ਜੰਞ ਦੀ ਤਿਆਰੀ ਵਾਲੀਆਂ ਰਸਮਾਂ ਨੀਲਮ ਸੈਣੀ
ਪੰਜਾਬੀ ਸਭਿਆਚਾਰ ਵਿਚ ਵਿਆਹ ਵਾਲੇ
ਦਿਨ ਨਹਾਉਣ ਦੀ ਰਸਮ ਵਿਸ਼ੇਸ਼ ਬਣ ਜਾਂਦੀ ਹੈ।
ਇਸ ਨੂੰ ਖਾਰੇ ਦੀ ਰਸਮ ਕਿਹਾ ਜਾਂਦਾ ਹੈ। ਪਹਿਲਾਂ
ਪਹਿਲ ਵਿਆਹ ਵਾਲੀ ਕੁੜੀ ਨੂੰ ਨੈਣ ਮਲ਼-ਮਲ਼
ਕੇ ਨਹਾਉਂਦੀ ਸੀ। ਕੁੜੀ ਦੀ ਮਾਂ ਸਮੇਤ ਵਿਆਹ
ਵਿਚ ਸ਼ਾਮਿਲ ਹੋਣ ਆਈਆਂ ਸਭ ਸਕੀਆਂ
ਸੰਬੰਧਣਾਂ ਗੁਸਲਖ਼ਾਨੇ ਦੇ ਆਲੇ-ਦੁਆਲੇ ਘੇਰਾ
ਬੰਨ੍ਹ ਕੇ ਖੜ੍ਹੀਆਂ ਸੁਹਾਗ ਗਾਉਂਦੀਆਂ ਸਨ। ਇਸ
ਰਸਮ ਦਾ ਮੁੱਖ ਉਦੇਸ਼ ਸਰੀਰ ਦੀ ਸ਼ੁੱਧਤਾ ਦੇ
ਨਾਲ-ਨਾਲ ਮੁੰਡੇ ਜਾਂ ਕੁੜੀ ਦੇ ਮਾਮੇ ਦੇ ਰਿਸ਼ਤੇ
ਦੀ ਪਛਾਣ ਕਰਾਉਣਾ ਅਤੇ ਮਾਣ ਵਧਾਉਣਾ ਸੀ।
ਮਾਮੇ ਵਲੋਂ ਵਿਆਂਦੜ ਮੁੰਡੇ/ਕੁੜੀ ਦੀ ਝੋਲੀ ਵਿਚ
ਸ਼ਗਨ ਪਾਇਆ ਜਾਂਦਾ ਸੀ। ਵਿਆਂਦੜ ਮੁੰਡੇ ਜਾਂ
ਕੁੜੀ ਦਾ ਮਾਮਾ ਸਿਰ ਤੋਂ ਵਾਰਨਾ ਕਰ ਕੇ
ਲਾਗੀਆਂ ਨੂੰ ਲਾਗ ਦਿੰਦਾ ਸੀ। ਇਸ ਵਕਤ
ਪਹਿਨਣ ਲਈ ਕੱਪੜੇ ਵੀ ਮਾਮਿਆਂ ਵਲੋਂ ਦਿੱਤੇ
ਜਾਂਦੇ ਸਨ। ਮੁੰਡੇ ਦੇ ਸੂਟ ਨੂੰ 'ਜੋੜਾ ਜਾਮਾ' ਅਤੇ
ਕੁੜੀ ਦਿਆਂ ਕੱਪੜਿਆਂ ਨੂੰ 'ਸੁੱਭਰ ਜੋੜਾ' ਕਿਹਾ
ਜਾਂਦਾ ਸੀ। ਕੁੜੀ ਦਾ ਹਾਰ-ਸ਼ਿੰਗਾਰ ਨੈਣ, ਭੈਣਾਂਭਾਬੀਆਂ
ਅਤੇ ਸਹੇਲੀਆਂ ਕਰਦੀਆਂ ਸਨ। ਪਿਛਲੇ
ਦੋ ਦਿਨਾਂ ਤੋਂ ਮਾਈਏਂ ਪਈ ਕੁੜੀ ਦਾ ਰੂਪ ਦੂਣ
ਸਵਾਇਆ ਹੋ ਜਾਂਦਾ ਸੀ। ਸਖ਼ੀਆਂ-ਸਹੇਲੀਆਂ
ਵਾਰ-ਵਾਰ ਇਹ ਕਹਿੰਦੀਆਂ ਸਨ- "ਰੂਪ ਬਹੁਤ
ਚੜ੍ਹਿਆ ਹੈ।"
ਇਸ ਰਸਮ 'ਚ ਬਹੁਤ ਤਬਦੀਲੀ ਆ ਗਈ
ਹੈ। ਹੁਣ ਕੁੜੀ ਨੂੰ ਨਹਾਉਣ ਵੇਲ਼ੇ ਘੇਰਾ ਘੱਤ ਕੇ
ਸੁਹਾਗ ਨਹੀਂ ਗਾਏ ਜਾਂਦੇ। ਸੂਟ ਕੁੜੀ ਦੀ ਆਪਣੀ
ਪਸੰਦ ਦਾ ਹੁੰਦਾ ਹੈ। ਇਹ ਸੂਟ ਨਾਨਕੇ ਜਾਂ ਤਾਂ
ਕੁੜੀ ਨੂੰ ਪਸੰਦ ਕਰਵਾ ਕੇ ਖ਼ਰੀਦਦੇ ਹਨ ਜਾਂ ਫਿਰ
ਪੈਸੇ ਦੇ ਦਿੰਦੇ ਹਨ। ਕੁੜੀ ਨੂੰ ਤਿਆਰ ਕਰਨ ਲਈ
ਵੀ ਬਿਊਟੀ ਪਾਰਲਰ ਵਾਲੀ ਆਉਂਦੀ ਹੈ।
ਪਹਿਲਾਂ ਇਸ ਰਸਮ ਦੇ ਨਾਲ ਹੀ ਕੁੜੀ
ਵਾਲੇ ਘਰ ਜੰਞ ਦੀ ਉਡੀਕ ਹੁੰਦੀ ਸੀ ਅਤੇ ਮੁੰਡੇ
ਵਾਲੇ ਘਰ ਸਿਹਰਾ ਬੰਦੀ ਤੋਂ ਬਾਅਦ ਘੋੜੀ ਚੜ੍ਹਨ
ਦੀ ਰਸਮ ਹੁੰਦੀ ਸੀ। ਅਮੀਰ ਪਰਿਵਾਰਾਂ ਵਲੋਂ
ਪਹਿਲਾਂ ਜੰਞ ਦੋ, ਤਿੰਨ ਜਾਂ ਪੰਜ ਦਿਨ ਤੇ ਰਾਤਾਂ
ਰੱਖੀ ਜਾਂਦੀ ਸੀ। ਮੱਧ-ਵਰਗੀ ਜਾਂ ਗ਼ਰੀਬ
ਪਰਿਵਾਰਾਂ ਵਿਚ ਕੁੜੀ ਵਾਲੇ ਘਰ ਜੰਞ ਇਕ ਦਿਨ
ਰਹਿੰਦੀ ਸੀ। ਮੈਂ ਆਪਣੀ ਸੁਰਤ ਵਿਚ ਜੰਞ ਸਵੇਰੇ
ਜਾ ਕੇ ਸ਼ਾਮ ਨੂੰ ਮੁੜਦੀ ਹੀ ਵੇਖੀ ਹੈ। ਹੁਣ ਵਿਆਹ
ਤਿੰਨ-ਚਾਰ ਘੰਟਿਆਂ ਵਿਚ ਵੀ ਹੋ ਜਾਂਦਾ ਹੈ।
ਪਰਦੇਸਾਂ ਵਿਚ ਵਿਆਹ ਧਾਰਮਿਕ ਸਥਾਨ ਤੇ ਹੁੰਦਾ
ਹੈ ਅਤੇ ਉਸ ਤੋਂ ਬਾਅਦ ਰਿਸੈਪਸ਼ਨ ਬੈਂਕੁਏਟ
ਹਾਲ ਵਿਚ ਕੀਤੀ ਜਾਂਦੀ ਹੈ।
ਮੁੰਡੇ ਵਾਲੇ ਘਰ ਖਾਰੇ ਦੀ ਰਸਮ ਅਤੇ ਗੀਤ
ਵਿਆਹ ਵਾਲੇ ਮੁੰਡੇ ਨੂੰ ਨਹਾਉਣ ਵੇਲੇ
ਨਿਮਨ ਲਿਖਤ ਗੀਤ ਗੁਸਲਖ਼ਾਨੇ ਦੇ ਬਾਹਰ ਖੜ੍ਹ
ਕੇ ਹੀ ਗਾਏ ਜਾਂਦੇ ਸਨ। ਦਾਦਕੀਆਂ ਅਤੇ
ਨਾਨਕੀਆਂ ਇਹ ਗੀਤ ਵਾਰੀ ਸਿਰ ਗਾਉਂਦੀਆਂ
ਸਿੱਠਣੀਆਂ ਦਿੰਦੀਆਂ ਆਪਣੀ ਧਿਰ ਦੀ ਉਪਮਾ
ਕਰਦੀਆਂ ਸਨ। ਇਹ ਰਸਮਾਂ ਨਜ਼ਦੀਕੀ
ਰਿਸ਼ਤੇਦਾਰਾਂ ਦੀ ਹਾਜ਼ਰੀ ਨਾਲ ਹੀ ਸੋਂਹਦੀਆਂ ਸਨ।
ਇਹ ਰਸਮ ਲਗਭਗ ਲੋਪ ਹੋ ਰਹੀ ਹੈ:
ਕਿਹੜੀ ਸਵਿਤਰੀ ਪਾਣੀਏਂ ਨੂੰ ਚੱਲੀਏ,
ਭਾਬੋ ਸਵਿਤਰੀ ਪਾਣੀਏਂ ਨੂੰ ਚੱਲੀਏ।
ਭਰ ਮੁੜੀਆਂ ਭਰਾ ਮੁੜੀਆਂ,
ਜੀਤੋ ਨੂੰ ਖ਼ਸਮ ਕਰਾ ਮੁੜੀਆਂ।
ਦਾਦਕੀਆਂ:
ਕਿਹਦਾ ਪੋਤਾ ਨਾਵ੍ਹੇ ਨੀ
ਕਿਨ੍ਹੇ ਡੋਲ੍ਹਿਆ ਪਾਣੀ,
ਬਾਬੇ ਪੋਤਾ ਨਾਵ੍ਹੇ ਨੀ
ਉਹਨੇ ਡੋਲ੍ਹਿਆ ਪਾਣੀ।
ਨਾਨਾ ਝੁੱਡੂ ਤਿਲਕ ਪਿਆ,
ਢੂਹੀ ਗਈ ਓ ਲਤਾੜੀ,
ਖ਼ਬਰ ਕਰੋ ਇਹਦੀ ਜ਼ੋਰੋ ਨੂੰ,
ਕਰੇ ਤੱਤੜਾ ਪਾਣੀ।
ਤੱਤੜਾ ਪਾਣੀ ਕੀ ਕਰੇ,
ਢੂਹੀ ਗਈ ਓ ਲਤਾੜੀ,
ਕਿਹਦਾ ਪੋਤਾ ਨਾਵ੍ਹੇ ਨੀ
ਕਿਨ੍ਹੇ ਡੋਲ੍ਹਿਆ ਪਾਣੀ।
ਨਾਨਕੀਆਂ:
ਕਿਹਦਾ ਦੋਹਤਾ ਨਾਵ੍ਹੇ ਨੀ
ਕਿਨ੍ਹੇ ਡੋਲ੍ਹਿਆ ਪਾਣੀ,
ਨਾਨੇ ਦੋਹਤਾ ਨਾਵ੍ਹੇ ਨੀ
ਉਹਨੇ ਡੋਲ੍ਹਿਆ ਪਾਣੀ।
ਬਾਬਾ ਝੁੱਡੂ ਤਿਲਕ ਪਿਆ,
ਢੂਹੀ ਗਈ ਓ ਲਤਾੜੀ,
ਖ਼ਬਰ ਕਰੋ ਇਹਦੀ ਜ਼ੋਰੋ ਨੂੰ,
ਕਰੇ ਤੱਤੜਾ ਪਾਣੀ।
ਨਾਨਕੀਆਂ:
ਫ਼ੁੱਲਾਂ ਭਰੀ ਚੰਗੇਰ ਇਕ ਫ਼ੁੱਲ ਲੋੜੀਦਾ,
ਇਸ ਵੇਲ਼ੇ ਜ਼ਰੂਰ ਮਾਮਾ ਲੋੜੀਂਦਾ।
ਦਾਦਕੀਆਂ:
ਫ਼ੁੱਲਾਂ ਭਰੀ ਚੰਗੇਰ ਇਕ ਫ਼ੁੱਲ ਲੋੜੀਦਾ,
ਇਸ ਵੇਲੇ ਜ਼ਰੂਰ ਚਾਚਾ ਲੋੜੀਦਾ।
ਜੋੜਾ ਜਾਮਾ ਪਵਾਉਣ ਵੇਲੇ ਨਾਨੇ ਦੀ ਖੱਟੀ-ਕਮਾਈ
ਅਤੇ ਨਾਨੀ ਵਲੋਂ ਮਿਹਨਤ, ਰੀਝਾਂ ਅਤੇ
ਚਾਵਾਂ ਨਾਲ ਕੱਤ ਕੇ ਬਣਾਏ ਜੋੜੇ ਜਾਮੇ ਦੀ ਅਰਥ
ਭਰਪੂਰ ਪ੍ਰਸ਼ੰਸਾ ਕੀਤੀ ਜਾਂਦੀ ਸੀ। ਆਮ ਤੌਰ 'ਤੇ
ਜੋੜਾ ਜਾਮਾ ਚਿੱਟੇ ਰੰਗ ਦਾ ਹੁੰਦਾ ਸੀ। ਅਜੋਕੇ
ਸਮੇਂ ਵਿਚ ਮੁੰਡੇ ਦੇ ਕੱਪੜੇ ਵੀ ਉਸ ਦੀ ਪਸੰਦ ਦੇ
ਹੁੰਦੇ ਹਨ।
ਜੋੜੇ ਲਿਆਵੋ, ਜੋੜੇ ਲਿਆਵੋ।
ਨਾਨੀ ਦਾ ਕੱਤਿਆ, ਰੰਗ ਬਿਨਾਂ।
ਨਾਨੀ ਦਾ ਕੱਤਿਆ,
ਮੇਰੇ ਨਾਨੇ ਦਾ ਖੱਟਿਆ, ਰੰਗ ਬਿਨਾਂ।
ਨਾਨੇ ਦਾ ਖੱਟਿਆ, ਰੰਗ ਬਿਨਾਂ।
ਅੰਗ ਲਗਾਵੋ, ਅੰਗ ਲਗਾਵੋ।
ਬੰਨੀ ਦੇ ਬੰਨਰੇ, ਰੰਗ ਬਿਨਾਂ।
ਵਰਦੀ ਪਹਿਨਦੇ ਕਿਉਂ ਨਈਂ,
ਵਰਦੀ ਪਹਿਨਦੇ ਕਿਉਂ ਨਈਂ।
ਅਸੀਂ ਕੌਣ ਵੇਲ਼ੇ ਦੀਆਂ ਖੜ੍ਹੀਆਂ,
ਸਾਡੇ ਪੈਰਾਂ ਦੀਆਂ ਘਸ ਗਈਆਂ ਤਲ਼ੀਆਂ।
ਲੰਬੜਦਾਰਾਂ ਨੇ ਲਈ ਲੰਬੜਦਾਰੀ,
ਚੌਕੀਦਾਰਾਂ ਨੇ ਰੋਕ ਲਈਆਂ ਗਲ਼ੀਆਂ।
ਵਰਦੀ ਪਹਿਨਦੇ ਕਿਉਂ ਨਈਂ,
ਵਰਦੀ ਪਹਿਨਦੇ ਕਿਉਂ ਨਈਂ।
ਖਾਰੇ ਉਤੋਂ ਵੇ ਠਾਲੋ,
ਮੇਰੀ ਨਾਨੀ ਦਿਓ ਜਾਇਓ।
ਲੱਖ ਰੁਪਈਏ ਦੇ ਦਇਉ,
ਮੇਰੀ ਨਾਨੀ ਦਿਓ ਜਾਇਓ।
ਲਾਗ ਲਾਗੀਆਂ ਨੂੰ ਦੇ ਦਇਉ,
ਮੇਰੀ ਨਾਨੀ ਦਿਓ ਜਾਇਓ।
ਕੁੜੀ ਵਾਲੇ ਘਰ ਖਾਰੇ ਦੀ ਰਸਮ ਤੇ ਗੀਤ
ਵਿਆਹ ਵਾਲੀ ਕੁੜੀ ਨੂੰ ਖਾਰੇ ਬਿਠਾਉਂਦੇ
ਸਮੇਂ ਕੁੜੀ ਦੇ ਸੁਹਾਗ ਵਿਚ ਕੁੜੀ ਦੇ ਜਨਮ ਤੋਂ
ਬਾਬਲ ਨੂੰ ਵਿਆਹ ਦੀ ਚਿੰਤਾ ਦਾ ਸੰਕੇਤ ਹੁੰਦਾ
ਸੀ । ਇਸ ਚਿੰਤਾ ਦਾ ਮੁੱਖ ਕਾਰਨ 'ਦਾਜ' ਹੀ
ਰਿਹਾ ਹੈ:
ਹਰੇ ਨ੍ਹਾਈ ਹਰੇ ਧੋਈ,
ਹਰੇ ਠੰਢਾ ਪਾਣੀਆਂ,
ਦ੍ਹੇ ਮਾਮਾ ਵੈੜ੍ਹ-ਵੱਛੀ,
ਤੇਰਾ ਪੁੰਨ ਕਰ ਜਾਣੀਏਂ।
ਅੱਗੇ ਤਾਂ ਦਿੰਦਾ ਸੈਂ ਅੱਜੀਂ-ਪੱਜੀਂ,
ਹੁਣ ਦਿੱਤੜਾ ਦਾਨ ਪਛਾਣੀਏਂ।
ਖਾਰੇ ਬਦਲ ਦਿੱਤੇ ਹੁਣ ਕੀ ਗੱਲ ਹੋਈ,
ਖਾਰੇ ਬਦਲ ਦਿੱਤੇ ਹੁਣ ਕੀ ਗੱਲ ਹੋਈ।
ਧੀਏ ਲਾਡਲੀਏ ਹੁਣ ਕੀ ਗੱਲ ਹੋਈ,
ਧੀਏ ਲਾਡਲੀਏ ਹੁਣ ਕੀ ਗੱਲ ਹੋਈ।
ਮਾਮੇ ਨੇ ਮਣਸ ਦਿੱਤੀ ਵਸ ਚਲਦਾ ਨਾ ਕੋਈ,
ਬਾਬਲ ਹੁਣ ਨਾ ਕਹੀਂ ਬੇਟੀ ਮੇਰੀ,
ਰਹੀ ਨਾ ਮੈਂ ਤੇਰੀ।
ਬਾਬਲ ਹੁਣ ਤਾਂ ਰਹਿ ਗਈ
ਜੋਗੀ ਵਾਲੀ ਫ਼ੇਰੀ।
ਹੁਣ ਤਾਂ ਸੱਦੇਂਗਾ ਪਾਮਾਂਗੀ ਫ਼ੇਰੀ,
ਰਹੀ ਨਾ ਮੈਂ ਤੇਰੀ।
ਮਾਮੇ ਨੇ ਮਣਸ ਦਿੱਤੀ!
ਜਿੱਦਣ ਬੇਟੀ ਜਨਮੀ ਸੀ,
ਮੇਰੇ ਫ਼ਿਕਰ ਪਿਆ ਪਰਿਵਾਰ।
ਸੁਣੋ ਮਨ ਲਾਇ ਸੁਣੋ ਮੇਰੀ ਬੇਨਤੀ।
ਧੀ ਹੋਵੇ ਤਾਂ ਧੰਨ ਹੋਵੇ,
ਨਹੀਂ ਤਾਂ ਧੀ ਨਾ ਰੱਖਿਓ ਕੋਈ।
ਸੁਣੋ ਮਨ ਲਾਇ ਸੁਣੋ ਮੇਰੀ ਬੇਨਤੀ।
ਧੀ ਰੱਖੀ ਸਾਡੇ ਆਤਮਾ ਰਾਮ ਨੇ,
ਜਿਨ ਦਿੱਤੜਾ ਡੇਢ ਹਜ਼ਾਰ।
ਸੁਣੋ ਮਨ ਲਾਇ ਸੁਣੋ ਮੇਰੀ ਬੇਨਤੀ।
ਸਿਹਰਾਬੰਦੀ ਦੀ ਰਸਮ ਅਤੇ ਗੀਤ
ਜੰਞ ਦੀ ਤਿਆਰੀ ਸਿਹਰਾਬੰਦੀ ਦੀ ਰਸਮ
ਨਾਲ ਸ਼ੁਰੂ ਹੁੰਦੀ ਸੀ। ਲਾੜੇ ਦੇ ਚਿਹਰੇ ਨੂੰ ਢੱਕਣ
ਲਈ ਬਣਾਏ ਜਾਂਦੇ ਪਰਦੇ ਨੂੰ ਸਿਹਰਾ ਕਿਹਾ ਜਾਂਦਾ
ਸੀ। 'ਸਿਹਰਾਬੰਦੀ' ਫ਼ਾਰਸੀ ਭਾਸ਼ਾ ਦਾ ਸ਼ਬਦ ਹੈ
ਜਿਸ ਦਾ ਅਰਥ ਹੈ 'ਸਿਹਰਾ ਬੰਨ੍ਹਣਾ'। ਮਾਲਣ
ਕਲੀਆਂ ਦਾ ਗੁੰਦਿਆ ਸਿਹਰਾ ਲੈ ਕੇ ਵਿਆਹ
ਵਾਲੇ ਘਰ ਪੁੱਜਦੀ ਸੀ। ਲਾੜੇ ਦਾ ਬਾਪ ਜਾਂ ਦਾਦਾ
ਉਸ ਸਿਹਰੇ ਦਾ ਮੁੱਲ ਤਾਰਦੇ ਅਤੇ ਉਸ ਦਾ
ਲਾਗ ਦਿੰਦੇ ਸਨ। ਇਸ ਲਈ ਸਿਹਰਾਬੰਦੀ ਦੇ
ਗੀਤਾਂ ਵਿਚ ਮਾਲਣ ਸ਼ਬਦ ਦਾ ਜ਼ਿਕਰ ਵਾਰ-ਵਾਰ
ਆਉਂਦਾ ਹੈ। ਵਿਆਹ ਵਾਲੇ ਦਿਨ ਜੰਞ ਸਹੁਰੇ
ਪਿੰਡ ਢੁੱਕਦੇ ਹੀ ਵਿਆਂਦੜ ਮੁੰਡੇ ਨੂੰ ਸਹੁਰੇ ਪਿੰਡ
ਵਲੋਂ 'ਲਾੜਾ' ਕਿਹਾ ਜਾਂਦਾ ਸੀ। ਉਹ ਇਕ ਤਰ੍ਹਾਂ
ਨਾਲ ਸਮੁੱਚੇ ਸਮਾਗਮ ਦਾ ਨਾਇਕ ਹੁੰਦਾ ਸੀ।
ਇਸ ਲਈ ਉਸ ਦੀ ਵੱਖਰੀ ਪਛਾਣ ਬਣਾਉਣ
ਲਈ ਅਤੇ ਸਭ ਦੇ ਮਨ ਵਿਚ ਉਤਸੁਕਤਾ ਪੈਦਾ
ਕਰਨ ਲਈ, ਉਸ ਦਾ ਚਿਹਰਾ ਸਿਹਰੇ ਨਾਲ ਢੱਕ
ਦਿੱਤਾ ਜਾਂਦਾ ਸੀ।
ਹੁਣ ਵੀ ਭੈਣਾਂ ਬਣੇ ਬਣਾਏ ਸਿਹਰੇ ਖਰੀਦ
ਕੇ ਲਿਆਉਂਦੀਆਂ ਹਨ ਅਤੇ ਸਿਹਰਾ ਬੰਨ੍ਹਦੇ ਫ਼ੋਟੋ
ਖਿਚਵਾਉਂਦੀਆਂ ਹਨ। ਸਿਹਰਾ ਬੰਨ੍ਹਣ ਦਾ ਰਿਵਾਜ
ਲੋਪ ਹੋ ਰਿਹਾ ਹੈ। ਸਿਹਰਾ ਬੰਦੀ ਦੀ ਰਸਮ ਟਾਂਵੀਟਾਂਵੀ
ਹੀ ਰਹਿ ਗਈ ਹੈ, ਕਿਉਂਕਿ ਹੁਣ ਲਾੜਾ
ਪਹਿਲਾਂ ਹੀ ਸਹੁਰੇ ਪਰਿਵਾਰ ਵਿਚ ਸਭ ਨੂੰ
ਮਿਲਿਆ-ਗਿਲਿਆ ਹੁੰਦਾ ਹੈ। ਉਸ ਨੂੰ ਦੇਖਣ
ਦੀ ਉਤਸੁਕਤਾ ਵੀ ਪਹਿਲਾਂ ਵਾਂਗ ਨਹੀਂ ਹੁੰਦੀ।
ਸੱਸ ਦੇ ਮਨ ਵਿਚ 'ਚੁੱਕ ਪੱਲੂ ਸੱਸੂ ਦੇਖਣ ਲੱਗੀ,
ਧੰਨ ਜਣੇਂਦੜੀ ਮਾਂ' ਵਾਲ਼ੀ ਭਾਵਨਾ ਸਿਹਰੇ ਕਾਰਨ
ਹੀ ਪੈਦਾ ਹੁੰਦੀ ਸੀ।
ਅਜੋਕੇ ਸਮੇਂ ਵਿਚ ਜ਼ਿਆਦਾਤਰ ਲਾੜੇ ਦੀ
ਪੱਗ ਤੇ ਕਲਗ਼ੀ ਹੀ ਸਜਾ ਦਿੱਤੀ ਜਾਂਦੀ ਹੈ। 'ਲਾੜੇ'
ਦੀਆਂ ਭਾਬੀਆਂ ਥਾਲੀ ਵਿਚ ਸੁਰਮਾ, ਸਲਾਮੀ
ਅਤੇ ਮਿੱਠਾ ਰੱਖ ਕੇ ਲੈ ਆਉਂਦੀਆਂ ਹਨ। ਉਸ
ਵਕਤ ਲਾੜੇ ਨੂੰ ਸਭ ਸਕੇ ਸੰਬੰਧੀਆਂ ਵਲੋਂ ਸਲਾਮੀ
(ਝੋਲੀ ਵਿਚ ਰੁਪਈਏ ਪਾਏ ਜਾਂਦੇ ਹਨ) ਪਾਈ
ਜਾਦੀ ਹੈ। ਸਭ ਤੋਂ ਪਹਿਲਾਂ ਮਾਂ ਵਲੋਂ ਸਲਾਮੀ ਪਾ
ਕੇ ਅਸੀਸ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ
ਮੰਗਲ ਗੀਤ ਗਾਏ ਜਾਂਦੇ ਹਨ। ਇਹ ਵੀ ਕਿਹਾ ਜਾ
ਸਕਦਾ ਹੈ ਕਿ ਭੈਣਾਂ ਘੋੜੀ ਚੜ੍ਹ ਰਹੇ ਵੀਰ ਦੇ
ਸ਼ਗਨ ਮਨਾਉਂਦੀਆਂ ਹਨ। ਭਾਬੀਆਂ ਘੋੜੀ ਚੜ੍ਹ
ਰਹੇ ਦੇਵਰ ਦੇ ਨੈਣਾਂ ਵਿਚ ਸੁਰਮਾ ਪਾਉਂਦੀਆਂ
ਹਨ। ਭਾਬੋ ਵੱਲੋਂ ਦੇਵਰ ਦੀਆਂ ਅੱਖਾਂ ਵਿਚ ਸੁਰਮ
ਸਲਾਈ ਪਾਉਣਾ ਦੇਵਰ-ਭਰਜਾਈ ਦੇ ਰਿਸ਼ਤੇ ਵਿਚ
ਖੁੱਲ੍ਹ-ਖੇਲ੍ਹ ਹੋਣ ਦੇ ਸੰਕੇਤ ਜ਼ਾਹਿਰ ਕਰਦਾ ਹੈ।
ਭਾਬੀਆਂ ਨੂੰ ਸੁਰਮਾ ਪੁਆਈ ਦਾ ਲਾਗ ਦਿੱਤਾ ਜਾਂਦਾ
ਹੈ। ਮਾਂ ਸਮੇਤ ਹੋਰ ਰਿਸ਼ਤੇਦਾਰ ਪਿਆਰ ਅਤੇ
ਅਸ਼ੀਰਵਾਰ ਦਿੰਦੇ ਹਨ। ਇਸ ਰਸਮ ਦਾ ਉਦੇਸ਼
ਲਾੜੇ ਨੂੰ ਸਜਾਉਣਾ, ਨਜ਼ਦੀਕੀ ਰਿਸ਼ਤਿਆਂ ਦੀ
ਪਛਾਣ ਕਰਵਾਉਣਾ ਅਤੇ ਮਾਣ ਵਧਾਉਣਾ ਹੈ।
ਪਹਿਲਾਂ ਇਸ ਮੌਕੇ ਹਿਫ਼ਾਜ਼ਤ ਲਈ ਲਾੜੇ
ਦੇ ਹੱਥ ਵਿਚ ਕਿਰਪਾਨ ਫੜਾਈ ਜਾਂਦੀ ਸੀ।
ਸਰਬਾਲਾ ਵੀ ਤਿਆਰ ਕੀਤਾ ਜਾਂਦਾ ਸੀ ਜੋ ਸਾਰੀਆਂ
ਰਸਮਾਂ ਦੌਰਾਨ ਲਾੜੇ ਦੇ ਨਾਲ ਪਰਛਾਵੇਂ ਵਾਂਗ
ਰਹਿੰਦਾ ਸੀ। ਉਹ ਉਸ ਦੀ ਹਰ ਨਿੱਕੀ-ਮੋਟੀ
ਜ਼ਰੂਰਤ ਦਾ ਖ਼ਿਆਲ ਵੀ ਰੱਖਦਾ ਸੀ। ਸਰਬਾਲਾ
ਅਕਸਰ ਲਾੜੇ ਦਾ ਛੋਟਾ ਭਰਾ ਹੀ ਹੁੰਦਾ ਸੀ। ਜੇ
ਕਰ ਸਕਾ ਭਰਾ ਨਾ ਹੋਵੇ ਤਾਂ ਰਿਸ਼ਤੇ ਵਿਚੋਂ ਕਿਸੇ
ਵੀ ਚਾਚੇ, ਤਾਏ, ਮਾਮੇ ਜਾਂ ਭੂਆ ਦੇ ਪੁੱਤ ਨੂੰ
ਸਰਬਾਲਾ ਬਣਾਇਆ ਜਾਂਦਾ ਸੀ। ਉਸ ਦੀ ਝੋਲੀ
ਵਿਚ ਵੀ ਬਕਾਇਦਾ ਸ਼ਗਨ ਪਾਏ ਜਾਂਦੇ ਸਨ। ਇਹ
ਰਸਮ ਅੱਜ ਵੀ ਹੋ ਰਹੀ ਹੈ:
ਪਹਿਲੀ ਸਲਾਮੀ ਤੇਰੀ ਮਾਤਾ ਘਰੋਂ ਆਈ,
ਮਾਤਾ ਦਾ ਕੱਤਿਆ ਬਾਬਲ ਬਣਾਇਆ,
ਢੇਰਾਂ ਤੋਂ ਚੱਕ ਕੇ ਤੰਮੋਲਾਂ ਨੂੰ ਲਾਇਆ।
ਦੂਜੀ ਸਲਾਮੀ ਤੇਰੀ ਮਾਮੀ ਘਰੋਂ ਆਈ,
ਦੂਜੀ ਸਲਾਮੀ ਤੇਰੀ ਮਾਮੀ ਘਰੋਂ ਆਈ।
ਮਾਮੀ ਦਾ ਕੱਤਿਆ ਮਾਮੇ ਬਣਾਇਆ,
ਢੇਰਾਂ ਤੋਂ ਚੱਕ ਕੇ ਤੰਮੋਲਾਂ ਨੂੰ ਲਾਇਆ।
ਤੀਜੀ ਸਲਾਮੀ ਤੇਰੀ ਮਾਤਾ ਘਰੋਂ ਆਈ,
ਸੱਸੂ ਨੂੰ ਵੇਚ ਸਲਾਮੀ ਲਿਆਈ।
ਸੱਸੂ ਦਾ ਕੱਤਿਆ ਸਹੁਰੇ ਬਣਾਇਆ।
ਢੇਰਾਂ ਤੋਂ ਚੱਕ ਕੇ ਤੰਮੋਲਾਂ ਨੂੰ ਲਾਇਆ।
ਨੀ ਤੂੰ ਪਾ-ਪਾ ਭਾਬੋ ਸੁਰਮੇ ਸਿਲਾਈ,
ਦੇਵਰ ਨੈਣ ਸੰਵਾਰੇ।
ਵੇ ਤੂੰ ਦੇ ਦੇ ਦਿਓਰਾ ਪੰਜ ਰੁਪਈਏ,
ਭਾਬੋ ਨੱਥ ਘੜਾਵੇ।
ਪਹਿਲੀ ਸਿਲਾਈ ਰਸ ਭਰੀ ਦਿਓਰਾ,
ਵੇ ਦੂਜੀ ਸਿਲਾਈ ਤਾਰ।
ਤੀਜੀ ਸਿਲਾਈ ਤਾਂ ਪਾਵਾਂ,
ਜੇ ਗਲ ਨੂੰ ਪਾਵੇਂ ਵੇ ਦਿਓਰ ਮੇਰਿਆ ਹਾਰ।
ਪਹਿਲੀ ਸਿਲਾਈ ਰਸ ਭਰੀ ਦਿਓਰਾ,
ਵੇ ਦੁਜੀ ਸਿਲਾਈ ਤਾਰ।
ਤੀਜੀ ਸਿਲਾਈ ਤਾਂ ਪਾਵਾਂ,
ਜੇ ਮੋਹਰਾਂ ਦੇਵੇਂ ਵੇ ਚਾਰ।
ਪਾ ਦੇ ਭਾਬੀਏ ਸੁਰਮਾ ਰਾਮ ਦੀ ਰੱਤੀ ਦਾ,
ਰਾਮ ਦੀ ਰੱਤੀ ਦਾ,
ਸੁਰਮਾ ਵੀਰੇ ਦੀ ਖੱਟੀ ਦਾ।
ਰਾਮ ਦੀ ਰੱਤੀ ਦਾ,
ਸੁਰਮਾ ਵੀਰੇ ਦੀ ਖੱਟੀ ਦਾ।
ਦੇਵਰ ਦਿੱਤੇ ਪੰਜ ਰੁਪਈਏ,
ਪੰਜਾਂ ਦੀ ਨੱਥਣੀ ਘੜਾ ਲੈ ਭਾਬੀਏ,
ਸੁਰਮਾ ਰਾਮ ਦੀ ਰੱਤੀ ਦਾ।
ਪਾ ਦੇ ਭਾਬੀਏ ਸੁਰਮਾ,
ਰਾਮ ਦੀ ਰੱਤੀ ਦਾ।
ਭਾਬੋ ਸੁਰਮਾ ਜੋ ਪਾਵੇ,
ਦੇਵਰ ਅੱਖੀਆਂ ਮਾਰੇ।
ਭਾਬੋ ਸੁਰਮਾ ਜੋ ਪਾਵੇ,
ਦੇਵਰ ਅੱਖੀਆਂ ਮਾਰੇ।
ਬਾਬੇ ਬਾਗ਼ ਲੁਆਇਆ,
ਮਾਲਣ ਚੁਗ ਲਿਆ ਰੇ ਕਲੀਆਂ।
ਤੂੰ ਗੁੰਦ ਤੂੰ ਗੁੰਦ ਮਾਲਣੇ,
ਮੇਰੇ ਰਾਮ ਚੰਦਰ ਜੀ ਦਾ ਸਿਹਰਾ,
ਨੀ 50-60 ਲੜੀਆਂ।
ਨਾਨੇ ਬਾਗ਼ ਲੁਆਇਆ,
ਮਾਲਣ ਚੁਗ ਲਿਆ ਰੇ ਕਲੀਆਂ।
ਤੂੰ ਗੁੰਦ ਤੂੰ ਗੁੰਦ ਮਾਲਣੇ,
ਮੇਰੇ ਰਾਮ ਚੰਦਰ ਜੀ ਦਾ ਸਿਹਰਾ,
ਨੀ 50-60 ਲੜੀਆਂ।
ਮਾਮੇ ਬਾਗ਼ ਲੁਆਇਆ,
ਮਾਲਣ ਚੁਗ ਲਿਆ ਰੇ ਕਲੀਆਂ।
ਤੂੰ ਗੁੰਦ ਤੂੰ ਗੁੰਦ ਮਾਲਣੇ,
ਮੇਰੇ ਰਾਮ ਚੰਦਰ ਜੀ ਦਾ ਸਿਹਰਾ,
ਨੀ 50-60 ਲੜੀਆਂ।
ਚੁਗ ਲਿਆਇਓ ਚੰਬਾ ਤੇ ਗ਼ੁਲਾਬ ਜੀ,
ਚੁਗ ਲਿਆਇਓ।
ਜੀ ਗੁੰਦ ਲਿਆਇਓ ਸਿਰਾਂ ਦੇ ਜੀ ਸਿਹਰੇ।
ਇਹਦੀ ਨਾਰ ਚੰਬੇ ਦੀ ਜੀ ਤਾਰ,
ਜੀ ਚੁਗ ਲਿਆਇਓ।
ਜੀ ਗੁੰਦ ਲਿਆਇਓ ਸਿਰਾਂ ਦੇ ਜੀ ਸਿਹਰੇ।
ਵੀਰਾ ਕੀ ਕੁਝ ਪੜ੍ਹਦੀਆਂ ਸਾਲੀਆਂ,
ਵੀਰਾ ਕੀ ਕੁਝ ਪੜ੍ਹੇ ਤੇਰੀ ਨਾਰ।
ਜੀ ਚੁਗ ਲਿਆਇਓ।
ਜੀ ਗੁੰਦ ਲਿਆਇਓ ਸਿਰਾਂ ਦੇ ਜੀ ਸਿਹਰੇ।
ਭੈਣੇਂ ਸਾਲੀਆਂ ਪੜ੍ਹਦੀਆਂ ਪੋਥੀਆਂ,
ਮੇਰੀ ਨਾਰ ਪੜ੍ਹੇ ਦਰਬਾਰ,
ਜੀ ਚੁਗ ਲਿਆਇਓ।
ਜੀ ਗੁੰਦ ਲਿਆਇਓ ਸਿਰਾਂ ਦੇ ਜੀ ਸਿਹਰੇ।
ਵੀਰਾ ਕੀ ਕੁਝ ਕੱਢਦੀਆਂ ਸਾਲੀਆਂ,
ਵੀਰਾ ਕੀ ਕੁਝ ਕੱਢੇ ਤੇਰੀ ਨਾਰ।
ਜੀ ਚੁਗ ਲਿਆਇਓ।
ਜੀ ਗੁੰਦ ਲਿਆਇਓ ਸਿਰਾਂ ਦੇ ਜੀ ਸਿਹਰੇ।
ਭੈਣੇਂ ਸਾਲੀਆਂ ਤਾਂ ਕੱਢਦੀਆਂ ਚਾਦਰਾਂ,
ਮੇਰੀ ਨਾਰ ਕੱਢੇ ਰੁਮਾਲ।
ਜੀ ਚੁਗ ਲਿਆਇਓ।
ਜੀ ਗੁੰਦ ਲਿਆਇਓ ਸਿਰਾਂ ਦੇ ਜੀ ਸਿਹਰੇ।
ਵੇ ਲਹੌਰੋਂ ਮਾਲਣ ਆਈ ਵੀਰਾ,
ਤੇਰਾ ਸਿਹਰਾ ਗੁੰਦ ਲਿਆਈ ਵੀਰਾ।
ਇਸ ਸਿਹਰੇ ਦਾ ਕੀ ਮੁੱਲ ਵੀਰਾ,
ਨੌਂ ਲੱਖ ਤਾਂ ਡੂਢ ਹਜ਼ਾਰ ਭੈਣੇਂ।
ਸਿਹਰਾ ਪਹਿਨਦੇ ਬੰਨੇ ਨੂੰ ਗਰਮੀ ਆਈ,
ਏਨੂੰ ਗਰਮੀ ਆਈ, ਪੱਖਾ ਝੱਲੇ ਨਾਈ।
ਏਨੂੰ ਗਰਮੀ ਆਈ, ਪੱਖਾ ਝੱਲੇ ਨਾਈ।
ਪਾਸ ਖਲੋਤੇ ਭਾਈ, ਵਾਰਨੇ ਕਰਦੀ ਤਾਈ।
ਇਹਦਿਆਂ ਹਾਰਾਂ ਨੂੰ, ਹਾਰ ਸ਼ਿੰਗਾਰਾਂ ਨੂੰ।
ਵੀਰਾ ਵੇ, ਤੇਰੇ ਦੇਖਣੇ ਨੂੰ ਲੱਖਾਂ ਖੜ੍ਹੇ।
ਲੱਖਾਂ ਖੜ੍ਹੇ, ਵੇ ਕਰੋੜਾਂ ਖੜ੍ਹੇ।
ਵੀਰਾ ਵੇ, ਤੇਰੇ ਸਿਹਰੇ ਨੂੰ ਸੁੱਚੇ ਜੜੇ।
ਵੀਰਾ ਵੇ, ਤੇਰੇ ਸਿਹਰੇ ਨੂੰ ਸੁੱਚੇ ਜੜੇ।
ਸੁੱਚੇ ਜੜੇ, ਵੇ ਸਿਤਾਰੇ ਜੜੇ।
ਸੁੱਚੇ ਜੜੇ, ਵੇ ਸਿਤਾਰੇ ਜੜੇ।
ਵੀਰਾ ਵੇ, ਤੇਰੇ ਦੇਖਣੇ ਨੂੰ ਲੱਖਾਂ ਖੜ੍ਹੇ।
|