ਗੀਤ ਉਧਾਰਾ ਹੋਰ ਦਿਉ ਸ਼ਿਵ ਕੁਮਾਰ ਬਟਾਲਵੀ
ਗੀਤ ਉਧਾਰਾ ਹੋਰ ਦਿਉ
ਸਾਨੂੰ ਪ੍ਰਭੂ ਜੀ
ਇਕ ਅੱਧ ਗੀਤ ਉਧਾਰਾ ਹੋਰ ਦਿਉ
ਸਾਡੀ ਬੁਝਦੀ ਜਾਂਦੀ ਅੱਗ
ਅੰਗਾਰਾ ਹੋਰ ਦਿਉ
ਮੈਂ ਨਿੱਕੀ ਉਮਰੇ ਸਾਰਾ ਦਰਦ
ਹੰਢਾ ਬੈਠਾਂ
ਸਾਡੀ ਜੋਬਨ ਰੁੱਤ ਲਈ
ਦਰਦ ਕੁਆਰਾ ਹੋਰ ਦਿਉ
ਗੀਤ ਦਿਉ ਮੇਰੇ ਜੋਬਨ ਵਰਗਾ
ਸਉਲਾ ਟੂਣੇ-ਹਾਰਾ
ਦਿਨ ਚੜ੍ਹਦੇ ਦੀ ਲਾਲੀ ਦਾ ਜਿਉਂ
ਭਰ ਸਰਵਰ ਲਿਸ਼ਕਾਰਾ
ਰੁੱਖ-ਵਿਹੂਣੇ ਥਲ ਵਿੱਚ ਜੀਕਣ
ਪਹਿਲਾ ਸੰਝ ਦਾ ਤਾਰਾ
ਸੰਝ ਹੋਈ ਸਾਡੇ ਵੀ ਥਲ ਥੀਂ
ਇਕ ਅੱਧ ਤਾਰਾ ਹੋਰ ਦਿਉ
ਜਾਂ ਸਾਨੂੰ ਵੀ ਲਾਲੀ ਵਾਕਣ
ਭਰ ਸਰਵਰ ਵਿਚ ਖੋਰ ਦਿਉ
ਪ੍ਰਭ ਜੀ ਦਿਹੁੰ ਬਿਨ ਮੀਤ ਤਾਂ ਬੀਤੇ
ਗੀਤ ਬਿਨਾਂ ਨਾ ਬੀਤੇ
ਅਉਧ ਹੰਢਾਣੀ ਹਰ ਕੋਈ ਜਾਣੇ
ਦਰਦ ਨਸੀਬੀਂ ਸੀਤੇ
ਹਰ ਪੱਤਣ ਦੇ ਪਾਣੀ ਪ੍ਰਭ ਜੀ
ਕਿਹੜੇ ਮਿਰਗਾਂ ਪੀਤੇ
ਸਾਡੇ ਵੀ ਪੱਤਣਾਂ ਦੇ ਪਾਣੀ
ਅਣਪੀਤੇ ਹੀ ਰੋੜ੍ਹ ਦਿਉ
ਜਾਂ ਜੋ ਗੀਤ ਲਿਖਾਏ ਸਾਥੋਂ
ਉਹ ਵੀ ਪ੍ਰਭ ਜੀ ਮੋੜ ਦਿਉ
ਪ੍ਰਭ ਜੀ ਰੂਪ ਨਾ ਕਦੇ ਸਲਾਹੀਏ
ਜਿਹੜਾ ਅੱਗ ਤੋਂ ਊਣਾ
ਉਸ ਅੱਖ ਦੀ ਸਿਫ਼ਤ ਨਾ ਕਰੀਏ
ਜਿਸ ਦਾ ਹੰਝ ਅਲੂਣਾ
ਦਰਦ ਵਿਛੁੰਨਾ ਗੀਤ ਨਾ ਕਹੀਏ
ਬੋਲ ਜੋ ਸਾਡਾ ਮਹਿਕ-ਵਿਹੂਣਾ
ਤਾਂ ਡਾਲੀ ਤੋਂ ਤੋੜ ਦਿਉ
ਜਾਂ ਸਾਨੂੰ ਸਾਡੇ ਜੋਬਨ ਵਰਗਾ
ਗੀਤ ਉਧਾਰਾ ਹੋਰ ਦਿਉ
ਮੈਂ ਨਿੱਕੀ ਉਮਰੇ ਸਾਰਾ ਦਰਦ
ਹੰਢਾ ਬੈਠਾਂ
ਸਾਡੀ ਜੋਬਨ ਰੁੱਤ ਲਈ
ਦਰਦ ਕੁਆਰਾ ਹੋਰ ਦਿਉ