਲ ਪਿਆਰ
ਮਾਏਂ,
ਮੇਰਾ ਰਾਂਝਣ ਨਾਲ ਪਿਆਰ ।
ਰਾਂਝਣ ਨੇ ਮੇਰਾ ਤਨ ਮਨ ਛਲਿਆ
ਰਾਂਝਣ ਮੇਰਾ ਰਬ ਨੇ ਘਲਿਆ
ਰਾਂਝਣ ਦੇ ਬਿਨ ਖਾਲੀ ਖਾਲੀ
ਦਿਸਦਾ ਏ ਸੰਸਾਰ,
ਰਾਂਝਣ ਨਾਲ ਪਿਆਰ
ਮਾਏਂ,
ਮੇਰਾ ਰਾਂਝਣ ਨਾਲ ਪਿਆਰ ।
ਰਾਂਝਣ ਆਵੇ ਚੰਦ ਚੜ੍ਹ ਜਾਵੇ
ਰਾਂਝਣ ਸਾਡੇ ਦਰਦ ਵੰਡਾਵੇ
ਰਾਂਝਣ ਰੂਪ ਸ਼ਿੰਗਾਰ,
ਰਾਂਝਣ ਨਾਲ ਪਿਆਰ
ਮਾਏਂ,
ਮੇਰਾ ਰਾਂਝਣ ਨਾਲ ਪਿਆਰ ।
ਰਾਂਝਣ ਸਾਡਾ ਮੰਗੂ ਚਾਰੇ
ਚਾਕ ਨਾ ਮਿਲਦੇ ਰੋਜ਼ ਉਧਾਰੇ
ਰਾਂਝਣ ਨਾਲ ਬਹਾਰ,
ਰਾਂਝਣ ਨਾਲ ਪਿਆਰ
ਮਾਏਂ,
ਮੇਰਾ ਰਾਂਝਣ ਨਾਲ ਪਿਆਰ ।
ਮਾਏ ਨੀ ਸਾਨੂੰ ਲਾ ਨਾ ਵਟਣਾ,
ਮੈਂ ਢੋਲੇ ਬਿਨ ਪਲ ਨਹੀਂ ਕਟਣਾ ।
ਨਾ ਪਾ ਸੂਹੀਆਂ ਲਾਲ ਪੁਸ਼ਾਕਾਂ,
ਨਹੀਂ ਛੱਡਣਾ ਤੈਨੂੰ ਤੇਰਿਆਂ ਸਾਕਾਂ ।
ਮੈਂ ਰੰਗਲਾ ਚੂੜਾ ਭੰਨ ਸਟਣਾ,
ਮੈਂ ਢੋਲੇ ਬਿਨ ਪਲ ਨਹੀਂ ਕਟਣਾ ।
ਪਾ ਕੇ ਨੱਥ ਕਿਉਂ ਖੁੰਝਦੀ ਜਾਵੇਂ,
ਕਿਸ ਦੇ ਹੱਥ ਮੁਹਾਰ ਫੜਾਵੇਂ ।
ਇਸ ਗੱਲ ਵਿਚੋਂ ਤੂੰ ਕੀ ਖਟਣਾ,
ਮੈਂ ਢੋਲੇ ਬਿਨ ਪਲ ਨਹੀਂ ਕਟਣਾ ।
ਮੇਰੇ ਨੈਣ ਨੇ ਹਉਕੇ ਭਰਦੇ,
ਢੋਲਾ ਦੇ ਕੇ ਰਾਜ਼ੀ ਕਰਦੇ ।
ਨੀਂ ਮਾਏ ਤੇਰਾ ਕੁਝ ਨਹੀਂ ਘਟਣਾ,
ਮੈਂ ਢੋਲੇ ਬਿਨ ਪਲ ਨਹੀਂ ਕਟਣਾ ।
ਆ ਢੋਲਾ ਘਰ ਆ ਢੋਲਾ,
ਮੇਰੇ ਨੈਣ ਗਏ ਕੁਮਲਾ ਢੋਲਾ ।
ਅੱਖੀਆਂ ਦੇ ਵਿਚ ਵਾਸਾ ਤੇਰਾ
ਫੁੱਲਾਂ ਦੇ ਵਿਚ ਹਾਸਾ ਤੇਰਾ
ਦਮ ਦਮ ਤੇਰਾ ਚਾਅ ਢੋਲਾ,
ਆ ਢੋਲਾ ਘਰ ਆ ਢੋਲਾ,
ਮੇਰੇ ਨੈਣ ਗਏ ਕੁਮਲਾ ਢੋਲਾ ।
ਤੇਰੇ ਬਿਨ ਹੁਣ ਮੈਂ ਨਹੀਂ ਵਸਦੀ
ਖਲਕਤ ਮੈਨੂੰ ਕਮਲੀ ਦਸਦੀ
ਹੁਣ ਨਾ ਛਡ ਕੇ ਜਾ ਢੋਲਾ,
ਆ ਢੋਲਾ ਘਰ ਆ ਢੋਲਾ,
ਮੇਰੇ ਨੈਣ ਗਏ ਕੁਮਲਾ ਢੋਲਾ ।
ਤੇਰੇ ਦਰ ਤੇ ਬੈਠੀ ਸੁਕ ਗਈ
ਅਗੋਂ ਮੇਰੀ ਮੰਜ਼ਲ ਮੁਕ ਗਈ
ਹੁਣ ਨਾ ਜਿੰਦ ਤੜਫਾ ਢੋਲਾ,
ਆ ਢੋਲਾ ਘਰ ਆ ਢੋਲਾ,
ਮੇਰੇ ਨੈਣ ਗਏ ਕੁਮਲਾ ਢੋਲਾ ।
ਔਰਤ-
ਸੁਣ ਵੇ ਚੀਰੇ ਵਾਲੜਿਆ
ਦੋ ਲਾਲੜੀਆਂ,
ਪੀਂਘਾਂ ਝੂਟਣ ਆਈਆਂ,
ਜ਼ੁਲਫ਼ਾਂ ਵਾਲੜੀਆਂ ।
ਮਰਦ-
ਨਾ ਕਰ ਮਾਣ ਨੀ ਗੋਰੀਏ
ਰੰਗ ਗੂਹੜੇ ਦਾ,
ਦੋ ਦਿਨ ਦਾ ਛਣਕਾਰ,
ਇਹ ਰੰਗਲੇ ਚੂੜੇ ਦਾ ।
ਔਰਤ-
ਸੁਣ ਵੇ ਕਰਮਾਂ ਵਾਲਿਆ
ਗਲ ਗਾਨੀ ਆਂ,
ਫੜ ਤਲਵਾਰਾਂ ਚੜ੍ਹ ਪਏ,
ਰੂਪ ਜਵਾਨੀ ਆਂ ।
ਮਰਦ-
ਨਾ ਪਾ ਨੈਣਾਂ ਵਾਲੀਏ
ਬਾਤਾਂ ਪ੍ਰੀਤ ਦੀਆਂ,
ਸਜਣਾਂ ਬਾਝ ਨਾ ਕਲਿਆਂ,
ਰਾਤਾਂ ਬੀਤ ਦੀਆਂ ।
ਔਰਤ-
ਅਖੀਆਂ ਮੇਰੀਆਂ ਰੋਂਦੀਆਂ
ਧਾਹਾਂ ਮਾਰਦੀਆਂ,
ਕਰ ਕਰ ਚੇਤੇ ਗੱਲਾਂ,
ਰੁਠੜੇ ਪਿਆਰ ਦੀਆਂ ।
ਮਰਦ-
ਪੰਛੀ ਦਿਲ ਦਾ ਤੜਫੇ
ਅੱਖ ਲਾਉਂਦਾ ਨਹੀਂ,
ਸਜਣਾ ਮਿਲਿਆਂ ਬਾਝ,
ਸਬਰ ਅੱਜ ਆਉਂਦਾ ਨਹੀਂ ।
ਮੈਂ ਤੇਰੀ ਮੈਂ ਤੇਰੀ ਯਾਰ,
ਐਵੇਂ ਨਾ ਤੜਪਾ ਕੇ ਮਾਰ ।
ਤੂੰ ਜਿਤਿਆ ਤੇ ਸਾਡੀ ਹਾਰ,
ਐਵੇਂ ਨਾ ਤੜਪਾ ਕੇ ਮਾਰ ।
ਨੈਣਾਂ ਦੇ ਦਰਿਆ ਚੜ੍ਹ ਆਏ,
ਮੇਰੀ ਦੁਨੀਆਂ ਰੁੜ੍ਹਦੀ ਜਾਏ ।
ਗੋਤੇ ਖਾਵਾਂ ਪੇਸ਼ ਨਾ ਜਾਏ,
ਆ ਮਿਲ ਸਾਨੂੰ ਲਾ ਦੇ ਪਾਰ ।
ਮੈਂ ਤੇਰੀ ਮੈਂ ਤੇਰੀ ਯਾਰ,
ਐਵੇਂ ਨਾ ਤੜਪਾ ਕੇ ਮਾਰ ।
ਤੂੰ ਜਿਤਿਆ ਤੇ ਸਾਡੀ ਹਾਰ,
ਐਵੇਂ ਨਾ ਤੜਪਾ ਕੇ ਮਾਰ ।
ਕਿਥੇ ਤੁਰ ਗਿਉਂ ਕਮਲੀ ਕਰਕੇ,
ਨਾਗਾਂ ਦੀ ਪੰਡ ਸਿਰ ਤੇ ਧਰ ਕੇ ।
ਆਪ ਤੇ ਲੰਘ ਗਿਓਂ ਮੋਹਰੇ ਤਰਕੇ,
ਸਾਨੂੰ ਛਡ ਕੇ ਸ਼ਹੁ ਵਿਚਕਾਰ ।
ਮੈਂ ਤੇਰੀ ਮੈਂ ਤੇਰੀ ਯਾਰ,
ਐਵੇਂ ਨਾ ਤੜਪਾ ਕੇ ਮਾਰ ।
ਤੂੰ ਜਿਤਿਆ ਤੇ ਸਾਡੀ ਹਾਰ,
ਐਵੇਂ ਨਾ ਤੜਪਾ ਕੇ ਮਾਰ ।
ਇਸ਼ਕ ਹੋਰਾਂ ਨੇ ਪਿਆਰ ਇਹ ਕੀਤਾ,
ਖ਼ੂਨ ਵਜੂਦ ਮੇਰੇ ਦਾ ਪੀਤਾ,
ਦਰਦਾਂ ਮੇਰਾ ਅੰਗ ਅੰਗ ਸੀਤਾ,
ਸਾਨੂੰ ਨਾ ਤੜਫਾ ਕੇ ਮਾਰ ।
ਮੈਂ ਤੇਰੀ ਮੈਂ ਤੇਰੀ ਯਾਰ,
ਐਵੇਂ ਨਾ ਤੜਪਾ ਕੇ ਮਾਰ ।
ਤੂੰ ਜਿਤਿਆ ਤੇ ਸਾਡੀ ਹਾਰ,
ਐਵੇਂ ਨਾ ਤੜਪਾ ਕੇ ਮਾਰ ।
ਮੈਂ ਮਾਝੇ ਦੀ ਮੋਰਨੀ,
ਪੈਲਾਂ ਪਾਂਦੀ ਆਵਾਂ ।
ਪੈਰੀਂ ਮੇਰੇ ਝਾਂਜਰ ਛਣਕੇ,
ਪਿੰਡ ਦੇ ਦਿਲ ਧੜਕਾਵਾਂ ।
ਮੈਂ ਮਾਝੇ ਦੀ ਮੋਰਨੀ,
ਪੈਲਾਂ ਪਾਂਦੀ ਆਵਾਂ ।
ਸਾਵਣ ਦੀ ਰੁਤ ਕਿਣ ਮਿਣ ਕਣੀਆਂ,
ਲਕ ਲਕ ਖੁਭਦੀ ਜਾਵਾਂ ।
ਮੈਂ ਮਾਝੇ ਦੀ ਮੋਰਨੀ,
ਪੈਲਾਂ ਪਾਂਦੀ ਆਵਾਂ ।
ਰੂਪ ਜਵਾਨੀ ਰਸਤੇ ਵੇਖਣ,
ਮੈਂ ਬੈਠੀ ਪਰਚਾਵਾਂ ।
ਮੈਂ ਮਾਝੇ ਦੀ ਮੋਰਨੀ,
ਪੈਲਾਂ ਪਾਂਦੀ ਆਵਾਂ ।
ਲਕ ਪਤਲਾ ਤੇ ਲਹਿੰਗਾ ਭਾਰੀ,
ਪਈ ਹਚਕੋਲੇ ਖਾਵਾਂ ।
ਮੈਂ ਮਾਝੇ ਦੀ ਮੋਰਨੀ,
ਪੈਲਾਂ ਪਾਂਦੀ ਆਵਾਂ ।
ਮਾਹੀ ਮੇਰਾ ਵਿਚ ਪਰਦੇਸਾਂ,
ਲਿਖ ਲਿਖ ਚਿਠੀਆਂ ਪਾਵਾਂ ।
ਮੈਂ ਮਾਝੇ ਦੀ ਮੋਰਨੀ,
ਪੈਲਾਂ ਪਾਂਦੀ ਆਵਾਂ ।
ਕਾਲੀਆਂ ਰਾਤਾਂ ਨੀਂਦ ਨਾ ਆਵੇ,
ਹਾਕਾਂ ਮਾਰ ਬਲਾਵਾਂ ।
ਮੈਂ ਮਾਝੇ ਦੀ ਮੋਰਨੀ,
ਪੈਲਾਂ ਪਾਂਦੀ ਆਵਾਂ ।
ਘੁੰਡ ਕੱਢ ਲੈ ਪਤਲੀਏ ਨਾਰੇ,
ਨੀ ਸਹੁਰਿਆਂ ਦਾ ਪਿੰਡ ਆ ਗਿਆ ।
ਤੇਰੇ ਰੂਪ ਦੇ ਪੈਣ ਲਿਸ਼ਕਾਰੇ,
ਨੀ ਸਹੁਰਿਆਂ ਦਾ ਪਿੰਡ ਆ ਗਿਆ ।
ਪਤਲਾ ਡੋਰੀਆ ਉਡਦਾ ਜਾਂਦਾ,
ਜ਼ੁਲਫ਼ਾਂ ਦਾ ਸੱਪ ਕੁੰਜ ਪਿਆ ਲਾਂਹਦਾ,
ਤੇਰਾ ਲੌਂਗ ਸੈਨਤਾਂ ਮਾਰੇ,
ਨੀ ਸਹੁਰਿਆਂ ਦਾ ਪਿੰਡ ਆ ਗਿਆ ।
ਘੁੰਡ ਕੱਢ ਲੈ ਪਤਲੀਏ ਨਾਰੇ,
ਨੀ ਸਹੁਰਿਆਂ ਦਾ ਪਿੰਡ ਆ ਗਿਆ ।
ਤੇਰੇ ਰੂਪ ਦੇ ਪੈਣ ਲਿਸ਼ਕਾਰੇ,
ਨੀ ਸਹੁਰਿਆਂ ਦਾ ਪਿੰਡ ਆ ਗਿਆ ।
ਕਾਲੇ ਕੇਸ ਕਾਲੀਆਂ ਰਾਤਾਂ,
ਘਰ ਘਰ ਹੁੰਦੀਆਂ ਤੇਰੀਆਂ ਬਾਤਾਂ,
ਸਾਨੂੰ ਦੇ ਜਾ ਨੈਣ ਉਧਾਰੇ,
ਨੀ ਸਹੁਰਿਆਂ ਦਾ ਪਿੰਡ ਆ ਗਿਆ ।
ਘੁੰਡ ਕੱਢ ਲੈ ਪਤਲੀਏ ਨਾਰੇ,
ਨੀ ਸਹੁਰਿਆਂ ਦਾ ਪਿੰਡ ਆ ਗਿਆ ।
ਤੇਰੇ ਰੂਪ ਦੇ ਪੈਣ ਲਿਸ਼ਕਾਰੇ,
ਨੀ ਸਹੁਰਿਆਂ ਦਾ ਪਿੰਡ ਆ ਗਿਆ ।
ਐਵੇਂ ਵੰਡ ਨਾ ਘਰ ਘਰ ਹਾਸੇ,
ਮਗਰੋਂ ਰੋਣਗੇ ਨੈਣ ਉਦਾਸੇ,
ਜਾਂ ਲੋਕਾਂ ਲੁਟ ਲਏ ਸਾਰੇ,
ਨੀ ਸਹੁਰਿਆਂ ਦਾ ਪਿੰਡ ਆ ਗਿਆ ।
ਘੁੰਡ ਕੱਢ ਲੈ ਪਤਲੀਏ ਨਾਰੇ,
ਨੀ ਸਹੁਰਿਆਂ ਦਾ ਪਿੰਡ ਆ ਗਿਆ ।
ਤੇਰੇ ਰੂਪ ਦੇ ਪੈਣ ਲਿਸ਼ਕਾਰੇ,
ਨੀ ਸਹੁਰਿਆਂ ਦਾ ਪਿੰਡ ਆ ਗਿਆ ।
(ਪਾਠ ਭੇਦ=ਹੇਠਲੇ ਬੰਦ ਨੰਦ ਲਾਲ
ਨੂਰਪੁਰੀ ਕਾਵਿ-ਸੰਗ੍ਰਹ ਵਿਚ ਹਨ:)
ਲਕ ਪਤਲਾ ਤੇ ਲਹੰਗਾ ਭਾਰੀ
ਰੰਗਲੇ ਹਾਸੇ ਚੜ੍ਹੀ ਖੁਮਾਰੀ
ਤੂੰ ਤੇ ਹਾਸਿਆਂ ਦੇ ਢੇਰ ਖਿਲਾਰੇ
ਕਿ ਸੌਹਰਿਆਂ ਦਾ ਪਿੰਡ ਆ ਗਿਆ…
ਕੈਂਠੀ ਵਾਲੀ ਗਰਦਨ ਉਤੇ
ਲੱਖਾਂ ਕਾਲੇ ਬਿਸੀਅਰ ਸੁੱਤੇ
ਲਾਗੇ ਸਪਣੀ ਸ਼ੂਕਰਾਂ ਮਾਰੇ
ਕਿ ਸੌਹਰਿਆਂ ਦਾ ਪਿੰਡ ਆ ਗਿਆ…
ਅੰਗ ਅੰਗ ਸਿਮਦੇ ਮਖਣ ਮਲਾਈਆਂ
ਚੜ੍ਹ ਚੜ੍ਹ ਕੇ ਆਫਾਤਾਂ ਆਈਆਂ
ਤੇਰੇ ਮਸਤੀਆਂ ਭਰੇ ਹੁਲਾਰੇ
ਕਿ ਸੌਹਰਿਆਂ ਦਾ ਪਿੰਡ ਆ ਗਿਆ…
ਚੰਨਾਂ ਵੇ ਸਾਨੂੰ ਕਲਿਆਂ ਨਾ ਛੱਡ ਵੇ ।
ਬਾਗਾਂ 'ਚ ਆ ਗਈ ਬਹਾਰ,
ਚੰਨਾ ਵੇ,
ਸਾਨੂੰ ਕਲਿਆਂ ਨਾ ਛੱਡ ਵੇ ।
ਫੁੱਲਾਂ ਕੋਲੋਂ ਲਾਲੀ ਜਾਏ ਨਾ ਸੰਭਾਲੀ,
ਕਲੀਆਂ ਦਾ ਡੁਲ੍ਹਦਾ ਖੁਮਾਰ ।
ਬਾਗਾਂ 'ਚ ਆ ਗਈ ਬਹਾਰ,
ਮਾਹੀ ਵੇ,
ਸਾਨੂੰ ਕਲਿਆਂ ਨਾ ਛੱਡ ਵੇ ।
ਨਵਾਂ ਨਵਾਂ ਜੋਬਨ ਤੇ
ਨਵਾਂ ਨਵਾਂ ਚਾ ਸਾਡਾ,
ਨਵਾਂ ਨਵਾਂ ਬਾਹਵਾਂ 'ਚ ਪਿਆਰ ।
ਬਾਗਾਂ 'ਚ ਆ ਗਈ ਬਹਾਰ,
ਮਾਹੀ ਵੇ,
ਸਾਨੂੰ ਕਲਿਆਂ ਨਾ ਛੱਡ ਵੇ ।
ਭਵਰੇ ਦੀ ਗੂੰਜ
ਸਾਡਾ ਦਿਲ ਤੜਫ਼ਾਂਵਦੀ ਵੇ,
ਸੀਨੇ ਵਿਚ ਲਗਦੀ ਕਟਾਰ ।
ਬਾਗਾਂ 'ਚ ਆ ਗਈ ਬਹਾਰ,
ਮਾਹੀ ਵੇ,
ਸਾਨੂੰ ਕਲਿਆਂ ਨਾ ਛੱਡ ਵੇ ।
ਕਜਲੇ ਦੀ ਧਾਰ ਵਿਚ
ਸੌ ਸੌ ਕਟਾਰੀ ਵੇ,
ਜੋਬਨ ਪ੍ਰਾਹੁਣਾ ਦਿਨ ਚਾਰ ।
ਬਾਗਾਂ 'ਚ ਆ ਗਈ ਬਹਾਰ,
ਮਾਹੀ ਵੇ,
ਸਾਨੂੰ ਕਲਿਆਂ ਨਾ ਛੱਡ ਵੇ ।
ਰੁਸ ਰੁਸ ਟੁਰ ਗਿਆ ਢੋਲ,
ਸਈਓ ਨੀ ਮੇਰਾ,
ਰੁਸ ਰੁਸ ਟੁਰ ਗਿਆ ਢੋਲ ।
ਹਸਦੀ ਮੈਂ ਹਸਦੀ ਨੇ,
ਫੁਲ ਇਕ ਮਾਰਿਆ ਨੀ,
ਮੰਦਾ ਚੰਗਾ ਬੋਲਿਆ ਨਾ ਬੋਲ,
ਰੁਸ ਰੁਸ ਟੁਰ ਗਿਆ ਢੋਲ ।
ਸਈਓ ਨੀ ਮੇਰਾ,
ਰੁਸ ਰੁਸ ਟੁਰ ਗਿਆ ਢੋਲ ।
ਆਖ ਚੁਕੀ ਲੈ ਲੈ ਸਾਡੇ,
ਰੂਪ ਤੇ ਜਵਾਨੀ ਚੰਨਾ,
ਵਸ ਪਰ ਅੱਖੀਆਂ ਦੇ ਕੋਲ,
ਰੁਸ ਰੁਸ ਟੁਰ ਗਿਆ ਢੋਲ ।
ਸਈਓ ਨੀ ਮੇਰਾ,
ਰੁਸ ਰੁਸ ਟੁਰ ਗਿਆ ਢੋਲ ।
ਸਿਟ ਸਿਟ ਅਥਰੂ ਉਹ,
ਅੱਗ ਸੀਨੇ ਲਾ ਗਿਆ ਨੀ,
ਹੁਣ ਸਾਡੇ ਰਹਿੰਦਾ ਨਹੀਂਓਂ ਕੋਲ,
ਰੁਸ ਰੁਸ ਟੁਰ ਗਿਆ ਢੋਲ ।
ਸਈਓ ਨੀ ਮੇਰਾ,
ਰੁਸ ਰੁਸ ਟੁਰ ਗਿਆ ਢੋਲ ।
ਕੀ ਪ੍ਰਦੇਸੀ ਸਾਥੋਂ ਮੰਗਦਾ,
ਨੀ ਗੋਰੀਏ !
ਕੀ ਪ੍ਰਦੇਸੀ ਸਾਥੋਂ ਮੰਗਦਾ ?
ਸਾਡੇ ਮੰਗੇ ਚੰਨ
ਨੈਣ ਨੀ ਉਧਾਰੇ,
ਅਸੀਂ ਇਹਦਾ ਮੰਨੀਏ ਸਵਾਲ ।
ਸਾਡੇ ਕੋਲੋਂ ਕਾਹਦੇ ਲਈ ਸੰਗਦਾ,
ਨੀ ਗੋਰੀਏ !
ਕੀ ਪ੍ਰਦੇਸੀ ਸਾਥੋਂ ਮੰਗਦਾ ?
ਕਹਿੰਦੇ ਪ੍ਰਦੇਸੀਆ ਵੇ
ਦਰਦ ਦਿਲਾਂ ਦੇ ਸਾਨੂੰ,
ਲਈਏ ਤੇਰੇ ਦਰਦ ਵੰਡਾ ।
ਘੜੀ ਘੜੀ ਬੂਹੇ ਅਗੋਂ ਲੰਘਦਾ,
ਨੀ ਗੋਰੀਏ !
ਕੀ ਪ੍ਰਦੇਸੀ ਸਾਥੋਂ ਮੰਗਦਾ ?
ਚੁਪ ਵਟ ਵਟ ਕਾਹਨੂੰ
ਮਾਰੇਂ ਪ੍ਰਦੇਸੀਆ ਵੇ,
ਹਸ ਕੇ ਤੇ ਇਕ ਵਾਰੀ ਬੋਲ ।
ਨੈਣਾਂ ਵਿਚ ਨੈਣ ਪਿਆ ਰੰਗਦਾ,
ਨੀ ਗੋਰੀਏ !
ਕੀ ਪ੍ਰਦੇਸੀ ਸਾਥੋਂ ਮੰਗਦਾ ?
ਸਹਿਜੇ ਸਹਿਜੇ ਕੱਤ ਨੀ,
ਅਨਜਾਣੇ ਕੁੜੀਏ !
ਅੱਖਾਂ 'ਚ ਰਮਜ਼ਾਂ,
ਦਿਲ 'ਚ ਮਰੋੜੀ,
ਕਤਣੀ 'ਚ ਰਖਨੀ ਏਂ,
ਚੌਲ ਕੁ ਰੋੜੀ ।
ਮਾਪਿਆਂ ਨਾਲ ਕੁਪੱਤ ਨੀ,
ਅਨਜਾਣੇ ਕੁੜੀਏ !
ਚਰਖੀ ਤੇਰੀ ਦੇਵੇ ਦੁਹਾਈਆਂ,
ਪ੍ਰੀਤ ਤੇਰੀ ਨੇ ਛਿੰਜਾਂ ਪਾਈਆਂ ।
ਤੇਰੇ ਜੁਸੇ 'ਚੋਂ ਸਿੰਮਦੀ ਰੱਤ ਨੀ,
ਅਨਜਾਣੇ ਕੁੜੀਏ !
ਲੰਘਦੇ ਜਾਂਦੇ ਛੈਲ ਛਬੀਲੇ,
ਤੇਰੇ ਗੀਤ ਦੀ ਹੂੰਗਰ ਕੀਲੇ ।
ਨਾ ਅਲਬੇਲੀ ਵਤ ਨੀ,
ਅਨਜਾਣੇ ਕੁੜੀਏ !
ਤੂੰ ਆਬਾਦ ਨਹੀਂ ਕਰਨਾ
ਚੰਨਾ ਬਰਬਾਦ ਕਰਦੇ ।
ਨੈਣ ਨਾ ਵਿਲਕਣ ਰਾਤ ਦਿਨੇ
ਪਏ ਯਾਦ ਕਰਦੇ ।
ਤੂੰ ਆਪਣੀ ਰਹਿਮਤ ਦੇ ਦਰ ਤੋਂ,
ਕਦੀ ਜੇ ਖ਼ੈਰ ਪਾ ਦੇਂਦੋਂ ।
ਨਾ ਗਲੀਆਂ 'ਚ ਅਸੀਂ ਰੁਲਦੇ,
ਕਦੀ ਫਰਯਾਦ ਕਰਦੇ ।
ਤੂੰ ਆਬਾਦ ਨਹੀਂ ਕਰਨਾ
ਚੰਨਾ ਬਰਬਾਦ ਕਰਦੇ ।
ਨੈਣ ਨਾ ਵਿਲਕਣ ਰਾਤ ਦਿਨੇ
ਪਏ ਯਾਦ ਕਰਦੇ ।
ਕਿਉਂ ਤੜਫਾਨਾ ਏਂ ਹੌਲੀ ਹੌਲੀ,
ਦਿਲ ਤੇ ਰਖ ਛੁਰੀਆਂ ।
ਤੂੰ ਇਕੇ ਵਾਰੀ ਹੀ ਮੈਨੂੰ,
ਕਤਲ ਜੱਲਾਦ ਕਰਦੇ ।
ਤੂੰ ਆਬਾਦ ਨਹੀਂ ਕਰਨਾ
ਚੰਨਾ ਬਰਬਾਦ ਕਰਦੇ ।
ਨੈਣ ਨਾ ਵਿਲਕਣ ਰਾਤ ਦਿਨੇ
ਪਏ ਯਾਦ ਕਰਦੇ ।
ਪਿਆ ਦੇ ਅਪਨੇ ਮੈਖ਼ਾਨੇ 'ਚੋਂ,
ਘੁਟ ਆਪਨੀ ਸੁਰਾਹੀ ਦਾ ।
ਮੇਰੇ ਸਾਕੀ ਮੇਰੀ ਦੁਨੀਆਂ ਭੀ,
ਹੁਣ ਆਬਾਦ ਕਰਦੇ ।
ਤੂੰ ਆਬਾਦ ਨਹੀਂ ਕਰਨਾ
ਚੰਨਾ ਬਰਬਾਦ ਕਰਦੇ ।
ਨੈਣ ਨਾ ਵਿਲਕਣ ਰਾਤ ਦਿਨੇ
ਪਏ ਯਾਦ ਕਰਦੇ ।
ਸੁਰਾਹੀ 'ਚੋਂ ਜ਼ਰਾ ਸਾਕੀ,
ਮੇਰੀ ਪਿਆਲੀ 'ਚ ਪਾ ਦੇਵੀਂ !
ਤੂੰ ਨਜ਼ਰਾਂ ਜੇ ਜ਼ਰਾ ਮੇਲੇਂ,
ਮੇਰੀ ਹਸਤੀ ਬਨਾ ਦੇਵੇਂ ।
ਤੂੰ ਹਸ ਕੇ ਜੇ ਜ਼ਰਾ ਬੋਲੇਂ,
ਤੇ ਮੋਤੀ ਹੀ ਵਸਾ ਦੇਵੇਂ ।
ਉਹ ਸੋਹਣੇ ਸਾਕੀਆ ਮੇਰੀ,
ਭੀ ਦੁਨੀਆਂ ਨੂੰ ਵਸਾ ਦੇਵੀਂ ।
ਸੁਰਾਹੀ 'ਚੋਂ ਜ਼ਰਾ ਸਾਕੀ,
ਮੇਰੀ ਪਿਆਲੀ 'ਚ ਪਾ ਦੇਵੀਂ !
ਤੇਰੇ ਬੁਲ੍ਹਾਂ ਦੇ ਹਾਸੇ 'ਚ,
ਖ਼ੁਦਾ ਦਾ ਨੂਰ ਹਸਦਾ ਏ ।
ਤੇਰੇ ਨੈਣਾਂ ਦੇ ਸਾਗਰ 'ਚ,
ਇਹ ਮੀਂਹ ਕਰਮਾਂ ਦਾ ਵਸਦਾ ਏ ।
ਤੂੰ ਲਖਾਂ ਦੀ ਬਨਾਈ ਏ,
ਮੇਰੀ ਬਿਗੜੀ ਬਨਾ ਦੇਵੀਂ ।
ਸੁਰਾਹੀ 'ਚੋਂ ਜ਼ਰਾ ਸਾਕੀ,
ਮੇਰੀ ਪਿਆਲੀ 'ਚ ਪਾ ਦੇਵੀਂ !
ਤੂੰ ਮਸਤੀ ਵਿਚ ਜੇ ਆਵੇਂ,
ਮਸਤਾਨਾ ਬਨਾ ਦੇਵੇਂ ।
ਤੂੰ ਰਹਿਮਤ ਵਿਚ ਜੇ ਆਵੇਂ,
ਤੇ ਕਬਰਾਂ ਨੂੰ ਜਗਾ ਦੇਵੇਂ ।
ਤੂੰ ਠੋਕਰ ਮਾਰ ਕੇ ਮੇਰੀ ਵੀ,
ਕਿਸਮਤ ਨੂੰ ਜਗਾ ਦੇਵੀਂ ।
ਸੁਰਾਹੀ 'ਚੋਂ ਜ਼ਰਾ ਸਾਕੀ,
ਮੇਰੀ ਪਿਆਲੀ 'ਚ ਪਾ ਦੇਵੀਂ !
ਦੁਨੀਆਂ ਚਲੋ ਚਲੀ ਦਾ ਮੇਲਾ,
ਓ ਮਨ ਬਾਵਰਿਆ !
ਇਕ ਦਾਤਾ ਇਕ ਦਿਸੇ ਭਿਖਾਰੀ,
ਇਕ ਕੰਗਲਾ ਇਕ ਮਾਇਆ ਧਾਰੀ,
ਕੋਈ ਗਲੀਆਂ ਵਿਚ ਰੁਲਦਾ ਫਿਰਦਾ,
ਦੇਵੇ ਕੋਈ ਨਾ ਧੇਲਾ ।
ਦੁਨੀਆਂ ਚਲੋ ਚਲੀ ਦਾ ਮੇਲਾ,
ਓ ਮਨ ਬਾਵਰਿਆ !
ਹੀਰੇ ਲਾਲ ਕਿਸੇ ਘਰ ਡੁਲ੍ਹਦੇ,
ਕੋਈ ਪਰਦੇਸੀਂ ਫਿਰਦੇ ਰੁਲਦੇ,
ਕਫ਼ਨ ਬਿਨਾ ਕੋਈ ਤਰਿਆ ਜਾਂਦਾ,
ਖਾ ਕੇ ਮੌਤ ਗੁਲੇਲਾ ।
ਦੁਨੀਆਂ ਚਲੋ ਚਲੀ ਦਾ ਮੇਲਾ,
ਓ ਮਨ ਬਾਵਰਿਆ !
ਮਾਪਿਆਂ ਸਾਨੂੰ ਲਾਡ ਲਡਾਏ,
ਹੰਝੂਆਂ ਵਰਗੇ ਮੋਤੀ ਪਾਏ,
ਓੜਕ ਡੋਲੀ ਚਾੜ੍ਹ ਕੇ ਕਹਿੰਦੇ,
ਹੁਣ ਜਾਵਣ ਦਾ ਵੇਲਾ ।
ਦੁਨੀਆਂ ਚਲੋ ਚਲੀ ਦਾ ਮੇਲਾ,
ਓ ਮਨ ਬਾਵਰਿਆ !
ਨਾ ਕੋਈ ਹੈ ਪ੍ਰਦੇਸੀ ਲਾਲਾ,
ਨਾ ਕੋਈ ਦੇਸਾਂ ਵਾਲਾ,
ਜਿਥੇ ਕਿਸੇ ਦੀ ਮੰਜ਼ਲ ਮੁਕ ਗਈ,
ਸੌਂ ਗਿਆ ਵੇਖ ਕੁਵੇਲਾ ।
ਦੁਨੀਆਂ ਚਲੋ ਚਲੀ ਦਾ ਮੇਲਾ,
ਓ ਮਨ ਬਾਵਰਿਆ !
ਮੈਂ ਵਤਨ ਦਾ ਸ਼ਹੀਦ ਹਾਂ,
ਮੇਰੀ ਯਾਦ ਭੁਲਾ ਦੇਣੀ ।
ਮੇਰੇ ਖ਼ੂਨ ਦੀ ਇਕ ਪਿਆਲੀ,
ਕਿਸੇ ਪਿਆਸੇ ਨੂੰ ਪਿਲਾ ਦੇਣੀ ।
ਕਿਸੇ ਅਬਲਾ ਦਾ ਹੱਥ ਫੜਕੇ,
ਮੇਰੇ ਖ਼ੂਨ ਦੀ ਲਾ ਮਹਿੰਦੀ ।
ਉਹਦੀ ਦੁਨੀਆਂ ਵਸਾ ਦੇਣੀ,
ਮੇਰੀ ਦੁਨੀਆਂ ਮਿਟਾ ਦੇਣੀ ।
ਮੈਂ ਵਤਨ ਦਾ ਸ਼ਹੀਦ ਹਾਂ,
ਮੇਰੀ ਯਾਦ ਭੁਲਾ ਦੇਣੀ ।
ਦੇਣਾ ਨਾ ਕਿਸੇ ਪੈਸਾ,
ਮੇਰੇ ਮੰਗਤੇ ਨਿਆਣੇ ਨੂੰ ।
ਮੇਰੀ ਮਿਟੀ ਦੀ ਮੁਠ ਭਰ ਕੇ,
ਓਹਦੀ ਝੋਲੀ 'ਚ ਪਾ ਦੇਣੀ ।
ਮੈਂ ਵਤਨ ਦਾ ਸ਼ਹੀਦ ਹਾਂ,
ਮੇਰੀ ਯਾਦ ਭੁਲਾ ਦੇਣੀ ।
ਮੇਰੇ ਘਰ ਦੇ ਹਨੇਰੇ ਵਿਚ,
ਬੈਠੀ ਇਕ ਉਜੜੀ ਹੋਈ ।
ਉਹਦੇ ਨੈਣਾਂ ਦੀ ਲੋ ਖੋਹ ਕੇ,
ਦੀਵਾਲੀ ਜਗਾ ਦੇਣੀ ।
ਮੈਂ ਵਤਨ ਦਾ ਸ਼ਹੀਦ ਹਾਂ,
ਮੇਰੀ ਯਾਦ ਭੁਲਾ ਦੇਣੀ ।
ਮੇਰਾ ਟੁਰ ਗਿਆ ਮਾਹੀ ਨੀ,
ਢੂੰਡਾਂ ਕਿਸ ਦਰ ਜਾ ।
ਮੇਰੀ ਫੂਕ ਕੇ ਮਹਿੰਦੀ ਨੀ,
ਰੋਂਦੇ ਛੱਡ ਗਿਆ ਚਾ ।
ਨਾ ਮੈਂ ਡੁਬਦੀ ਹਾਂ ਮਾਹੀਆ,
ਨਾ ਮੈਂ ਤਰਦੀ ਹਾਂ ਮਾਹੀਆ,
ਚੜ੍ਹੀਆਂ ਸਾਵਣ ਕਾਂਗਾਂ ਵੇ,
ਹੌਕੇ ਭਰਦੀ ਆਂ ਮਾਹੀਆ,
ਰੋਂਦੇ ਨੈਣਾਂ 'ਚ ਵੇਖੀਂ ਵੇ,
ਖ਼ੂਨੀ ਚੜ੍ਹੇ ਦਰਿਆ ।
ਮੇਰਾ ਟੁਰ ਗਿਆ ਮਾਹੀ ਨੀ,
ਢੂੰਡਾਂ ਕਿਸ ਦਰ ਜਾ ।
ਮੇਰੀ ਫੂਕ ਕੇ ਮਹਿੰਦੀ ਨੀ,
ਰੋਂਦੇ ਛੱਡ ਗਿਆ ਚਾ ।
ਆਇਆ ਸਾਵਣ ਮਹੀਨਾ ਨੀ,
ਸਈਆਂ ਹਸਦੀਆਂ ਆਈਆਂ,
ਪਾ ਪਾ ਕਜਲੇ ਨੈਣੀਂ ਨੀ,
ਸਭਨਾਂ ਛੁਰੀਆਂ ਚਲਾਈਆਂ,
ਬਿਰਹੋਂ ਕੁਠੜੇ ਦਿਲ ਨੇ ਨੀ,
ਲਈਆਂ ਹਸ ਹਸ ਖਾ ।
ਮੇਰਾ ਟੁਰ ਗਿਆ ਮਾਹੀ ਨੀ,
ਢੂੰਡਾਂ ਕਿਸ ਦਰ ਜਾ ।
ਮੇਰੀ ਫੂਕ ਕੇ ਮਹਿੰਦੀ ਨੀ,
ਰੋਂਦੇ ਛੱਡ ਗਿਆ ਚਾ ।
ਆਵਾਜ਼-
ਤੇਰੀ ਉਮਰ ਨਿਆਣੀ ਨੀ,
ਇਹ ਨਾ ਅਥਰੂ ਵਗਾ ।
ਏਥੇ ਉੱਡਦੇ ਪੰਛੀ ਨੀ,
ਲੈਂਦੇ ਪਿੰਜਰੇ ਪਾ ।
ਡਾਰੋਂ ਵਿਛੜੀਏ ਕੂੰਜੇ ਨੀ,
ਐਵੇਂ ਨਾ ਕੁਰਲਾ ।
ਮੇਰਾ ਟੁਰ ਗਿਆ ਮਾਹੀ ਨੀ,
ਢੂੰਡਾਂ ਕਿਸ ਦਰ ਜਾ ।
ਮੇਰੀ ਫੂਕ ਕੇ ਮਹਿੰਦੀ ਨੀ,
ਰੋਂਦੇ ਛੱਡ ਗਿਆ ਚਾ ।
ਨੀ ਮੈਂ ਭਾਈ ਦੀ, ਨੀ ਮੈਂ ਵੀਰ ਦੀ
ਕਦੀ ਭੁਲ ਕੇ ਕਸਮ ਨਹੀਂ ਖਾਵਾਂਗੀ ।
ਹੱਥ ਗਾਨੇ ਬੰਨ੍ਹ ਬੰਨ੍ਹ ਸ਼ਗਨਾਂ ਦੇ ਨੀ
ਸੂਹੇ ਚੂੜੇ ਵਾਲੀ ਭਾਬੀ ਮੰਗਵਾਵਾਂਗੀ ।
ਨੀ ਕਲੀਓ ਪੱਤਿਆਂ ਦੇ ਘੁੰਡ ਕੱਢ ਲਉ
ਮੇਰੇ ਵੀਰ ਦੀ ਜਵਾਨੀ ਨੂੰ-ਨੀ ਗੋਰੀਓ,
ਕੋਈ ਨਜ਼ਰ ਨਾ ਲਾ ਦੇਣੀ ।
ਉਹਦੇ ਅੰਗ ਅੰਗ ਸਿਮਦੀਆਂ ਲਾਲੀਆਂ,
ਨੀ ਉਹਦੀ ਬਿਗੜੀ ਬਨਾ ਦੇਣੀ ।
ਮੈਂ ਤੇ ਸੋਨੇ ਨਾਲ ਤਾਜ ਮੜ੍ਹਾਵਾਂਗੀ,
ਨੀ ਮੈਂ ਭਾਈ ਦੀ, ਨੀ ਮੈਂ ਵੀਰ ਦੀ
ਕਦੀ ਭੁਲ ਕੇ ਕਸਮ ਨਹੀਂ ਖਾਵਾਂਗੀ ।
ਵੇ ਵੀਰਾ ਸੋਨੇ ਦਿਆ ਤੀਰਾ ।
ਵੀਰਾ ਨਾ ਜਾਈਂ ਪ੍ਰਦੇਸੀਂ ਵੇ-ਓਥੇ ਨਾਰੀਆਂ,
ਓਥੇ ਨਾਰੀਆਂ ਨੇ ਤੇਜ਼ ਕਟਾਰੀਆਂ
ਵੇ ਉਹ ਚੰਦ ਦੀਆਂ ਰਿਸ਼ਮਾਂ ਕਟ ਕਟ ਕੇ,
ਭਰ ਲੈਂਦੀਆਂ ਨੀ ਨੈਣ ਪਟਾਰੀਆਂ ।
ਮੈਂ ਤੇ ਸੋਨੇ ਨਾਲ ਤਾਜ ਮੜ੍ਹਾਵਾਂਗੀ,
ਨੀ ਮੈਂ ਭਾਈ ਦੀ, ਨੀ ਮੈਂ ਵੀਰ ਦੀ
ਕਦੀ ਭੁਲ ਕੇ ਕਸਮ ਨਹੀਂ ਖਾਵਾਂਗੀ ।
ਕਿ ਬੁਲਬੁਲ ਫੁਲਾਂ ਨੂੰ ਕਹਿੰਦੀ,
ਜਵਾਨੀ ਸਦਾ ਨਹੀਂ ਰਹਿੰਦੀ ।
ਕਿਸੇ ਦਾ ਕਜਲਾ ਅੱਖੀਆਂ ਦਾ,
ਕਿਸੇ ਦਾ ਜੋੜਾ ਪੱਖੀਆਂ ਦਾ ।
ਕਿਸੇ ਨੂੰ ਡੋਲੀ ਪਾ ਮੁੜਿਆ,
ਇਹ ਝੁਰਮਟ ਰੋ ਰੋ ਸਖੀਆਂ ਦਾ ।
ਕਿਸੇ ਦੇ ਹੱਥਾਂ ਦੀ ਮਹਿੰਦੀ,
ਇਹ ਵਟੀਆਂ ਹੋ ਹੋ ਕੇ ਲਹਿੰਦੀ,
ਕਿ ਬੁਲਬੁਲ ਫੁਲਾਂ ਨੂੰ ਕਹਿੰਦੀ,
ਜਵਾਨੀ ਸਦਾ ਨਹੀਂ ਰਹਿੰਦੀ ।
ਕਿਸੇ ਦੇ ਹੱਥਾਂ ਨੂੰ ਛੱਲੇ,
ਸਜਣ ਨੇ ਹੀਰੇ ਜੜ ਘੱਲੇ ।
ਕਿਸੇ ਦੇ ਰੋਂਦੀ ਰੋਂਦੀ ਦੇ,
ਸੱਜਣ ਨੇ ਹੰਝੂ ਨਾ ਠੱਲ੍ਹੇ ।
ਕਦੀ ਕੋਈ ਵਹੁਟੀ ਬਣ ਬਹਿੰਦੀ,
ਕਦੀ ਕੋਈ ਹਉਕੇ ਪਈ ਲੈਂਦੀ ।
ਕਿ ਬੁਲਬੁਲ ਫੁਲਾਂ ਨੂੰ ਕਹਿੰਦੀ,
ਜਵਾਨੀ ਸਦਾ ਨਹੀਂ ਰਹਿੰਦੀ ।
ਕਿਸੇ ਦੇ ਬੁਲ੍ਹਾਂ ਦੀ ਲਾਲੀ,
ਭਰੀ ਜਿਉਂ ਫੁਲਾਂ ਦੀ ਡਾਲੀ ।
ਕਿਸੇ ਦਾ ਹੁਸਨ ਗਿਆ ਖਾਲੀ,
ਕਿ ਕਲੀਆਂ ਰੋਲ ਗਏ ਮਾਲੀ ।
ਕੋਈ ਆ 'ਨੂਰਪੁਰੀ' ਕਹਿੰਦੀ,
ਮੇਰੀ ਜਿੰਦ ਦੁਖੜੇ ਪਈ ਸਹਿੰਦੀ ।
ਕਿ ਬੁਲਬੁਲ ਫੁਲਾਂ ਨੂੰ ਕਹਿੰਦੀ,
ਜਵਾਨੀ ਸਦਾ ਨਹੀਂ ਰਹਿੰਦੀ ।
ਜੋਬਨ ਚੜ੍ਹ ਆਇਆ,
ਮਾਹੀ ਨਹੀਂ ਘਰ ਆਇਆ ।
ਸਾਵਣ ਰੰਗ ਲਾਇਆ,
ਮਾਹੀ ਨਹੀਂ ਘਰ ਆਇਆ ।
ਕਲੀ ਨੇ ਘੁੰਡ ਲਾਹ ਲਿਆ,
ਭੌਰਾਂ ਦੇ ਸਿਰ ਵੇਖੋ ਨੀ ।
ਵੇਖੋ ਨੀ ਜਾਦੂ ਪਾ ਲਿਆ,
ਨੈਣਾਂ ਦਾ ਤੀਰ ਚਲਾਇਆ,
ਮਾਹੀ ਨਹੀਂ ਘਰ ਆਇਆ ।
ਜੋਬਨ ਚੜ੍ਹ ਆਇਆ ।
ਨੀ ਬਦਲੀਏ ਕਾਲੀਏ,
ਤੂੰ ਹੌਲੀ ਹੌਲੀ ਕੇਰ ਨੀ ।
ਇਹ ਮੋਤੀਆਂ ਦੇ ਢੇਰ ਨੀ,
ਹੋ ਗਿਆ ਦਰਦ ਸਵਾਇਆ ।
ਮਾਹੀ ਨਹੀਂ ਘਰ ਆਇਆ ।
ਜੋਬਨ ਚੜ੍ਹ ਆਇਆ ।
ਪੀਂਘਾਂ ਝੂਟਦੀਆਂ,
ਸਾਵਣ ਵਿਚ ਮੁਟਿਆਰਾਂ ।
ਕੂੰਜਾਂ ਦੇਸ ਦੀਆਂ
ਨਿਕਲੀਆਂ ਬੰਨ੍ਹ ਕੇ ਡਾਰਾਂ ।
ਰੰਗਲੇ ਚੂੜੇ, ਰੰਗਲੀ ਮਹਿੰਦੀ,
ਇਕ ਦੂਜੀ ਨੂੰ ਇਹ ਗਲ ਕਹਿੰਦੀ,
ਆ ਤੇਰੀ ਜ਼ੁਲਫ਼ ਸਵਾਰਾਂ ।
ਪੀਂਘਾਂ ਝੂਟਦੀਆਂ,
ਸਾਵਣ ਵਿਚ ਮੁਟਿਆਰਾਂ ।
ਕੂੰਜਾਂ ਦੇਸ ਦੀਆਂ
ਨਿਕਲੀਆਂ ਬੰਨ੍ਹ ਕੇ ਡਾਰਾਂ ।
ਰੂਪ ਜਿਨ੍ਹਾਂ ਦੇ ਕਚੀਆਂ ਕਲੀਆਂ,
ਨਾਗਰ ਵੇਲਾਂ ਨਾਜ਼ੀਂ ਪਲੀਆਂ,
ਪਤਲੀਆਂ ਪਤਲੀਆਂ ਨਾਰਾਂ ।
ਪੀਂਘਾਂ ਝੂਟਦੀਆਂ,
ਸਾਵਣ ਵਿਚ ਮੁਟਿਆਰਾਂ ।
ਕੂੰਜਾਂ ਦੇਸ ਦੀਆਂ
ਨਿਕਲੀਆਂ ਬੰਨ੍ਹ ਕੇ ਡਾਰਾਂ ।
ਮਾਹੀ ਜਿਨ੍ਹਾਂ ਦੇ ਛੈਲ ਛਬੀਲੇ,
ਭੋਲੇ ਭੋਲੇ ਬੋਲ ਰਸੀਲੇ,
ਨੈਣਾਂ ਵਿਚ ਕਟਾਰਾਂ ।
ਪੀਂਘਾਂ ਝੂਟਦੀਆਂ,
ਸਾਵਣ ਵਿਚ ਮੁਟਿਆਰਾਂ ।
ਕੂੰਜਾਂ ਦੇਸ ਦੀਆਂ
ਨਿਕਲੀਆਂ ਬੰਨ੍ਹ ਕੇ ਡਾਰਾਂ ।
ਇਹ ਪੰਛੀ ਮੈਨੂੰ ਦਸਦਾ ਏ,
ਮੇਰਾ ਮਾਹੀ ਪ੍ਰਦੇਸੀਂ ਵਸਦਾ ਏ ।
ਉਹਦੇ ਅੱਖੀਆਂ ਦੇ ਅੱਥਰੂ ਸੁਕਦੇ ਨਹੀਂ,
ਉਹਦੇ ਹੌਕੇ ਰੋ ਰੋ ਮੁਕਦੇ ਨਹੀਂ,
ਗਲਾਂ ਕਰ ਕਰ ਮੇਰੀ ਪ੍ਰੀਤ ਦੀਆਂ,
ਕਦੀ ਰੋਂਦਾ ਏ ਕਦੀ ਹਸਦਾ ਏ,
ਇਹ ਪੰਛੀ ਮੈਨੂੰ ਦਸਦਾ ਏ,
ਮੇਰਾ ਮਾਹੀ ਪ੍ਰਦੇਸੀਂ ਵਸਦਾ ਏ ।
ਉਹਨੇ ਘਲਿਆ ਸੁਨੇਹੜਾ ਆਵਣ ਦਾ,
ਬਰਸਾਤ ਮਹੀਨਾ ਸਾਵਣ ਦਾ,
ਅਜ ਮਨ ਦੀਆਂ ਕਲੀਆਂ ਖਿੜੀਆਂ ਨੇ,
ਪਿਆ ਜੋਬਨ ਖਿੜ ਖਿੜ ਹਸਦਾ ਏ,
ਇਹ ਪੰਛੀ ਮੈਨੂੰ ਦਸਦਾ ਏ,
ਮੇਰਾ ਮਾਹੀ ਪ੍ਰਦੇਸੀਂ ਵਸਦਾ ਏ ।
ਮਾਂ-
ਨੀ ਹੀਰੇ ਜਾਂ ਤੂੰ ਮਰ ਜਾਵੇਂ,
ਜਾਂ ਮਰ ਜਾਵਨ ਮਾਪੇ ।
ਤੈਨੂੰ ਇਸ਼ਕ ਅਨੋਖਾ ਲਗਾ,
ਘਰ ਵਿਚ ਪਾਏ ਸਿਆਪੇ ।
ਹੀਰ-
ਨੀ ਮਾਏਂ ਤੂੰ ਪਿਆਰ ਕੀ ਜਾਣੇਂ,
ਮੇਰੇ ਥਾਂ ਜੇ ਹੋਵੇਂ ।
ਰਾਂਝਣ ਰਾਂਝਣ ਕਰਦੀ ਕਰਦੀ,
ਡਾਡਾਂ ਮਾਰ ਖਲੋਵੇਂ ।
ਮਾਂ-
ਨਾ ਮੈਂ ਡਿਠੇ ਚਾਕ ਨੀ ਧੀਏ,
ਨਾ ਮੈਂ ਡਿਠੀਆਂ ਹੀਰਾਂ ।
ਬੇਲੇ ਵਿਚ ਨਾ ਫਿਰੀ ਛਾਪਦੀ,
ਚਾਕ ਦੀਆਂ ਤਸਵੀਰਾਂ ।
ਹੀਰ-
ਨੀ ਮਾਏਂ ਉਹਨੂੰ ਚਾਕ ਨਾ ਕਹੁ ਨੀ,
ਰਬ ਨੂੰ ਸਜਦਾ ਕਰ ਨੀ ।
ਖੋਲ੍ਹ ਕੇ ਜ਼ੁਲਫ਼ਾਂ ਪੈਰਾਂ ਉਤੇ,
ਧੀ ਦਾ ਜੋਬਨ ਧਰ ਨੀ ।
ਮਾਂ-
ਮੈਂ ਨਾ ਜਾਣਾ ਕੁਟ ਚੂਰੀਆਂ,
ਕਿਸ ਲਈ ਰੋਜ਼ ਲੈ ਜਾਵੇਂ ।
ਸਾਡੀ ਕਬਰ ਦੀ ਮਿਟੀ ਪੁਟ ਕੇ,
ਸਾਡੇ ਸਿਰ ਹੀ ਪਾਵੇਂ ।
ਹੀਰ-
ਹੁਣ ਤੇ ਤੈਨੂੰ ਸਮਝ ਆ ਗਈ,
ਕਰ ਲੈ ਕੋਈ ਚਾਰਾ ਨੀ ।
ਰਾਂਝਣ ਮੇਰਾ ਮੈਂ ਰਾਂਝਣ ਦੀ,
ਰਾਂਝਣ ਬਖ਼ਸ਼ਨ ਹਾਰਾ ਨੀ ।
ਮਾਂ-
ਇਸ਼ਕ ਤੇਰੇ ਨੂੰ ਅੱਗ ਲਗ ਜਾਵੇ,
ਚਾਕ ਤੇਰਾ ਸੜ ਜਾਵੇ ਨੀ ।
ਕੰਘੀ ਵਿਚੋਂ ਨਾਗ ਜ਼ੁਲਫ਼ ਦਾ,
ਤੈਨੂੰ ਕੋਈ ਲੜ ਜਾਵੇ ਨੀ ।
ਹੀਰ-
ਡਰ ਨਾ ਮਾਏਂ ਨਾਗ ਕਿਸੇ ਦਾ,
ਨਾ ਮਾਏ ਡਰ ਤੇਰਾ ਨੀ ।
ਲੂੰ ਲੂੰ ਦੇ ਵਿਚ ਰਾਂਝਣ ਰਮਿਆਂ,
ਰਾਂਝਣ ਰਬ ਹੈ ਮੇਰਾ ਨੀ ।
ਰਾਂਝਾ-
ਹੀਰੇ ਆਪਣੀ ਸਾਂਭ ਜਵਾਨੀ,
ਸਾਂਭ ਲੈ ਰੂਪ ਬਹਾਰਾਂ ।
ਮਾਂ ਪਿਓ ਤੇਰੇ ਕਰਨ ਲੜਾਈਆਂ,
ਰੋ, ਰੋ ਰਾਤ ਗੁਜ਼ਾਰਾਂ ।
ਹੀਰ-
ਭੋਲੇ ਭੋਲੇ ਨੈਣ ਜੱਟੀ ਦੇ,
ਕਰ ਨਾ ਜਾਵੀਂ ਰੋਗੀ ।
ਵੇ ਰਾਂਝਾ ਹੁਣ ਹੋਰ ਨਾ ਕੋਈ,
ਰਹਿ ਗਈ ਤੇਰੇ ਜੋਗੀ ।
ਰਾਂਝਾ-
ਹੀਰੇ ਤੇਰੇ ਝੂਠੇ ਲਾਰੇ,
ਮੇਰੇ ਨੈਣ ਸੁਦਾਈ ।
ਬਾਰਾਂ ਸਾਲ ਚਰਾਈਆਂ ਮਝੀਆਂ,
ਤਾਂ ਭੀ ਕਦਰ ਨਾ ਪਾਈ ।
ਹੀਰ-
ਮੀਆਂ ਰਾਂਝਾ ਮਾਰ ਨਾ ਮੇਨ੍ਹੇਂ,
ਮੈਂ ਹਾਂ ਚਾਕਰ ਤੇਰੀ,
ਖਲ ਲੁਹਾ ਕੇ ਪੈਰੀਂ ਪਾ ਲੈ,
ਹਾਜ਼ਰ ਚਮੜੀ ਮੇਰੀ ।
ਰਾਂਝਾ-
ਰੋਟੀ ਕਿਸੇ ਨੂੰ ਦੇ ਨਾ ਹੋਵੇ,
ਚਮੜੀ ਕਉਣ ਲੁਹਾਂਦਾ ।
ਵਿਰਲਾ ਕੋਈ ਪ੍ਰਦੇਸੀ ਤਾਈਂ,
ਹੀਰੇ ਲੈ ਗਲ ਲਾਂਦਾ ।
ਹੀਰ-
ਮੇਰੀਆਂ ਅੱਖੀਆਂ ਦੇ ਸਭ ਹੰਝੂ,
ਡਿਗ ਡਿਗ ਪੈਰੀਂ ਪੈਂਦੇ ।
ਬੁਲ੍ਹਾਂ ਦੇ ਇਹ ਸਾਜ਼ ਦੀਵਾਨੇ,
ਰਾਂਝਣ ਰਾਂਝਣ ਕਹਿੰਦੇ ।
ਰਾਂਝਾ-
ਜਿਹੜਾ ਕੌਲ ਨਿਭਾ ਨਾ ਹੋਵੇ,
ਮੂੰਹੋਂ ਉਹ ਨਾ ਕਹੀਏ ।
ਛਡਦੇ ਸਾਡੇ ਪੱਲੇ ਹੀਰੇ,
ਆਪਣੇ ਰਸਤੇ ਪਈਏ ।
ਹੀਰ-
ਵੇ ਰਾਂਝਾ ਦੇ ਜਾਮ ਵਸਲ ਦਾ,
ਅਖੀਆਂ ਅਜੇ ਤਿਹਾਈਆਂ ।
ਹੁਸਨ ਮੇਰੇ ਦੀਆਂ ਕਾਂਗਾਂ ਡੋਬੂ,
ਉਛਲ ਉਛਲ ਚੜ੍ਹ ਆਈਆਂ ।
ਔਰਤ-
ਚੜ੍ਹੀ ਜਵਾਨੀ ਢੋਲ ਵੇ,
ਰੰਗ ਦੂਣ ਸਵਾਇਆ ।
ਡੁਲ੍ਹ ਡੁਲ੍ਹ ਪੈਂਦਾ ਈ ਜੋਬਨਾ,
ਘਰ ਢੋਲ ਨਾ ਆਇਆ ।
ਮਰਦ-
ਨੈਣ ਸੁਦਾਈ ਵਿਲਕਦੇ,
ਨਾ ਠੱਲ੍ਹੇ ਜਾਂਦੇ ।
ਖ਼ੂਨੀ ਹੰਝੂ ਕੇਰਦੇ,
ਪਏ ਛਾਲੇ ਪਾਂਦੇ ।
ਔਰਤ-
ਕੀ ਤਾਰੇਗਾ ਛੈਲ ਵੇ,
ਉਹ ਦੇਸ ਪਰਾਇਆ ।
ਜਿਸ ਥਾਂ ਦਿਲ ਦੇ ਮਹਿਰਮਾਂ,
ਨਾ ਹਸ ਬੁਲਾਇਆ ।
ਮਰਦ-
ਬੂਟੇ ਬੂਟੇ ਪੀਂਘ ਨੀ,
ਮੁਟਿਆਰਾਂ ਪਾਈ ।
ਜਿਉਂ ਜਿਉਂ ਝੂਟੇ ਲੈਂਦੀਆਂ,
ਦਿਲ ਦਵੇ ਦੁਹਾਈ ।
ਔਰਤ-
ਰੂਪ ਨਾ ਵਿਕਦਾ ਮੁਲ ਵੇ,
ਨਾ ਪਿਆਰ ਦਿਲਾਸੇ ।
ਬੁਕ ਬੁਕ ਹੰਝੂ ਕੇਰਦੇ,
ਦੋ ਨੈਣ ਪਿਆਸੇ ।
ਮਰਦ-
ਚੰਨ ਬਦਲੀ ਵਿਚ ਆ ਗਿਆ,
ਡੁਬ ਗਏ ਸਿਤਾਰੇ ।
ਸਦੀਆਂ ਦੇ ਦੁਖ ਭੁਲਦੇ,
ਜਾਂ ਮਿਲਣ ਪਿਆਰੇ ।
ਜ਼ਰਾ ਸੰਭਲ ਸੰਭਲ ਕੇ ਤੁਰ ਨੀ,
ਤੇਰਾ ਰੂਪ ਛਲਕਦਾ ਜਾਵੇ ।
ਤੇਰੇ ਬੁੰਦਿਆਂ ਕੋਲ ਸੁਰਾਹੀਆਂ,
ਤੈਨੂੰ ਹਸਦੀ ਨੂੰ ਵੇਖਣ ਆਈਆਂ,
ਤੇਰਾ ਹਾਸਾ ਨਾ ਡੁਲ੍ਹ ਜਾਵੇ ਨੀ,
ਜ਼ਰਾ ਸੰਭਲ ਸੰਭਲ ਕੇ ਤੁਰ ਨੀ,
ਤੇਰਾ ਰੂਪ ਛਲਕਦਾ ਜਾਵੇ ।
ਨੀ ਤੂੰ ਨਦੀਆਂ ਵਾਂਗ ਪਿਆਰੀ,
ਤੇਰੀ ਲਹਿਰਾਂ ਵਾਂਗ ਖੁਮਾਰੀ,
ਤੇਰਾ ਲਕ ਹਿਚਕੋਲੇ ਖਾਵੇ ਨੀ,
ਜ਼ਰਾ ਸੰਭਲ ਸੰਭਲ ਕੇ ਤੁਰ ਨੀ,
ਤੇਰਾ ਰੂਪ ਛਲਕਦਾ ਜਾਵੇ ।
ਕਿਤੇ ਡਿਗ ਨਾ ਪਵੀਂ ਮੁਟਿਆਰੇ,
ਤੇਰੇ ਮੋਤੀ ਗੁਤ ਵਿਚ ਭਾਰੇ,
ਤੇਰੇ ਨੈਣਾਂ ਵਿਚ ਪਛਤਾਵੇ ਨੀ,
ਜ਼ਰਾ ਸੰਭਲ ਸੰਭਲ ਕੇ ਤੁਰ ਨੀ,
ਤੇਰਾ ਰੂਪ ਛਲਕਦਾ ਜਾਵੇ ।
ਹੋਸ਼ ਭੁਲੀ ਮੇਰੇ ਤਨ ਮਨ ਦੀ,
ਅਜ ਦੇ ਗਿਆ ਯਾਰ ਵਿਖਾਲੜੀਆਂ ।
ਪਿਆ ਕਮਲੀ ਕਮਲੀ ਜਗ ਕੂਕੇ,
ਅਸੀਂ ਪੀਤੀਆਂ ਪ੍ਰੇਮ ਪਿਆਲੜੀਆਂ ।
ਮੈਨੂੰ ਲੁਟ ਲਿਆ ਰਮਜ਼ਾਂ ਵਾਲੇ ਨੇ,
ਕਿਉਂ ਕਰਦਾ ਏ ਜਗ ਰਖਵਾਲੜੀਆਂ ।
ਮੈਂ ਸੋਹਣੀ ਨਾਲੋਂ ਲਖ ਚੰਗੀਆਂ,
ਓਹਦੇ ਦਰ ਦੀਆਂ ਕੋਝੀਆਂ ਕਾਲੜੀਆਂ ।
ਮੇਰੇ ਬਖ਼ਸ਼ ਦੇ ਕਾਲਿਆਂ ਐਬਾਂ ਨੂੰ,
ਮੇਰੀ ਉਮਰ ਛੁਟੇਰੀ ਬਾਲੜੀਆਂ ।
ਕਈ ਗੁੰਦਦੀਆਂ ਉਹਦੀਆਂ ਜ਼ੁਲਫ਼ਾਂ ਨੂੰ,
ਜੋ ਭਲਿਆਂ ਨਸੀਬਾਂ ਵਾਲੜੀਆਂ ।
ਮੈਂ ਟਕਰਾਂ ਮਾਰਾਂ ਮਹਿਲਾਂ 'ਚ,
ਮੈਨੂੰ ਦੇਂਦੀ ਏ ਮੌਤ ਵਿਖਾਲੜੀਆਂ ।
ਉਸ 'ਨੂਰਪੁਰੀ' ਦਿਆਂ ਕਦਮਾਂ ਵਿਚ,
ਕਈ ਸੁਤੀਆਂ ਨਾਜ਼ਾਂ ਪਾਲੜੀਆਂ ।
ਨੀ ਕੋਈ ਦਸ ਦਿਓ ਮੇਰੇ ਮਾਹੀ ਨੂੰ,
ਮੈਨੂੰ ਸਈਆਂ ਮੇਹਣੇ ਮਾਰਦੀਆਂ ।
ਮੇਰੇ ਦਿਲ ਵਿਚ ਚਸਕਾਂ ਚਸਕਦੀਆਂ,
ਉਸ ਬਾਂਕੇ ਦੀ ਤਲਵਾਰ ਦੀਆਂ ।
ਉਹਦੇ ਝਲਕਾਂ ਪੈਂਦੀਆਂ ਜ਼ੁਲਫ਼ਾਂ 'ਚੋਂ,
ਸੁਹਣੇ ਚੰਦ ਵਰਗੇ ਪਰਵਾਰ ਦੀਆਂ ।
ਹਥ ਵੰਝਲੀ ਕੰਬਲੀ ਮੋਢੇ ਤੇ,
ਦਸਾਂ ਪੈਂਦੀਆਂ ਰੁਠੜੇ ਯਾਰ ਦੀਆਂ ।
ਉਹਨੂੰ ਜਿਤਨ ਗਈਆਂ ਮੈਂ ਤਕੀਆਂ,
ਲੱਖਾਂ ਕਾਮਲ ਕੁੜੀਆਂ ਹਾਰ ਦੀਆਂ ।
ਕੋਈ ਸੋਹਣੀਆਂ ਪੁਛਦੀਆਂ ਫਿਰਦੀਆਂ ਨੇ,
ਰਾਹਾਂ ਸੋਹਣੇ ਦੇ ਦਰਬਾਰ ਦੀਆਂ ।
ਉਹਦੇ ਨੈਣ ਚੁੰਮਣ ਨੂੰ ਤਰਸਦੀਆਂ,
ਕਈ ਹਰਨੀਆਂ ਕਾਲੀ ਧਾਰ ਦੀਆਂ ।
ਉਹ ਮਿਲਦਾ ਕਰਮਾਂ ਵਾਲੀ ਨੂੰ,
ਲਖਾਂ ਬਾਹਾਂ ਰਹਿਣ ਉਲਾਰਦੀਆਂ ।
ਨੀ ਮੈਂ ਆਪਣਾ ਆਪ ਭੁਲਾ ਬੈਠੀ,
ਗੱਲਾਂ ਸੁਣ ਸੁਣ ਬਾਂਕੇ ਯਾਰ ਦੀਆਂ ।
ਉਹ ਰੁਤਬਾ ਰੱਖਦੀਆਂ ਹੰਸਾਂ ਦਾ,
ਜੋ ਚਿੜੀਆਂ ਉਹਦੇ ਦਰਬਾਰ ਦੀਆਂ ।
ਕਦੀ ਘੁੰਗਟ ਚੁਕ ਕੇ ਵੇਖ ਤੇ ਸਹੀ,
ਅੱਜ ਮਿੰਨਤਾਂ ਅਉਗਣ ਹਾਰ ਦੀਆਂ ।
ਕਈ ਬੈਠੀਆਂ ਦਰ ਤੇ ਸੁੱਕ ਗਈਆਂ,
ਜੋ ਭੁਖੀਆਂ ਤੇਰੇ ਦਰਬਾਰ ਦੀਆਂ ।
ਮੇਰੇ ਦਿਲ ਵਿਚ ਮੁੜ ਮੁੜ ਰੜਕਦੀਆਂ,
ਚੋਭਾਂ ਨੈਣਾਂ ਦੇ ਇਕ ਇਕ ਵਾਰ ਦੀਆਂ ।
ਜੀਹਨੂੰ ਪਰੀਆਂ ਕਰਦੀਆਂ ਮੋਰ ਛਲਾਂ,
ਤੇਰਾ ਵਿਹੜਾ ਫਿਰਨ ਬੁਹਾਰ ਦੀਆਂ ।
ਮੇਰੇ ਦਿਲ ਵਿਚ ਲੰਭਾਂ ਭੜਕਦੀਆਂ,
ਉਸ ਹੁਸਨ ਭਰੀ ਸਰਕਾਰ ਦੀਆਂ ।
ਜਿਹਾ ਭਾਂਬੜ ਲਾਯਾ ਈ ਬੁਝਦਾ ਨਹੀਂ,
ਲੱਖਾਂ ਅਥਰੂ ਸਿਟ ਸਿਟ ਠਾਰਦੀਆਂ ।
ਮੈਨੂੰ ਨੀਂਦ ਤੱਤੀ ਨੂੰ ਆ ਗਈ,
ਵੇ ਮੈਂ ਸੌਂ ਗਈ ਸਹਿਜ ਸੁਭਾ ।
ਵੇ ਮੈਂ ਲੁਟ ਲਈ ਪਿੰਡ ਦੇ ਪਾਹਰੂਆਂ,
ਕਿਤੇ ਜੂਹ ਵਿਚ ਜਾਦੂ ਪਾ ।
ਮੈਨੂੰ ਕੱਲੀ ਸਿੱਟ ਵੇ ਸ਼ੁਦਾਇਣ ਨੂੰ,
ਮੇਰੇ ਰੋਂਦੇ ਛਡ ਗਿਆ ਚਾ ।
ਕਿਤੇ ਤੇਰਾ ਕਚਾਵਾ ਟੁਟ ਪਵੇ,
ਮੇਰੀ ਡਾਢੇ ਕੋਲ ਦੁਆ ।
ਤੈਨੂੰ ਪਲ ਵਿਚ ਰੋੜ੍ਹਕੇ ਲੈ ਜਾਏ,
ਮੇਰੇ ਹੰਝੂਆਂ ਦਾ ਦਰਿਆ ।
ਵੇ ਤੇਰੀ ਡਾਚੀ ਨੂੰ ਲਭਦੀ ਮੈਂ ਫਿਰਾਂ,
ਮਾਰੂ ਥਲ ਦੇ ਵਿਚ ਕੁਰਲਾ ।
ਮੇਰੀ ਮਹਿੰਦੀ 'ਚੋਂ ਲੰਬਾਂ ਨਿਕਲੀਆਂ,
ਗਈਆਂ ਪੈਰੀਂ ਛਾਲੇ ਪਾ ।
ਲੱਖਾਂ ਸੂਰਜ ਚੜ੍ਹ ਪਏ ਰੇਤ 'ਚ,
ਮੇਰਾ ਜੋਬਨ ਨਾ ਕਲਪਾ ।
ਮੈਨੂੰ ਮੋਈ ਨੂੰ ਪੰਛੀ ਰੋਣਗੇ,
ਉਤੇ ਕਫ਼ਨ ਪਰਾਂ ਦਾ ਪਾ ।
ਇਹੋ ਵਾਜ ਆਵੇਗੀ ਕਬਰ 'ਚੋਂ,
ਮੇਰਾ ਪੁੰਨੂੰ ਦਿਓ ਮਿਲਾ ।
ਪੁੰਨੂੰ ਬਹਿਕੇ ਕਬਰ 'ਤੇ,
ਅਜ ਰੁੱਨਾ ਜ਼ਾਰੋ ਜ਼ਾਰ ।
ਨੀ ਤੂੰ ਉਠ ਬਹੁ ਹੰਝੂਆਂ ਵਾਲੀਏ,
ਜ਼ਰਾ ਮੈਂ ਵਲ ਬਾਂਹ ਉਲਾਰ ।
ਨੀ ਤੂੰ ਰੱਜ ਰੱਜ ਮੈਨੂੰ ਵੇਖ ਲੈ,
ਅਜ ਰੱਜ ਰੱਜ ਕਰ ਲੈ ਪਿਆਰ ।
ਮੈਨੂੰ ਇਕੋ ਰਾਤ ਨਾ ਭੁਲਦੀ,
ਜਦੋਂ ਸੇਜੋਂ ਖੁਸ ਗਏ ਯਾਰ ।
ਤੇਰਾ ਰੰਗਲਾ ਚੂੜਾ ਚੁੰਮ ਲਵਾਂ,
ਜ਼ਰਾ ਮੈਂ ਵਲ ਬਾਂਹ ਉਲਾਰ ।
ਮੈਨੂੰ ਦੱਸੀ ਰੋ ਰੋ ਪੰਛੀਆਂ,
ਤੇਰੇ ਦਿਲ ਦੀ ਹਾਲ ਪੁਕਾਰ ।