ਪੰਜਾਬੀ ਗ਼ਜ਼ਲਾਂ ਗ਼ੁਲਾਮ ਮੁਸਤਫ਼ਾ ਬਿਸਮਿਲ
1. ਅਸੀਂ ਵੀ ਸਿਰ ਉਠਾਵਾਂਗੇ, ਸਮਾਂ ਉਹ ਆਉਣ ਤੇ ਦੇਵੋ
ਅਸੀਂ ਵੀ ਸਿਰ ਉਠਾਵਾਂਗੇ, ਸਮਾਂ ਉਹ ਆਉਣ ਤੇ ਦੇਵੋ ।
ਜ਼ਮਾਨੇ ਨੂੰ ਝੁਕਾਵਾਂਗੇ, ਸਮਾਂ ਉਹ ਆਉਣ ਤੇ ਦੇਵੋ ।
ਜਿਨ੍ਹਾਂ ਦੇ ਖੰਭ ਸੱਯਾਦਾਂ ਨੇ, ਹੱਥੀਂ ਨੋਚ ਲੀਤੇ ਨੇ,
ਉਹ ਪੰਛੀ ਫਿਰ ਉਡਾਵਾਂਗੇ, ਸਮਾਂ ਉਹ ਆਉਣ ਤੇ ਦੇਵੋ ।
ਨਚਾ ਕੇ ਜਿਨ੍ਹੇ ਸਾਨੂੰ ਕੰਡਿਆਂ ਤੇ, ਪੈਰ ਪਾੜੇ ਨੇ,
ਅਸੀਂ ਉਹਨੂੰ ਨਚਾਵਾਂਗੇ, ਸਮਾਂ ਉਹ ਆਉਣ ਤੇ ਦੇਵੋ ।
ਹਵਾਵਾਂ ਜਿਸਮ ਦੇ ਪਿੰਜਰੇ 'ਚ ਕਦ ਤੱਕ ਕੈਦ ਰੱਖੋਗੇ,
ਉਹ ਜਾਦੂ ਸਭ ਮੁਕਾਵਾਂਗੇ, ਸਮਾਂ ਉਹ ਆਉਣ ਤੇ ਦੇਵੋ ।
ਇਹ ਸੁਣਿਆ ਏੇ ਕਦੇ ਦੀਵੇ ਨਾ ਸੱਪਾਂ ਸਾਹਮਣੇ ਜਗਦੇ,
ਅਸੀਂ ਦੀਵੇ ਜਗਾਵਾਂਗੇ, ਸਮਾਂ ਉਹ ਆਉਣ ਤੇ ਦੇਵੋ ।
ਕਰਮ ਫਰਮਾਇਆ ਦਾ ਭਾਰ ਜਿਹੜਾ ਸਿਰ ਤੇ ਹੈ ਸਾਡੇ,
ਉਹ ਕਰਜ਼ਾ ਸਭ ਚੁਕਾਵਾਂਗੇ, ਸਮਾਂ ਉਹ ਆਉਣ ਤੇ ਦੇਵੋ ।
ਸਜਾ ਕੇ ਖੂਨ ਦੀ ਮਹਿੰਦੀ ਦੇ ‘ਬਿਸਮਿਲ’, ਨਕਸ਼ ਹੱਥਾਂ ਤੇ,
ਜ਼ਮਾਨੇ ਨੂੰ ਵਿਖਾਵਾਂਗੇ, ਸਮਾਂ ਉਹ ਆਉਣ ਤੇ ਦੇਵੋ ।
2. ਜ਼ਖ਼ਮ, ਖ਼ੁਸ਼ਬੋ, ਥਲ, ਬਰੇਤਾ, ਚਾਨਣੀ, ਦਰਿਆ ਸਫ਼ਰ
ਜ਼ਖ਼ਮ, ਖ਼ੁਸ਼ਬੋ, ਥਲ, ਬਰੇਤਾ, ਚਾਨਣੀ, ਦਰਿਆ ਸਫ਼ਰ ।
ਰੋਜ਼ ਫੁੱਲ ਤੋਂ ਖਾਰ ਤੱਕ ਹੁੰਦਾ ਏ ਅੱਥਰੂ ਦਾ ਸਫ਼ਰ ।
ਕਦ ਖਿੜਨਗੇ ਲੇਖਾਂ ਅੰਦਰ ਵਸਲ-ਰੁੱਤਾਂ ਦੇ ਗੁਲਾਬ,
ਸਾਡੀਆਂ ਨਾੜਾਂ 'ਚ ਰੱਤ ਦੀ ਥਾਂ ਕਰੇ ਬਿਰਹਾ ਸਫ਼ਰ ।
ਓਸਦੀ ਮੈਂ, ਆਪਣੀ ਮੈਂ ’ਚੋਂ, ਬਣ ਕੇ ਮੈਂ ਪਾਉਣ ਲਈ,
ਬਣ ਕੇ ਮੈਂ ਹਮਜ਼ਾਦ ਆਪਣੀ ਜ਼ਾਤ ਦਾ ਕੀਤਾ ਸਫ਼ਰ ।
ਲੱਪ ਕੁ ਚਾਨਣ ਦੀ ਕਿਤੋਂ ਕੋਈ ਹੁਧਾਰੀ ਲੈ ਦਿਓ,
ਅੱਧ ਸਦੀ ਤੋਂ ਨਾਲ ਸਾਡੇ ਕਰ ਰਿਹਾ 'ਨ੍ਹੇਰਾ ਸਫ਼ਰ ।
ਪਾਣੀਆਂ ਦੇ ਨਾਲ ਕਰ ਲਈਆਂ ਹਵਾਵਾਂ ਸਾਜਿਸ਼ਾਂ,
ਸਾਡੀਆਂ ਸਭ ਬੇੜੀਆਂ ਦਾ ਟੁਰ ਪਿਆ ਉਲਟਾ ਸਫ਼ਰ ।
ਕਾਸ਼ਨੀ ਫੁੱਲਾਂ ਤੇ ਬੈਠੀ ਉਸ ਚਿੜੀ ਨੂੰ ਕੀ ਪਤਾ,
ਜਖ਼ਮ ਰੁੱਤਾਂ ਵਿਚ ਕਰੇਗੀ, ਉਹ ਉਦਾਸੀ ਦਾ ਸਫ਼ਰ ।
ਮੇਰੀਆਂ ਕਲਮਾਂ ਤੇ ਲਾ ਕੇ ਠੀਕਰੀ ਪਹਿਰਾ ਹੈ ਖੁਸ਼,
ਪਰ ਕਦੇ ਸੋਚਾਂ ਤੇ ਫ਼ਿਕਰਾਂ ਦਾ ਵੀ ਹੈ ਰੁਕਿਆ ਸਫ਼ਰ ।
3. ਸੋਚਾਂ 'ਚ ਨੂਰ ਭਰ ਗਈ, ਅੱਖੀਆਂ 'ਚ ਉਤਰੀ ਸ਼ਾਮ
ਸੋਚਾਂ 'ਚ ਨੂਰ ਭਰ ਗਈ, ਅੱਖੀਆਂ 'ਚ ਉਤਰੀ ਸ਼ਾਮ ।
ਅਜ਼ਰ ਗੁਲਾਬ ਕਰ ਗਈ, ਅੱਖੀਆਂ 'ਚ ਉਤਰੀ ਸ਼ਾਮ ।
ਜੁਗਨੂੰ ਦੀ ਰੌਸ਼ਨੀ ਦਾ ਜਦ ਆਇਆ ਸਫ਼ਰ ਕਰੀਬ,
ਤਿੱਤਲੀ ਦੇ ਰੰਗ ਭਰ ਗਈ, ਅੱਖੀਆਂ 'ਚ ਉਤਰੀ ਸ਼ਾਮ ।
ਬਾਜ਼ੀ ਜਦੋਂ ਦੀ ਹਰ ਗਿਆ ਸੂਰਜ ਦਾ ਬਲਦਾ ਸ਼ਹਿਰ,
ਦੀਵਾ ਲਹੂ ਦਾ ਧਰ ਗਈ, ਅੱਖੀਆਂ 'ਚ ਉਤਰੀ ਸ਼ਾਮ ।
ਕਿਹੜੀ ਬਲਾ ਦੇ ਕਹਿਰ ਨੇ, ਹੋਠਾਂ ਤੇ ਲਾਈ ਮੁਹਰ,
ਕਿਹੜੇ ਸਿਤਮ ਤੋਂ ਡਰ ਗਈ, ਅੱਖੀਆਂ 'ਚ ਉਤਰੀ ਸ਼ਾਮ ।
ਦੀਵਾ, ਤਰੇਲ, ਵਾਸ਼ਨਾ, ਸੁਪਨਾ, ਧਨਕ, ਉਡੀਕ,
ਸਭ ਨੂੰ ਉਦਾਸ ਕਰ ਗਈ, ਅੱਖੀਆਂ 'ਚ ਉਤਰੀ ਸ਼ਾਮ ।
ਤਾਘਾਂ ਦਾ ਦੀਪ ਬੁਝ ਗਿਆ, ਅੰਬਰ ਤੋਂ ਤਾਰੇ ਵਾਂਗ,
ਬਾਜ਼ੀ ਵਫ਼ਾ ਦੀ ਹਰ ਗਈ, ਅੱਖੀਆਂ 'ਚ ਉਤਰੀ ਸ਼ਾਮ ।
ਫੁੱਲਾਂ ਦੀ ਬਣ ਕੇ ਵਾਸ਼ਨਾ, ਰਾਹਾਂ ਦੀ ਬਣ ਕੇ ਪੀੜ,
ਕਿਸ ਦੇ ਵਿਜੋਗ ਜਰ ਗਈ, ਅੱਖੀਆਂ 'ਚ ਉਤਰੀ ਸ਼ਾਮ ।
4. ਖੁਸ਼ੀ ਨਹੀਂ ਤੇ ਗ਼ਮਾਂ ਦੇ ਅੱਥਰੂ ਸੰਭਾਲ ਰੱਖੀਏ
ਖੁਸ਼ੀ ਨਹੀਂ ਤੇ ਗ਼ਮਾਂ ਦੇ ਅੱਥਰੂ ਸੰਭਾਲ ਰੱਖੀਏ ।
ਫਰਾਕ-ਰਾਹਾਂ 'ਚ ਕੋਈ ਤਾਰਾ ਉਜਾਲ ਰੱਖੀਏ ।
ਹਨ੍ਹੇਰਾ ਅੰਬਰੋਂ ਉਤਰ ਵੀ ਆਵੇ ਤੂਫਾਨ ਵਾਂਗੂੰ,
ਬਨੇਰਿਆਂ ਤੇ ਚਿਰਾਗ਼ ਹਿੰਮਤਾਂ ਦੇ ਬਾਲ ਰੱਖੀਏ ।
ਕਦਮ ਕਦਮ ਤੇ ਸਲੀਬ ਮਨਜ਼ਰ ਤੁਸਾਂ ਸਜਾਏ,
ਅਸੀਂ ਤਅੱਲਕ ਵਫ਼ਾ ਦਾ ਫਿਰ ਵੀ ਬਹਾਲ ਰੱਖੀਏ ।
ਦਿਲਾਂ ਦੇ ਮੰਦਰ ਨੂੰ ਜਿਹੜਾ ਕਾਅਬੇ ਦੇ ਵਿਚ ਬਦਲ ਦੇ,
ਅਸੀਂ ਤੇ ਅੱਖ ਦੇ ਇਸ਼ਾਰੇ ਵਿਚ ਇਹ ਕਮਾਲ ਰੱਖੀਏ ।
ਵਪਾਰ ਕਰੀਏ ਤੇ ਕਿਸਰਾਂ ਆਪਣੇ ਲਹੂ ਦਾ ਕਰੀਏ,
ਅਸੀਂ ਤੇ ਪੁੱਤਰਾਂ ਵਾਂਗ ਸ਼ਿਅਰਾਂ ਨੂੰ ਪਾਲ ਰੱਖੀਏ ।
ਮਜਾਜ਼ ਸਾਡੇ ਨੂੰ ਤੱਕ ਕੇ ਸਮਝੋ ਨਾ ਖਾਰ ਚੁਭਵੇਂ,
ਦਿਲਾਂ 'ਚ ਖਿੜਦੇ ਗੁਲਾਬਾਂ ਵਰਗਾ ਜਮਾਲ ਰੱਖੀਏ ।
ਅਸੀਂ ਤੇ ਅੰਬਰਾਂ ਦੀ ਛਾਂ ਤੋਂ ਵਾਂਜੇ ਅਜ਼ਲ ਤੋਂ 'ਬਿਸਮਿਲ',
ਅਸੀਂ ਕਿਵੇਂ ਫਿਰ ਸਿਤਾਰੇ ਸੂਰਜ ਉਛਾਲ ਰੱਖੀਏ ।
5. ਲੁੱਟ ਕੇ ਲੈ ਗਿਆ ਏ ਘਰ ਅੱਜ ਕੋਈ ਭਰੇ ਭਰੇ
ਲੁੱਟ ਕੇ ਲੈ ਗਿਆ ਏ ਘਰ ਅੱਜ ਕੋਈ ਭਰੇ ਭਰੇ ।
ਕੰਧਾਂ, ਬੂਹੇ, ਬਾਰੀਆਂ ਲੱਗਣ ਡਰੇ-ਡਰੇ ।
ਜਿਨ੍ਹਾਂ ਨੂੰ ਮੈਂ ਚਾਨਣ ਘੋਲ ਪਿਆਏ ਸਨ,
ਉਨ੍ਹਾਂ ਤੋਂ ਨਾ ਇੱਕ ਕਿਰਨ ਵੀ ਸਰੇ-ਸਰੇ ।
ਵੇਲੇ ਦੇ ਸੂਰਜ ਤੋਂ ਬਰਫ਼ਾਂ ਵਰ੍ਹੀਆਂ ਨੇ,
ਸ਼ਹਿਰ ਦੇ ਸਾਰੇ ਮੰਨਜ਼ਰ ਲਗਦੇ ਠਰੇ-ਠਰੇ ।
ਸੱਚ ਬੋਲਣ ਦਾ ਸ਼ੌਕ ਸੀ ਕੁੱਦਿਆ ਮੈਨੂੰ ਵੀ,
ਏਸੇ ਲਈ ਮੈਂ ਪੱਥਰ ਖਾਧੇ ਖਰੇ-ਖਰੇ ।
ਅਸੀਂ ਗ਼ਰੀਬੀ ਦੇ ਵਿੱਚ ਜੀਵਨ ਕੱਟਦੇ ਆਂ,
ਕਿਹੜਾ ਪੈਰ ਬਰੂਹਾਂ ਉੱਤੇ ਧਰੇ-ਧਰੇ ?
ਵੇਲੇ ਦੇ 'ਮਨਸੂਰ' ਉਹ ਕਿੰਜ ਸਦਾਵਣਗੇ ?
ਰਹਿੰਦੇ ਨੇ ਜੋ ਸੂਲੀਆਂ ਕੋਲੋਂ ਪਰੇ-ਪਰੇ ।
'ਬਿਸਮਿਲ' ਕੋਲ ਹੈ ਕਿਸ਼ਤੀ ਬੋਦੇ ਕਾਗਜ਼ ਦੀ,
ਤੇਜ਼ ਨੇ ਛੱਲਾਂ, ਕਿਵੇ ਸਮੁੰਦਰ ਤਰੇ-ਤਰੇ ?
6. ਕਿਸੇ ਨਤੀਜੇ ਤੇ ਆ ਨਹੀਂ ਸਕਿਆ, ਸਵਾਲ ਮੇਰਾ, ਜਵਾਬ ਤੇਰਾ
ਕਿਸੇ ਨਤੀਜੇ ਤੇ ਆ ਨਹੀਂ ਸਕਿਆ, ਸਵਾਲ ਮੇਰਾ, ਜਵਾਬ ਤੇਰਾ ।
ਅਮਲ ਦੀ ਫੱਟੀ ਤੇ ਕੀਹਨੇ ਲਿਖਿਆ, ਗੁਨਾਹ ਮੇਰਾ, ਸਵਾਬ ਤੇਰਾ ?
ਬੜੇ ਹੀ ਸੂਰਜ ਦੇ ਖ਼ੁਆਬ ਦੇਖੇ, ਬੜੀ ਸੀ ਚਾਨਣ ਦੀ ਰੀਝ ਮੈਨੂੰ,
ਕੀ ਕਰਦੇ ? ਪੜ੍ਹਨਾ ਜੋ ਪੈ ਗਿਆ ਸੀ, ਹਨ੍ਹੇਰਿਆਂ ਦਾ ਨਿਸਾਬ ਤੇਰਾ ।
ਹਜ਼ਾਰ ਲਹੂ ਦੇ ਵਗਾਏ ਅੱਥਰੂ, ਹਜ਼ਾਰ ਰੁੱਤਾਂ ਦੇ ਲਾਏ ਮੇਲੇ,
ਕਦੇ ਨਾ ਉਤਰੀ ਉਮੀਦ ਠੰਢਕ ! ਕਦੇ ਨਾ ਉੱਗਿਆ ਗੁਲਾਬ ਤੇਰਾ ।
ਅਜੇ ਵੀ ਤੈਨੂੰ ਗਿਲਾ ਏ ਮੇਰੀ, ਵਫ਼ਾ 'ਚ ਕੋਈ ਕਮੀ ਏ ਬਾਕੀ,
ਮੈਂ ਸਹਿ ਰਿਹਾ ਵਾਂ ਅਜ਼ਾਬ ਤੇਰਾ, ਮੈਂ ਝੱਲ ਰਿਹਾ ਹਾਂ ਅੱਤਾਬ ਤੇਰਾ ।
ਅਜੇ ਹਿਜਾਬਾਂ ਦੇ ਪੈਂਡਿਆਂ ਵਿੱਚ, ਮੈਂ ਖੋਜ ਅਪਣੀ ਹੀਲਾ ਰਿਹਾ ਹਾਂ,
ਅਜੇ ਨਹੀਂ ਫ਼ੁਰਸਤ ਮੈਂ ਤੇਰੀ ਸੂਰਤ, ਉਠਾ ਕੇ ਦੇਖਾਂ ਨਕਾਬ ਤੇਰਾ ।
ਨਾ ਰਾਤ ਨ੍ਹੇਰੀ ਦੇ ਛੇੜ ਕਿੱਸੇ, ਨਾ ਬੁਝਦੇ ਅੱਥਰੂ ਦੀ ਪੁੱਛ ਕਹਾਣੀ,
ਮੈਂ ਦਿਨ ਦੇ ਚਾਨਣ 'ਚ ਲਾ ਰਿਹਾ ਵਾਂ, ਅਜੇ ਤੇ ਸੱਜਣਾਂ ਹਿਸਾਬ ਤੇਰਾ ।
ਹਜ਼ਾਰ ਦਰਿਆ ਸੀ ਰਾਹ 'ਚ ਦੇਖੇ, ਹਜ਼ਾਰ ਕਾਂਗਾਂ ਨਜ਼ਰ 'ਚ ਘੁੰਮੀਆਂ,
ਭੁਲੇਖਿਆਂ ਦੇ ਮੁਸਾਫ਼ਰਾਂ ਤੋਂ, ਨਾ ਫਿਰ ਵੀ ਮੁੱਕਿਆ ਸਰਾਬ ਤੇਰਾ ।
ਵਫ਼ਾ ਦੀ ਧਰਤੀ ਪੁਕਾਰਦੀ ਏ, ਬਚਾ ਲੈ ਆ ਕੇ ਤੂੰ ਫੇਰ 'ਵਾਰਿਸ',
ਲਹੂ 'ਚ ਤਬਦੀਲ ਹੋ ਨਾ ਜਾਵੇ, ਮੁਹੱਬਤਾਂ ਦਾ ਚਨਾਬ ਤੇਰਾ ।
(ਨਿਸਾਬ=ਸਲੇਬਸ, ਅੱਤਾਬ=ਗੁੱਸਾ, ਹਿਜਾਬ=ਸ਼ਰਮ, ਸਰਾਬ=ਮ੍ਰਿਗ-ਤ੍ਰਿਸ਼ਣਾ,
ਥਲ 'ਚ ਪਾਣੀ ਦਾ ਭੁਲੇਖਾ)
7. ਖ਼ੁਸ਼-ਬਖ਼ਤੀਆਂ ਦੇ ਨਕਸ਼ ਉਲੀਕੇਗੀ ਰੌਸ਼ਨੀ
ਖ਼ੁਸ਼-ਬਖ਼ਤੀਆਂ ਦੇ ਨਕਸ਼ ਉਲੀਕੇਗੀ ਰੌਸ਼ਨੀ ।
ਸਾਡੇ ਘਰਾਂ 'ਚ ਵੀ ਜਦੋਂ ਉਤਰੇਗੀ ਰੌਸ਼ਨੀ ।
ਕੰਧਾਂ 'ਤੇ ਦੀਵਿਆਂ ਥਾਂ ਰੱਖੀਆਂ ਨੇ ਅੱਖੀਆਂ,
ਬਣਕੇ ਉਡੀਕ ਹੋਰ ਵੀ ਖਿੱਲਰੇਗੀ ਰੌਸ਼ਨੀ ।
ਮਿਟ ਜਾਏਗਾ ਹਨੇਰਿਆਂ ਦਾ ਖ਼ੁਦ-ਬ-ਖ਼ੁਦ ਵਜੂਦ,
ਜਦ ਰੌਸ਼ਨੀ ਨੂੰ ਰੌਸ਼ਨੀ ਸਮਝੇਗੀ ਰੌਸ਼ਨੀ ।
ਫੁੱਲ ਸਰਮਦੀ ਸ਼ਊਰ ਦੇ ਖਿੰਡ ਗਏ ਜ਼ਹਿਨ-ਜ਼ਹਿਨ,
ਬਣ ਕੇ ਨਵੇਂ ਇਹ ਜਾਵੀਏ ਗੁਜ਼ਰੇਗੀ ਰੌਸ਼ਨੀ ।
ਡੱਕੋਗੇ ਕਿੰਨਾਂ ਏਸ ਨੂੰ, ਕੰਧਾਂ ਦੇ ਜ਼ੋਰ 'ਤੇ ?
ਝੀਥਾਂ 'ਚੋਂ ਮਾਰ ਹੰਭਲੇ ਨਿਕਲੇਗੀ ਰੌਸ਼ਨੀ ।
ਇੱਕ ਜ਼ਿੰਦਗੀ ਮਿਟਾਉਣ ਤੋਂ ਪਹਿਲਾਂ ਇਹ ਸੋਚ ਲੈ,
ਬੁਝਣ ਤੋਂ ਪਹਿਲਾਂ ਹੋਰ ਵੀ ਭੜਕੇਗੀ ਰੌਸ਼ਨੀ ।
ਫੁੱਲਾਂ ਦੇ ਪੈਰ ਪੈਰ ਵਿੱਚ ਨੱਸਦੀ ਜਿਵੇਂ ਹੈ ਬਾਸ,
ਸਾਰੇ ਦਿਲਾਂ 'ਚ ਏਸਰਾਂ ਧੜਕੇਗੀ ਰੌਸ਼ਨੀ ।
ਲਿਖਦਾਂ 'ਹਦੀਸ' ਸੱਚ ਦੀ 'ਬਿਸਮਿਲ' ਮੈਂ ਖ਼ੂੰਨ ਥੀਂ,
ਕਿਵੇਂ ਨਾ ਹਰਫ਼-ਹਰਫ਼ 'ਚੋਂ ਉਘੜੇਗੀ ਰੌਸ਼ਨੀ ?
8. ਜੋ ਭਟਕੇ ਨੇ ਚੁਗਾਵਾਂ ਵਿੱਚ, ਹਨ੍ਹੇਰੇ ਦਾ ਕਫ਼ਨ ਲੈ ਕੇ
ਜੋ ਭਟਕੇ ਨੇ ਚੁਗਾਵਾਂ ਵਿੱਚ, ਹਨ੍ਹੇਰੇ ਦਾ ਕਫ਼ਨ ਲੈ ਕੇ ।
ਮੈਂ ਉਨ੍ਹਾਂ ਲਈ ਪਿਆ ਜਾਨਾਂ ਜੁਗਨੂੰਆਂ ਦੀ ਕਿਰਨ ਲੈ ਕੇ ।
ਮੈਂ ਸੁੱਤਾ ਹਾਂ, ਮੇਰੇ ਸੱਜਣਾਂ ਨੇ ਮੋਇਆ ਸਮਝਿਆ ਮੈਨੂੰ,
ਉਹ ਮੇਰੀ ਕਬਰ ਪੁੱਟਣ ਲਈ ਨੇ ਆਏ ਗੋਰਕਨ ਲੈ ਕੇ ।
ਭਲਾ ਏਦੂੰ ਵੀ ਵੱਡਾ ਕੀ ਅਜ਼ਾਬ ਉਤਰੇਗਾ ਧਰਤੀ 'ਤੇ ?
ਪਏ ਬੇਵਤਨ ਜਿਉਨੇ ਆਂ ਅਸੀਂ ਅਪਣਾ ਵਤਨ ਲੈ ਕੇ ।
ਅਦਾ ਸਮਝਾਂ, ਕਰਮ ਸਮਝਾਂ, ਕਿ ਇਹ ਉਹਦੀ ਜਫ਼ਾ ਸਮਝਾਂ ?
ਬੜਾ ਖ਼ੁਸ਼ ਹੈ ਉਹ ਗੁਲਦੂ ਤਿਤਲੀਆਂ ਦਾ ਪੈਰਹਨ ਲੈ ਕੇ ।
ਮੁਕੱਦਰ ਵਿੱਚ ਉੱਨ੍ਹਾਂ ਦੇ ਮੰਜ਼ਲਾਂ ਹੋਵਣਗੀਆਂ ਕੀਵੇਂ ?
ਕਿ ਬਹਿ ਜਾਂਦੇ ਨੇ ਰਾਹਵਾਂ ਵਿੱਚ ਜੋ ਪੈਰਾਂ ਦੀ ਥਕਨ ਲੈ ਕੇ ।
(ਗੋਰਕਨ=ਕਬਰ ਪੁੱਟਣ ਵਾਲਾ, ਗੁਲਦੂ=ਭੋਲਾ-ਭਾਲਾ,
ਪੈਰਹਨ=ਬਸਤਰ,ਲਿਬਾਸ)
|