ਜਨਮ ਵੇਲੇ ਦੇ ਲੋਕ ਗੀਤ ਅਤੇ ਰਸਮਾਂ ਨੀਲਮ ਸੈਣੀ
ਪੰਜਾਬੀ ਸਭਿਆਚਾਰ ਵਿਚ ਜਦੋਂ ਵੀ ਕਿਸੇ
ਘਰ ਪੁੱਤਰ ਜਨਮ ਲੈਂਦਾ ਹੈ ਤਾਂ ਜਸ਼ਨ ਮਨਾਏ
ਜਾਂਦੇ ਹਨ। 'ਜੱਗ ਵਿਚ ਸੀਰ ਪਈ' ਆਮ ਆਖਿਆ
ਜਾਂਦਾ ਹੈ। 'ਵੇਲ ਵਧੀ' ਮੰਨੀ ਜਾਂਦੀ ਹੈ। ਘਰ ਵਿਚ
ਵਧਾਈਆਂ ਦੇਣ ਵਾਲਿਆਂ ਅਤੇ ਲਾਗੀਆਂ ਦਾ
ਤਾਂਤਾ ਲੱਗਿਆ ਰਹਿੰਦਾ ਹੈ। ਪਹਿਲਾਂ-ਪਹਿਲ ਲਾਗੀ
ਬੂਹੇ ਤੇ ਅੰਬ ਦੇ ਪੱਤੇ ਬੰਨ੍ਹਣ ਆਉਂਦੇ, ਨਵਜਨਮੇ
ਬੱਚੇ ਲਈ ਲੱਕੜੀ ਦਾ ਗਡੀਰਨਾ ਵਿਹੜੇ
ਵਿਚ ਰੱਖਦੇ ਸਨ। 'ਵਧਾਈ ਹੋਵੇ' ਦੀ ਆਵਾਜ਼
ਕੰਨਾਂ ਵਿਚ ਪੈਂਦੀ ਸੀ। ਤੜਾਗੀ ਲੈ ਕੇ ਆਈਆਂ
ਬਾਜ਼ੀਗਰਨੀਆਂ ਗਿੱਧੇ ਦਾ ਪਿੜ ਬੰਨ੍ਹ ਕੇ ਮੂੰਹ
ਮੰਗੀ ਵਧਾਈ ਲੈ ਜਾਂਦੀਆਂ ਸਨ। ਖੁਸਰੇ ਆਪਣੇ
ਨਿਵੇਕਲੇ ਅੰਦਾਜ਼ ਵਿਚ 'ਵਧਾਈਆਂ' ਦਿੰਦੇ ਅਤੇ
ਮੂੰਹ ਮੰਗੀ ਵਧਾਈ ਲੈਂਦੇ ਸਨ।
ਅਜੋਕੇ ਸਮੇਂ ਵਿਚ ਵੀ ਪੁੱਤਰ ਜੰਮਣ ਦੀ
ਖੁਸ਼ੀ ਵਿਚ ਸਾਰੇ ਰਿਸ਼ਤੇਦਾਰਾਂ ਦੇ ਘਰਾਂ ਵਿਚ
ਲੱਡੂਆਂ ਦੇ ਡੱਬੇ ਵੰਡੇ ਜਾਂਦੇ ਹਨ। ਧੀਆਂ-ਭੈਣਾਂ
ਨੂੰ ਵਧਾਈ ਦੇ ਰੂਪ ਵਿਚ ਤੋਹਫੇ ਦਿਤੇ ਜਾਂਦੇ ਹਨ।
ਅਨੇਕਾਂ ਸ਼ਗਨ ਮਨਾਏ ਜਾਂਦੇ ਅਤੇ ਘੋੜੀਆਂ
ਗਾਈਆਂ ਜਾਂਦੀਆਂ ਹਨ। ਪੰਜਾਬੀ ਦਾ ਅਖਾਣ 'ਪੁੱਤ
ਜੰਮਦੇ ਹੀ ਲਾੜੇ ਹੁੰਦੇ ਨੇ' ਅਮਲ ਵਿਚ ਆ ਜਾਂਦਾ
ਹੈ। ਪੁੱਤਰ ਦੇ ਜਨਮ ਵੇਲੇ ਦੇ ਗੀਤਾਂ ਨੂੰ
'ਬਿਅ੍ਹਾਈਆਂ' ਆਖਿਆ ਜਾਂਦਾ ਹੈ। ਬਿਅ੍ਹਾਈਆਂ
ਤੋਂ ਪਹਿਲਾਂ ਪੰਜਾਬੀ ਮਾਂਵਾਂ ਨੇ 'ਲੋਰੀਆਂ' ਨੂੰ
ਰਚਿਆ ਪ੍ਰਤੀਤ ਹੁੰਦਾ ਹੈ। ਇਸ ਲਈ ਪਹਿਲਾਂ
ਲੋਰੀਆਂ ਦੀ ਗੱਲ ਕਰਨਾ ਜ਼ਰੂਰੀ ਹੈ।
ਲੋਰੀਆਂ
ਪਹਿਲਾਂ ਪਹਿਲ ਪੰਜਾਬੀਆਂ ਦਾ
ਮੁੱਖ ਕਿੱਤਾ ਖੇਤੀ ਸੀ। ਮਰਦ ਸਾਰਾ ਦਿਨ ਘਰੋਂ
ਬਾਹਰ ਖੇਤਾਂ ਵਿਚ ਕੰਮ ਕਰਦਾ ਸੀ। ਔਰਤ ਘਰ
ਦਾ ਚੁੱਲ੍ਹਾ-ਚੌਂਕਾ ਸਾਂਭਣ ਵਿਚ ਮਸਰੂਫ ਹੁੰਦੀ
ਸੀ। ਘਰ ਦੇ ਕੰਮ-ਕਾਰ ਵਿਚ ਰੁਝੀ ਮਾਂ ਰੋਂਦੇ
ਹੋਏ ਬੱਚੇ ਨੂੰ ਤੱਕਦੇ ਹੀ ਹਥਲੇ ਕੰਮ ਛੱਡ ਦਿੰਦੀ
ਸੀ। ਉਹ ਰੋਂਦੇ ਹੋਏ ਬੱਚੇ ਨੂੰ ਚੁੱਕ ਕੇ ਉਸ ਦਾ
ਮੱਥਾ ਚੁੰਮਦੀ, ਵਰਾਉਂਦੀ ਅਤੇ ਥਾਪੜਦੀ ਲੋਰੀਆਂ
ਦਿੰਦੀ ਸੀ। ਇਹ ਲੋਰੀਆਂ ਮਾਂ ਦੀ ਮਮਤਾ ਦਾ
ਪ੍ਰਗਟਾਵਾ ਹੁੰਦੀਆਂ ਸਨ। ਲੋਰੀ ਦਾ ਉਚਾਰਨ ਅਤੇ
ਸੁਰ ਇਲਾਕੇ ਦੇ ਸਭਿਆਚਾਰ ਅਤੇ ਬੋਲੀ ਤੋਂ
ਪ੍ਰਭਾਵਿਤ ਹੁੰਦਾ ਸੀ। ਲੋਰੀਆਂ ਵਿਚ ਮਾਂ ਵਲੋਂ ਨਵ
ਜਨਮੇ ਬੱਚੇ ਨਾਲ ਹਰ ਰਿਸ਼ਤੇ ਦੀ ਜਾਣ-ਪਛਾਣ
ਕਰਵਾਉਣ ਦੀ ਕੋਸ਼ਿਸ ਹੁੰਦੀ ਸੀ। 'ਲੋਰ' ਤੋਂ
ਭਾਵ ਦਿਲ ਵਿਚੋਂ ਉਠੀ ਤਰੰਗ ਅਤੇ ਚਾਅ ਹੈ।
ਡਾ. ਕਰਨੈਲ ਸਿੰਘ ਥਿੰਦ ਨੇ ਲਿਖਿਆ ਹੈ ਕਿ
ਲੋਰੀਆਂ ਪੰਜਾਬ ਦੇ ਅਜਿਹੇ ਲੋਕਗੀਤ ਹਨ, ਜਿਹੜੇ
ਮਾਂ ਜਾਂ ਭੈਣ ਦੁਆਰਾ ਬੱਚੇ ਨੂੰ ਚੁੱਪ ਕਰਾਉਣ, ਜੀ
ਪਰਚਾਉਣ ਤੇ ਸੁਲਾਉਣ ਲਈ ਗਾਏ ਜਾਂਦੇ ਸਨ।
ਲੋਰੀ ਦਾ ਹਲਕੋਰੇ, ਅਥਵਾ ਪੰਘੂੜੇ 'ਤੇ ਝੂਟਿਆਂ
ਨਾਲ ਡੂੰਘਾ ਸਬੰਧ ਸੀ। ਬਹੁਤੀ ਵਾਰੀ ਬੱਚੇ ਨੂੰ
ਪੰਘੂੜੇ ਵਿਚ ਲਿਟਾ ਕੇ ਝੂਟਿਆਂ ਦੇ ਨਾਲ-ਨਾਲ
ਲੋਰੀ ਦੀ ਧੁਨ ਵੀ ਅਲਾਪੀ ਜਾਂਦੀ ਸੀ।
ਦਾਗਿਸਤਾਨੀ ਲੇਖਕ ਰਸੂਲ ਹਮਜ਼ਾਤੋਵ
ਆਪਣੀ ਮਾਂ ਦੀਆਂ ਲੋਰੀਆਂ ਨੂੰ ਬਖਸ਼ਿਸ਼ਾਂ ਮੰਨਦੇ
ਹੋਏ ਲਿਖਦਾ ਹੈ, "ਮਾਂ ਦੀ ਲੋਰੀ ਤਾਂ ਚਸ਼ਮਾ ਹੈ,
ਜਿਹੜਾ ਪਿਆਸ ਬੁਝਾਉਂਦਾ ਹੈ। ਇਹ ਉਹ ਚੁੱਲ੍ਹਾ
ਹੈ, ਜਿਹੜਾ ਮੈਨੂੰ ਨਿੱਘ ਦਿੰਦਾ ਹੈ।"
ਇਨ੍ਹਾਂ ਲੋਰੀਆਂ ਵਿਚ ਹਰ ਰਿਸ਼ਤੇ ਦੇ ਜ਼ਿਕਰ
ਅਤੇ ਅਹਿਮੀਅਤ ਦੀ ਝਲਕ ਮਨ ਮੋਹ ਲੈਂਦੀ
ਸੀ। ਲੋਰੀਆਂ ਨਵ-ਜਨਮੇ ਰੋਂਦੇ ਬਾਲ ਨੂੰ ਚੁੱਪ
ਕਰਾਉਣ ਅਤੇ ਵਰਾਉਣ ਲਈ ਹੀ ਨਹੀਂ, ਸਗੋਂ
ਨੀਂਦ ਦੀ ਗੋਦ ਤੱਕ ਪਹੁੰਚਾਉਣ ਲਈ ਦਿਤੀਆਂ
ਜਾਂਦੀਆਂ ਸਨ। ਇਸ ਤੋਂ ਵੀ ਵੱਧ ਇਹ ਮਾਂ ਦੀ
ਮਮਤਾ ਅਤੇ ਅਸੀਸਾਂ ਨਾਲ ਬਣੀ ਹੋਈ ਮਾਖਿਓਂ
ਮਿੱਠੀ ਚਾਸ਼ਣੀ ਸਨ। ਅਜੋਕੇ ਸਮਾਜ ਵਿਚ ਕੰਮਕਾਜੀ
ਮਾਂਵਾਂ ਕੋਲ ਲੋਰੀਆਂ ਦਾ ਵਕਤ ਨਹੀਂ ਰਿਹਾ।
ਦਾਦੀਆਂ-ਨਾਨੀਆਂ ਬੱਚੇ ਨੂੰ ਚੁੱਕਦੇ ਵਕਤ ਲੋਰੀਆਂ
ਜ਼ਰੂਰ ਦੇ ਰਹੀਆਂ ਹਨ।
ਅਮਰੀਕਾ ਵਿਚ ਆਮ ਕਰ ਕੇ ਬੱਚੇ ਨੂੰ
ਜੰਮਦੇ ਹੀ ਕਰਿੱਬ ਵਿਚ ਪਾ ਦਿਤਾ ਜਾਂਦਾ ਹੈ। ਉਸ
ਦੇ ਸੌਣ ਲਈ ਸੀ.ਡੀ. ਲਗਾ ਕੇ ਮਧੁਰ ਸੰਗੀਤਕ
ਧੁਨਾਂ ਛੇੜ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਨੂੰ
ਅੰਗਰੇਜ਼ੀ ਵਿਚ 'ਲਾਲਾ ਬਾਈ' ਕਿਹਾ ਜਾਂਦਾ ਹੈ।
ਲੋਰੀਆਂ
ਅੱਲੜ ਬੱਲੜ ਬਾਵੇ ਦਾ,
ਬਾਵਾ ਕਣਕ ਲਿਆਵੇਗਾ।
ਬਾਵੀ ਬਹਿ ਕੇ ਛੱਟੇਗੀ,
ਖਰਾਸੋਂ ਕਣਕ ਪਿਹਾਮਾਂਗੇ।
ਆਟਾ ਘਰ ਲਿਆਮਾਂਗੇ,
ਬਾਵੀ ਮੰਨ ਪਕਾਵੇਗੀ।
ਬਾਵਾ ਬਹਿ ਕੇ ਖਾਵੇਗਾ,
ਛੇਤੀ ਵੱਡਾ ਹੋਵੇਗਾ।
ਖੇਡੇਗਾ ਤੇ ਮੱਲ੍ਹੇਗਾ,
ਸੁਹਣੀ ਵੌਟ੍ਹੀ ਲਿਆਵੇਗਾ।
ਅਲੱੜ ਬੱਲੜ ਬਾਵੇ ਦਾ,
ਬਾਵਾ ਰੂੰ ਲਿਆਵੇਗਾ।
ਬਾਵੀ ਪੂਣੀਆਂ ਵੱਟੇਗੀ,
ਬਹਿ ਕੇ ਸੂਤ ਉਣਾਂਮਣਗੇ।
ਸੁਹਣੇ ਕੱਪੜੇ ਪਾਮਣਗੇ,
ਨਾਨਕਿਆਂ ਦੇ ਜਾਮਣਗੇ।
ਸੌਂ ਜਾ ਅੱਬੂ ਸੌਂ ਜਾ,
ਲਾਲ ਪਲੰਘ ‘ਤੇ ਸੌਂ ਜਾ।
ਸੁਹਣੇ ਕੱਪੜੇ ਪਾਮਾਂਗੇ,
ਨਾਨਕਿਆਂ ਦੇ ਜਾਮਾਂਗੇ।
ਖੀਰ ਪੂੜੇ ਖਾਮਾਂਗੇ,
ਮੋਟੇ ਹੋ ਕੇ ਆਮਾਂਗੇ।
ਸੌਂ ਜਾ ਕਾਕਾ ਤੂੰ,
ਤੇਰੇ ਬੋਦੇ ਲੜ ਗਈ ਜੂੰ।
ਕੱਢਣ ਵਾਲੀਆਂ ਮਾਸੀਆਂ,
ਕਢਾਉਣੇ ਵਾਲਾ ਤੂੰ।
ਕਾਕਾ ਆਇਆ ਖੇਲ੍ਹ ਕੇ,
ਰੋਟੀ ਦੇਈਏ ਵੇਲ ਕੇ।
ਕਾਕਾ ਆਇਆ ਦੂਰੋਂ,
ਮੰਨ ਪੱਕੇ ਤੰਦੂਰੋਂ।
ਕਾਕਾ ਆਇਆ ਵਾਂਢਿਓਂ,
ਗੁੜ ਕੱਢੀਏ ਕੋਰੇ ਭਾਂਡਿਓਂ।
ਰਾਜੇ ਬੇਟੇ ਸੌਂ ਜਾ,
ਲਾਲ ਪਲੰਘ ‘ਤੇ ਸੌਂ ਜਾ।
ਮੰਮੀ ਡੈਡੀ ਆਉਣਗੇ,
ਕਈ ਖਿਡੌਣੇ ਲਿਆਉਣਗੇ।
ਇਕ ਖਿਡੌਣਾ ਟੁੱਟ ਗਿਆ,
ਰਾਜਾ ਬੇਟਾ ਰੁੱਸ ਗਿਆ,
ਇਕ ਖਿਡੌਣਾ ਹੋਰ ਲਿਆਓ,
ਰਾਜੇ ਬੇਟੇ ਦੌੜ ਕੇ ਆਓ।
ਆਮਾਂ ਵੇ ਆਮਾਂ!
ਦੁਰ ਕੁੱਤਿਆ ਵੇ ਦੁਰ ਕਾਮਾਂ।
ਤੈਨੂੰ ਘਿਓ ਦੀ ਚੂਰੀ ਪਾਮਾਂ,
ਤੇਰੀ ਸੋਨੇ ਚੁੰਝ ਮੜ੍ਹਾਮਾਂ।
ਅੱਬੂ ਦੀਆਂ ਦੂਰ ਬਲਾਮਾਂ,
ਅੱਬੂ ਮੇਰਾ ਸੌਂ ਜਾਵੇ।
ਰਾਜਾ ਬੇਟਾ ਸੌਂ ਜਾਵੇ।
ਝੂਟੇ ਮਾਈਆਂ ਦੇ,
ਕੰਨ ਖੜ੍ਹੇ ਭਰਾਈਆਂ ਦੇ।
ਮਾਈਏ ਬੁੱਢੀਏ!
ਕਾਲੀ ਨ੍ਹੇਰੀ ਆਈ ਆ।
ਚਰਖਾ ਪੂਣੀ ਚੁੱਕ ਲਾ,
ਕਾਕੇ ਨੂੰ ਵੀ ਚੁੱਕ ਲਾ।
ਲੈ ਲਾ ਲੋਰੀ!
ਲੋਰੀ ਮੈਂ ਲਾਲ ਨੂੰ ਦੇਮਾਂ।
ਨੀ ਤੂੰ ਲੈ ਲਾ ਭੂਆ,
ਤੈਨੂੰ ਤੇਵਰ ਸੂਹਾ।
ਲੋਰੀ ਮੈਂ ਲਾਲ ਨੂੰ ਦੇਮਾਂ।
ਨੀ ਤੂੰ ਲੈ ਲਾ ਮਾਸੀ,
ਤੈਨੂੰ ਖੜ੍ਹਨ ਮਰਾਸੀ।
ਲੋਰੀ ਮੈਂ ਲਾਲ ਨੂੰ ਦੇਮਾਂ...
ਲਲਾ ਲਲਾ ਲੋਰੀ,
ਦੂਧ ਕੀ ਕਟੋਰੀ।
ਦੂਧ ਮੇਂ ਪਤਾਸਾ,
ਮੁੰਨਾ ਕਰੇ ਤਮਾਸ਼ਾ।
ਆਲਿਓਂ ਕੱਢਾਂ ਘਿਓ।
ਚੁੱਕ ਬਣਾਈਆਂ ਪਿੰਨੀਆਂ,
ਖਾਏ ਮੁੰਡੇ ਦਾ ਪਿਓ।
ਝੀਮ ਝੀਮ ਤਾਰਿਆ।
ਨਾਲੇ ਤੇਰੀ ਬੋਦੀ ਪੁੱਟੀ,
ਨਾਲੇ ਤੈਨੂੰ ਮਾਰਿਆ।
ਚੰਦਾ ਮਾਮਾ ਦੂਰ ਕੇ,
ਵੜੇ ਪਕਾਏ ਬੂਰ ਕੇ।
ਲੋਰੀਆਂ ਆਪ ਖਾਏ ਥਾਲੀ ਮੇਂ,
ਮੁਝੇ ਦੇ ਪਿਆਲੀ ਮੇਂ।
ਸੌਂ ਜਾ ਮੁੰਨਾ ਰਾਜਾ,
ਹੇਠ ਘੋੜਾ ਤਾਜ਼ਾ।
ਸੋਨੇ ਦੀ ਪੌੜੀ,
ਚਾਂਦੀ ਦਾ ਦਰਵਾਜ਼ਾ।
ਸੌਂ ਜਾ ਕਾਕਾ ਬੱਲੀ,
ਤੇਰੀ ਮਾਂ ਵਜਾਵੇ ਟੱਲੀ।
ਤੇਰਾ ਪਿਓ ਵਜਾਵੇ ਛੈਣੇ,
ਤੇਰੀ ਭੂਆ ਪਾਵੇ ਗ੍ਹੈਣੇ।
ਝੂਟੇ ਮਾਟੇ, ਝੂਟੇ ਮਾਟੇ,
ਅੰਬ ਪੱਕੇ ਭਾਈਆਂ ਦੇ।
ਖੱਟੇ ਖੱਟੇ ਤੇਰੇ,
ਮਿੱਠੇ ਮਿੱਠੇ ਮੇਰੇ।
ਚੰਦਾ ਮਾਮਾ ਡੋਰੀਆ,
ਉਤੇ ਸ਼ੱਕਰ ਭੋਰੀਆ।
ਆਪ ਖਾਂਦਾ ਖੰਡ ਘਿਓ,
ਸਾਨੂੰ ਦਿੰਦਾ ਗੁੜ ਆ।
ਚੰਦਾ ਮਾਮਾ ਡੋਰੀਆ,
ਆਪ ਲੈਂਦਾ ਚਿੱਟੀ ਚਾਦਰ,
ਸਾਨੂੰ ਦਿੰਦਾ ਡੋਰੀਆ...
ਛੋਟਾ ਕਾਕਾ ਰਾਜਾ,
ਹੇਠ ਘੋੜਾ ਤਾਜਾ।
ਕੌਲੀ ਭਰੀ ਖੀਰ ਦੀ,
ਜੰਞ ਮੇਰੇ ਵੀਰ ਦੀ।
|