ਪੰਜਾਬੀ ਕਲਾਮ/ਗ਼ਜ਼ਲਾਂ ਹਫ਼ੀਜ਼ ਤਾਇਬ
1. ਦਿਲ ਬੁਝਿਆ ਏ ਜਗਦੀਆਂ ਸੋਚਾਂ ਮੇਰੀਆਂ ਨੇ
ਦਿਲ ਬੁਝਿਆ ਏ ਜਗਦੀਆਂ ਸੋਚਾਂ ਮੇਰੀਆਂ ਨੇ।
ਜੜ੍ਹ ਸੁੱਕੀ ਏ ਹਰੀਆਂ ਸਾਖ਼ਾਂ ਮੇਰੀਆਂ ਨੇ।
ਜੀਵਨ ਦਾ ਉਹ ਵੱਖਰਾ ਤੌਰ ਤਰੀਕਾ ਏ,
ਜਿਸਨੇ ਬੰਨ੍ਹੀਆਂ ਹੋਈਆਂ ਮੁਸ਼ਕਾਂ ਮੇਰੀਆਂ ਨੇ।
ਕੀ ਹੋਇਆ ਜੇ ਧੁੱਪਾਂ ਨੇ ਸਿਰ ਮੇਰੇ 'ਤੇ,
ਰਾਹੀਆਂ ਵ੍ਹਾਤੇ ਗੂੜ੍ਹੀਆਂ ਛਾਵਾਂ ਮੇਰੀਆਂ ਨੇ।
ਕੀ ਹੋਇਆ ਜੇ ਅਪਣੇ ਨਾਲ ਤੁਅੱਲਕ ਨਈਂ,
ਸੱਜਣਾਂ ਨਾਲ ਤੇ ਅੱਜ ਵੀ ਸਾਂਝਾਂ ਮੇਰੀਆਂ ਨੇ।
ਕੀ ਹੋਇਆ ਜੇ ਮੇਰਾ ਕੁੱਲਾ ਕੋਠਾ ਨਈਂ,
ਸ਼ਹਿਰ ਦੀਆਂ ਇਹ ਸਾਰੀਆਂ ਸੜਕਾਂ ਮੇਰੀਆਂ ਨੇ।
ਮੈਂ ਤੇਰੀ ਮਰਜ਼ੀ 'ਤੇ ਰਾਜ਼ੀ ਆਂ ਮੌਲਾ,
ਦੇਰ ਲਈ ਪਰ ਸਿਕਦੀਆਂ ਧੀਆਂ ਮੇਰੀਆਂ ਨੇ।
2. ਸੋਚ ਦੀ ਮਕੜੀ ਨੇ ਤਾਣੇ ਨੇ ਜਾਲੇ ਆਲ ਦੁਆਲੇ
ਸੋਚ ਦੀ ਮਕੜੀ ਨੇ ਤਾਣੇ ਨੇ ਜਾਲੇ ਆਲ ਦੁਆਲੇ।
ਜਾਂ ਫਿਰ ਵਹਿਮ ਵਢਾਵੇ ਦੇਣ ਵਖਾਲੇ ਆਲ ਦੁਆਲੇ।
ਮੈਂ ਆਂ ਆਸ ਜਜ਼ੀਰੇ ਅੰਦਰ ਘਿਰਿਆ ਇਕ ਮੁਸਾਫ਼ਿਰ,
ਜਿਸਨੂੰ ਆਵਣ ਨਜ਼ਰੀਂ ਪਾਣੀ ਕਾਲੇ ਆਲ ਦੁਆਲੇ।
ਵੱਖਰੀਆਂ ਰਾਹਾਂ ਮੈਨੂੰ ਕਿਹੜੇ ਬੇਲੇ ਵਿਚ ਲੈ ਆਈਆਂ,
ਥਾਂ ਥਾਂ ਨੇ ਖੋਭੇ ਮਜਬੂਰੀ ਵਾਲੇ ਆਲ ਦੁਆਲੇ।
ਇਹਨਾਂ ਵਿਚ ਡਿੱਗਣ ਤੋਂ ਆ ਕੇ ਮੈਨੂੰ ਕੌਣ ਬਚਾਵੇ,
ਮੈਂ ਕੱਢੇ ਨੇ ਜਿਹੜੇ ਖਾਈਆਂ ਖਾਲੇ ਆਲ ਦੁਆਲੇ।
ਕੀ ਹੋਇਆ ਜੇ ਇਕ ਗਰਦਾਬੋਂ ਨਿਕਲੀ ਬੇੜੀ ਮੇਰੀ,
ਖ਼ੂਨੀ ਛੱਲਾਂ ਮੇਰੇ ਲੈਣ ਉਛਾਲੇ ਆਲ ਦੁਆਲੇ।
3. ਮੈਨੂੰ ਡੂੰਘੀ ਸੋਚ ਦੇ ਵਿਚ ਪਾ ਗਿਆ
ਮੈਨੂੰ ਡੂੰਘੀ ਸੋਚ ਦੇ ਵਿਚ ਪਾ ਗਿਆ।
ਕੋਈ ਸੰਗੀ ਜਦ ਵੀ ਚੇਤੇ ਆ ਗਿਆ।
ਜਾਂਦਾ ਜਾਂਦਾ 'ਵਾ ਦਾ ਬੁੱਲਾ ਸੀ ਕੋਈ,
ਮੇਰੀਆਂ ਆਸਾਂ ਨੂੰ ਜੋ ਪਰ ਲਾ ਗਿਆ।
ਹੋਈਆਂ ਸ਼ਾਖ਼ਾਂ ਸਾਵੀਆਂ ਤੇ ਰੱਤੀਆਂ,
ਕੌਣ ਥਾਂ ਥਾਂ ਰੰਗ ਇਹ ਵਰਤਾ ਗਿਆ।
ਸੋਹਲ ਪਰਛਾਵਾਂ ਕਿਸੇ ਦੀ ਯਾਦ ਦਾ,
ਬਣਕੇ ਅੰਬਰ ਮੇਰੇ ਦਿਲ ਤੇ ਛਾ ਗਿਆ।
ਓਸਨੂੰ ਮੈਂ ਜ਼ਖ਼ਮ ਆਖਾਂ ਜਾਂ ਗੁਲਾਬ,
ਦਿਲ ਦੀ ਸੁੰਝੀ ਝੋਕ ਜੋ ਮਹਿਕਾ ਗਿਆ।
4. ਦਿਲ ਦਾ ਸੁੰਝ-ਮੁਸੰਝਾ ਵਿਹੜਾ ਵੱਸੇ ਕਦੀ ਕਦਾਈਂ
ਦਿਲ ਦਾ ਸੁੰਝ-ਮੁਸੰਝਾ ਵਿਹੜਾ ਵੱਸੇ ਕਦੀ ਕਦਾਈਂ।
ਜ਼ਖ਼ਮਾਂ ਦੀ ਫੁਲਵਾੜੀ ਵੀ ਹੁਣ ਹੱਸੇ ਕਦੀ ਕਦਾਈਂ।
ਕਦੀ ਕਦਾਈਂ ਕੋਈ ਤਤੜੀ ਸੱਸੀ ਏਧਰ ਆਵੇ,
ਅਪਣੇ ਆਪ ਤਲਬ ਦਾ ਥਲ ਵੀ ਵੱਸੇ ਕਦੀ ਕਦਾਈਂ।
ਰਾਹ ਦੇ ਰੁੱਖ ਵੀ ਅਪਣੀਆਂ ਛਾਵਾਂ ਪੈਰਾਂ ਹੇਠ ਛੁਪਾਵਣ,
ਏਧਰ ਵੀ ਆ ਨਿਕਲਣ ਭੁੱਖੇ ਤੱਸੇ ਕਦੀ ਕਦਾਈਂ।
ਉਸਤੋਂ ਪੀੜ ਉਧਾਰੀ ਲੈਕੇ ਸ਼ਿਅਰਾਂ ਵਿਚ ਰਚਾਵਾਂ,
ਕੋਈ ਤਾਂਘ ਜੇ ਸੋਚ ਮੇਰੀ ਨੂੰ ਖੱਸੇ ਕਦੀ ਕਦਾਈਂ।
ਸੱਟ ਪਵੇ ਸਿਰ ਉੱਤੇ ਐਸੀ ਸਭ ਉੱਦਮ ਭੁਲ ਜਾਵਣ,
ਜੇ 'ਤਾਇਬ' ਹਿੰਮਤ ਦਾ ਘੋੜਾ ਕੱਸੇ ਕਦੀ ਕਦਾਈਂ।
5. ਰੋਗ ਅਵੱਲੇ ਦਰਦ ਕਵੱਲੇ ਹੌਕੇ ਵੰਨ-ਸਵੰਨੇ
ਰੋਗ ਅਵੱਲੇ ਦਰਦ ਕਵੱਲੇ ਹੌਕੇ ਵੰਨ-ਸਵੰਨੇ।
ਸੱਜਣਾਂ ਨੇ ਦਿੱਤੇ ਨੇ ਸਾਨੂੰ ਤੁਹਫ਼ੇ ਵੰਨ-ਸਵੰਨੇ।
ਫੁਟ-ਪਾਥਾਂ ਤੇ ਰੁਲਦੀ ਖ਼ਲਕਤ ਭਾਂ ਭਾਂ ਕਰਦੇ ਬੰਗਲੇ,
ਮੇਰੀਆਂ ਦੋ ਅੱਖੀਆਂ ਨੇ ਡਿੱਠੇ ਜਲਵੇ ਵੰਨ-ਸਵੰਨੇ।
ਮੂੰਹੋਂ ਬੋਲਕੇ, ਵੱਖੋ-ਵੱਖਰੇ ਕਿੱਸੇ ਪਏ ਸੁਣਾਵਣ,
ਕਬਰਾਂ ਉੱਤੇ ਲੱਗੇ ਹੋਏ ਕਤਬੇ ਵੰਨ-ਸਵੰਨੇ।
ਬਣੀਆਂ ਨੇ ਲੇਖਾਂ ਦੀਆਂ ਲੀਕਾਂ, ਸੋਚਾਂ ਰੰਗ-ਬਰੰਗੀਆਂ,
ਪਹਿਲੀ ਉਮਰੇ ਵਿੰਹਦੇ ਰਹੇ ਆਂ, ਸੁਫ਼ਨੇ ਵੰਨ-ਸਵੰਨੇ।
ਕੀ ਹੋਇਆ ਜੇ ਬੁਝ ਗਈਆਂ ਨੇ ਪਲਕਾਂ ਦੀਆਂ ਮਸ਼ਾਲਾਂ,
ਦਿਲ ਦੇ ਅੰਦਰ ਬਲਦੇ ਪਏ ਨੇ ਦੀਵੇ ਵੰਨ-ਸਵੰਨੇ।
6. ਮੁੱਕੀ ਉਮਰ ਨਾ ਮੁੱਕੇ ਪੈਂਡੇ
ਮੁੱਕੀ ਉਮਰ ਨਾ ਮੁੱਕੇ ਪੈਂਡੇ।
ਸਿੱਕਾਂ ਸੱਧਰਾਂ ਵਾਲੇ ਪੈਂਡੇ।
ਉਮਰਾਂ ਬੱਧੀ ਧੁੱਪਾਂ ਫੱਕੀਆਂ,
ਉਮਰਾਂ ਬੱਧੀ ਝਾਗੇ ਪੈਂਡੇ।
ਤਿਉਂ ਤਿਉਂ ਮੰਜ਼ਿਲ ਹੋਈ ਦੁਰਾਡੀ,
ਜਿਉਂ ਜਿਉਂ ਅਸਾਂ ਨਬੇੜੇ ਪੈਂਡੇ।
ਇਕ ਦੂਜੇ ਦੇ ਨੇੜੇ ਹੋਇਆਂ,
ਵਧ ਗਏ ਇਕਲਾਪੇ ਦੇ ਪੈਂਡੇ।
ਮਾਣ ਤ੍ਰਾਣ ਗ਼ਜ਼ਲ ਦਾ 'ਤਾਇਬ',
'ਪੀਰ ਫ਼ਜ਼ਲ' ਦੇ ਡੂੰਘੇ ਪੈਂਡੇ।
|