ਪੰਜਾਬੀ ਕਲਾਮ/ਗ਼ਜ਼ਲਾਂ ਹਮਾਯੂੰ ਪਰਵੇਜ਼ ਸ਼ਾਹਿਦ
1. ਪਤਝੜਾਂ ਦਾ ਮੌਸਮ ਹੁਣ ਤੇ ਜਾਣ ਦਿਉ
ਪਤਝੜਾਂ ਦਾ ਮੌਸਮ ਹੁਣ ਤੇ ਜਾਣ ਦਿਉ।
ਖ਼ੁਸ਼ਬੁਆਂ ਦਾ ਬੁੱਲਾ ਕਿਧਰੋਂ ਆਣ ਦਿਉ।
ਤਾਸ਼ ਦਾ ਇਕ ਇਕ ਪੱਤਾ ਮੈਂ ਅਜ਼ਮਾਉਣਾਂ ਏਂ,
ਬਾਜ਼ੀ ਜੇ ਕਰ ਹਰਦੀ ਏ ਹਰ ਜਾਣ ਦਿਉ ।
ਬੇਹਿਸ ਲੋਕਾਂ ਭਾਵੇਂ ਵਾਜ਼ ਨਹੀਂ ਸੁਣਨੀ,
ਇਕ ਵਾਰੀ ਤੇ ਬੂਹੇ ਨੂੰ ਖੜਕਾਣ ਦਿਉ।
ਜਿਹੜੀਆਂ ਫ਼ਸਲਾਂ ਪੱਕਣਾ ਉਹਨਾਂ ਪਕਣਾ ਈਂ ਏਂ,
ਜੋ ਤੂਫ਼ਾਨ ਵੀ ਆਉਂਦਾ ਏ ਤੇ ਆਣ ਦਿਉ।
ਮੈਨੂੰ ਪਿਆਰ ਬਥੇਰੇ ਲੋਕੀ ਕਰਦੇ ਨੇ,
'ਕੱਲਿਆਂ ਬਹਿਕੇ ਮੈਨੂੰ ਦਿਲ ਪਰਚਾਣ ਦਿਉ।
ਕੋਈ ਨਾ ਕੋਈ ਤੇ ਸਭ ਨੂੰ ਚਸਕਾ ਲੱਗਾ ਏ,
'ਸ਼ਾਹਿਦ' ਨੂੰ ਲਹਿਜੇ ਦਾ ਚਸਕਾ ਲਾਣ ਦਿਉ।
2. ਪੈਰ ਪੈਰ 'ਤੇ ਸੂਲੀ ਤੇ ਲਟਕਾਂਦੇ ਨੇ
ਪੈਰ ਪੈਰ 'ਤੇ ਸੂਲੀ ਤੇ ਲਟਕਾਂਦੇ ਨੇ।
ਲੋਕੀ ਮੈਨੂੰ ਘੜੀ ਮੁੜੀ ਅਜ਼ਮਾਂਦੇ ਨੇ।
ਅੰਦਰੋਂ ਜ਼ੇਕਰ ਬੰਦਿਆਂ ਨੂੰ ਘੁਣ ਲੱਗਾ ਏ,
ਬਾਹਰੋਂ ਅਪਣੇ ਚਿਹਰੇ ਕਿਉਂ ਲਿਸ਼ਕਾਂਦੇ ਨੇ।
ਨੀਂਹਾਂ ਏਥੇ ਜਿਨ੍ਹਾਂ ਦੀਆਂ ਨਾ ਪੱਕੀਆਂ ਹੋਣ,
ਉਹ ਕੋਠੇ ਬਰਸਾਤਾਂ ਵਿਚ ਢਹਿ ਜਾਂਦੇ ਨੇ।
ਉਹਨਾਂ ਦੇ ਹਰਿਆਂ ਹੋਵਣ ਦੀ ਆਸ ਨਾ ਰੱਖ,
ਜਿਹੜੇ ਬੂਟੇ ਇਕ ਵਾਰੀ ਸੁਕ ਜਾਂਦੇ ਨੇ।
ਸੱਚ ਦਾ ਸੂਰਜ ਇਕ ਨਾ ਇਕ ਦਿਨ ਚਮਕੇਗਾ,
'ਸ਼ਾਹਿਦ' ਹੋਰੀਂ ਐਵੇਂ ਪਏ ਘਬਰਾਂਦੇ ਨੇ।
|