ਪੰਜਾਬੀ ਗ਼ਜ਼ਲਾਂ ਇਕਬਾਲ ਰਾਹਤ
1. ਭਾਵੇਂ ਇੱਕ ਨਾ ਹੰਝੂ ਪੂੰਝੀਂ, ਨਾ ਹੀ ਦਵੀਂ ਦਿਲਾਸਾ
ਭਾਵੇਂ ਇੱਕ ਨਾ ਹੰਝੂ ਪੂੰਝੀਂ, ਨਾ ਹੀ ਦਵੀਂ ਦਿਲਾਸਾ ।
ਤੱਕ 'ਤੇ ਲੈ ਇਕ ਵਾਰੀ ਸੱਜਣਾ, ਪਰਤ ਕੇ ਐਧਰ ਪਾਸਾ ।
ਪਿਆਰ ਦੀਆਂ ਇਹ ਮਿੱਠੀਆਂ ਸੂਲਾਂ, ਰੜਕਣ ਵਿੱਚ ਕਲੇਜੇ,
ਡਰਦਾ ਮਾਰਾ 'ਵਾਜ਼ ਨਾ ਕੱਢਾਂ, ਬਣ ਨਾ ਜਾਵਾਂ ਹਾਸਾ ।
ਉਹਨਾਂ ਦੀਆਂ ਉਡੀਕਾਂ ਦੇ ਵਿੱਚ, ਸਾਹ ਜਾਂਦੇ ਨੇ ਮੁੱਕਦੇ,
ਤੱਤੇ ਦੁੱਧ ਵਿੱਚ ਜਿਉਂ ਕਰ ਸੱਜਣਾਂ, ਖੁਰਦਾ ਜਾਏ ਪਤਾਸਾ ।
ਦੇਖਣ ਦੇ ਲਈ ਮੁੱਖ ਸੱਜਣਾਂ ਦਾ, ਕਿਹੜਾ ਪੱਜ ਬਣਾਵਾਂ,
ਮਜਨੂੰ ਬਣ ਕੇ ਜਾਣਾ ਪੈਣਾ, ਓੜਕ ਲੈ ਕੇ ਕਾਸਾ ।
ਉਹ ਰੁੱਸੇ ਮੈਂ ਮਿੰਨਤਾਂ ਕਰ ਕਰ, ਤਰਲਿਆਂ ਨਾਲ ਮਨਾਵਾਂ,
ਮੈਂ ਰੁੱਸਾਂ 'ਤੇ ਇਕ ਵਾਰੀ ਵੀ, ਦਵੇ ਨਾ ਉਹ ਦਿਲਾਸਾ ।
ਕੋਈ ਦਰਦਾਂ ਮਾਰਾ ਰੋਵੇ, ਹੰਝੂ ਉਸ ਦੇ ਪੂੰਝਾਂ,
ਮੈਂ ਰੋਵਾਂ ਤੇ ਲੋਕਾਂ ਭਾਣੇਂ, ਬਣਾ ਬਖੇੜਾ ਹਾਸਾ ।
ਟੁੱਟਿਆ ਹੋਇਆ ਦਿਲ ਕੋਈ 'ਰਾਹਤ' ਅਪਣੇ ਨਾਲ ਜੁੜੇ ਤਾਂ,
ਹਸ ਕੇ ਉਹਦੀ ਝੋਲੀ ਪਾਵਾਂ, ਪਿਆਰ ਦਾ ਮਾਸਾ-ਮਾਸਾ ।
2. ਦਰਦਾਂ ਭਰਿਆ ਦਿਲ ਓਏ ਮੱਲਾ
ਦਰਦਾਂ ਭਰਿਆ ਦਿਲ ਓਏ ਮੱਲਾ ।
ਤੜਫੇ ਜਿਉਂ ਬਿਸਮਿਲ ਓਏ ਮੱਲਾ ।
ਵਿਛੜੇ ਆਂ 'ਤੇ ਵਿਛੜੇ ਰਹੀਏ,
ਲੋਕੀ ਲਾਉਂਦੇ ਟਿੱਲ ਓਏ ਮੱਲਾ ।
ਸ਼ੋਰ ਭਾਵੇਂ ਤੂਫ਼ਾਨੀ ਹੋਵੇ,
ਨਾਲ ਇਰਾਦੇ ਠਿੱਲ ਓਏ ਮੱਲਾ ।
ਜਜ਼ਬੇ ਹੋਣ ਜਵਾਨ ਜੇ ਅਪਣੇ,
ਮੰਜ਼ਲ ਜਾਂਦੀ ਮਿਲ ਓਏ ਮੱਲਾ ।
ਵੇਲਾ ਘੱਟ ਤੇ ਮੰਜ਼ਲ ਦੂਰ ਏ,
ਨਾ ਕਰ ਐਡੀ ਢਿੱਲ ਓਏ ਮੱਲਾ ।
ਅੱਖੀਆਂ ਦੇ ਵਿੱਚ ਸਾਵਣ ਭਾਦੋਂ,
ਡੁੱਬ ਡੁੱਬ ਜਾਵੇ ਦਿਲ ਓਏ ਮੱਲਾ ।
ਇਕ ਦੂਜੇ ਦੀ ਸੁਣੇ ਨਾ ਕੋਈ,
ਲੋਕ ਬੜੇ ਸੰਗ-ਦਿਲ ਓਏ ਮੱਲਾ ।
'ਰਾਹਤ' ਨੂੰ ਇਕ ਪਲ ਨਾ ਮਿਲਿਆ,
ਉੱਜੜ ਗਈ ਮਹਿਫ਼ਿਲ ਓਏ ਮੱਲਾ ।
(ਬਿਸਮਿਲ=ਜ਼ਖ਼ਮੀ,ਘਾਇਲ)
3. ਪਿਆਰ ਦੇ ਮੁੱਲੋਂ ਵੀ ਨਹੀਂ ਦਿੰਦੇ, ਸੁਖ ਧਰਤੀ ਦੇ ਲੋਕ
ਪਿਆਰ ਦੇ ਮੁੱਲੋਂ ਵੀ ਨਹੀਂ ਦਿੰਦੇ, ਸੁਖ ਧਰਤੀ ਦੇ ਲੋਕ ।
ਐਪਰ ਇਹ ਬੇਕਿਰਕ ਵੰਜਾਰੇ, ਦੁਖੜੇ ਦਿੰਦੇ ਥੋਕ ।
ਦਿਲ ਦੇ ਬੂਹੇ ਬਾਰੀਆਂ ਮੈਂ ਚਾ, ਘੁੱਟ ਘੁੱਟ ਕੀਤੇ ਬੰਦ,
ਬੰਨ੍ਹ ਮਾਰੇ ਪਰ ਅੱਖੀਆਂ ਵਾਲਾ, ਹੜ੍ਹ ਨਾ ਸਕਿਆ ਰੋਕ ।
ਪਵੇ ਤਰਾਟ ਕਲੇਜੇ ਦੇ ਵਿੱਚ, ਲੈਨਾਂ ਉੱਸਲ-ਵੱਟੇ,
ਯਾਦਾਂ ਇਉਂ ਪਈਆਂ ਫੱਟ ਲਾਵਣ, ਜਿਉਂ ਬਰਛੀ ਦੀ ਨੋਕ ।
ਕਿਧਰੇ ਕੋਈ ਨਾ ਸੱਜਣ ਦਿਸਦਾ, ਜਿਹੜਾ ਵੰਡੇ ਪੀੜ,
ਝੱਲਿਆਂ ਵਾਂਗਰ ਗਲੀਆਂ ਦੇ ਵਿੱਚ, ਦਿੰਦਾ ਫਿਰਨਾਂ ਹੋਕ ।
ਤਾਅਨੇ-ਮਿਹਣੇ ਲੋਕਾਂ ਨੇ ਤਾਂ, ਇੰਜ ਹੀ ਦੇਣੇ ਰੋਜ਼,
ਉੱਠ ਉਏ ਝੱਲਿਆ ਦਿਲਾ ਨਿਮਾਣਿਆਂ, ਚੱਲ ਸੱਜਣਾਂ ਦੀ ਝੋਕ ।
ਵਾਂਗ ਮੱਕੀ ਦੀਆਂ ਫੁੱਲੀਆਂ ਖ਼ੌਰੇ, ਖਿੜ ਪਏ ਤੇਰਾ ਪਿਆਰ,
ਤੂੰ ਰੀਝਾਂ ਦੀ ਭੱਠੀ ਹੇਠਾਂ, ਜਤਨ ਦਾ ਬਾਲਣ ਝੋਕ ।
'ਰਾਹਤ' ਫ਼ਜਰ ਦੀਆਂ ਤਾਂਘਾਂ ਵਿੱਚ, ਹੋਰ ਘੜੀ ਕੁ ਜਾਗ,
ਰਹਿੰਦੀ ਰਾਤ ਦੇ ਮੁਕਣ ਤਾਈਂ ਆਉਂਦੀ ਜਾਂਦੀ ਝੋਕ ।
4. ਦਿਲ ਦੀ ਧੜਕਣ ਵੱਧਦੀ ਵੱਧਦੀ, ਬੁੱਲ੍ਹੀਂ ਆਈ ਅਖ਼ੀਰ
ਦਿਲ ਦੀ ਧੜਕਣ ਵੱਧਦੀ ਵੱਧਦੀ, ਬੁੱਲ੍ਹੀਂ ਆਈ ਅਖ਼ੀਰ ।
ਸੋਚਾਂ ਦੇ ਵਿੱਚ ਤੇਰੀਆਂ ਯਾਦਾਂ, ਅੱਖੀਆਂ ਵਿੱਚ ਤਸਵੀਰ ।
ਅੱਖਾਂ ਦੇ ਵਿੱਚ ਅੱਖਾਂ ਪਾ ਕੇ, ਤੈਨੂੰ ਜਦ ਮੈਂ ਤੱਕਿਆ,
ਫੱਟੜ ਕਰ ਛੱਡਿਆ ਈ ਦਿਲ ਨੂੰ, ਲਾ ਨੈਣਾਂ ਦੇ ਤੀਰ ।
ਮੈਂ ਤੇ ਤੇਰੇ ਪਿਆਰ ਦੇ ਮੋਹ ਵਿੱਚ, ਜਿੰਦੜੀ ਦਿੱਤੀ ਡੋਬ,
ਤੂੰ ਤੇ ਮੇਰੀ ਅੱਖੀਉਂ ਵਗਦਾ, ਪੂੰਝ ਸਕੀ ਨਾ ਨੀਰ ।
ਤੇਰੇ ਹੁਸਨ ਦਾ ਹੜ੍ਹ ਤੱਕ ਕੇ, ਡੁੱਬ ਡੁੱਬ ਜਾਵੇ ਦਿਲ,
ਮੇਰੇ ਸੁਪਨੇ ਗੱਭਰੂ ਹੋਏ, ਕਰ ਕੋਈ ਤਦਬੀਰ ।
ਮੇਰੇ ਪਿਆਰ 'ਤੇ ਝੱਲੇ ਲੋਕੀ, ਐਵੇਂ ਖੱਲੀਆਂ ਪਾਣ,
ਡੂੰਘੇ ਹੈਣ ਸਮੁੰਦਰਾਂ ਕੋਲੋਂ, ਮੇਰੇ ਦਿਲ ਦੇ ਚੀਰ ।
ਦੁੱਖਾਂ ਨੂੰ ਸੀਨੇ ਨਾਲ ਲਾ ਕੇ, ਪਿਆਰ ਦੀ ਰੱਖ ਲਈ ਲਾਜ,
ਦਾਮਨ ਅਪਣਾ ਕਰ ਛੱਡਿਆ ਏ, 'ਰਾਹਤ' ਲੀਰੋ-ਲੀਰ ।
5. ਉਂਜ ਤੇ ਦਰਦੀ ਯਾਰ ਵਧੇਰੇ ਲੱਗਦੇ ਨੇ
ਉਂਜ ਤੇ ਦਰਦੀ ਯਾਰ ਵਧੇਰੇ ਲੱਗਦੇ ਨੇ ।
ਦੁਖੜੇ ਫਿਰ ਵੀ ਚਾਰ ਚੁਫ਼ੇਰੇ ਲੱਗਦੇ ਨੇ ।
ਚੌਧਵੀਂ ਰਾਤ ਦਾ ਚੰਦ ਤੇ ਕੰਢਾ ਰਾਵੀ ਦਾ,
ਇਹ ਤੇ ਸੁਪਨੇ ਤੇਰੇ ਮੇਰੇ ਲੱਗਦੇ ਨੇ ।
ਰੰਗਤ ਉੱਡੀ-ਉੱਡੀ ਲੱਗੇ ਫੁੱਲਾਂ ਦੀ,
ਬਾਗ਼ਾਂ ਦੇ ਵਿੱਚ ਵੜੇ ਫੁਲੇਰੇ ਲੱਗਦੇ ਨੇ ।
ਬੁੱਝੇ ਬੁੱਝੇ ਚਿਹਰੇ ਘੁੱਟੇ ਘੁੱਟੇ ਸਾਹ,
ਵਿੱਚ ਦਿਲਾਂ ਦੇ ਘੁੱਪ ਹਨੇਰੇ ਲੱਗਦੇ ਨੇ ।
ਤੇਰੇ ਘਰ ਦੀ 'ਸਰਦਲ' ਤੇ ਵੀ ਅੱਪੜ ਕੇ,
ਹਾਲੀ ਪੈਂਡੇ ਬਹੁਤ ਲਮੇਰੇ ਲੱਗਦੇ ਨੇ ।
ਇਸ ਬਸਤੀ ਦਾ ਹੁਣ ਤੇ ਰੱਬ ਈ ਰਾਖਾ ਏ,
ਏਥੇ ਰਾਖੇ ਆਪ ਲੁਟੇਰੇ ਲੱਗਦੇ ਨੇ ।
'ਰਾਹਤ' ਦਿਲ ਦਰਿਆ ਵਿੱਚ ਛੱਲਾਂ ਉੱਠੀਆਂ ਨੇ,
ਫੇਰ ਕਿਸੇ ਨੇ ਅੱਥਰੂ ਕੇਰੇ ਲੱਗਦੇ ਨੇ ।
|