ਪੰਜਾਬੀ ਗ਼ਜ਼ਲਾਂ ਇਕਰਾਮ ਮਜੀਦ
1. ਚੰਨ ਦੇ ਚਾਨਣ ਹੱਥੋਂ ਸੜਦੀ, ਏਦਾਂ ਜਿੰਦ ਅਸੀਰਾਂ ਦੀ
ਚੰਨ ਦੇ ਚਾਨਣ ਹੱਥੋਂ ਸੜਦੀ, ਏਦਾਂ ਜਿੰਦ ਅਸੀਰਾਂ ਦੀ ।
ਜੀਵੇਂ ਸੁੱਕੇ ਕੱਖਾਂ ਉੱਪਰ, ਬਾਰਸ਼ ਬਲਦਿਆਂ ਤੀਰਾਂ ਦੀ ।
ਰੂਹਾਂ ਉਪਰ ਜਬਰ ਨਹੀਂ ਹੁੰਦਾ, ਸੋਚ ਤੇ ਪਹਿਰਾ ਲੱਗਦਾ ਨਈਂ,
ਜਿਸਮਾਂ ਤਾਈਂ ਰਹਿਣੀ ਹੈ ਬੱਸ, ਚੋਭ ਇਨ੍ਹਾਂ ਜ਼ੰਜ਼ੀਰਾਂ ਦੀ ।
ਵੇਲੇ ਕੱਢੇ ਮਿੱਟੀ ਹੇਠੋਂ, ਦਰਦ, ਪਰਾਏ ਸ਼ਹਿਰਾਂ ਦੇ,
ਕੂਕ ਸੁਣਾਂ ਮੈਂ ਪੱਥਰ ਵਿੱਚੋਂ, ਝਾਕਦੀਆਂ ਤਹਿਰੀਰਾਂ ਦੀ ।
ਸਾਦ-ਮੁਰਾਦੇ ਚਿਹਰੇ ਚੰਗੇ ਲਗਦੇ, ਨਹੀਉਂ ਲੋਕਾਂ ਨੂੰ,
ਅੱਜ ਕੱਲ੍ਹ ਚੜ੍ਹਤ ਏ ਸ਼ਹਿਰਾਂ ਦੇ ਵਿੱਚ, ਰਾਂਗਲੀਆਂ ਤਸਵੀਰਾਂ ਦੀ ।
ਪੱਥਰ ਵਰਗੇ ਸੂਰਜ ਕੋਲੋਂ, ਦਰਦੀ ਨ੍ਹੇਰਾ ਚੰਗਾ ਏ,
ਸਾਡੇ ਚਿੱਟੇ ਦਿਲ ਤੋਂ ਸੋਹਣੀ, ਕਾਲੀ ਰਾਤ ਫ਼ਕੀਰਾਂ ਦੀ ।
ਕੁੱਝ ਕਹੀਆਂ ਅਣਕਹੀਆਂ ਗੱਲਾਂ, ਵਿਰਸਾ ਵਿਛੜੇ ਵੇਲੇ ਦਾ,
ਕੁੱਝ ਯਾਦਾਂ ਦੀ ਸਾਂਭ ਤੇ ਸਾਰੀ ਪੂੰਜੀ ਏ ਦਲਗੀਰਾਂ ਦੀ ।
2. ਰੰਗ ਵੀ ਉਹਦੇ ਕੋਲ ਬੜੇ ਨੇ, ਖ਼ੁਸ਼ਬੂਆਂ ਵੀ ਬੜੀਆਂ
ਰੰਗ ਵੀ ਉਹਦੇ ਕੋਲ ਬੜੇ ਨੇ, ਖ਼ੁਸ਼ਬੂਆਂ ਵੀ ਬੜੀਆਂ ।
ਖ਼ੌਰੇ ਉਹਦੇ ਅੰਦਰ ਕਿੱਥੋਂ ਆਣ ਬਹਾਰਾਂ ਤੜੀਆਂ ।
ਮੈਂ ਉਹ ਛੱਤ ਵਾਂ ਜਿਹਦੀਆਂ ਕੰਧਾਂ, ਡਿੱਗਣ ਦੀ ਰਾਹ ਲੱਭਣ,
ਸਿਉਂਕ ਨੇ ਮਿੱਟੀ ਕਰ ਦਿੱਤੀਆਂ ਨੇ, ਮੇਰੀਆਂ ਸੱਭੇ ਕੜੀਆਂ ।
ਸੌ ਚਿੜੀਆਂ ਨੇ ਪਾ ਰੱਖੇ ਨੇ, ਆਲ੍ਹਣੇ ਇਕ ਰੁੱਖ ਉੱਤੇ,
ਪਰ ਇਹ ਚਿੜੀਆਂ ਆਪਸ ਦੇ ਵਿੱਚ, ਕਦੇ ਵੀ ਨਹੀਂਉਂ ਲੜੀਆਂ ।
ਧਰਤੀ ਦੇ ਦੁੱਖ ਵਧਦੇ ਜਾਂਦੇ, ਜਿਉਂ ਜਿਉਂ ਵੇਲਾ ਲੰਘੇ,
ਥਾਂ ਥਾਂ ਅੱਗਾਂ ਲਾਈ ਜਾਵਣ, ਸਾਡੀਆਂ ਝੂਠੀਆਂ ਅੜੀਆਂ ।
ਦੁਸ਼ਮਣ ਦਾ ਮੈਂ ਵਾਰ ਕਦੇ ਵੀ, ਸਿਰ ਤਕ ਆਉਣ ਨਾ ਦਿੰਦਾ,
ਮੇਰੇ ਸੱਜਣਾਂ ਆ ਕੇ ਪਿੱਛੋਂ ਮੇਰੀਆਂ ਬਾਹਾਂ ਫੜੀਆਂ ।
ਰਾਤੀਂ ਕਾਫ਼ੀ ਸ਼ੋਰ ਪਿਆ ਜਿਸ ਵੇਲੇ ਚੋਰਾਂ ਵਾਂਗੂੰ,
ਦਿਲ ਦੇ ਵਿਹੜੇ ਭੁੱਲੀਆਂ ਚੁੱਕੀਆਂ, ਕੁੱਝ ਯਾਦਾਂ ਆ ਵੜੀਆਂ ।
ਸਦੀਆਂ ਦੇ ਇਹ ਪਏ ਪਵਾੜੇ, ਸਦੀਆਂ ਦੇ ਇਹ ਰੋਣੇਂ,
ਤੂੰ ਇੱਥੇ ਕੀ ਕਰ ਸਕਣਾ ਏਂ, ਤੂੰ ਏਥੇ ਦੋ ਘੜੀਆਂ ।
3. ਫ਼ਨ ਦੀ ਖ਼ਿਦਮਤ ਇੰਜ ਲਿਖਾਰੀ ਕਰਦੇ ਨੇ
ਫ਼ਨ ਦੀ ਖ਼ਿਦਮਤ ਇੰਜ ਲਿਖਾਰੀ ਕਰਦੇ ਨੇ ।
ਲਿਖਤਾਂ ਅੰਦਰ ਖ਼ੂਨ ਜਿਗਰ ਦਾ ਭਰਦੇ ਨੇ ।
ਕਾਲੇ ਬੱਦਲ ਲੰਘ ਜਾਂਦੇ ਨੇ ਸ਼ਹਿਰਾਂ ਤੋਂ,
ਦਰਿਆਵਾਂ ਦੇ ਉੱਤੇ ਜਾ ਕੇ ਵਰ੍ਹਦੇ ਨੇ ।
ਹੋ ਜਾਂਦੀ ਏ ਨਵੇਂ ਖ਼ਿਆਲਾਂ ਦੀ ਤਖ਼ਲੀਕ,
ਜ਼ਹਿਨ ਜਦੋਂ ਵੀ ਸੋਚ ਸਮੁੰਦਰ ਤਰਦੇ ਨੇ ।
ਸੜਕਾਂ ਉੱਪਰ ਏਸ ਤਰਾਂ ਦਾ ਰੌਲਾ ਏ,
ਲੋਕ ਘਰਾਂ ਦੇ ਅੰਦਰ ਬੈਠੇ ਡਰਦੇ ਨੇ ।
ਅਣਡਿੱਠਾ ਇਕ ਖ਼ੌਫ਼ ਰਗਾਂ ਵਿੱਚ ਫਿਰਦਾ ਏ,
ਕਹਿਰ ਦੀਆਂ ਧੁੱਪਾਂ ਨੇ ਜੁੱਸੇ ਠਰਦੇ ਨੇ ।
4. ਇਹ ਕਿੱਦਾਂ ਦੇ ਮੌਸਮ ਸਾਡੇ, ਸ਼ਹਿਰਾਂ ਦੇ ਵਿੱਚ ਆਏ ਨੇ
ਇਹ ਕਿੱਦਾਂ ਦੇ ਮੌਸਮ ਸਾਡੇ, ਸ਼ਹਿਰਾਂ ਦੇ ਵਿੱਚ ਆਏ ਨੇ ।
ਕਿਧਰੇ ਧੁੱਪਾਂ ਅੱਗਾਂ ਲਾਵਣ, ਕਿਧਰੇ ਬੱਦਲ ਛਾਏ ਨੇ ।
ਸਭਨਾਂ ਦੇ ਦਿਲ ਅੰਦਰ ਲੱਗਿਆ, ਢੇਰ ਹਵਸ ਦੇ ਕੂੜੇ ਦਾ,
ਸਭਨੇ ਅਪਣੀ ਬੁੱਕਲ ਦੇ ਵਿੱਚ, ਜ਼ਹਿਰੀ ਸੱਪ ਲੁਕਾਏ ਨੇ ।
ਮਾਰੇ ਹੋਣਗੇ ਇਹਨੇ ਪੱਥਰ, ਜਦ ਉਹ ਜਿਉਂਦਾ ਹੋਵੇਗਾ,
ਜੀਨ੍ਹੇ ਉਹਦੀ ਕਬਰ ਤੇ ਆ ਕੇ, ਯਾਰਾ ਫੁੱਲ ਝੜ੍ਹਾਏ ਨੇ ।
ਰੜੇ ਮਦਾਨਾਂ ਦੇ ਵਸਨੀਕਾਂ ਤੇ ਲੱਭਣਾਂ ਸੀ ਪਾਣੀ ਨੂੰ,
ਨਾਲ ਸਮੁੰਦਰ ਸਾਂਝਾਂ ਰੱਖਣ ਵਾਲੇ ਵੀ ਤ੍ਰਿਹਾਏ ਨੇ ।
ਫ਼ਜਰਾਂ ਤੀਕਰ ਘੁੱਪ ਹਨੇਰੇ ਦੇ ਵਿੱਚ ਫਿਰਦੇ ਰਹਿਨੇ ਆਂ,
ਕਾਲੀਆਂ ਰਾਤਾਂ ਦੇ ਜਗਰਾਤੇ ਸਾਡੇ ਹਿੱਸੇ ਆਏ ਨੇ ।
5. ਕੁੰਡਲ ਉਹਦੇ ਵਾਲਾਂ ਦੇ
ਕੁੰਡਲ ਉਹਦੇ ਵਾਲਾਂ ਦੇ ।
ਫਿਰਦੇ ਵਿੱਚ ਖ਼ਿਆਲਾਂ ਦੇ ।
ਰਸਤੇ ਵਿੱਚ ਖਲੋਤੇ ਆਂ,
ਪਿਛਲੇ ਕਈਆਂ ਸਾਲਾਂ ਦੇ ।
ਗੁੰਝਲ ਦਾਰ ਏ ਤੇਰੀ ਗੱਲ,
ਹਾਲੇ ਹੋਰ ਮਸ਼ਾਲਾਂ ਦੇ ।
ਚਿਹਰੇ ਪੀਲੇ ਪੀਲੇ ਨੇ,
ਕਾਹਤੋਂ ਜੰਮਦੇ ਬਾਲਾਂ ਦੇ ।
ਆਦੀ ਇੰਜ ਨਾ ਹੋ ਜਾਈਏ,
ਕਿਧਰੇ ਅਸੀਂ ਭੁਚਾਲਾਂ ਦੇ ।
ਅੱਗ ਵਰ੍ਹਾਉਂਦੇ ਆਏ ਨੇ,
ਸੂਰਜ ਨਵੇਂ ਕਮਾਲਾਂ ਦੇ ।
ਨ੍ਹੇਰਾ ਵਿਹੜੇ ਆ ਵੜਿਆ,
ਹੁਣ ਤੇ ਬਾਲ ਮਸ਼ਾਲਾਂ ਦੇ ।
6. ਰੁੱਤ ਬਦਲੀ ਤੇ 'ਵਾ ਦੀ ਕੁੱਛੜ, ਚੜ੍ਹ ਗਈਆਂ ਖ਼ੁਸ਼ਬੂਆਂ
ਰੁੱਤ ਬਦਲੀ ਤੇ 'ਵਾ ਦੀ ਕੁੱਛੜ, ਚੜ੍ਹ ਗਈਆਂ ਖ਼ੁਸ਼ਬੂਆਂ ।
ਨਵੇਂ ਸਫ਼ਰ ਦੇ ਸੁਪਨੇ ਦੇਖਣ, ਲੱਗ ਪਈਆਂ ਖ਼ੁਸ਼ਬੂਆਂ ।
ਏਸ ਤਰ੍ਹਾਂ ਦਾ ਸੂਰਜ ਚੜ੍ਹਿਆ, ਹਰੇ ਭਰੇ ਰੁੱਖ ਸੁੱਕੇ,
ਆ ਗਏ ਮੌਸਮ ਤੱਤ-ਭੜੱਤੇ, ਹੁਣ ਗਈਆਂ ਖ਼ੁਸ਼ਬੂਆਂ ।
ਓੜਕ ਘਰ ਨੂੰ ਮੁੜਨਾਂ ਪੈਣਾਂ, ਘਰ ਵਰਗਾ ਸੁੱਖ ਕਿੱਥੇ,
ਸਫ਼ਰਾਂ ਦੇ ਵਿੱਚ ਕਦੇ ਨਾ ਲੱਭਣ, ਘਰ ਜਿਹੀਆਂ ਖ਼ੁਸ਼ਬੂਆਂ ।
ਯਾਦਾਂ ਡੇਰੇ ਲਾਈ ਰੱਖੇ, ਦਿਲ ਦੇ ਆਲ ਦੁਆਲੇ,
ਰਾਤੀਂ ਸਾਡੇ ਨੇੜੇ ਤੇੜੇ, ਈ ਰਹੀਆਂ ਖ਼ੁਸ਼ਬੂਆਂ ।
ਬਾਗ਼ ਦਿਲਾਂ ਦੇ ਏਦਾਂ ਉੱਜੜੇ, ਦਰਦ ਵਿਛੋੜੇ ਹੱਥੋਂ,
ਜਿਸਮਾਂ ਦੇ ਰੰਗ ਫਿੱਕੇ ਪੈ ਗਏ, ਉੱਡ ਗਈਆਂ ਖ਼ੁਸ਼ਬੂਆਂ ।
|