ਪੰਜਾਬੀ ਕਲਾਮ/ਗ਼ਜ਼ਲਾਂ ਗ਼ੁਲਾਮ ਯਾਕੂਬ ਅਨਵਰ
1. ਚੁਭ ਗਈਆਂ ਨੇ ਨਜ਼ਰਾਂ ਉਹ ਕਟਾਰਾਂ ਤੋਂ ਜ਼ਿਆਦਾ
ਚੁਭ ਗਈਆਂ ਨੇ ਨਜ਼ਰਾਂ ਉਹ ਕਟਾਰਾਂ ਤੋਂ ਜ਼ਿਆਦਾ।
ਦਿਲ ਟੁਟ ਗਿਐ ਦਾਮਨ ਦੀਆਂ ਤਾਰਾਂ ਤੋਂ ਜ਼ਿਆਦਾ।
ਟੱਕਰੇ ਮੈਨੂੰ ਵਾਟਾਂ ਤੇ ਸਦਾ ਜ਼ੁਲਫ਼ਾਂ ਦੇ ਸਾਏ,
ਮੋੜਾਂ ਤੋ ਵਧੇਰੇ ਤੇ ਗ਼ੁਬਾਰਾਂ ਤੋਂ ਜ਼ਿਆਦਾ।
ਕੁਝ ਯਾਰ ਦੀ ਰਹਿਮ ਦੀ ਵੀ ਹਦ ਕਿਧਰੇ ਨਾ ਦਿਸਦੀ,
ਕੁਝ ਮੇਰੇ ਗੁਨਾਹ ਵੀ ਨੇ ਸ਼ੁਮਾਰਾਂ ਤੋਂ ਜ਼ਿਆਦਾ।
ਸ਼ਾਲਾ ! ਕੋਈ ਚੜ੍ਹ ਜਾਵੇ ਨਾ ਇਸ ਅਕਲ ਦੇ ਬੁੱਲੇ,
ਇਕ ਖੰਭ ਨੂੰ ਉਡਾਂਦੀ ਫਿਰੇ ਡਾਰਾਂ ਤੋਂ ਜ਼ਿਆਦਾ।
ਮੈਨੂੰ ਤੇ ਜਦੋਂ ਲੁਟਿਐ, ਬਹਾਰਾਂ ਨੇ ਈਂ ਲੁਟਿਐ,
ਜਗ ਡਰਦੈ ਖ਼ਿਜਾਂ ਕੋਲੋਂ ਬਹਾਰਾਂ ਤੋਂ ਜ਼ਿਆਦਾ।
ਜਦ ਵੀ ਕੋਈ ਛਾਲਾ ਮੇਰਾ ਫ਼ੁਟ ਪੈਂਦਾ ਏ 'ਅਨਵਰ',
ਫੁੱਲਾਂ ਨੂੰ ਸਲਾਮ ਆਖਦੈ ਖ਼ਾਰਾਂ ਤੋਂ ਜ਼ਿਆਦਾ।
2. ਕੀ ਦੱਸਾਂ ਤੇਰਾ ਦੀਵਾਨਾ ਕੀ ਕੀ ਹੈ ਨਜ਼ਾਰੇ ਲੈ ਟੁਰਿਆ
ਕੀ ਦੱਸਾਂ ਤੇਰਾ ਦੀਵਾਨਾ ਕੀ ਕੀ ਹੈ ਨਜ਼ਾਰੇ ਲੈ ਟੁਰਿਆ।
ਰੁਕਿਆ ਤੇ ਚੰਨ ਵੀ ਡੱਕ ਲਿਆ, ਤੁਰਿਆ ਤੇ ਸਿਤਾਰੇ ਲੈ ਟੁਰਿਆ।
ਤੂੰ ਉਹ ਅੱਲ੍ਹੜ ਜਹੀ ਲਹਿਰ ਕੋਈ, ਜੋ ਪਾਗਲ ਹੜ ਨੂੰ ਡਕ ਬੈਠੀ,
ਮੈਂ ਉਹ ਮਸਤਾਨਾਂ ਪੀਰ ਝਨਾਂ ਜਿਹੜਾ ਨਾਲ ਕਿਨਾਰੇ ਲੈ ਟੁਰਿਆ।
ਅੱਖੀਆਂ ਵਿੱਚ ਹਸਦੇ ਕਜਲੇ ਨੂੰ, ਰੰਗਪੁਰ ਵਿਚ ਕਿਹੜਾ ਪੁੱਛੇ ਜਾ,
ਇਕ ਜੋਗੀ ਰਾਤ ਦੇ ਠੂਠੇ ਵਿਚ ਕੀ-ਕੀ ਮਹਿ-ਪਾਰੇ ਲੈ ਟੁਰਿਆ।
ਖੌਰੇ ! ਤੇਰੇ ਦਰ ਦੇ ਮੰਗਤੇ ਨੂੰ ਕਿਸੇ ਖ਼ੈਰ ਹਕੀਕੀ ਪਾਈ ਏ,
ਯਾ ਨਿਰੇ ਮਜਾਜ਼ੀ ਦੇ ਭਰਕੇ, ਦੋ ਚਾਰ ਗ਼ੁਬਾਰੇ ਲੈ ਟੁਰਿਆ।
ਜਦ ਉਹਦਾ ਕਿਧਰੇ ਨਾਂ ਆਵੇ, ਤੂੰ ਤ੍ਰਭਕ ਜਹੀ ਕੁਝ ਜਾਨੀਂ ਏਂ,
ਕੁਝ ਤੇਰਾ ਤੇ ਨਈਂ ਇਹ ਜੋਗੀ, ਕਿਧਰੇ ਮੁਟਿਆਰੇ ਲੈ ਟੁਰਿਆ।
'ਅਨਵਰ' ਦੇ ਠੂਠੇ ਅੰਦਰ ਅਜ ਸ਼ੁਅਲੇ ਦਿੱਸਣ ਤੇ ਅਜਬ ਨਹੀਂ,
ਜੋ ਵੀ ਟੁਰਿਆ ਏ ਬਾਗਾਂ 'ਚੋਂ ਦੋ ਚਾਰ ਸ਼ਰਾਰੇ ਲੈ ਟੁਰਿਆ।
3. ਇਕ ਚੰਦ ਵਰਗੇ ਮੁੱਖ ਦਾ ਸਦਕਾ ਉਤਾਰ ਕੇ
ਇਕ ਚੰਦ ਵਰਗੇ ਮੁੱਖ ਦਾ ਸਦਕਾ ਉਤਾਰ ਕੇ।
ਸਾਕੀ ਨੇ ਅਜ ਪਿਲਾਇਆ ਏ ਸੂਰਜ ਪੰਘਾਰ ਕੇ।
ਦਿੱਤੇ ਨੇ ਜਾਮ ਰਾਤ ਦੇ ਜ਼ੁਲਫ਼ਾਂ ਖਿਲਾਰ ਕੇ,
ਇਕ ਜਾਮ ਸਾਕੀਆ ਜ਼ਰਾ ਜ਼ੁਲਫ਼ਾਂ ਸੰਵਾਰ ਕੇ।
ਹੋਵੇ ਕੋਈ ਮਸੀਤ ਜਾਂ ਉਹ ਕੋਈ ਬੁਤ-ਕਦਾ,
ਗੱਲਾਂ ਤੇ ਚਾਰ ਕਰ ਲਵਾਂ ਤੈਨੂੰ ਖਲ੍ਹਾਰ ਕੇ।
ਦਾਅਵੇ ਹਜ਼ਾਰ, ਇੱਕੋ ਨਿਗਾਹ ਭਸਮ ਕਰ ਗਈ,
ਕੀ ਕਰ ਲਿਆ ਜੇ ਅਕਲ ਖਿਲਾਰੇ ਖਿਲਾਰ ਕੇ।
ਚੇਤਰ ਦੀ ਰੁੱਤੇ ਖ਼ਬਰੇ ਕਿਉਂ ਏਹੋ ਹੀ ਜੀ ਕਰੇ,
ਗਲ ਵੈਰੀਆਂ ਨੂੰ ਪਾ ਲਵਾਂ 'ਅਨਵਰ' ਵੰਗਾਰ ਕੇ।
|