ਹੀਰ-ਰਾਂਝਾ ਲੋਕ ਕਾਵਿ ਵਿੱਚ
1
ਹੀਰ ਜੰਮੀ ਸੀ ਝੰਗ ਸਿਆਲੀਂ
ਰਾਂਝਾ ਤਖ਼ਤ ਹਜ਼ਾਰੇ
ਦੁਖੀਏ ਆਸ਼ਕ ਨੂੰ
ਨਾ ਝਿੜਕੀਂ ਮੁਟਿਆਰੇ
2
ਕੁੜੀਏ ਨੀ ਧਨੀਆਂ ਨੀ ਬੀਜੀਏ
ਝੰਗ ਸਿਆਲਾਂ ਦੇ ਖੂਹ ਤੇ
ਮੁੰਡਿਆ ਵੇ ਬੰਸਰੀ ਵਾਲ਼ਿਆ
ਆ ਮਿਲੀਏ ਝੰਗ ਸਿਆਲਾਂ ਦੇ ਖੂਹ ਤੇ
3
ਵਗਦੀ ਰਾਵੀ ਵਿੱਚ
ਦੁੰਬ ਵੇ ਜਵਾਰ ਦਾ
ਮੈਂ ਅੰਗਰੇਜਣ ਬੂਟੀ
ਰਾਂਝਾ ਫੁੱਲ ਵੇ ਗੁਲਾਬ ਦਾ
4
ਉਭਿਓਂ ਤੁਰਿਆ ਤੇ ਲੰਮੇ ਜਾਣਾ
ਜੰਮਿਆ ਤਖ਼ਤ ਹਜ਼ਾਰਾ
ਆਈ ਦਾਹੜੀ ਰਖਾਏ ਦੁਪੱਟੇ
ਕਿਸ ਵਿਧ ਫਿਰੇਂ ਕੁਮਾਰਾ
ਪੰਜ ਭਰਜਾਈਂ ਖ਼ਿਦਮਤ ਦਾਰੀ
ਭਾਈਆਂ ਨੂੰ ਬਹੁਤ ਪਿਆਰਾ
ਭਾਈਆਂ ਦੇ ਵਿੱਚੋਂ ਫਿਰਾਂ ਲਡਿੱਕਾ
ਜਿਵੇਂ ਮੱਝੀਂ ਝੋਟ ਨਿਆਰਾ
ਲਾਲਾਂ ਦਾ ਮੈਂ ਬਣਜ ਕਰੇਨਾਂ
ਮੁੱਲ ਜਿਨ੍ਹਾਂ ਦਾ ਭਾਰਾ
ਝੰਗ ਸਿਆਲਾਂ ਦੀ ਹੀਰ ਸੁਣੇਂਦੀ
ਉਹਦਾ ਫਿਰਾਂ ਵਣਜਾਰਾ
5
ਕਾਹੇ ਦੀ ਕਾਰਨ ਮਹਿਲ ਚੁਣਾਏ
ਕਾਹੇ ਨੂੰ ਰੱਖੀਆਂ ਮੋਰੀਆਂ
ਵਸਣੇ ਦੇ ਕਾਰਨ ਮਹਿਲ ਚੁਣਾਏ
ਵੇਖਣੇ ਨੂੰ ਰੱਖੀਆਂ ਮੋਰੀਆਂ
ਆ ਮੀਂਆਂ ਰਾਂਝਾ ਖੇਤੀ ਵੀ ਕਰੀਏ
ਖੇਤੀ ਕਰ ਲਈਏ ਨਿਆਰੀ
ਇਸ ਕਿਆਰੀ ਵਿੱਚ ਕੀ ਕੁਝ ਬੀਜਿਆ
ਬੀਜਿਆ ਲੌਂਗ ਸੁਪਾਰੀ
ਗੜਵਾ ਗੜਵਾ ਸਜਨਾਂ ਨੇ ਪਾਇਆ
ਲੱਗੇ ਲੌਂਗ ਸੁਪਾਰੀ
6
ਤੇਰੀ ਤੇਰੀ ਕਾਰਨ ਚੀਰੇ ਵਾਲ਼ਿਆ
ਮੈਂ ਬਾਗੋਂ ਲਿਆਈ ਭੂੰਕਾਂ ਵੇ
ਰਿਨ੍ਹ ਬਣਾ ਕੇ ਥਾਲ਼ੀ ਪਾਵਾਂ
ਕੋਈ ਆਪਣੇ ਰਾਂਝੇ ਜੋਗੀ ਵੇ
ਤੇਰੀ ਤੇਰੀ ਕਾਰਨ ਚੀਰੇ ਵਾਲ਼ਿਆ
ਮੈਂ ਸਿਖਰ ਦੁਪਹਿਰੇ ਆਈ ਵੇ
ਪੈਰੀਂ ਛਾਲੇ ਪੈ ਗਏ
ਤਪੇ ਟਿੱਬਿਆਂ ਦਾ ਰੇਤ ਵੇ
ਤੇਰੀ ਤੇਰੀ ਕਾਰਨ ਚੀਰੇ ਵਾਲ਼ਿਆ
ਮੈਂ ਮੀਂਹ ਵਰਸੇਂਦੇ ਆਈ ਵੇ
ਭਿਜਗੀ ਤੇੜ ਦੀ ਲੂੰਗੀ
ਕੋਈ ਭਿਜਗੀ ਜਰਦ ਕਨਾਰੀ ਵੇ
ਤੇਰੀ ਤੇਰੀ ਕਾਰਨ ਚੀਰੇ ਵਾਲ਼ਿਆ
ਮੈਂ ਅਧੜੀ ਰਾਤੋਂ ਆਈ ਵੇ
ਗਲ਼ੀ ਗਲ਼ੀ ਦੇ ਕੁੱਤੇ ਭੌਂਕਣ
ਕੋਈ ਚਰਚਾ ਕਰੇ ਲੁਕਾਈ ਵੇ
7
ਉੱਚੀ ਰੋੜੀ ਜੀ ਜੋਗੀ ਕਿਉਂ ਖੜਾ
ਵਿਹੜੇ ਆਵੋ ਜੀ ਅਲਖ ਜਗਾਵੋ
ਵਿਹੜੇ ਤੇਰੇ ਨੀ ਕਿੱਕਣ ਮੈਂ ਆਵਾਂ
ਨੀ ਹੀਰੇ ਨਿਆਣੀਏਂ
ਮਾਂ ਜੋ ਮੇਰੀ ਨੀ ਬੋਲਣ ਹਾਰੇ
ਮਾਂ ਜੇ ਤੇਰੀ ਜੀ ਸੱਸ ਜੋ ਮੇਰੀ ਬੀਬਾ
ਵਿਹੜੇ ਆਵੋ ਜੀ ਅਲਖ ਜਗਾਵੋ
ਵਿਹੜੇ ਤੇਰੇ ਮੈਂ ਕਿੱਕਣ ਆਵਾਂ
ਨੀ ਹੀਰੇ ਨਿਆਣੀਏਂ
ਘੋੜੇ ਮੇਰੇ ਨੀ ਹਿਣਕਣ ਹਾਰੇ
ਘੋੜੇ ਤੇਰੇ ਜੀ ਦਾਣਾ ਮੈਂ ਪਾਵਾਂ
ਜੀ ਭਲਿਆ ਜੀ ਜੋਗੀਆ
ਵਿਹੜੇ ਆਵੋ ਜੀ ਅਲਖ ਜਗਾਵੋ
ਵਿਹੜੇ ਤੇਰੇ ਮੈਂ ਕਿੱਕਣ ਆਵਾਂ
ਨੀ ਹੀਰੇ ਨਿਆਣੀਏਂ
ਕੁੱਤੇ ਤੇਰੇ ਨੀ ਭੌਂਕਣ ਹਾਰੇ
ਕੁੱਤੇ ਤੇਰੇ ਜੀ ਚੂਰੀ ਮੈਂ ਪਾਵਾਂ
ਜੀ ਭਲਿਆ ਜੀ ਜੋਗੀਆ
ਵਿਹੜੇ ਆਵੋ ਜੀ ਅਲਖ ਜਗਾਵੋ
8
ਉਡ ਜਾਈਂ ਵੇ ਤੋਤਿਆ
ਗਿਰਨੀ ਖਾਈਂ ਵੇ ਤੋਤਿਆ
ਲੰਬੀ ਲਾਈਂ ਵੇ ਉਡਾਰੀ
ਵੇ ਮੈਂ ਤੇਰੀ ਰਾਂਝਾ
ਤੇਰੇ ਦਿਲ ਦੀ ਹੀਰ
ਤੈਂ ਮੈਂ ਮਨੋ ਵੇ ਵਸਾਰੀ
ਪਹਾੜੀਂ ਨਾ ਜਾਈਏ
ਖੱਟੇ ਮਿੱਠੇ ਨਾ ਖਾਈਏ
ਇਹ ਨੂੰ ਰੋਗ ਨਾ ਲਾਈਏ
ਪਹਾੜਾਂ ਦੀਆਂ ਕੁੜੀਆਂ
ਹੱਥੀਂ ਲੌਂਗਾਂ ਦੀਆਂ ਪੁੜੀਆਂ
ਰੱਖਦੀਆਂ ਜਾਦੂੜੇ ਪਾ ਕੇ
ਪਹਾੜਾਂ ਦੀਆਂ ਰੰਨਾਂ
ਕੁਟਦੀਆਂ ਚੂਰੀ ਦਾ ਛੰਨਾਂ
ਰੱਖਦੀਆਂ ਦਿਲ ਪਰਚਾ ਕੇ
9
ਮੌਤ ਮੌਤ ਨਾ ਕਰ ਵੇ ਰਾਂਝਣਾ
ਵੇਖ ਮੌਤ ਦੇ ਕਾਰੇ
ਪਹਿਲਾਂ ਮੌਤ ਨੇ ਦਿੱਲੀ ਢਾਹੀ
ਫੇਰ ਗਈ ਪਟਿਆਲ਼ੇ
ਦਿੱਲੀ ਆਲ਼ੇ ਦੀ ਕੰਜਰੀ ਮਰਗੀ
ਲੈ ਗੀ ਰੌਣਕਾਂ ਨਾਲ਼ੇ
ਪਟਿਆਲ਼ੇ ਆਲ਼ੇ ਦੇ ਘੋੜੇ ਮਰਗੇ
ਲਾਲ ਲਗਾਮਾਂ ਵਾਲ਼ੇ
ਲੱਡੂ ਜਲੇਬੀ ਗਲ਼ੀਏਂ ਰੁਲਦੇ
ਗੰਨੇ ਨਾ ਮਿਲਦੇ ਭਾਲ਼ੇ
ਮੋਤੀ ਚੁਗ ਲੈ ਨੀ
ਕੂੰਜ ਪਤਲੀਏ ਨਾਰੇ
10
ਰਾਂਝੇ ਦਾ ਕਹਿਣਾ ਮਨ ਲੈ ਹੀਰੇ
ਹਾਰ ਸ਼ਿੰਗਾਰ ਲਗਾਈਂ
ਪੁੰਨਿਆਂ ਦਾ ਚੰਦ ਆਪੇ ਚੜ੍ਹ ਜੂ
ਰੂਪ ਦੀ ਛਹਿਬਰ ਲਾਈਂ
ਕੁੜੀਆਂ ਨੂੰ ਸੱਦ ਕੇ ਗਿੱਧਾ ਪੁਆਈਂ
ਸੁੱਤੀਆਂ ਕਲਾਂ ਜਗਾਈਂ
ਸ਼ੌਕ ਨਾਲ ਨੱਚ ਕੇ ਨੀ
ਦਿਲ ਦੀਆਂ ਖੋਹਲ ਸੁਣਾਈਂ
11
ਹੀਰ ਨੇ ਸੱਦੀਆਂ ਸੱਭੇ ਸਹੇਲੀਆਂ
ਸਭ ਦੀਆਂ ਨਵੀਂਆਂ ਪੁਸ਼ਾਕਾਂ
ਗਹਿਣੇ ਗੱਟੇ ਸਭ ਦੇ ਸੋਂਹਦੇ
ਮੈਂ ਹੀਰ ਗੋਰੀ ਵੱਲ ਝਾਕਾਂ
ਕੰਨੀਂ ਹੀਰ ਦੇ ਸੱਜਣ ਕੋਕਰੂ
ਪੈਰਾਂ ਦੇ ਵਿੱਚ ਬਾਂਕਾਂ
ਗਿੱਧੇ ਦੀਏ ਪਰੀਏ ਨੀ
ਤੇਰੇ ਰੂਪ ਨੇ ਪਾਈਆਂ ਧਾਕਾਂ
12
ਕਾਲਿਆਂ ਹਰਨਾਂ ਬਾਗੀਂ ਚਰਨਾ
ਤੇਰੇ ਪੈਰੀਂ ਝਾਂਜਰਾਂ ਪਾਈਆਂ
ਸਿੰਗਾਂ ਤੇਰਿਆਂ ਤੇ ਕੀ ਕੁਝ ਲਿਖਿਆ
ਤਿੱਤਰ ਤੇ ਮੁਰਗਾਈਆਂ
ਅੱਗੇ ਤਾਂ ਟਪਦਾ ਸੀ ਨੌ ਨੌ ਕੋਠੇ
ਹੁਣ ਨੀ ਟੱਪੀਦੀਆਂ ਖਾਈਆਂ
ਖਾਈ ਟੱਪਦੇ ਦੇ ਕੰਡਾ ਲੱਗਿਆ
ਦਿੱਤੀਆਂ ਰਾਮ ਦੁਹਾਈਆਂ
ਮਾਸ ਮਾਸ ਤੇਰਾ ਕੁੱਤਿਆਂ ਨੇ ਖਾਧਾ
ਹੱਡੀਆਂ ਰੇਤ ਰੁਲਾਈਆਂ
ਹੱਡੀਆਂ ਤੇਰੀਆਂ ਦਾ ਮਹਿਲ ਚੁਣਾਇਆ
ਵਿੱਚ ਰਖਾਈ ਮੋਰੀ
ਤੇਰਾ ਦੁੱਖ ਸੁਣ ਕੇ
ਹੀਰ ਹੋਗੀ ਪੋਰੀ ਪੋਰੀ
13
ਆਖੇਂ ਗਲ ਤਾਂ ਹੀਰੇ ਕਹਿ ਕੇ ਸੁਣਾ ਦਿਆਂ ਨੀ
ਦੇ ਕੇ ਤੈਨੂੰ ਨੱਢੀਏ ਸੋਹਣੇ ਨੀ ਹਵਾਲੇ
ਇੰਦਰ ਖਾੜੇ ਦੇ ਵਿੱਚ ਪਰੀਆਂ ਸਭ ਤੋਂ ਚੰਗੀਆਂ ਨੀ
ਗਾਵਣ ਜਿਹੜੀਆਂ ਮਿੱਠੇ ਰਾਗ ਜੋ ਸੁਰਤਾਲੇ
ਮੋਹ ਲਿਆ ਮੈਨੂੰ ਪਰੀਏ ਤੇਰਿਆਂ ਦੀ ਨੈਣਾਂ ਨੇ
ਮੈਂ ਕੀ ਜਾਣਾਂ ਇਹਨਾਂ ਅੱਖੀਆਂ ਦੇ ਚਾਲੇ
ਜਾਲ ਫੈਲਾਇਆ ਹੀਰੇ ਤੇਰੀਆਂ ਅੱਖੀਆਂ ਨੇ
ਉਡਦੇ ਜਾਂਦੇ ਪੰਛੀ ਜਿਨ੍ਹਾਂ ਨੇ ਫਸਾਲੇ
ਤਿੰਨ ਸੌ ਸਠ ਸਹੇਲੀ ਲੈ ਕੇ ਤੁਰਦੀ ਨੱਢੀਏ ਨੀ
ਸੂਬੇਦਾਰ ਜਿਊਂ ਸੋਂਹਦੀ ਸਭ ਦੇ ਤੂੰ ਵਿਚਾਲੇ
ਬਲਣ ਮਸ਼ਾਲਾਂ ਵਾਂਗੂੰ ਅੱਖੀਆਂ ਹੀਰੇ ਤੇਰੀਆਂ
ਆਸ਼ਕ ਘੇਰ ਤੈਂ ਭਮੱਕੜ ਵਿੱਚ ਮਚਾਲੇ
ਮੁਖੜਾ ਤੇਰਾ ਹੀਰੇ ਸੋਹਣਾ ਫੁੱਲ ਗੁਲਾਬ ਨੀ
ਆਸ਼ਕ ਭੌਰ ਜੀਹਦੇ ਫਿਰਦੇ ਨੀ ਉਦਾਲੇ
ਸੇਹਲੀ ਤੇਰੀ ਨੱਢੀਏ ਵਾਂਗ ਨੀ ਕਮਾਣ ਦੇ
ਅੱਖੀਆਂ ਤੇਰੀਆਂ ਨੇ ਤੀਰ ਨਿਸ਼ਾਨੇ ਲਾ ਲੇ
ਵਿੰਨਿਆਂ ਕਾਲਜਾ ਨਾ ਹਿਲਿਆ ਜਾਵੇ ਰਾਂਝੇ ਤੋਂ
ਇਹ ਜਿੰਦ ਕਰਤੀ ਮੈਂ ਤਾਂ ਤੇਰੇ ਨੀ ਹਵਾਲੇ
ਚੰਗੀ ਕਰਦੀ ਹੈਂ ਤੂੰ, ਓੜ ਨਭਾਈ ਲੱਗੀਆਂ ਦੀ
ਡੋਬਣ ਲੱਗੀ ਹੈਂ ਕਿਉਂ ਧਾਰ ਦੇ ਵਿਚਾਲੇ
14
ਹੀਰੇ ਨੀ ਬਿਨ ਸ਼ਗ਼ਨੀਏਂ
ਮੈਂ ਭੁੱਲਿਆ ਚਾਕ ਵਿਚਾਰਾ
ਦਿਹ ਜਵਾਬ ਘਰਾਂ ਨੂੰ ਚੱਲੀਏ
ਸੁੰਨਾ ਪਿਆ ਤਖ਼ਤ ਹਜ਼ਾਰਾ
15
ਆਖਾਂ ਗਲ ਮੈਂ ਹੀਰੇ ਕਹਿ ਕੇ ਸੁਣਾਂ ਦਿਆਂ ਨੀ
ਤੈਨੂੰ ਆਖਾਂ ਨੱਢੀਏ ਬੋਲ ਨੀ ਕਰਾਰੇ
ਤੇਰੀ ਖ਼ਾਤਰ ਨੀ ਮੈਂ ਖੰਧਾ ਚਾਰਿਆ ਚੂਚਕ ਦਾ
ਤ੍ਹਾਨੇ ਮਿਹਣੇ ਮੈਨੂੰ ਕੁਲ ਦੁਨੀਆਂ ਨੇ ਮਾਰੇ
ਆਸ਼ਕ ਜੇਡਾ ਨਾ ਬੇਸ਼ਰਮ ਕੋਈ ਜਗ ਤੇ ਨੀ
ਖ਼ਾਤਰ ਸ਼ੀਰੀਂ ਦੇ ਫ਼ਰਿਹਾਦ ਦੁੱਖ ਸਹਾਰੇ
ਪੱਟ ਨੂੰ ਚੀਰਿਆ ਮਹੀਂਵਾਲ ਖ਼ਾਤਰ ਸੋਹਣੀ ਦੇ
ਝੁੱਗੀ ਪਾ ਲਈ ਜਾ ਕੇ ਨੈਂ ਦੇ ਕਿਨਾਰੇ
ਖ਼ਾਤਰ ਸਾਹਿਬਾਂ ਦੀ ਜੰਡ ਹੇਠ ਮਿਰਜ਼ਾ ਮਰ ਗਿਆ ਨੀ
ਆਸ਼ਕ ਉੱਘੇ ਹੀਰੇ ਕੁਲ ਦੁਨੀਆਂ ਵਿੱਚ ਸਾਰੇ
ਸੱਸੀ ਪੁੰਨੂੰ ਨੇ ਦੁੱਖ ਝੱਲੇ ਤੱਤੀਆਂ ਰੇਤਾਂ ਦੇ
ਸੜ ਗਏ ਪੈਰ ਪਰ ਉਹ ਕੌਲੋਂ ਨਹੀਂ ਹਾਰੇ
ਅੱਖੀਆਂ ਲਾ ਕੇ ਹੀਰੇ ਹਟਣਾ ਮਿਹਣਾ ਆਸ਼ਕ ਨੂੰ
ਆਸ਼ਕ ਆਸ਼ਕ ਦੇ ਨੀ ਜਾਂਦੇ ਬਲਿਹਾਰੇ
16
ਛਣਕ ਛਣਕ ਦੋ ਛੱਲੇ ਕਰਾ ਲੇ
ਛੱਲੇ ਭਨਾ ਕੇ ਵੰਗਾਂ
ਬਾਹਰ ਗਈ ਨੂੰ ਬਾਬਲ ਝਿੜਕਦਾ
ਘਰ ਆਈ ਨੂੰ ਅੰਮਾਂ
ਵਿੱਚ ਕਚਿਹਰੀ ਹੀਰ ਝਗੜਦੀ
ਮੁਨਸਫ਼ ਕਰਦੇ ਗੱਲਾਂ
ਵਿੱਚ ਤ੍ਰਿੰਜਣਾਂ ਕੁੜੀਆਂ ਝਿੜਕਣ
ਵਿੱਚ ਗਲੀਆਂ ਦੇ ਰੰਨਾਂ
ਏਹਨੀ ਓਹਨੀ ਦੋਹੀਂ ਜਹਾਨੀਂ
ਮੈਂ ਤਾਂ ਖ਼ੈਰ ਰਾਂਝੇ ਦੀ ਮੰਗਾਂ
ਜੋ ਜਾਣਾਂ ਦੁਖ ਰਾਂਝਣੇ ਨੂੰ ਪੈਣੇ
ਮੈਂ ਨਿਜ ਨੂੰ ਸਿਆਲੀਂ ਜੰਮਾਂ
17
ਅੱਜ ਹੋਗੀ ਹੀਰ ਪਰਾਈ
ਕੁੜੀਆਂ ਨੂੰ ਲੈ ਜੋ ਮੋੜ ਕੇ
18
ਰਾਂਝਾ ਮੱਝਾਂ ਦੇ ਸਿੰਗਾਂ ਨੂੰ ਫੜ ਰੋਵੇ
ਖੇੜੇ ਲੈ ਗਏ ਹੀਰ ਚੁੱਕ ਕੇ
19
ਹੀਰੇ ਨੀ ਲਿਸ਼ਕੇ ਬਿਜਲੀ ਚਮਕਣ ਤਾਰੇ
ਨਾਗਾਂ ਡੰਗ ਸੰਵਾਰੇ ਨੀ
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ
ਹੀਰੇ ਨੀ ਖਾਰਿਆਂ ਖੂਹਾਂ ਦੇ ਪਾਣੀ ਮਿੱਠੇ ਨਾ ਹੁੰਦੇ
ਭਾਵੇਂ ਲੱਖ ਮਣਾਂ ਗੁੜ ਪਾਈਏ ਨੀ
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ
ਹੀਰੇ ਨੀ ਨਾਗਾਂ ਦੇ ਪੁੱਤ ਮਿੱਤ ਨਾ ਬਣਦੇ
ਭਾਵੇਂ ਲੱਖ ਮਣਾਂ ਦੁੱਧ ਪਿਆਈਏ ਨੀ
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ
ਹੀਰੇ ਨੀ ਬਾਰਾਂ ਬਰਸ ਤੇਰੀਆਂ ਮੱਝੀਆਂ ਨੀ ਚਾਰੀਆਂ
ਅਜੇ ਵੀ ਲਾਵੇਂ ਲਾਰੇ ਨੀ
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ
ਹੀਰੇ ਨੀ ਆਹ ਲੈ ਆਪਣੀਆਂ ਮੱਝੀਆਂ ਨੀ ਫੜ ਲੈ
ਕੀਲੇ ਪਏ ਧਲਿਆਰੇ ਨੀ
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ
ਹੀਰੇ ਨੀ ਪਹਿਨ ਓਹੜ ਕੇ ਚੜ੍ਹਗੀ ਖਾਰੇ
ਤੈਨੂੰ ਸਬਰ ਫੱਕਰ ਦਾ ਮਾਰੇ ਨੀ
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ
20
ਬੀਨ ਬਜਾਈ ਰਾਂਝੇ ਚਾਕ
ਲੱਗੀ ਮਨ ਮੇਰੇ
ਤਖ਼ਤ ਹਜ਼ਾਰੇ ਦਿਆ ਮਾਲਕਾ
ਕਿੱਥੇ ਲਾਏ ਨੀ ਡੇਰੇ
ਕਿਨ ਵੇ ਬਣਾਇਆ ਲਾੜਾ ਜੰਜਾਂ ਦਾ
ਕਿਨ ਬੱਧੇ ਸਿਹਰੇ
ਮਾਂ ਬਣਾਇਆ ਲਾੜਾ ਜੰਜਾਂ ਦਾ
ਭੈਣ ਬੱਧੇ ਸਿਹਰੇ
ਕੱਢ ਖਾਂ ਪਾਂਧਿਆ ਪੱਤਰੀ
ਲਿਖੀਂ ਲੇਖ ਮੇਰੇ
ਲਿਖਣ ਵਾਲ਼ਾ ਲਿਖ ਗਿਆ
ਵਸ ਨਹੀਂ ਮੇਰੇ
ਆਖਿਉ ਰਾਂਝੇ ਚਾਕ ਨੂੰ
ਮੱਝੀਆਂ ਛੇੜੇ
ਮੱਝੀਆਂ ਛੇੜਦਾ ਰਹਿ ਗਿਆ
ਹੀਰ ਲੈ ਗਏ ਖੇੜੇ
21
ਸਾਂਵਲਿਆ ਤੇ ਸਲੋਨਿਆ ਵੇ ਮੁੰਡਿਆ
ਤੂੰ ਮੇਰਾ ਵੇ ਮੈਂ ਤੇਰੀ
ਤੂੰ ਮੇਰਾ ਤੇ ਮੈਂ ਤੇਰੀ ਚੀਰੇ ਵਾਲ਼ਿਆ
ਪਾ ਰਾਂਝਣ ਵਾਲ਼ੀ ਫੇਰੀ
ਪਾ ਜੋਗੀ ਵਾਲ਼ੀ ਫੇਰੀ ਚੀਰੇ ਵਾਲ਼ਿਆ
ਚਲੋ ਸਹੀਓ ਰਲ ਵੇਖਣ ਚੱਲੀਏ
ਰਾਂਝੇ ਬਾਗ਼ ਲਵਾਇਆ
ਖਟੜੇ ਲਗੜੇ ਤੇ ਮਿਠੜੇ ਵੀ ਲਗੜੇ
ਨਿੰਬੂਆਂ ਦਾ ਰੂਪ ਸਵਾਇਆ
ਚਲੋ ਸਹੀਓ ਰਲ ਵੇਖਣ ਚੱਲੀਏ
ਰਾਂਝਣ ਵਾਲਾ ਚੁਬਾਰਾ
ਹੀਰ ਨਿਮਾਣੀ ਜੋ ਇੱਟਾਂ ਢੋਵੇ
ਰਾਂਝਣ ਢੋਂਦਾ ਗਾਰਾ
ਚਲੋ ਸਹੀਓ ਰਲ ਵੇਖਣ ਚੱਲੀਏ
ਰਾਂਝਣ ਭੇਸ ਵਟਾਇਆ
ਕੰਨ ਪੜਵਾ ਕੇ ਮੁੰਦਰਾਂ ਪਾਈਆਂ
ਮੱਥੇ ਤਿਲਕ ਲਗਾਇਆ
ਹੀਰ ਦੀ ਖ਼ਾਤਰ ਮੰਗਣ ਚੜ੍ਹਿਆ
ਘਰ ਘਰ ਅਲਖ ਜਗਾਇਆ।
22
ਡੰਗੀ ਹੋਈ ਇਸ਼ਕੇ ਦੀ
ਹੀਰ ਸੱਪ ਦਾ ਬਹਾਨਾ ਕੀਤਾ
23
ਉਰਲੇ ਤਾਂ ਵਿਹੜੇ ਜੋਗੀ ਆ ਵੜਿਆ
ਓਥੇ ਕੁੜੀਆਂ ਦਾ ਤ੍ਰਿੰਜਣ ਗੂੰਜਦਾ ਸੀ
ਉੱਠੀਂ ਉੱਠੀਂ ਭਾਬੋ ਜੋਗੀ ਖ਼ੈਰ ਪਾ ਦੇ
ਜੋਗੀ ਖੜਿਆਂ ਨੂੰ ਰੈਣ ਵਿਹਾ ਗਈ
ਆਪ ਚੌਲ ਖਾਵੇਂ ਸਾਨੂੰ ਚੀਣਾ ਪਾਵੇਂ
ਸਾਡੀ ਡਾਹਡੇ ਅੱਗੇ ਫ਼ਰਿਆਦ ਹੋਵੇ
ਚੀਣਾ ਡੁਲ੍ਹ ਗਿਆ ਤੂੰਬੀ ਫੁਟ ਗਈ
ਸਾਨੂੰ ਚੁਗਦਿਆਂ ਨੂੰ ਰੈਣ ਵਿਹਾ ਗਈ
ਤੈਨੂੰ ਕੀ ਹੋਇਆ ਭਾਬੋ ਕੀ ਹੋਇਆ
ਤੇਰਾ ਰੰਗ ਅਸਮਾਨੀ ਜਰਦ ਹੋਇਆ
ਮੇਰੇ ਨਾਗ ਲੜਿਆ ਨੀ ਨਣਦੇ ਨਾਗ ਲੜਿਆ
ਡੰਗ ਮਾਰ ਬਾਗੀਂ ਜਾ ਨੀ ਵੜਿਆ
ਚਲ ਚਲ ਨੀ ਭਾਬੋ ਉਸ ਜੋਗੀ ਕੋਲੇ
ਟਾਹਣੀ ਉਸ ਜੋਗੀ ਕੋਲ਼ੋਂ ਕਰਵਾ ਲਈਏ ਨੀ।
ਉੱਠੀਂ ਉੱਠੀਂ ਜੋਗੀ ਕੁੰਡਾ ਖੋਹਲ ਸਾਨੂੰ
ਸਾਨੂੰ ਖੜਿਆਂ ਨੂੰ ਰੈਣ ਵਿਹਾ ਗਈ
ਸਾਡਾ ਹਾਰ ਟੁੱਟਿਆ ਜੀ ਸੁੱਚੇ ਮੋਤੀਆਂ ਦਾ
ਸਾਨੂੰ ਚੁਗਦਿਆਂ ਨੂੰ ਰੈਣ ਵਿਹਾ ਗਈ।
24
ਅੰਬਾਂ ਤੇ ਤੂਤੀਂ ਠੰਡੀ ਛਾਂ
ਕੋਈ ਪ੍ਰਦੇਸੀ ਜੋਗੀ ਆਣ ਲੱਥੇ
ਚੱਲ ਨਣਦੇ ਪਾਣੀ ਨੂੰ ਚੱਲੀਏ
ਪਾਣੀ ਦੇ ਪੱਜ ਜੋਗੀ ਦੇਖੀਏ ਨੀ
ਕਿੱਥੇ ਰੱਖਾਂ ਨਣਦੇ ਡੋਲ ਨੀ
ਉੱਚੇ ਤਾਂ ਖੜ ਕੇ ਜੋਗੀ ਦੇਖੀਏ ਨੀ
ਇਸ ਜੋਗੀ ਦੇ ਲੰਬੇ ਲੰਬੇ ਕੇਸ ਨੀ
ਦਹੀਓਂ ਕਟੋਰੋ ਜੋਗੀ ਨਹਾਂਵਦਾ ਸੀ
ਇਸ ਜੋਗੀ ਦੇ ਚਿੱਟੇ ਚਿੱਟੇ ਦੰਦ ਨੀ
ਦਾਤਣ ਤੇ ਕੁਰਲੀ ਜੋਗੀ ਕਰ ਰਿਹਾ ਸੀ
ਇਸ ਜੋਗੀ ਦੇ ਸੋਹਣੇ ਸੋਹਣੇ ਪੈਰ ਨੀ
ਬੂਟ ਜੁਰਾਬਾਂ ਜੋਗੀ ਪਾਂਵਦਾ ਸੀ
ਚੱਲ ਨੀ ਭਾਬੋ ਘਰ ਨੂੰ ਚੱਲੀਏ
ਸੱਸ ਉਡੀਕੇ ਨੂੰਹੇਂ ਆ ਘਰੇ
ਸੱਸਾਂ ਨੂੰ ਨੂੰਹਾਂ ਨਣਦੇ ਹੋਰ ਹੋਰ ਨੀ
ਮੈਂ ਮਨ ਰੱਖਾਂ ਵਲ ਜੋਗੀ ਦੇ ਨੀ
ਚੱਲ ਵੇ ਜੋਗੀ ਕਿਸੇ ਦੇਸ਼
ਕੁੰਡੀ ਸੋਟਾ ਤੇਰਾ ਮੈਂ ਚੁੱਕਾਂ ਵੇ
ਮਰ ਵੇ ਜੋਗੀ ਕਿਸੇ ਦੇਸ਼ ਵੇ
ਤੂੰ ਮੇਰੀ ਚੰਚਲ ਭਾਬੋ ਮੋਹ ਲਈ ਵੇ
ਮਰਨ ਨੀ ਨਣਦੇ ਤੇਰੇ ਵੀਰ
ਇਹ ਪ੍ਰਦੇਸੀ ਜੋਗੀ ਕਿਉਂ ਮਰੇ।
(ਦੁਪੱਟੇ : ਬੋਦੇ, ਪਟੇ।)
('ਪੰਜਾਬ ਦੇ ਲੋਕ ਨਾਇਕ: ਸੁਖਦੇਵ ਮਾਦਪੁਰੀ' ਵਿੱਚੋਂ)
|
|
|