ਪੰਜਾਬੀ ਗ਼ਜ਼ਲਾਂ ਇਮਰਾਨ ਸਲੀਮ
1. ਟੁਰ ਗਏ ਨੇ ਜੇ ਜਾਵਣ ਵਾਲੇ, ਕੀ ਕਰੀਏ
ਟੁਰ ਗਏ ਨੇ ਜੇ ਜਾਵਣ ਵਾਲੇ, ਕੀ ਕਰੀਏ ?
ਕਿਸਮਤ ਦੇ ਅੰਦਾਜ਼ ਨਿਰਾਲੇ, ਕੀ ਕਰੀਏ ?
ਸਾਰੇ ਘਰਾਂ ਨੂੰ ਜਿਨ੍ਹਾਂ ਰੌਸ਼ਨ ਕਰਨਾ ਨਹੀਂ,
ਏਹੋ ਜਿਹੇ ਮਜਬੂਰ ਉਜਾਲੇ, ਕੀ ਕਰੀਏ ?
ਇਕਲਾਪੇ ਨੇ ਰੂਹ ਵਿੱਚ ਡੇਰੇ ਲਾਏ ਨੇ,
ਰੌਲ਼ੇ ਨੇ ਜੇ ਆਲੇ ਦੁਆਲੇ, ਕੀ ਕਰੀਏ ?
ਸਾਡੇ ਤਾਂ ਸਭ ਜਜ਼ਬੇ ਪੱਥਰ ਹੋ ਗਏ ਨੇ,
ਸ਼ਾਮ, ਸਵੇਰੇ, ਧੁੱਪਾਂ, ਪਾਲੇ ਕੀ ਕਰੀਏ ?
ਖ਼ੌਰੇ ਕਿੰਨਾਂ ਪੰਧ ਅਜੇ ਤੱਕ ਬਾਕੀ ਏ,
ਪੈਰਾਂ ਦੇ ਵਿੱਚ ਪੈ ਗਏ ਛਾਲੇ, ਕੀ ਕਰੀਏ ?
ਸਾਡੀ ਪਿਆਸ ਤੇ ਹੋਰ ਵਧਾਈ ਬੱਦਲਾਂ ਨੇ,
ਭਰ ਗਏ ਨੇ ਜੇ ਦਰਿਆ ਨਾਲੇ ਕੀ ਕਰੀਏ ?
ਸਾਡੀ ਸਾਂਝ 'ਸਲੀਮ' ਜੀਹਦੇ ਨਾਲ ਪੈ ਗਈ ਏ,
ਜੇ ਉਹ ਸਾਡੀ ਪੱਗ ਉਛਾਲੇ, ਕੀ ਕਰੀਏ ?
2. ਕੁਝ ਸਹਿਰਾ ਆਬਾਦ ਕਰਨਗੇ, ਕੁਝ ਦੀਵਾਰਾਂ ਲੱਭਣਗੇ
ਕੁਝ ਸਹਿਰਾ ਆਬਾਦ ਕਰਨਗੇ, ਕੁਝ ਦੀਵਾਰਾਂ ਲੱਭਣਗੇ ।
ਇਹ ਬਸਤੀ ਜਦ ਉਜੜੇਗੀ, ਤਾਂ 'ਕੈਸ਼' ਹਜ਼ਾਰਾਂ ਲੱਭਣਗੇ ।
ਕਿੱਸਰਾਂ ਮੱਥਾ ਲਾਵਾਂਗੇ ਫਿਰ, ਵੇਲੇ ਦੇ ਮੁਖ਼ਤਾਰਾਂ ਨਾਲ ?
ਖ਼ੌਫ਼ ਦੇ ਪਾਰੋਂ ਸਾਡੇ ਜਜ਼ਬੇ, ਜੇ ਕਰ ਗ਼ਾਰਾਂ ਲੱਭਣਗੇ ।
ਗਿਣੇ-ਚੁਣੇ ਕੁਝ ਲਫ਼ਜ਼ਾਂ ਤੱਕ, ਮਹਿਦੂਦ ਕਰੋ ਨਾ ਸੋਚਾਂ ਨੂੰ,
ਨਵੀਆਂ ਬਹਿਰਾਂ ਲੱਭੋਗੇ ਤੇ, ਲਫ਼ਜ਼ ਹਜ਼ਾਰਾਂ ਲੱਭਣਗੇ ।
ਮੇਰੀ ਸੋਚ ਦੇ ਪਾਗਲ ਪੰਛੀ, ਜਾਵਣਗੇ ਜਿਸ ਪਾਸੇ ਵੀ,
ਮਸਤ-ਫ਼ਿਜ਼ਾਵਾਂ, ਸ਼ੋਖ਼-ਹਵਾਵਾਂ ਤੇ ਮਹਿਕਾਰਾਂ ਲੱਭਣਗੇ ।
ਏਹੋ ਜਿਹਾ ਵੀ ਦੌਰ ਆਏਗਾ, ਦੁਨੀਆਂ ਦੇ ਇਨਸਾਨਾਂ 'ਤੇ,
ਸਿਰ ਧਰਤੀ 'ਤੇ ਡਿਗੇ ਹੋਣਗੇ, ਪਰ ਦਸਤਾਰਾਂ ਲੱਭਣਗੇ ।
ਅੰਬਰਾਂ ਦੇ ਵਸਨੀਕ ਜੇ ਆਵਣ, ਧਰਤੀ ’ਤੇ ਇਕ ਵਾਰ 'ਸਲੀਮ'
ਟੁੱਕਣ ਮਾਰਨ ਦੇ ਲਈ ਉਹ ਵੀ, ਬੱਸ ਦੀਵਾਰਾਂ ਲੱਭਣਗੇ ।
3. ਮੰਜ਼ਲ ਤੀਕਰ ਪੁੱਜਦਾ ਏ ਬੱਸ, ਓਹੋ ਸ਼ਖਸ ਵੱਕਾਰ ਦੇ ਨਾਲ
ਮੰਜ਼ਲ ਤੀਕਰ ਪੁੱਜਦਾ ਏ ਬੱਸ, ਓਹੋ ਸ਼ਖਸ ਵੱਕਾਰ ਦੇ ਨਾਲ ।
ਕਦਮ ਮਿਲਾ ਕੇ ਚਲਦਾ ਏ ਜੋ, ਵੇਲੇ ਦੀ ਰਫ਼ਤਾਰ ਦੇ ਨਾਲ ।
ਉਹਦੇ ਚਾਰ-ਚੁਫ਼ੇਰੇ ਓੜਕ, ਵੱਸਣਾ ਏ ਤਨਹਾਈ ਨੇ,
ਨਿੱਤ ਲਕੀਰਾਂ 'ਲੀਕਦਾ ਹੈ ਜੋ, ਨਫ਼ਰਤ ਦੀ ਪ੍ਰਕਾਰ ਦੇ ਨਾਲ ।
ਤੂੰ ਵੀ ਜੇਕਰ ਮੇਰੇ ਵਾਂਗੂੰ, ਪੁਤਲਾ ਏਂ ਮਜਬੂਰੀ ਦਾ,
ਆ ਜਾ ਮਿਲਕੇ ਦਰਦ ਵੰਡਾਈਏ, ਇੱਕ-ਦੂਜੇ ਦਾ ਪਿਆਰ ਦੇ ਨਾਲ ।
ਡਰਨਾ ਕਿਧਰੇ ਖੁੱਸ ਨਾ ਜਾਵੇ, ਮੇਰੀ ਅੱਖ ਤੋਂ ਚਾਨਣ ਵੀ,
ਗੱਲ ਕਰਾਂ ਜੇ ਅੱਖ ਮਿਲਾਕੇ, ਤੇਰੇ ਜਿਹੇ ਮੱਕਾਰ ਦੇ ਨਾਲ ।
ਅੱਜ-ਕਲ੍ਹ ਮੇਰਾ ਨਾਂ ਸੁਣ ਕੇ ਵੀ, ਮੱਥੇ 'ਤੇ ਵੱਟ ਪਾਉਂਦਾ ਏ,
ਜਿਸ ਦਾ ਹਰ ਸੁਖ ਵਾਬਸਤਾ ਸੀ, ਮੇਰੇ ਈ ਦੀਦਾਰ ਦੇ ਨਾਲ ।
ਡੁੱਬ ਜਾਣਾ ਈ ਲਿਕਿਆ ਸੀ ਬੱਸ, ਮੇਰਿਆਂ ਕਰਮਾਂ ਵਿੱਚ 'ਸਲੀਮ',
ਐਵੇਂ ਤੇ ਨਹੀਂ ਰਿਸ਼ਤਾ ਟੁੱਟਿਆ, ਕਿਸ਼ਤੀ ਦਾ ਪਤਵਾਰ ਦੇ ਨਾਲ ।
4. ਹਰ ਸ਼ੈ ਪੀਲੀ-ਪੀਲੀ ਜਾਪੇ, ਸੋਕੇ ਪਈ ਹਰਿਆਲੀ
ਹਰ ਸ਼ੈ ਪੀਲੀ-ਪੀਲੀ ਜਾਪੇ, ਸੋਕੇ ਪਈ ਹਰਿਆਲੀ ।
ਦੁੱਖਾਂ ਵਾਲਾ ਪੰਧ ਨਹੀਂ ਮੁੱਕਿਆ, ਜਿੰਦੜੀ ਮੁੱਕਣ ਵਾਲੀ ਏ ।
ਤੇਰੇ ਸ਼ਹਿਰ ਤਾਂ ਚੱਲ ਨਹੀਂ ਸਕਣਾ, ਮੇਰੇ ਸੱਚ ਦੇ ਸਿੱਕੇ ਨੇ,
ਏਥੇ ਸਿੱਕਾ ਉਹ ਚੱਲਦਾ ਏ, ਝੂਠ ਜਿਹਦੀ ਕੁਠਿਆਲੀ ਏ ।
ਨਾ ਮੈਂ ਤੇਰੇ ਖ਼ੌਫ਼ ਦਾ ਕੈਦੀ, ਨਾ ਤੂੰ ਮੇਰਾ ਮੁਹਸਿਨ ਏਂ,
ਤੇਰੇ ਕੋਲੋਂ ਮੈਂ ਡਰਨਾ ਵਾਂ, ਤੇਰੀ ਖ਼ਾਮ-ਖ਼ਿਆਲੀ ਏ ।
ਪਹਿਲਾਂ ਵਰਗੀ ਯਾਰੀ ਕਿੱਥੇ, ਗ਼ਰਜ਼ਾਂ ਦੇ ਇਸ ਦੌਰ ਦੇ ਵਿੱਚ,
ਵੇਲੇ ਸਿਰ ਜੋ ਕੰਮ ਆ ਜਾਵੇ, ਬੱਸ ਉਹ ਯਾਰ ਮਿਸਾਲੀ ਏ ।
ਉਮਰ-ਕਿਤਾਬ ਦੇ ਬਾਕੀ ਵਰਕੇ ਇੱਕ ਇੱਕ ਥਾਂ ਤੋਂ ਭਰ ਗਏ ਨੇ,
ਸਿਰਫ਼ ਖ਼ਲੂਸ-ਵਫ਼ਾ ਦਾ ਵਰਕਾ, ਹਰ ਇੱਕ ਥਾਂ ਤੋਂ ਖ਼ਾਲੀ ਏ ।
ਏਸੇ ਤੋਂ ਅੰਦਾਜ਼ਾ ਲਾ ਲੈ, ਅਪਣੇ ਸ਼ਾਤਰ-ਪਣ ਦਾ ਤੂੰ,
ਮੇਰਾ ਸੱਜਣ ਬਣ ਕੇ ਵੀ ਤੂੰ, ਮੇਰੀ ਪੱਗ ਉਛਾਲੀ ਏ ।
ਪਰ੍ਹਿਆ ਦਾ ਪਰਧਾਨ 'ਸਲੀਮ' ਉਹ ਬਣਿਆ ਏ, ਰੱਬ ਖ਼ੈਰ ਕਰੇ,
ਜੋ ਇਨਸਾਫ਼ ਨਾ ਉੱਕਾ ਜਾਣੇ, ਜੋ ਅਹਿਸਾਸ ਤੋਂ ਖ਼ਾਲੀ ਏ ।
5. ਦੁਖ ਤੇ ਸੁਖ ਦਾ ਹਰ ਇੱਕ ਝਗੜਾ ਮੁੱਕ ਜਾਂਦਾ ਏ
ਦੁਖ ਤੇ ਸੁਖ ਦਾ ਹਰ ਇੱਕ ਝਗੜਾ ਮੁੱਕ ਜਾਂਦਾ ਏ ।
ਖ਼ੂੰਨ ਜਦੋਂ ਸ਼ਰਿਆਨਾਂ ਅੰਦਰ ਸੁੱਕ ਜਾਂਦਾ ਏ ।
ਜਿਸ ਨੂੰ ਦੀਮਕ ਖ਼ੁਦ-ਗ਼ਰਜ਼ੀ ਦੀ ਲੱਗ ਜਾਂਦੀ ਏ,
ਉਹਦੇ ਦਿਲ 'ਚੋਂ ਪਿਆਰ ਤੇ ਉੱਕਾ ਮੁੱਕ ਜਾਂਦਾ ਏ ।
ਤੇਰੇ ਬਾਝੋਂ ਮੇਰਾ ਹਾਲ ਵੀ ਇੱਸਰਾਂ ਹੁੰਦਾ,
ਬਿਨ ਮਾਲੀ ਦੇ ਬੂਟਾ ਜਿੱਸਰਾਂ ਸੁੱਕ ਜਾਂਦਾ ਏ ।
ਉਹਦੇ ਵਿਛੜਨ ਦਾ ਮੈਂ ਸ਼ਿਕਵਾ ਕਰਦਾ ਕਿੱਸਰਾਂ,
ਨ੍ਹੇਰੇ ਵਿੱਚ ਪਰਛਾਵਾਂ ਤੀਕਰ ਲੁਕ ਜਾਂਦਾ ਏ ।
ਉਸ ਤੋਂ ਅੱਗੇ ਖ਼ੌਰੇ ਕੀ ਕੀ ਮੰਨਜ਼ਰ ਹੋਵਣ ?
ਸੋਚ ਦਾ ਪੰਛੀ ਜਿਹੜੀ ਥਾਂ 'ਤੇ ਰੁਕ ਜਾਂਦਾ ਏ ।
ਲੱਗਦਾ ਏ ਇਕ ਐਸਾ ਵੀ ਦੁਖ ਹਰ ਬੰਦੇ ਨੂੰ,
ਜਿਹੜਾ ਉਹਦੀਆਂ ਸਾਹਵਾਂ ਨੂੰ ਹੀ ਟੁੱਕ ਜਾਂਦਾ ਏ ।
ਡਿਗਦਾ ਏ ਸਿਰ ਪਗੜੀ ਨਾਲ 'ਸਲੀਮ' ਉਸੇ ਦਾ,
ਜਿਹੜਾ ਅੱਜ-ਕੱਲ੍ਹ ਹੱਦ ਤੋਂ ਬਹੁਤਾ ਝੁਕ ਜਾਂਦਾ ਏ ।
|