ਪੰਜਾਬੀ ਕਾਫ਼ੀਆਂ ਈਸਨ
1
ਸਹੰਸੈ ਸਾਇਤ ਨਾ ਮਿਲੈ,
ਪਲ ਲਖੀਂ ਨ ਆਵੈ ।
ਪਦੁਮੈ ਪਹਰ ਨ ਪਾਈਐ,
ਪਲੁ ਈਵੈਂ ਜਾਵੈ,
ਸਾਈ ਘੜੀ ਸੁਲਖਣੀ,
ਸਹੁ ਨਾਲਿ ਵਿਹਾਵੈ ।੧।
ਇਹ ਵੇਲਾ ਛਲ ਜਾਸੀਆ,
ਛਲ ਘਿੰਨ ਕਿਵਾਹੀ,
ਤੋੜੈ ਲਖ ਉਪਾਏ ਕਰੈ,
ਫਿਰਿ ਆਵਣੁ ਨਾਹੀਂ ।੧।ਰਹਾਉ।
ਜਾਂ ਜਾਂ ਸੂਰ ਨ ਉਗਵੈ,
ਮੁਖਿ ਮੂੰਦਨ ਕਲੀਆਂ,
ਭਉਰ ਰਤਾ ਫੁਲਵਾਰੀਐ,
ਮਾਣੇਦਾ ਰਲੀਆਂ,
ਜਦੂੰ ਸੂਰਜ ਉਗਵੈ,
ਫਟੇਸੀ ਤਲੀਆਂ ।੨।
ਮੱਤੀ ਦੇਨ ਭਲੇਰੀਆਂ,
ਬਲਿ ਗਈਆਂ ਸਈਆਂ,
ਰਾਹੀ ਦਾ ਘਰਿ ਫੇਰਿਕੇ,
ਨਾਲਿ ਆਪ ਨ ਗਈਆਂ,
ਜੋ ਪਰ ਵੇਲੀ ਰੱਤੀਆਂ,
ਸੋ ਥਾਇ ਨ ਪਈਆਂ ।੩।
ਤੂੰ ਸੁਣਿ ਸੁਣਿ ਅਚੇਤੀਏ,
ਕਦੀ ਥੀਉ ਸੁਚੇਤੀ,
ਨਿਤਿ ਨ ਥੀਸਨ ਪੇਈੜੇ,
ਕੰਮੁ ਸਸਰ ਸੇਤੀ,
ਤੈਂ ਭੀ ਲੇਖਾ ਦੇਵਣਾ,
ਕਰਿ ਗਰਬੁ ਨ ਏਤੀ ।੪।
ਤੂੰ ਸੁਣਿ ਮੁੰਧਿ ਇਆਣੀਏ,
ਕਦੀ ਥੀਉ ਸਿਆਣੀ,
ਸਾਹਿਬ ਲੇਖਾ ਮੰਗਸੀ,
ਤਿਲੁ ਪੀੜੇ ਘਾਣੀ,
ਜੈਸਾ ਸੁਪਨਾ ਰੈਨਿ ਕਾ,
ਜਗਿ ਈਵੇਂ ਜਾਣੀ,
ਈਸਨ ਪਿਆਰੇ ਕੀ ਬੇਨਤੀ,
ਭਜ ਸਾਰਿਗ ਪਾਣੀ ।੫।
(ਰਾਗ ਗੋਂਡ)
(ਸਹੰਸੈ=ਹਜ਼ਾਰ ਸਾਲ, ਸਾਇਤ=ਘੜੀ,
ਪਦੁਮੈ=ਬਹੁਤ ਵੱਡੀ ਸੰਖਿਆ, ਤੋੜੈ=ਭਾਵੇਂ,
ਸੂਰ=ਸੂਰਜ, ਸਸਰ=ਸਹੁਰੇ, ਮੁੰਧਿ=ਇਸਤ੍ਰੀ,
ਸਾਰਿਗ=ਪਪੀਹਾ)
|